ਅਜਨਾਲਾ ਘਟਨਾਕ੍ਰਮ : ਪੰਜਾਬ ਅੰਦਰ ਫਿਰਕੂ ਸਿਆਸੀ ਸਾਜਿਸ਼ਾਂ ਜਾਰੀ
ਅਜਨਾਲੇ ਦੇ ਘਟਨਾਕ੍ਰਮ ਨੇ ਪੰਜਾਬ ਹਿਤੈਸ਼ੀ ਸਭਨਾਂ ਲੋਕਾਂ ਨੂੰ ਫ਼ਿਕਰਮੰਦ ਕੀਤਾ ਹੈ
ਤੇ ਅੰਮ੍ਰਿਤਪਾਲ ਸਿੰਘ ਦੇ ਮਕਸਦਾਂ ਬਾਰੇ ਵੱਖ ਵੱਖ ਜਮਹੂਰੀ ਹਲਕਿਆਂ ਵੱਲੋਂ ਪਹਿਲਾਂ ਹੀ ਪ੍ਰਗਟਾਏ
ਜਾ ਰਹੇ ਤੌਖਲਿਆਂ ਨੂੰ ਪੁਸ਼ਟ ਕੀਤਾ ਹੈ ਕਿ ਇਹ ਸਰਗਰਮੀ ਫਿਰਕੂ-ਸਿਆਸੀ ਏਜੰਡੇ ਲਈ ਰਚੀ ਜਾ ਰਹੀ
ਵੱਡੀ ਸਾਜਿਸ਼ ਦਾ ਹਿੱਸਾ ਹੈ। ਇਹ ਸਾਜਿਸ਼ ਪੰਜਾਬ ਦੇ ਲੋਕਾਂ ’ਚ ਫਿਰਕੂ ਪਾਟਕ ਪਾਉਣ ਰਾਹੀਂ ਭਾਈਚਾਰਕ ਏਕਤਾ
ਨੂੰ ਖੰਡਿਤ ਕਰਨ ਤੇ ਲੋਕਾਂ ਦੀ ਸੰਘਰਸ਼ ਲਹਿਰ ਨੂੰ ਕਮਜ਼ੋਰ ਕਰਨ ਅਤੇ ਨਾਲ ਹੀ ਵੋਟਾਂ ਦੀਆਂ ਰੋਟੀਆਂ
ਸੇਕਣ ਲਈ ਹੋ ਰਹੀ ਹੈ।
ਅਜਨਾਲੇ ਦੀ ਘਟਨਾ ਬਾਰੇ ਹੁਣ ਤੱਕ ਜੋ ੳੱੁਘੜ ਕੇ ਸਾਹਮਣੇ ਆਇਆ ਹੈ ਉਹ ਇਸ ਗਰੁੱਪ
ਦੇ ਕਿਸੇ ਸਾਬਕਾ ਨੌਜਵਾਨ ਮੈਂਬਰ ਨਾਲ ਪਏ ਰੱਟੇ ਦਾ ਮਸਲਾ ਹੈ। ਇਸ ਵਿਚ ਅੰਮ੍ਰਿਤਪਾਲ ਦੇ ਧੜੇ
ੳੱੁਪਰ ਉਸ ਵੱਲੋਂ ਕੁੱਟਮਾਰ ਕਰਨ ਦੇ ਦੋਸ਼ ਲਗਾਏ
ਗਏ ਸਨ ਤੇ ਕੇਸ ਦਰਜ ਕਰਵਾਇਆ ਗਿਆ ਸੀ। ਕੇਸ ਦਰਜ ਹੋਣ ਮਗਰੋਂ ਅੰਮਿ੍ਰਤਪਾਲ ਦੇ ਦੋ ਸਾਥੀ
ਗਿ੍ਰਫਤਾਰ ਕੀਤੇ ਗਏ ਸਨ ਜਿਨ੍ਹਾਂ ’ਚੋਂ ਇਕ ਨੂੰ ਛੇਤੀ ਹੀ ਰਿਹਾ ਕਰ ਦਿੱਤਾ ਗਿਆ ਸੀ ਤੇ ਦੂਸਰੇ ਨੂੰ ਜੇਲ੍ਹ ਭੇਜ
ਦਿੱਤਾ ਗਿਆ ਸੀ। ਉਸ ਨੂੰ ਰਿਹਾਅ ਕਰਾਉਣ ਦੀ ਮੰਗ ਨੂੰ ਲੈ ਕੇ ਅੰਮ੍ਰਿਤਪਾਲ ਨੇ ਅਜਨਾਲੇ ਠਾਣੇ ਜਾਣ
ਦਾ ਸੱਦਾ ਦਿੱਤਾ ਸੀ। ਉਸ ਤੋਂ ਬਾਅਦ ਅਜਨਾਲੇ ਥਾਣੇ ’ਚ ਜੋ ਵਾਪਰਿਆ ਉਹ ਸਭ ਨੇ ਚੈਨਲਾਂ ’ਤੇ ਦੇਖਿਆ।
ਅੰਮ੍ਰਿਤਪਾਲ ਵੱਲੋਂ ਕੀਤੇ ਗਏ ਇਕੱਠ ਦੇ ਨਾਲ ਗੁਰੂ ਗਰੰਥ ਸਾਹਿਬ ਦੀ ਬੀੜ ਇੱਕ ਜਲੂਸ ਦੀ ਸ਼ਕਲ ’ਚ ਲਿਜਾਈ ਗਈ
ਤੇ ਇਸ ਦੀ ਆੜ ’ਚ ਥਾਣੇ ਅੰਦਰ ਦਾਖਲ ਹੋਇਆ ਗਿਆ। ਥਾਣੇ ’ਤੇ ਕਬਜ਼ਾ ਕਰ ਲੈਣ ਦੀ ਸ਼ਕਲ ’ਚ ਕੀਤੇ ਗਏ
ਇਸ ਐਕਸ਼ਨ ’ਚ ਪੁਲਿਸ ਪੂਰੀ ਤਰ੍ਹਾਂ ਫੇਲ੍ਹ
ਸਾਬਤ ਹੋਈ ਤੇ ਉਸ ਨੇ ਗੁਰੂ ਗਰੰਥ ਸਾਹਿਬ ਦੀ ਸਵਾਰੀ ਹੋਣ ਕਰਕੇ ਕਾਰਵਾਈ ਨਾ ਕਰ ਸਕਣ ਦੀਆਂ
ਸਫਾਈਆਂ ਦਿੱਤੀਆਂ। ਥਾਣੇ ਅੰਦਰ ਐਸ ਐਸ ਪੀ ਨੇ ਅੰਮ੍ਰਿਤਪਾਲ ਸਿੰਘ ਨਾਲ ਬੇਹੱਦ ਅਧੀਨਗੀ ਭਰੇ
ਲਹਿਜੇ ’ਚ ਗੱਲ ਕੀਤੀ ਤੇ ਉਸ ਵੱਲੋਂ
ਗਿ੍ਰਫਤਾਰ ਸਾਥੀ ਦੀ ਰਿਹਾਈ ਦੀ ਮੰਗ ਪ੍ਰਵਾਨ ਕਰਦਿਆਂ ਉਸ ਨੂੰ ਛੱਡਣ ਦਾ ਭਰੋਸਾ ਦਿੱਤਾ ਤੇ ਅਗਲੇ
ਦਿਨ ਉਸ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਗਿਆ। ਉਸ ਤੋਂ ਮਗਰੋਂ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਇਸ
ਵਿਹਾਰ ਨੂੰ ਲੈ ਕੇ ਸਖਤ ਕਾਰਵਾਈ ਕਰਨ ਦਾ ਬਿਆਨ ਤਾਂ ਆਇਆ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ
ਗਈ।
ਗੁਰੂ ਗਰੰਥ ਸਾਹਿਬ ਦੀ ਸਵਾਰੀ ਲਿਜਾ ਕੇ ਜਲੂਸ ਦੀ ਸ਼ਕਲ ਵਿਚ ਕੀਤੀ ਗਈ ਇਸ ਕਾਰਵਾਈ
ਨੇ ਪੂਰੇ ਪੰਜਾਬ ਅੰਦਰ ਭਖਵੀਂ ਚਰਚਾ ਛੇੜ ਦਿੱਤੀ।
ਧਰਮ ਨਿਰਲੇਪ ਤੇ ਜਮਹੂਰੀ ਹਿੱਸਿਆਂ ਤੋਂ ਇਲਾਵਾ ਸਿੱਖ ਧਾਰਮਿਕ ਜਨਤਾ ਨੇ ਵੀ ਇਸ ਦੀ ਨਿੰਦਾ ਕੀਤੀ ਤੇ ਇਸ ਨੂੰ ਆਪਣੇ ਨਿੱਜੀ
ਮੁਫਾਦਾਂ ਵਾਸਤੇ ਗੁਰੂ ਗਰੰਥ ਸਾਹਿਬ ਦੀ ਆੜ ਲੈਣ
ਦੀ ਕਾਇਰਾਨਾ ਤੇ ਖੁਦਗਰਜ਼ ਕਾਰਵਾਈ ਸਮਝਿਆ। ਬੁੱਧੀਜੀਵੀ ਤੇ ਸਿੱਖ ਧਾਰਮਿਕ ਹਲਕਿਆਂ ਨੇ ਇਸ ਕਾਰਵਾਈ
ਦੀ ਜ਼ੋਰਦਾਰ ਅਲੋਚਨਾ ਕੀਤੀ। ਅੰਮ੍ਰਿਤਪਾਲ ਸਿੰਘ ਦੇ ਕੁੱਝ ਚੱਕਵੇਂ ਫਿਰਕੂ ਅਨਸਰ ਸਮਰਥਕਾਂ ਤੋਂ
ਇਲਾਵਾ ਕੋਈ ਵੀ ਗਿਣਨਯੋਗ ਹਿੱਸਾ ਇਸ ਕਾਰਵਾਈ ਦੇ ਸਮਰਥਨ ’ਚ ਨਹੀਂ ਆਇਆ ਸਗੋਂ ਇਸ ਦੀ ਚੁਫੇਰਿਉਂ ਨਿੰਦਾ
ਹੋਈ। ਇਸ ਘਟਨਾ ਤੇ ਕੌਮੀ ਪੱਧਰੇ ਟੀ ਵੀ ਚੈਨਲਾਂ ਨੇ ਖੂਬ ਕਵਰੇਜ ਕੀਤੀ ਅਤੇ ਅਜਨਾਲੇ ਥਾਣੇ ’ਚ ਹੜਦੁੰਗ
ਮਚਾਉਂਦੀ ਭੀੜ ਨੂੰ ਥਾਣੇ ’ਤੇ ਖਾਲਸਤਾਨੀਆਂ ਦਾ ਕਬਜ਼ਾ ਵਿਖਾ ਕੇ ਵੱਡੀ ਸਨਸਨੀਖੇਜ਼ ਖਬਰ ਚਲਾਈ। ਇਸ ਤੋਂ
ਪਹਿਲਾਂ ਅਮਿੱਤ ਸ਼ਾਹ ਦੀ ਪੰਜਾਬ ਦੀ ਹਾਲਤ ’ਤੇ ਨਜ਼ਰ ਰੱਖਣ ਬਾਰੇ ਆਇਆ ਬਿਆਨ ਤੇ ਮਗਰੋਂ ਟੀ
ਵੀ ਚੈਨਲਾਂ ’ਤੇ ਪੰਜਾਬ ਦੀ ਹਾਲਤ ਬਾਰੇ ਭਖ਼ੀ ਚਰਚਾ ਨੇ ਲੋਕਾਂ ’ਚ ਪੰਜਾਬ
ਅੰਦਰ ਕੇਂਦਰੀ ਹਕੂਮਤ ਦੇ ਦਖ਼ਲ ਬਾਰੇ ਕਿਆਫੇ ਲਾਉਣੇ ਸ਼ੁਰੂ ਕਰਵਾ ਦਿੱਤੇ। ਖਾਸ ਕਰਕੇ ਕੌਮੀ ਪੱਧਰੇ
ਚੈਨਲਾਂ ਤੋਂ ਖਾਲਸਤਾਨੀ ਹਊਏ ਬਾਰੇ ਜਿੰਨੀ ਜ਼ੋਰਦਾਰ ਕੁਮੈਂਟਰੀ ਕੀਤੀ ਗਈ ਤੇ ਇਸ ਨੂੰ ਉਭਾਰਿਆ ਗਿਆ, ਇਹ ਕੇਂਦਰੀ
ਹਕੂਮਤ ਦੇ ਅਜਿਹੇ ਮਨਸੂਬਿਆਂ ਬਾਰੇ ਲੋਕ ਮਨਾਂ ’ਚ ਪ੍ਰਭਾਵ ਬਣਾਉਣ ਲਈ ਕਾਫੀ ਅਹਿਮ ਕਾਰਨ ਬਣਦਾ
ਹੈ।
ਪੰਜਾਬ ਦੀ ਆਮ ਆਦਮੀ ਸਰਕਾਰ ਦਾ ਰਵੱਈਆ ਵੀ ਆਪਣੀਆਂ ਸੌੜੀਆਂ ਸਿਆਸੀ ਗਿਣਤੀਆਂ
ਮਿਣਤੀਆਂ ’ਤੇ ਅਧਾਰਿਤ ਹੈ। ਇਹ ਦਲੀਲ ਤਾਂ ਕੋਈ ਮੰਨ ਸਕਦਾ ਹੈ ਕਿ ਠਾਣੇ ਅੰਦਰ ਇਕੱਠ ਮੌਕੇ
ਸਖਤੀ ਨਾਲ ਕੀਤਾ ਵਿਹਾਰ ਢਾਲ ਵਜੋਂ ਲਿਆਂਦੀ ਗਈ ਗੁਰੂ ਗਰੰਥ ਸਾਹਿਬ ਦੀ ਸਵਾਰੀ ਨੂੰ ਆਂਚ
ਪਹੁੰਚਾਉਣ ਦਾ ਕਾਰਨ ਬਣ ਸਕਦਾ ਸੀ ਤੇ ਮਸਲਾ ਹੋਰ ਮੋੜ ਲੈ ਸਕਦਾ ਸੀ ਪਰ ਸਧਾਰਨ ਕਿਸਮ ਦੇ ਧਰਨੇ
ਮੌਕੇ ਵੀ ਲੋਕ ਆਗੂਆਂ ਦੀਆਂ ਪੈੜਾਂ ਸੁੰਘਦੀ ਫਿਰਦੀ ਪੁਲਿਸ ਨੂੰ ਅਜਿਹਾ ਵਾਪਰਨ ਦੀ ਭਿਣਕ ਪਹਿਲਾਂ
ਹੀ ਕਿਉਂ ਨਹੀਂ ਪਈ ਤੇ ਅਗਾਊਂ ਹੀ ਅÇੱਜਹਾ ਮਹੌਲ ਬਣਨ ਤੋਂ ਰੋਕਣ ਲਈ ਇੰਤਜ਼ਾਮ ਕਿਉਂ ਨਾ ਕੀਤਾ ਗਿਆ। ਇਹ ਮਸਲਾ ਪੁਲਿਸ ਦੀ ਨਲਾਇਕੀ ਦਾ ਮਸਲਾ
ਨਹੀਂ ਹੈ ਸਗੋਂ ਅਜਿਹੇ ਫਿਰਕੂ ਅਨਸਰਾਂ ਨਾਲ ਨਜਿੱਠਣ ਦੀ ਸਿਆਸੀ ਇੱਛਾ ਸ਼ਕਤੀ ਦੀ ਕਮੀ ਦਾ ਹੈ। ਆਪ
ਸਰਕਾਰ ਵੱਲੋਂ ਜਨੂੰਨੀ ਫਿਰਕਾਪ੍ਰਸਤਾਂ ਪ੍ਰਤੀ ਅਪਣਾਇਆ ਜਾ ਰਿਹਾ ਵਿਹਾਰ, ਵੋਟ
ਗਿਣਤੀਆਂ ਤੋਂ ਪ੍ਰੇਰਤ ਹੈ, ਜਿਹੜਾ ਸਿੱਖ-ਵਿਰੋਧੀ ਵਜੋਂ ਪੇਸ਼ ਹੋ ਜਾਣ ਦੇ ਦਬਾਅ ਨੂੰ ਮੰਨਣ ’ਚੋਂ
ਨਿੱਕਲਦਾ ਹੈ। ਫਿਰਕੂ ਮੋੜ ਲੈ ਸਕਦੀ ਹਾਲਤ ’ਚ ਧਰਮ ਨਿਰਪੇਖ ਪੈਂਤੜੇ ਤੋਂ ਦਖਲ-ਅੰਦਾਜ਼ੀ
ਕਰਨ ਵੇਲੇ ਵੀ ਗਿਣਤੀਆਂ ਮਿਣਤੀਆਂ ’ਚ ਪਾਉਂਦਾ ਹੈ। ਕਿਸੇ ਹੱਦ ਤੱਕ ਅਜਿਹੇ ਮੁੱਦਿਆਂ ਦੇ ਸੀਨ ’ਤੇ ਆਉਣ
ਨਾਲ ਹਕੀਕੀ ਲੋਕ ਮੁੱਦਿਆਂ ’ਤੇ ਲੋਕ ਰੋਹ ਦੇ ਸੇਕ ਤੋਂ ਛੁਟਕਾਰਾ ਮਿਲਣ ਦੀ ਰਾਹਤ ਵੀ ਆਪ ਸਰਕਾਰ ਦੇ ਕਦਮਾਂ
ਨੂੰ ਤੈਅ ਕਰਦੀ ਜਾਪਦੀ ਹੈ। ਸਮੁੱਚੇ ਤੌਰ ’ਤੇ ਇਹਨਾਂ ਫਿਰਕੂ ਸਰਗਰਮੀਆਂ ਪ੍ਰਤੀ ਪੰਜਾਬ
ਸਰਕਾਰ ਦਾ ਰਵੱਈਆ ਕਿਸੇ ਧਰਮ ਨਿਰਪੇਖ ਤੇ ਜਮਹੂਰੀ ਹਕੂਮਤ ਵਾਲਾ ਨਾ ਹੋ ਕੇ, ਮੌਕਾਪ੍ਰਸਤ
ਹਾਕਮ ਜਮਾਤੀ ਵੋਟ ਪਾਰਟੀ ਵਾਲਾ ਹੀ ਹੈ ਜਿਹੜਾ ਉਸ
ਦਾ ਕਿਰਦਾਰ ਹੈ। ਹਾਲਤ ਦੀ ਮੰਗ ਹੈ ਕਿ ਇਹਨਾਂ ਕਾਰਵਾਈਆਂ ਨੂੰ ਫਿਰਕੂ ਤੇ ਪਾਟਕ ਪਾਊ ਕਾਰਵਾਈਆਂ
ਵਜੋਂ ਲੋਕਾਂ ’ਚ ਨਸ਼ਰ ਕੀਤਾ ਜਾਵੇ ਪਰ ਹਕੂਮਤੀ ਸਿਆਸੀ ਇੱਛਾ ਸ਼ਕਤੀ ਦੀ ਕਮੀ ਅਜਿਹਾ ਨਹੀਂ ਕਰਨ
ਦੇਵੇਗੀ।
ਮੋਦੀ ਹਕੂਮਤ ਦੀ ਪੰਜਾਬ ਅੰਦਰ ਸੰਘਰਸ਼ਸ਼ੀਲ ਲੋਕ ਲਹਿਰ, ਖਾਸ ਕਰਕੇ
ਕਿਸਾਨ ਲਹਿਰ ’ਤੇ ਸੱਟ ਮਾਰਨ ਲਈ ਤੇ ਫਿਰਕੂ ਪਾਲਾਬੰਦੀਆਂ ਦੀ ਜ਼ੋਰਦਾਰ ਕੋਸ਼ਿਸ਼ ਹੈ। ਇਸ ਇੱਕ ਤੀਰ
ਨਾਲ ਦੋ ਸ਼ਿਕਾਰ ਮਾਰਨ ਦੀ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਕਈ ਪਾਸਿਆਂ ਤੋਂ ਚਾਲਾਂ ਚੱਲੀਆਂ ਜਾ
ਰਹੀਆਂ ਹਨ ਜਿਨ੍ਹਾਂ ’ਚ ਅਜਿਹੇ ਫਿਰਕੂ ਅਨਸਰਾਂ ਨੂੰ ਢੁੱਕਵੀਂ ਹੱਲਾਸ਼ੇਰੀ ਦੇਣਾ ਵੀ ਸ਼ਾਮਲ ਹੈ। ਚਾਹੇ
ਕੋਈ ਹਿੱਸਾ ਸਿੱਧੇ ਤੌਰ ’ਤੇ ਕੇਂਦਰੀ ਹਕੂਮਤ ਨਾਲ ਤਾਲਮੇਲ ’ਚ ਚੱਲੇ ਤੇ ਚਾਹੇ ਅਸਿੱਧੇ ਢੰਗ ਨਾਲ, ਉਸ ਹਿੱਸੇ ਦੀਆਂ ਫਿਰਕੂ ਸਰਗਰਮੀਆਂ ਦੀ ਵਰਤੋਂ ਕੀਤੀ ਜਾਵੇ, ਇਸ ਨਾਲੋਂ
ਜ਼ਿਆਦਾ ਮਹੱਤਵਪੂਰਨ ਨੁਕਤਾ ਉਸ ਹਿੱਸੇ ਵੱਲੋਂ ਨਿਭਾਏ ਜਾ ਰਹੇ ਰੋਲ ਦਾ ਹੈ। ਅੰਮ੍ਰਿਤਪਾਲ ਸਿੰਘ ਤੇ
ਸਮਰਥਕਾਂ ਵੱਲੋਂ ਪੰਜਾਬ ਦੇ ਹੱਕਾਂ ਦੀ ਲਹਿਰ ਦੇ ਵਗਦੇ ਪਾਣੀਆਂ ’ਚ ਫਿਰਕੂ
ਪਾਟਕਾਂ ਦਾ ਖਲਲ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜੀ ਪੰਜਾਬ ਦੇ ਸਮੁੱਚੇ ਕਿਰਤੀ ਲੋਕਾਂ ਦੇ
ਖਿਲਾਫ਼ ਸੇਧਤ ਹੈ ਤੇ ਹਾਕਮ ਜਮਾਤੀ ਲਾਣੇੇ ਨਾਲ ਵਫ਼ਾਦਾਰੀ ਬਣਦੀ ਹੈ।
ਪੰਜਾਬ ਅੰਦਰ ਖਾਲਿਸਤਾਨੀ ਦਹਿਸ਼ਤਗਰਦੀ ਦੇ ਉਭਾਰ ਦਾ ਵੱਡਾ ਖਤਰਾ ਪੇਸ਼ ਕਰਨਾ ਜਿੱਥੇ
ਭਾਜਪਾ ਲਈ ਹਿੰਦੂ ਵੋਟ ਨੂੰ ਇਕਜੁੱਟ ਕਰਕੇ ਭੁਗਤਾਉਣ ਦਾ ਜ਼ਰੀਆ ਬਣਦਾ ਹੈ ਉਥੇ ਨਾਲ ਹੀ ਪੰਜਾਬ
ਅੰਦਰ ਦਬਸ਼ ਪਾਊ ਤੇ ਧੱਕੜ ਕਦਮ ਚੁੱਕਣ ਦੀਆਂ ਗੁੰਜਾਇਸ਼ਾਂ ’ਚ
ਵਾਧਾ ਕਰਦਾ ਹੈ। ਇਹ ਕਦਮ ਚਾਹੇ ਸੂਬਾਈ ਹਕੂਮਤ ਨੂੰ ਭਰੋਸੇ ’ਚ ਲੈ ਕੇ
ਚੱਕੇ ਜਾਣ ਤੇ ਚਾਹੇ ਉਸ ਨੂੰ ਉਲੰਘ ਕੇ,
ਕੇਂਦਰੀ ਹਕੂਮਤੀ ਤਾਕਤਾਂ ਦੇ ਜ਼ੋਰ ਚੱਕੇ ਜਾਣ, ਲੋਕਾਂ ਲਈ ਮਹੱਤਵਪੂਰਨ ਨੁਕਤਾ ਤਾਂ ਇਹਨਾਂ ਕਦਮਾਂ ਦਾ ਅਸਲ ’ਚ ਲੋਕਾਂ
ਖਿਲਾਫ ਸੇਧਤ ਹੋਣਾ ਹੈ। ਲੋਕਾਂ ਦੀ ਜਥੇਬੰਦਕ ਲਹਿਰ ’ਤੇ ਸੱਟ ਮਾਰਨਾ ਤੇ ਉਸ ਨੂੰ ਕਮਜ਼ੋਰ ਕਰਕੇ
ਖਿੰਡਾਉਣਾ ਹੈ। ਲੋਕਾਂ ਦੇ ਹਕੀਕੀ ਜਮਾਤੀ ਤਬਕਾਤੀ ਮੁੱਦਿਆਂ ਦੇ ਮੁਕਾਬਲੇ ਭਟਕਾਊ ਮੁੱਦਿਆਂ ਦੇ
ਬਿਰਤਾਂਤ ਸਿਰਜਣਾ ਹੈ ਤੇ ਲੋਕਾਂ ਦੇ ਸੰਘਰਸ਼ ਦੀ ਹਕੂਮਤਾਂ ਖਿਲਾਫ਼ ਸੇਧਤ ਧਾਰ ਖੁੰਡੀ ਕਰਕੇ ਲੋਕਾਂ
ਦੇ ਹੀ ਕਿਸੇ ਦੂਸਰੇ ਹਿੱਸੇ ਖਿਲਾਫ਼ ਸੇਧਤ ਕਰਨਾ ਹੈ।
ਪੰਜਾਬ ਅੰਦਰ ਰਚੀਆਂ ਜਾ ਰਹੀਆਂ ਇਹਨਾਂ ਸਾਜਿਸ਼ਾਂ ਨੂੰ ਫੇਲ੍ਹ ਕਰਨ ਲਈ ਪੰਜਾਬ ਦੀ
ਜਨਤਕ ਜਮਹੂਰੀ ਲਹਿਰ ਨੂੰ ਪੂਰੀ ਤਨਦੇਹੀ ਤੇ ਸਪਸ਼ਟਤਾ ਨਾਲ ਡਟਣ ਦੀ ਲੋੜ ਹੈ। ਜਨਤਕ ਜਥੇਬੰਦੀਆਂ ਦੇ
ਧਰਮ ਨਿਰਪੇਖ ਤੇ ਜਮਹੂਰੀ ਕਿਰਦਾਰ ਦੀ ਰਾਖੀ ਕਰਨ ਤੇ ਇਹਨਾਂ ਨੂੰ ਹੋਰ ਬੁਲੰਦ ਕਰਨ ਦੀ ਲੋੜ ਹੈ।
ਵਿਸ਼ੇਸ਼ ਕਰਕੇ ਕਿਸਾਨ ਜਥੇਬੰਦੀਆਂ ਅੰਦਰ ਮੌਕਾਪ੍ਰਸਤੀ ਦੀਆਂ ਲੋੜਾਂ ’ਚੋਂ ਫਿਰਕੂ
ਪੈਂਤੜੇ ਦੀ ਘੁਸਪੈਂਠ ਤੋਂ ਚੌਕਸ ਰਹਿਣ ਦੀ ਲੋੜ
ਹੈ।ਜਮਹੂਰੀ ਮਸਲਿਆਂ ’ਤੇ ਆਵਾਜ਼ ਉਠਾਉਣ ਵੇਲੇ ਵੀ ਧਾਰਮਿਕ ਤੇ ਫਿਰਕੂ ਪੈਂਤੜੇ ਨਾਲੋਂ ਸਪਸ਼ਟ ਨਿਖੇੜਾ ਕਰਨ
ਦੀ ਲੋੜ ਹੈ। ਸਮਾਜ ਅੰਦਰ ਫਿਰਕੂ ਤੇ ਭਾਈਚਾਰਕ ਸਾਂਝ ਦਾ ਸੰਦੇਸ਼ ਉੱਚਾ ਕਰਨ ਤੇ ਜਮਾਤੀ ਤਬਕਾਤੀ
ਮੁੱਦਿਆਂ ’ਤੇ ਸੰਘਰਸ਼ਾਂ ਨੂੰ ਭਖਦਾ ਰੱਖਣ ਤੇ ਹੋਰ ਤੇਜ਼ ਕਰਨ ਦੇ ਯਤਨ ਜੁਟਾਉਣ ਦੀ ਲੋੜ ਹੈ।
ਜਮਾਤੀ ਤਬਕਾਤੀ ਸੰਘਰਸ਼ਾਂ ਨੂੰ ਬੁਨਿਆਦੀ ਮੁੱਦਿਆਂ ਦੇ ਪੱਧਰ ਤੱਕ ਲਿਜਾਣ ਲਈ ਹੰਭਲਾ ਮਾਰਨ ਦੀ ਲੋੜ
ਹੈ। ਇਹਨਾਂ ਸੰਘਰਸ਼ਾਂ ਨੂੰ ਰਾਜ ਭਾਗ ਦੀ ਤਬਦੀਲੀ ਦੇ ਨਿਸ਼ਾਨੇ ਵੱਲ ਸੇਧਤ ਕਰਨ ਦੀ ਲੋੜ ਹੈ। (1 ਮਾਰਚ, 2023)
---0---
No comments:
Post a Comment