ਅਡਾਨੀ ਦਾ ਉਭਾਰ -ਦਲਾਲ ਸਰਮਾਏਦਾਰੀ ਦੇ ਕਿਰਦਾਰ ਦੀ ਉੱਘੜਵੀਂ ਮਿਸਾਲ
ਅਡਾਨੀ ਦੇ ਉਭਾਰ ਦੀ ਕਹਾਣੀ ਪਹਿਲੇ ਭਾਰਤੀ ਦਲਾਲ ਸਰਮਾਏਦਾਰਾਂ ਦੇ ਉਭਾਰ ਦੇ
ਤਰੀਕਿਆਂ ਤੋਂ ਸਿਫਤੀ ਤੌਰ ’ਤੇ ਵੱਖਰੀ ਨਹੀਂ ਹੈ। ਇਸ ਕੇਸ ’ਚ ਤਾਂ ਭਾਰਤੀ ਰਾਜ ਅੰਦਰ ਆਪਣੀ ਸਿਖਰਲੀ
ਹੈਸੀਅਤ ਕਾਰਨ ਮਾਣੀ ਜਾਂਦੀ ਪੁੱਗਤ ਵਾਲੇ ਅਮਲ ਹੀ ਹੋਰ ਸਿਰੇ ਲੱਗੇ ਹਨ। ਇਹ ਕਹਾਣੀ ਭਾਰਤੀ ਵੱਡੀ
ਬੁਰਜ਼ੂਆਜ਼ੀ ਦੇ ਉਭਾਰ ਦੇ ਅਗਲੇ ਕਾਂਡ ਹੀ ਹਨ ਜਿਹੜੇ ਨਵ-ਉਦਾਰਵਾਦੀ ਨੀਤੀਆਂ ਦੇ ਦੌਰ ’ਚ ਰਚੇ ਜਾ
ਰਹੇ ਹਨ।
ਪਹਿਲਾਂ ਅੰਬਾਨੀ ਤੇ ਹੁਣ ਅਡਾਨੀ ਦਾ ਅਜਿਹਾ ਉਭਾਰ ਭਾਰਤੀ ਰਾਜਕੀ ਢਾਂਚੇ ’ਚ ਆਪਣੀ
ਪਹੁੰਚ ਦੇ ਜ਼ੋਰ ਹੋਇਆ ਹੈ। ਜਿੱਥੇ ਪ੍ਰਧਾਨ ਮੰਤਰੀਆਂ ਤੋਂ ਲੈ ਕੇ ਅਦਾਲਤਾਂ ਤੇ ਅਫਸਰਸ਼ਾਹੀ ਤੱਕ, ਸਾਰੇ ਅੰਗ
ਇਸ ਸੇਵਾ ’ਚ ਭੁਗਤੇ ਹਨ ਤੇ ਇਹਨਾਂ ਨੇ ਹਰ ਪੱਧਰ ਤੋਂ ਇਹਨਾਂ ਸਰਮਾਏਦਾਰਾਂ ਦੇ ਕਾਰੋਬਾਰਾਂ
ਦੇ ਪਸਾਰੇ ਲਈ ਮੁਲਕ ਦੇ ਸੋਮੇ ਝੋਕ ਦੇਣ ਦੀ ਨੀਤੀ ਨੂੰ ਪੂਰੇ ਇੱਕਜੁਟ ਢੰਗ ਨਾਲ ਲਾਗੂ ਕੀਤਾ ਹੈ।
ਇਹ ਉਭਾਰ ਦਲਾਲ ਸਰਮਾਏਦਾਰੀ ਦੇ ਖਾਸੇ ਦੀ ਸਭ ਤੋਂ ਲਿਸ਼ਕਵੀਂ ਉਦਾਹਰਨ ਹੈ। ਵਿਕਸਿਤ ਅਰਥਚਾਰਿਆਂ ’ਚ ਵੱਡੇ
ਪੂੰਜੀਪਤੀਆਂ ਦੇ ਉਭਾਰ ’ਚ ਉਹਨਾਂ ਸਟੇਟਾਂ ਦੀ ਸਰਪ੍ਰਸਤੀ ਤਾਂ ਸ਼ਾਮਲ ਹੈ ਪਰ ਤਾਂ ਵੀ ਉਹਨਾਂ ’ਚ ਖੋਜਾਂ
ਦੇ ਪੇਟੈਂਟ ਦਾ ਬਹੁਤ ਵੱਡਾ ਰੋਲ ਹੈ ( ਚਾਹੇ ਖੋਜਾਂ ਲਈ ਵਰਤੋਂ ਸਰਕਾਰੀ ਸ੍ਰੋਤਾਂ/ਫੰਡਾਂ ਦੀ ਹੀ
ਕੀਤੀ ਜਾਂਦੀ ਰਹੀ ਹੈ।) ਮੌਜੂਦਾ ਸਮੇਂ ਸੰਸਾਰ ਦੇ
ਪ੍ਰਮੁੱਖ ਅਮੀਰਾਂ ’ਚ ਸ਼ਾਮਲ ਵਿਅਕਤੀਆਂ ਦੀ ਸੈਮੀ-ਕੰਡਕਟਰਾਂ, ਮਨਸੂਈ ਇੰਟੈਲੀਜੈਂਸ, ਸਰਚ
ਇੰਜਣਾਂ ਆਦਿ ਦੀਆਂ ਖੋਜਾਂ ਦੇ ਪੇਟੈਂਟ ਰਾਹੀਂ ਕੀਤੀ ਗਈ ਕਮਾਈ ਉੱਭਰਵੀਂ ਹੈ। ਇਹਨਾਂ ਮੁਲਕਾਂ
ਵੱਲੋਂ ਖੋਜ ਤੇ ਵਿਕਾਸ ਲਈ ਖਰਚੀਆਂ ਜਾਂਦੀਆਂ ਵੱਡੀਆਂ ਰਕਮਾਂ ਦੀ ਭੂਮਿਕਾ ਅਜਿਹੀਆਂ ਖੋਜਾਂ ਕਰਨ ’ਚ
ਮਹੱਤਵਪੂਰਨ ਰਹੀ ਹੈ। ਪਰ ਭਾਰਤੀ ਦਲਾਲ ਸਰਮਾਏਦਾਰੀ ਦੇ ਇਹਨਾਂ ਚੋਣਵੇਂ ਵਿਅਕਤੀਆਂ ਦੇ ੳੱਭਰਨ ਦਾ
ਅਮਲ ਵੱਖਰਾ ਹੈ। ਇਹ ਕਿਸੇ ਤਰ੍ਹਾਂ ਦੀਆਂ ਖੋਜਾਂ ’ਚ ਸ਼ਾਮਲ ਨਹੀਂ ਹਨ ਜਿੰਨਾਂ ਦੇ ਸਿਰ ’ਤੇ ਨਵੇਂ
ਉਤਪਾਦਨ ਦੇ ਰਾਹ ਖੁੱਲ੍ਹਦੇ ਹੋਣ, ਸਗੋਂ ਇਹ ਤਾਂ
ਵੱਡੀਆਂ ਸਾਮਰਾਜੀ ਕੰਪਨੀਆਂ ਦੀਆਂ ਸੰਸਾਰ ਮੁੱਲ ਲੜੀਆਂ ’ਚ ਹੀ ਸ਼ਾਮਲ ਵਪਾਰੀ ਹਨ ਜਿਹੜੇ ਉਹਨਾਂ ਦੀਆਂ
ਖੋਜਾਂ ਤੇ ਤਕਨੀਕਾਂ ਦੀ ਵਰਤੋਂ ਕਰਦੇ ਹਨ ਤੇ ਸਰਕਾਰੀ ਕਰਜ਼ਿਆਂ ਨਾਲ ਜੁਟਾਈ ਪੂੰਜੀ ਰਾਹੀਂ
ਕਾਰੋਬਾਰ ਕਰਦੇ ਹਨ। ਨਾ ਦਲਾਲ ਸਰਮਾਏਦਾਰਾਂ ਦੀ ਇਹ ਜਮਾਤ ਤੇ ਨਾ ਹੀ ਭਾਰਤੀ ਰਾਜ, ਖੋਜ ਤੇ ਵਿਕਾਸ ਲਈ ਪੂੰਜੀ ਖਰਚਦੇ ਹਨ। ਤਕਨੀਕ ਵਿਕਸਿਤ ਕਰਨਾ ਤਾਂ ਇਸ ਦਲਾਲ
ਸਰਮਾਏਦਾਰੀ ਲਈ ਕੋਈ ਮੁੱਦਾ ਹੀ ਨਹੀਂ ਹੈ ਕਿਉਂਕਿ ਇਹਦਾ ਭਾਰਤੀ ਖਜ਼ਾਨੇ ਦੀ ਮਲਾਈ ਛਕ ਕੇ ਹੀ
ਵਿਸਥਾਰ ਹੋਈ ਜਾਂਦਾ ਹੈ।
ਮੋਦੀ ਸਰਕਾਰ ਨੇ ਅਡਾਨੀ ਨੂੰ ਜ਼ਮੀਨਾਂ ਦੇਣ, ਬੈਂਕ ਕਰਜ਼ੇ ਦੇਣ, ਉਹਦੀਆਂ
ਕੰਪਨੀਆਂ ’ਚ ਸਰਕਾਰੀ ਕਾਰੋਬਾਰਾਂ ਦੀ ਪੂੰਜੀ ਲਵਾਉਣ, ਸਰਕਾਰੀ ਕਾਰੋਬਾਰ ਉਸਨੂੰ ਕੌਡੀਆਂ ਦੇ ਭਾਅ
ਵੇਚਣ ਰਾਹੀਂ ਹੀ ਉਸਦੀ ਸਲਤਨਤ ਦਾ ਵਧਾਰਾ ਕੀਤਾ ਹੈ। ਏਸੇ ਮਿਹਰਬਾਨੀ ਕਾਰਨ ਹੀ ਅਡਾਨੀ ਕੋਲ 8 ਏਅਰਪੋਰਟ
ਤੇ 13 ਬੰਦਰਗਾਹਾਂ ਹਨ। ਇਹਨਾਂ ਨੂੰ ਵਿਕਸਿਤ ਕਰਨ ਲਈ ਉਹਨੇ ਕੁੱਝ ਨਹੀਂ ਕੀਤਾ। ਇਹ ਸਰਕਾਰੀ
ਪੈਸੇ ਨਾਲ ਖਰੀਦੀ ਸਰਕਾਰੀ ਸੰਪਤੀ ਹੈ।
ਅਡਾਨੀ ਦਾ ਉਭਾਰ ਇਸ ਹਕੀਕਤ ਦਾ ਸਿਰਨਾਵਾਂ ਵੀ ਹੈ ਕਿ ਭਾਰਤੀ ਦਲਾਲ ਸਰਮਾਏਦਾਰ
ਘਰਾਣੇ ਯੂਰਪੀ ਮੁਲਕਾਂ ਵਾਂਗ ਕਿਸੇ ਸਨਅਤੀ ਇਨਕਲਾਬ ’ਚੋਂ ਉੱਭਰ ਨਹੀਂ ਆਏ ਸਨ ਸਗੋਂ ਇਹ ਸਾਮਰਾਜੀ
ਕੰਪਨੀਆਂ ਦੇ ਸਥਾਨਕ ਹਿੱਸੇਦਾਰ ਬਣਕੇ ਹੀ ਕਾਰੋਬਾਰਾਂ ’ਚ ਵਧੇ ਫੁੱਲੇ ਸਨ ਤੇ ਉਹਨਾਂ ਕੰਪਨੀਆਂ ਦੇ
ਕਾਰੋਬਾਰਾਂ ਲਈ ਅਧਾਰ ਬਣੇ ਸਨ।ਇਹ ਸਾਮਰਾਜੀਆਂ ਹੱਥੋਂ ਮੁਲਕ ਦੀ ਲੁੱਟ-ਖਸੁੱਟ ਕਰਵਾਉਣ ’ਚ ਦਲਾਲ
ਬਣੇ ਹਨ ਤੇ 47 ਸੱਤਾ ਬਦਲੀ ਮਗਰੋਂ ਵੀ ਇਹ ਵਰਤਾਰਾ ਉਵੇਂ ਜਿਵੇਂ ਜਾਰੀ ਰਿਹਾ ਸੀ। ਇਹ ਦਲਾਲ
ਸਰਮਾਏਦਾਰ ਕਾਰੋਬਾਰ ਨਿਰਮਾਣ ਸਨਅਤ ਵੀ ਮੌਲਿਕ ਪੱਧਰ ’ਤੇ ਉਸਾਰੀ ਨਹੀਂ ਕਰ ਸਕਦੇ, ਸਗੋਂ ਇਸ
ਮਾਮਲੇ ’ਚ ਪੂਰੀ ਤਰ੍ਹਾਂ ਸਾਮਰਾਜੀ ਤਕਨੀਕ ’ਤੇ ਨਿਰਭਰ ਹਨ। ਇਹਨਾਂ ਵੱਲੋਂ ਨਿਰਮਾਣ ਖੇਤਰ ’ਚ ਰੁਜ਼ਗਾਰ
ਪੈਦਾ ਕਰਨ ਦੀ ਤਸਵੀਰ ਬੇਹੱਦ ਖਰਾਬ ਹੈ। ਇਹਨਾਂ ਦੀਆਂ ਦੌਲਤਾਂ ਦੇ ਅੰਬਾਰ ਮੁਲਕ ਅੰਦਰ ਵਸਤਾਂ ਦੇ
ਉਤਪਾਦਨ ਦੀ ਪ੍ਰਕਿਰਿਆ ਰਾਹੀਂ ਨਹੀਂ ਵਧਦੇ ਸਗੋਂ ਇਹ ਵਿੱਤੀ ਹੇਰਾ-ਫੇਰੀਆਂ ਤੇ ਸਰਕਾਰੀ ਸਰਪ੍ਰਸਤੀ
ਨਾਲ ਵੱਧਦੇ ਹਨ। ਇਹਨਾਂ ਦੀ ਮੰਡੀ ਵੀ ਸੰਸਾਰ ਸਾਮਰਾਜੀ ਮੰਡੀਆਂ ’ਚ ਹੀ ਪਰੋਈ
ਹੁੰਦੀ ਹੈ ਤੇ ਇਹ ਸਥਾਨਕ ਸਨਅਤਾਂ ਤੇ ਖੇਤੀ ਨਾਲ ਕਿਸੇ ਨੇੜਲੀਆਂ ਸਨਅਤੀ ਵਿਕਾਸ ਦੀਆਂ ਤੰਦਾਂ ’ਚ ਨਹੀਂ
ਬੱਝੇ ਹੁੰਦੇ। ਇਉਂ ਇਹਨਾਂ ਦਾ ਅਧਾਰ ਸੌੜੀ ਆਰਥਿਕਤਾ ਹੀ ਬਣਦੀ ਹੈ ਚਾਹੇ ਅੰਬਾਰ ਜਿੰਨ੍ਹਾਂ ਵੀ
ਵੱਡਾ ਕਰ ਲੈਣ। ਇਹ ਉਦਾਹਰਨ ਦਿਲਚਸਪ ਹੈ ਕਿ ਜਦੋਂ ਅਡਾਨੀ ਇੱਕ ਦਿਨ ਦੇ 1600 ਕਰੋੜ ਰੁਪਏ
ਕਮਾ ਰਿਹਾ ਸੀ ਤੇ ਅੰਬਾਨੀ ਪ੍ਰਤੀ ਘੰਟੇ ਦੇ 90 ਕਰੋੜ ਕਮਾ ਰਿਹਾ ਸੀ ਤਾਂ ਉਦੋਂ ਦੇਸ਼ ਦੀ
ਮੈਨੂਫੈਕਚਰਿੰਗ ਸਮਰੱਥਾ 17 ਪ੍ਰਤੀਸ਼ਤ ਤੋਂ ਘੱਟ ਕੇ 13-14 ਪ੍ਰਤੀਸ਼ਤ ’ਤੇ ਆ ਗਈ ਸੀ। ਭਾਰਤੀ ਆਰਥਿਕਤਾ ਦੀ ਨਿਗ੍ਹਾਦਾਰੀ ਦੇ ਕੇਂਦਰ ਵੱਲੋਂ ਜਾਰੀ
ਅੰਕੜਿਆਂ ਅਨੁਸਾਰ ਇਸ ਵੇਲੇ ਬੇ-ਰੁਜ਼ਗਾਰੀ 5 ਕਰੋੜ ਨੂੰ ਪਾਰ ਕਰ ਚੁੱਕੀ ਹੈ। ਉਸਤੋਂ ਅੱਗੇ
ਇਹ ਦਲਾਲ ਸਰਮਾਏਦਾਰ ਛੋਟੇ ਤੇ ਦਰਮਿਆਨੇ ਸਨਅਤਕਾਰਾਂ ਦੀ ਕੀਮਤ ’ਤੇ ਵਧਦੇ
ਫੁੱਲਦੇ ਹਨ। ਇਹ ਛੋਟੇ ਸਨਅਤਕਾਰ ਹੀ ਮੁੱਢਲੀ ਤੇ ਔਸਤ ਤਕਨੀਕ ਦੀ ਵਰਤੋਂ ਕਰਦੇ ਹਨ ਤੇ ਰੁਜ਼ਗਾਰ ਦਾ
ਸ੍ਰੋਤ ਬਣਦੇ ਹਨ ਪਰ ਇਹ ਸਰਕਾਰੀ ਸਹਾਇਤਾ ਨੂੰ ਤਰਸਦੇ ਰਹਿੰਦੇ ਹਨ ਤੇ ਸੁੰਗੜੀ ਮੰਡੀ ਦੀ ਮਾਰ
ਹੰਢਾਉਂਦੇ ਹਨ। ਮੋਦੀ ਦੇ ਰਾਜ ’ਚ ਜਦੋਂ ਅਡਾਨੀ ਦੀਆਂ ਦੌਲਤਾਂ ਦੇ ਅੰਬਾਰ ਲੱਗੇ ਹਨ ਤਾਂ ਲੱਖਾਂ-ਕਰੋੜਾਂ ਛੋਟੇ
ਕਾਰੋਬਾਰ ਤਬਾਹ ਹੋਏ ਹਨ।
ਅਡਾਨੀ ਤੇ ਅੰਬਾਨੀ ਦਾ ਵਰਤਾਰਾ ਕਿਸੇ ਸਮੇਂ ਟਾਟਾ ਤੇ ਬਿਰਲਿਆਂ ਦੇ ਉਭਾਰ ਤੋਂ
ਮੂਲੋਂ ਵੱਖਰਾ ਨਹੀਂ ਹੈ ਇਹ ਨਵ-ਉਦਾਰਵਾਦੀ ਦੌਰ ਦੇ “ਆਜ਼ਾਦ” ਭਾਰਤ ਵਿਚਲੇ ਟਾਟੇ-ਬਿਰਲੇ ਬਣਕੇ ਉੱਭਰੇ
ਹਨ।ਦਲਾਲ ਬੁਰਜੂਆਜ਼ੀ ਦੇ ਅਜਿਹੇ ਉਭਾਰ ਦਾ ਇਹ ਵਰਤਾਰਾ ਭਾਰਤੀ ਸਮਾਜ ਦੇ ਅਰਧ-ਜਗੀਰੂ ਤੇ
ਅਰਧ-ਬਸਤੀਵਾਦੀ ਕਿਰਦਾਰ ਦੀ ਗਵਾਹੀ ਵੀ ਬਣਦਾ ਹੈ।
---0---
No comments:
Post a Comment