ਬੀ.ਕੇ.ਯੂ ਏਕਤਾ ਉਗਰਾਹਾਂ ਵੱਲੋਂ ਕੀਤੀ ਗਈਬਠਿੰਡਾ ਕਨਵੈਨਸ਼ਨ ਦਾ ਮਤਾ
ਦੇਸ਼ ਭਰ ਦੀਆਂ ਜੇਲ੍ਹਾਂ ’ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਕਾਫੀ ਵੱਡੀ ਗਿਣਤੀ ਡੱਕੀ ਹੋਈ ਹੈ ਜਿੰਨ੍ਹਾਂ ’ਚ ਪੰਜਾਬ ਦੇ ਫ਼ਿਰਕੂ ਕਤਲਾਂ ਦੇ ਦੋਸ਼ੀ ਖਾਲਿਸਤਾਨੀ ਕੈਦੀ ਵੀ ਸ਼ਾਮਲ ਹਨ। ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਉਹਨਾਂ ਨੂੰ ਰਿਹਾਅ ਨਾ ਕਰਨਾ ਉਹਨਾਂ ਦੇ ਮਨੁੱਖੀ, ਜਮਹੂਰੀ ਤੇ ਕਾਨੂੰਨੀ ਅਧਿਕਾਰਾਂ ਦਾ ਦਮਨ ਹੈ। ਅਸੀਂ ਖਾਲਿਸਤਾਨੀ ਪਿਛੋਕੜ ਵਾਲੇ ਕੈਦੀਆਂ ਸਮੇਤ ਸਜ਼ਾ ਭੁਗਤ ਚੁੱਕੇ ਸਭਨਾਂ ਕੈਦੀਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਹਾਂ। ਬਿਨਾਂ ਮੁਕੱਦਮਾ ਚਲਾਏ ਜੇਲਾਂ ’ਚ ਰੱਖੇ ਗਏ ਕੇਸਾਂ ਦੇ ਤੁਰੰਤ ਨਿਪਟਾਰੇ ਦੀ ਮੰਗ ਕਰਦੇ ਹਾਂ।
ਅਸੀਂ ਹਰ ਧਰਮ, ਜਾਤ ਤੇ ਇਲਾਕੇ ਨਾਲ ਸੰਬੰਧ ਰੱਖਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦਈ ਹਾਂ। ਅਸੀਂ ਲੋਕ ਵਿਰੋਧੀ ਤਾਕਤਾਂ ਨਾਲ ਸੰਬੰਧ ਰੱਖਦੇ ਵਿਅਕਤੀਆਂ ਦੇ ਵੀ ਮਨੁੱਖੀ ਤੇ ਕਨੂੰਨੀ ਅਧਿਕਾਰਾਂ ਦੇ ਡਟਵੇਂ ਹਾਮੀ ਹਾਂ। ਇਸ ਲਈ ਚਾਹੇ ਖਾਲਿਸਤਾਨੀ ਕੈਦੀ ਵੀ ਹੋਣ, ਜਿਹੜੇ ਫ਼ਿਰਕੂ ਕਤਲਾਂ ਦੇ ਦੋਸ਼ੀ ਹਨ, ਪਰ ਜੇਕਰ ਉਹ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਤਾਂ ਉਹਨਾਂ ਨੂੰ ਰਿਹਾਅ ਨਾ ਕਰਨਾ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਤੇ ਉਹਨਾਂ ਦਾ ਰਿਹਾਈ ਦਾ ਹੱਕ ਵਾਜਬ ਕਨੂੰਨੀ ਤੇ ਮਨੁੱਖੀ ਹੱਕ ਹੈ। ਉਹ ਫੌਰੀ ਛੱਡੇ ਜਾਣੇ ਚਾਹੀਦੇ ਹਨ।
ਦਲਿਤਾਂ, ਮੁਸਲਮਾਨਾਂ ਤੇ ਆਦਿਵਾਸੀ ਹਿੱਸਿਆਂ ਸਮੇਤ ਦੇਸ਼ ਦੇ ਦੱਬੇ-ਕੁਚਲੇ ਲੋਕਾਂ ’ਚੋਂ ਬਹੁਤ ਸਾਰੇ ਕੈਦੀ ਅਜਿਹੇ ਵੀ ਹਨ ਜਿੰਨ੍ਹਾਂ ਤੇ ਅਦਾਲਤੀ ਟਰਾਇਲ ਸ਼ੁਰੂ ਹੀ ਨਹੀਂ ਕੀਤਾ ਜਾਂਦਾ ਤੇ ਉਹ ਦੇਸ਼ ਤੈਅ ਹੋਣ ਤੋਂ ਬਿਨਾਂ ਹੀ ਸਾਲਾਂ ਬੱਧੀ ਸਜ਼ਾਵਾਂ ਭੁਗਤ ਰਹੇ ਹਨ। ਕੈਦੀਆਂ ਨਾਲ ਹਰ ਤਰਾਂ ਦੀ ਬੇਇਨਸਾਫੀ ਬੰਦ ਕਰਨ ਦੀ ਮੰਗ ਸਭਨਾਂ ਇਨਸਾਫ ਪਸੰਦ ਤੇ ਜਮਹੂਰੀ ਲੋਕਾਂ ਦੀ ਸਾਂਝੀ ਮੰਗ ਬਣਦੀ ਹੈ। ਦੇਸ਼ ਭਰ ਦੇ ਸਭਨਾਂ ਲੋਕਾਂ ਵੱਲੋਂ ਬੁਲੰਦ ਕੀਤੀ ਜਾਈ ਚਾਹੀਦੀ ਹੈ। ਇਸ ਮੰਗ ਨੂੰ ਕਿਸੇ ਵਿਸ਼ੇਸ਼ ਧਰਮ ਜਾਂ ਫਿਰਕੇ ਤੱਕ ਸੀਮਤ ਨਾ ਰਹਿਣ ਦਈਏ ਸਗੋਂ ਇਸ ਮੰਗ ਨੂੰ ਮੁਲਕ ਭਰ ਦੀਆਂ ਧਾਰਮਿਕ ਘੱਟ ਗਿਣਤੀਆਂ, ਦੱਬੀਆਂ ਕੁਚਲੀਆਂ ਕੌਮਾਂ ਸਮਾਜ ਦੇ ਦਬਾਏ ਹੋਏ ਤਬਕਿਆਂ ਸਮੇਤ ਮੁਲਕ ਭਰ ਦੇ ਸਭਨਾ ਮਿਹਨਤਕਸ਼ ਲੋਕਾਂ ਦੇ ਦਮਨ ਦੇ ਜਿੰਮੇਵਾਰ ਭਾਰਤੀ ਰਾਜ ਖਿਲਾਫ ਸਾਂਝੀ ਲੜਾਈ ਦਾ ਅੰਗ ਬਣਾਈਏ
ਅੱਜ ਦੀ ਕਨਵੈਨਸ਼ਨ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਦਮਨ ਖਿਲਾਫ਼ ਇੱਕਜੁੱਟ ਆਵਾਜ਼ ਉਠਾਉਂਦੀ ਹੈ ਤੇ ਮੰਗ ਕਰਦੀ ਹੈ ਕਿ ਖਾਲਿਸਤਾਨੀ ਕੈਦੀਆਂ ਸਮੇਤ ਹਰ ਧਰਮ, ਜਾਤ ਤੇ ਇਲਾਕੇ ਨਾਲ ਸੰਬੰਧਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਫੌਰੀ ਤੌਰ ’ਤੇ ਰਿਹਾਅ ਕੀਤਾ ਜਾਵੇ। ਅੱਜ ਦੀ ਕਨਵੈਨਸ਼ਨ ਸਭਨਾਂ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਧਰਮ ਨਿਰਪੱਖ ਤੇ ਜਮਹੂਰੀ ਪੋਤੜੇ ਤੋਂ ਇੱਕਜੁਟ ਹੋ ਕੇ ਮਨੁੱਖੀ ਅਧਿਕਾਰਾਂ ਦੇ ਇਸ ਦਮਨ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਸਭਨਾਂ ਲੋਕਾਂ ਦੇ ਮਨੁੱਖੀ ਅਧਿਕਾਰ ਜਿੰਦਾਬਾਦ ਲੋਕਾਂ ਦਾ ਏਕਾ ਜਿੰਦਾਬਾਦ
No comments:
Post a Comment