ਪੱਛਮੀ ਅਫਰੀਕੀ ਮੁਲਕ ਬਰਕੀਨਾ ਫਾਸੋ ਤੋਂ ਫਰਾਂਸੀਸੀਂ ਫੋਜਾਂ ਦੀ ਵਾਪਸੀ
ਸੰਸਾਰ ਸਾਮਰਾਜੀ ਆਰਥਿਕਤਾ ਦੇ ਡੂੰਘੇ ਹੋਣ ਅਤੇ ਇਸਦੇ ਸਿੱਟੇ ਵਜੋਂ ਅੰਤਰ-ਸਾਮਰਾਜੀ ਵਿਰੋਧਤਾਈ ਦੇ ਤਿੱਖੇ ਹੋਣ ਦੇ ਕਈ ਪਾਸਿਆਂ ਤੋਂ ਇਜ਼ਹਾਰ ਹੋ ਰਹੇ ਹਨ। ਇਹ ਸਿਰਫ ਰੂਸ-ਯੂਕਰੇਨ ਜੰਗ ਹੀ ਨਹੀਂ ਹੈ ਜਿਹੜੀ ਰੂਸੀ ਸਾਮਰਾਜੀ ਤੇ ਨਾਟੋ ਗੱਠਜੋੜ ਦਰਮਿਆਨ ਲੜੀ ਜਾ ਰਹੀ ਹੈ, ਸਗੋਂ ਹੋਰਨਾਂ ਖੇਤਰਾਂ ’ਚ ਵੀ ਇਸ ਵਿਰੋਧਤਾਈ ਦੀ ਤਿੱਖ ਦਾ ਪ੍ਰਗਟਾਵਾ ਹੋ ਰਿਹਾ ਹੈ। ਸਾਮਰਾਜੀ ਸ਼ਕਤੀਆਂ ਦੇ ਪ੍ਰਭਾਵ ਖੇਤਰਾਂ ’ਚ ਵੀ ਹਲਚਲ ਹੋ ਰਹੀ ਹੈ ਤੇ ਅਧੀਨ ਮੁਲਕਾਂ ਦੀਆਂ ਹਕੂਮਤਾਂ ਵੱਲੋਂ ਪਾਸਿਆਂ ਦੀ ਅਦਲਾ-ਬਦਲੀ ਹੋ ਰਹੀ ਹੈ। ਇਹ ਸਮੁੱਚਾ ਦਿ੍ਰਸ਼ ਸਾਮਰਾਜੀ ਆਰਥਿਕ ਸੰਕਟਾਂ ਦੇ ਹੱਲ ਲਈ ਸਾਹੋ-ਸਾਹ ਹੋ ਰਹੀਆਂ ਸਾਮਰਾਜੀ ਤਾਕਤਾਂ ਦੀ ਹਾਲਤ ਨੂੰ ਉਘਾੜ ਰਿਹਾ ਹੈ। ਦੁਨੀਆਂ ਭਰ ਦੇ ਦੱਬੇ ਕੁਚਲੇ ਲੋਕਾਂ ਤੇ ਸਾਮਰਾਜ ਦਰਮਿਆਨ ਵਿਰੋਧਤਾਈ ਦੀ ਵਧ ਰਹੀ ਤਿੱਖ ਨੂੰ ਦਰਸਾ ਰਿਹਾ ਹੈ।
ਅਜਿਹੀ ਹਿਲਜੁਲ ਦਾ ਹੀ ਇਕ ਪ੍ਰਗਟਾਵਾ ਪੱਛਮੀ ਅਫਰੀਕਾ ’ਚ ਹੋਇਆ ਹੈ ਜਿਸ ਦੇ ਇਕ ਦੇਸ਼ ਬੁਰਕੀਨਾ ਫਾਸੋ ’ਚੋਂ ਫਰਾਂਸ ਦੀਆਂ ਫੌਜਾਂ ਨੂੰ ਆਪਣੇ ਅਪ੍ਰੇਸ਼ਨ ਤਿਆਗ ਕੇ ਵਾਪਸ ਮੁੜਨਾ ਪਿਆ ਹੈ। ਪੱਛਮੀ ਅਫਰੀਕਾ ਦੇ ਇਸ ਢਾਈ ਕਰੋੜ ਦੀ ਅਬਾਦੀ ਵਾਲੇ ਇਸ ਦੇਸ਼ ’ਚ ਫੌਜੀ ਜੁੰਡੀ ਦਾ ਰਾਜ ਹੈ। ਇਹ ਖੇਤਰ ਫਰਾਂਸ ਦੇ ਪ੍ਰਭਾਵ ਵਾਲਾ ਖੇਤਰ ਰਿਹਾ ਹੈ। ਇਸ ਦੇ ਨਾਲ ਲਗਦੇ ਮਾਲੀ, ਕਾਂਗੋ ਤੇ ਘਾਨਾ ਵਰਗੇ ਮੁਲਕਾਂ ’ਤੇ ਫਰਾਂਸ ਦਾ ਗਲਬਾ ਰਿਹਾ ਹੈ। ਇਹ ਮੁਲਕ ਬੇਹੱਦ ਪਛੜੇ ਅਤੇ ਗਰੀਬ ਹਨ। ਹੁਣ ਏਥੇ ਪਿਛਲੇ ਸਾਲਾਂ ਤੋਂ ਫਰਾਂਸੀਸੀ ਸਾਮਰਾਜੀਆਂ ਨੂੰ ਲੋਕਾਂ ਵੱਲੋਂ ਟਾਕਰੇ ਦੀ ਚੁਣੌਤੀ ਪੇਸ਼ ਹੋ ਰਹੀ ਹੈ ਜਿਸ ਦਾ ਅਸਰ ਇਹਨਾਂ ਮੁਲਕਾਂ ਦੀਆਂ ਪਿਠੂ ਹਕੂਮਤਾਂ ’ਤੇ ਪੈ ਰਿਹਾ ਹੈ। ਪਹਿਲਾਂ ਫਰਵਰੀ 2022 ’ਚ ਫਰਾਂਸ ਨੂੰ ਮਾਲੀ ਚੋਂ ਫੌਜਾਂ ਵਾਪਸ ਬੁਲਾਉਣੀਆਂ ਪਈਆਂ ਸਨ। ਹਾਲਤ ’ਚ ਦਖਲਅੰਦਾਜ਼ੀ ਦੀ ਬੇਵਸੀ ਦਾ ਇਜ਼ਹਾਰ ਕਰਦਿਆਂ ਫਰਾਂਸੀਸੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਅੱਤਵਾਦ ਖਿਲਾਫ ਜੰਗ ’ਚ ਉਦੋਂ ਤੱਕ ਜਿੱਤ ਸੰਭਵ ਨਹੀਂ ਜਦੋਂ ਤੱਕ ਉਸ ਰਾਜ ਵੱਲੋਂ ਇਸ ਜੰਗ ਦੀ ਹਮਾਇਤ ਨਹੀਂ ਕੀਤੀ ਜਾਂਦੀ। ਜਾਹਰ ਹੈ ਕਿ ਇਹ ਫਰਾਂਸੀਸੀ ਦਖਲਅੰਦਾਜ਼ੀ ਵੀ ਸੰਸਾਰ ਸਾਮਰਾਜੀ ਚੌਧਰੀ ਅਮਰੀਕਾ ਦੀ ਤਰਜ਼ ’ਤੇ ਅੱਤਵਾਦ ਖਿਲਾਫ ਜੰਗ ਦੇ ਬਹਾਨੇ ਹੇਠ ਹੀ ਹੋ ਰਹੀ ਸੀ।
ਹੁਣ ਜਨਵਰੀ ’ਚ ਬੁਰਕੀਨਾ ਫਾਸੋ ਨਾਂ ਦੇ ਮੁਲਕ ਦੀ ਫੌਜੀ ਹਕੂਮਤ ਨੇ ਫਰਾਂਸ ਨਾਲ ਆਪਣੀ ਫੌਜੀ ਸੰਧੀ ਨੂੰ ਖਤਮ ਕਰਨ ਦਾ ਐਲਾਨ ਕਰਕੇ ਇੱਕ ਮਹੀਨੇ ’ਚ ਆਪਣੀਆਂ ਫੌਜਾਂ ਵਾਪਸ ਲਿਜਾਣ ਲਈ ਕਹਿ ਦਿੱਤਾ ਹੈ। 2018’ਚ ਇੱਥੋਂ ਦੀ ਸਰਕਾਰ ਨੇ ਫਰਾਂਸੀਸੀ ਸਾਮਰਾਜੀਆਂ ਨਾਲ ਫੌਜੀ ਸੰਧੀ ਕੀਤੀ ਸੀ। ਹਕੂਮਤ ਨੇ ਕਿਹਾ ਕਿ ਉਹ ਇਸਲਾਮਿਕ ਇੰਤਹਾਪਸੰਦਾਂ ਨਾਲ ਖੁਦ ਨਜਿੱਠਣਗੇ। ਇਸ ਮੁਲਕ ਅੰਦਰ ਇਸਲਾਮਿਕ ਮੂਲਵਾਦੀ ਦਹਿਸ਼ਤਪਸੰਦਾਂ ਦਾ ਹਕੂਮਤ ਨਾਲ ਟਕਰਾਅ ਤੇਜ਼ ਹੋਇਆ ਪਿਆ ਸੀ। ਇਹਨਾਂ ਗਰੁੱਪਾਂ ਨੂੰ ਫੌਜੀ ਤਾਨਾਸ਼ਾਹੀ ਲੋਕਾਂ ’ਚੋਂ ਭਾਰੀ ਹਮਾਇਤ ਹਾਸਲ ਹੈ ਤੇ ਫਰਾਂਸ ਖਿਲਾਫ਼ ਜੋਰਦਾਰ ਕੌਮੀ ਉਭਾਰ ਹੈ। ਲੋਕਾਂ ਨੇ ਫਰਾਂਸ ਦੀਆਂ ਫੌਜਾਂ ਨੂੰ ਮੁਲਕ ’ਚੋਂ ਬਾਹਰ ਕਰਨ ਦੀ ਮੰਗ ਲਈ ਜੋਰਦਾਰ ਪ੍ਰਦਰਸ਼ਨ ਕੀਤੇ ਹਨ। ਫਰਾਂਸ ਵਿਰੋਧੀ ਲੋਕ-ਉਭਾਰ ਦੀ ਆੜ ’ਚ ਇਸ ਹਕੂਮਤ ਨੇ ਰੂਸ ਦਾ ਸਹਿਯੋਗ ਲੈਣ ਲਈ ਹੱਥ ਫੈਲਾਏ ਹਨ ਤੇ ਕਿਹਾ ਜਾ ਰਿਹਾ ਹੈ ਕਿ ਇਸ ਫੌਜੀ ਹਕੂਮਤ ਵੱਲੋਂ ਬਾਗੀਆਂ ਨਾਲ ਨਜਿੱਠਣ ਲਈ ਰੂਸ ਤੇ ਚੀਨ ’ਤੇ ਟੇਕ ਰੱਖੀ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਰੂਸ ਇੱਕ ਵਾਜਬ ਚੋਣ ਹੈ। ਫਰਾਂਸੀਸੀ ਸਾਮਰਾਜੀਏ ਪਹਿਲਾਂ ਹੀ ਇਸ ਖੇਤਰ ’ਚ ਰੂਸ ਦੇ ਵਧ ਰਹੇ ਪ੍ਰਭਾਵ ਖਿਲਾਫ ਬੋਲਦੇ ਰਹੇ ਹਨ। ਇਸ ਨਵੇਂ ਸਾਲ ’ਚ ਹੀ ਰੂਸੀ ਵਿਦੇਸ਼ ਮੰਤਰੀ ਸਰਗੋਈ ਲੇਵਰੋਵ 7 ਅਫਰੀਕੀ ਮੁਲਕਾਂ ਦੀ ਯਾਤਰਾ ਕਰ ਚੁੱਕਿਆ ਹੈ। ਫਰਾਂਸੀਸੀਆਂ ਦਾ ਦੋਸ਼ ਹੈ ਕਿ ਰੂਸੀ ਪ੍ਰਾਈਵੇਟ ਫੌਜੀ ਕੰਪਨੀ ਅਫਰੀਕਾ ਦੀਆਂ ਫੌਜੀ ਹਕੂਮਤਾਂ ਨਾਲ ਨੇੜਿਉ ਜੁੜ ਕੇ ਕੰਮ ਕਰ ਰਹੀ ਹੈ। ਪਰ ਵਧ ਰਹੇ ਰੂਸੀ ਦਬਾਅ ਤੇ ਲੋਕ-ਰੋਹ ਦੇ ਨਿਸ਼ਾਨੇ ’ਤੇ ਆਉਣ ਕਰਕੇ ਫਰਾਂਸ ਨੂੰ ਇਹ ਫੌਜੀ ਸਮਝੌਤਾ ਰੱਦ ਕਰਕੇ ਪਿੱਛੇ ਹਟਣਾ ਪਿਆ ਹੈ। ਇਹ ਘਟਨਾ ਵਿਕਾਸ ਦਸਦਾ ਹੈ ਕਿ ਰੂਸ ਤੇ ਫਰਾਂਸ ਸਿਰਫ ਯੂਕਰੇਨ ’ਚ ਹੀ ਨਹੀਂ ਭਿੜ ਰਹੇ ਸਗੋਂ ਪੱਛਮੀ ਅਫਰੀਕੀ ਮੁਲਕਾਂ ਪ੍ਰਭਾਵ ਦੇ ਵਧਾਰੇ ਲਈ ਸਾਮਰਾਜੀ ਟਕਰਾਅ ਤਿੱਖ ਫੜ ਰਹੇ ਹਨ।
ਪੱਛਮੀ ਅਫਰਕੀ ਮੁਲਕਾਂ ’ਚ ਵਾਪਰ ਰਹੀਆਂ ਇਹ ਘਟਨਾਵਾਂ ਦਰਸਾਉਦੀਆਂ ਹਨ ਕਿ ਤਿੱਖੇ ਹੋ ਰਹੇ ਆਰਥਿਕ ਸੰਕਟਾਂ ਦਾ ਬੋਝ ਜਿਉ ਜਿਉ ਪਛੜੇ ਮੁਲਕਾਂ ’ਤੇ ਲੱਦਿਆ ਜਾ ਰਿਹਾ ਹੈ ਏਥੇ ਲੋਕ ਬੇਚੈਨੀ ਹੋਰ ਵਧੇਰੇ ਤੇਜ਼ੀ ਨਾਲ ਫੈਲ ਰਹੀ ਹੈ ਤੇ ਲੋਕਾਂ ਦੇ ਕੈਂਪ ’ਚ ਵੱਖ ਵੱਖ ਵੰਨਗੀਆਂ ਦੀਆਂ ਸ਼ਕਤੀਆਂ ਇਸ ਸਾਮਰਾਜੀ ਧਾਵੇ ਟਾਕਰੇ ਦੇ ਰਾਹ ਪੈ ਰਹੀਆਂ ਹਨ। ਲੋਕਾਂ ਦਰਮਿਆਨ ਤੇ ਸਥਾਨਕ ਦਲਾਲ ਜੁੰਡਲੀਆਂ ਦਰਮਿਆਨ ਵਿਰੋਧਤਾਈ ਤਿੱਖੀ ਹੋ ਰਹੀ ਹੈ ਤੇ ਨਾਲ ਹੀ ਸਾਮਰਾਜੀਆਂ ਨਾਲ ਵੀ ਇਹਦੀ ਤਿੱਖ ਹੋਰ ਉਚੇਰੇ ਦੌਰਾਂ ’ਚ ਦਾਖਲ ਹੋ ਰਹੀ ਹੈ। ਇਹ ਵਿਰੋਧਤਾਈਆਂ ਅੰਤਰ ਸਾਮਰਾਜੀ ਵਿਰੋਧਤਾਈਆਂ ਨੂੰ ਅਸਰ ਅੰਦਾਜ਼ ਕਰ ਰਹੀਆਂ ਹਨ। ਇਹਨਾਂ ਮੁਲਕਾਂ ਦੇ ਦਲਾਲ ਹਾਕਮਾਂ ਲਈ ਵੀ ਸਾਮਰਾਜੀ ਧੜਿਆਂ ਨਾਲ ਟੁੱਟਣ-ਜੁੜਨ ਦੇ ਅਮਲ ਤੇਜ਼ ਹੋ ਚੁੱਕੇ ਹਨ ਤੇ ਉਹ ਲੋਕਾਂ ਨਾਲ ਆਪਣੇ ਟਕਰਾਅ ਨੂੰ ਨਜਿੱਠਣ ਤੇ ਆਪਣੀਆਂ ਜਮਾਤੀ ਲੋੜਾਂ ਦੀ ਪੂਰਤੀ ਅਨੁਸਾਰ ਸਾਮਰਾਜੀ ਧੜਿਆਂ ਨਾਲ ਆਪਣੇ ਸਬੰਧਾਂ ਨੂੰ ਤੈਅ ਕਰ ਰਹੇ ਹਨ।
No comments:
Post a Comment