‘‘ਪੇਂਡੂ ਵਿਕਾਸ- ਚੀਨ ਤੋਂ ਸਿੱਖਦਿਆਂ’’ ਪੁਸਤਕ ਬਾਰੇ
ਹਥਲੀ ਪੁਸਤਕ ਸਰਤਾਜ ਅਜੀਜ਼ ਦੀ ਪੁਸਤਕ ‘‘ਪੇਂਡੂ ਵਿਕਾਸ- ਚੀਨ ਤੋਂ ਸਿੱਖਦਿਆਂ’’ ਦੇ ਕੁੱਝ ਪਾਠਾਂ ਦਾ ਅਨੁਵਾਦ ਹੈ। ਸਰਤਾਜ ਅਜੀਜ਼ ਪਾਕਿਸਤਾਨ ਦਾ ਉੱਚ ਅਫ਼ਸਰ ਸੀ ਜਿਹੜਾ ਪਾਕਿਸਤਾਨ ਤੋਂ ਬਿਨਾਂ ਸੰਸਾਰ ਸੰਸਥਾਵਾਂ ’ਚ ਵੀ ਅਹਿਮ ਅਹੁਦਿਆਂ ’ਤੇ ਰਿਹਾ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਪੜਿ੍ਹਆ ਸਰਤਾਜ ਅਜੀਜ਼ 1961 ਤੋਂ 1971 ਤੱਕ ਪਾਕਿਸਤਾਨ ਦੇ ਕੌਮੀ ਯੋਜਨਾਬੰਦੀ ਕਮਿਸ਼ਨ ’ਚ ਰਿਹਾ। ਫਿਰ ਉਹ ਸੰਸਾਰ ਬੈਂਕ ਦੇ ਇੱਕ ਕਮਿਸ਼ਨ ’ਚ ਸ਼ਾਮਲ ਰਿਹਾ। ਇਹ ਪੁਸਤਕ ਉਸਨੇ 1978 ’ਚ ਪ੍ਰਕਾਸ਼ਿਤ ਕੀਤੀ ਸੀ। ਉਸ ਵੇਲੇ ਉਹ ਸਯੁਕੰਤ ਰਾਸ਼ਟਰ ਸੰਸਾਰ ਭੋਜਨ ਕੌਂਸਲ ’ਚ ਉੱਪ-ਕਾਰਜਕਾਰੀ ਡਾਇਰੈਕਟਰ ਵਜੋਂ ਤਇਨਾਤ ਸੀ। ਉਹ ਕੌਮਾਂਤਰੀ ਵਿਕਾਸ ਲਈ ਸੁਸਾਇਟੀ ਨਾਂ ਦੀ ਸੰਸਥਾ ਦਾ ਪ੍ਰਧਾਨ ਵੀ ਰਿਹਾ ਸੀ। ਉਸਨੇ ਦਸੰਬਰ 1967 ਤੋਂ ਅਗਸਤ 1975 ਤੱਕ, ਚਾਰ ਵਾਰ ਚੀਨ ਦਾ ਦੌਰਾ ਕੀਤਾ। ਇਹ ਦੌਰੇ ਉਸਨੇ ਪਾਕਿਸਤਾਨ ਤੇ ਸੰਸਾਰ ਸੰਸਥਾਵਾਂ ਦੇ ਪ੍ਰੋਗਰਾਮਾਂ ਤਹਿਤ ਚੀਨੀ ਨੀਤੀਆਂ ਨੂੰ ਸਮਝਣ ਲਈ ਕੀਤੇ। ਇਹ ਪੁਸਤਕ ਉਸਨੇ ਵਿਅਕਤੀਗਤ ਹੈਸੀਅਤ ’ਚ ਲਿਖੀ ਸੀ ਤੇ ਇਸ ਵਿੱਚ ਪ੍ਰਗਟਾਏੇ ਵਿਚਾਰਾਂ ਨਾਲ ਕਿਸੇ ਸੰਸਥਾ ਦਾ ਤੁਅੱਲਕ ਨਾ ਹੋਣ ਦਾ ਦਾਅਵਾ ਕੀਤਾ ਸੀ।
ਇਸ ਪੁਸਤਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਕਮਿਊਨਿਸਟ ਵੱਲੋਂ ਚੀਨੀ ਸਮਾਜਵਾਦੀ ਉਸਾਰੀ ਦੀਆਂ ਪ੍ਰਾਪਤੀਆਂ ਨੂੰ ਦਰਸਾਉਣ ਲਈ ਲਿਖੀ ਗਈ ਪੁਸਤਕ ਨਹੀਂ ਹੈ। ਸਗੋਂ ਇਹ ਸੰਸਾਰ ਸਾਮਰਾਜੀ ਸੰਸਥਾਵਾਂ ਦੇ ਇੱਕ ਅਧਿਕਾਰੀ ਵੱਲੋਂ ਚੀਨੀ ਸਮਾਜ ਦੀ ਵਿਉਂਤਬੰਦੀ ਤੇ ਵਿਕਾਸ ਪ੍ਰਕਿਰਿਆ ਨੂੰ, ਉਸਦੀਆਂ ਨੀਤੀਆਂ ਤੇ ਸਮੱਸਿਆਵਾਂ ਨੂੰ ਸਮਝਣ ਦਾ ਯਤਨ ਹੈ। ਇਹ ਉਹ ਦੌਰ ਸੀ ਜਦੋਂ ਸੰਸਾਰ ਸਾਮਰਾਜੀ ਤਾਕਤਾਂ ਨੂੰ ਸਿੱਧੇ ਬਸਤੀਵਾਦੀ ਰਾਜ ਦੀ ਨੀਤੀ ਤਿਆਗ ਕੇ, ਨਵ-ਬਸਤੀਵਾਦ ਦੀ ਨੀਤੀ ਲਾਗੂ ਕਰਨੀ ਪੈ ਰਹੀ ਸੀ, ਕਿਉਂਕਿ ਤੀਜੀ ਦੁਨੀਆਂ ਦੇ ਲੋਕ ਜਾਗ ਚੁੱਕੇ ਸਨ ਤੇ ਇਹਨਾਂ ਮੁਲਕਾਂ ਦੀਆਂ ਕੌਮੀ ਮੁਕਤੀ ਲਹਿਰਾਂ ਨੇ ਸੰਸਾਰ ਸਾਮਰਾਜੀ ਤਾਕਤਾਂ ਦੇ ਰਾਜ ਉਲਟਾ ਦਿੱਤੇ ਸਨ। ਸਾਮਰਾਜੀ ਤਾਕਤਾਂ ਤੋਂ ‘ਆਜ਼ਾਦ’ ਹੋਏ ਰਾਜਾਂ ਵੱਲੋਂ ਆਪਣੇ ਵਿਕਾਸ ਦੇ ਰਾਹ ਅਖਤਿਆਰ ਕੀਤੇ ਜਾ ਰਹੇ ਸਨ ਤੇ ਦੇਸ਼ਾਂ ਦੀ ਨਵੀਂ-ਆਰਥਿਕਤਾ ਉਸਾਰਨ ਦਾ ਮਸਲਾ ਦਰਪੇਸ਼ ਸੀ। ਅਜਿਹੇ ਸਮੇਂ ਸੰਸਾਰ ਭਰ ਦੇ ਬੁੱਧੀਜੀਵੀਆਂ, ਖਾਸ ਕਰਕੇ ਪਛੜੇ ਮੁਲਕਾਂ ਦੇ ਬੁਧੀਜੀਵੀਆਂ ਸਾਹਮਣੇ ਇਸ ਪਾਸੇ ਹੋ ਰਹੇ ਤਜਰਬਿਆਂ ਨੂੰ ਘੋਖਣ ਦਾ ਸਵਾਲ ਸੀ। ਸਾਮਰਾਜੀ ਮੁਲਕਾਂ ਸਾਹਮਣੇ ਵੀ ਇਸ ਪ੍ਰਸੰਗ ’ਚ ਆਪਣੀਆਂ ਨੀਤੀਆਂ ਘੜਨ ਲਈ ਤੇ ਇਹਨਾਂ ਮੁਲਕਾਂ ’ਤੇ ਥੋਪਣ ਲਈ ਇਹਨਾਂ ਅਮਲਾਂ ਨੂੰ ਵਾਚਣ ਦੀ ਜ਼ਰੂਰਤ ਸੀ।
ਸਰਤਾਜ ਅਜੀਜ਼ ਸੰਸਾਰ ਸਾਮਰਾਜੀ ਸੰਸਥਾਵਾਂ ’ਚ ਅਧਿਕਾਰੀ ਰਿਹਾ ਪਰ ਉਸ ਨੂੰ ਸਮਾਜਵਾਦੀ ਚੀਨ ਅੰਦਰ ਹੋਏ ਵਿਕਾਸ ਨੇ ਟੁੰਬਿਆ। ਉਸਨੇ ਆਪਣੇ ਨਜ਼ਰੀਏ ਅਨੁਸਾਰ ਚੀਨੀ ਪੇਂਡੂ ਸਮਾਜ ਦੇ ਵਿਕਾਸ ਦੀ ਤਸਵੀਰ ਨੂੰ ਦੇਖਿਆ ਤੇ ਸਮਝਿਆ ਉਸਨੇ ਇਸ ਪੁਸਤਕ ਰਾਹੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬੇਹੱਦ ਪਛੜੀ ਆਰਥਿਕਤਾ ਵਾਲਾ ਪੇਂਡੂ ਚੀਨੀ ਸਮਾਜ ਵਿਕਾਸ ਦੇ ਰਾਹ ’ਤੇ ਕਿਵੇਂ ਅੱਗੇ ਵਧਿਆ, ਇਹਦੇ ਪਿੱਛੇ ਕੰਮ ਕਰਦੀਆਂ ਨੀਤੀਆਂ ਤੇ ਪਹੁੰਚਾਂ ਨੂੰ ਸਮਝਿਆ ਜਾ ਸਕੇ ਤੇ ਦੁਨੀਆਂ ਦੇ ਹੋਰਨਾਾਂ ਮੁਲਕਾਂ ਦੇ ਲੋਕਾਂ ਨਾਲ ਇਸ ਤਜਰਬੇ ਨੂੰ ਸਾਂਝਾ ਕੀਤਾ ਜਾ ਸਕੇ।
ਜਿਕਰਯੋਗ ਹੈ ਕਿ ਕ. ਮਾਉ ਦੀ ਮੌਤ ਮਗਰੋਂ, ਭਾਵ 1976 ਤੋਂ ਬਾਅਦ ਚੀਨੀ ਕਮਿ. ਪਾਰਟੀ ਅੰਦਰਲੇ ਪੂੰਜੀਪਤ ਮਾਰਗੀਆਂ ਵੱਲੋਂ ਰਾਜ ਪਲਟਾ ਕਰਕੇ ਚੀਨੀ ਵਿਕਾਸ ਦੇ ਇਸ ਰਾਹ ਨੂੰ ਪੁੱਠਾ ਗੇੜਾ ਦਿੱਤਾ ਗਿਆ ਸੀ। ਚੀਨ ਅੰਦਰ ਪੂੰਜੀਵਾਦ ਦੀ ਬਹਾਲੀ ਮਗਰੋਂ ਚੀਨ ਸੰਸਾਰ ਸਾਮਰਾਜੀ ਆਰਥਿਕਤਾ ਦਾ ਅਹਿਮ ਅੰਗ ਬਣਕੇ ਉੱਭਰਿਆ ਹੈ। ਇਸ ਆਰਥਿਕਤਾ ’ਚ ਚੀਨ ਦੇ ਅਹਿਮ ਸਥਾਨ ਹਾਸਲ ਕਰ ਜਾਣ ’ਚ ਸਮਾਜਵਾਦੀ ਦੌਰ ’ਚ ਉਸਾਰੀ ਗਈ ਆਰਥਿਕਤਾ ਦਾ ਮੋਹਰੀ ਰੋਲ ਹੈ ਜਿਸਨੇ ਚੀਨ ਨੂੰ ਇੱਕ ਪਛੜੇ ਮੁਲਕ ਤੋਂ ਵਿਕਸਿਤ ਪੂੰਜੀਵਾਦੀ ਮੁਲਕਾਂ ਦੀ ਕਤਾਰ ’ਚ ਲਿਆ ਖੜ੍ਹਾ ਕੀਤਾ ਸੀ। ਅਜੋਕਾ ਚੀਨ ਪਸਾਰਵਾਦੀ ਮਨਸੂਬੇ ਰੱਖਦੇ ਵਿਕਸਿਤ ਪੂੰਜੀਵਾਦੀ ਮੁਲਕਾਂ ਵਜੋਂ ਸੰਸਾਰ ਸਾਮਰਾਜੀ ਆਰਥਿਕਤਾ ’ਚ ਆਪਣੇ ਖੇਤਰਾਂ ਦੇ ਪਸਾਰੇ ਲਈ ਭਿੜ ਰਿਹਾ ਹੈ।
Ñਪੁਸਤਕ ਵਿੱਚ ਲੇਖਕ ਨੇ ਚੀਨੀ ਵਿਕਾਸ ਦੇ ਮਾਡਲ ਦੇ ਵੱਖ-ਵੱਖ ਪਹਿਲੂਆਂ ਨੂੰ ਚਿਤਾਰਿਆ ਹੈ ਤੇ ਇਸ ਪਿੱਛੇ ਕੰਮ ਕਰਦੀ ਵਿਚਾਰਧਾਰਾ ਤੇ ਸਿਆਸਤ ਨਾਲ ਵੀ ਇਸਦਾ ਕੜੀ-ਜੋੜ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਉਸਨੇ ਦਰਸਾਇਆ ਹੈ ਕਿ ਇਹ ਚੀਨੀ ਕਮਿਊਨਿਸਟ ਪਾਰਟੀ ਤੇ ਕਾਮਰੇਡ ਮਾਉ ਦੀ ਅਗਵਾਈ ’ਚ ਲਾਗੂ ਹੋ ਰਹੀ ਵਿਚਾਰਧਾਰਾ ਤੇ ਸਿਆਸਤ ਦੀ ਕਮਾਂਡ ਸੀ, ਜਿਸ ਅਧੀਨ ਪੇਂਡੂ ਚੀਨੀ ਸਮਾਜ ਦੀ ਆਰਥਿਕ ਉਸਾਰੀ ਕੀਤੀ ਗਈ।
ਉਸਨੇ ਉਸਤੋਂ ਪਹਿਲਾਂ ਸੋਵੀਅਤ ਸਮਾਜ ਅੰਦਰ ਹੋਏ ਸਮਾਜਵਾਦੀ ਉਸਾਰੀ ਦੇ ਤਜਰਬੇ ਨਾਲੋਂ ਇਸ ਤਜਰਬੇ ਦੀਆਂ ਵਿਸ਼ੇਸ਼ਤਾਈਆਂ ਨੂੰ ਵੀ ਟਿੱਕਣ ਦਾ ਯਤਨ ਕੀਤਾ ਹੈ। ਉਸਨੇ ਦਰਸਾਇਆ ਹੈ ਕਿ ਕਿਵੇਂ ਚੀਨੀ ਸਮਾਜ ਅੰਦਰ ਖੇਤੀ ਨੂੰ ਆਧਾਰ ਬਣਾ ਕੇ ਚੱਲਿਆ ਗਿਆ ਜਿਸ ਉੱਪਰ ਸਨਅਤ ਦੀ ਉਸਾਰੀ ਕੀਤੀ ਗਈ। ਉਸਨੇ ਇਸ ਵਿਸ਼ੇਸ਼ਤਾ ਨੂੰ ਨੋਟ ਕੀਤਾ ਹੈ ਕਿ ਚੀਨ ਅੰਦਰ ਪੇਂਡੂ ਖੇਤਰਾਂ ’ਚ ਵਾਫਰ ਪੈਦਾ ਕਰਨ ਤੇ ਫਿਰ ਅਧੁਨਿਕੀਕਰਨ ਲਈ ਇਸਨੂੰ ਏਥੇ ਹੀ ਰੱਖਣ ਦੀ ਪਹੁੰਚ ਬਹੁਤ ਮਹੱਤਵ ਰੱਖਦੀ ਹੈ, ਜਿਸ ਵਿੱਚ ਹੁਨਰ ਦੇ ਵਿਕਾਸ ਤੇ ਤਕਨੀਕ ਨੂੰ ਸਥਾਨਕ ਹਾਲਤਾਂ ਅਨੁਸਾਰ ਢਾਲ ਕੇ ਚੱਲਣ ਦੀ ਪਹੁੰਚ ਸ਼ਾਮਲ ਸੀ। ਉਸਨੇ ਇਸਨੂੰ ਮੌਲਿਕ ਚੀਨੀ ਮਾਡਲ ਵਜੋਂ ਉਭਾਰਿਆ ਹੈ ਜਿਹੜਾ ਪੱਛਮੀ ਸਰਮਾਏਦਾਰੀ ਦੇ ਵਿਕਾਸ ਮਾਡਲ ਤੋਂ ਮੂਲੋਂ ਹੀ ਵੱਖਰਾ ਸੀ। ਇਹਦੇ ’ਚ ਸਥਾਨਕ ਪੱਧਰ ’ਤੇ ਪਹਿਲ-ਕਦਮੀ ਉਭਾਰਨ ਤੇ ਤਾਕਤਾਂ ਦੇ ਵਿਕੇਂਦਰੀਕਰਨ ਦੇ ਮਹੱਤਵ ਨੂੰ ਬੁੱਝਿਆ ਗਿਆ ਹੈ। ਲੇਖਕ ਨੇ ਖੁਦ ਚੀਨ ਦੇ ਦੌਰਿਆਂ, ਉਥੋਂ ਦੇ ਦਸਤਾਵੇਜ਼ਾਂ ਦੇ ਅਧਿਐਨ ਰਾਹੀਂ ਸਿੱਟੇ ਕੱਢੇ ਹਨ ਤੇ ਉਹ ਇਸ ਤਜਰਬੇ ਨੂੰ ਪਛੜੇ ਮੁਲਕਾਂ ਦੇ ਵਿਕਾਸ ਲਈ ਰਾਹ ਦਰਸਾਊ ਤਜਰਬੇ ਵਜੋਂ ਲੈਂਦਾ ਹੈ। ਉਹ ਚੀਨੀ ਸਫ਼ਲਤਾਵਾਂ ਨੂੰ ਉਸੇ ਵੇਲੇ ਏਸ਼ੀਆਂ ਦੇ ਹੋਰ ਆਜ਼ਾਦ ਹੋਏ ਮੁਲਕਾਂ ਦੀ ਤੁਲਨਾ ’ਚ ਰੱਖ ਕੇ ਵੀ ਦੇਖਦਾ ਹੈ ਤੇ ਸਫ਼ਲਤਾ ਦੇ ਰਾਜ ਬੁੱਝਦਾ ਹੈ। ਲੇਖਕ ਨੇ ਇਸ ਵਿਕਾਸ ਪ੍ਰਕਿਰਿਆ ਨੂੰ ਇੱਕ ਗਤੀਸ਼ੀਲ ਜੀਵਿੰਤ ਅਮਲ ਵਜੋਂ ਦੇਖਿਆ, ਸਮਝਿਆ ਤੇ ਪੇਸ਼ ਕੀਤਾ ਹੈ। ਵਿਸ਼ੇਸ਼ ਕਰਕੇ ਤਜਰਬੇ ’ਚੋਂ ਸਾਹਮਣੇ ਆਉਂਦੀਆਂ ਸਮੱਸਿਆਵਾਂ ਨੂੰ ਬੁੱਝਣ ਤੇ ਹੱਲ ਕਰਨ ਦੀਆਂ ਚੀਨੀ ਕਮਿਊਨਿਸਟ ਲੀਡਰਸ਼ਿਪ ਦੀਆਂ ਘਾਲਣਾਵਾਂ ਨੂੰ ਦਰਸਾਇਆ ਹੈ। ਇਸ ਉਭਰਦੀ ਤਸਵੀਰ ਰਾਹੀਂ ਇਹ ਅਹਿਸਾਸ ਵੀ ਜਾਗਦਾ ਹੈ ਕਿ ਇਹ ਅਮਲ ਕਿੰਨਾਂ ਕਠਿਨ ਸੀ ਤੇ ਨਵੇਂ ਰਾਹ ਪਾਉਣ ਲਈ ਚੀਨੀ ਕਮਿਊਨਿਸਟ ਪਾਰਟੀ ਕਿਵੇਂ ਜੂਝ ਰਹੀ ਸੀ।
ਲੇਖਕ ਦੀ ਸੀਮਤਾਈ ਇਹ ਹੈ ਕਿ ਸੰਸਾਰ ਸਾਮਰਾਜੀ ਆਰਥਿਕਤਾ ਦੇ ਅੰਗ ਵਜੋਂ ਚੋਰ ਗੁਲਾਮੀ ਹੰਢਾ ਰਹੇ ਮੁਲਕਾਂ ਦੇ ਮਸਲਿਆਂ ਨੂੰ ਤੇ ਸਾਮਰਾਜ ਤੋਂ ਮੁਕਤ ਹੋ ਚੁੱਕੇ ਚੀਨ ਦੀ ਵਿਸ਼ੇਸ਼ਤਾ ਨੂੰ ਉਹ ਨਿੱਤਰਵੇਂ ਰੂਪ ’ਚ ਪੇਸ਼ ਨਹੀਂ ਕਰਦਾ। ਇਹ ਸੰਸਾਰ ਆਰਥਿਕਤਾ ਬਾਰੇ ਉਸਦੇ ਨਜ਼ਰੀਏ ਤੇ ਉਸਦੇ ਵੇਲੇ ਦੇ ਰੋਲ ਦੀ ਸੀਮਤਾਈ ਦਾ ਪਹਿਲੂ ਹੋ ਸਕਦਾ ਹੈ। ਪਰ ਇਸ ਸੀਮਤਾਈ ਦੇ ਬਾਵਜੂਦ ਇਹ ਚੀਨੀ ਵਿਕਾਸ ਦੇ ਰਾਹ ਨੂੰ ਸਮਝਣ ’ਚ ਪਾਠਕ ਲਈ ਲਾਹੇਵੰਦ ਪੁਸਤਕ ਹੈ।
ਅੱਜ ਸਾਡੇ ਮੁਲਕ ਤੇ ਪੰਜਾਬ ਅੰਦਰ ਵਿਕਾਸ-ਮਾਡਲ ਦਾ ਸਵਾਲ ਬਹੁਤ ਜ਼ੋਰ ਨਾਲ ਉਭਰਿਆ ਹੋਇਆ ਹੈ। ਸਾਮਰਾਜੀ ਦਿਸ਼ਾ ਨਿਰਦੇਸ਼ਤ ਆਰਥਿਕ ਸੁਧਾਰਾਂ ਦੇ ਹਮਲੇ ਨੇ ਸਾਮਰਾਜੀ ਮੁਲਕਾਂ ’ਤੇ ਨਿਰਭਰਤਾ ਵਾਲੀ ਮੁਲਕ ਦੀ ਪਛੜੀ ਆਰਥਿਕਤਾ ਨੂੰ ਹੋਰ ਵਧੇਰੇ ਸੰਕਟਾਂ ਮੂੰਹ ਧੱਕ ਦਿੱਤਾ ਹੈ। ਅਜਿਹੇ ਸਮੇਂ ਇਹਨਾਂ ਸੰਕਟਾਂ ਨੂੰ ਹੀ ਹਵਾਲਾ ਬਣਾ ਕੇ, ਮੁਲਕ ਨੂੰ ਹੋਰ ਵਧੇਰੇ ਸਾਮਰਾਜੀ ਪੂੰਜੀ ਦੀ ਲੁੱਟ ਦੇ ਹਵਾਲੇ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ ਇਸ ਲੁਟੇਰੇ ਰਾਜ ਦਾ ਇਨਕਲਾਬੀ ਬਦਲ ਉਭਾਰਨ ਤੇ ਪ੍ਰਚਾਰਨ ਦੀ ਡਾਢੀ ਲੋੜ ਉੱਭਰੀ ਹੋਈ ਹੈ ਤਾਂ ਕਿ ਲੋਕ ਸੰਘਰਸ਼ਾਂ ਨੂੰ ਇਸ ਰਾਜ ਦੇ ਹਕੀਕੀ ਇਨਕਲਾਬੀ ਬਦਲ ਦੇ ਮੁਕਾਮ ਵੱਲ ਸੇਧਤ ਕੀਤਾ ਜਾ ਸਕੇ। ਭਾਰਤੀ ਲੁਟੇਰੇ ਰਾਜ ਦੇ ਇਨਕਲਾਬੀ ਬਦਲ ਦੇ ਨਕਸ਼ਾਂ ਨੂੰ ਸਮਝਣ ਖਾਤਰ ਇਹ ਪੁਸਤਕ ਇਨਕਲਾਬੀ ਕਾਰਕੁੰਨਾਂ ਲਈ ਲਾਹੇਵੰਦ ਸਮੱਗਰੀ ਬਣਦੀ ਹੈ। ਇਸਦਾ ਭਾਵ ਇਹ ਨਹੀਂ ਹੈ ਕਿ ਚੀਨੀ ਮਾਡਲ ਹੂ-ਬ-ਹੂ ਭਾਰਤੀ ਹਾਲਤਾਂ ’ਤੇ ਲਾਗੂ ਹੋਣਾ ਹੈ। ਬਿਨਾਂ ਸ਼ੱਕ ਭਾਰਤੀ ਆਰਥਿਕਤਾ ਦੀ ਵਿਸ਼ੇਸ਼ਤਾ ਨੇ ਆਪਣਾ ਮਾਡਲ ਸਿਰਜਣਾ ਹੈ। ਪਰ ਕਿੰਨੇ ਹੀ ਬੁਨਿਆਦੀ ਨੁਕਤਿਆਂ ’ਤੇ ਚੀਨੀ ਵਿਕਾਸ ਦਾ ਮਾਡਲ ਰਾਹ ਰੁਸ਼ਨਾਉਦਾ ਹੈ ਤੇ ਉਸਤੋਂ ਰੌਸ਼ਨੀ ਲੈ ਕੇ ਮੁਲਕ ਦੀ ਠੋਸ ਹਾਲਤ ’ਚ ਵਿਕਾਸ ਦਾ ਸਪਸ਼ਟ ਰਸਤਾ ਉਲੀਕਿਆ ਜਾ ਸਕਦਾ ਹੈ।
ਪੁਸਤਕ ਵਿੱਚ ਦਿੱਤੇ ਗਏ ਅੰਕੜਿਆਂ ਦੇ ਚਾਰਟ ਇਸ ਅਨੁਵਾਦ ’ਚ ਨਹੀਂ ਦਿੱਤੇ ਜਾ ਰਹੇ ਹਨ ਕਿਉਂਕਿ ਉਹਨਾਂ ਨਾਲ ਇਹ ਸਮੱਗਰੀ ਵਧੇਰੇ ਗੁੰਝਲਦਾਰ ਹੁੰਦੀ ਜਾਪਦੀ ਸੀ। ਕੁੱਝ ਹੋਰ ਭਾਗ ਵੀ ਅਜਿਹੇ ਕਾਰਨਾਂ ਕਰਕੇ ਹੀ ਅਨੁਵਾਦ ਨਹੀਂ ਕੀਤੇ ਗਏ ਹਨ। ਉਮੀਦ ਕਰਦੇ ਹਾਂ ਕਿ ਇਨਕਲਾਬੀ ਬਦਲ ਉਭਾਰਨ ਦੀ ਸਰਗਰਮੀ ’ਚ ਜੁਟੇ ਕਾਰਕੁੰਨ ਇਸ ਸਮੱਗਰੀ ਦੇ ਅਧਿਐਨ ਰਾਹੀਂ ਬਦਲ ਦੇ ਸੰਕਲਪ ਬਾਰੇ ਤੇ ਮਾਰਗ ਬਾਰੇ ਹੋਰ ਸਪਸ਼ਟਤਾ ਹਾਸਲ ਕਰ ਸਕਣਗੇ।
ਸੰਪਾਦਕ, ਸੁਰਖ਼ ਲੀਹ
( ਪ੍ਰਕਾਸ਼ਿਤ ਕੀਤੀ ਗਈ ਪੁਸਤਕ ਦੀ ਜਾਣ ਪਛਾਣ)
No comments:
Post a Comment