ਗਊ ਰੱਖਿਆ ਦੇ ਨਾਂ ’ਤੇ ਹਿੰਦੂ ਫ਼ਿਰਕੂ ਫਾਸ਼ੀ ਗ੍ਰੋਹਾਂ ਵੱਲੋਂ ਮੁਸਲਮਾਨਾਂ ਦੇ ਕਤਲ,
ਭਾਜਪਾ ਦੀਆਂ ਫ਼ਿਰਕੂ ਲਾਮਬੰਦੀਆਂ ਜਾਰੀ
ਬੀਤੇ ਦਿਨੀਂ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਨਾਲ ਸੰਬੰਧਤ ਪਿੰਡ ਘਾਟਮਿਕਾ ਦੇ ਦੋ ਮੁਸਲਮਾਨ ਨੌਜਵਾਨ ਜੂਨੈਦ ਤੇ ਨਾਸਿਰ ਨੂੰ ਬਜਰੰਗ ਦਲ ਦੇ ਕਾਰਕੁੰਨਾਂ ਨੇ ਗਾਵਾਂ ਦੀ ਸਮੱਗਲਿੰਗ ਦੇ ਦੋਸ਼ ਹੇਠ ਅਗਵਾ ਕਰਕੇ ਉਹਨਾਂ ਨੂੰ ਕਤਲ ਕਰ ਦਿੱਤਾ। ਉਹਨਾਂ ਦੀਆਂ ਗੱਡੀ ਸਣੇ ਅੱਗ ਨਾਲ ਸੜੀਆਂ ਲਾਸ਼ਾਂ ਹਰਿਆਣੇ ਦੇ ਪਿੰਡ ਬਰਵਾਸ ਦੇ ਜੰਗਲੀ ਇਲਾਕੇ ਵਿੱਚੋਂ ਮਿਲੀਆਂ ਹਨ। ਮਿ੍ਰਤਕਾਂ ਦੇ ਮਾਪਿਆਂ ਦੇ ਦੱਸਣ ਮੁਤਾਬਿਕ ਉਹਨਾਂ ਦੇ ਦੋਨੋਂ ਨੌਜਵਾਨ ਮੁੰਡਿਆਂ ਨੂੰ ਝੂਠੇ ਪਸ਼ੂ ਸਮੱਗਲਿੰਗ ਦੋਸ਼ ਹੇਠ ਅਗਵਾ ਕਰਕੇ ਕਤਲ ਕਰ ਦਿੱਤਾ ਹੈ ਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਬਜਰੰਗ ਦਲ ਦੇ ਕਾਰਕੁੰਨਾਂ ਨੇ ਪੁਲਿਸ ਦੀ ਮਿਲੀਭੁਗਤ ਨਾਲ ਅਜਿਹਾ ਕੀਤਾ ਹੈ। ਭਾਵੇਂ ਪੁਲਿਸ ਨੇ ਇਸ ਕੇਸ ਨਾਲ ਸਬੰਧਤ ਛੇ ਜਣਿਆ ਨੂੰ ਪੁਲਿਸ ਹਿਰਾਸਤ ਵਿੱਚ ਲਿਆ ਹੈ ਪਰ ਨਾਲ ਹੀ ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਹੈ ਮਿ੍ਰਤਕਾਂ ਵਿੱਚੋਂ ਇੱਕ ਜਣੇ ਉੱਪਰ ਪਸ਼ੂਆਂ ਦੇ ਸਮੱਗਲਿੰਗ ਦੇ ਪਹਿਲਾਂ ਤੋਂ 5 ਕੇਸ ਦਰਜ ਹਨ।
ਜਦੋਂ ਇਸ ਮਾਮਲੇ ਨਾਲ ਸਬੰਧਤ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਤਾਂ ਉਸ ਵੇਲੇ ਦੋਸ਼ੀਆਂ ਦੇ ਬਚਾਅ ਲਈ ਤੇ ਗਊ ਰੱਖਿਆ ਦੇ ਨਾਂ ਹੇਠ ਵਿਸ਼ਵ ਹਿੰਦੂ ਪ੍ਰੀਸ਼ਦ ਹਰਿਆਣਾ ਦੀ ਇਕਾਈ ਅੱਗੇ ਆਈ। ਪੁਲਿਸ ਦੀ ਇਸ ਕਾਰਵਾਈ ਖ਼ਿਲਾਫ਼ ਉਹ ਹਰਿਆਣੇ ਵਿੱਚ ਖਾਪ ਪੰਚਾਇਤਾਂ ਕਰ ਰਹੇ ਹਨ। ਇਹ ਖਾਪ ਪੰਚਾਇਤਾਂ ਹਰਿਆਣੇ ਅੰਦਰ ਜਾਟ ਭਾਈਚਾਰੇ ਅੰਦਰ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਇਹਨਾਂ ਖਾਪ ਪੰਚਾਇਤਾਂ ਦਾ ਹਰਿਆਣੇ ਦੇ ਅੰਦਰ, ਖਾਸ ਕਰਕੇ ਪੇਂਡੂ ਖੇਤਰਾਂ ਅੰਦਰ ਵੱਡੇ ਪੱਧਰ ’ਤੇ ਪਿਛਾਖੜੀ ਲਾਮਬੰਦੀਆਂ ਕਰਨ ਲਈ ਜਾਣੀਆਂ ਜਾਂਦੀਆਂ ਹਨ ਤੇ ਇਹਨਾਂ ਦਾ ਆਪਣੇ ਖੇਤਰ ਅੰਦਰ ਵੱਡਾ ਦਬਦਬਾ ਹੈ। ਕਿਸਾਨੀ ਅੰਦੋਲਨ ਦੌਰਾਨ ਇਹਨਾਂ ਖਾਪ ਪੰਚਾਇਤਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਹਕੂਮਤ ਦਾ ਵਿਰੋਧ ਕੀਤਾ ਸੀ ਤੇ ਕਾਂਗਰਸ ਨਾਲ ਨੇੜਤਾ ’ਚ ਨਿਭੀਆਂ ਸਨ। ਹੁਣ 2024 ਲੋਕ ਸਭਾ ਦੀਆਂ ਚੋਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਜਪਾ ਹਕੂਮਤ ਇਹਨਾਂ ਖਾਪ ਪੰਚਾਇਤਾਂ ਨੂੰ ਕਾਂਗਰਸ ਵੱਲ ਬਣੇ ਝੁਕਾਅ ਤੋਂ ਮੋੜਾ ਕੱਟ ਕੇ ਆਪਣੇ ਪ੍ਰਭਾਵ ਹੇਠ ਲਿਆਉਣ ਅਤੇ ਖੁੱਸੇ ਅਧਾਰ ਨੂੰ ਮੁੜ ਬਹਾਲ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਤਾਂ ਹੀ ਹੁਣ ਹਿੰਦੂ ਫ਼ਿਰਕੂ ਫਾਸ਼ੀ ਗ੍ਰੋਹਾਂ ਰਾਹੀਂ ਹਰਿਆਣੇ ਅੰਦਰ ਫਿਰ ਗਊ ਰੱਖਿਆ ਦੇ ਨਾਂ ਹੇਠ ਕੁੱਝ ਖਾਪਾਂ ਵੱਲੋਂ ਹਿੰਦੂ ਫ਼ਿਰਕੂ ਲਾਮਬੰਦੀਆਂ ਕੀਤੀਆਂ ਜਾ ਰਹੀਆਂ ਹਨ ਤੇ ਗਾਵਾਂ ਦੀ ਹੱਤਿਆ ਰੋਕਣ ਤੇ ਮਾਸ ਦੀ ਵਰਤੋਂ ਰੋਕਣ ਹੇਠ ਘੱਟ ਗਿਣਤੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਗਊ ਰੱਖਿਆ ਦੇ ਨਾਂ ਹੇਠ ਹਿੰਦੂ ਫਾਸ਼ੀ ਗ੍ਰੋਹਾਂ ਵੱਲੋਂ ਪਹਿਲਾਂ ਵੀ ਗਿਣ ਚੁਣ ਕੇ ਮੁਸਲਮਾਨਾਂ ਦੇ ਤੇ ਦਲਿਤਾਂ ਦੇ ਹਮਲੇ ਕੀਤੇ ਗਏ ਹਨ। ਇਹ ਹੱਲਾ 2014 ਤੋਂ ਮੋਦੀ ਹਕੂਮਤ ਆਉਣ ਨਾਲ ਹੋਰ ਵਧੇਰੇ ਤਿੱਖੇ ਰੂਪ ਵਿੱਚ ਪ੍ਰਗਟ ਹੁੰਦਾ ਆਇਆ ਹੈ। ਭਾਰਤ ਵਰਗੇ ਮੁਲਕ ਅੰਦਰ ਭਾਜਪਾ ਹਕੂਮਤ ਤੇ ਸੰਘ ਪਰਿਵਾਰ ਦੀ ਸਰਪ੍ਰਸਤੀ ਹੇਠ ਪਲਦੀਆਂ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਸਿਵ ਹਿੰਦੂ ਸੈਨਾ ਤੇ ਦੁਰਗਾ ਵਹਿਣੀ ਆਦਿ ਵਰਗੀਆਂ ਅਨੇਕਾਂ ਕੱਟੜ ਹਿੰਦੂ ਜਥੇਬੰਦੀਆਂ ਹਨ ਜਿਹੜੀਆਂ ਭਾਜਪਾ ਹਕੂਮਤ ਦੀ ਸ਼ਹਿ ’ਤੇ ਘੱਟ ਗਿਣਤੀ ਮੁਸਲਮਾਨਾਂ ਤੇ ਦਲਿਤਾਂ ਉੱਤੇ ਗਊ ਰੱਖਿਆ ਦੀ ਆੜ ਹੇਠ ਦਹਿਸ਼ਤਪਾਊ ਕਾਰਵਾਈਆਂ ਕਰਦੀਆਂ ਹਨ ਅਤੇ ਉਹਨਾਂ ’ਤੇ ਆਪਣੀ ਧੌਂਸ ਜਮਾਉਦੀਆਂ ਹਨ। ਅਕਸਰ ਹੀ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਹਕੂਮਤ ਦੀ ਸ਼ਹਿ ਉੱਤੇ ਅਤੇ ਰਾਜ ਮਸ਼ੀਨਰੀ ਦੇ ਜ਼ੋਰ ’ਤੇ ਸਾਫ ਤੌਰ ਉੱਤੇ ਬਰੀ ਹੋ ਜਾਂਦੇ ਹਨ। ਇਉ ਹੀ 2017 ਵਿੱਚ ਵੀ ਗਊ ਰੱਖਿਅਕਾਂ ਵੱਲੋਂ ਗਾਵਾਂ ਦੀ ਸਮੱਗਲਿੰਗ ਦਾ ਦੋਸ਼ ਲਾ ਕੇ ਪਹਿਲੂ ਖ਼ਾਨ ਦਾ ਕਤਲ ਕਰ ਦਿੱਤਾ ਸੀ। ਇਸ ਕੇਸ ’ਚ ਵੀ ਅਜਿਹਾ ਕੁੱਝ ਹੀ ਵਾਪਰਿਆ। ਇਸ ਕੇਸ ਵਿੱਚ ਦੋਸ਼ੀ ਬਣਦੇ ਸਬੂਤਾਂ ਦੀ ਘਾਟ ਕਾਰਨ ਸਾਫ ਤੌਰ ਉੱਤੇ ਬਰੀ ਹੋ ਗਏ, ਸਗੋਂ ਉਲਟਾ ਪਹਿਲੂ ਖ਼ਾਨ ਦੇ ਪਰਿਵਾਰ ਉੱਪਰ ਪਸ਼ੂਆਂ ਦੇ ਸਮਗਲਿੰਗ ਦਾ ਕੇਸ ਮੜ੍ਹ ਦਿੱਤਾ। ਜਿਸ ਤੋਂ ਭਾਜਪਾ ਹਕੂਮਤ ਦਾ ਮੁਸਲਮਾਨਾਂ ਨਾਲ ਧੱਕੜ ਤੇ ਪੱਖਪਾਤੀ ਰਵੱਈਆ ਜਾਹਰ ਹੁੰਦਾ ਹੈ। ਦੂਜੇ ਪਾਸੇ ਵਿਰੋਧੀ ਪਾਰਟੀਆਂ ਵੀ ਭਾਜਪਾ ਦੀਆਂ ਇਸ ਫ਼ਿਰਕੂ ਕਾਰਵਾਈਆਂ ਦਾ ਠੋਸ ਵਿਰੋਧ ਨਹੀਂ ਕਰਦੀਆਂ ਕਿਉਕਿ ਉਹਨਾਂ ਨੂੰ ਵੀ ਆਪਣੀਆਂ ਹਿੰਦੂ ਵੋਟਾਂ ਦਾ ਅਧਾਰ ਖੁਰ ਜਾਣ ਦਾ ਡਰ ਬਣਿਆ ਹੋਇਆ ਹੈ।
ਅਸਲ ਵਿੱਚ ਇਹ ਭਾਜਪਾ ਦਾ ਇਹ ਗਿਣਿਆ ਮਿਥਿਆ ਹੋਇਆ ਹਿੰਦੂਤਵੀ ਫਿਰਕੂ ਸ਼ਾਵਨਵਾਦੀ ਪੈਂਤੜਾ ਹੈ ਜਿਸ ਰਾਹੀਂ ਘੱਟ ਗਿਣਤੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹ ਕਦੇ ਹਿਜਾਬ ਦੇ ਨਾਮ ’ਤੇ, ਕਦੇ ਲਵ ਜਹਾਦ, ਤੇ ਕਦੇ ਤੀਹਰਾ ਤਲਾਕ ਆਦਿ ਦੇ ਨਾਂ ਉੱਤੇ ਮੁਸਲਮਾਨਾਂ ’ਤੇ ਫ਼ਿਰਕੂ ਹੱਲੇ ਕੀਤੇ ਜਾਂਦੇ ਹਨ। ਭਾਜਪਾ ਆਗੂਆਂ ਵੱਲੋਂ ਮੁਸਲਮਾਨਾਂ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਕੀਤੀ ਜਾਂਦੀ ਹੈ। ਇਹਨਾਂ ਹਿੰਦੂ ਫ਼ਿਰਕੂ ਲਾਮਬੰਦੀਆਂ ਨੂੰ ਭਾਜਪਾ ਹਕੂਮਤ ਸਦਾ ਕਾਇਮ ਰੱਖਣਾ ਚਾਹੁੰਦੀ ਹੈ ਤਾਂ ਜੋ ਇਹਨਾਂ ਦੇ ਸਿਰ ’ਤੇ ਵੋਟਾਂ ਦਾ ਧਰੁਵੀਕਰਨ ਜਾਰੀ ਰਹਿ ਸਕੇ। ਇਹਨਾਂ ਫ਼ਿਰਕੂ ਲਾਮਬੰਦੀਆਂ ਰਾਹੀਂ ਹੀ ਭਾਜਪਾ ਹਕੂਮਤ ਹਿੰਦੂ ਵੋਟਾਂ ਦਾ ਧਰੁਵੀਕਰਨ ਕਰਕੇ ਸੱਤਾ ਦੀਆਂ ਪੌੜੀਆਂ ਚੜ੍ਹਦੀ ਆਈ ਹੈ। ਹੁਣ ਵੀ ਭਾਜਪਾ ਦੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਜਿੱਤਣ ਲਈ ਇਹਨਾਂ ਹਿੰਦੂ ਫ਼ਿਰਕੂ ਲਾਮਬੰਦੀਆਂ ਉੱਪਰ ਟੇਕ ਹੈ।
No comments:
Post a Comment