Friday, March 17, 2023

ਲੋਕ ਪੱਖੀ ਖੇਤੀ ਨੀਤੀ ਲਈ ਸੁਝਾਊ ਚੌਖਟਾ

 ਲੋਕ ਪੱਖੀ ਖੇਤੀ ਨੀਤੀ ਲਈ ਸੁਝਾਊ  ਚੌਖਟਾ


1) ਜ਼ਮੀਨ ਅਤੇ ਖੇਤੀ ਸੰਦਾਂ-ਸਾਧਨਾਂ ਦੀ ਕਾਣੀ-ਵੰਡ ਦੇ ਖਾਤਮੇ ਵੱਲ ਵਧਣਾ। ਜ਼ਮੀਨੀ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਕੇ, ਗਰੀਬ ਕਿਸਾਨਾਂ, ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਜ਼ਮੀਨਾਂ ਅਤੇ ਖੇਤੀ ਸੰਦਾਂ-ਸਾਧਨਾਂ ਦੇ ਮਾਲਕ ਬਣਾਉਣਾ। 

2) ਸੂਦਖੋਰੀ ਨੂੰ ਨੱਥ ਪਾਉਣਾ। ਸਸਤੇ ਬੈਂਕ ਕਰਜ਼ਿਆਂ ਨੂੰ ਯਕੀਨੀ ਕਰਨਾ। ਕਰਜ਼ਾ ਭਰਨ ਤੋਂ ਅਸਮਰਥ ਕਿਸਾਨਾਂ ਨੂੰ ਸ਼ਾਹੂਕਾਰਾ ਅਤੇ ਬੈਂਕ ਕਰਜ਼ੇ ਤੋਂ ਮੁਕਤੀ ਦਵਾਉਣਾ। 

3) ਖੇਤੀ ਪੈਦਾਵਾਰ ਲਈ ਲੋੜੀਂਦੇ ਤਿੰਨ ਪ੍ਰਮੁੱਖ ਸੋਮਿਆਂ,ਜ਼ਮੀਨ,ਪਾਣੀ ਅਤੇ ਮਨੁੱਖੀ ਕਿਰਤ-ਸ਼ਕਤੀ ਦਾ ਸਰਵਪੱਖੀ ਵਿਕਾਸ ਕਰਨਾ ( ਸਮੇਤ ਖੇਤੀ ਸੰਦਾਂ, ਖੇਤੀ ਲਾਗਤ ਵਸਤਾਂ, ਖੇਤੀ-ਖੋਜ ਅਤੇ ਵਾਤਾਵਰਨ ਆਦਿ ਦਾ)। ਇਸ ਕਾਰਜ ਨੂੰ ਸਰਕਾਰੀ ਖੇਤਰ ਹੇਠ ਲਿਆਉਣਾ। ਸਰਕਾਰੀ ਖਜਾਨੇ ’ਚੋਂ ਭਾਰੀ ਪੂੰਜੀ-ਨਿਵੇਸ਼ ਕਰਨ ਦੀ ਨੀਤੀ ਅਪਣਾਉਣਾ।

(ੳ). ਜ਼ਮੀਨ ਦੇ ਸਰਵਪੱਖੀ ਵਿਕਾਸ ਦਾ ਭਾਵ ਹੈ:

ਵਾਹੀਯੋਗ ਬਣਾਈ ਜਾ ਸਕਦੀ ਜ਼ਮੀਨ ਨੂੰ ਵਾਹੀ ਹੇਠ ਲਿਆਉਣਾ;ਵਾਹੀ ਹੇਠਲੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਲਗਾਤਾਰ ਯਤਨਸ਼ੀਲ ਰਹਿਣਾ, ਇਸ ਮਕਸਦ ਲਈ ਦੇਸੀ ਰੇਹ, ਹਰੀ ਖਾਦ ਅਤੇ ਬਦਲਵੀਆਂ ਫਸਲਾਂ ਦੀ ਵਰਤੋਂ ਵਾਲੇ ਰਵਾਇਤੀ ਢੰਗਾਂ ਦੀ ਵਰਤੋਂ ਨੂੰ ਢੁੱਕਵੀਂ ਥਾਂ ਦੇ ਕੇ ਅੱਗੇ ਵਧਾਉਣਾ ਅਤੇ ਰਸਾਇਣਕ ਖਾਦਾਂ ਰਾਹੀਂ ਹੋ ਰਹੇ ਜ਼ਮੀਨ ਦੇ ਜ਼ਹਿਰੀਲੇਪਣ ਨੂੰ ਖਾਰਜ ਕਰਨਾ। ਬਹੁ-ਫਸਲੀ ਖੇਤੀ ਵੱਲ ਵਧਣ ਲਈ ਢੁੱਕਵੀਂ  ਬੀਜ ਤੇ ਖਾਦ ਨੀਤੀ ਨੂੰ ਅਤੇ ਖੇਤੀ ਤਕਨੀਕ ਨੂੰ ਵਿਕਸਤ ਕਰਨਾ।

ਮਤਲਬ ਇਹ ਕਿ ਵਾਹੀ ਹੇਠ ਲਿਆਂਦੀ ਜਾ ਸਕਦੀ ਸਾਰੀ ਜ਼ਮੀਨ ਵਾਹੀ ਹੇਠ ਲਿਆਉਣਾ ; ਇਸ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਦੋ ਫਸਲੀ ਦੀ ਥਾਂ ਬਹੁ-ਫਸਲੀ ਖੇੇਤੀ ਨੀਤੀ ਲਿਆਉਣਾ; ਰਸਾਇਣਕ ਖਾਦਾਂ ਦੀ ਵਰਤੋਂ ਸੀਮਤ ਕਰਕੇ ਦੇਸੀ ਖਾਦ ਅਤੇ ਰਹੀ ਖਾਦ ਅਤੇ ਜੈਵਿਕ ਢੰਗਾਂ ਦੀ ਵਰਤੋਂ ਵਧਾਉਣੀ; ਰਸਾਇਣਕ ਖਾਦਾਂ ਦੀ ਵਧਵੀਂ ਵਰਤੋਂ ਸਦਕਾ ਪੈਦਾ ਹੋਏ ਧਰਤੀ ਦੇ ਜ਼ਹਿਰੀਲੇਪਣ ਨੂੰ ਖਤਮ ਕਰਨ ਲਈ ਕਦਮ ਚੁੱਕਣੇ। 

(ਅ). ਪਾਣੀ ਸੋਮਿਆਂ ਦੀ ਸੰਭਾਲ ਤੇ ਸਿੰਚਾਈ ਇੰਤਜ਼ਾਮਾਂ ਦੇ  ਵਿਕਾਸ ਤੋਂ ਭਾਵ ਹੈ: 

(i) ਨਹਿਰੀ ਪਾਣੀ ਦੀ ਹਰ ਇੱਕ ਖੇਤ ਤੱਕ ਪਹੁੰਚ ਯਕੀਨੀ ਬਣਾਉਣ ਲਈ ਨਹਿਰੀ ਪ੍ਰਬੰਧ ਦੀ ਲੋੜੀਂਦੀ ਸੁਧਾਈ ਅਤੇ ਨਵੀਂ ਉਸਾਰੀ ਕਰਨੀ ; ਝੋਨੇ ਦੀ ਬਿਜਾਈ ਹੇਠਲਾ ਰਕਬਾ ਸੀਮਤ ਕਰਕੇ ਟਿਊਬਵੈਲਾਂ ਦੇ ਪਾਣੀ ਦੀ ਵਰਤੋਂ ਸੀਮਤ ਕਰਨੀ। ਇਸ ਮਕਸਦ ਲਈ ਬਦਲਵੀਆਂ ਫਸਲਾਂ ਦੀ ਐਮ. ਐਸ. ਪੀ. ਉਪਰ ਖਰੀਦ ਦੀ ਕਾਨੂੰਨੀ ਗਰੰਟੀ ਦੇਣਾ; ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਣਾਈ ਰੱਖਣ ਲਈ ਪਾਣੀ ਦੀ ਮੁੜ-ਭਰਾਈ ਲਈ ਢਾਂਚਾ ਉਸਾਰਨਾ।

 (ii) ਤੇਜ਼ੀ ਨਾਲ ਪਲੀਤ ਹੁੰਦੇ ਜਾ ਰਹੇ ਦਰਿਆਵਾਂ ਦੇ ਤੇ ਧਰਤੀ ਹੇਠਲੇ ਪਾਣੀ ਨੂੰ ਪਲੀਤ ਹੋਣੋ ਬਚਾਉਣਾ। ਇਸ ਮਕਸਦ ਲਈ ਸਨਅਤੀ ਇਕਾਈਆਂ ਦਾ ਅਣਸੋਧਿਆ ਜ਼ਹਿਰੀਲਾ ਪਾਣੀ ਅਤੇ ਸ਼ਹਿਰਾਂ ਦਾ ਨਿਕਾਸੀ ਗੰਦਾ ਪਾਣੀ ਜਲ ਸੋਮਿਆਂ ਵਿੱਚ ਸੁੱਟਣ ਤੋਂ ਰੋਕਣ ਲਈ ਵਿਆਪਕ ਸਮਾਜਿਕ, ਸਿਆਸੀ ਅਤੇ ਸਖ਼ਤ ਪ੍ਰਸਾਸ਼ਨਿਕ ਕਦਮ ਚੁੱਕਣੇ। 

(iii) ਪੀਣ ਲਈ ਪਾਣੀ ਅਤੇ ਸਿੰਚਾਈ ਲਈ ਪਾਣੀ ਦੇ ਵਪਾਰੀਕਰਨ ਦੀ ਸੰਸਾਰ ਬੈਂਕ ਦੀ ਨੀਤੀ ਨੂੰ ਰੱਦ ਕਰਨਾ। ਇਸ ਖੇਤਰ ’ਚ ਕਾਰਪੋਰੇਟਾਂ ਦੇ ਦਾਖਲੇ ’ਤੇ ਪਾਬੰਦੀ ਲਾਉਣਾ। 

(iv) ਦਰਿਆਈ ਪਾਣੀਆਂ ਦੀ ਭਾਰਤ ਪਾਕਿ ਵੰਡ ਸਮੇਂ ਸਿੰਧ ਨਦੀ, ਜਲ-ਸੰਧੀ ਮੁਤਾਬਕ ਭਾਰਤ ਦੇ ਹਿੱਸੇ ਆਏ ਪਾਣੀ ਦੀ ਪਾਕਿਸਤਾਨ ਨੂੰ ਜਾ ਰਹੀ ਭਾਰੀ ਮਾਤਰਾ ਦੀ ਰੋਕਥਾਮ ਕਰਕੇ ਪੰਜਾਬ ਅੰਦਰ ਵਰਤੋਂ ਯਕੀਨੀ ਬਣਾਉਣਾ; ਸੂਬਿਆਂ ਦਰਮਿਆਨ ਪਾਣੀਆਂ ਦੀ ਵੰਡ ਦੇ ਮਸਲੇ ਨੂੰ ਰਿਪੇਰੀਅਨ ਅਤੇ ਬੇਸਿਨ ਸਿਧਾਂਤਾਂ ਮੁਤਾਬਕ ਨਜਿੱਠਣਾ, ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨਾ, ਪਾਟਕ-ਪਾਊ ਸਿਆਸਤਦਾਨਾਂ ਨੂੰ ਪਾਸੇ ਰੱਖ ਕੇ ਨਿਰਪੱਖ ਪਾਣੀ ਮਾਹਰਾਂ ਤੋਂ ਸਹੀ ਨਿਪਟਾਰੇ ਲਈ ਮਸ਼ਵਰਾ ਲੈਣਾ ਆਦਿ।

ੲ) ਖੇਤੀ ਪੈਦਾਵਾਰ ਲਈ ਲੋੜੀਂਦੀ ਮਨੁੱਖੀ ਕਿਰਤ ਸ਼ਕਤੀ ਦੇ ਸਰਵਪੱਖੀ ਵਿਕਾਸ ਤੋਂ ਕੀ ਭਾਵ ਹੈ?

ਖੇਤੀ ਲਈ ਲੋੜੀਂਦੀ ਮਨੁੱਖੀ ਕਿਰਤ-ਸ਼ਕਤੀ ਤੋਂ ਮਤਲਬ ਹੈ, ਉਹ ਕਾਮਾ-ਸ਼ਕਤੀ ਜੋ ਖੇਤੀ ਵਿੱਚ ਲੱਗੀ ਹੋਈ ਹੈ, ਜਾਂ ਜਿਸਦਾ ਜੂਨ-ਗੁਜ਼ਾਰਾ ਖੇਤੀ ਉਪਰ ਨਿਰਭਰ ਹੈ। ਇਸ ਕਾਮਾ-ਸ਼ਕਤੀ ਲਈ ਸਭਨਾਂ ਮਰਦਾਂ-ਔਰਤਾਂ ਲਈ, ਉਹਨਾਂ ਦੀ ਸਰੀਰਕ ਸਮਰੱਥਾ ਅਤੇ ਇਸ ਖੇਤੀ ਹੁਨਰ ਦੀ ਯੋਗਤਾ ਮੁਤਾਬਕ ਖੇਤੀ ਵਿੱਚ ਪੱਕੇ ਰੁਜ਼ਗਾਰ ਨੂੰ ਯਕੀਨੀ  ਬਣਾਉਣਾ। ਉਨ੍ਹਾਂ ਦੀ ਖੇਤੀ ਪੈਦਾਵਾਰ ਦੀ ਕੀਮਤ, ਦਿਹਾੜੀ ਦੇ ਕੰਮ-ਘੰਟੇ ਅਤੇ ਮਿਹਨਤਾਨੇ ਦਾ ਇਵਜ਼ਾਨਾ ਇਸ ਹਿਸਾਬ ਨਾਲ ਤਹਿ ਕਰਨਾ ਕਿ ਉਹ ਆਵਦੇ ਪਰਿਵਾਰ ਦਾ ਚੰਗਾ ਪਾਲਣ-ਪੋਸਣ ਕਰ ਸਕਣ। ਰਹਿਣ-ਸਹਿਣ, ਆਵਾਜਾਈ, ਸਿਹਤ ਅਤੇ ਵਿੱਦਿਆ ਦੇ ਚੰਗੇ ਮਿਆਰ ਨੂੰ ਹਾਸਲ ਕਰਨ ਦੇ ਯੋਗ ਹੋ ਸਕਣ।


4) ਖੇਤੀ ਪੈਦਾਵਾਰ ਦੀ ਯੋਜਨਾਬੰਦੀ ਵਿੱਚ ਤਿੰਨ ਟੀਚਿਆਂ ਨੂੰ ਪ੍ਰਮੁੱਖਤਾ ਦੇਣਾ, ਪਹਿਲਾ ਟੀਚਾ—ਮੁਲਕ ਦੀ ਖਾਧ ਸੁਰੱਖਿਆ ਨੂੰ ਯਕੀਨੀ ਬਣਾਉਣਾ। ਦੂਜਾ ਟੀਚਾ— ਖੇਤੀ-ਸਹਾਇਕ ਧੰਦੇ ਤੇ ਖੇਤੀ ਅਧਾਰਤ ਛੋਟੇ ਉਦਯੋਗਾਂ ਨੂੰ ਖੇਤੀ ਪੈਦਾਵਾਰ ਦੇ ਨਾਲੋ-ਨਾਲ ਪ੍ਰਫੁੱਲਤ ਕਰਨਾ। ਤੀਜਾ ਟੀਚਾ—ਖੇਤੀ ਸੈਕਟਰ ’ਤੇ ਨਿਰਭਰ ਅਬਾਦੀ ਨੂੰ ਮੁਲਕ ਦੇ ਸਨਅਤੀ ਤਿਆਰ ਮਾਲ ਦੀ ਖਪਤ ਲਈ ਮੰਡੀ ਵਜੋਂ ਵਿਕਸਤ ਕਰਨਾ। 


ਪਹਿਲਾ ਟੀਚਾ : ਮੁਲਕ ਦੀ ਖਾਧ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਅਰਥ ਹੈ: ਖੇਤੀ ਪੈਦਾਵਾਰ ਯੋਜਨਾਬੰਦੀ ਵਿੱਚ ਬੱਝੀ ਹੋਵੇ। ਇਸ ਯੋਜਨਾਬੰਦੀ ਦਾ ਪਹਿਲਾ ਟੀਚਾ ਮੁਲਕ ਦੀ ਕੁੱਲ ਅਬਾਦੀ ਦੀਆਂ ਸਮੁੱਚੀਆਂ ਖਾਧ-ਖੁਰਾਕੀ ਲੋੜਾਂ ਦੀ ਪੂਰਤੀ ਨੂੰ ਮਿਥਿਆ ਜਾਵੇ। ਅਨਾਜ ਦੇ ਭੰਡਾਰੀਕਰਨ ਦਾ ਆਕਾਰ-ਪਸਾਰ ਅਤੇ ਵੰਡ-ਵੰਡਾਈ ਦਾ ਢਾਂਚਾ ਇਸ ਲੋੜ ਦੀ ਪੂਰਤੀ ਖਾਤਰ ਚੁਸਤ-ਦਰੁਸਤ ਹੋਵੇ। ਜ਼ਰੂਰੀ ਖਾਧ-ਖੁਰਾਕੀ ਵਸਤਾਂ ਦੇ ਮੁਲਕ ਦੇ ਅੰਦਰਲੇ ਵਪਾਰ ਨੂੰ ਅਤੇ ਬਾਹਰਲੇ ਮੁਲਕਾਂ ਨਾਲ ਵਪਾਰ ਨੂੰ ਖਾਧ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਟੀਚੇ ਅਨੁਸਾਰ ਬੰਨ੍ਹ ਕੇ ਚਲਾਇਆ ਜਾਵੇ। 

ਦੂਜਾ ਟੀਚਾ : ਖੇਤੀ-ਸਹਾਇਕ ਧੰਦੇ ਅਤੇ ਖੇਤੀ ਅਧਾਰਤ ਛੋਟੇ ਉਦਯੋਗਾਂ ਨੂੰ ਖੇਤੀ ਪੈਦਾਵਾਰ ਦੇ ਨਾਲੋ ਨਾਲ ਪ੍ਰਫੁੱਲਤ ਕਰਨ ਦਾ ਮਤਲਬ ਹੈ: ਖੇਤੀ ਅਤੇ ਖੇਤੀ ਅਧਾਰਤ ਉਦਯੋਗਾਂ ਨੂੰ ਜੁੜਵੇਂ ਰੂਪ ’ਚ ਚਲਾਉਣਾ; ਖੇਤੀ ਪੈਦਾਵਾਰ ਨੂੰ ਖੇਤੀ ਸਨਅਤ ਦੇ ਕੱਚੇ ਮਾਲ ਲਈ ਵਰਤਣਾ; ਖੇਤੀ ਉਦਯੋਗ ’ਚੋਂ ਰੁਜ਼ਗਾਰ ਅਤੇ ਆਮਦਨ ਦੇ ਨਵੇਂ ਸੋਮੇ ਪੈਦਾ ਕਰਨਾ। ਡੇਅਰੀ, ਪਸ਼ੂ-ਪਾਲਣ, ਮੁਰਗੀ ਪਾਲਣ, ਮੱਛੀ ਪਾਲਣ ਆਦਿ ਅਜਿਹੇ ਸਹਾਇਕ ਧੰਦੇ ਹਨ। ਪਿੰਜਾਈ-ਕਤਾਈ, ਤੇਲ-ਕਢਾਈ, ਗੰਨਾ-ਪਿੜਾਈ ਅਤੇ ਸ਼ੱਕਰ ਤੇ ਗੁੜ ਬਣਾਈ ਆਦਿ ਅਜਿਹੇ ਖੇਤੀ ਅਧਾਰਤ ਸਨਅਤੀ ਉਦਯੋਗ ਹਨ। ਇਸੇ ਤਰ੍ਹਾਂ ਫਲ, ਸਲਾਦ, ਸਬਜ਼ੀਆਂ ਨੂੰ ਕੋਲਡ ਸਟੋਰਾਂ ’ਚ ਰੱਖਣਾ, ਡੱਬਾ-ਬੰਦ ਕਰਨਾ, ਚਟਣੀਆਂ ਮੁਰੱਬੇ ਬਣਾਉਣਾ ਆਦਿ ਸਭ ਖੇਤੀ ਅਧਾਰਤ ਉਦਯੋਗ ਹਨ। ਵਣ-ਖੇਤੀ ਦੀ ਪੈਦਾਵਾਰ ਬਾਲਣ ਬਣਾਉਣ, ਖੇਤੀ ਸੰਦ ਬਣਾਉਣ,ਘਰੇਲੂ ਫਰਨੀਚਰ ਤਿਆਰ ਕਰਨ, ਇਮਾਰਤ ਉਸਾਰੀ ਕਰਨ, ਗੱਤਾ ਕਾਗਜ਼ ਤਿਆਰ ਕਰਨ ਆਦਿ ਲਈ ਕੱਚਾ ਮਾਲ ਮੁਹੱਈਆ ਕਰਨ ਵਾਲਾ ਖੇਤਰ ਹੈ। ਫੁੱਲਾਂ ਦੀ ਖੇਤੀ ਸੁਗੰਧੀ ਅਤੇ ਸਜਾਵਟੀ ਲੋੜਾਂ ਦੀ ਪੂਰਤੀ ਦਾ ਕਾਰੋਬਾਰ ਹੈ, ਇਹ ਸ਼ਹਿਦ ਮੱਖੀ ਪਾਲਣ ਦਾ ਵੀ ਖੇਤਰ ਹੈ। ਜੋ ਖੇਤੀ ਉਦਯੋਗ ਦਾ ਖੇਤਰ ਹੈ। ਹਰੇ ਇਨਕਲਾਬ ਤੋਂ ਪਹਿਲਾਂ ਦੇ ਪੰਜਾਬ ਦੇ ਖੇਤਾਂ ਵਿੱਚ 72-73 ਫਸਲਾਂ ਪੈਦਾ ਹੁੰਦੀਆਂ ਸਨ ਅਤੇ ਕਿਹਾ ਜਾਂਦਾ ਸੀ ਕਿ ਲੂਣ ਅਤੇ ਲੋਹੇ ਤੋਂ ਬਿਨਾਂ ਕੁੱਲੀ, ਗੁੱਲੀ, ਜੁੱਲੀ ਅਤੇ ਖੇਤੀ ਲਈ ਹਰ ਲੋੜੀਂਦੀ ਚੀਜ਼ ਆਪੋ-ਆਪਣੇ ਪਿੰਡਾਂ ਦੇ ਖੇਤਾਂ ਵਿੱਚੋਂ ਪੈਦਾ ਹੁੰਦੀ ਹੈ। ਇਸ ਪੱਖੋਂ ਪਿੰਡ ਇਕਾਈਆਂ ਲੱਗਭੱਗ ਆਤਮ-ਨਿਰਭਰ ਹੁੰਦੀਆਂ ਸਨ। 

ਤੀਜਾ ਟੀਚਾ: ਖੇਤੀ ਸੈਕਟਰ ’ਤੇ ਨਿਰਭਰ ਅਬਾਦੀ ਨੂੰ ਮੁਲਕ ਦੇ ਸਨਅਤੀ ਤਿਆਰ ਮਾਲ ਦੀ ਖਪਤ ਲਈ ਮੰਡੀ ਵਜੋਂ ਵਿਕਸਤ ਕਰਨ ਦਾ ਮਤਲਬ ਹੈ: ਉਪਰੋਕਤ ਦੋਹਾਂ ਟੀਚਿਆਂ ਦੀ ਪੂਰਤੀ ਦਾ ਮਤਲਬ ਹੈ, ਹਰ ਇੱਕ ਖੇਤੀ ਪਰਿਵਾਰ ਦੀਆਂ ਜਿਉਂਦੇ ਰਹਿਣ ਦੀਆਂ ਘੱਟੋ ਘੱਟ ਲੋੜਾਂ ਦੀ ਪੂਰਤੀ ਹੋਵੇਗੀ। ਕੁੱਲੀ, ਗੁੱਲੀ, ਜੁੱਲੀ ਹਰ ਇੱਕ ਨੂੰ ਮਿਲ ਚੁੱਕੀ ਹੋਵੇਗੀ। ਇਸ ਤੋਂ ਵਧ ਕੇ ਹੁਣ ਹਰ ਕਿਸੇ ਕੋਲ ਸਿਹਤ, ਸਿੱਖਿਆ, ਆਵਾਜਾਈ ਅਤੇ ਸਮਾਜਕ ਤਰੱਕੀ ਦੀਆਂ ਸਾਰੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਕਰਨ ਜੋਗਰੀ ਆਮਦਨ ਮੌਜੂਦ ਹੋਵੇਗੀ। ਉਸ ਕੋਲ ਖੇਡਣ, ਮੱਲ੍ਹਣ, ਜਿੰਦਗੀ ਨੂੰ ਮਾਨਣ ਅਤੇ ਸੈਰ-ਸਪਾਟਾ ਕਰਨ ਜੋਗਰੀ ਸੋਝੀ, ਫੁਰਸਤ ਅਤੇ ਵਿੱਤੀ ਸਮਰੱਥਾ ਹੋਵੇਗੀ। ਇਸ ਤਰ੍ਹਾਂ ਅਜਿਹੀ ਪੇਂਡੂ ਤਰੱਕੀ ਵੱਡੀ ਸਨਅਤੀ ਪੈਦਾਵਾਰ ਅਤੇ ਲੋਕ-ਸੇਵਾਵਾਂ ਦੀ ਵਰਤੋਂ ਲਈ ਵੱਡੀ ਅਤੇ ਸਥਾਈ ਮੰਗ ਮੁਹੱਈਆ ਕਰਵਾਏਗੀ। ਸਨਅਤੀ ਪੈਦਾਵਾਰ ਦੇ ਖੇਤਰ ਦੀ ਖੜੋਤ ਅਤੇ ਖੇਤੀ ਪੈਦਾਵਾਰ ਦੇ ਖੇਤਰ ਦੀ ਖੜੋਤ ਦਾ ਟੁੱਟਣਾ ਅਤੇ ਸਾਵੇਂ ਵਿਕਾਸ ਦਾ ਅੱਗੇ ਵਧਣਾ ਯਕੀਨੀ ਬਣੇਗਾ। 

5) ਖੇਤੀ ਪੈਦਾਵਾਰ ਦੇ ਮੰਡੀਕਰਨ, ਭੰਡਾਰੀਕਰਨ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਦੇ ਪ੍ਰਬੰਧ ਨੂੰ ਸਰਕਾਰੀ ਖੇਤਰ ਵਿੱਚ ਰੱਖਣਾ ਅਤੇ ਵਿਕਸਤ ਕਰਨਾ। 

 ਖੇਤੀ ਪੈਦਾਵਾਰ ਦੇ ਮੰਡੀਕਰਨ ਅਤੇ ਭੰਡਾਰੀਕਰਨ ਦੇ ਪ੍ਰਬੰਧ ਨੂੰ ਸਰਕਾਰੀ ਖੇਤਰ ਵਿੱਚ ਰੱਖਣ ਅਤੇ ਵਿਕਸਤ ਕਰਨ ਦਾ ਅਰਥ ਹੈ: ਮੰਡੀਕਰਨ ਅਤੇ ਭੰਡਾਰੀਕਰਨ ਦੇ ਸਮੁੱਚੇ ਖੇਤਰ ’ਚੋਂ ਕਾਰਪੋਰੇਟਾਂ, ਸੱਟਾ-ਬਾਜਾਰੀਆਂ ਤੇ ਬਲੈਕ-ਮਾਰਕੀਟੀਆਂ ਆਦਿ ਨੂੰ ਬਾਹਰ ਕੀਤਾ ਜਾਵੇ। ਵਾਫ਼ਰ ਪੈਦਾਵਾਰ ਨੂੰ ਸੰਭਾਲਣ ਅਤੇ ਪੈਦਾਵਾਰ ਦੀ ਕਮੀ ਨਾਲ ਨਿਪਟਣ ਦੇ ਦੋ ਲੜੇ ਮਕਸਦ ਲਈ ਸਰਕਾਰੀ ਭੰਡਾਰੀਕਰਨ ਦੀ ਸਮਰੱਥਾ ਵਿਕਸਤ ਕੀਤੀ ਜਾਵੇ। ਖੇਤੀ ਪੈਦਾਵਾਰ, ਖੇਤੀ ਸਹਾਇਕ ਧੰਦੇ ਅਤੇ ਖੇਤੀ ਅਧਾਰਤ ਉਦਯੋਗਾਂ ਦੀ ਸਮੁੱਚੀ  ਪੈਦਾਵਾਰ ਨੂੰ ਮੁਨਾਫ਼ਾਬਖ਼ਸ਼ ਭਾਅ ਉਪਰ ਖਰੀਦਣਾ ਕਾਨੂੰਨੀ ਤੌਰ ’ਤੇ ਯਕੀਨੀ ਬਣੇ। ਮੰਡੀ ਦੀ ਲੁੱਟ ਅਤੇ ਖਰੀਦ ਅਤੇ ਅਦਾਇਗੀ ਦੀ ਖੱਜਲ-ਖੁਆਰੀ ਸਮਾਪਤ ਹੋਵੇ। ਕਮ-ਉਮਰੀ ਖੇਤੀ ਪੈਦਾਵਾਰ ਜਿਵੇਂ ਫਲ, ਫੁੱਲ, ਸਬਜ਼ੀਆਂ ਆਦਿ ਦੀ ਸੰਭਾਲ ਅਤੇ ਵੰਡ ਵੰਡਾਈ ਲਈ ਪੁਖ਼ਤਾ ਸਰਕਾਰੀ ਪ੍ਰਬੰਧ ਹੋਵੇ। ਮੌਸਮ-ਮਲੂਕ ਖੇਤੀ ਪੈਦਾਵਾਰ ਦੀ ਸੰਭਾਲ ਲਈ ਕੋਲਡ ਸਟੋਰਾਂ ਆਦਿ ਦਾ ਢਾਂਚਾ ਹੋਵੇ। ਮੋਟੇ ਅਨਾਜ ਦੇ ਸਟੋਰਾਂ ਲਈ ਢਾਂਚਾ ਅਨਾਜ ਦੀ ਬਰਬਾਦੀ ਨੂੰ ਸਮਾਪਤ ਕਰਨ ਵਾਲਾ ਬਣੇ। 

ਸਰਵਜਨਕ ਵੰਡ ਪ੍ਰਣਾਲੀ ਦੇ ਪ੍ਰਬੰਧ ਨੂੰ ਸਰਕਾਰੀ ਖੇਤਰ ਵਿੱਚ ਰੱਖਣ ਅਤੇ ਵਿਕਸਤ ਕਰਨ ਦਾ ਅਰਥ ਹੈ: ਕਮ ਆਮਦਨ ਵਾਲੇ ਸਾਰੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਜ਼ਰੂਰੀ ਵਸਤਾਂ ਨੂੰ ਵੰਡ-ਪ੍ਰਣਾਲੀ ਵਿੱਚ ਸ਼ਾਮਲ ਕੀਤਾ ਜਾਵੇ; ਫਸਲਾਂ ਆਉਣ ਸਮੇਂ ਲੋੜੀਂਦੇ ਭੰਡਾਰ ਭਰੇ ਜਾਣ ਅਤੇ ਧੁਰ ਹੇਠਾਂ ਤੱਕ ਦੀ ਵੰਡ ਯਕੀਨੀ ਕਰਨ ਲਈ ਪੁਖ਼ਤਾ ਸਰਕਾਰੀ ਪ੍ਰਬੰਧ ਹੋਵੇ। 

6) ਖੇਤੀ ਖੇਤਰ ਵਿੱਚੋਂ ਹੋ ਰਹੇ ਪੂੰਜੀ ਨਿਕਾਸ ਨੂੰ ਮੋਂਦਾ ਲਾਉਣਾ। ਆਤਮ ਨਿਰਭਰ ਵਿਕਾਸ ਦੇ ਰਾਹ ਪੈਣਾ। ਇਸ  ਮਕਸਦ ਲਈ ਕਾਰਪੋਰੇਟਾਂ, ਜਗੀਰਦਾਰਾਂ ਅਤੇ ਸੂਦਖੋਰਾਂ ਨੂੰ ਖੇਤੀ ਖੇਤਰ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ, ਮੌਜੂਦਾ ਸਮੇਂ ਮੁਲਕ ਭਰ ਵਿੱਚ ਲਾਗੂ ਹੋ ਰਹੀਆਂ ਨਵ-ਉਦਾਰਵਾਦੀ ਨੀਤੀਆਂ ਨੂੰ ਰੱਦ ਕਰਨਾ। 

ਖੇਤੀ ਖੇਤਰ ਵਿੱਚੋਂ ਹੋ ਰਹੇ ਪੂੰਜੀ ਨਿਕਾਸ ਨੂੰ ਮੋਂਦਾ ਲਾਉਣ ਦਾ ਅਰਥ ਹੈ: ਜਗੀਰਦਾਰ, ਸੂਦਖੋਰ, ਖੇਤੀ-ਲਾਗਤ ਵਸਤਾਂ ਅਤੇ ਖੇਤੀ ਪੈਦਾਵਾਰ ਦੇ ਵਪਾਰ ’ਚ ਲੱਗੇ ਹੋੇਏ ਦੇਸੀ, ਬਦੇਸ਼ੀ ਕਾਰਪੋਰੇਟ ਵਰਗ, ਖੇਤੀ ਖੇਤਰ ਵਿਚਲੀ ਪੈਦਾਵਾਰ ਵਿੱਚੋਂ ਬਹੁਤ ਵੱਡਾ ਹਿੱਸਾ ਅੰਨ੍ਹੀਂ ਲੁੱਟ ਰਾਹੀਂ ਹਾਸਲ ਕਰਦੇ ਹਨ। ਇਹ ਸਾਰੇ ਵਰਗ ਖੇਤੀ ਪੈਦਾਵਾਰ ਵਿੱਚ ਸਰੀਰਕ ਮਿਹਨਤ ਜੁਟਾਉਣ ਰਾਹੀਂ ਕੋਈ ਹਿੱਸਾ ਨਹੀਂ ਪਾਉਂਦੇ, ਪਰ ਵੱਡਾ ਹਿੱਸਾ ਵੰਡਾਉਂਦੇ ਹਨ। ਉਹਨਾਂ ਵੱਲੋਂ ਖੇਤੀ ਪੈਦਾਵਾਰ ਵਿੱਚੋਂ ਬਾਹਰ ਨਿਕਾਲੀ ਗਈ ਪੂੰਜੀ ਮੁੜ ਖੇਤੀ ਵਿੱਚ ਨਹੀਂ ਲੱਗਦੀ, ਸਗੋਂ ਖੇਤੀ ਪੈਦਾਵਾਰ ਵਿੱਚੋਂ ਹੋਰ ਪੈਸਾ ਕਮਾਉਣ ਲਈ ( ਬਾਹਰ ਕੱਢਣ ਲਈ ) ਵਰਤੀ ਜਾਂਦੀ ਹੈ। ਕਿਸਾਨਾਂ ਮਜ਼ਦੂਰਾਂ ਦੀ ਲੁੱਟ ਅਤੇ ਖੇਤੀ ਸੰਕਟ ਨੂੰ ਤਿੱਖਾ ਕਰਨ ਵਾਲੇ ਇਸ ਰੋਗ ਦਾ ਪੱਕਾ ਇਲਾਜ ਕਰਨਾ ਚਾਹੀਦਾ ਹੈ। ਇਸ ਪੂੰਜੀ ਨਿਕਾਸ ਨੂੰ ਮੋਂਦਾ ਲਾਉਣ ਨਾਲ ਹੀ ਖੇਤੀ ਵਿਕਾਸ ਦੀ ਸ਼ੁਰੂਆਤ ਹੋ ਸਕਦੀ ਹੈ। ਇਸ ਤੋਂ ਬਿਨਾਂ ਬਿਲਕੁਲ ਨਹੀਂ ਹੋ ਸਕਦੀ। 

ਆਤਮ-ਨਿਰਭਰ ਵਿਕਾਸ ਦੇ ਰਾਹ ਪੈਣ ਦਾ ਅਰਥ ਹੈ ਕਿ ਖੇਤੀ ਵਿੱਚ ਸਰਮਾਇਆ ਲਾਉਣ ਦੀਆਂ ਲੋੜਾਂ ਦੀ ਪੂਰਤੀ ਲਈ ਜਗੀਰਦਾਰਾਂ, ਸੂਦਖੋਰਾਂ, ਖੇਤੀ ਵਪਾਰੀਆਂ ਅਤੇ ਕਾਰਪੋਰੇਟਾਂ ਤੇ ਸਾਮਰਾਜੀਆਂ ਦੇ ਸਰਮਾਏ ਉਪਰ ਨਿਰਭਰ ਨਾ ਕੀਤਾ ਜਾਵੇ। ਖੇਤੀ ਤਕਨੀਕ ਲਈ ਸਾਮਰਾਜੀਆਂ ’ਤੇ ਨਿਰਭਰ ਨਾ ਕੀਤਾ ਜਾਵੇ। ਇਹ ਦੋਵੇਂ ਲੋੜਾਂ ਸਰਕਾਰੀ ਖਜਾਨੇ ਅਤੇ ਸਰਕਾਰੀ ਸੰਸਥਾਵਾਂ ਰਾਹੀਂ ਪੂਰੀਆਂ ਕੀਤੀਆਂ ਜਾਣ। ਮੁਲਕ ਦੀ ਬੌਧਿਕ ਅਤੇ ਵਿੱਤੀ ਸਮਰੱਥਾ ਨੂੰ ਵਰਤ ਕੇ ਤੇ ਵਿਕਸਤ ਕਰਕੇ ਪੂਰੀਆਂ ਕੀਤੀਆਂ ਜਾਣ। ਖੇਤੀ ਪੈਦਾਵਾਰ ਵਿੱਚੋਂ ਪੈਦਾ ਹੋਇਆ ਸਰਮਾਇਆ ਖੇਤੀ ਵਿੱਚ ਸਰੀਰਕ ਅਤੇ ਬੌਧਿਕ ਤਾਣ ਜੁਟਾਉਣ ਵਾਲੀ ਅਬਾਦੀ ਦੀ ਤਰੱਕੀ ਲਈ ਖਰਚਿਆ ਜਾਵੇ। ਖੇਤੀ ਦੇ ਸਰਵਪੱਖੀ ਵਿਕਾਸ ਦੀਆਂ ਲੋੜਾਂ ਲਈ ਖਰਚਿਆ ਜਾਵੇ। 

ਮੌਜੂਦਾ ਸਮੇਂ ਮੁਲਕ ਭਰ ਵਿੱਚ ਲਾਗੂ ਹੋ ਰਹੀਆਂ ਨਵ-ਉਦਾਰਵਾਦੀ ਨੀਤੀਆਂ ਨੂੰ ਰੱਦ ਕਰਨ ਦਾ ਮਤਲਬ ਹੈ ਕਿ ਇਹਨਾਂ ਨੀਤੀਆਂ ਨੂੰ ਪੂਰਨ ਰੂਪ ਵਿੱਚ ਰੱਦ ਕੀਤੇ ਬਿਨਾਂ ਖੇਤੀ ਅਤੇ ਕਿਸਾਨੀ ਨੂੰ ਗੰਭੀਰ ਸੰਕਟ ਵਿੱਚੋਂ ਕੱਢ ਸਕਣਾ ਅਸੰਭਵ ਹੈ। ਅੰਸ਼ਕ ਰੁੂਪ ’ਚ ਹੱਲ ਕਰਨਾ ਵੀ ਅਸੰਭਵ ਹੈ। ਇਸ ਲਈ ਪੰਜਾਬ ਦੀ ਖੇਤੀ ਲਈ ਨਵੀਂ ਖੇਤੀ ਨੀਤੀ ਤਾਂ ਹੀ ਨਵੀਂ ਅਖਵਾ ਸਕਦੀ ਹੈ ਜੇਕਰ ਉਹ ਸਾਡੇ ਵੱਲੋਂ ਪੇਸ਼ ਕੀਤੇ ਖੇਤੀ ਨੀਤੀ ਦੇ ਉਪਰੋਕਤ ਚੌਖਟੇ ਨੂੰ ਅੱਗੇ ਵਧਾਉਣ ਦਾ ਸਾਧਨ ਬਣਦੀ ਹੋਵੇ। ਪੰਜਾਬ ਦੀ ਖੇਤੀ-ਨੀਤੀ, ਜਾਂ ਕਿਸੇ ਵੀ ਸੂਬੇ ਦੀ ਖੇਤੀ-ਨੀਤੀ ਮੁਲਕ ਦੀ ਖੇਤੀ-ਨੀਤੀ ਦੇ ਖੇਤੀ ਮਾਡਲ ਦੇ ਮਤਹਿਤ ਹੀ ਹੋ ਸਕਦੀ ਹੈ। ਉਸਦਾ ਅੰਗ ਹੀ ਹੋ ਸਕਦੀ ਹੈ। ਇਸ ਤੋਂ ਬਿਨਾਂ ਵੀ ਪੰਜਾਬ ਦੀ ਸੂਬਾਈ ਸਰਕਾਰ ਮੁਲਕ ਦੇ ਖੇਤੀ ਮਾਡਲ ਨੂੰ ਰੱਦ ਕਰਨ ਜਾਂ ਇਸ ਨਾਲੋਂ ਅੰਸ਼ਕ ਪਾੜਾ ਦਿਖਾਉਣ ਦੀ ਇੱਛਾ-ਸ਼ਕਤੀ ਤੋਂ ਪੂਰੀ ਤਰ੍ਹਾਂ ਖਾਲੀ ਹੈ। ਝੋਟਿਆਂ ਵਾਲੇ ਘਰੋਂ ਲੱਸੀ ਭਾਲਣਾ ਠੀਕ ਨਹੀਂ ਹੈ। 

 ਸੋ ਪੰਜਾਬ ਲਈ ਨਵੀਂ ਖੇਤੀ ਨੀਤੀ ਘੜਨ ਲਈ ਸਾਡੀ ਸਮੁੱਚੀ ਟੇਕ ਸੰਘਰਸ਼ ਰਾਹੀਂ ਵੱਡੀਆਂ ਨੀਤੀ ਤਬਦੀਲੀਆਂ ਲਈ ਲੜਾਈ ਲੜਨ ’ਤੇ ਹੋਣੀ ਚਾਹੀਦੀ ਹੈ। ਕਿਸਾਨਾਂ ਮਜ਼ਦੂਰਾਂ ਦੇ ਰਾਜ, ਭਗਤ ਸਿੰਘ ਦੇ ਸੁਪਨਿਆਂ ਵਾਲੇ ਸਮਾਜ ਦੀ ਸਿਰਜਣਾ ਵੱਲ ਅੱਗੇ ਵਧਣ ’ਤੇ ਹੋਣੀ ਚਾਹੀਦੀ ਹੈ। ਸਾਮਰਾਜ ਤੋਂ ਮੁਕਤ ਅਤੇ ਜਗੀਰਦਾਰੀ ਦੇ ਜੂਲੇ ਤੋਂ ਮੁਕਤ ਭਾਰਤ ਦੀ ਸਿਰਜਣਾ ਵਿੱਚ ਹਿੱਸਾ ਪਾਉਣ ’ਤੇ ਹੋਣੀ ਚਾਹੀਦੀ ਹੈ। 

---0---

No comments:

Post a Comment