ਰੂਸ ਯੂਕਰੇਨ ਜੰਗ:
ਸਾਮਰਾਜੀ ਆਰਥਿਕਤਾ ਦਾ ਡੂੰਘਾ ਹੁੰਦਾ ਸੰਕਟ, ਵੱਖ ਵੱਖ ਸਾਮਰਾਜੀ ਮੁਲਕਾਂ ’ਚ ਜੰਗੀ ਭੇੜ ਤਿੱਖਾ ਕਰਦਾ ਹੈ ਤੇ ਇਹ ਜੰਗਾਂ ਮੋੜਵੇਂ ਤੌਰ ’ਤੇ ਹੋਰ ਸੰਕਟਾਂ ਨੂੰ ਸੱਦਾ ਦਿੰਦੀਆਂ ਹਨ। ਦੁਨੀਆਂ ਭਰ ’ਚ ਵੱਖ ਵੱਖ ਸੋਮਿਆਂ/ਸਾਧਨਾਂ ’ਤੇ ਕਬਜ਼ਾ ਕਰਨ ਦੀ ਤੇਜ਼ ਹੋ ਰਹੀ ਦੌੜ, ਦੂਜੇ ਸਾਮਰਾਜੀ ਮੁਲਕ ਨੂੰ ਘੇਰ ਕੇ ਤੇ ਦੱਬ ਕੇ ਰੱਖਣ ਦੀ ਜ਼ਰੂਰਤ ਖੜ੍ਹੀ ਕਰ ਰਹੀ ਹੈ। ਸਾਮਰਾਜੀ ਮਹਾਂਸਕਤੀ ਵਜੋਂ ਆਪਣਾ ਰੁਤਬਾ ਕਾਇਮ ਰੱਖਣ ਲਈ ਅਮਰੀਕੀ ਸਾਮਰਾਜੀਏ ਰੂਸ ਦੇ ਮਹਾਂਸ਼ਕਤੀ ਵਜੋਂ ਮੁੜ-ਉਭਾਰ ਨੂੰ ਥਾਏਂ ਨੱਪ ਦੇਣਾ ਚਾਹੁੰਦੇ ਹਨ ਤੇ ਪਿਛਲੇ ਦਹਾਕਿਆਂ ਤੋਂ ਇਸੇ ਵਿਉਤ ਨਾਲ ਚੱਲ ਰਹੇ ਸਨ। ਇਸ ਲਈ ਅਮਰੀਕੀ ਸਾਮਰਾਜੀਆਂ ਨੇ ਰੂਸ ਨੂੰ ਯੂਕਰੇਨ ਰਾਹੀਂ ਘੇਰ ਕੇ ਰੱਖਣ ਦੀ ਅਜਿਹੀ ਹੀ ਸਾਮਰਾਜੀ ਯੁੱਧਨੀਤਿਕ ਵਿਉਤ ਬਣਾਈ ਤੇ ਲਾਗੂ ਕੀਤੀ ਜਿਸਦਾ ਸਿੱਟਾ ਰੁੂਸ ਵੱਲੋਂ ਯੂਕਰੇਨ ’ਤੇ ਹਮਲੇ ਦੇ ਰੂਪ ’ਚ ਨਿੱਕਲਿਆ। ਯੂਕਰੇਨ ਨੂੰ ਫੌਜੀ ਅਪ੍ਰੇਸ਼ਨ ਦੀ ਘੁਰਕੀ ਨਾਲ ਦਬਾਉਣ ਅਤੇ ਨਾਟੋ ’ਚ ਸ਼ਾਮਲ ਹੋਣ ਦੀ ਇੱਛਾ ਤਿਆਗ ਕੇ ਕੰਨਾਂ ਨੂੰ ਹੱਥ ਲਵਾਉਣ ਦੀ ਆਸ ਲਾ ਕੇ, ਫੌਜੀ ਕਾਰਵਾਈ ’ਚ ਨਿੱਤਰਿਆ ਰੂਸ ਅਜਿਹੇ ਉਲਝਾਅ ਦੀ ਉਮੀਦ ਨਹੀਂ ਸੀ ਰੱਖਦਾ ਪਰ ਯੂਕਰੇਨ ਨੂੰ ਮੂਹਰੇ ਲਾ ਕੇ, ਜੰਗ ਅਮਰੀਕੀ ਤੇ ਯੂਰਪੀ ਜੰਗੀ ਮਸ਼ੀਨਰੀ ਵੱਲੋਂ ਲੜੀ ਜਾ ਰਹੀ ਹੋਣ ਕਰਕੇ, ਰੂਸੀ ਸਾਮਰਾਜੀਆਂ ਦੀਆਂ ਵਿਉਤਾਂ ਮਿਥੇ ਅਨੁਸਾਰ ਸਿਰੇ ਨਹੀਂ ਚੜ੍ਹ ਸਕੀਆਂ। ਯੂਕਰੇਨ ’ਤੇ ਹਮਲਾ, ਜਿਸਨੂੰ ਰੂਸ ਨੇ ਸੀਮਤ ਫੌਜੀ ਅਪ੍ਰੇਸ਼ਨ ਹੀ ਕਿਹਾ ਸੀ, ਲਮਕਵੀਂ ਜੰਗ ’ਚ ਤਬਦੀਲ ਹੋ ਗਿਆ ਹੈ। ਇਸ ਜੰਗ ਨੇ ਯੂਕਰੇਨ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਯੂਕਰੇਨੀ ਲੋਕਾਂ ਨੂੰ ਦਹਾਕਿਆਂ ਲਈ ਦੁਸ਼ਵਾਰੀਆਂ ਦੇ ਮੂੰਹ ਧੱਕ ਦਿੱਤਾ ਹੈ। ਰੂਸੀ ਫੌਜੀਆਂ ਦੀਆਂ ਲਾਸ਼ਾਂ ਦੀਆਂ ਕਤਾਰਾਂ ਬਹੁਤ ਲੰਮੀਆਂ ਹੋ ਗਈਆਂ ਹਨ।
ਜਿੰਨਾਂ ਆਰਥਿਕ ਸੰਕਟਾਂ ’ਚ ਘਿਰੀਆਂ ਸਾਮਰਾਜੀ ਤਾਕਤਾਂ ਇਸ ਜੰਗ ’ਚ ਉਲਝੀਆਂ ਸਨ, ਉਹ ਸੰਕਟ ਹੋਰ ਡੂੰਘੇ ਹੋਣ ਜਾ ਰਹੇ ਹਨ। ਅਮਰੀਕੀ ਤੇ ਪੱਛਮੀ ਯੂਰਪੀ ਮੁਲਕਾਂ ਵੱਲੋਂ ਰੂਸ ’ਤੇ ਮੜ੍ਹੀਆਂ ਆਰਥਿਕ ਪਾਬੰਦੀਆਂ ਸਿਰਫ਼ ਰੂਸ ਲਈ ਹੀ ਮੁਸਕਿਲਾਂ ਖੜ੍ਹੀਆਂ ਨਹੀਂ ਕਰ ਰਹੀਆਂ ਸਗੋਂ ਉਸ ਤੋਂ ਜ਼ਿਆਦਾ ਯੂਰਪੀ ਮੁਲਕਾਂ ਦੇ ਆਪਣੇ ਗਲ਼ ਦੀ ਫਾਹੀ ਬਣ ਰਹੀਆਂ ਹਨ। ਚਾਹੇ ਅਜੇ ਤੱਕ ਪੱਛਮੀ ਯੂਰਪ ਇਸ ਜੰਗ ’ਚ ਅਮਰੀਕਾ ਦਾ ਸੰਗੀ ਹੋ ਕੇ, ਯੂਕਰੇਨ ਦੀ ਪਿੱਠ ’ਤੇ ਖੜ੍ਹਿਆ ਹੈ ਪਰ ਇਸ ਜੰਗ ਦਾ ਜੋ ਮੋੜਵਾਂ ਪ੍ਰਛਾਵਾਂ ਯੂਰਪੀ ਆਰਥਿਕਤਾ ’ਤੇ ਪੈ ਰਿਹਾ ਹੈ, ਉਹ ਯੂਰਪੀ ਲੋਕਾਂ ਲਈ ਨਵੀਆਂ ਸਿਰਦਰਦੀਆਂ ਖੜ੍ਹੀਆਂ ਕਰਨ ਜਾ ਰਿਹਾ ਹੈ। ਲੋਕਾਂ ਅੰਦਰ ਜੰਗ ਵਿਰੋਧੀ ਮਾਹੌਲ ਉੱਭਰ ਰਿਹਾ ਹੈ ਤੇ ਪਹਿਲਾਂ ਹੀ ਸੰਕਟਾਂ ਮੂੰਹ ਆਈ ਹੋਈ ਸਰਮਾਏਦਾਰਾ ਆਰਥਿਕਤਾ ਦੇ ਡਗਮਗਾਉਣ ਦੇ ਬੋਝ ਯੂਰਪੀ ਕਿਰਤੀ ਲੋਕਾਂ ’ਤੇ ਪੈ ਰਹੇ ਹੋਣ ਨਾਲ, ਇਹ ਮਾਹੌਲ ਹੋਰ ਤਿੱਖ ਫੜ ਰਿਹਾ ਹੈ। ਇਸ ਦਾ ਪ੍ਰਗਟਾਵਾ ਯੂਰਪੀ ਮੁਲਕਾਂ ’ਚ ਜੰਗ ਵਿਰੋਧੀ ਵੱਡੇ ਪ੍ਰਦਰਸ਼ਨਾਂ ਦੀ ਸ਼ੁਰੂਆਤ ਹੋਣ ਨਾਲ ਹੋਇਆ ਹੈ।
ਰੂਸ ਤੇ ਚੀਨ ਵਰਗੇ ਮੁਲਕਾਂ ’ਤੇ ਆਰਥਿਕ ਪਾਬੰਦੀਆਂ ਮੜ੍ਹਨ ਦਾ ਜੋ ਸੇਕ ਯੂਰਪ ਨੂੰ ਲੱਗਿਆ ਹੈ, ਹੁਣ ਉਹਦੀ ਤਾਬ ਨਾ ਝੱਲਦਿਆਂ ਯੂਰਪੀ ਯੂਨੀਅਨ ਦਾ ਵਿਦੇਸ਼ ਨੀਤੀ ਬਾਰੇ ਚੋਟੀ ਦਾ ਅਧਿਕਾਰੀ ਜੋਸਟ ਬੋਰਿਸ ਬੋਲ ਉੱਠਿਆ ਹੈ ਕਿ ਸਾਡੀ ਖੁਸ਼ਹਾਲੀ ਤਾਂ ਚੀਨ ਅਤੇ ਰੂਸ ਦੀ ਊਰਜਾ ਅਤੇ ਬਾਜ਼ਾਰ ਦੇ ਸਿਰ ’ਤੇ ਸੀ ਤੇ ਉਹ ਖੁਸ਼ਹਾਲੀ ਹੁਣ ਸਾਡੇ ਹੱਥਾਂ ’ਚੋਂ ਤਿਲ੍ਹਕਦੀ ਜਾ ਰਹੀ ਹੈ। ਯੂਰਪੀ ਯੂਨੀਅਨ ਦੇ ਉੱਚ ਅਧਿਕਾਰੀ ਦਾ ਅਜਿਹਾ ਬਿਆਨ ਯੂਰਪ ਦੀ ਰੂਸ ਤੇ ਚੀਨ ਵਰਗੇ ਮੁਲਕਾਂ ਦੇ ਕੁਦਰਤੀ ਸਰੋਤਾਂ ਅਤੇ ਕਿਰਤ ਸ਼ਕਤੀ ’ਤੇ ਨਿਰਭਰਤਾ ਦਾ ਇਕਬਾਲ ਹੀ ਨਹੀਂ ਸਗੋਂ ਜੰਗ ਦੀਆਂ ਉਲਝਣਾਂ ਤੇ ਆਰਥਿਕ ਸੰਕਟਾਂ ਦੇ ਹੋਰ ਗੁੰਦੇ ਜਾਣ ਨਾਲ ਪੈਦਾ ਹੋ ਰਹੀ ਹਾਲਤ ਦੇ ਖੌਫ਼ ਦਾ ਪ੍ਰਗਟਾਵਾ ਵੀ ਹੈ।
ਬੋਰਿਸ ਨੇ ਇਕਬਾਲ ਕੀਤਾ ਕਿ ਰੂਸ ਤੋਂ ਤੇਲ ਤੇ ਗੈਸ ਨਾ ਖਰੀਦਣ ਦੇ ਯੂਰਪੀ ਯੂਨੀਅਨ ਦੇ ਫੈਸਲੇ ਨੇ ਯੂਰਪ ਅੰਦਰ ਰੋਜ਼ਾਨਾ ਜੀਵਨ ਅਤੇ ਕਾਰੋਬਾਰਾਂ ਦੇ ਖਰਚੇ ਬਹੁਤ ਵਧਾ ਦਿੱਤੇ ਹਨ। ਉਸਨੇ ਕਿਹਾ ਕਿ ਸਾਡੀ ਖੁਸ਼ਹਾਲੀ ਰੁੂਸ ਤੋਂ ਮਿਲਦੀ ਸਸਤੀ ਊਰਜਾ ’ਤੇ ਉੱਸਰੀ ਸੀ ਅਤੇ ਚੀਨ ਦੀ ਵੱਡੀ ਮਾਰਕੀਟ ਜਿਹੜੀ ਆਯਾਤ ਤੇ ਨਿਰਯਾਤ ਲਈ,ਤਕਨੀਕ ਦੇ ਤਬਾਦਲੇ ਲਈ, ਪੂੰਜੀ ਨਿਵੇਸ਼ ਲਈ ਤੇ ਸਸਤੀਆਂ ਵਸਤਾਂ ਲਈ ਹਾਸਲ ਸੀ। ਇਹਨਾਂ ਤੋਂ ਦੂਰੀ ਯੂਰਪ ਲਈ ਆਰਥਿਕਤਾ ਦੀ ਮੁੜ ਢਾਂਚਾ-ਢਲਾਈ ਦਾ ਮਸਲਾ ਖੜ੍ਹਾ ਕਰੇਗੀ। ਉਸਨੇ ਟਿੱਪਣੀਆਂ ਕੀਤੀਆਂ ਕਿ ਚਾਹੇ ਅਮਰੀਕਾ ਹੁਣ ਗੈਸ ਤੇਲ ਸਪਲਾਈ ਕਰ ਰਿਹਾ ਹੈ ਪਰ ਉਹ ਨਾ ਸਿਰਫ਼ ਮਹਿੰਗਾ ਪੈ ਰਿਹਾ ਹੈ ਸਗੋਂ ਭਰੋਸੇਯੋਗ ਵੀ ਨਹੀਂ ਹੈ। ਬੋਰਿਸ ਨੇ ਦਿਲਚਸਪ ਟਿੱਪਣੀ ਕਰਦਿਆਂ ਇਹ ਵੀ ਕਿਹਾ ਕਿ ਅਸੀਂ ਖੁਸ਼ਹਾਲੀ ਰੂਸ ਤੇ ਚੀਨ ਵਰਗੇ ਮੁਲਕਾਂ ਤੋਂ ਹਾਸਲ ਕੀਤੀ ਜਦਕਿ ਸੁਰੱਖਿਆ ਅਮਰੀਕਾ ਨਾਲ ਜੋੜ ਲਈ। ਉਹਨੇ ਕਿਹਾ ਕਿ ਅੱਜ ਅਮਰੀਕਾ ਨਾਲ ਮਿਲਕੇ ਚੱਲ ਰਹੇ ਹਾਂ ਪਰ ਇਹ ਸਦਾ ਵਰਗੀ ਚੀਜ਼ ਨਹੀਂ ਹੈ ਤੇ ਇਹ ਨੇੜ ਭਵਿੱਖ ’ਚ ਬਦਲ ਵੀ ਸਕਦਾ ਹੈ। ਉਸਨੇ ਕਿਹਾ ਕਿ ਅਮਰੀਕਾ ਵੱਲੋਂ ਚੀਨ ਨਾਲ ਵਧਾਇਆ ਜਾ ਰਿਹਾ ਤਣਾਅ ਹੋਰ ਕਈ ਤਰ੍ਹਾਂ ਦੇ ਸੰਕਟਾਂ ਨੂੰ ਜਨਮ ਦੇ ਰਿਹਾ ਹੈ। ਉਹਨੇ ਸੰਸਾਰ ਮੰਦਵਾੜੇ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਮਹਿੰਗਾਈ ਵਧ ਰਹੀ ਹੈ ਤੇ ਇਹਨੂੰ ਕਾਬੂ ਕਰਨ ਲਈ ਅਮਰੀਕਾ ਦਾ ਕੇਂਦਰੀ ਬੈਂਕ ਵਿਆਜ ਦਰਾਂ ਵਧਾ ਰਿਹਾ ਹੈ ਤੇ ਬਾਕੀ ਸਭ ਦੇਸ਼ਾਂ ਨੂੰ ਵੀ ਮਗਰ ਇਹੀ ਕਰਨਾ ਪੈ ਰਿਹਾ ਹੈ। ਇਹ ਪੂਰੀ ਤਰ੍ਹਾਂ ਸੰਸਾਰ ਮੰਦਵਾੜੇ ਵੱਲ ਧੱਕ ਦੇਵੇਗਾ। ਉਸਨੇ ਯੂਰਪ ਦੀ ਅਮਰੀਕਾ ’ਤੇ ਊਰਜਾ ਲਈ ਬਣ ਰਹੀ ਨਿਰਭਰਤਾ ਬਾਰੇ ਵੀ ਚਿਤਾਵਨੀ ਦਿੱਤੀ ਕਿ ਇੱਕ ਪਾਸੇ ਤੋਂ ਨਿਰਭਰਤਾ ਬਣਾ ਕੇ ਕਿਸੇ ਹੋਰ ਪਾਸੇ ਬਣਾ ਲੈਣੀ ਵੀ ਸਹੀ ਨਹੀਂ ਹੈ।
ਯੂਰਪੀ ਯੂਨੀਅਨ ਦੇ ਉੱਚ ਅਧਿਕਾਰੀ ਦੀਆਂ ਅਜਿਹੀਆਂ ਟਿੱਪਣੀਆਂ ਯੂਰਪੀਨ ਲੀਡਰਸ਼ਿਪ ਅੰਦਰ ਚੱਲ ਰਹੇ ਦਵੰਧ,ਤੌਖਲਿਆਂ ਤੇ ਫਿਕਰਾਂ ਦੀ ਹਾਲਤ ਨੂੰ ਦਰਸਾਉਦੀਆਂ ਹਨ। ਉੱਪਰੋਂ ਅਮਰੀਕਾ ਨਾਲ ਮਜ਼ਬੂਤ ਜਾਪਦੇ ਗੱਠਜੋੜ ਦੀਆਂ ਅੰਦਰੂਨੀ ਤ੍ਰੇੜਾਂ ਨੂੰ ਦਰਸਾਉਦੀਆਂ ਹਨ। ਅਜਿਹੀਆਂ ਹੀ ਟਿੱਪਣੀਆਂ ਫਰਾਂਸ ਵਰਗੇ ਮੁਲਕ ਦੇ ਰਾਸ਼ਟਰਪਤੀ ਵੱਲੋਂ ਵੀ ਆਉਦੀਆਂ ਰਹੀਆਂ ਹਨ। ਚਾਹੇ ਰੂਸ ਦੇ ਮੁੜ-ਉਭਾਰ ਦੇ ਝਲਕਾਰੇ ਨਾਟੋ ਗੱਠਜੋੜ ਦੀਆਂ ਤ੍ਰੇੜਾਂ ਨੂੰ ਪੂਰ ਦੇਣ ਦਾ ਕੰਮ ਕਰ ਦਿੰਦੇ ਹਨ ਪਰ ਯੂਰਪੀ ਆਰਥਿਕਤਾ ਦੇ ਸੰਕਟਾਂ ਦੀ ਤਿੱਖ ਇਹਨਾਂ ਤ੍ਰੇੜਾਂ ’ਤੇ ਦਬਾਅ ਬਣਾਉਣ ਜਾ ਰਹੀ ਹੈ। ਯੂਰਪੀ ਸਾਮਰਾਜੀ ਤਾਕਤਾਂ ਪ੍ਰਤੀ ਬੇਫਿਕਰ ਹੋ ਚੱਲਦਾ ਰਿਹਾ ਅਮਰੀਕੀ ਸਾਮਰਾਜ ਵੀ ਅਜਿਹੀ ਹਾਲਤ ’ਚ ਨਹੀਂ ਹੈ ਕਿ ਉਹ ਮਨਚਾਹੇ ਢੰਗ ਨਾਲ ਯੂਰਪੀ ਸਾਮਰਾਜੀ ਤਾਕਤਾਂ ਨੂੰ ਆਪਣੇ ਯੁੱਧਨੀਤਕ ਵਿਉਤਾਂ ’ਚ ਨੱਥੀ ਕਰਕੇ ਰੱਖ ਸਕੇ। ਯੂਰਪ ਅੰਦਰ ਫੈਲਦੀ ਬੇਚੈਨੀ ਯੂਰਪੀ ਤਾਕਤਾਂ ’ਤੇ ਮੋੜਵਾਂ ਦਬਾਅ ਬਣਨਾ ਹੈ।
ਤਿੱਖੇ ਹੋ ਰਹੇ ਆਰਥਿਕ ਸੰਕਟ ਯੂਰਪ ਅੰਦਰ ਸਰਮਾਏਦਾਰੀ ਦੇ ਸੱਜ-ਪਿਛਾਖੜੀ ਧੜਿਆਂ ਦੇ ਉੱਭਰਨ ਲਈ ਜ਼ਮੀਨ ਨੂੰ ਹੋਰ ਵਧੇਰੇ ਉਪਜਾਊ ਕਰ ਰਹੇ ਹਨ। ਨਾਜ਼ੀ ਵਿਚਾਰਧਾਰਾ ਵਾਲੀ ਪਾਰਟੀ ਦੀ ਇਟਲੀ ਅੰਦਰ ਤਾਜ਼ਾ ਜਿੱਤ ਨੇ ਦੁਨੀਆਂ ਭਰ ਵਿੱਚ ਚਰਚਾ ਛੇੜੀ ਹੈ ਕਿ ਯੂਰਪ ਅੰਦਰ ਸੱਜੀਆਂ ਪਿਛਾਖੜੀ ਤਾਕਤਾਂ ਦੇ ਉੱਭਰਨ ਦਾ ਖਤਰਾ ਬਣ ਰਿਹਾ ਹੈ। ਹੋਰਨਾਂ ਮੁਲਕਾਂ ’ਚ ਵੀ ਅਜਿਹੀਆਂ ਤਾਕਤਾਂ ਉੱਭਰ ਰਹੀਆਂ ਹਨ।
ਰੂਸ-ਯੂਕਰੇਨ ਜੰਗ ਦਰਮਿਆਨ ਪੱਛਮੀ ਯੂਰਪ ਦੀ ਅਜਿਹੀ ਹਾਲਤ ਤੇ ਸਮੁੱਚੇ ਸੰਸਾਰ ਸਾਮਰਾਜੀ ਸੰਕਟਾਂ ਦਾ ਮਹੌਲ ਦਰਸਾ ਰਿਹਾ ਹੈ ਕਿ ਸੰਸਾਰੀਕਰਨ ਦੇ ਨਾਂ ਹੇਠ ਅੱਗੇ ਵਧ ਰਹੇ ਸਾਮਰਾਜ ਦੇ ਨਵ-ਉਦਾਰਵਾਦੀ ਹੱਲੇ ਦੀ ਚਮਕ ਤਾਂ ਫਿੱਕੀ ਪੈ ਚੁੱਕੀ ਹੈ। ਸਾਂਝੇ ਸੰਸਾਰ ਵਿਆਪੀ ਹਿੱਤਾਂ ਵਾਲਾ ਤੇ ਜੰਗਾਂ ਤੋਂ ਬਿਨਾਂ ਸਾਮਰਾਜਵਾਦ ਨਿਰੀ ਕਲਪਨਾ ਹੈ ਤੇ ਸੰਸਾਰੀਕਰਨ ਦੇ ਹੋਕਰਿਆਂ ਰਾਹੀਂ ਇਹਦੀ ਨਕਲੀ ਨੁਮਾਇਸ਼ ਦੇ ਦਿਨ ਪੁੱਗ ਚੁੱਕੇ ਹਨ। ਸੰਸਾਰ ਸਾਮਰਾਜੀ ਤਾਕਤਾਂ ਮੁੜ-ਪਾਲਾਬੰਦੀ ਦੇ ਦੌਰ ’ਚੋਂ ਤੇਜ਼ੀ ਨਾਲ ਗੁਜ਼ਰ ਰਹੀਆਂ ਹਨ ਤੇ ਇਹ ਪਾਲਾਬੰਦੀ ਰੂਸ ਤੇ ਅਮਰੀਕਾ ਦਰਮਿਆਨ ਹੀ ਨਹੀਂ ਹੈ ਸਗੋਂ ਅਮਰੀਕੀ ਮਹਾਂਸ਼ਕਤੀ ਦੀ ਅਗਵਾਈ ਹੇਠਲੇ ਗੱਠਜੋੜ ’ਚ ਵੀ ਹੈ। ਅੰਤਰ ਸਾਮਰਾਜੀ ਵਿਰੋਧਤਾਈ ਦੀ ਇਸ ਤਿੱਖ ਨੇ ਸੰਸਾਰ ਦੀਆਂ ਦੂਜੀਆਂ ਵਿਰੋਧਤਾਈਆਂ ਨੂੰ ਤੇਜ਼ੀ ਨਾਲ ਅਸਰ ਅੰਦਾਜ਼ ਕਰਨਾ ਹੈ।
No comments:
Post a Comment