ਮੋਗਾ ਗੋਲੀ ਕਾਂਡ ਦੀ 50ਵੀਂ ਵਰ੍ਹੇਗੰਢ .... ਸ਼ਹੀਦੀ ਯਾਦਗਾਰ ’ਤੇ ਸ਼ਰਧਾਂਜਲੀ ਸਮਾਗਮ ਅਤੇ ਸ਼ਹਿਰ ’ਚ ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਮਹਾਨ ਮੋਗਾ ਘੋਲ ਦੀ 50 ਵੀਂ ਵਰੇਗੰਢ ਮੌਕੇ ਸ਼ਹੀਦੀ ਯਾਦਗਾਰ (ਰੀਗਲ ਸਿਨੇਮਾ) ਮੋਗਾ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ’ਚ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਪਹੁੰਚੇ ਵਿਦਿਆਰਥੀ ਨੌਜਵਾਨ ਅਤੇ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਸ਼ਰਧਾਂਜਲੀ ਸਮਾਗਮ ਤੋਂ ਬਾਅਦ ਸ਼ਹਿਰ ਵਿੱਚ ਰੋਹ ਭਰਪੂਰ ਮੁਜਾਹਰਾ ਕੀਤਾ ਗਿਆ।
ਇਸ ਸਮਾਗਮ ਦੀ ਤਿਆਰੀ ਵਿਚ ਪੰਜਾਬ ਦੇ ਵੱਖ ਵੱਖ ਕਾਲਜਾਂ ’ਚ ਜਥੇਬੰਦੀ ਵੱਲੋਂ ਲਾਮਬੰਦੀ ਤੇ ਪ੍ਰਚਾਰ ਮੁਹਿੰਮ ਚਲਾਈ ਗਈ। ਇਸ ਮੁਹਿੰਮ ਰਾਹੀਂ ਵਿਦਿਆਰਥੀਆਂ ਨੂੰ ਮੋਗਾ ਸੰਗਰਾਮ ਦੇ ਇਤਿਹਾਸ ਤੋਂ ਜਾਣੂੰ ਕਰਾਇਆ ਗਿਆ, ਉਸ ਦੌਰ ਦੀ ਵਿਦਿਆਰਥੀ ਲਹਿਰ ਬਾਰੇ ਦੱਸਿਆ ਗਿਆ ਤੇ ਅਜੋਕੇ ਦੌਰ ’ਚ ਵਿਦਿਆਰਥੀ ਹਿੱਤਾਂ ਲਈ ਸੰਘਰਸ਼ਸ਼ੀਲ ਵਿਸ਼ਾਲ ਵਿਦਿਆਰਥੀ ਲਹਿਰ ਉਸਾਰਨ ਲਈ ਬੀਤੇ ਇਤਿਹਾਸ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ ਗਿਆ ।
6 ਜੁਲਾਈ ਨੂੰ ਪੰਜਾਬ ਦੇ ਵੱਖ ਵੱਖ ਕਾਲਜਾਂ ਤੋਂ ਸੈਂਕੜੇ ਵਿਦਿਆਰਥੀ ਸ਼ਹੀਦਾਂ ਦੀ ਯਾਦਗਰ ’ਤੇ ਇਕੱਤਰ ਹੋਏ ਜਿਨ੍ਹਾਂ ਵਿੱਚ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਾਲਾ ਨੌਜਵਾਨਾਂ ਦਾ ਜਥਾ ਵੀ ਸ਼ਾਮਲ ਸੀ । ਸਮਾਗਮ ਦੀ ਸ਼ੁਰੂਆਤ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਲਈ ਦੋ ਮਿੰਟ ਦਾ ਮੌਨ ਧਾਰਨ ਅਤੇ ਨਾਅਰਿਆਂ ਦੀ ਗੂੰਜ ਪਾਉਣ ਨਾਲ ਹੋਈ। ਕਿ੍ਰਸ਼ਨ ਕੌਰਪਾਲ ਤੇ ਮੇਜਰ ਦੂਲੋਵਾਲ ਵੱਲੋਂ ਲਿਖੀ ਗਈ ਪਿਰਥੀ ਦੀ ਵਾਰ ਵਿੱਚੋਂ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਦੇ ਸਾਥੀਆਂ ਨੇ ਮੋਗਾ ਘੋਲ ਨਾਲ ਸਬੰਧਤ ਪ੍ਰਸੰਗ ਪੇਸ਼ ਕੀਤੇ। ਸਭ ਤੋਂ ਪਹਿਲਾਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੀ.ਐਸ.ਯੂ. ਸ਼ਹੀਦ (ਰੰਧਾਵਾ) ਦੇ ਸੂਬਾ ਆਗੂ ਅਮਿਤੋਜ ਮੌੜ ਨੇ ਮਹਾਨ ਮੋਗਾ ਘੋਲ ਦੀਆਂ ਦੇਣਾਂ ਦੀ ਚਰਚਾ ਕਰਦਿਆਂ ਕਿਹਾ ਕਿ ਇਸ ਵੱਡੇ ਜਨਤਕ ਸੰਘਰਸ਼ ਨੇ ਪੰਜਾਬ ਅੰਦਰ ਹਕੂਮਤੀ ਜਬਰ ਦੇ ਝੱਖੜ ਨੂੰ ਇੱਕ ਵਾਰ ਠੱਲ ਦਿੱਤਾ ਤੇ ਲੋਕਾਂ ਅੰਦਰ ਹੱਕਾਂ ਲਈ ਸੰਘਰਸ ਕਰਨ ਦੀ ਨਵੀਂ ਚੇਤਨਾ ਭਰ ਦਿੱਤੀ। ਹਕੂਮਤੀ ਜਬਰ ਦੇ ਟਾਕਰੇ ਲਈ ਜਥੇਬੰਦ ਲੋਕ ਤਾਕਤ ਦੇ ਮਹੱਤਵ ਨੂੰ ਦਿਖਾ ਦਿੱਤਾ ਅਤੇ ਲੋਕ ਟਾਕਰੇ ਦੇ ਜ਼ੋਰ ਹਕੂਮਤੀ ਜਬਰ ਦੇ ਝੱਖੜ ਠੱਲ੍ਹ ਦੇਣ ਦਾ ਰਾਹ ਪਾ ਦਿੱਤਾ। ਇਸ ਸੰਘਰਸ਼ ਨੇ ਪੰਜਾਬ ਅੰਦਰ ਵਿਦਿਆਰਥੀ ਲਹਿਰ ਦੀ ਚੜ੍ਹਤ ਦੇ ਦੌਰ ਦਾ ਮੁੱਢ ਬੰਨ੍ਹ ਦਿੱਤਾ। ਇਹ ਵਿਦਿਆਰਥੀ ਲਹਿਰ ਲੋਕਾਂ ਦੇ ਹੱਕਾਂ ਦੀ ਲਹਿਰ ਦਾ ਮੋਹਰੀ ਦਸਤਾ ਬਣ ਕੇ ਨਿਭੀ। ਇਸ ਵਿਦਿਆਰਥੀ ਆਗੂ ਨੇ ਮੋਗਾ ਘੋਲ ਦੀਆਂ ਦੇਣਾਂ ਦੀ, ਪੀ ਐੱਸ ਯੂ ਵੱਲੋਂ ਲੜੇ ਵਿਦਿਆਰਥੀ ਸੰਘਰਸ਼ਾਂ ਦੀ ਚਰਚਾ ਕੀਤੀ।
ਜਥੇਬੰਦੀ ਦੇ ਸੂਬਾ ਜੱਥੇਬੰਦਕ ਸਕੱਤਰ ਹੁਸ਼ਿਆਰ ਸਿੰਘ ਸਲੇਮਗੜ੍ਹ ਨੇ ਸਿੱਖਿਆ ਖੇਤਰ ਦੀ ਹਾਲਤ ਤੇ ਵਿਦਿਆਰਥੀਆਂ ਦੇ ਕੁਚਲੇ ਜਾ ਰਹੇ ਹੱਕਾਂ ਹਿੱਤਾਂ ਦੀ ਚਰਚਾ ਕੀਤੀ । ਉਸ ਨੇ ਦਰਸਾਇਆ ਕਿ ਕਿਵੇਂ ਅੱਜ ਦੇ ਸਮੇਂ ਨਿੱਜੀਕਰਨ, ਵਪਾਰੀਕਰਨ ਦੀਆਂ ਨੀਤੀਆਂ ਦੇ ਹਮਲੇ ਨੇ ਸਿੱਖਿਆ ਤੇ ਰੁਜ਼ਗਾਰ ਦੇ ਹੱਕ ’ਤੇ ਹਮਲਾ ਹੋਰ ਵੀ ਤਿੱਖਾ ਕਰ ਦਿੱਤਾ ਹੈ। ਸਿੱਖਿਆ ਖੇਤਰ ਦਾ ਦਿ੍ਰਸ਼ ਪੂਰੀ ਤਰ੍ਹਾਂ ਬਦਲ ਗਿਆ ਹੈ ਅਤੇ ਰੁਜ਼ਗਾਰ ਦੇ ਮੌਕੇ ਹੋਰ ਜ਼ਿਆਦਾ ਸੁੰਗੜ ਗਏ ਹਨ। ਇਸ ਲਈ ਅੱਜ ਦੇ ਦੌਰ ’ਚ ਸੰਘਰਸ਼ਸ਼ੀਲ ਵਿਦਿਆਰਥੀ ਲਹਿਰ ਦੀ ਵਿਸ਼ਾਲਤਾ ਤੇ ਮਜ਼ਬੂਤੀ ਹੋਰ ਵੀ ਵੱਡੀ ਜ਼ਰੂਰਤ ਹੈ।
ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਅਸ਼ਵਨੀ ਘੁੱਦਾ ਨੇ ਵਿਦਿਆਰਥੀਆਂ ਨੂੰ ਸਮਾਜ ਅੰਦਰ ਅਗਾਂਹ ਵਧੂ ਰੋਲ ਅਦਾ ਕਰਨ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਮਹਾਨ ਮੋਗਾ ਘੋਲ ਦੀ ਪੰਜਾਹਵੀਂ ਵਰ੍ਹੇਗੰਢ ਉਦੋਂ ਮਨਾਈ ਜਾ ਰਹੀ ਹੈ ਜਦੋਂ ਹਕੂਮਤ ਵੱਲੋਂ ਆਰਥਿਕ ਸੁਧਾਰਾਂ ਤੇ ਫ਼ਿਰਕਾਪ੍ਰਸਤੀ ਦਾ ਜੜੁੱਤ ਹੱਲਾਂ ਕਿਰਤੀ ਲੋਕਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਜਿਸਦੇ ਟਾਕਰੇ ਲਈ ਦੇਸ਼ ਭਰ ਦੇ ਕਿਰਤੀ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨ ਵਿਦਿਆਰਥੀਆਂ ਦੀ ਸਾਂਝੀ ਸੰਘਰਸ਼ ਲਹਿਰ ਅਣਸਰਦੀ ਲੋੜ ਹੈ। ਇਸ ਲਹਿਰ ਦੀ ਉਸਾਰੀ ਲਈ ਸਾਨੂੰ ਆਪਣੇ ਸੰਗਰਾਮੀ ਵਿਰਸੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਫਿਰਕਾਪ੍ਰਸਤੀ ਖਿਲਾਫ਼ ਤੇ ਸਾਮਰਾਜੀ ਹੱਲੇ ਖ਼ਿਲਾਫ਼ ਲੋਕਾਂ ਦੀ ਲਹਿਰ ਵਿੱਚ ਨੌਜਵਾਨਾਂ ਵਿਦਿਆਰਥੀਆਂ ਨੂੰ ਆਪਣਾ ਮੋਹਰੀ ਰੋਲ ਪਛਾਨਣਾ ਚਾਹੀਦਾ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵਿਦਿਆਰਥੀ ਕਾਰਕੁਨਾਂ ਤੇ ਆਗੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਲੋਕਾਂ ਦੇ ਸੰਘਰਸ਼ਾਂ ਦੇ ਇਸ ਪੰਨੇ ਨੂੰ ਅੱਜ ਦੇ ਨੌਜਵਾਨਾਂ ਸਾਹਮਣੇ ਉਭਾਰਨ ਦੀ ਵੱਡੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਸ ਦੌਰ ’ਚ ਉਹ ਨੌਜਵਾਨ ਲਹਿਰ ਦਾ ਅੰਗ ਕਿਵੇਂ ਬਣੇ ਤੇ ਨੌਜਵਾਨ ਲਹਿਰ ਤੋਂ ਗੁੜ੍ਹਤੀ ਲੈ ਕੇ ਕਿਵੇਂ ਲੋਕਾਂ ਦੀ ਲਹਿਰ ’ਚ ਹਿੱਸਾ ਪਾਉਣ ਦਾ ਰਾਹ ਫੜਿਆ, ਕਿਸਾਨ ਲਹਿਰ ’ਚ ਆਏ, ਕਿਵੇਂ ਨੌਜਵਾਨ ਲਹਿਰ ਦੇ ਪ੍ਰਭਾਵ ਨੇ ਜ਼ਿੰਦਗੀ ਦੇ ਅਰਥ ਬਦਲੇ। ਅੱਜ ਦੀ ਜਨਤਕ ਸੰਘਰਸ਼ਾਂ ਦੀ ਲੀਡਰਸ਼ਿਪ ਇਨ੍ਹਾਂ ਸੰਘਰਸ਼ਾਂ ਦੀ ਹੀ ਦੇਣ ਹੈ।
ਅੱਜ ਵੀ ਪੰਜਾਬ ਦੀ ਲੋਕਾਂ ਦੇ ਹੱਕਾਂ ਦੀ ਲਹਿਰ ਅੰਦਰ ਕਿੰਨੇ ਹੀ ਆਗੂ ਕਾਰਕੁੰਨ ਸੱਤਰਵਿਆਂ ਦੇ ਦਹਾਕੇ ਦੀ ਨੌਜਵਾਨ ਵਿਦਿਆਰਥੀ ਲਹਿਰ ਦੀ ਦੇਣ ਹਨ। ਕਿਸੇ ਨੇ ਕਿਸਾਨ ਸੰਘਰਸ਼ ਦਾ ਮੋਰਚਾ ਮੱਲਿਆ, ਕਿਸੇ ਨੇ ਮੁਲਾਜ਼ਮਾਂ, ਕਿਸੇ ਨੇ ਇਨਕਲਾਬੀ ਲਹਿਰ ਲਈ ਆਪਣੀਆਂ ਜ਼ਿੰੰਦਗੀਆਂ ਅਰਪਿਤ ਕੀਤੀਆਂ। ਸੱਤਰਵਿਆਂ ਦੀ ਲਹਿਰ ਦੀਆਂ ਬਰਕਤਾਂ ਅੱਜ ਵੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲਹਿਰ ਦੀ ਕਮਾਈ ਬਣੀਆਂ ਹੋਈਆਂ ਹਨ।
ਅੱਜ ਪੰਜਾਬ ਦੇ ਲੋਕਾਂ ਦੀ ਸੰਘਰਸ਼ ਦੀ ਲਹਿਰ ਕਿਵੇਂ ਮੋਗਾ ਸੰਗਰਾਮ ਤੋਂ ਬਾਅਦ ਇੱਕ ਲਗਾਤਾਰ ਸਿਲਸਿਲਾ ਹੈ, ਕਿਵੇਂ ਇਹ ਲਹਿਰ ਵਿਕਾਸ ਕਰਦੀ ਗਈ ਹੈ। ਮੋਗਾ ਸੰਗਰਾਮ ਅਤੇ ਨੌਜਵਾਨ ਵਿਦਿਆਰਥੀ ਲਹਿਰ ਵੱਲੋਂ ਪਾਈਆਂ ਪਿਰਤਾਂ ’ਤੇ ਚੱਲ ਕੇ ਇੱਥੋਂ ਤੱਕ ਪਹੁੰਚੀ ਹੈ। ਨੌਜਵਾਨ ਵਿਦਿਆਰਥੀਆਂ ਦੀ ਲਹਿਰ ਵੱਲੋਂ ਘੜੀਆਂ ਸੰਘਰਸ਼ਾਂ ਦੀਆਂ ਕਿੰਨੀਆਂ ਹੀ ਨੀਤੀਆਂ ਅੱਜ ਵੀ ਲੋਕ ਸੰਘਰਸ਼ਾਂ ਦਾ ਮਾਰਗ ਰੌਸ਼ਨ ਕਰ ਰਹੀਆਂ ਹਨ ਤੇ ਅੱਜ ਲੜੇ ਜਾ ਰਹੇ ਸੰਘਰਸ਼ਾਂ ਦੀ ਸਫ਼ਲਤਾ ਦੀ ਕੁੰਜੀ ਬਣੀਆਂ ਹੋਈਆਂ ਹਨ। ਅੱਜ ਵੀ ਨੌਜਵਾਨਾਂ ਵਿਦਿਆਰਥੀਆਂ ਨੂੰ ਲੋਕਾਂ ਦੇ ਸੰਘਰਸ਼ ਦੀਆਂ ਲਹਿਰਾਂ ਦੀਆਂ ਮੂਹਰਲੀਆਂ ਸਫਾਂ ’ਚ ਨਿਤਰਨ ਦੀ ਲੋੜ ਹੈ।
ਸਮਾਗਮ ਵਿੱਚ ਇਕੱਠ ਨੇ ਸਾਂਝੇ ਤੌਰ ਤੇ ਦੋ ਮਤੇ ਪਾਸ ਕੀਤੇ। ਪਹਿਲੇ ਮਤੇ ’ਚ ਸ਼ਹੀਦੀ ਯਾਦਗਰ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਤੋਂ ਬਜਟ ਜੁਟਾਉਣ ਦੀ ਮੰਗ ਕੀਤੀ ਗਈ। ਦੂਜੇ ਮਤੇ ਅੰਦਰ ਪੰਜਾਬ ’ਚ ਬਣਾਏ ਜਾ ਰਹੇ ਫਿਰਕੂ ਮਾਹੌਲ ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਇਨ੍ਹਾਂ ਤਾਕਤਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਗਿਆ। ਅਖੀਰ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਦੀ ਮੁਜ਼ਾਹਰਾ ਕੀਤਾ ਗਿਆ ਜਿਹੜਾ ਬੱਸ ਅੱਡੇ ਕੋਲ ਆ ਕੇ ਸਮਾਪਤ ਹੋਇਆ।
ਅਗਲੇ ਦਿਨ ਭਾਵ ਸੱਤ ਅਕਤੂਬਰ ਨੂੰ ਇਕ ਹੋਰ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵੀ ਸ਼ਹੀਦੀ ਯਾਦਗਾਰ ’ਤੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ ਜਿਸ ਵਿੱਚ ਨੌਜਵਾਨ ਤੇ ਕਿਸਾਨ ਜਥੇਬੰਦੀ ਦੇ ਆਗੂ ਵੀ ਸ਼ਾਮਲ ਸਨ। ਇਸ ਸਮਾਗਮ ਵਿੱਚ ਵੀ ਸੈਂਕੜੇ ਵਿਦਿਆਰਥੀ ਪੰਜਾਬ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ’ਚੋਂ ਸ਼ਾਮਲ ਹੋਏ।
No comments:
Post a Comment