ਹਾਕਮਪ੍ਰਸਤੀ ਬਨਾਮ ਨਾਬਰੀ
ਫ਼ਿਰਕੂ ਸਿੱਖ ਸਿਆਸਤਦਾਨ ਸਿਮਰਨਜੀਤ ਮਾਨ ਅਜਿਹੀ ਵਿਰਾਸਤ ਦਾ ਝੰਡਾ ਪੂਰੀ ਢੀਠਤਾਈ ਨਾਲ ਚੁੱਕਦਾ ਹੈ ਜਿਹੜੀ ਵਿਰਾਸਤ ਸਾਮਰਾਜੀ ਚਾਕਰੀ ਦੀ ਤੇ ਲੋਕਾਂ ਨਾਲ ਗਦਾਰੀ ਦੀ ਵਿਰਾਸਤ ਹੈ। ਉਸ ਵੱਲੋਂ ਨਿਸੰਗ ਹੋ ਕੇ, ਆਪਣੇ ਨਾਨੇ ਅਰੂੜ ਸਿੰਘ ਵੱਲੋਂ ਡਾਇਰ ਨੂੰ ਸਿਰੋਪਾ ਪਾਉਣ ਦੀ ਕਾਰਵਾਈ ਨੂੰ ਵਾਜਬ ਠਹਿਰਾਇਆ ਜਾਂਦਾ ਹੈ ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਪੁਲਿਸ ਮੁਲਾਜ਼ਮ ਦਾ ਕਤਲ ਕਰਨ ਤੇ ਅੰਸੈਂਬਲੀ ’ਚ ਬੰਬ ਸੁੱਟਣ ਦੀ ਕਾਰਵਾਈ ਨੂੰ ਅਪਰਾਧਿਕ ਕਰਾਰ ਦਿੱਤਾ ਜਾਂਦਾ ਹੈ।
ਅਰੂੜ ਸਿੰਘ ਤੇ ਸੁੰਦਰ ਸਿੰਘ ਮਜੀਠੀਏ ਵਰਗੇ ਸਾਮਰਾਜੀ ਚਾਕਰਾਂ ਦੀ ਵਿਰਾਸਤ ਨੂੰ ਸਿਮਰਨਜੀਤ ਮਾਨ ਬੁਲੰਦ ਕਰਦਾ ਹੈ, ਉਹ ਅੰਗਰੇਜ਼ ਸਾਮਰਾਜੀਆਂ ਦੀ ਚਾਕਰੀ ਦੀ ਅਤੇ ਸਿੱਖ ਸ਼ਰਧਾਲੂਆਂ ਨਾਲ ਦੁਸ਼ਮਣੀ ਦੀ ਵਿਰਾਸਤ ਹੈ। 1920 ਤੋ 25 ਵਿਚਕਾਰ ਚੱਲੀ ਗੁਰਦੁਆਰਾ ਸੁਧਾਰ ਲਹਿਰ ਦਾ ਤੱਤ ਬਰਤਾਨਵੀ ਸਾਮਰਾਜ ਵਿਰੋਧੀ ਸੀ। ਚਾਹੇ ਇਹ ਕਿਸੇ ਬਕਾਇਦਾ ਸਾਮਰਾਜ ਵਿਰੋਧੀ ਪ੍ਰੋਗਰਾਮ ’ਤੇ ਅਧਾਰਿਤ ਨਹੀਂ ਸੀ ਪਰ ਗੁਰਦੁਆਰਿਆਂ ’ਤੇ ਸਿੱਖ ਜਨਤਾ ਦੇ ਅਧਿਕਾਰ ਦੀ ਹੱਕੀ ਜਮਹੂਰੀ ਮੰਗ ਦਾ ਬਰਤਾਨਵੀ ਸਾਮਰਾਜੀਆਂ ਨਾਲ ਟਕਰਾਅ ਸੀ ਕਿਉਂਕਿ ਉਹਨਾਂ ਵੱਲੋਂ ਮਹੰਤਾਂ ਰਾਹੀਂ ਗੁਰਦੁਆਰਿਆਂ ’ਤੇ ਕਬਜ਼ਾ ਰੱਖਿਆ ਹੋਇਆ ਸੀ। ਸਿੱਖ ਸੰਸਥਾਵਾਂ ’ਤੇ ਕਬਜ਼ੇ ਰਾਹੀਂ ਧਾਰਮਿਕ ਸਿੱਖ ਜਨਤਾ ਨੂੰ ਸਾਮਰਾਜੀ ਤਾਬਿਆ ’ਚ ਰੱਖਣ ਦੀ ਖੇਡ ਅਰੂੜ ਸਿੰਘ ਤੇ ਮਜੀਠੀਏ ਵਰਗੇ ਦਰਜਨਾਂ ਘਰਾਣਿਆਂ ਰਾਹੀਂ ਖੇਡੀ ਜਾਂਦੀ ਸੀ। ਅਜਿਹੇ ਸਮੇਂ ਸਿੱਖ-ਸ਼ਰਧਾਲੂਆਂ ਵੱਲੋਂ ਲੜੀ ਗਈ ਜਦੋਜਹਿਦ ਸਿੱਖ ਸੰਸਥਾਵਾਂ ’ਤੇ ਕਾਬਜ਼ ਇਹਨਾਂ ਗੱਦਾਰਾਂ ਖ਼ਿਲਾਫ਼ ਵੀ ਸੀ ਜਿਹੜੇ ਗਲ-ਗਲ ਤੱਕ ਅੰਗਰੇਜ਼ੀ ਸਾਮਰਾਜ ਦੀ ਸੇਵਾ ’ਚ ਖੁੱਭੇ ਹੋਏ ਸਨ ਤੇ ਸਿੱਧੀ ਤਰ੍ਹਾਂ ਸਿੱਖ-ਸ਼ਰਧਾਲੂਆਂ ਨਾਲ ਟਕਰਾਅ ’ਚ ਆਏ ਸਨ। ਇਉਂ ਇਹ ਉਸ ਵੇਲੇ ਸਿੱਖ ਧਾਰਮਿਕ ਜਨਤਾ ਦੇ ਦੋਖੀਆਂ ’ਚ ਸ਼ੁਮਾਰ ਸਨ ਤੇ ਆਮ ਸਿੱਖ ਸ਼ਰਧਾਲੂਆਂ ਵੱਲੋਂ ਸਿੱਖ ਧਰਮ ’ਚੋਂ ਛੇਕੇ ਗਏ ਸਨ। ਸਿਮਰਨਜੀਤ ਮਾਨ ਸਿੱਖ ਧਰਮ ਦੇ ਦੋਖੀਆਂ ਦੀ ਵਿਰਾਸਤ ਨੂੰ ਮਾਣ ਨਾਲ ਉਚਿਆਉਂਦਾ ਹੈ ਤੇ ਸਿੱਖ ਧਾਰਮਿਕ ਜਨਤਾ ਦੀਆਂ ਵੋਟਾਂ ਹਾਸਲ ਕਰਕੇ ਪਾਰਲੀਮੈਂਟ ਦੀ ਕੁਰਸੀ ਦਾ ਨਿੱਘ ਮਾਣਦਾ ਹੈ। ਉਸੇ ਪਾਰਲੀਮੈਂਟ ’ਚ ਧਮਾਕਾ ਕਰਨ ਵਾਲਾ ਭਗਤ ਸਿੰਘ ਉਸ ਦੀਆਂ ਅੱਖਾਂ ’ਚ ਰੜਕਦਾ ਹੈ ਕਿਉਂਕਿ ਉਹ ਗੁਲਾਮੀ ਦੀ ਚਿੰਨ੍ਹ ਬਣੀ ਸੰਸਥਾ ’ਚ ਧਮਾਕਾ ਕਰਦਾ ਹੈ। ਸਿਮਰਨਜੀਤ ਮਾਨ ਉਸੇ ਪਾਰਲੀਮੈਂਟ ਦੀ ਗੋਦ ਦਾ ਨਿੱਘ ਮਾਨਣ ਦੀ ਲਾਲਸਾ ਰੱਖਦਾ ਹੈ ਤਾਂ ਉਹਨੂੰ ਭਗਤ ਸਿੰਘ ਦਾ ਉੱਥੇ ਧਮਾਕਾ ਕਰਨਾ ਕਿਵੇਂ ਚੰਗਾ ਲੱਗਣਾ ਹੈ। ਉਹਦੀ ਆਪਣੀ ਸਿਆਸਤ ਵੀ ਫਿਰਕੂ ਪੈਂਤੜੇ ਤੋਂ ਸਾਮਰਾਜੀ ਸੇਵਾ ਦੀ ਹੀ ਸਿਆਸਤ ਹੈ। ਉਹਦੀਆਂ ਸਾਰੀਆਂ ਪੁਜੀਸ਼ਨਾਂ ਸਾਮਰਾਜੀਆਂ ਦੀ ਸਵੱਲੀ ਨਜ਼ਰ ਹੇਠ ਰਹਿਣ ਵਾਲੀਆਂ ਹੀ ਹਨ। ਉਸਦਾ ਖਾਲਿਸਤਾਨ ਵੀ ਪਾਰਲੀਮੈਂਟ ਦੀ ਸੀਟ ’ਤੇ ਬੈਠਣ ਤੱਕ ਦਾ ਹੈ।
ਧਾਰਮਿਕ ਸਿੱਖ ਸੰਸਥਾਵਾਂ ਨੂੰ ਅੰਗਰੇਜ਼ਾਂ ਦੀ ਸੇਵਾ ’ਚ ਵਰਤਣ ਵਾਲੇ ਸਿਮਰਜੀਤ ਮਾਨ ਦੇ ਪੁਰਖਿਆਂ ਦੀ ਸਿੱਖ-ਸ਼ਰਧਾਲੂਆਂ ਨਾਲ ਦੁਸ਼ਮਣੀ ਨੂੰ ਉਜਾਗਰ ਕਰਦੇ ਕੁੱਝ ਤੱਥ ਦਰਸਾਉਂਦੀ ਨਵਾਂ ਜਮਾਨਾ ਅਖਬਾਰ ’ਚ ਛਪੀ ਇਹ ਲਿਖਤ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
-ਸੰਪਾਦਕ ਸੁਰਖ਼ ਲੀਹ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਸਾਡੀ ਕੌਮ ਦਾ ਸਤਿਕਾਰਤ ਸ਼ਹੀਦ ਹੈ, ਪੰਜਾਬੀਆਂ ਦੇ ਸਿਰ ਦਾ ਤਾਜ ਹੈ। ਚੜ੍ਹਦੇ-ਲਹਿੰਦੇ ਪੰਜਾਬੀਆਂ ਲਈ ਉਹ ਫਖ਼ਰ ਕਰਨ ਵਾਲਾ ਨਾਂਅ ਹੈ। ਪਿੱਛੇ ਜਿਹੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਵਜੋਂ ਚੁਣੇ ਗਏ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਭਗਤ ਸਿੰਘ ਬਾਰੇ ਕੀਤੀ ਟਿੱਪਣੀ ਅਤੇ ਉਨ੍ਹਾਂ ਦੇ ਸਪੁੱਤਰ ਸ. ਇਮਾਨ ਸਿੰਘ ਮਾਨ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਅੰਮਿ੍ਰਤਸਰ ਵਿੱਚੋਂ ਭਗਤ ਸਿੰਘ ਦੀ ਤਸਵੀਰ ਹਟਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਿਣਾ ਅਤੇ ਅਜਿਹੀਆਂ ਹੋਰ ਘਟਨਾਵਾਂ ਨੇ ਪੰਜਾਬੀਆਂ ਨੂੰ ਇਤਿਹਾਸ ਨੂੰ ਮੁੜ ਪੜ੍ਹਨ/ਘੋਖਣ ਦੀ ਯਾਦ ਦਿਵਾ ਦਿੱਤੀ। ਪੜ੍ਹਦਿਆਂ/ਘੋਖਦਿਆਂ ਸਿਮਰਨਜੀਤ ਸਿੰਘ ਮਾਨ ਦੇ ਵਡੇਰੇ ਸ. ਬ. ਅਰੂੜ ਸਿੰਘ ਦੀਆਂ ਉਹ ਗੱਲਾਂ ਸਾਹਮਣੇ ਆਉਣੀਆਂ ਲਾਜ਼ਮੀ ਸਨ, ਜੋ ਉਸ ਨੂੰ ਅੰਗਰੇਜ਼ਪ੍ਰਸਤ ਅਤੇ ਕਾਮਾਗਾਟਾ ਮਾਰੂ ਦੇ ਯੋਧਿਆਂ ਅਤੇ ਗਦਰੀਆਂ ਦਾ ਵਿਰੋਧੀ ਹੋਣ ਦੀ ਗਵਾਹੀ ਭਰਦੀਆਂ ਹਨ। ਇਸੇ ਪ੍ਰਸੰਗ ਵਿੱਚ ਹੀ ਅਸੀਂ ਪਾਠਕਾਂ ਦੀ ਜਾਣਕਾਰੀ ਨੂੰ ਤਾਜ਼ਾ ਕਰਨ ਹਿੱਤ ਇਤਿਹਾਸ ਦੇ ਖੋਜਕਾਰ ਚਰੰਜੀ ਲਾਲ ਕੰਗਣੀਵਾਲ ਦਾ ਇਹ ਲੇਖ ਪ੍ਰਕਾਸ਼ਤ ਕਰ ਰਹੇ ਹਾਂ। ਜਿਸ ਵਿੱਚ ਹਾਕਮਪ੍ਰਸਤੀ ਅਤੇ ਨਾਬਰੀ ਵਾਲਿਆਂ ਦੇ ਧੜੇ ਸਪੱਸ਼ਟ ਰੂਪ ਵਿੱਚ ਦਿਖਾਈ ਦੇਣਗੇ। . . ਸੰਪਾਦਕ ਨਵਾਂ ਜਮਾਨਾ
ਇਤਿਹਾਸ ਗਵਾਹ ਹੈ
ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜੇ ਤੋਂ ਬਾਅਦ ਗੁਰਦੁਆਰੇ ਅੰਗਰੇਜ਼ੀ ਰਾਜ ਦੀ ਰਖਵਾਲੀ, ਮਜ਼ਬੂਤੀ ਤੇ ਖੁਸ਼ਾਮਦੀ ਦੇ ਕੇਂਦਰ ਬਣ ਗਏ ਸਨ। ਜਿੱਥੇ ਅੰਗਰੇਜ਼ੀ ਰਾਜ ਨੂੰ ਸਦੀਵੀ ਰਹਿਣ ਤੇ ਰੱਖਣ ਲਈ ਅਰਦਾਸੇ ਹੁੰਦੇ ਸਨ। ਸਕੂਲਾਂ ਵਿੱਚ ਸਵੇਰ ਦੀਆਂ ਅਰਦਾਸਾਂ ਵਿੱਚ ਕਹਾਇਆ ਜਾਂਦਾ ਸੀ, ‘ਜਿਸ ਦਾ ਸਿਰਤਾਜ ਜਾਰਜ ਪੰਚਮ ਨਹੀਂ , ਵੋਹ ਸਿੰਘ ਹੀ ਨਹੀਂ , ਸਰਦਾਰ ਹੀ ਨਹੀਂ।’ ਦਰਬਾਰ ਸਾਹਿਬ ਸ਼੍ਰੀ ਅੰਮਿ੍ਰਤਸਰ ਦੀ ਕਮੇਟੀ, ਜਿਸ ਦੇ ਮੈਂਬਰ ਅੰਮਿ੍ਰਤਧਾਰੀ ਹੁੰਦੇ ਸੀ , ਪ੍ਰਬੰਧ ਚਲਾਉਦੇ ਸਨ। ਅੰਗਰੇਜ਼ਾਂ ਨੇ ਕਮੇਟੀ ਉੱਪਰ ਸਰਬਰਾਹ ਥੋਪ ਦਿੱਤਾ ਅਤੇ ਹੌਲੀ ਹੌਲੀ ਕਮੇਟੀ ਹਟਾ ਦਿੱਤੀ ਗਈ ਅਤੇ ਉਸਦੇ ਹੱਥੀਂ ਲੱਖਾਂ ਰੁਪਏ ਦਾ ਨਿਵੇਸ਼ ਹੋ ਗਿਆ ਸੀ। ਕੰਟਰੋਲ ਦੀ ਅਣਹੋਂਦ ਨੇ ਗੈਰ-ਜੁੰਮੇਵਾਰੀ ਤੇ ਭਿ੍ਰਸ਼ਟਾਚਾਰ ਨੂੰ ਹੋਂਦ ਵਿੱਚ ਲੈ ਆਂਦਾ ਸੀ।
ਪਹਿਲੇ ਮਹਾਂਯੁੱਧ ਤੱਕ ਸਿੱਖਾਂ ਦੀ ਹਰ ਆਜ਼ਾਦੀ ਪਸੰਦ, ਅੰਗਰੇਜ਼ ਵਿਰੋਧੀ ਕਾਰਵਾਈ ਦੀ ਵਿਰੋਧਤਾ ਕਰਨਾ ਰਵਾਇਤੀ ਸਿੱਖ ਆਗੂਆਂ ਦਾ ਕਿੱਤਾ ਹੋ ਗਿਆ ਸੀ। ਰਕਾਬ ਗੰਜ ਗੁਰਦੁਆਰਾ ਦਿੱਲੀ ਦੀ ਕੰਧ ਇਹਨਾਂ ਦੀ ਮਨਜ਼ੂਰੀ ਨਾਲ ਹੀ 1914 ਦੇ ਸ਼ੁਰੂ ’ਚ ਢਾਹ ਦਿੱਤੀ ਗਈ ਸੀ, ਜਿਸ ਦੇ ਖਿਲਾਫ ਸ. ਸਰਦੂਲ ਸਿੰਘ ‘ਕਵੀਸ਼ਰ’ ਨੇ ਲਿਖਿਆ ਤਾਂ ਉਸਨੂੰ ਦਿੱਲੀ ਤੋਂ ਵਾਪਸ ਲਾਹੌਰ ਭੇਜ ਦਿੱਤਾ ਸੀ। ਸ. ਹਰਚੰਦ ਸਿੰਘ ਲਾਇਲਪੁਰੀ ਖੁਦ ਦਿੱਲੀ ਜਾ ਕੇ ਢਾਹੀ ਕੰਧ ਦੇਖ ਕੇ ਆਏ ਸਨ। 12 ਅਪ੍ਰੈਲ 1914 ਨੂੰ ਜਲੰਧਰ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਹੋਈ ਤਾਂ ਸੁੰਦਰ ਸਿੰਘ ਲਾਇਲਪੁਰੀ ਤੇ ਹਰਚੰਦ ਸਿੰਘ ਲਾਇਲਪੁਰੀ ਨੇ ਰਕਾਬ ਗੰਜ ਦੀ ਕੰਧ ਦਾ ਮਸਲਾ ਉਠਾਉਣਾ ਚਾਹਿਆ ਤਾਂ ਪੁਲਸ ਦੀ ਮਦਦ ਨਾਲ ਉਹਨਾਂ ਨੂੰ ਚੀਫ਼ ਖਾਲਸਾ ਦੀਵਾਨ ਦੇ ਮੁਖੀਆਂ ਨੇ ਕਾਨਫਰੰਸ ਵਿੱਚੋਂ ਬਾਹਰ ਕੱਢ ਦਿੱਤਾ ਸੀ। ਉਹਨਾਂ ਰੇਲਵੇ ਸਟੇਸ਼ਨ ’ਤੇ ਆ ਕੇ ਲੋਕਾਂ ਦਾ ਇਕੱਠ ਕੀਤਾ, ਭਾਈ ਹਰਚੰਦ ਸਿੰਘ ਨੇ ਲੋਕਾਂ ਨੂੰ ਕਿਹਾ, ‘ਖਾਲਸਾ ਜੀ ਆਪਣੇ ਸਿਰਾਂ ਨੂੰ ਕਦ ਤੱਕ ਲੁਕੋ ਕੇ ਰੱਖਾਂਗੇ।’
ਇਸ ਸਮੇਂ ਅੰਗਰੇਜ਼ਾਂ ਵੱਲੋਂ ਥਾਪਿਆ ਹੋਇਆ ਸਰਬਰਾਹ ਨੌਸ਼ਹਿਰਾ ਦਾ ਸਰਦਾਰ ਬਹਾਦਰ ਅਰੂੜ ਸਿੰਘ ਸੀ, ਜਿਹੜਾ ਚੜ੍ਹਾਵੇ ਦਾ ਖੁਦ ਹੀ ਸੰਭਾਲੂ ਸੀ, ਉਹਨੂੰ ਕੋਈ ਪੁੱਛਣ ਵਾਲਾ ਨਹੀਂ ਸੀ। ਗਰੰਥੀਆਂ ਤੇ ਪੁਜਾਰੀਆਂ ਨੇ ਲੁੱਟ ਪਾਈ ਹੋਈ ਸੀ। ਸਰਬਰਾਹ ਨੂੰ ਹਟਾਉਣ ਲਈ ਜਦੋਂ ਵੀ ਕੋਈ ਆਵਾਜ਼ ਉਠਦੀ ਜਾਂ ਕੋਸ਼ਿਸ਼ ਹੁੰਦੀ ਤਾਂ ਅਧਿਕਾਰੀ ਇਸ ਵੱਲ ਧਿਆਨ ਕਰਨ ਦੀ ਥਾਂ ਉਲਟ ਦੋਸ਼ ਲਾਉਦੇ ਕਿ, ‘‘ਇਹ ਤਾਂ ਪੜ੍ਹੇ-ਲਿਖੇ ਕੁੱਝ ਲੋਕਾਂ ਦੀ ਸ਼ਰਾਰਤ ਹੈ।’’ ਸਿੱਖ ਪੰਥ ਦੇ ਮੱਥੇ ’ਤੇ ਵੱਡਾ ਕਾਲਖ਼ ਦਾ ਟਿੱਕਾ ਲਾਉਣ ਦਾ ਕੰਮ ਸ. ਬ. ਅਰੂੜ ਸਿੰਘ ਨੇ ਕਾਮਾਗਾਟਾ ਮਾਰੂ ਸਾਕੇ ਦੇ 376 ਤੇ ਹਜ਼ਾਰਾਂ ਦੀ ਤਾਦਾਦ ਵਿੱਚ ਵਿਦੇਸ਼ੋਂ ਆਏ ਗ਼ਦਰੀ ਦੇਸ਼ ਭਗਤਾਂ ਜਿੰਨ੍ਹਾਂ ਵਿੱਚ ਸਭ ਤੋਂ ਵੱਧ ਪੰਜਾਬੀ ਸਿੱਖ ਸਨ, ਦੇ ਵਿਰੁੱਧ ਫਤਵਾ ਜਾਰੀ ਕਰਨਾ ਸੀ। ਜਿੱਥੇ ਰਕਾਬ ਗੰਜ ਗੁਰਦੁਆਰਾ ਦੀ ਕੰਧ ਢਾਹੇ ਜਾਣ ਤੋਂ ਪਿੱਛੋਂ ਕਾਮਾਗਾਟਾ ਮਾਰੂ ਸਾਕੇ ਦੇ ਪੰਜਾਬ ਦੇ ਲੋਕਾਂ ਅੰਦਰ ਰੋਸ ਭਰ ਦਿੱਤਾ ਉੱਥੇ ਇਸ ਡਰ ਤੋਂ ਕਿ ਪੰਜਾਬ ਦੇ ਸਿੱਖ ਭੜਕ ਨਾ ਉੱਠਣ ਪਹਿਲੇ ਲਾਹੌਰ ਸਾਜਿਸ਼ ਕੇਸ 1915 ਦੇ ਫੈਸਲੇ ਵਿੱਚ ਲਿਖਿਆ ,‘‘ਮਈ 1914 ਨੂੰ ਕਾਮਾਗਾਟਾ ਮਾਰੂ ਦੇ ਸਵਾਰਾਂ ਤੇ ਗ਼ਦਰੀ ਪਰਵਾਸੀਆਂ ਦਾ ਮਸਲਾ, ਜਿਸਨੇ ਹਿੰਦੁਸਤਾਨੀਆਂ ਨੂੰ ਬਹੁਤ ਬੇਚੈਨ ਕਰ ਦਿੱਤਾ।’’ ਪੰਜਾਬ ਸਰਕਾਰ ਨੇ ਇਗਰੈਸ ਆਰਡੀਨੈਂਸ ਜਾਰੀ ਕਰਕੇ ਲੋਕਾਂ ਦੀ ਜ਼ਬਾਨਬੰਦੀ ਕਰਕੇ ਉਹਨਾਂ ਦੀਆਂ ਭਾਵਨਾਵਾਂ ਨੂੰ ਦਬਾਉਣ ਲਈ ਗੁਰਦੁਆਰੇ ਸ਼੍ਰੀ ਦਰਬਾਰ ਸਾਹਿਬ ਦੀ ਓਟ ਲੈਂਦਿਆਂ ਆਪਣੇ ਵਫਾਦਾਰ ਸ. ਬ. ਅਰੂੜ ਸਿੰਘ ਨੂੰ ਇਹ ਕੰਮ ਸੌਂਪ ਦਿੱਤਾ ਕਿ ਉਹ ਅਜਿਹਾ ਫੁਰਮਾਨ ਜਾਰੀ ਕਰੇ, ਜਿਸ ਨਾਲ ਆਮ ਲੋਕ, ਖਾਸ ਕਰਕੇ ਸਿੱਖ ਭਾਈਚਾਰੇ ਅੰਦਰ ਕਾਮਾਗਾਟਾਮਾਰੂ ਤੇ ‘ਗਦਰ ਪਾਰਟੀ ਦੇ ਇਨਕਲਾਬੀਆਂ ਦੇ ਵਿਰੁੱਧ ਨਫਰਤ ਭਰੀ ਜਾ ਸਕੇ। 6 ਅਕਤੂਬਰ 1914 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਰਤਸਰ ਵਿਖੇ ਸ. ਬ. ਅਰੂੜ ਸਿੰਘ ਨੇ ਆਪਣੀ ਪ੍ਰਧਾਨਗੀ ਹੇਠ ਇਕੱਠ ਕੀਤਾ। ਜਿਹੜਾ ਉਸ ਦੇ ਨਿਕਟ ਸੰਬੰਧੀਆਂ ਅਤੇ ਅੰਗਰੇਜ਼ਪ੍ਰਸਤਾਂ ਦਾ ਸੀ। ਫਿਰ ਸ੍ਰੀ ਅਕਾਲ ਤਖ਼ਤ ਤੋਂ ਕਾਮਾਗਾਟਾ ਮਾਰੂ ਦੇ ਸ਼ਹੀਦ ਕੀਤੇ ਗਏ ਮੁਸਾਫਰਾਂ ਸਮੇਤ 376 ਸਵਾਰਾਂ ਅਤੇ ਗ਼ਦਰ ਲਹਿਰ ਦੇ ਦੇਸ਼ ਭਗਤਾਂ ਨੂੰ ਅਸਿੱਖ ਕਹਿ ਕੇ ਅਰੂੜ ਸਿੰਘ ਵੱਲੋਂ ਸਿੱਖੀ ਤੋਂ ਖਾਰਜ ਕਰਨ ਦਾ ਫਤਵਾ ਜਾਰੀ ਕੀਤਾ ਗਿਆ। ਇਸ ਮੌਕੇ ਉਸ ਦੇ ਨਾਲ ਗਿਆਨੀ ਗੁਰਬਖਸ਼ ਸਿੰਘ ਸਕੱਤਰ ਵੀ ਸੀ। ਇੱਕ ਪਾਸੇ ਗ਼ਦਰੀ ਦੇਸ਼ ਭਗਤਾਂ, ਕਾਮਾਗਾਟਾ ਮਾਰੂ ਦੇ ਮੁਸਾਫਰਾਂ ਨੂੰ ਬੇਰਹਿਮੀ ਨਾਲ ਜੇਲ੍ਹਾਂ ਵਿੱਚ ਤੂੜਿਆ ਜਾ ਰਿਹਾ ਸੀ, ਦੂਜੇ ਪਾਸੇ ਸਿੱਖ ਆਗੂ ਇਨ੍ਹਾਂ ਮੁਸਾਫਰਾਂ ਨੂੰ ਸਿੱਖ ਨਾ ਹੋਣ ਦਾ ਫਤਵਾ ਦੇ ਰਹੇ ਸਨ। ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਫਤਵੇ ਦੇ ਸੰਬੰਧ ’ਚ ਆਪਣੀ ਪੁਸਤਕ ਸਿੱਖ ਹਿਸਟਰੀ-4 (1860-1925) ’ਚ ਅਰੂੜ ਸਿੰਘ ਦਾ ਜ਼ਿਕਰ ਕੀਤਾ ਹੈ, ਪਰ ਪੂਰੇ ਹਵਾਲੇ ਦੀ ਜਾਣਕਾਰੀ ਦੇਣ ਤੋਂ ਅਸਮਰਥਤਾ ਜਿਤਾਈ ਹੈ। ‘ਫਤਵਾ’ ਸਰਕਾਰ ਦੇ ਖੁਫੀਆ ਵਿਭਾਗ ਦੇ ਰਿਕਾਰਡ ਵਿੱਚ ਇਸ ਤਰ੍ਹਾਂ ਦਰਜ ਹੈ :
6th. October 1914. Punjab
Kamagata Maru A Mass meeting of the Sikh Public was held at the Golden Temple Amritsar under the Presidency of S. B. Arur Singh to disassociate themselves from the rioters action.
Weekly report from the Director, Criminal Intelligence.
6th. October 1914.
ਕਾਮਾਗਾਟਾ ਮਾਰੂ ਸਾਕੇ ਵਿਰੁੱਧ ਅਤੇ ਗ਼ਦਰ ਪਾਰਟੀ ਵਿਰੁੱਧ ਏਨਾ ਵਾਵੇਲਾ ਖੜ੍ਹਾ ਕਰਨ ਵਾਲਾ ਅਰੂੜ ਸਿੰਘ ਆਪਣੀ ਸਰਬਰਾਹੀ ਦੌਰਾਨ ਅੰਗਰੇਜ਼ੀ ਰਾਜ ਦੀਆਂ ਨੀਹਾਂ ਪੱਕਿਆਂ ਕਰਨ ਲਈ ਗੁਰਦੁਆਰਾ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਤਰਨਤਾਰਨ ਨੂੰ ਜਿੰਨ੍ਹਾਂ ਨਿਵਾਣਾਂ ਤੱਕ ਲੈ ਗਿਆ, ਉਸ ਨੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ, ਮਾਣ-ਮਰਿਆਦਾ ਨੂੰ ਭੰਗ ਹੀ ਨਹੀਂ ਕੀਤਾ, ਸਗੋਂ ਹਰ ਕਿਸਮ ਦੇ ਕੁਕਰਮਾਂ ਲਈ ਮਾਹੌਲ ਪੈਦਾ ਕਰ ਦਿੱਤਾ। ਗਿ. ਹੀਰਾ ਸਿੰਘ ‘ਦਰਦ’ ਨੇ ‘ਮੇਰੀਆਂ ਅਭੁੱਲ ਯਾਦਾਂ’ ਵਿੱਚ ਲਿਖਿਆ :
‘ਮਥਰਾ ਤੇ ਬਨਾਰਸ ਦੇ ਪਾਂਡਿਆਂ ਦੀ ਠੱਗੀ ਦੀਆਂ ਗੱਲਾਂ ਸੁਣਦਾ ਹੁੰਦਾ ਸਾਂ, ਪਰ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਪੁਜਾਰੀਆਂ ਨੂੰ ਵੇਖ ਕੇ ਮੈਨੂੰ ਲੱਗਾ ਕਿ ਉਨ੍ਹਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ। ਗੁਰਦੁਆਰੇ ਉੱਪਰ ਅਮਲੀ ਤੌਰ ’ਤੇ ਸਰਕਾਰੀ ਕਬਜ਼ਾ ਸੀ। ਸਰਕਾਰ ਦਾ ਮੁਕੱਰਰ ਕੀਤਾ ਹੋਇਆ ਸਰਬਰਾਹ ਅਰੂੜ ਸਿੰਘ ਹੁਕਮ ਚਲਾਉਦਾ ਸੀ ਅਤੇ ਗਰੰਥੀ ਪੁਜਾਰੀ ਸਿੱਖ ਸੰਗਤਾਂ ਦੀ ਰਤਾ ਪ੍ਰਵਾਹ ਨਹੀਂ ਕਰਦੇ ਸਨ। ਉਹ ਸਰਬਰਾਹ ਤੇ ਹਾਕਮਾਂ ਨੂੰ ਖੁਸ਼ ਰੱਖਦੇ। ਬੁੰਗਿਆਂ ਵਿੱਚ ਸਰਾਬਾਂ ਉੱਡਣ ਤੇ ਦੁਰਾਚਾਰਾਂ ਦੀਆਂ ਕਈ ਕਹਾਣੀਆਂ ਲੋਕ ਸੁਣਦੇ ਰਹਿੰਦੇ, ਪਰ ‘ਸਈਆਂ ਭਏ ਕੋਤਵਾਲ ਤੇ ਡਰ ਕਾਹੇ ਕਾ’ ਸਰਕਾਰ ਮਾਈ ਬਾਪ ਦਾ ਹੱਥ ਉਨ੍ਹਾਂ ਦੇ ਸਿਰ ਉੱਪਰ ਸੀ। ਸਰਬਰਾਹ ਅਰੂੜ ਸਿੰਘ ਉਨ੍ਹਾਂ ਦਾ ਧੜੇਦਾਰ ਸੀ, ਪੁਲਸ ਤੇ ਸਥਾਨਕ ਹਾਕਮਾਂ ਨੂੰ ਉਹ ਸਦਾ ਖੁਸ਼ ਰੱਖਦੇ ਸਨ। ਸਿੱਖ ਸੰਗਤਾਂ ਨੂੰ ਉਹ ਟਿੱਚ ਸਮਝਦੇ ਸਨ।
13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਅੰਗਰੇਜ਼ ਅਧਿਕਾਰੀਆਂ ਵੱਲੋਂ ਗੋਲੀ ਚਲਾ ਕੇ 379 ਬੰਦੇ ਸ਼ਹੀਦ, ਦੋ ਹਜ਼ਾਰ ਜ਼ਖ਼ਮੀ ਕਰਕੇ ਬਹੁਤ ਸਾਰੇ ਜੇਲ੍ਹੀਂ ਡੱਕ ਦਿੱਤੇ ਗਏ ਸਨ। ਲੋਕਾਂ ’ਤੇ ਦਹਿਸ਼ਤ ਪਾਉਣ ਲਈ ਹਾਕਮਾਂ ਵੱਲੋਂ ਕਰੂਰਤਾ ਦਿਖਾਈ ਗਈ ਸੀ। ਇਸ ਸਾਕੇ ਨਾਲ ਬਣੇ ਦਹਿਸ਼ਤ ਵਾਲੇ ਮਹੌਲ ਵਿੱਚ ਸ. ਬ. ਅਰੂੜ ਸਿੰਘ ਨੇ ਦਰਬਾਰ ਸਾਹਿਬ ਵਿੱਚ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਨਿਹੱਥੇ, ਅਣਭੋਲ ਲੋਕਾਂ ਦੀ ਕਤਲੋ-ਗਾਰਤ ਦੇ ਬੁੱਚੜ ਜਨਰਲ ਡਾਇਰ ਨੂੰ ਸਨਮਾਨਤ ਕਰਦੇ ਸਮੇਂ ਉਸ ਦੀ ਖੁਸ਼ਾਮਦੀ ਲਈ ਲੇਲੜੀਆਂ ਕੱਢੀਆਂ ਗਈਆਂ ਦਾ ਵੇਰਵਾ ਸੋਹਣ ਸਿੰਘ ਜੋਸ਼ ਦਾ ਪੁਸਤਕ ‘‘ਅਕਾਲੀ ਮੋਰਚਿਆਂ ਦਾ ਇਤਿਹਾਸ’’ ਤੋਂ ਇਲਾਵਾ ਹੋਰ ਇਤਿਹਾਸਕ ਪੁਸਤਕਾਂ ਵਿੱਚ ਪੜ੍ਹਿਆ ਜਾ ਸਕਦਾ ਹੈ। ਉਸ ਨਾਲ ਅੰਗਰੇਜ਼ ਟੋਡੀਆਂ ਦੇ ਵਿਰੁੱਧ ਨਫ਼ਰਤ ਫੈਲ ਗਈ ਸੀ। 23 ਜੁਲਾਈ 1919 ਨੂੰ ਮਾਰਸ਼ਲ ਲਾਅ ਵਾਪਸ ਲੈਣ ਦੀ ਦੇਰ ਸੀ ਕਿ ਰਵਾਇਤੀ ਸਿੱਖ ਧੜਿਆਂ ਨੂੰ ਨਕਾਰ ਕੇ 27 ਦਸੰਬਰ 1919 ਨੂੰ ਸਿੱਖ ਲੀਗ ਨਾਂਅ ਦੀ ਨਵੀਂ ਜਥੇਬੰਦੀ ਬਣਾਈ ਗਈ।
ਰੋਲਟ ਐਕਟ ਤਹਿਤ ਸਜ਼ਾ ਭੁਗਤ ਕੇ ਅੰਡੇਮਾਨ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਜਥੇਦਾਰ ਕਰਤਾਰ ਸਿੰਘ ਝੱਬਰ ਕਲੱਕਤਾ ਹੁੰਦੇ ਹੋਏ ਪੰਜਾਬ ਆਏ ਤਾਂ ਉਸ ਦੇ ਅੰਦਰ ਅੰਗਰੇਜ਼ੀ ਹਕੂਮਤ ਅਤੇ ਅੰਗਰੇਜ਼ਪ੍ਰਸਤਾਂ ਪ੍ਰਤੀ ਨਫ਼ਰਤ ਨੇ ਉਸ ਨੂੰ ਬੇਚੈਨ ਕਰ ਦਿੱਤਾ ਸੀ। ਇਹ ਘਟਨਾ 10,11,12 ਅਕਤੂਬਰ 1920 ਦੀ ਹੈ, ਜਦੋਂ ਖਾਲਸਾ ਬਰਾਦਰੀ (ਅਛੂਤ ਜਾਤੀਆਂ) ਵੱਲੋਂ ਪੰਜਾਬ ਭਰ ਦੇ ਰਵਿਦਾਸੀਏ ਸਿੱਖਾਂ ਦਾ ਭਾਰੀ ਦੀਵਾਨ ਜਲ੍ਹਿਆਂਵਾਲੇ ਬਾਗ ਵਿੱਚ ਕੀਤਾ ਗਿਆ। ਪ੍ਰਸ਼ਾਦ ਵਰਤਾਉਣ ਪਿਛੋਂ ਉਨਾਂ ਦੀ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਕੜਾਹ ਪ੍ਰਸ਼ਾਦ ਚੜਾਉਣ ਦੀ ਅਪੀਲ ਉੱਤੇ ਸਾਰੀ ਸੰਗਤ ਅਕਾਲ ਤਖ਼ਤ ਸਾਹਮਣੇ ਸਜ ਗਈ। 12 ਅਕਤੂਬਰ ਨੂੰ ਖਾਲਸਾ ਕਾਲਜ ਦੇ ਕੁੱਝ ਪ੍ਰੋਫੈਸਰ, ਗੁਰਦੁਆਰਿਆ ਵਿਚ ਆਏ ਨਿਘਾਰ ਤੋਂ ਦੁਖੀ ਸਿੱਖਾਂ ਤੇ ਹੋਰ ਪ੍ਰੇਮੀਆਂ ਦੇ ਸਹਿਯੋਗ ਨਾਲ ਸਜੇ ਦੀਵਾਨ ਦੀ ਕਾਰਵਾਈ ਸ਼ੁਰੂ ਕਰਦਿਆਂ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਗ਼ਦਰ ਲਹਿਰ ਤੇ ਕਾਮਾਗਾਟਾ ਮਾਰੂ ਮੁਸਾਫਰਾਂ ਦੇ ਅੰਡੇਮਾਨ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਦੇਸ਼ ਭਗਤਾਂ ਦੇ ਹਾਲਾਤ ਦਸਦਿਆਂ ਗੁਰਮਤਾ ਪੇਸ਼ ਕੀਤਾ :
‘ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸਾ ਜੀ ਦਾ ਸਜਿਆ ਇਹ ਦੀਵਾਨ ਪਾਸ ਕਰਦਾ ਹੈ ਕਿ ਜਿਨ੍ਹਾਂ ਨੇ ਬਜ ਬਜ ਦੇ ਘਾਟ ’ਤੇ ਅੰਗਰੇਜ਼ ਦਾ ਮੁਕਾਬਲਾ ਕੀਤਾ, ਉਹ ਗੁਰੂ ਦੇ ਸਿੱਖ ਹਨ, ਬਲਕਿ ਉਹ ਗੁਰੂ ਦੇ ਸਿੱਖ ਨਹੀਂ, ਜਿਹੜੇ ਘਰ ਮਨਮਤ ਕਰਦੇ ਹਨ। ਸ. ਬ. ਅਰੂੜ ਸਿੰਘ ਜੋ ਗੁਰਮਤਿ ਪ੍ਰਚਾਰ ਨੂੰ ਬੰਦ ਕਰਕੇ ਘਰ ਵਿੱਚ ਪੋਪ ਲੀਲਾ ਕਰਦਾ ਹੈ, ਉਹ ਗੁਰੂ ਦਾ ਸਿੱਖ ਨਹੀਂ।’
ਇਹ ਗੁਰਮਤਾ ਸਰਬਸੰਮਤੀ ਨਾਲ ਪਾਸ ਹੋਇਆ, ਜੋ ਜੈਕਾਰਿਆਂ ਦੀ ਗੂੰਜ ਨਾਲ ਸਭ ਨੇ ਪ੍ਰਵਾਨ ਕੀਤਾ।
ਇੱਥੋਂ ਹੀ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਸਮੇਂ ਕਾਮਾਗਾਟਾ ਮਾਰੂ ਤੇ ਗ਼ਦਰ ਲਹਿਰ ਦਾ ਸਾਂਝਾ ਪ੍ਰਤੀਕ ‘ਬਜ ਬਜ ਘਾਟੀਏ’ ਆਜ਼ਾਦੀ ਸੰਗਰਾਮ ਲਈ ਸ਼ਕਤੀ ਤੇ ਜੋਸ਼ ਦਾ ਪ੍ਰੇਰਨਾਸ੍ਰੋਤ ਬਣ ਗਿਆ। ਅੰਗਰੇਜ਼ ਪ੍ਰਸਤ ਸਿੱਖ ਟੋਲਾ ਵਿਸ਼ੇਸ਼ ਕਰਕੇ ਸ.ਬ. ਅਰੂੜ ਸਿੰਘ ਦੀ ਪੰਜਾਬੀਆਂ ਵੱਲੋਂ ਦੁਰ-ਦੁਰ ਹੋਣੀ ਸ਼ੁਰੂ ਹੋ ਗਈ ਅਤੇ ਹਰ ਪਾਸਿਓਂ
‘ਗੁਰਦੁਆਰਿਆਂ ਨੂੰ ਬਚਾਓ! ਅਤੇ ਆਪਣੇ ਜਿਉਦੇ ਹੋਣ ਦਾ ਸਬੂਤ ਦਿਓ!’ ਦੇ ਗੁਰਮਤੇ ਪਾਸ ਹੋਣੇ ਸ਼ੁਰੂ ਹੋ ਗਏ। ਵੱਖ ਵੱਖ ਕਮੇਟੀਆਂ, ਸਿੱਖ ਸੰਸਥਾਵਾਂ ਵੱਲੋਂ ਅਰੂੜ ਸਿੰਘ ਨੂੰ ਸਿੱਖੀ ਤੋਂ ਖਾਰਜ ਕਰਨ ਦੀ ਮੰਗ ਜ਼ੋਰ ਫੜ ਗਈ। ਇੱਥੇ ਪ੍ਰਸਿੱਧ ਸਿੱਖ ਆਗੂ ਦਾਨ ਸਿੰਘ ਵਿਛੋਏ ਦੇ ਪਿੰਡ ਵਿੱਚ ਹੋਏ ਅਦੁੱਤੀ ਦੀਵਾਨ ਦਾ ਹਵਾਲਾ ਦੇਣਾ ਜ਼ਰੂਰੀ ਹੈ, ਜਿਸ ਵਿੱਚ ਅੱਠ ਕੁ ਹਜ਼ਾਰ ਦੇ ਕਰੀਬ ਸਿੱਖ ਸੰਗਤ ਹਾਜ਼ਰ ਸੀ। ਇਸ ਵਿੱਚ ਪਾਸ ਕੀਤੇ ਚੌਦਾਂ ਗੁਰਮਤਿਆਂ ਵਿੱਚੋਂ ਦੋ ਇਹ ਸਨ:
‘ ਪੰਜਾਬ ਦੇ ਪਿਛਲੇ ਲਾਟ ਨੂੰ ਪੰਜਾਬ ਤੋਂ ਜਾਣ ਲੱਗਿਆਂ ਮਾਣ ਪੱਤਰ ਪੇਸ਼ ਕਰਨ ਵਾਲੇ ਸੁੰਦਰ ਸਿੰਘ ਮਜੀਠੀਆ, ਗੁਲਾਬ ਸਿੰਘ ਭਾਗੋਵਾਲੀਆ, ਅਰੂੜ ਸਿੰਘ ਸਰਬਰਾਹ, ਗੁਰਬਖਸ਼ ਸਿੰਘ ਸਕੱਤਰ ਤਨਖਾਹੀਏ ਹਨ ਤੇ ਇਨ੍ਹਾਂ ਦੇ ਨਾਂਅ ਨਾਲ ਸਰਦਾਰ ਜਾਂ ਭਾਈ ਪਦ ਨਾ ਵਰਤਿਆ ਜਾਏ। (ਗੁਰਮਤਾ ਨੰ. 9) ‘ਅੰਡੇਮਾਨ ਦੇ ਸਿੱਖ ਕੈਦੀ ਪੱਕੇ ਸਿੱਖ ਤੇ ਬਾਣੀ ਦੇ ਪ੍ਰੇਮੀ ਹਨ। ਜਿੰਨ੍ਹਾਂ ਕੁਦਰਤੀ ਸਿੱਖ ਲੀਡਰਾਂ ਨੇ ਉਨ੍ਹਾਂ ਵਿਰੁੱਧ ਗੁਪਤ ਪੱਤਰ ਕੱਢੇ ਸਨ, ਉਹ ਖੁਦ ਸਿੱਖ ਨਹੀਂ ਹਨ। ਤਾਂ ਸਾਰੇ ਪੰਜ ਵੇਰ ਆਖੋ ਕਿ ਅਰੂੜ ਸਿੰਘ ਸਰਬਰਾਹ, ਸਿੱਖ ਨਹੀਂ ਹੈ ਤੇ ਉਸ ਨੂੰ ਲਾਹਨਤ ਹੈ। ਸੁੰਦਰ ਸਿੰਘ ਮਜੀਠੀਆ, ਜਿਸ ਨੇ ਗੁਪਤ ਪੱਤਰ ਕੱਢਵਾਇਆ ਸੀ, ਸਿੱਖ ਨਹੀਂ ਹੈ ਤੇ ਉਸ ਨੂੰ ਵੀ ਲਾਹਨਤ ਆਖੋ। ਸਾਰੀ ਸੰਗਤ ਨੇ ਜ਼ੋਰਦਾਰ ਨਾਹਰਿਆਂ ਨਾਲ ਪੰਜਾਂ ਵੇਰਾਂ ਇਨ੍ਹਾਂ ’ਤੇ ਲਾਹਨਤ ਪਾਈ ਤੇ ਕਿਹਾ ਇਹ ਸਿੱਖ ਨਹੀਂ।’ (ਗੁਰਮਤਾ ਨੰ. 13)
( ਸ਼੍ਰੋ.ਗੁ. ਪ੍ਰੰ. ਕਮੇਟੀ ਕਿਵੇਂ ਬਣੀ? ਦਿਲਗੀਰ, ਪੰਨਾਂ 153, 54, 55)
ਇਨ੍ਹਾਂ ਗੁਰਮਤਿਆਂ ਦਾ ਅਰੂੜ ਸਿੰਘ ’ਤੇ ਅਸਰ ਨਾ ਹੋਇਆ ਤਾਂ ਫਿਰ ਗੁਰਦੁਆਰਾ ਸੇਵਕ ਕਮੇਟੀ ਅੰਮਿ੍ਰਤਸਰ ਵੱਲੋਂ ਉਸ ਨੂੰ ਨੋਟਿਸ ਦਿੱਤਾ ਗਿਆ, ਜਿਸ ਵਿੱਚ ਲਿਖਿਆ ਗਿਆ ਸੀ:
ਨੋਟਿਸ ਬਨਾਮ ਅਰੂੜ ਸਿੰਘ ਸਰਬਰਾਹ ਦਰਬਾਰ ਸਾਹਿਬ ਅੰਮਿ੍ਰਤਸਰ ਜੀ ਮਿਆਦੀ ਏਕ ਹਫ਼ਤਾ
ਤੁਮਕੋ ਖਾਲਸਾ ਕੌਮ ਔਰ ਸਿੱਖ ਸੰਗਤ ਨੇ ਬੜੇ ਬੜੇ ਦੀਵਾਨ ਕਰਕੇ ਹੁਕਮ ਦੀਆ ਹੈ ਕਿ ਸਰਬਰਾਹੀ ਸੇ ਫੌਰਨ ਜੁਦਾ ਹੋ ਜਾਉ ਕਿਉਕਿ ਤੁਮਨੇ ਦਰਬਾਰ ਸਾਹਿਬ ਮੇਂ ਵੋਹ ਬਦਇੰਤਜਾਮੀ ਔਰ ਬਦਨਾਮ ਸ਼ੁਰੂ ਕਰਾ ਦੀਏ ਹੈ ਜਿਨ ਸੇ ਹਮ ਲੋਗ ਤੰਗ ਆ ਗਏ ਹੈ, ਅਬ ਹਮ ਬਰਦਾਸ਼ਤ ਨਹੀਂ ਕਰ ਸਕਤੇ , ਇਸ ਲੀਏ ਇਸ ਨੋਟਿਸ ਕੇ ਜ਼ਰੀਏ ਇਤਲਾਹ ਦੇਤੇਂ ਹੈ ਕਿ ਅਗਰ ਮਿਆਦ ਮਜਕੂਰਾ ਕੇ ਅੰਦਰ ਸਰਬਰਾਹੀ ਨਾ ਛੋੜੋਗੇ ਤੋਂ ਬਿਬਾਨ ਨਿਕਾਲਾ ਜਾਏਗਾ, ਔਰ ਕੌਮ ਤੁਮ ਕੋਂ ਆਪਣੀ ਤਰਫ਼ ਸੇ ਮੁਰਦਾ ਸਮਝੇਗੀ।
ਗੁਰਦੁਆਰਾ ਸੇਵਕ ਕਮੇਟੀ
21 ਅਗਸਤ 1920 ਅਕਾਲੀ ਲਾਹੌਰ।
ਸਰਬਰਾਹੀ ਤੋਂ ਹਟਾਉਣ ਦੀ ਮੰਗ ਜ਼ੋਰ ਫੜ ਗਈ। ਅਗਸਤ 1920 ਦੇ ‘ ਅਕਾਲੀ ਲਾਹੌਰ’ ਅਖ਼ਬਾਰ ਨੇ ਇਸ ਤਰ੍ਹਾਂ ਲਿਖਿਆ
‘‘ ਖਰਾਬੀ ਦੀ ਜੜ੍ਹ, ਸਰਬਰਾਹ ਅਰੂੜ ਸਿੰਘ ਹਾਲਾਂ ਤੱਕ ਸਰਬਰਾਹੀ ਦੀ ਕੁਰਸੀ ’ਤੇ ਡਟਿਆ ਹੋਇਆ ਹੈ। ਸਾਡੇ ਪਵਿੱਤਰ ਸ਼ਹੀਦੀ ਅਸਥਾਨ ਨੂੰ ਅਪਵਿੱਤਰ ਕਰ ਰਿਹਾ ਹੈ। ਜਿਸ ਨੂੰ ਸਿੱਖ ਪੰਥ, ਕਈ ਵਰ੍ਹਿਆਂ ਤੋਂ ਧੱਕੇ ਮਾਰ ਰਿਹਾ ਹੈ, ਸਰਕਾਰ ਉਸਨੂੰ ਸਿੱਖਾਂ ਦਾ ਆਗੂ ਬਣਾ ਰਹੀ ਹੈ। ਅਜ਼ਬ ਤਮਾਸ਼ਾ ਹੈ,‘ ਜਾਣ ਨਾ ਪਹਿਚਾਣ, ਮੈਂ ਤੇਰਾ ਮਹਿਮਾਨ’।’’
24 ਅਗਸਤ 1920 ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਇਕ ਦੀਵਾਨ ਸਜਿਆ, ਜਿਸ ਵਿੱਚ ਅਰੂੜ ਸਿੰਘ ਨੇ ਹੱਥ ਜੋੜ ਕੇ ਕਿਹਾ, ‘‘ ਖਾਲਸਾ ਜੀ ਮੇਰੀ 18 ਸਾਲ ਦੀ ਸੇਵਾ ਚੰਗੀ ਜਾਂ ਮੰਦੀ ਨੂੰ ਪ੍ਰਵਾਨ ਕਰੋ, ਮੈਂ ਅਸਤੀਫਾ ਦਿੰਦਾ ਹਾਂ, ਮੇਰਾ ਜਨਾਜਾ ਨਾ ਕੱਢਿਓ।’’
ਇਸ ਤਰ੍ਹਾਂ ਅਰੂੜ ਸਿੰਘ ਨੂੰ ਹਟਾ ਕੇ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਸਰਬਰਾਹ ਬਣਾਇਆ ਗਿਆ। ਇਨ੍ਹਾਂ ਇਤਿਹਾਸਕ ਤੱਥਾਂ ਤੋਂ ਜ਼ਾਹਰ ਹੈ ਕਿ ਅੰਗਰੇਜ਼ੀ ਰਾਜ ਸਮੇਂ ਸ. ਬ. ਅਰੂੜ ਸਿੰਘ ਸਿੱਖੀ ਦੇ ਭੇਸ਼ ਵਿੱਚ ਸਿੱਖ ਪੰਥ ਦਾ ਦੋਖੀ ਸੀ।
ਰੋਂਦੀ ਏ ਇੱਕ ਨੂੰ, ਇਥੇ ਆਵਾ ਈ ਊਤ ਗਿਆ।
ਸ਼ਹੀਦ ਭਗਤ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਮੱੁੱਖ ਭੂਮਿਕਾ ਨਿਭਾਉਣ ਵਾਲੇ ਪੰਜਾਬ ਦੇ ਲੋਕਾਂ ਲਈ ਮੰਦਭਾਗਾ ਸੰਕੇਤ ਹੈ। ਦਰਬਾਰ ਸਾਹਿਬ ਵਿੱਚੋਂ ਸ਼ਹੀਦ ਭਗਤ ਸਿੰਘ ਦੀ ਫੋਟੋ ਉਤਾਰਨ ਦੇ ਰੌਲੇ ਵਿੱਚ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਨਾਂਅ ਦੀ ਚਰਚਾ ਵੀ ਹੋਈ ਹੈ। ਭਾਈ ਰਣਧੀਰ ਸਿੰਘ ਦੀਆਂ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋ ਕੇ ਕੀਤੀਆਂ ਲਾਸਾਨੀ ਕੁਰਬਾਨੀਆਂ ਨੂੰ, ਉਨ੍ਹਾਂ ਦੀ ਪੁਸਤਕ ‘ਜੇਲ੍ਹ ਚਿੱਠੀਆਂ’ ਪੜ੍ਹ ਕੇ ਮੁਰਦਾ ਰੂਹਾਂ ਵੀ ਬੋਲ ਪੈਂਦੀਆਂ ਹਨ। ਭਾਈ ਜੀ ਵੀ ਉਨ੍ਹਾਂ ਸੰਗਰਾਮੀਆਂ ਵਿੱਚ ਸ਼ਾਮਲ ਸਨ, ਜਿੰਨ੍ਹਾਂ ਵਿਰੁੱਧ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਸ.ਬ. ਅਰੂੜ ਸਿੰਘ ਨੇ ਅਕਾਲ ਤਖ਼ਤ ਤੋਂ ਫਤਵਾ ਜਾਰੀ ਕੀਤਾ ਸੀ। ਅੰਗਰੇਜ਼ ਅਧਿਕਾਰੀ ਜੇਲ੍ਹ ਵਿੱਚ ਜਦੋਂ ਤਰ੍ਹਾਂ-ਤਰ੍ਹਾਂ ਦੇ ਤਸ਼ੱਦਦਾ ਦੇ ਐਕਸਪੈਰੀਮੈਂਟ ਭਾਈ ਰਣਧੀਰ ਸਿੰਘ ਉੱਪਰ ਕਰ ਰਹੇ ਸਨ ਤਾਂ ਸ.ਬ. ਗੱਜਣ ਸਿੰਘ ਤੇ ਅਰੂੜ ਸਿੰਘ ਨੇ ਭਾਈ ਜੀ ਦੀ ਸੁਪਤਨੀ ਬੀਬੀ ਕਰਤਾਰ ਕੌਰ ਦੀ ਦੁਖੀ ਆਤਮਾ ਨੂੰ ਹੋਰ ਤੰਗ-ਪ੍ਰੇਸ਼ਾਨ ਕਰੀ ਰੱਖਿਆ ਸੀ। ਇਸ ਸਬੰਧੀ ਛਪਿਆ ਹੋਇਆ 12 ਸਤੰਬਰ1920 ਦੇ ਅਕਾਲੀ ਅਖਬਾਰ ਵਿੱਚ ਬੀਬੀ ਦੀ ਦਾ ਬਿਆਨ, ਜੋ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ?’ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ। ਸ਼ਹੀਦ ਭਗਤ ਸਿੰਘ ਵਿਰੁੱਧ ਬਕਬਕ ਕਰਨਾ ਖਾਨਦਾਨੀ ਸਿੱਖ ਵਿਰਾਸਤ ਵਿਰੋਧੀ ਅਤੇ ਅੰਗਰੇਜ਼ਪ੍ਰਸਤੀ ਪ੍ਰਵਿਰਤੀ ਸਿਮਰਨਜੀਤ ਸਿੰਘ ਮਾਨ ਦੀ ਖਾਨਦਾਨੀ ਲਾਗ ਦਾ ਸੰਕੇਤ ਹੀ ਹੈ। ਸਿਮਰਨਜੀਤ ਮਾਨ ਦੀ ਫਿਤਰਤ ਬਾਰੇ ਉਸ ਦੇ ਨਾਲ ਲੰਮਾ ਸਮਾਂ ਰਹੇ ਹਰਦੀਪ ਸਿੰਘ ਡਿਬਡਿਬਾ ਨੇ ਬਹੁਤ ਕੁੱਝ ਜੱਗ-ਜਾਹਰ ਕਰਦਿਆ ਪਤੇ ਦੀ ਗਲ ਕਹੀ ਕਿ,‘ ਪੰਜਾਬ ਦੀ ਗੱਡੀ ਜਦੋਂ ਵੀ ਲੀਹ ’ਤੇ ਆਉਦੀ ਤਾਂ ਉਦੋਂ ਹੀ ਸਿਮਰਨਜੀਤ ਮਾਨ ਖਲਾਰਾ ਪਾ ਦਿੰਦਾ।’ ਸਿਮਰਨਜੀਤ ਮਾਨ ਦੇ ਉਦੇਸ਼ ਦੇ ਭੇਤ ਬਾਰੇ ਸ਼੍ਰੀ ਡਿਬਡਿਬਾ ਨੇ ਸੰਕੇਤ ਵੀ ਦਿੱਤਾ ਹੈ ਕਿ ਇਸ ਦੀ ਲਗਾਮ ਕਿੰਨ੍ਹਾਂ ਸ਼ਕਤੀਆਂ ਦੇ ਹੱਥ ’ਚ ਹੈ।
No comments:
Post a Comment