Saturday, November 19, 2022

ਦਿੱਲੀ ਸਿੱਖ ਕਤਲੇਆਮ ਦੇ 38 ਸਾਲ......

 ਦਿੱਲੀ ਸਿੱਖ ਕਤਲੇਆਮ ਦੇ 38 ਸਾਲ......

ਦਿੱਲੀ ਸਿੱਖ ਕਤਲੇਆਮ ਨੂੰ  38 ਸਾਲ ਹੋ ਗਏ ਹਨ। ਇਸ ਕਤਲੇਆਮ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ ਤੇ ਲਿਖਿਆ ਜਾ ਰਿਹਾ ਹੈ। ਪਰ ਹਾਲੇ ਵੀ ਬਹੁਤ ਕੁਝ ਲਿਖਿਆ ਜਾਣਾ ਬਾਕੀ ਹੈ। ਜਦੋਂ ਤੱਕ ਮੁਲਕ ਦੇ ਨਿਜ਼ਾਮ ਦੀ ਸੇਵਾਦਾਰ ਸਿਆਸਤ ਫਿਰਕੂ ਅੱਗ ਦੇ ਭਾਂਬੜਾਂ ਨਾਲ ਖੇਡਦੀ ਰਹੇਗੀ ਉਦੋਂ ਤੱਕ ਲਿਖਿਆ ਜਾਣਾ ਬਾਕੀ ਹੀ ਰਹੇਗਾ।

    ਇਹ ਕਤਲੇਆਮ ਦੇਸ਼ ਦੀ ਹਾਕਮ ਜਮਾਤੀ ਸਿਆਸਤ ਦੇ ਫ਼ਿਰਕੂਪੁਣੇ ਦੀ ਸਿਆਹ ਹਕੀਕਤ ਦਾ ਚਮਕਦਾ ਸਿਰਨਾਵਾਂ ਹੈ। ਕੋਈ ਧਾਰਮਿਕ ਪਾਟਕ ਨਹੀਂ ਸੀ, ਲੋਕਾਂ ’ਚ ਕੋਈ ਰੱਟਾ ਨਹੀਂ ਸੀ ਪਰ ਵੋਟ ਸਿਆਸਤ ਦੀ ਖੇਡ ਦੀਆਂ ਚਾਲਾਂ ਨੇ ਹਜ਼ਾਰਾਂ ਬੇਦੋਸ਼ੇ ਸਿੱਖਾਂ ਨੂੰ ਦਾਣਿਆਂ ਵਾਂਗ ਭੁੰਨ ਸੁੱਟਿਆ ਸੀ। 

ਪੰਜਾਬ ਅੰਦਰ ਹਕੂਮਤੀ ਕੁਰਸੀ ਖ਼ਾਤਰ ਇੱਕ ਦੂਜੇ ਨੂੰ ਗੁੱਠੇ ਲਾਉਣ ਲਈ ਤੇ ਆਪੋ ਆਪਣੀਆਂ ਪਾਰਟੀਆਂ ਦੇ ਧੜਿਆਂ ’ਚ   ਇੱਕ ਦੂਜੇ ਧੜੇ ਨੂੰ ਠਿੱਬੀ ਲਾਉਣ ਲਈ ਖੇਡੀ ਗਈ ਕਾਂਗਰਸੀ ਤੇ ਅਕਾਲੀ ਸਿਆਸਤਦਾਨਾਂ ਦੀ ਇਸ ਵੋਟ ਖੇਡ ਨੇ ਨਾ ਸਿਰਫ ਦਿੱਲੀ ਵਸਦੇ ਬੇ-ਕਸੂਰ ਸਿੱਖ ਧਰਮੀ ਲੋਕਾਂ ਨੂੰ ਆਪਣਾ ਖਾਜਾ ਬਣਾਇਆ ਸੀ, ਸਗੋਂ 15 ਸਾਲ ਪੰਜਾਬ ਨੂੰ ਵੀ ਇਸ ਅੱਗ ਦੀ ਭੱਠੀ  ’ਚ ਝੋਕੀ ਰੱਖਿਆ ਸੀ। ਕਾਂਗਰਸੀ ਸਿਆਸਤਦਾਨਾਂ ਦੀ ਸ਼ਹਿ ’ਤੇ ਸਿੱਖ ਧਰਮ ਦੇ ਦਾਅਵੇਦਾਰ ਜਨੂੰਨੀ ਅਨਸਰਾਂ ਤੇ ਨਿਰੰਕਾਰੀਆਂ ’ਚ ਟਕਰਾਅ ਦੀਆਂ ਘਟਨਾਵਾਂ ਤੋਂ ਲੈ ਕੇ ਅਪ੍ਰੇਸ਼ਨ ਬਲਿਊ ਸਟਾਰ, ਇੰਦਰਾ ਗਾਂਧੀ ਦਾ ਕਤਲ ਤੇ ਦਿੱਲੀ ਦੇ ਸਿੱਖ ਕਤਲੇਆਮ ਦਾ ਵਾਪਰਨਾ ਸਭ ਕੁਝ ਹਾਕਮ ਜਮਾਤੀ ਸਿਆਸਤ ’ਚ ਫਿਰਕੂ ਪੱਤਿਆਂ ਦੀਆਂ ਚਾਲਾਂ ਦੇ ਸਿੱਟੇ ਸਨ। ਦਿੱਲੀ ਸਿੱਖ ਕਤਲੇਆਮ ਆਪਣੇ ਆਪ ’ਚ ਹੀ ਕੋਈ ਵਿਕਲੋਤਰਾ ਕਹਿਰ ਨਹੀਂ ਸੀ, ਸਗੋਂ ਹਾਕਮ ਜਮਾਤੀ ਸਿਆਸਤ ਵੱਲੋਂ ਸਿਰਜੇ ਇੱਕ ਭਿਅੰਕਰ ਦੌਰ ਦਾ ਵੱਡਾ ਦਰਦਨਾਕ ਕਾਂਡ ਸੀ। ਇਸ ਦੇ ਅੱਗੇ ਤੇ ਪਿੱਛੇ ਘਟਨਾਵਾਂ ਦਾ ਇੱਕ ਪੂਰਾ ਤਾਣਾ-ਬਾਣਾ ਸੀ।  ਦਿੱਲੀ ਸਿੱਖ ਕਤਲੇਆਮ ਪ੍ਰਧਾਨ ਮੰਤਰੀ ਦੇ ਕਤਲ ਦੀ ਸਿੱਖ ਭਾਈਚਾਰੇ ਨੂੰ ਦਿੱਤੀ ਗਈ ਸਮੂਹਿਕ ਸਜ਼ਾ ਸੀ ਜਿਹੜੀ ਕਿਸੇ ਜੰਗਲ ਰਾਜ ’ਚ ਵੀ ਕਿਆਸਣੀ ਔਖੀ ਲਗਦੀ ਹੈ।

ਦਿੱਲੀ  ਕਤਲੇਆਮ ਨੂੰ ਚਾਰ ਦਹਾਕੇ ਹੋਣ ਵਾਲੇ ਹਨ ਪਰ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਹੋਈਆਂ, ਨਾ ਹੋਣੀਆਂ ਸਨ। ਨਾ ਗੋਧਰਾ ਵਾਲਿਆਂ ਨੂੰ ਹੋਈਆਂ, ਨਾ ਬਾਬਰੀ ਮਸਜਿਦ ਵਾਲਿਆਂ ਨੂੰ ਹੋਈਆਂ ਤੇ ਨਾ ਕਿਸੇ ਹੋਰ ਫਿਰਕੂ ਕਤਲੇਆਮ ਦੇ ਦੋਸ਼ੀਆਂ ਨੂੰ। ਦਿੱਲ਼ੀ ਦਾ ਸਿੱਖ ਕਤਲੇਆਮ ਤਾਂ ਦੇਸ਼ ਦੀ ਹਾਕਮ ਜਮਾਤੀ ਸਿਆਸਤ ਦੇ ਅਗਲੇ ਨਿੱਘਰਦੇ ਅਮਲਾਂ ਦੀ ਸ਼ੁਰੂਆਤ ਸੀ। ਗੱਲਾਂ ਤਾਂ ਹੋਰ ਅਗਾਂਹ ਜਾਣੀਆਂ ਸਨ ਤੇ ਗਈਆਂ ਵੀ। ਅੱਜ ਮੁਲਕ ਉਸਤੋਂ ਬਹੁਤ ਅੱਗੇ ਜਾ ਕੇ ਅਜਿਹੇ ਕਈ ਕਤਲੇਆਮ ਹੰਢਾ ਚੁੱਕਿਆ ਹੈ ਤੇ ਹੋਰ ਹੰਢਾਉਣ ਦੀ ਤਿਆਰੀ ਕਰ ਰਿਹਾ ਹੈ।

ਦਿੱਲੀ  ’ਚ ਸਿੱਖ ਧਾਰਮਿਕ ਫਿਰਕੇ ਦੇ ਲੋਕਾਂ ਦਾ ਕਤਲੇਆਮ ਤੇ ਬਾਕੀ ਘਟਨਾਵਾਂ ਮੁਲਕ ਦੀ ਹਾਕਮ ਜਮਾਤੀ ਸਿਆਸਤ ’ਚ ਕੇਂਦਰੀ ਪੱਧਰ  ਤੋਂ ਫ਼ਿਰਕਾਪ੍ਰਸਤੀ  ’ਤੇ ਏਨੀ ਖੁੱਲ੍ਹਮ ਖੁੱਲ੍ਹੀ ਤੇ ਐਲਾਨੀਆ ਟੇਕ ਦੇ ਪਹਿਲੇ ਇਜ਼ਹਾਰ ਸਨ। ਇਸ ਤੋਂ ਪਹਿਲਾਂ 72 ਦੀ ਬੰਗਲਾ ਦੇਸ਼ ਜੰਗ ਵੇਲੇ ਫ਼ਿਰਕੂ ਰੰਗਤ ਵਾਲੇ ਕੌਮੀ ਸ਼ਾਵਨਵਾਦੀ ਮਾਹੌਲ ਦੀ ਉਸਾਰੀ ਰਾਹੀਂ ਇੰਦਰਾ ਗਾਂਧੀ ਨੇ ਚੋਣਾਂ ’ਚ ਵੱਡੀ ਜਿੱਤ ਹਾਸਲ ਕੀਤੀ ਸੀ, ਪਰ ਮੁਲਕ ਅੰਦਰਲੇ ਕਿਸੇ ਫਿਰਕੇ ਦੇ ਕਤਲੇਆਮ ਰਾਹੀਂ ਇਉਂ ਫਿਰਕੂ ਤੇ ਕੌਮੀ ਸ਼ਾਵਨਵਾਦ ਦੇ ਪੱਤੇ ਦੀ ਵਰਤੋਂ ਦਾ ਇਹ ਪਹਿਲਾ ਨਮੂਨਾ ਸੀ।  ਕਾਂਗਰਸ ਪਾਰਟੀ ਨੇ ਖੁਦ ਹੀ ਜਨੂੰਨੀ ਅਨਸਰਾਂ ਨੂੰ ਉਭਾਰ ਕੇ ਤੇ ਮਗਰੋਂ ਕੌਮੀ ਏਕਤਾ ਅਖੰਡਤਾ ਦੇ ਨਾਂ ਹੇਠ ਦੇਸ਼ ਭਰ ’ਚ ਹਿੰਦੂ ਰੰਗਤ ਵਾਲੇ ਕੌਮੀ ਸ਼ਾਵਨਵਾਦ ਦਾ ਝੱਖੜ ਝੁਲਾਇਆ ਸੀ। ਇਹ ਭਾਰਤੀ ਰਿਆਸਤ ਦੇ ਧਰਮ ਨਿਰਪੱਖਤਾ ਦੇ ਦਹਾਕਿਆਂ ਤੋਂ ਦਾਅਵਿਆਂ ਦਾ ਪਹਿਲੀ ਵਾਰ ਉਜਾਗਰ ਹੋਇਆ ਸੱਚ ਸੀ। ਇਹ ਸੱਚ ਉਦੋਂ ਵਾਜਪਾਈ ਦੇ ਮੂੰਹੋਂ ਵੀ ਇਹ ਕਹਿਣ ਰਾਹੀਂ ਪ੍ਰਗਟ ਹੋਇਆ ਸੀ ਕਿ ਸਾਡੇ ਵਾਲਾ ਪੱਤਾ ਕਾਂਗਰਸ ਖੇਡ ਗਈ।  ਇਹ ਮੁਲਕ ਦੇ ਹਾਕਮ ਜਮਾਤੀ ਸਿਆਸਤੀ ਢਾਂਚੇ ’ਚ ਫਿਰਕੂ ਪੱਤੇ ਦੀ ਬੇਝਿਜਕ ਵਰਤੋਂ ਦੀ ਸ਼ੁਰੂਆਤ ਸੀ ਜਿਹੜੀ ਮਗਰੋਂ ਵਧਦੀ ਹੀ ਤੁਰੀ ਗਈ। ਭਾਰਤੀ ਰਾਜ ਧਾਰਮਿਕ ਪਛਾਣਾਂ ਤੇ ਵੰਡਾਂ ਨੂੰ ਤਿੱਖਾ ਕਰਦਾ ਗਿਆ ਹੈ ਤੇ ਕਿੰਨੀਆਂ ਹੀ ਮੌਕਾਪ੍ਰਸਤ ਵੋਟ ਪਾਰਟੀਆਂ ਇਹਨਾਂ ਪਛਾਣਾਂ ਦੀ ਖੇਡ ਖੇਡਦੀਆਂ ਰਹੀਆਂ ਹਨ। ਪਹਿਲਾਂ ਸਿੱਖਾਂ ਖ਼ਿਲਾਫ਼ ਫਿਰਕੂ ਤੇ ਕੌਮੀ ਸ਼ਾਵਨਵਾਦ ਭੜਕਾਉਣ ਮਗਰੋਂ ਕਾਂਗਰਸ ਨੇ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲ੍ਹਣ ਰਾਹੀਂ ਭਾਰਤੀ ਸਿਆਸਤੀ ਢਾਂਚੇ ਅੰਦਰ ਹਿੰਦੂਤਵੀ ਪੱਤੇ ਦੀ ਜ਼ੋਰਦਾਰ ਵਰਤੋਂ ਦਾ ਮੁੱਢ ਬੰਨ੍ਹ ਦਿੱਤਾ ਸੀ ਜੀਹਦੇ ਫਲ ਅੱਜ ਭਾਜਪਾ ਮਾਣ ਰਹੀ ਹੈ। ਦਿੱਲੀ ’ਚ ਹੋਇਆ ਸਿੱਖਾਂ ਦਾ ਕਤਲੇਆਮ ਯਾਦ ਕਰਾਉਦਾ ਹੈ ਕਿ ਇਹ ਸਿਰਫ ਭਾਜਪਾ ਹੀ ਨਹੀਂ ਹੈ ਜਿਹੜੀ ਇਹ ਖੇਡ ਖੇਡਦੀ ਹੈ, ਸਗੋਂ ਕਾਂਗਰਸ ਵੀ ਖੇਡਦੀ ਰਹੀ ਹੈ। ਅੱਜ ਭਾਜਪਾ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ ਜਦੋਜਹਿਦ ਦੇ ਸਵਾਲ ਵੇਲੇ ਕਾਂਗਰਸ ਨੂੰ ਧਰਮ-ਨਿਰਪੱਖ ਤਾਕਤਾਂ ’ਚ ਸ਼ੁਮਾਰ ਕਰਨ ਵਾਲੇ ਹਿੱਸਿਆਂ ਨੂੰ ਦਿੱਲੀ ਸਿੱਖ ਕਤਲੇਆਮ ਦੇ ਹਵਾਲੇ ਨਾਲ ਕਾਂਗਰਸ ਦੇ ਫਿਰਕੂ ਅਮਲ ਨੂੰ ਚਿਤਾਰਨਾ ਚਾਹੀਦਾ ਹੈ ਤੇ ਕਾਂਗਰਸ ਦੇ ਸਹਾਰੇ ਧਰਮ-ਨਿਰਪੱਖ ਤਾਕਤਾਂ ਦੀ ਲੜਾਈ ਦੇ ਭਰਮਾਂ ’ਚੋਂ ਬਾਹਰ ਆਉਣਾ ਚਾਹੀਦਾ ਹੈ।

ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣਾ ਭਾਰਤੀ ਅਦਾਲਤੀ ਪ੍ਰਬੰਧ ਦੀ ਖਿੱਲੀ ਉਡਾਉਂਦਾ ਜਿਉਦਾ ਤੱਥ ਹੈ। ਰਾਜ ਮਸ਼ੀਨਰੀ ਦੀ ਧੁਰ ਡੂੰਘੀ ਸ਼ਮੂਲੀਅਤ ਨਾਲ ਮੁਲਕ ਦੀ ਰਾਜਧਾਨੀ ’ਚ , ਰਾਜ ਦੇ ਸਾਰੇ ਤੰਤਰ ਦੇ ਐਨ ਨੱਕ ਹੇਠ ਵਾਪਰਿਆ ਕਤਲੇਆਮ ਲੰਮਾ ਸਮਾਂ ਅਖੌਤੀ ਭਾਰਤੀ ਜਮਹੂਰੀਅਤ ਦੇ ਮੂੰਹ ਚਿੜਾਉਂਦਾ ਰਹੇਗਾ ਤੇ ਦਹਾਕਿਆਂ ਬਾਅਦ ਵੀ ਇਨਸਾਫ ਨੂੰ ਉਡੀਕਦੇ ਤੁਰ ਗਏ ਲੋਕਾਂ ਦੇ ਹਉਕੇ ਭਾਰਤੀ ਜਮਹੂਰੀਅਤ ਦੀ ਇਨਸਾਫ ਪਸੰਦੀ ਦੇ ਦਾਅਵਿਆਂ ਦੇ ਕੀਰਨੇ ਹੋ ਕੇ ਗੂੰਜਦੇ ਰਹਿਣਗੇ।


ਦਿੱਲੀ ਸਿੱਖ ਕਤਲੇਆਮ ਦੀ ਦਰਦ ਵਿੰਨੀ ਯਾਦ ਦੇ ਇਹਨਾਂ ਦਿਨਾਂ ’ਚ ਇਨਸਾਫ ਦੇ ਹੱਕ ਲਈ ਆਵਾਜ਼ ਉੱਠਦੀ ਰਹਿਣੀ ਚਾਹੀਦੀ ਹੈ। ਅੱਜ ਦੇ ਸਮੇਂ ’ਚ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਦੀ ਪਛਾਣ ਕਰਨ, ਇਹਦੇ ਖਿਲਾਫ਼ ਤੇ ਵੋਟ ਪਾਰਟੀਆਂ ਵੱਲੋਂ ਇਸਦੀ ਵਰਤੋਂ ਖਿਲਾਫ਼ ਸੰਘਰਸ਼ ਕਰਨ ਲਈ ਡਟਣਾ ਚਾਹੀਦਾ ਹੈ। ਪੰਜਾਬ ਅੰਦਰ ਫ਼ਿਰਕੂ ਹਵਾਵਾਂ ਵਗਾਉਣ ਦੇ ਨਵੇਂ ਨਾਪਾਕ ਇਰਾਦਿਆਂ ਨੂੰ ਮਾਤ ਦੇਣੀ ਚਾਹੀਦੀ ਹੈ।      

No comments:

Post a Comment