Tuesday, November 29, 2022

ਪੰਜਾਬੀ ਸੱਭਿਆਚਾਰਕ ਜੀਵਨ-ਜਾਚ ਨੂੰ ਖਤਰਾ ਕੀਹਤੋਂ ਹੈ!

 ਪੰਜਾਬੀ ਸੱਭਿਆਚਾਰਕ ਜੀਵਨ-ਜਾਚ ਨੂੰ ਖਤਰਾ ਕੀਹਤੋਂ ਹੈ!

ਪੰਜਾਬੀ ਸੱਭਿਆਚਾਰਕ ਜੀਵਨ-ਜਾਚ ਨੂੰ ਖਤਰਾ “ਭਈਆਂ’’ ਨਾਲੋਂ ਜ਼ਿਆਦਾ ਬਹੁ-ਕੌਮੀ ਕੰਪਨੀਆਂ ਦੇ ਖਪਤ ਸੱਭਿਆਚਾਰ ਤੋਂ ਹੈ ਜਿਹੜਾ ਅੰਗਰੇਜ਼ੀ ਦੀ ਅਖੌਤੀ ਉੱਤਮਤਾ ਦੇ ਲਿਬਾਸ ’ਚ ਲਪੇਟਿਆ ਹੋਇਆ ਹੈ। ‘ਚਿੱਟ’ੇ ਵਾਂਗੂੰ ਇਹ ਪੰਜਾਬ ਅੰਦਰ ਡੂੰਘੀਆਂ ਜੜ੍ਹਾਂ ਜਮਾਈ ਬੈਠਾ ਹੈ ਤੇ ਪੰਜਾਬੀ ਕੌਮੀਅਤ ਦੇ ਵਿਕਾਸ ਨੂੰ ਮਰੁੰਡਦਾ ਹੈ। ਸਾਮਰਾਜੀ ਮੁਲਕਾਂ ਵੱਲੋਂ ਸਾਡੇ ’ਤੇ ਆਪਣਾ ਗਲਬਾ ਕਾਇਮ ਰੱਖਣ ਲਈ, ਆਪਣਾ ਮਾਲ ਵੇਚਣ ਲਈ ਅਤੇ ਸਾਡੀ ਕਿਰਤ ਤੇ ਕੁਦਰਤੀ ਸਾਧਨਾਂ ਨੂੰ ਲੁੱਟਣ ਲਈ ਇਸ ਸੱਭਿਆਚਾਰ ਨੂੰ ਬਹੁਤ ਸੂਖਮਤਾ ਨਾਲ ਲੋਕਾਂ ’ਤੇ ਮੜ੍ਹਿਆ ਗਿਆ ਹੈ। ਇਹਦੀਆਂ ਜੜ੍ਹਾਂ ਸਿੱਧੀ ਬਸਤੀਵਾਦੀ ਗੁਲਾਮੀ ਦੇ ਦੌਰ ’ਚ ਲੱਗੀਆਂ ਹੋਈਆਂ ਹਨ ਤੇ ਚੋਰ ਗ਼ੁਲਾਮੀ ਜਾਰੀ ਰਹਿਣ ਕਰਕੇ ਵਧਦੀਆਂ-ਫੁਲਦੀਆਂ ਰਹੀਆਂ ਹਨ।

ਪੰਜਾਬ ’ਚ ਖੁੰਭਾਂ ਵਾਂਗੂੰ ਉੱਗੇ ਹੋਏ ਆਇਲੈੱਟਸ ਸੈਂਟਰ ਅੰਗਰੇਜ਼ੀ ਦੀ ਸਰਦਾਰੀ ਦਾ ਸਿਰਨਾਵਾਂ ਬਣੇ ਹੋਏ ਹਨ। ਪੰਜਾਬ ’ਚ ਅੰਗਰੇਜ਼ੀ ਸਕੂਲਾਂ ਦੀ ਚੜ੍ਹਤ ਕੀ ਭਈਆਂ ਕਰਕੇ ਹੈ। ਇਹ ਸਕੂਲ ਸਿਰਫ਼ ਅੰਗਰੇਜ਼ੀ ਦੀ ਸਰਦਾਰੀ ਦਾ ਚਿੰਨ੍ਹ ਹੀ ਨਹੀਂ ਹਨ, ਸਗੋਂ ਪੰਜਾਬੀ ਬੰਦੇ ਨੂੰ ਦੁਨੀਆਂ ਭਰ ਦੀਆਂ ਕੰਪਨੀਆਂ ਦੇ ਮਾਲ ਦੀ ਖਪਤ ਲਈ ਹਮੇਸ਼ਾ ਤਿੰਘਦੀ ਰਹਿਣ ਵਾਲੀ ਮਸ਼ੀਨ ਵਿੱਚ ਬਦਲ ਦੇਣ ਵਾਲੇ ਥਾਂ ਹਨ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਦਾਅਵੇਦਾਰ ਗਾਇਕਾਂ ਦੇ ਗਾਣਿਆਂ ’ਚ ਤੁਰੀ ਫਿਰਦੀ ਅੰਗਰੇਜ਼ੀ ਕੀ ਭਲਾ ਭਈਆਂ ਕਰਕੇ ਹੈ। ਆਮ ਬੋਲ-ਚਾਲ ਦੀ ਭਾਸ਼ਾ ’ਚ ਵੀ ਅੰਗਰੇਜ਼ੀ ਦਾ ਰੋਅਬ-ਦਾਬ ਕੀ ਭਈਆਂ ਕਰਕੇ ਹੈ। ਪੰਜਾਬ ਦੇ ਸ਼ਹਿਰੀ ਹਲਕਿਆਂ ’ਚ ਜ਼ਰੂਰ ਇਹ ਰਿਵਾਜ਼ ਪ੍ਰਚੱਲਤ ਹੈ ਕਿ ਜਦੋਂ ਅੰਗਰੇਜ਼ੀ ਨਾ ਆਉਂਦੀ ਹੋਵੇ ਤਾਂ “ਭਈਆਂ’’ ਦੀ ਭਾਸ਼ਾ ਹਿੰਦੀ ਨਾਲ ਕੰਮ ਚਲਾਇਆ ਜਾਂਦਾ ਹੈ। ਪੰਜਾਬੀ ਪਰਵਾਸ ਅੰਗਰੇਜ਼ੀ ਧਰਤੀਆਂ ਵੱਲ ਹੈ। ਸਾਰਾ ਪੰਜਾਬ ਆਪਣੇ ਟਾਈਮਪੀਸ ਕੈਨੇਡਾ ਦੇ ਹਿਸਾਬ ਨਾਲ ਸੈੱਟ ਕਰੀ ਫਿਰਦਾ ਹੈ ਤੇ ਪਿੰਡੋਂ ਮੰਡੀ ਜਾਣ ਵੇਲੇ ਵੀ ਸਰੀ ਦੇ ਡਾਊਨ-ਟਾਊਨ ਦੀ ਫੀਲਿੰਗ ’ਚ ਰਹਿੰਦਾ ਹੈ। ਪੰਜਾਬ ਦੀ ਸਾਰੀ ਉੱਚ ਅਫਸਰਸ਼ਾਹੀ, ਸਰਕਾਰੀ-ਤੰਤਰ , ਅਦਾਲਤਾਂ ਤੇ ਹੋਰ ਸਭ ਕੁਝ ਸਿਰਫ਼ ਅੰਗਰੇਜ਼ੀ ਭਾਸ਼ਾ ’ਚ ਹੀ ਨਹੀਂ ਵਿਚਰਦਾ, ਸਗੋਂ ਪੱਛਮੀ ਜੀਵਨ ਜਾਚ ਦੇ ਖਪਤਕਾਰੀ ਸੱਭਿਆਚਾਰਕ ਅੰਸ਼ਾਂ ਦੀ ਰੀਸ ਕਰਦਿਆਂ ਜਿਉਂਦਾ ਹੈ। ਜਗੀਰੂ ਸੰਸਕਾਰਾਂ ਦੇ ਉੱਤੇ ਪੱਛਮੀ ਖਪਤਕਾਰੀ ਅਦਾ ਦਾ ਮੁਲੰਮਾ ਚਾੜ੍ਹ ਕੇ ਵਿਕਸਿਤ ਹੋਣ ਦੀ ਤਸੱਲੀ ’ਚ ਵਿਚਰਦਾ ਹੈ। 

ਗੱਲ ਕੀ ਪੰਜਾਬ ਦੀ ਰਗ-ਰਗ ’ਤੇ ਅੰਗਰੇਜ਼ੀ ਦੀ ਤੇ ਪੱਛਮੀ ਜੀਵਨ-ਜਾਚ ਦੀ ਸਰਦਾਰੀ ਬਣੀ ਹੋਈ ਹੈ। ਤੇ ਇਸ ਦਾ ਕਾਰਨ ਸਾਡੇ ਦੇਸ਼ ’ਤੇ ਜਾਰੀ ਰਹਿ ਰਹੀ ਸਾਮਰਾਜੀ ਚੋਰ-ਗੁਲਾਮੀ ਹੈ। ਇਹ ਗੁਲਾਮੀ ਸਿਰਫ ਪੰਜਾਬ ’ਤੇ ਹੀ ਨਹੀਂ , ਯੂ ਪੀ, ਹਰਿਆਣਾ ਤੇ ਬੰਗਾਲ - ਬਿਹਾਰ ਉੱਪਰ ਵੀ ਉਵੇਂ ਹੀ ਹੈ। ਸਭਨਾਂ ਭਈਆਂ ਤੇ ਪੰਜਾਬੀਆਂ ਲਈ ਇਸ ਗੁਲਾਮੀ ਤੋਂ ਛੁਟਕਾਰਾ ਸਾਂਝਾ ਮਸਲਾ ਹੈ। ਤੇ ਇਹ ਮੁਕਤੀ ਪਾਉਣ ਲਈ ਸਾਰਿਆਂ ਨੂੰ ਰਲਕੇ ਭਾਰਤੀ ਰਾਜ ਨਾਲ ਲੜਨਾ ਪੈਣਾ ਹੈ ਜਿਹੜਾ ਰਾਜ ਸਾਮਰਾਜੀਆਂ ਦੇ ਦਾਬੇ ਤੇ ਗੁਲਾਮੀ ਨੂੰ ਇੱਥੇ ਵਸਦੇ ਸਾਰੇ ਬੰਗਾਲੀਆਂ, ਪੰਜਾਬੀਆਂ, ਤਾਮਿਲਾਂ, ਕੰਨੜਾਂ, ਬਿਹਾਰੀਆਂ ਤੇ ਹੋਰ ਕਿੰਨੇ ਸਾਰਿਆਂ ’ਤੇ ਬਣਾਈ ਰੱਖਣ ਦਾ ਸਾਧਨ ਹੈ। 

ਇਸ ਲਈ ਅਜੇ ਪੰਜਾਬੀ ਸੱਭਿਆਚਾਰ ਨੂੰ ਖਤਰਾ ਭਈਆਂ ਤੋਂ ਨਹੀਂ ਗੋਰਿਆਂ ਦੇ ਸਾਮਰਾਜੀ ਸੱਭਿਆਚਾਰ ਤੋਂ ਹੈ। ਅਜੇ ਤਾਂ ਅਸੀਂ ਉਨ੍ਹਾਂ ਵੱਲੋਂ ਸਾਡੇ ’ਤੇ 100 ਵਰ੍ਹੇ ਕੀਤੇ ਸਿੱਧੇ ਰਾਜ ਦੇ ਪਰਛਾਵੇਂ ’ਚੋਂ ਹੀ ਬਾਹਰ ਨਹੀਂ ਆਏ ਤੇ ਉਨ੍ਹਾਂ ਦਾ ਅਸਿੱਧਾ ਰਾਜ ਸਾਨੂੰ ਪਛਾਣਨਾ ਨਹੀਂ ਆਇਆ ਜਦ ਕਿ ਦਿਖਾਇਆ ਸਾਨੂੰ ਭਈਆਂ ਤੋਂ ਖਤਰਾ ਜਾ ਰਿਹਾ।

ਅਜਿਹਾ ਨਹੀਂ ਕਿ ਪਰਵਾਸੀ ਮਜ਼ਦੂਰਾਂ ਦੇ ਆਉਣ ਨਾਲ ਉੱਥੇ ਵਸਦੀ ਕੌਮੀਅਤ ਦੇ ਸਮਾਜਕ ਸੱਭਿਆਚਾਰਕ ਮਸਲੇ ਖੜ੍ਹੇ ਨਹੀਂ ਹੁੰਦੇ, ਪਰ ਨਾਲ ਹੀ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਇਹ ਹਕੀਕਤ ਵਿੱਚ ਕਿੰਨਾਂ ਕੁ ਵੱਡਾ ਖਤਰਾ ਹੈ, ਸਾਮਰਾਜੀ ਮੁਲਕਾਂ ਦੀ ਚੋਰ ਗ਼ੁਲਾਮੀ ਦੇ ਮੁਕਾਬਲੇ ਕਿੱਥੇ ਕੁ ਆਉਂਦਾ ਹੈ। ਉਨ੍ਹਾਂ ਦਾ ਰਿਸ਼ਤਾ ਸਾਡੇ ਨਾਲ ਧਾੜਵੀਆਂ ਵਾਲਾ ਨਹੀਂ ਹੈ। ਉਹ ਸਾਡੇ ਕਿਰਤੀ ਭਾਈ ਹਨ ਤੇ ਉਹਨਾਂ ਨੇ ਪੰਜਾਬ ਦੇ ਕਿਰਤ ਦੇ ਸੱਭਿਆਚਾਰ ਨੂੰ ਖੋਰਾ ਨਹੀਂ ਲਾਇਆ, ਸਗੋਂ ਉਹ ਤਾਂ ਅਜੇ ਪੰਜਾਬੀ ਹੀ ਸਿੱਖਦੇ ਹਨ ਤੇ ਪੰਜਾਬੀ ਜੀਵਨ-ਜਾਚ ਅਪਣਾਉਂਦੇ ਹਨ ਤੇ ਪੰਜਾਬੀਆਂ ਨੂੰ ਸਰਦਾਰ ਜੀ ਹੋਣ ਦਾ “ਮਾਣ’’ ਦਿਵਾਉਂਦੇ ਹਨ। ਕੀ ਅਸੀਂ ਕਦੇ ਸੋਚਿਆ ਹੈ ਕਿ ਇਹ ਭਈਏ ਹਨ ਜਿਹੜੇ ਹਰੇ ਇਨਕਲਾਬ ਮਗਰੋਂ ਪੰਜਾਬੀਆਂ ਲਈ ਪਸ਼ੂਆਂ ਦਾ ਬਦਲ ਬਣੇ ਹਨ, ਇਨ੍ਹਾਂ ਨੇ ਬਲਦਾਂ ਤੋਂ ਵੀ ਅਗਾਂਹ ਕਮਾਇਆ ਹੈ ਤੇ ਸਾਡੇ ਤੋਂ ‘ਮਾਣ-ਸਤਿਕਾਰ’ ਬਲਦਾਂ ਨਾਲੋਂ ਵੀ ਹੇਠਲੇ ਪੱਧਰ ਦਾ ਹਾਸਿਲ ਕੀਤਾ ਹੈ। ਬੇਹੱਦ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪ੍ਰਚੱਲਤ ਧਾਰਨਾ ਵਜੋਂ ਆਪਣੇ ਪੰਜਾਬੀ ਮੁੰਡੇ ਆਰ ਐਮ ਪੀ ਡਾਕਟਰੀ ਸਿੱਖਣ ਵੇਲੇ ਟੀਕਾ ਲਾਉਣ ਦਾ ਅਭਿਆਸ ਭਈਆਂ ’ਤੇ ਕਰਦੇ ਆਏ ਹਨ। ਇਹ ਪੰਜਾਬ ਅੰਦਰ ਭਈਆਂ ਦੀ ‘ਸਰਦਾਰੀ’ ਦੀ ਇੱਕ ਉਦਾਹਰਣ ਹੈ।

   ਭਈਏ ਤਾਂ ਦਿਨ ਰਾਤ ਕਮਾ ਕੇ ਸੈਂਕੜੇ ਜਾਂ ਹਜ਼ਾਰਾਂ ਹੀ ਆਪਣੇ ਘਰਾਂ ਨੂੰ ਭੇਜਦੇ ਹਨ ਪਰ ਸਾਮਰਾਜੀ ਕੰਪਨੀਆਂ ਦੇ ਖਾਤਿਆਂ ’ਚ ਸਾਲ ਦੀਆਂ ਟਰਨਓਵਰ ਐਡੀਆਂ  ਵੱਡੀਆਂ ਹਨ ਕਿ ਆਪਾਂ ਨੂੰ ਗਿਣਨੀਆਂ ਵੀ ਨਹੀਂ ਆਉਂਦੀਆਂ। ਜਿਨ੍ਹਾਂ ਦਾ ਹੱਲਾ ਸਾਡੇ ’ਤੇ ਸੱਭਿਆਚਾਰਕ ਵੀ ਹੈ ਤੇ ਆਰਥਿਕ ਵੀ, ਪੰਜਾਬੀ ਸੂਰਮਗਤੀ ਦੀਆਂ ਗੱਲਾਂ ਵੇਲੇ ਉਹ ਦਿ੍ਰਸ਼ ਤੋਂ ਲਾਂਭੇ ਕਿਉਂ ਹੋ ਜਾਂਦੇ ਹਨ।

( ਸੰਪਾਦਕ ਦੀ ਸ਼ੋਸ਼ਲ ਮੀਡੀਆ ਪੋਸਟ)  

No comments:

Post a Comment