9 ਦਸੰਬਰ ਬਰਸੀ ’ਤੇ ਵਿਸ਼ੇਸ਼
ਹਿੰਦ-ਚੀਨੀ ਲੋਕਾਂ ਦੀ ਦੋਸਤੀ ਦਾ ਪੁਲ ਅਤੇਜੂਝਦੇ ਲੋਕਾਂ ਲਈ ਰਾਹ ਦਰਸਾਵਾ : ਡਾ. ਕੋਟਨਿਸ
ਦੂਜੀ ਸੰਸਾਰ ਜੰਗ ਦੇ ਸ਼ੁਰੂ ਵਿਚ ਜਦ ਭਾਰਤੀ ਜਨਤਾ ਅੰਗਰੇਜ਼ ਸਾਮਰਾਜੀਆਂ ਦੇ ਖਿਲਾਫ਼ ਆਜ਼ਾਦੀ ਦੀ ਲੜਾਈ ਲੜ ਰਹੀ ਸੀ ਤਾਂ ਉਦੋਂ ਸਾਡੇ ਗੁਆਂਢੀ ਮੁਲਕ ਚੀਨ ਦੀ ਜਨਤਾ ਸਾਮਰਾਜੀਆਂ, ਉਨ੍ਹਾਂ ਦੇ ਪਿੱਠੂ ਜਾਗੀਰਦਾਰਾਂ-ਰਾਜਿਆਂ ਰਜਵਾੜਿਆਂ ਦੇ ਖਿਲਾਫ ਜ਼ਿੰਦਗੀ ਮੌਤ ਵਾਲੀ ਹਥਿਆਰਬੰਦ ਲੜਾਈ ਲੜ ਰਹੀ ਸੀ। ਚੀਨ ਦੀਆਂ ਇਨਕਲਾਬੀ ਜਮਹੂਰੀ ਲੋਕ-ਪੱਖੀ ਸ਼ਕਤੀਆਂ ਵੱਲੋਂ ਭਾਰਤ ਦੀ ਕੌਮੀ ਕਾਂਗਰਸ ਕੋਲ ਡਾਕਟਰੀ ਸਹਾਇਤਾ ਲਈ ਇੱਕ ਮਿਸ਼ਨ ਭੇਜੇ ਜਾਣ ਦੀ ਮੰਗ ਕੀਤੀ ਸੀ। ਉਸ ਵੇਲੇ ਡਾਕਟਰ ਅਟਲ ਦੀ ਅਗਵਾਈ ਵਿਚ ਇੱਕ ਪੰਜ ਮੈਂਬਰੀ ਵਫਦ ਚੀਨ ਭੇਜਿਆ ਗਿਆ ਜਿਸ ਵਿਚ ਡਾਕਟਰ ਬਸੂ, ਚੋਲਕਰ, ਮੁਕਰਜੀ ਅਤੇ ਡਾਕਟਰ ਕੋਟਨਿਸ ਸ਼ਾਮਲ ਸਨ। ਡਾ. ਕੋੋਟਨਿਸ ਇਸ ਵਫਦ ਵਿਚ ਸਭ ਤੋਂ ਛੋਟੀ ਉਮਰ ਦੇ ਡਾਕਟਰ ਸਨ ਪਰ ਇਹਨਾਂ ਨੇ ਚੀਨ ਵਿਚ ਜਾ ਕੇ ਲੋਕਾਂ ਵਿੱਚ ਖੁੱਭ ਕੇ ਕੰਮ ਕਰਨ ਨਾਲ ਡਾਕਟਰੀ ਪੇਸ਼ੇ ਦੀਆਂ ਅਮਲੀ ਮੁਸ਼ਕਲਾਂ ਨੂੰ ਹੱਲ ਕਰਨ ਦੇ ਨਾਲ ਜਿਹੜੇ ਨਵੇਂ ਕੀਰਤੀਮਾਨ ਸਥਾਪਤ ਕੀਤੇ, ਉਹਨਾਂ ਕਾਰਨ ਡਾ. ਕੋਟਨਿਸ ਭਾਰਤ ਜਾਂ ਚੀਨ ਹੀ ਨਹੀਂ ਬਲਕਿ ਦੁਨੀਆਂ ਭਰ ਦੇ ਲੋਕਾਂ ਲਈ ਇੱਕ ਰਾਹ ਦਰਸਾਵਾ ਬਣ ਗਿਆ ਕਿ ਲੋਕਾਂ ਦੇ ਹਕੀਕੀ ਡਾਕਟਰ ਨੂੰ ਲੋਕਾਂ ਦੀਆਂ ਸਿਰਫ ਸਰੀਰਕ ਬਿਮਾਰੀਆਂ ਨੂੰ ਠੀਕ ਨਹੀਂ ਕਰਨਾ ਚਾਹੀਦਾ ਬਲਕਿ ਉਨ੍ਹਾਂ ਦੇ ਦਿਲੋ-ਦਿਮਾਗ ’ਤੇ ਛਾਏ ਖੌਫ ਔਕੜਾਂ, ਮੁਸੀਬਤਾਂ ਦਾ ਢੁੱਕਵਾਂ ਹੱਲ ਸੁਝਾਉਣ ਦੇ ਨਾਲ ਨਾਲ ਆਪ ਅਮਲੀ ਪੱਧਰ ’ਤੇ ਲੋਕਾਂ ਦੀਆਂ ਬਿਮਾਰੀਆਂ ਦਾ ਵੱਡਾ ਕਾਰਨ ਬਣਨ ਵਾਲੀਆਂ ਅਲਾਮਤਾਂ ਨੂੰ ਪੈਦਾ ਕਰਨ ਵਾਲੇ ਸਮਾਜਕ, ਆਰਥਕ, ਸਿਆਸੀ ਨਿਜ਼ਾਮ ਨੂੰ ਬਦਲਣ ਲਈ ਸੰਘਰਸ਼ਸ਼ੀਲ ਹੁੰਦੇ ਹੋਏ ਆਪਣੇ ਖੂਨ ਪਸੀਨੇ ਦਾ ਇੱਕ ਇੱਕ ਕਤਰਾ ਲੋਕ-ਰਾਜ ਦੇ ਲੇਖੇ ਲਾ ਦੇਣਾ ਚਾਹੀਦਾ ਹੈ।
ਡਾ. ਦਵਾਰਕਾ ਦਾਸ ਸ਼ਾਂਤਾ ਰਾਮ ਕੋਟਨਿਸ ਦਾ ਜਨਮ 10 ਅਕਤੂਬਰ 1910 ਨੂੰ ਮਹਾਂਰਾਸ਼ਟਰ ਸੂਬੇ ਦੇ ਸ਼ੋਲਾਪੁਰ ਸ਼ਹਿਰ ਦੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ਼ਾਂਤ ਨਰਾਇਣ ਕੋਟਨਿਸ ਇੱਕ ਕੱਪੜਾ ਮਿੱਲ ਵਿੱਚ ਕਲਰਕ ਲੱਗੇ ਹੋਏ ਸਨ। ਦੋ ਵੱਡੇ ਭਰਾਵਾਂ ਅਤੇ ਦੋ ਛੋਟੀਆਂ ਭੈਣਾਂ ਸਮੇਤ ਇਹ ਪੰਜ ਭੈਣ-ਭਰਾ ਸਨ। ਇਸ ਪ੍ਰਵਾਰ ਦੀ ਪਰਵਰਿਸ਼ ਕਰਦੇ ਹੋਏ ਇਹਨਾਂ ਦੇ ਮਾਤਾ-ਪਿਤਾ ਸਿਰ ਭਾਵੇਂ ਅਕਸਰ ਹੀ ਕਰਜ਼ਾ ਚੜ੍ਹਿਆ ਰਹਿੰਦਾ ਸੀ, ਪਰ ਫੇਰ ਵੀ ਇਹਨਾਂ ਦੀ ਹਾਲਤ ਕੁੱਲੀਆਂ ਢਾਰਿਆਂ ਵਿੱਚ ਰਹਿੰਦੇ ਲੱਖਾਂ-ਕਰੋੜਾਂ ਲੋਕਾਂ ਨਾਲੋਂ ਚੰਗੀ ਸੀ। ਦੇਸ਼ ਵਿਚ ਜਦੋਂ ਭੁੱਖਮਰੀ ਅਤੇ ਕੰਗਾਲੀ ਨਾਲ ਫੈਲੀਆਂ ਮਹਾਂਮਾਰੀਆਂ ਕਾਰਨ ਲੱਖਾਂ ਲੋਕ ਅਣਆਈ ਮੌਤ ਦੇ ਮੂੰਹ ਧੱਕੇ ਜਾ ਰਹੇ ਸਨ ਤਾਂ ਉਦੋਂ ਬਾਲ ਮਨ ਕੋਟਨਿਸ ਨੇ ਵੀ ਆਪਣੇ ਅਨੇਕਾਂ ਯਾਰਾਂ ਬੇਲੀਆਂ ਨੂੰ ਤਿਲ-ਤਿਲ ਕਰਦੇ ਮਰਦੇ ਹੋਏ ਦੇਖਿਆ ਸੀ। ਬਚਪਨ ਵਿੱਚ ਉਸ ਦੇ ਮਨ ’ਤੇ ਇਹ ਛਾਪ ਲੱਗ ਚੁੱਕੀ ਸੀ ਕਿ ਉਹ ਵੱਡਾ ਹੋ ਕੇ ਡਾਕਟਰ ਬਣੇਗਾ ਅਤੇ ਦੁਖੀਆਂ ਦਰਦੀਆਂ ਦੇ ਦੁੱਖਾਂ ਨੂੰ ਖਤਮ ਕਰਨ ਲਈ ਆਪਣਾ ਫਰਜ਼ ਨਿਭਾਏਗਾ।
ਕੋਟਨਿਸ ਲਈ ਹੱਦਾਂ ਸਰਹੱਦਾਂ ਦੇ ਭਿੰਨ-ਭੇਦ ਕੋਈ ਮਹੱਤਤਾ ਨਹੀਂ ਸਨ ਰੱਖਦੇ। ਇਸ ਕਰਕੇ ਹੀ ਉਹ ਚੀਨ ਭੇਜੇ ਜਾਣ ਵਾਲੇ ਵਫਦ ਵਿੱਚ ਆਪਣਾ ਨਾਂ ਦਰਜ਼ ਕਰਾਉਣ ਲਈ ਤਹੂ ਹੋਇਆ ਫਿਰਦਾ ਸੀ। ਇਸ ਦੇ ਪਿਤਾ ਜੀ ਭਾਵੇਂ ਗਰੀਬ ਹੀ ਸਨ ਪਰ ਅੰਗਰੇਜ਼ਾਂ ਦੇ ਖਿਲਾਫ ਉੱਠ ਰਹੇ ਅੰਦੋਲਨਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਸਨ ਤਾਂ ਕਰਕੇ ਹੀ ਉਹਨਾਂ ਨੇ ਵੀ ਆਪਣੇ ਪੁੱਤਰ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ, ਕੋਟਨਿਸ ਨੂੰ ਢੇਰ ਸਾਰਾ ਪਿਆਰ ਦੇ ਕੇ ਚੀਨੀ ਲੋਕਾਂ ਦੀ ਸੇਵਾ ਕਰਨ ਲਈ ਆਪਣੇ ਹੱਥੀਂ ਤੋਰਿਆ।
ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ
9 ਜਨਵਰੀ 1938 ਨੂੰ ਚੀਨ ਭੇਜੇ ਗਏ ਡਾਕਟਰੀ ਵਫਦ ਦੇ ਸਮੁੰਦਰੀ ਜਹਾਜ਼ ਵਿਚ ਸਵਾਰ ਹੁੰਦੇ ਸਾਰ ਹੀ ਕੋਟਨਿਸ ਨੇ ਚੀਨੀ ਭਾਸ਼ਾ ਬਾਰੇ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ। ਭਾਰਤ ਦੇ ਗਰਮ ਮੌਸਮ ਵਿੱਚੋਂ ਚੀਨ ਦੇ ਠੰਢੇ ਵਾਤਾਵਰਨ ਵਿੱਚ ਜਾ ਕੇ ਕੰਮ ਕਰਨ ਨਾਲ ਅਟਲ, ਚੋਲਕਰ ਅਤੇ ਮੁਕਰਜੀ ਹੁਰਾਂ ਦੀ ਤਬੀਅਤ ਠੀਕ ਨਾ ਰਹਿਣ ਕਰਕੇ ਇਹਨਾਂ ਨੂੰ ਵਾਪਸ ਆਉਣਾ ਪੈ ਗਿਆ ਪਰ ਡਾ. ਬਸੂ ਅਤੇ ਕੋਟਨਿਸ ਉਥੋਂ ਦੇ ਮੌਸਮ ਨੂੰ ਝੱਲ ਗਏ। ਡਾ. ਕੋਟਨਿਸ ਨੇ ਭਾਰਤ ਵਿਚ ਰਹਿੰਦੇ ਹੋਏ ਆਮ ਲੋਕਾਂ ਨੂੰ ਚੁੰਬੜੀਆਂ ਬਹੁਤੀਆਂ ਬਿਮਾਰੀਆਂ ਵਾਲੇ ਡਾਕਟਰੀ ਵਿਸ਼ਿਆਂ ਵਾਲੀ ਪੜ੍ਹਾਈ ਕੀਤੀ ਸੀ ਅਤੇ ਥੋੜ੍ਹੇ ਲੋਕਾਂ ਦੀਆਂ ਚੀਰ-ਫਾੜ (ਸਰਜੀਕਲ) ਬਿਮਾਰੀਆਂ ਦੀ ਮੁਹਾਰਤ ਹਾਸਲ ਨਹੀਂ ਸੀ ਕੀਤੀ। ਇਸ ਕਰਕੇ ਇਹਨਾਂ ਦੀ ਡਿੳੂਟੀ ਯੁੱਧ ਫਰੰਟ ਤੋਂ ਪਿੱਛੇ ਹਸਪਤਾਲਾਂ ਵਿੱਚ ਲਗਾਈ ਗਈ। ਇਸ ਸਮੇਂ ਕੋਟਨਿਸ ਨੂੰ ਸਰਜਨ ਡਾਕਟਰ ਵਾਲੀਆਂ ਜਿਨ੍ਹਾਂ ਲੋੜਾਂ ਦੀ ਤਾਂਘ ਜਾਗੀ, ਉਸ ਨੇ ਇਸ ਨੂੰ ਹੋਰ ਪੜ੍ਹਾਈ ਕਰਨ ਲਈ ਪ੍ਰੇਰਤ ਕੀਤਾ ਕਿ ਜੇ ਉਹ ਸਰਜਨ ਹੋਵੇ ਤਾਂ ਯੁੱਧ ਮੋਰਚੇ ’ਤੇ ਫੱਟੜਾਂ ਦੀ ਵੱਧ ਸੇਵਾ ਕਰ ਸਕੇਗਾ। ਇਸ ਲਈ ਉਸ ਨੇ ਜਿੱਥੇ ਹਸਪਤਾਲ ਦੇ ਆਮ ਡਾਕਟਰੀ ਕੰਮਾਂ ਕਾਜਾਂ ਨੂੰ ਨੇਪਰੇ ਚਾੜ੍ਹਿਆ, ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ, ਉੱਥੇ ਆਪ ਵੀ ਸਰਜੀਕਲ ਪੜ੍ਹਾਈ ਵੱਲ ਤਵੱਜੋ ਦੇਣ ਲੱਗਾ। ਇੱਕ ਸਾਲ ਵਿੱਚ ਉਸ ਨੇ ਸਾਰੀਆਂ ਕਿਤਾਬਾਂ ਪੜ ਲਈਆਂ ਜੋ ਵੀ ਉਸ ਨੂੰ ਅੰਗਰੇਜ਼ੀ ਜਾਂ ਚੀਨੀ ਭਾਸ਼ਾ ਵਿਚ ਹਾਸਲ ਹੋ ਸਕੀਆਂ ਅਤੇ ਹੋਰਨਾਂ ਕਿਤਾਬਾਂ ਦੀ ਮੰਗ ਕੀਤੀ। ‘ਸਿਧਾਂਤ ਨੂੰ ਅਮਲ ਨਾਲ ਜੋੜੋ’ ਦੀ ਸਿੱਖਿਆ ’ਤੇ ਚਲਦੇ ਹੋਏ ਉਹ ਹੁਣ ਇਸ ਕਾਬਲ ਹੋ ਚੁੱਕਾ ਸੀ ਕਿ ਸਿੱਧੀਆਂ ਟੱਕਰਾਂ ਲੈ ਰਹੇ ਲਾਲ ਫੌਜੀਆਂ ਦੇ ਕੈਂਪ ਵਿੱਚ ਜਾ ਸਕਦਾ ਸੀ। ਇਸ ਸਮੇਂ ਉਸ ਨੇ ਲਾਲ ਫੌਜੀਆਂ ਨਾਲ ਰਹਿਣ ਲਈ ਸਾਰੀਆਂ ਹੀ ਮੁੱਢਲੀਆਂ ਸਿੱਖਿਆਵਾਂ ਵੀ ਹਾਸਲ ਕਰ ਲਈਆਂ ਸਨ। ਫੌਜੀ ਸਿਖਲਾਈ, ਸਬਜੀਆਂ-ਫਸਲਾਂ ਪੈਦਾ ਕਰਨ, ਬਾਲਣ ਇਕੱਠਾ ਕਰਨ, ਕੱਪੜੇ-ਲੀੜੇ ਧੋਣ, ਖਾਣਾ ਬਣਾਉਣ, ਲੋਕਾਂ ਦੇ ਮਸਲਿਆਂ ’ਤੇ ਚਰਚਾ ਕਰਨ, ਕਿਸਾਨਾਂ ਨੂੰ ਸਿੱਖਿਅਤ ਕਰਨ, ਦੋ-ਢਾਈ ਘੰਟੇ ਲੰਮੇ ਪਰ ਦਿਲਕਸ਼ ਭਾਸ਼ਣ ਦੇਣ, ਲੋਕਾਂ ਨਾਲ ਰਚਣ-ਮਿਚਣ, ਸਿਆਸੀ ਸਿਧਾਤਕ ਲਿਖਤਾਂ ਨੂੰ ਪੜ੍ਹ੍ਵਨ ਵਾਚਣ ਵਰਗੇ ਅਨੇਕਾਂ ਅਮਲ ਸ਼ੁਰੂ ਕਰ ਦਿੱਤੇ। ਯੁੱਧ ਮੋਰਚੇ ’ਤੇ ਕੰਮ ਦੀਆਂ ਲੋੜਾਂ ਅਤੇ ਕਸੂਤੀਆਂ ਹਾਲਤਾਂ ਦੀਆਂ ਚੁਣੌਤੀਆਂ ਨੂੰ ਸਵੀਕਾਰਨ ਦੇ ਅਹਿਸਾਸ ਅਤੇ ਸਵੈ-ਵਿਸ਼ਵਾਸ਼ ਨੇ ਡਾਕਟਰ ਕੋਟਨਿਸ ਨੂੰ ਅਜਿਹਾ ਸਰਜਨ ਬਣਾ ਦਿੱਤਾ ਜੋ ਇੱਕ ਸਾਲ ਵਿਚ 450 ਕਾਮਯਾਬ ਉਪਰੇਸ਼ਨ ਕਰ ਚੁੱਕਿਆ ਸੀ ਤੇ ਉਸ ਨੇ 46 ਘੰਟੇ ਤੱਕ ਲਗਾਤਾਰ ਉਪਰੇਸ਼ਨ ਵੀ ਕੀਤੇ। ਇਸ ਦਿ੍ਰੜਤਾ ਦਾ ਇੱਕੋ ਇੱਕ ਕਾਰਨ ਇਹ ਸੀ ਕਿ ਉਸ ਨੂੰ ਹਰ ਲਾਲ ਫੌਜੀ ਦੀ ਜਾਨ ਆਪਣੀ ਜਾਨ ਨਾਲੋਂ ਵੱਧ ਪਿਆਰੀ ਜਾਪਦੀ ਸੀ ਅਤੇ ਉਹ ਉਸ ਨੂੰ ਮੌਤ ਦੇ ਜਬ੍ਹਾੜਿਆਂ ਵਿਚੋਂ ਖਿੱਚ ਕੇ ਮੌਤ ਨਾਲ ਲੜਨ ਲਈ ਉਸ ਨੂੰ ਫੇਰ ਨੌ-ਬਰ-ਨੌ ਕਰਨਾ ਚਾਹੁੰਦਾ ਸੀ। ਡਾ. ਕੋਟਨਿਸ ਲਈ ਜਿੱਥੇ ਸਿਪਾਹੀਆਂ-ਫੌਜੀਆਂ ਦੀ ਜਾਨ ਦੀ ਰਾਖੀ ਕਰਨ ਦਾ ਸਵਾਲ ਪ੍ਰਮੁੱਖ ਸੀ ਉਥੇ ਉਹ ਚਲਦੇ ਕਾਫਲੇ ਦੌਰਾਨ ਹੀ ਕਿਸੇ ਪ੍ਰਸੂਤ ਪੀੜਤ ਔਰਤ ਲਈ ਵੀ ਸਮਾਂ ਕੱਢ ਸਕਦਾ ਅਤੇ ਕਿਸੇ ਬਜੁਰਗ ਦੇ ਟੀਕੇ ਵੀ ਲਾ ਸਕਦਾ ਸੀ ਅਜਿਹਾ ਕਰਨ ਲਈ ਉਸ ਨੂੰ ਆਪਣਾ ਘੋੜਾ ਵੱਧ ਤੇਜ਼ ਭਜਾਉਣਾ ਪਵੇ ਜਾਂ ਖੱਡਾਂ ਦੇ ਖਤਰਿਆਂ ਅਤੇ ਹਨੇਰਿਆਂ ਦੀ ਕਾਲਖ ਨੂੰ ਚੀਰਨਾ ਪਵੇ ਉਹ ਆਪਣਾ ਪੂਰਾ ਤਾਣ ਲਾ ਦਿੰਦਾ ਸੀ। ਡਾ. ਕੋਟਨਿਸ ਦੀਆਂ ਅਜਿਹੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਇਹ ਨਿੱਕਲਿਆ ਕਿ ਚੀਨ ਵਿਚ ਸ਼ਾਂਤੀ ਮਿਸ਼ਨ ਹਸਪਤਾਲ ਚਲਾਉਣ ਵਾਲੇ ਕੈਨੇਡਾ ਤੋਂ ਾਏ ਡਾਕਟਰ ਨਾਰਮਨ ਬੈਥਿੳੂਨ ਦੀ ਮੌਤ ਤੋਂ ਮਗਰੋਂ ਉਸ ਨੂੰ ਇਸ ਹਸਪਤਾਲ ਦਾ ਨਿਰਦੇਸ਼ਕ ਬਣਾ ਦਿੱਤਾ ਗਿਆ।
ਲੋਕਾਂ ਦਾ ਜਾਇਆ
ਡਾਕਟਰ ਕੋਟਨਿਸ ਜਿਸ ਤਰ੍ਹਾਂ ਚੀਨੀ ਲੋਕਾਂ ਅਤੇ ਲਾਲ ਫੌਜੀਆਂ ਵਿਚ ਰਚ-ਮਿਚ ਗਿਆ ਸੀ ਇਸ ਵਿੱਚੋਂ ਉਹ ਉਹਨਾਂ ਲਈ ਬੇਗਾਨਾ ਜਾਂ ਓਪਰਾ ਨਹੀਂ ਸੀ ਲਗਦਾ ਬਲਕਿ ਉਹ ਉਹਨਾਂ ਲਈ ਕੋਈ ਆਪਣਾ ਮਿੱਤਰ ਦੋਸਤ, ਮਹਿਰਮ ਹੀ ਜਾਪਦਾ ਸੀ। ਕੋਈ ਉਸ ਨੂੰ ‘ਸਾਂਵਲੀ ਮਾਂ’ ਆਖ ਕੇ ਬੁਲਾਉਦਾ ਕੋਈ ‘ਸਕਾਲਰ’ ਜਾਂ ਕੋਈ ਉਸ ਨੂੰ ‘ਕਮਾਂਡਰ’ ਆਖਦਾ। ਜਦੋਂ ਦੋ-ਦੋ ਪੁੱਤਰਾਂ ਨੂੰ ਜੰਗ ਵਿੱਚ ਸ਼ਹੀਦ ਕਰਵਾਉਣ ਵਾਲੀਆਂ ਮਾਵਾਂ ਉਸ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਚੁੰਮਦੀਆਂ, ਬੁੱਢੇ ਬਜ਼ੁਰਗ ਅੱੱਥਰੂ ਕੇਰਦੇ ਹੋਏ ਆਪਣੇ ਦੁੱਖ ਸਾਂਝੇ ਕਰਦੇ, ਜਵਾਨ ਪਤੀਆਂ ਨੂੰ ਵਾਰ ਕੇ ਆਪਣੇ ਸਿਦਕ ’ਤੇ ਅਡੋਲ ਖੜ੍ਹੀਆਂ ਔਰਤਾਂ ਜਾਂ ਮਾਸੂਮ ਬੱਚਿਆਂ ਦੇ ਹੌਕੇ-ਹਾਵੇ ਸੁਣਦੇ ਤਾਂ ਉਸ ਦਾ ਦਿਲ ਚੀਨੀ ਲੋਕਾਂ ਦੀਆਂ ਕੁਰਬਾਨੀਆਂ ਨਾਲ ਟੁੰਬਿਆ ਜਾਂਦਾ। ਜਦੋਂ ਉਸ ਨੂੰ ਮਾਓ-ਜ਼ੇ-ਤੁੰਗ, ਚਾਓ-ਇਨ-ਲਾਈ ਅਤੇ ਜਨਰਲ ਚੂ ਤੇਹ ਵਰਗੇ ਮਹਾਨ ਆਗੂਆਂ ਨਾਲ ਲੰਬੀਆਂ ਮੁਲਾਕਾਤਾਂ ਦਾ ਸਾਥ ਮਿਲਦਾ, (ਡਾਕਟਰ ਕੋਟਨਿਸ ਚੀਨ ਵਿਚ ਰਹਿਣ ਸਮੇਂ ਮਾਓ-ਜੇ-ਤੁੰਗ ਨੂੰ 10 ਵਾਰ, ਚਾਓ-ਇਨ-ਲਾਈ ਨੂੰ 5 ਵਾਰੀ ਅਤੇ ਚੂ ਤੇਹ ਨੂੰ 1 ਵਾਰ ਮਿਲ ਚੁੱਕਾ ਸੀ) ਸਿਰੜੀ, ਸਿਦਕੀ ਅਤੇ ਜ਼ਿੰਦਗੀ ਦੀਆਂ ਤਲਖ ਸਚਾਈਆਂ ਤੋਂ ਜਾਣੰੂ ਕਾਮਰੇਡਾਂ ਨਾਲ ਮਿਲ ਕੇ ਜੂਝਣ ਦਾ ਮੌਕਾ ਮਿਲਦਾ ਤਾਂ ਉਸ ਵਿੱਚ ਭਾਰਤੀ ਅਤੇ ਚੀਨੀ ਲੋਕਾਂ ਵਿਚਲਾ ਫਰਕ ਮਿਟਦਾ ਮਿਟਦਾ ਛਾਈਂ-ਮਾਈਂ ਹੋ ਚੁੱਕਾ ਸੀ। ਇਸ ਮੋੜ ’ਤੇ ਆ ਕੇ ਉਸ ਦੀ ਜ਼ਿੰਦਗੀ ਦਾ ਮਨੋਰਥ ਮਨੁੱਖਤਾ ਦੀ ਸੇਵਾ, ਉਹਨਾਂ ਲਈ ਸੰਘਰਸ਼ ਅਤੇ ਮੁਕਤੀ ਹਾਸਲ ਕਰਨਾ ਹੋ ਨਿੱਬੜਿਆ। ਅਜਿਹੇ ਸਮਿਆਂ ਵਿਚ ਉਸ ਨੂੰ ਵੱਡੀ ਤੋਂ ਵੱਡੀ ਦੁਖਦਾਇਕ ਘਟਨਾ ਵੀ ਉਸ ਦੇ ਮਿਸ਼ਨ ਦੀ ਪੂਰਤੀ ਤੋਂ ਨਾ ਰੋਕ ਸਕੀ। ਚੀਨ ਵਿਚ ਰਹਿੰਦੇ ਹੋਏ ਹੀ ਕੋਟਨਿਸ ਨੂੰ ਪਤਾ ਲੱਗਾ ਕਿ ਕਰਜ਼ੇ ਦੇ ਬੋਝ ਥੱਲੇ ਆ ਕੇ ਉਸ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨੇ ਭਾਵੇਂ ਡਾਕਟਰ ਕੋਟਨਿਸ ਨੂੰ ਧੁਰ ਅੰਦਰ ਤੱਕ ਹਲੂਣ ਦਿੱਤਾ ਸੀ ਪਰ ਉਹ ਆਪਣੇ ਨਿਸ਼ਚੇ ਅਤੇ ਅਕੀਦੇ ’ਤੇ ਅਡੋਲ ਡਟਿਆ ਰਿਹਾ। ਉਸ ਨੂੰ ਆਪਣੇ ਪਿਤਾ ਦੀ ਮੌਤ ਦਾ ਦੁੱਖ ਤਾਂ ਸੀ ਹੀ ਪਰ ਉਹ ਹੁਣ ਭਾਰਤੀ ਅਤੇ ਚੀਨੀ ਲੋਕਾਂ ਦਾ ਜਾਇਆ ਬਣ ਚੁੱਕਾ ਸੀ। ਇਸ ਕਰਕੇ ਉਸ ਨੇ ਚੀਨ ਵਿਚ ਰਹਿ ਕੇ ਲੋਕ ਮੁਕਤੀ ਕਾਜ ਨੂੰ ਅੱਗੇ ਲਿਜਾਣ ਦਾ ਬੀੜਾ ਚੁੱਕਿਆ। ਇਸ ਸਮੇਂ ਉਸ ਨੂੰ ਜਾਪਦਾ ਸੀ ਕਿ ਹੁਣ ਜਿੰਨੀਆਂ ਜੁੰਮੇਵਾਰੀਆਂ ਉਸ ਉੱਤੇ ਸਨ ਅਤੇ ਲੋਕਾਂ ਦੀਆਂ ਜਗਿਆਸਾਵਾਂ ਉਸ ਤੋਂ ਸਨ, ਉਹਨਾਂ ਨੂੰ ਖੁਦ ਉਹ ਹੀ ਪੂਰੀਆਂ ਕਰ ਸਕਦਾ ਸੀ।
ਕੋਟਨਿਸ ਦਾ ਵਿਆਹ-ਦੋ ਮਨਾਂ ਦਾ ਮੇਲ
ਡਾ. ਕੋਟਨਿਸ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ 1940 ਵਿਚ ਆਪਣਾ ਵਿਆਹ ਕਰਾਉਣ ਦੀ ਧਾਰਨਾ ਤਾਂ ਪਹਿਲਾਂ ਹੀ ਪਾਲੀ ਹੋਈ ਸੀ ਪਰ ਉਸ ਨੂੰ ਉਦੋਂ ਇਹ ਅਹਿਸਾਸ ਉੱਕਾ ਹੀ ਨਹੀਂ ਸੀ ਕਿ ਉਸ ਦਾ ਵਿਆਹ ਜਾਤ, ਗੋਤ, ਧਰਮ, ਨਸਲ, ਬੋਲੀ-ਇਲਾਕੇ, ਸਮਾਜੀ-ਸੱਭਿਆਚਾਰਕ ਬੰਧਨਾਂ ਨੂੰ ਤੋੜ ਕੇ ਅਜਿਹੇ ਬੰਧਨਾਂ ਦਾ ਪ੍ਰਤੀਕ ਬਣੇਗਾ ਜੋ ਮਨਾਂ ਦਾ ਮੇਲ ਹੋਣਗੇ। ਡਾ. ਕੋਟਨਿਸ ਦੀ ਨੇੜਤਾ ਕਵੋ ਸ਼ਿੰਗਲਾਨ ਨਾਂ ਦੀ ਇੱਕ ਅਜਿਹੀ ਨਰਸ ਅਧਿਆਪਿਕਾ ਨਾਲ ਹੋ ਗਈ ਜੋ ਗਰੀਬੀ ਮਾਰੇ ਪ੍ਰਵਾਰ ਵਿੱਚੋਂ ਆਈ ਹੋਈ ਸੀ। ਇੱਕੋ ਜਿਹੇ ਕਾਰਜ ਅਤੇ ਇੱਕੋ ਨਿਸ਼ਾਨੇ ਨੂੰ ਪ੍ਰਣਾਏ ਹੋਏ ਦੋਵੇਂ ਸਾਥੀ ਇੱਕ ਦੂਸਰੇ ਦੇ ਜੀਵਨ ਸਾਥੀ ਬਣ ਗਏ। ਇਹਨਾਂ ਦੇ ਘਰ ਇੱਕ ਲੜਕੇ ਨੇ ਜਨਮ ਲਿਆ ਜਿਸ ਦਾ ਨਾਂ ਹਿੰਦ-ਚੀਨੀ ਜਨਤਾ ਦੇ ਪ੍ਰਤੀਕ ਵਜੋਂ ‘ਇਨ-ਹੂਆ’ ਰੱਖਿਆ ਗਿਆ।
ਕੋਟਨਿਸ ਚੀਨੀ ਕਮਿੳੂਨਿਸਟ ਪਾਰਟੀ ਦਾ ਮੈਂਬਰ ਬਣਿਆ
ਦੱਬੇ ਕੁਚਲੇ ਦੇਸ਼ ਦੇ ਲੋਕ ਸਾਮਰਾਜਵਾਦ ਨੂੰ ਮਾਤ ਕਿਵੇਂ ਦੇ ਸਕਦੇ ਹਨ, ਲੋਕਾਂ ਦਾ ਆਪਣਾ ਰਾਜ ਸਥਾਪਤ ਕਿਵੇਂ ਕਰ ਸਕਦੇ ਹਨ, ਸਾਮਰਾਜੀ ਪ੍ਰਬੰਧ ਦੇ ਮੁਕਾਬਲੇ ਲੋਕਾਂ ਦਾ ਪ੍ਰਬੰਧ ਕਿਹੋ ਜਿਹਾ ਹੋਵੇਗਾ, ਉਹ ਲੋਕਾਂ ਦੀ ਸੇਵਾ ਕਿਵੇਂ ਕਰ ਸਕੇਗਾ? ਸਾਮਰਾਜ ਦੇ ਖਿਲਾਫ ਕਿਹੋ ਜਿਹੀਆਂ ਨੀਤੀਆਂ, ਜੱਦੋਜਹਿਦਾਂ ਦੀ ਲੋੜ ਹੈ, ਇਹ ਕਿਨ੍ਹਾਂ ਸਿਧਾਂਤਾਂ, ਅਸੂਲਾਂ, ਯੁੱਧਨੀਤੀਆਂ ਜਾਂ ਜਨਤਕ ਲੀਹਾਂ ਵਿਚੋਂ ਪੈਦਾ ਹੁੰਦੀਆਂਹਨ? ਯਾਨੀ ਲੋਕਾਂ ਦਾ ਇਨਕਲਾਬ ਕਿਵੇਂ ਕਾਮਯਾਬ ਹੋਵੇਗਾ? ਇਹ ਸਭ ਕੁੱਝ ਉਸ ਨੂੰ ਲਗਾਤਾਰ ਸਿੱਖਣ, ਸਮਝਣ ਅਤੇ ਅਮਲ ਕਰਨ ਲਈ ਵਾਰ ਵਾਰ ਟੁੰਬਦਾ ਰਹਿੰਦਾ।
ਚੀਨ ਵਿਚ ਰਹਿੰਦੇ ਹੋਏ ਜਿੱਥੇ ਉਸ ਨੇ ਅਣਥੱਕ ਮਿਹਨਤ ਕੀਤੀ, ਭੁੱਖਾਂ-ਦੁੱਖਾਂ ਨੂੰ ਝੱਲਿਆ, ਯੁੱਧਮਈ ਹਾਲਤਾਂ ’ਤੇ ਤਿੱਖੇ ਤਣਾਵਾਂ ਦਾ ਸਾਹਮਣਾ ਕੀਤਾ ਤਾਂ ਅਜਿਹੀਆਂ ਹਾਲਤਾਂ ਵਿਚ ਉਸ ਨੂੰ ਮਿਰਗੀ ਦੇ ਦੌਰੇ ਵੀ ਪੈਣ ਲੱਗ ਪਏ ਸਨ। ਚੀਨੀ ਕਮਿੳੂਨਿਸਟ ਪਾਰਟੀ ਉਸ ਨੂੰ ਹਾਂਗਕਾਂਗ ਜਾਂ ਭਾਰਤ ਭੇਜ ਕੇ ਉਸ ਦਾ ਇਲਾਜ ਕਰਾਉਣਾ ਚਾਹੁੰਦੀ ਸੀ ਪਰ ਡਾ. ਕੋਟਨਿਸ ਨੂੰ ਪਤਾ ਸੀ ਕਿ ਉਹਨਾਂ ਸਮਿਆਂ ਵਿਚ ਮਿਰਗੀ ਦਾ ਇਲਾਜ ਕਿਤੇ ਵੀ ਤਸੱਲੀਬਖਸ਼ ਨਹੀਂ ਸੀ। ਇਸ ਕਰਕੇ ਉਸ ਨੇ ਹੋਰ ਕਿਤੇ ਵੀ ਇਲਾਜ ਕਰਵਾਉਣ ਦੀ ਇੱਛਾ ਨਹੀਂ ਪ੍ਰਗਟਾਈ ਬਲਕਿ ਜਿੱਥੇ ਹੈ, ਉਥੇ ਹੀ ਵੱਧ ਕੰਮ ਕਰਨ ਨੂੰਤਰਜੀਹ ਦਿੱਤੀ। ਇਸ ਸਮੇਂ ’ਤੇ ਭਾਵੇਂ ਕੋਟਨਿਸ ਨੂੰ ਆਰਾਮ ਕਰਨ ਲਈ ਵੱਧ ਸਮਾਂ ਮੁਹੱਈਆ ਕਰਵਾ ਦਿੱਤਾ ਗਿਆ ਸੀ ਪਰ ਉਸ ਨੇ ਸਮੇਂ ਦੀ ਵਰਤੋਂ ਹੋਰ ਵੱਧ ਸਿਆਸੀ-ਸਿਧਾਂਤਕ ਲਿਖਤਾਂ ਨੂੰ ਪੜ੍ਹਨ-ਵਾਚਣ, ਸੋਚਣ-ਵਿਚਾਰਨ ਅਤੇ ਲੋਕਾਂ ਨੂੰ ਸਮਝਾਉਣ, ਲਿਖਤਾਂ ਲਿਖਣ ਲਈ ਕੀਤੀ। ਜਦੋਂ ਉਸ ਨੇ ਚੀਨੀ ਕਮਿੳੂਨਿਸਟ ਪਾਰਟੀ ਦਾ ਮੈਂਬਰ ਬਣਨ ਦੀ ਇੱਛਾ ਜਤਾਈ ਤਾਂ ਪਾਰਟੀ ਅੱਗੇ ਭਾਵੇਂ ਇਹ ਤਾਂ ਮੁਸ਼ਕਲ ਸੀ ਕਿ ਕੋਟਨਿਸ ਦੀ ਦੂਹਰੀ ਨਾਗਰਿਕਤਾ ਨੂੰ ਕਿਵੇਂ ਹੱਲ ਕੀਤਾ ਜਾਵੇ ਪਰ ਕੋਟਨਿਸ ਦੀ ਸਮੁੱਚੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਕਮਿੳੂਨਿਸਟ ਪਾਰਟੀ ਨੇ ਕੋਟਨਿਸ ਨੂੰ ਖੁਸ਼ੀ ਨਾਲ ਆਪਣਾ ਮੈਂਬਰ ਬਣਾ ਲਿਆ। ਇਸ ਨਾਲ ਉਸ ਦਾ ਮਿਸ਼ਨ ਭਾਰਤੀ ਜਾਂ ਚੀਨੀ ਲੋਕਾਂ ਦੀ ਸੇਵਾ ਕਰਨ ਤੋਂ ਵੀ ਅੱਗੇ ਸਮੁੱਚੀ ਮਨੁੱਖ ਜਾਤੀ ਦੀ ਮੁਕਤੀ ਬਣ ਗਿਆ।
ਕੋਟਨਿਸ ਦੋਹਾਂ ਮੁਲਕਾਂਵਿਚ ਪੁਲ ਬਣਿਆ
ਹਿੰਦੁਸਤਾਨ ਵਿੱਚੋਂ ਚੀਨ ਜਾ ਕੇ ਉਥੋਂ ਦੇ ਲੋਕਾਂ ਦੇ ਮੁਕਤੀ ਦੇ ਕਾਜ ਲਈ ਜਿੰਨੀ ਮਿਹਨਤ, ਲਗਨ ਅਤੇ ਦਿ੍ਰੜਤਾ ਨਾਲ ਕੰਮ ਕਰਕੇ ਡਾਕਟਰ ਕੋਟਨਿਸ ਨੇ ਲੋਕਾਂ ਵਿੱਚ ਜੋ ਥਾਂ ਬਣਾਈ ਉਸ ਵਿੱਚੋਂ ਉਹ ਚੀਨੀ ਲੋਕਾਂ ਪ੍ਰਤੀ ਭਾਰਤੀ ਲੋਕਾਂ ਦੀ ਹਕੀਕੀ ਮਿੱਤਰਤਾ ਦਾ ਪ੍ਰਤੀਕ ਹੋ ਨਿੱਬੜਿਆ। ਪਿਛਲੇ ਇੱਕ-ਦੋ ਸਾਲਾਂ ਵਿਚ ਮਿਰਗੀ ਦੇ ਦੌਰਿਆਂ ਦੀ ਗਿਣਤੀ ਵਧਣ ਕਾਰਨ ਉਸ ਦੀ ਸਿਹਤ ਕਮਜ਼ੋਰ ਹੁੰਦੀ ਗਈ ਤੇ ਅਖੀਰ 9 ਦਸੰਬਰ 1942 ਨੂੰ ਉਹ ਲੋਕ ਮੁਕਤੀ ਕਾਫਲੇ ਨੂੰ ਆਖਰੀ ਸਲਾਮ ਆਖ ਗਿਆ। ਸਰੀਰਕ ਤੌਰ ’ਤੇ ਭਾਵੇਂ ਉਹ ਨਹੀਂ ਸੀ ਰਿਹਾ ਪਰ ਉਸ ਦੀ ਯਾਦ ਚੀਨੀ ਲੋਕਾਂ ਦੇ ਮਨਾਂ ’ਤੇ ਜਿਵੇਂ ਉੱਕਰੀ ਗਈ ਉਸ ਦਾ ਪ੍ਰਗਟਾਵਾ ਮਾਓ-ਜ਼ੇ-ਤੁੰਗ, ਚਾਓ-ਇਨ-ਲਾਈ ਅਤੇ ਜਨਰਲ ਚੂ ਤੇਹ ਸਮੇਤ ਅਨੇਕਾਂ ਚੀਨੀ ਆਗੂਆਂ ਦੀਆਂ ਲਿਖਤਾਂ ਤੋਂ ਵੀ ਲੱਗ ਜਾਂਦਾ ਹੈ ਕਿ ਉਹ ਭਾਵੇਂ ਯੁੱਧ ਦੇ ਮੋਰਚੇ ’ਤੇ ਤਾਇਨਾਤ ਹੁੰਦੇ ਹੋਏ ਆਪਣੇ ਅਨੇਕਾਂ ਹੀ ਕਮਾਂਡਰਾਂ ਅਤੇ ਫੌਜੀਆਂ ਬਾਰੇ ਚਾਰ ਸ਼ਬਦ ਲਿਖ -ਸਕੇ ਹੋਣ ਜਾਂ ਨਾ ਪਰ ਕੋਟਨਿਸ ਉਨ੍ਹਾਂ ਦੇ ਸਮੇਂ ਵਿੱਚੋਂ ਸਮਾਂ ਬਾਅਦ ਵਿਚ ਵੀ ਲੈ ਗਿਆ। ਭਾਰਤੀ ਚੀਨੀ ਲੋਕਾਂ ਦੀ ਦੋਸਤੀ ਦੇ ਸਬੰਧ ਵਿਚ ਜੇ ਅਸੀਂ ਸਦੀਆਂ ਬਾਅਦ ਚੀਨੀ ਯਾਤਰੀ ਹਿੳੂਨਸਾਂਗ ਅਤੇ ਫਾਹੀਆਨ ਨੂੰ ਯਾਦ ਕਰਦੇ ਹਾਂ ਤਾਂ ਚੀਨੀ ਲੋਕ ਇਸ ਸੁਤੰਤਰਤਾ ਸੈਨਾਨੀ ਨੂੰ ਸਦੀਆਂ ਬੀਤ ਜਾਣ ਬਾਅਦ ਵੀ ਯਾਦ ਕਰਦੇ ਰਹਿਣਗੇ। ਕੋਟਨਿਸ ਦਾ ਯੋਗਦਾਨ ਦੋਹਾਂ ਮੁਲਕਾਂ ਦੇ ਕਿਰਤੀ ਲੋਕਾਂ ਵਿਚਕਾਰ ਪੁਲ ਦਾ ਕੰਮ ਕਰਦਾ ਰਹੇਗਾ।
(ਮੁਕਤੀ ਮਾਰਗ ਦੀਆਂ ਪੁਰਾਣੀਆਂ ਫ਼ਾਈਲਾਂ ’ਚੋਂ)
No comments:
Post a Comment