Monday, October 6, 2014

ਧੱਕੜ ਲੋਕ ਦੁਸ਼ਮਣ ਬਾਦਲ ਹਕੂਮਤ ਵਿਰੁੱਧ ''ਲੋਕ ਜਗਾਓ ਰੈਲੀ''
ਲਾਮਿਸਾਲ ਇਕੱਠ ਵੱਲੋਂ ਵਿਸ਼ਾਲ ਸਿਰੜੀ ਘੋਲਾਂ ਦਾ ਸੱਦਾ
-ਸੁਰਖ਼ ਰੇਖਾ. ਪੱਤਰਕਾਰ
ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਸਾਨਾਂ ਖੇਤ ਮਜ਼ਦੂਰਾਂ ਦੇ ਭਖ਼ਦੇ ਮਸਲਿਆਂ ਨੂੰ ਲੈਕੇ 17 ਸਤੰਬਰ 2014 ਨੂੰ ਦਾਣਾ ਮੰਡੀ ਮੋਗਾ ਵਿਖੇ ਕੀਤੀ ਗਈ ''ਲੋਕ ਜਗਾਓ ਰੈਲੀ'' ਵਿਸ਼ਾਲ ਸ਼ਮੂਲੀਅਤੇ ਪੱਖੋਂ, ਔਰਤਾਂ ਦੀ ਜ਼ੋਰਦਾਰ ਹਾਜਰੀ ਪੱਖੋਂ, ਕਿਸਾਨਾਂ-ਮਜ਼ਦੂਰਾਂ ਦੀ ਸਾਂਝ ਦੇ ਪੱਖੋਂ, ਮੁੱਦਿਆਂ ਦੀ ਚੋਣ ਤੇ ਪੇਸ਼ਕਾਰੀ ਦੇ ਪੱਖੋਂ, ਇਹਨਾਂ ਮੁੱਦਿਆਂ ਦੇ ਹੱਲ ਤੇ ਆਪਣੀ ਹੋਣੀ ਬਦਲਣ ਲਈ ਵਿਸ਼ਾਲ, ਸਿਰੜੀ ਤੇ ਜਾਨ ਹੂਲਵੇਂ ਘੋਲਾਂ ਦੀ ਲੋੜ ਉਭਰਨ ਆਦਿ ਪੱਖਾਂ ਤੋਂ ਬੇਹੱਦ ਸਫਲ ਰਹੀ ਹੈ। ਰੈਲੀ ਦੇ ਇਕੱਠ ਬਾਰੇ ਜਿਨੇ ਮੂੰਹ ਓਨੀਆਂ ਗੱਲਾਂ ਵਾਲੀ ਹਾਲਤ ਸਾਹਮਣੇ ਆਈ ਹੈ। ਪੰਜਾਹ ਹਜ਼ਾਰ ਤੋਂ ਲੱਖ ਦਾ ਕੱਠ ਕਹਿਣ ਵਾਲੇ ਵੀ ਕਾਫੀ ਸੀ। ਅਤੇ 20 ਤੋਂ 30 ਹਜ਼ਾਰ ਤੱਕ ਅੰਗਣ ਵਾਲੇ ਵੀ। ਠੋਸ ਗਿਣਤੀ ਕੁੱਝ ਵੀ ਹੋਵੇ, ਸਰਕਾਰ ਵਿਰੋਧੀ ਅਤੇ ਮੰਗਾਂ ਦੇ ਹੱਕ 'ਚ ਸਟੇਜ ਤੋਂ ਤੇ ਪੰਡਾਲ 'ਚੋਂ ਲਗਦੇ ਰੋਹ ਭਰਪੂਰ ਨਾਹਰਿਆਂ ਦੀ ਗੂੰਜ ਇਕੱਠ ਦੇ ਉਤਸ਼ਾਹੀ ਰੌਂਅ ਦਾ ਨਮੂਨਾ ਪੇਸ਼ ਕਰ ਰਹੀ ਸੀ।
ਕਿਸਾਨ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਜਿਹਨਾਂ ਮੁੱਦਿਆਂ ਨੂੰ ਲੈਕੇ ਇਹ ''ਲੋਕ ਜਗਾਓ ਰੈਲੀ'' ਦਾ ਸੱਦਾ ਦਿੱਤਾ ਗਿਆ ਸੀ ਉਸ ਵਿੱਚ ਖੁਦਕੁਸ਼ੀ ਪੀੜਤਾਂ ਨੂੰ ਮੁਆਵਜਾ ਤੇ ਨੌਕਰੀ ਦੇਣਾ, ਕਰਜੇ, ਗੁੰਡਾਗਰਦੀ ਤੇ ਨਸ਼ਿਆਂ ਦਾ ਖਾਤਮਾ, ਕਿਸਾਨ ਮਜ਼ਦੂਰ ਪੱਖੀ ਕਾਨੂੰਨ ਬਣਾਉਣ, ਜ਼ਮੀਨੀ ਸੁਧਾਰ ਲਾਗੂ ਕਰਨ, ਕਾਲੇ ਕਾਨੂੰਨਾਂ ਦੀ ਵਾਪਸੀ ਤੇ ਆਗੂਆਂ ਦੀ ਰਿਹਾਈ, ਖੁਰਾਕ ਤੇ ਸਮਾਜਿਕ ਸੁਰੱਖਿਆ ਤੇ ਰੁਜਗਾਰ ਦੀ ਜਾਮਨੀ, ਪਲਾਟਾਂ ਦੀ ਵੰਡ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਆਦਿ ਪ੍ਰਮੁੱਖ ਸਨ।
ਭਾਵੇਂ ਇਹਨਾਂ ਜਥੇਬੰਦੀਆਂ ਵੱਲੋਂ ਪਹਿਲਾਂ ਵੀ ਵੱਡੇ ਇਕੱਠ ਕੀਤੇ ਜਾਂਦੇ ਰਹੇ ਹਨ ਪਰ ਮੋਗਾ ਰੈਲੀ 'ਚ ਜੁੜੇ ਇਸ ਵਿਸ਼ਾਲ ਇਕੱਠ ਦੀ ਵੱਖਰੀ ਅਹਿਮੀਅਤ ਹੈ। ਉਹ ਇਹ ਹੈ ਕਿ ਫਰਵਰੀ 2014 'ਚ ਬਠਿੰਡਾ ਮੋਰਚੇ ਦੌਰਾਨ ਇਹਨਾਂ ਦੋਹਾਂ ਜਥੇਬੰਦੀਆਂ ਦੁਆਰਾ ਸਰਕਾਰ ਨੂੰ ਘੇਰਕੇ ਖੁਦਕੁਸ਼ੀਆਂ, ਗੋਬਿੰਦਪੁਰਾ ਜ਼ਮੀਨ ਐਕਵਾਇਰ ਹੋਣ ਕਾਰਨ ਰੁਜਗਾਰ ਉਜਾੜੇ ਮੂੰਹ ਆਏ ਬੇਜ਼ਮੀਨੇ ਮਜ਼ਦੂਰਾਂ ਕਿਸਾਨਾਂ ਨੂੰ ਉਜਾੜੇ ਭੱਤੇ ਦੇ ਕਰੀਬ 70 ਕਰੋੜ ਰੁਪੈ ਦਾ ਮੁਆਵਜਾ ਅਤੇ 125 ਤੋਂ ਉਪਰ ਕੱਟੇ ਪਲਾਟਾਂ ਦੇ ਕਬਜੇ ਲੈਣ ਤੇ ਹੋਰ ਮੰਗਾਂ ਮਨਾਉਣ ਰਾਹੀਂ ਕੀਤੀਆਂ ਪ੍ਰਾਪਤੀਆਂ ਦੀ ਬਦੌਲਤ ਜਥੇਬੰਦੀਆਂ ਤੇ ਲੀਡਰਸ਼ਿੱਪ 'ਚ ਲੋਕਾਂ ਦੇ ਵਧੇ ਭਰੋਸੇ ਅਤੇ ਇਹਨਾਂ ਵੱਲ ਨਵੇਂ ਹਿੱਸਿਆਂ ਤੇ ਪਿੰਡਾਂ ਦੇ ਖਿੱਚੇ ਜਾਣ ਕਾਰਨ ਵਧੀ ਲਾਮਬੰਦੀ ਘੇਰੇ ਨੂੰ ਸੰਗੇੜਨ ਤੇ ਹੌਸਲੇ ਪਸਤ ਕਰਨ ਲਈ ਬਾਦਲ ਸਰਕਾਰ ਵੱਲੋਂ ਚੁਣਵੇਂ ਜਬਰ ਦਾ ਨਿਸ਼ਾਨਾ ਬਣਾਇਆ ਸੀ। ਪਿੰਡ ਗੰਧੜ (ਮੁਕਤਸਰ) 'ਚ ਨਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਬਠਿੰਡਾ 'ਚ ਰੱਖੇ ਇੱਕ ਰੋਜਾ ਧਰਨੇ ਨੂੰ ਬਹਾਨਾ ਬਣਾਕੇ ਸੈਂਕੜੇ ਆਗੂਆਂ/ ਵਰਕਰਾਂ ਤੋਂ ਬਿਨਾਂ ਗੱਡੀਆਂ ਦੇ ਡਰਾਇਵਰਾਂ ਨੂੰ ਜੇਲ੍ਹੀਂ ਡੱਕਣ, ਚਲਾਣ ਕੱਟਣ ਤੋਂ ਇਲਾਵਾ ਸਭ ਨਿਯਮਾਂ ਨੂੰ ਛਿੱਕੇ ਟੰਗ ਕੇ ਜਿਲ੍ਹਾਂ ਬਠਿੰਡਾ ਦੇ ਪ੍ਰਮੁੱਖ ਆਗੂਆਂ ਦੀਆਂ ਜਮਾਨਤਾਂ ਹੋਣ ਜਾ ਕੇਸ ਖਾਰਜ ਹੋਣ ਪਿੱਛੋਂ ਵੀ ਜੇਲ੍ਹ ਦੇ ਗੇਟ ਤੋਂ ਹੀ ਫੜਕੇ ਮੁੜ-ਮੁੜ ਕੇਸ ਪਾਉਣ ਤੇ ਵਾਰ-ਵਾਰ ਜੇਲ੍ਹ 'ਚ ਡੱਕਣ ਵਰਗੇ ਜਾਬਰ ਹੱਥ ਕੰਡੇ ਅਪਣਾਏ ਗਏ। ਇਹ ਅਮਲ 26 ਮਈ ਤੋਂ ਲੈਕੇ ਮੋਗਾ ਰੈਲੀ ਦੇ ਵੇਲੇ ਤੱਕ ਵੀ ਜਾਰੀ ਰਿਹਾ। ਪਰ ਇਸਦੇ ਬਾਵਜੂਦ ਜਿਵੇਂ ਪੰਜਾਬ ਭਰ 'ਚੋਂ ਤੇ ਜਿਲ੍ਹਾਂ ਬਠਿੰਡਾ 'ਚੋਂ ਪਿੰਡਾਂ ਦੇ ਪਿੰਡ ਤੇ ਗੁਫਲਿਆਂ ਦੇ ਗੁਫਲੇ ਮੋਗਾ ਰੈਲੀ 'ਚ ਪਹੁੰਚਦੇ ਹਨ ਇਹ ਇਸ ਗੱਲ ਦਾ ਸਬੂਤ ਹੈ ਕਿ ਹਕੂਮਤੀ ਕਹਿਰ ਤੇ ਹੱਥ ਕੰਡੇ ਇਹਨਾਂ ਜਥੇਬੰਦੀਆਂ ਨੂੰ ਨਿਸੱਲ ਕਰਨ ਤੇ ਵਧਣ ਤੋਂ ਰੋਕਣ 'ਚ ਅਸਫ਼ਲ ਸਿੱਧ ਹੋਏ ਹਨ।
ਮੋਗਾ ਰੈਲੀ ਦੀ ਭਾਰੀ ਗਿਣਤੀ ਇਹਨਾਂ ਜਥੇਬੰਦੀਆਂ ਤੇ ਲੀਡਰਸ਼ਿੱਪ ਦੀ ਜਬਰ ਤਸ਼ਦੱਦ ਦੇ ਸਨਮੁੱਖ ਲੋਕਾਂ ਦੀਆਂ ਰੜਕਵੀਆਂ ਮੰਗਾਂ ਤੇ ਐਜੀਟੇਸ਼ਨ ਦੀਆਂ ਢੁਕਵੀਆਂ ਸ਼ਕਲਾਂ ਇਹਨਾਂ ਜਥੇਬੰਦੀਆਂ ਵੱਲੋਂ ਹਕੂਮਤੀ ਹਮਲੇ ਦੀ ਅਸਲ ਵਜ੍ਹਾ ਬਣੇ ਤੇ ਅੱਖ 'ਚ ਰੋੜ ਵਾਂਗ ਰੜਕਦੇ ਕਿਸਾਨਾਂ ਮਜ਼ਦੂਰਾਂ ਦੇ ਭਖ਼ਦੇ ਅਹਿਮ ਤੇ ਵੱਡੇ ਮੁੱਦਿਆਂ ਕਰਜੇ, ਜ਼ਮੀਨਾਂ, ਰੁਜਗਾਰ, ਪਲਾਟਾਂ ਦੇ ਖੁਦਕੁਸ਼ੀਆਂ ਆਦਿ ਨੂੰ ਹੋਰ ਵੀ ਵਧੇਰੇ ਜੋਰ ਨਾਲ ਉਭਾਰਿਆ, ਪ੍ਰਚਾਰਿਆਂ ਤੇ ਆਪਣੀ ਸਰਗਰਮੀ ਦਾ ਮੁੱਖ ਹਿੱਸਾ ਬਨਾਇਆ ਗਿਆ। ਇਸਦੇ ਨਾਲ ਹੀ ਲੋਕਾਂ ਦੀ ਦੁਖਦੀ ਰਗ ਬਣੇ ਤੇ ਹਕੂਮਤ ਨੂੰ ਬਚਾਅ ਦੇ ਪੈਂਤੜੇ 'ਤੇ ਧੱਕ ਰਹੇ ਨਸ਼ਿਆ ਤੇ ਪ੍ਰਦੂਸ਼ਿਤ ਪਾਣੀ ਵਰਗੇ ਮੁੱਦੇ ਵੀ ਆਪਣੀ ਮੁਹਿੰਮ ਦਾ ਅਹਿਮ ਹਿੱਸਾ ਬਣਾਏ ਗਏ। ਇਸ ਦੇ ਨਾਲ ਹੀ ਲੋਕਾਂ ਨੂੰ ਚੇਤਨ ਤੇ ਲਾਮਬੰਦ ਕਰਨ ਲਈ ਜਿਵੇਂ ਕਿਸਾਨ ਤੇ ਖੇਤ ਮਜ਼ਦੂਰ ਵਰਕਰਾਂ ਨੇ ਦਿਨ ਰਾਤ ਇੱਕ ਕੀਤਾ ਹੈ ਮੋਗਾ ਰੈਲੀ 'ਚ ਜਨਤਾ ਦਾ ਹੜ੍ਹ ਲਿਆਉਣ 'ਚ ਇਸ ਅਣਥੱਕ ਮਿਹਨਤ ਨੇ ਆਪਣਾ ਰੰਗ ਵਿਖਾਇਆ ਹੈ ਹਾਸਲ ਹੋਈ ਜਾਣਕਾਰੀ ਮੁਤਾਬਕ ਲਾਮਬੰਦੀ ਮੁਹਿੰਮ ਦੌਰਾਨ 13 ਜਿਲਿਆਂ ਦੇ ਕਰੀਬ 500 'ਚ ਕੀਤੀਆਂ ਮੀਟਿੰਗਾਂ, ਰੈਲੀਆਂ, ਜਾਗੋ ਤੇ ਢੋਲ ਮਾਰਚਾਂ ਆਦਿਕ 80000 ਦੇ ਲਗਭਗ ਕਿਸਾਨ ਮਜ਼ਦੂਰ ਮਰਦ ਔਰਤਾਂ ਵੱਲੋਂ ਸ਼ਿਰਕਤ ਕੀਤੀ ਗਈ। ਜਿਲ੍ਹਾਂ ਬਠਿੰਡਾ ਜਿਸਨੂੰ ਹਕੂਮਤੀ ਜਬਰ ਦਾ ਚੋਣਵਾਂ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਵਿੱਚ ਦੀ ਹੀ 30 ਪਿੰਡਾਂ ਵਿੱਚ ਨੁੱਕੜ ਨਾਟਕ 10 ਵਿੱਚ  ਜਾਗੋ ਤੇ ਢੋਲ ਮਾਰਚ ਤੇ 32 ਪਿੰਡਾਂ 'ਚ ਮੀਟਿੰਗਾਂ ਰੈਲੀਆਂ ਕੀਤੀਆਂ ਗਈਆਂ ਜਿਹਨਾਂ ਵਿੱਚ ਕੋਈ 20,000 ਮਰਦ ਔਰਤਾਂ ਨੇ ਹਿੱਸਾ ਲਿਆ ਜਥੇਬੰਦੀ ਦੇ ਕੱਟੜ ਵਿਰੋਧੀ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾਂ ਦੇ ਪਿੰਡ ਵਿੱਚ ਹੀ ਤਿਆਰੀ ਦੌਰਾਨ ਕਰਵਾਏ ਨਾਟਕਾਂ ਸਮੇਂ 800 ਦੇ ਕਰੀਬ ਲੋਕ ਸ਼ਾਮਲ ਹੋਏ ਜਦੋਂ ਕਿ ਕੁੱਝ ਦਿਨ ਪਹਿਲਾਂ ਹੀ ਇੱਕ ਨਸ਼ਿਆ ਖਿਲਫ਼ ਮੁਹਿੰਮ ਚਲਾ ਰਹੇ ਜਥੇਬੰਦੀ ਦੇ 21 ਵਰਕਰਾਂ ਨੂੰ ਫੜਕੇ ਜੇਲ੍ਹ ਡੱਕ ਦਿੱਤਾ ਸੀ। ਪਿੰਡ ਭਾਈਰੂਪਾ ਜਿਹੜਾ ਲਗਾਤਾਰ ਪੁਲਿਸ ਛਾਉਣੀ 'ਚ ਬਦਲਿਆ ਰਿਹਾ ਹੈ ਵਿਖੇ ਵੀ ਜਦੋਂ ਮੋਗਾ ਰੈਲੀ ਲਬੰਧੀ ਨੁੱਕੜ ਨਾਟਕ ਕਰਾਏ ਗਏ ਤਾਂ ਇੱਥੇ ਵੀ 600 ਦੇ ਕਰੀਬ ਕਿਸਾਨ ਮਜ਼ਦੂਰ ਮਰਦ ਔਰਤਾਂ ਸ਼ਾਮਲ ਹੋਏ।
ਇਸ ਸਮੁੱਚੀ ਮੁਹਿੰਮ ਦੌਰਾਨ ਕਿਸਾਨ ਤੇ ਖੇਤ ਮਜ਼ਦੂਰ ਮਰਦ ਔਰਤਾਂ ਵੱਲੋਂ ਜਿਸ ਉਤਸ਼ਾਹ ਤੇ ਜੋਸ਼-ਓ-ਖਰੋਸ਼ ਨਾਲ ਹਿੱਸਾ ਲਿਆ। ਉਹ ਇਸ ਗੱਲ 'ਤੇ ਜੋਰਦਾਰ ਮੋਹਰ ਲਾਉਦਾ ਹੈ ਕਿ ਕਿਸਾਨ ਤੇ ਖੇਤ ਮਜ਼ਦੂਰ ਜਨਤਾ ਲਈ ਕਰਜੇ, ਖੁਦਕੁਸ਼ੀਆਂ,ਰੁਜਗਾਰ, ਜ਼ਮੀਨਾਂ ਪਲਾਟ, ਨਸ਼ੇ ਦੇ ਗੁੰਡਾਗਰਦੀ ਵਰਗੇ ਮੁੱਦਿਆਂ ਪ੍ਰਤੀ ਉਹਨਾਂ ਦਾ ਗਹਿਰਾ ਸਰੋਕਾਰ ਹੈ। ਇਹ ਉਹਨਾਂ ਦੀ ਜਿੰਦ ਜਾਨ ਹਨ। ਇਹਨਾਂ ਦੀ ਬੇਹੱਦ ਅਹਿਮੀਅਤ ਹੈ। ਜੋਰਦਾਰ ਲੜਨ ਤਾਂਘ ਹੈ। ਇਹਨਾਂ ਜਥੇਬੰਦੀਆਂ ਤੇ ਲੀਡਰਸ਼ਿੱਪ 'ਚ ਭਰੋਸਾ ਹੈ।
-0-
ਮੋਗਾ ਰੈਲੀ ਵੱਲੋਂ ਸੁਨੇਹਾ
ਇਸ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨ ਵਾਲੇ ਕਿਸਾਨ-ਮਜ਼ਦੂਰ ਬੁਲਾਰਿਆ ਜੋਗਿੰਦਰ ਸਿੰਘ ਉਗਰਾਹਾਂ, ਜੋਰਾ ਸਿੰਘ ਨਸਰਾਲੀ, ਸੁਖਦੇਵ ਸਿੰਘ ਕੋਕਰੀ ਕਲਾਂ, ਲਛਮਣ ਸਿੰਘ ਸੇਵੇਵਾਲਾ, ਝੰਡਾ ਸਿੰਘ ਜੇਠੂਕੇ, ਹਰਿੰਦਰ ਕੌਰ ਬਿੰਦੂ ਤੇ ਕਰਮਜੀਤ ਕੌਰ ਦਬੜਾ ਵੱਲੋਂ ਜਿਹਨਾਂ ਪੱਖਾਂ ਨੂੰ ਉਭਾਰਕੇ ਪੇਸ਼ ਕੀਤਾ ਗਿਆ ਉਹਨਾਂ ਦਾ ਸਾਰ ਤੱਤ ਇਹ ਹੈ: ਕਰਜੇ, ਖੁਦਕੁਸ਼ੀਆਂ, ਜ਼ਮੀਨ, ਰੁਜਗਾਰ, ਖੁਰਾਕ ਤੇ ਰਿਹਾਇਸ਼ੀ ਮਕਾਨਾਂ ਦੀ ਤੋਟ ਤੇ ਨਸ਼ੇ, ਪ੍ਰਦੂਸ਼ਿਤ ਪਾਣੀ ਤੇ ਗੁੰਡਾਗਰਦੀ ਦੀ ਭਰਮਾਰ ਪੈਦਾਵਾਰ ਦੇ ਸਾਧਨਾਂ ਦੀ ਕਾਣੀ ਵੰਡ ਤੇ ਬਾਦਲ ਹਕੂਮਤ ਸਮੇਤ ਸਭਨਾਂ ਹਕੂਮਤਾਂ ਦੇ ਕਿਸਾਨਾਂ ਮਜ਼ਦੂਰਾਂ ਪ੍ਰਤੀ ਜਮਾਤੀ ਦੁਸ਼ਮਣੀ ਵਾਲੇ ਰਿਸ਼ਤੇ ਦਾ ਸਿੱਟਾ ਹੈ। ਲੋਕਾਂ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਹੱਕ 'ਤੇ ਪਾਬੰਦੀਆਂ ਮੜ੍ਹਨਾ ਤੇ ਕਾਲੇ ਕਾਨੂੰਨ ਘੜਨਾ ਬਾਦਲ ਸਰਕਾਰ ਸਮੇਤ ਹਕੂਮਤਾਂ ਦੀ ਤਕੜਾਈ ਦੀ ਨਹੀਂ ਕਮਜੋਰੀ ਦਾ ਸੂਚਕ ਹੈ। ਇਹ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਵੱਖ-ਵੱਖ ਵਰਗਾ ਅੰਦਰ ਹਕੂਮਤਾਂ ਤੇ ਲੋਕ ਵਿਰੋਧੀ ਹਕੂਮਤੀ ਨੀਤੀਆਂ ਖਿਲਾਫ਼ ਲੜਨ ਦੀ ਤਾਂਘ ਤੇਜ਼ ਹੋ ਰਹੀ ਹੈ ਤੇ ਉਹਨਾਂ ਦੇ ਘੋਲ ਪਹਿਲੀਆਂ ਜਾਬਰ ਕਾਨੂੰਨੀ ਘੇਰਾਬੰਦੀਆਂ ਨੂੰ ਚਣੌਤੀ ਦੇ ਰਹੇ ਹਨ। ਕਿਸਾਨ ਮਜ਼ਦੂਰ ਘੋਲਾਂ ਦੌਰਾਨ ਹਾਸਲ ਕੀਤੀਆਂ ਜਿੱਤਾਂ ਨੂੰ ਉਭਾਰਦਿਆਂ ਇਸ ਪੱਖ 'ਤੇ ਵਿਸ਼ੇਸ਼ ਜੋਰ ਦਿੱਤਾ ਗਿਆ ਕਿ ਕਿਸਾਨਾਂ ਮਜ਼ਦੂਰਾਂ ਵਿੱਚ ਇਹਨਾਂ ਰਾਹੀਂ ਆਪਣੀ ਏਕਤਾ ਦੀ ਤਾਕਤ ਦੇ ਜੋਰ ਹੱਕ ਹਾਸਲ ਕਰਨ ਦਾ ਤੇ ਆਪਣੀ ਹਸਤੀ ਪ੍ਰਗਟਾਉਣ ਦਾ ਜੋ ਅਹਿਸਾਸ ਪੈਦਾ ਹੋਇਆ ਹੈ ਇਹ ਕਿਤੇ ਵੱਡੀ ਪ੍ਰਪਤੀ ਹੈ। ਆਪਣੇ ਅਹਿਮ ਤੇ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਤੇ ਹਕੂਮਤਾਂ ਦੇ ਚੌਤਰਫੇ ਹਮਲੇ ਦਾ ਮੂੰਹ ਮੋੜਨ ਲਈ ਹੋਰ ਵਿਸ਼ਾਲ ਜਨਤਾ ਨੂੰ ਹਰਕਤ ਵਿੱਚ ਲਿਆਉਣ, ਜਥੇਬੰਦ ਕਰਨ, ਸਿਰੜੀ ਤੇ ਜਾਨ ਹੂਲਵੇਂ ਘੋਲਾਂ ਦੀ ਤਿਆਰੀ ਕਰਨ, ਨੌਜਵਾਨ ਸ਼ਕਤੀਆਂ ਨੂੰ ਜਥੇਬੰਦੀ ਵਿੱਚ ਖਿੱਚਣ,ਖੇਤ ਮਜ਼ਦੂਰਾਂ ਤੇ ਕਿਸਾਨਾਂ ਦੀ ਸਾਂਝ ਹੋਰ ਪੱਕੀ ਕਰਨ ਅਤੇ ਹਕੂਮਤੀ ਨੀਤੀਆਂ ਵਿਰੁੱਧ ਲੜ ਰਹੇ ਵੱਖ ਵੱਖ ਵਰਗਾਂ ਖਾਸ ਕਰਕੇ ਫੈਕਟਰੀ ਮਜ਼ਦੂਰਾਂ,ਬੇਰੁਜਗਾਰਾਂ ਤੇ ਠੇਕਾ ਮੁਲਾਜਮਾਂ ਨਾਲ ਸਾਂਝ ਦੀਆਂ ਤੰਦਾ ਬਣਾਉਣ ਤੇ ਮਜਬੂਤ ਕਰਨ ਦਾ ਸੱਦਾ ਦਿੱਤਾ ਗਿਆ। ਸਟੇਜ ਵੱਲੋਂ 27 ਸਤੰਬਰ ਨੂੰ ਇਨਕਲਾਬੀ ਰੰਗ ਮੰਚ ਦੇ ਬਾਬਾ ਬੋਹੜ ਗੁਰਸ਼ਰਨ ਭਾਅ ਜੀ ਦੀ ਤੀਰਸੀ ਬਰਸੀਂ ਮੌਂਕੇ ਬਰਨਾਲੇ ਪਹੁੰਚਣ ਅਤੇ ਕਾਲਾ ਕਾਨੂੰਨਾਂ ਵਿਰੁੱਧ ਜਥੇਬੰਦੀਆਂ ਦੇ ਸਾਂਝੇ ਸੱਦੇ 'ਤੇ 29 ਸਤੰਬਰ ਅਮ੍ਰਿੰਤਸਰ 30 ਨੂੰ ਜਲੰਧਰ ਤੇ ਪਹਿਲੀ ਅਕਤੂਬਰ ਨੂੰ ਦਾਣਾ ਮੰਡੀ ਬਰਨਾਲਾ ਪਹੁੰਚਣ ਦਾ ਜੋਰਦਾਰ ਸੱਦਾ ਦਿੱਤਾ ਗਿਆ। ਇਸ ਰੈਲੀ ਨੂੰ ਗੁਰਸ਼ਰਨ ਭਾਅ ਜੀ ਦੀ ਬੇਟੀ ਨਵਸ਼ਰਨ ਤੇ ਪੀ.ਆਰ.ਟੀ.ਸੀ.ਆਜ਼ਾਦ ਯੂਨੀਅਨ ਦੇ ਆਗੂ ਨੇ ਵੀ ਸੰਬੋਧਨ ਕੀਤਾ।
-੦-

No comments:

Post a Comment