Thursday, October 9, 2014

  ਪਲਾਟਾਂ ਬਾਰੇ ਪੰਚੈਤੀ ਜ਼ਮੀਨ 'ਚ ਹਿੱਸੇਦਾਰੀ ਬਾਰੇ
     ਦਲਿਤ ਖੇਤ ਮਜ਼ਦੂਰਾਂ ਦੇ ਘੋਲਾਂ ਦੀ ਸਿਆਸੀ ਮਹੱਤਤਾ
ਅੱਜ ਕੱਲ ਦਲਿਤ ਖੇਤ ਮਜ਼ਦੂਰਾਂ ਦੇ, ਪਲਾਟਾਂ ਬਾਰੇ ਅਤੇ ਪੰਚਾਇਤੀ ਜ਼ਮੀਨਾਂ ਵਿਚ ਹਿੱਸੇਦਾਰੀ ਲੈਣ ਵਾਸਤੇ, ਘੋਲਾਂ ਦੀਆਂ ਖੁਸ਼ਖ਼ਬਰੀਆਂ ਆ ਰਹੀਆਂ ਹਨ। ਇਹ ਉਹ ਲੋਕ ਹਨ ਜਿਹਨਾਂ ਨੂੰ ਇਕੋ ਲੱਤ ਦੇ ਭਾਰ ਖੜੇ ਰਹਿ ਕੇ ਉਮਰਾਂ ਗੁਜ਼ਾਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਕਿਉਂਕਿ ਉਹਨਾਂ ਕੋਲ ਧਰਤੀ ਤੇ ਦੂਜਾ ਪੈਰ ਧਰਨ ਜੋਗਰੀ ਥਾਂ ਨਹੀਂ ਹੈ। ਉਹ ਦੂਜਾ ਪੈਰ ਧਰਨ ਲਈ ਲੜਨ ਦੇ ਰਾਹ ਪੈ ਰਹੇ ਹਨ ਤਾਂ ਜੋ ਉਹ ਸਾਂਵੀ-ਪੱਧਰੀ ਜਿੰਦਗੀ ਜਿਉਂ ਸਕਣ, ਜੋ ਕਿ ਉਹਨਾਂ ਦਾ ਜਨਮ-ਸਿੱਧ ਅਧਿਕਾਰ ਹੈ।
ਹੁਣ ਉਹਨਾਂ ਦਾ ਵੱਡਾ ਹਿੱਸਾ ਜਿਹੜੇ ''ਘਰਾਂ'' ਵਿੱਚ ਰਹਿੰਦਾ ਹੈ, ਉਹਨਾਂ ਨੂੰ ''ਘਰ'' ਕਹਿਣਾ ਵੀ ਇੱਕ ਮਜਾਕੀਆ ਅਤਿਕਥਨੀ ਹੈ। ਘਰ, ਕੰਮ ਤੋਂ ਅੱਕ-ਥੱਕ ਕੇ ਆਇਆਂ ਲਈ ਮਨ ਦੀ ਚੈਨ ਸਰੀਰਕ ਸੁੱਖ-ਆਰਾਮ ਲਈ ਸਹੂਲਤਾਂ ਵਾਲੀ ਆਪਣੀ ਆਰਾਮਗਾਹ ਹੁੰਦੀ ਹੈ। ਸਹੀ ਅਰਥਾਂ ਵਿੱਚ ''ਘਰ'' ਉਹ ਹੁੰਦਾ ਹੈ, ਜਿੱਥੇ ਸਰੀਰਕ ਤੰਦਰੁਸਤੀ ਅਤੇ ਸੁਖ-ਆਰਾਮ ਲਈ, ਸਾਉਣ-ਬੈਠਣ ਵਾਲੀ ਥਾਵਾਂ ਹੁੰਮਸ-ਭਰੀਆਂ, ਸਿੱਲ੍ਹੀਆਂ ਨਾ ਹੋਣ; ਰਸੋਈ ਦੇ ਧੂੰਏ ਅਤੇ ਪਸ਼ੂਆਂ ਦੇ ਮਲ-ਮੂਤਰ ਦੀ ਹਵਾੜ ਤੋਂ ਮੁਕਤ ਹੋਣ; ਜਿੱਥੇ ਸਿਆਲਾਂ ਵਿੱਚ ਸੂਰਜ ਦੀ ਨਿੱਘੀ ਧੁੱਪ ਅਤੇ ਗਰਮੀਆਂ ਵਿੱਚ ਛਾਂ ਅਤੇ ਖੁੱਲ੍ਹੀ ਹਵਾ ਨਸੀਬ ਹੋਵੇ; ਜਿੱਥੇ ਮਾਨਸਿਕ ਸੰਤੁਸ਼ਟੀ ਅਤੇ ਸਾਡੇ ਸਭਿਆਚਾਰਕ ਨਿਯਮਾਂ ਅਨੁਸਾਰ ਮਹਿਮਾਨਾਂ ਦੀ ਖਾਤਰਦਾਰੀ ਖਾਤਰ ਵੱਖਰਾ ਕਮਰਾ ਹੋਵੇ। ਪਤੀ-ਪਤਨੀ ਜੋੜਿਆਂ ਲਈ ਆਪਣੀ ਜ਼ਿੰਦਗੀ ਦਾ ਨਿੱਜੀ ਸਮਾਂ ਨਿਰਵਿਘਨ ਗੁਜਾਰਨ ਖਾਤਰ ਵੱਖਰੇ ਕਮਰੇ ਹੋਣ। ਜਿੱਥੇ ਆਪਣੀਆਂ ਮਨਮਰਜੀਆਂ ਕਰਨ ਖਾਤਰ ਬੱਚਿਆਂ ਲਈ ਉਹਨਾਂ ਦੀ ਕੋਈ ਆਪਣੀ ਵੱਖਰੀ ਥਾਂ ਹੋਵੇ ਤਾਂ ਜੋ ਉਹ ਮਾਪਿਆਂ ਦੀਆਂ ''ਸਾਰਾ ਦਿਨ ਸਿਰ ਖਾਈ ਜਾਣ'' ਦੀਆਂ ਝਿੜਕਾਂ ਤੋਂ ਬਚ ਸਕਣ, ਤਾਂ ਜੋ ਉਹ ਆਪਣੀ ਪੜ੍ਹਾਈ ਦਾ ਕੰਮ ਨਿਰਵਿਘਨ ਕਰ ਸਕਣ ਅਤੇ ਸਭ ਤੋਂ ਵੱਡੀ ਗੱਲ ਮੀਂਹ-ਝੱਖੜ ਦੀ ਮਾਰ ਤੋਂ ਸੁਰੱਖਿਅਤ ਹੋਵੇ। ਏਸ ਪੱਖੋਂ ਦੇਖਿਆਂ ਦਲਿਤਾਂ ਮਜ਼ਦੂਰਾਂ ਦੇ ਵੱਡੇ ਹਿੱਸੇ ਦੇ ਸੂਰ-ਵਾੜਿਆਂ ਵਰਗੇ ''ਘਰਾਂ'' ਨੂੰ ਘਰ ਕਹਿਣ ਨੂੰ ਮਜਾਕੀਆ ਅਤਿ-ਕਥਨੀ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ। ਘਰ ਦਾ ਉੱਪਰ ਬਿਆਨ ਕੀਤਾ ਨਕਸ਼ਾ ਕੋਈ ਹਵਾ ਵਿੱਚ ਮਹਿਲ ਉਸਾਰਨ ਵਾਲੀ ਗੱਲ ਨਹੀਂ ਹੈ। ਅੱਜ ਦੇ ਸਾਡੇ ਸਮਾਜ ਵਿੱਚ ਜਿੰਨੀ ਧਨ-ਦੌਲਤ ਪੈਦਾ ਕਰਨ ਦੀ ਸਮਰੱਥਾ ਹੈ ਜੇ ਉਸਦੀ ਵਾਜਬ ਵੰਡ ਹੋਵੇ ਤਾਂ ਹਰ ਪਰਿਵਾਰ ਵਾਸਤੇ ਅਜਿਹਾ ਘਰ ਬਣਾਉਣਾ ਹਕੀਕੀ ਤੌਰ 'ਤੇ ਸੰਭਵ ਹੈ।
ਧਰਤੀ ਨੂੰ ਮਾਂ ਆਖਿਆ ਜਾਂਦਾ ਹੈ। ਇਸ ਉੱਤੇ ਜਨਮ ਲੈਣ ਵਾਲੇ ਹਰ ਇੱਕ ਦੀ ਮਾਂ। ਖੇਤ ਮਜ਼ਦੂਰ, ਖੇਤੀ ਪੈਦਾਵਾਰ ਨਾਲ ਧਰਤੀ ਮਾਂ ਦੇ ਮਾਲ-ਖਜ਼ਾਨੇ ਭਰਨ ਲਈ ਦਿਨ-ਰਾਤ ਆਪਣਾ ਖੂਨ-ਪਸੀਨਾ ਇੱਕ ਕਰਦੇ ਹਨ। ਉਹ ਇਸ ਮਾਂ ਦੇ ਸਭ ਤੋਂ ਵੱਡੇ ਸਰਵਣ-ਪੁੱਤਰਾਂ ਵਿੱਚੋਂ ਹਨ। ਖੇਤੀ ਰਕਬੇ ਦੇ ਆਪਣੇ ਵਾਜਬ ਹਿੱਸੇ ਦਾ ਮਾਲਕ ਬਣਨਾ ਇਹਨਾਂ ਦਾ ਅਧਿਕਾਰ ਹੈ। ਕੁੱਲ ਦੁਨੀਆਂ ਦੇ ਕਾਨੂੰਨਾਂ ਤੋਂ ਵੱਡਾ ਜਨਮ-ਸਿੱਧ ਅਧਿਕਾਰ ਹੈ।
ਕੁੱਝ ਉਹ (ਜਾਗੀਰਦਾਰ) ਵੀ ਹਨ ਜਿਹੜੇ ਕਹਿੰਦੇ ਤਾਂ ਧਰਤੀ ਨੂੰ ਮਾਂ ਹੀ ਹਨ ਪਰ ਉਹ ਇਸ ਮਾਂ ਦੇ ਕਮੂਤ ਪੁੱਤ ਹਨ। ਉਹ ਮਾਂ ਦੇ -ਖੇਤੀ ਰਕਬੇ-ਦੇ ਵੱਡੇ ਹਿੱਸੇ ਨੂੰ ਅਗਵਾ ਕਰੀਂ ਬੈਠੇ ਹਨ। ਮੁੜ੍ਹਕੇ ਦੀ ਇਕ ਬੂੰਦ ਵੀ ਡੋਹਲੇ ਬਿਨਾਂ ਇਕ ਉਂਗਲ ਵੀ ਹਿਲਾਏ ਬਿਨਾਂ ਉਹ ਧਰਤੀ ਮਾਂ ਦੇ ਖੇਤੀ-ਖਜਾਨੇ ਨੂੰ ਲੁੱਟ ਰਹੇ ਹਨ। ਉਹ ਇਸ ਹਰਾਮ ਦੀ ਕਾਲੀ ਕਮਾਈ ਨੂੰ ਇਸ ਵਿਚ ਵਾਧਾ ਕਰਨ ਉਤੇ ਖਰਚਣ ਦੀ ਥਾਂ, ਗੁੱਲਛਰਰੇ ਉਡਾਉਣ ਜਾਂ ਧਰਤੀ-ਮਾਂ ਦੇ ਹੋਰ ਹਿੱਸੇ ਨੂੰ ਅਗਵਾ ਕਰਨ ਉਤੇ ਖਰਚ ਰਹੇ ਹਨ।
ਸੂਰਵਾੜਿਆਂ ਵਰਗੇ ਘਰਾਂ ਵਿਚ ਦਸੌਂਟੇ ਕੱਟਣ ਵਾਲੇ ਦਲਿਤ ਖੇਤ ਮਜ਼ਦੂਰ, ਬੇਜ਼ਮੀਨੇ ਹੋਣ ਕਰਕੇ, ਭੁੱਖ-ਨੰਗ, ਕੰਗਾਲੀ ਅਤੇ ਜਲਾਲਤ ਭਰੀ ਜਿੰਦਗੀ ਜਿਉਣ ਵਾਲੇ ਇਹ ਲੋਕ, ਇਕ ਤਰ੍ਹਾਂ ਨਾਲ ਇਕ ਲੱਤ ਦੇ ਭਾਰ ਖੜ੍ਹੇ ਡਾਂਵਾਂ ਡੋਲ ਜਿੰਦਗੀ ਜਿਉਂ ਰਹੇ ਹਨ, ਉਹ ਇਸ ਧਰਤੀ ਮਾਂ ਦੇ ਕਮੂਤ ਪੁੱਤਾਂ ਤੋਂ ਜਗੀਰਦਾਰਾਂ ਅਤੇ ਉਹਨਾਂ ਦੀ ਹਕੂਮਤ ਤੋਂ ਧਰਤੀ ਉਤੇ ਦੂਜਾ ਪੈਰ ਧਰਨ ਜੋਗਰਾ ਥਾਂ ਮੰਗ ਰਹੇ ਹਨ।
ਜਗੀਰਦਾਰ ਅਤੇ ਉਹਨਾਂ ਦੀ ਹਕੂਮਤ ਇਹ ਜਾਣਦੀ ਹੈ ਕਿ ਪਲਾਟਾਂ ਅਤੇ ਪੰਚੈਤੀ ਜ਼ਮੀਨ ਵਿਚੋਂ ਕਾਨੂੰਨੀ ਹਿੱਸੇਦਾਰੀ ਦੀਆਂ ਮੰਗਾਂ, ਪੂਰੀਆਂ ਕਰਨ ਪੱਖੋਂ ਹਾਕਮਾਂ ਵਾਸਤੇ ਮਾਮੂਲੀ ਗੱਲ ਹੈ, ਬਹੁਤ ਹੀ ਮਾਮੂਲੀ ਇਹਨਾਂ ਨੂੰ ਪੂਰਾ ਕਰਨ ਉਤੇ ਸਰਕਾਰ ਦਾ ਇਕ ਧੇਲਾ ਵੀ ਖਰਚ ਨਹੀਂ ਹੁੰਦਾ। ਪਰ ਉਹਨਾਂ ਨੂੰ ਪਤਾ ਹੈ ਕਿ ਜੇ ਖੇਤ ਮਜ਼ਦੂਰ ਜ਼ਮੀਨ ਵਿਚੋਂ ਹਿੱਸਾ ਲੈਣ ਸੰਬੰਧੀ ਇਹ ਛੋਟੀਆਂ ਛੋਟੀਆਂ ਮੰਗਾਂ, ਲੜਕੇ  ਪੂਰੀਆਂ ਕਰਵਾਉਂਣ ਵਿੱਚ ਅੱਜ ਸਫਲ ਹੁੰਦੇ ਹਨ ਤਾਂ ਕੱਲ ਨੂੰ ਜ਼ਮੀਨੀ ਹੱਦ-ਬੰਦੀ ਕਾਨੂੰਨਾਂ ਅਨੁਸਾਰ ਜਾਗੀਰਦਾਰਾਂ ਦੀਆਂ ਵਾਫਰ ਨਿੱਕਲਦੀਆਂ ਜ਼ਮੀਨਾਂ ਨੂੰ ਬੇਜ਼ਮੀਨਿਆਂ ਵਿਚ ਵੰਡਣ ਦੀ ਮੰਗ ਕਰਨਗੇ। ਪਰਸੋਂ ਨੂੰ ਇਹ ਉਹ ਮੰਗਾਂ ਮੰਗਣ ਦੀ ਥਾਂ ਹੱਕ ਹਾਸਲ ਕਰਨ ਦੇ ਰਾਹ ਪੈਣਗੇ। ਉਹ ਇਨਕਲਾਬੀ ਜ਼ਮੀਨੀ ਸੁਧਾਰਾਂ ਦੇ ਰਾਹ ਪੈਣਗੇ; ਜਗੀਰਦਾਰਾਂ ਅਤੇ ਸੂਦਖੋਰਾਂ ਦੀਆਂ ਜ਼ਮੀਨਾਂ-ਜੈਦਾਤਾਂ ਅਤੇ ਪੂੰਜੀ ਨੂੰ ਖੋਹਕੇ ਇਹਨਾਂ ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਵਿੱਚ ਵੰਡਣ ਦੇ ਰਾਹ ਪੈਣਗੇ। ਹਾਕਮਾਂ ਨੂੰ ਇਹ ਖਤਰਾ ਹੈ ਕਿ ਉਹ ਅੱਜ ਸਾਡੀ ਉਂਗਲੀ ਫੜਕੇ ਵਧਦੇ ਵਧਦੇ ਸਾਡੀ ਬਾਂਹ ਨੂੰ ਮਰੋੜਾ ਦੇਣ ਤੱਕ ਜਾਣਗੇ। ਉਹਨਾਂ ਨੂੰ ਇਹ ਖਤਰਾ ਹੈ ਕਿ ਜ਼ਮੀਨੀ-ਤਲਬ ਦੀ ਧੁਖਦੀ ਚੰਗਿਆੜੀ, ਜਥੇਬੰਦ ਜਮਾਤੀ ਘੋਲਾਂ ਦੇ ਪਲੀਤੇ ਰਾਹੀਂ ਵਧਦੀ ਵਧਦੀ, ਚਾਹੇ ਮੱਧਮ ਤੌਰ ਤੇ ਹੀ ਸਹੀ, ਅੰਤ ਨੂੰ ਬਰੂਦ ਦੇ ਉਸ ਢੇਰ ਤੱਕ ਪਹੁੰਚ ਸਕਦੀ ਹੈ ਜਿਸਦਾ ਧਮਾਕਾ ਜਗੀਰਦਾਰਾਂ ਸਮੇਤ ਸਮੁਚੀਆਂ ਹਾਕਮ ਜਮਾਤਾਂ ਅਤੇ ਉਹਨਾਂ ਦੇ ਰਾਜ ਦੇ ਪਰਖਚੇ ਉੜਾ ਦੇਵੇਗਾ।
ਏਸੇ ਕਰਕੇ, ਜਗੀਰਦਾਰਾਂ ਦੇ ਕੰਟਰੋਲ ਹੇਠਲੀਆਂ ਪੰਚੈਤਾਂ ਦਲਿਤਾਂ ਨੂੰ ਪਲਾਟ ਕੱਟਣ ਬਾਰੇ ਮਤੇ ਨਾ ਪਾਉਣ ਉਤੇ ਬਜਿੱਦ ਹਨ। ਏਸੇ ਕਰਕੇ ਹਕੂਮਤ ਉਹਨਾਂ ਪਲਾਟਾਂ ਉਤੇ ਵੀ ਨਾਜਾਇਜ ਕਬਜੇ ਨਹੀਂ ਛੁਡਾ ਰਹੀ ਜਿਹੜੇ ਕਾਨੂੰਨੀ ਤੌਰ ਤੇ ਦਲਿਤਾਂ ਦੇ ਨਾਉਂ ਉਤੇ ਚੜ੍ਹ ਚੁੱਕੇ ਹਨ। ਏਸੇ ਕਰਕੇ ਦਲਿਤ ਖੇਤ ਮਜ਼ਦੂਰਾਂ ਦੀ, ਪੰਚੈਤੀ ਜ਼ਮੀਨਾਂ ਵਿਚੋਂ ਆਪਣੇ ਹਿੱਸੇ ਨੂੰ ਸਸਤੇ ਰੇਟ ਉਤੇ ਠੇਕੇ 'ਤੇ ਲੈਣ ਦੀ, ਕਾਨੂੰਨੀ ਤੌਰ ਤੇ ਪਰਵਾਨਤ ਮੰਗ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਹੈ। ਏਸੇ ਕਰਕੇ ਇਹਨਾਂ ਬਹੁਤ ਹੀ ਮਾਮੂਲੀ, ਵਾਜਬ ਤੇ ਕਾਨੂੰਨੀ ਮੰਗਾਂ ਖਾਤਰ ਘੋਲ ਕਰ ਰਹੇ ਦਲਿਤ ਮਜ਼ਦੂਰਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ, ਉਹਨਾਂ ਤੇ ਡਾਂਗ ਵਰ੍ਹਾਈ ਜਾ ਰਹੀ ਹੈ, ਉਹਨਾਂ ਨੂੰ ਕਾਲ-ਕੋਠੜੀਆਂ ਵਿਚ ਤੂੜਿਆਂ ਜਾ ਰਿਹਾ ਹੈ।
ਸਾਵਧਾਨ!!
ਦਲਿਤ ਖੇਤ ਮਜ਼ਦੂਰਾਂ ਦੇ ਪਲਾਟਾਂ ਅਤੇ ਪੰਚਾਇਤੀ ਜ਼ਮੀਨਾਂ ਵਿਚ ਹਿੱਸੇਦਾਰੀ ਵਰਗੀਆਂ ਅੰਸ਼ਕ ਮੰਗਾਂ ਲਈ ਘੋਲ ਜਰੂਰੀ ਹਨ, ਬਹੁਤ ਹੀ ਜਰੂਰੀ। ਪਰ ਇਸ ਗੱਲੋਂ ਸਾਵਧਾਨ ਰਹਿਣਾ ਜਰੂਰੀ ਹੈ ਕਿ ਇਹ ਘੋਲ ਦੋ ਧਾਰੀ ਤਲਵਾਰ ਹਨ। ਇਹਨਾਂ ਵਿਚੋਂ ਇਕ ਦੂਜੇ ਨਾਲ ਟਕਰਾਂਵੇ ਦੋ ਰਸਤੇ ਨਿੱਕਲ ਸਕਦੇ ਹਨ। ਇਹ ਘੋਲ ਇਹਨਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਸੋਧਵਾਦੀ-ਸੁਧਾਰਵਾਦੀ ਰਸਤੇ ਵੱਲ ਵੀ ਤੋਰ ਸਕਦੇ ਹਨ, ਇਨਕਲਾਬੀ ਰਸਤੇ ਵੱਲ ਵੀ ਤੋਰ ਸਕਦੇ ਹਨ।
ਇਹਨਾਂ ਘੋਲਾਂ ਰਾਹੀਂ ਇਨਕਲਾਬੀ ਰਸਤੇ ਉਤੇ ਅੱਗੇ ਵਧਣ ਲਈ ਦੋ ਗੱਲਾਂ ਬਹੁਤ ਜਰੂਰੀ ਹਨ। ਇੱਕ ਇਹ ਕਿ ਘੋਲਾਂ ਦੀ ਤਿਆਰੀ ਦੌਰਾਨ ਅਤੇ ਘੋਲ ਸਰਗਰਮੀਆਂ ਦੌਰਾਨ ਕੀਤੇ ਜਾਣ ਵਾਲੇ ਪਰਚਾਰ ਅਤੇ ਸਿੱਖਿਆ ਰਾਹੀਂ ਜਿਥੇ ਸੰਬੰਧਤ ਤੁਰਤਪੈਰੀਆਂ ਅੰਸ਼ਕ ਮੰਗਾਂ ਅਤੇ ਘੋਲਾਂ ਦੀ ਵਾਜਵੀਅਤ ਅਤੇ ਜਰੂਰੀ ਲੋੜ ਉਤੇ ਜੋਰ ਦਿੱਤਾ ਜਾਣਾ ਚਾਹੀਦਾ ਹੈ, ਓਥੇ ਨਾਲ ਦੀ ਨਾਲ, ਓਨਾ ਹੀ ਜੋਰ ਲੰਮੇ ਸਮੇਂ ਦੀਆਂ ਸੰਬੰਧਤ ਬੁਨਿਆਦੀ ਮੰਗਾਂ ਯਾਨੀ ਇਨਕਲਾਬੀ ਜ਼ਮੀਨੀ ਸੁਧਾਰਾਂ ਅਤੇ ਇਹਨਾਂ ਲਈ ਲੋੜੀਂਦੇ ਇਨਕਲਾਬੀ ਘੋਲਾਂ ਦੀ ਵਾਜਵੀਅਤ ਅਤੇ ਅਣਸਰਦੇ ਦੀ ਲੋੜ ਉਤੇ ਦਿੱਤਾ ਜਾਣਾ ਚਾਹੀਦਾ ਹੈ। ਇਹ ਗੱਲ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਕਿ ਖੇਤ ਮਜ਼ਦੂਰ ਇਹਨਾਂ ਅੰਸ਼ਕ ਮੰਗਾਂ ਉਤੇ ਚਲਦੇ ਘੋਲਾਂ ਨੂੰ ਸਿਰਫ ਵਕਤੀ ਲੋੜਾਂ ਤੇ ਮੰਗਾਂ ਦੀ ਪੂਰਤੀ ਦੇ ਸਾਧਨ ਵਜੋਂ ਹੀ ਨਾ ਦੇਖਣ-ਸਮਝਣ। ਸਗੋਂ ਇਸ ਤੋਂ ਵੀ ਵੱਧ ਉਹ, ਇਹਨਾਂ ਨੂੰ ਆਪਣੀ ਅੰਤਮ ਮੰਜਲ- ਇਨਕਲਾਬੀ ਜ਼ਮੀਨੀ ਸੁਧਾਰਾਂ ਦੀ ਬੁਨਿਆਦੀ ਮੰਗ, ਆਪਣੀ ਆਰਥਕ ਮੁਕਤੀ(ਸਿਰਫ ਆਰਥਕ ਮੁਕਤੀ ਹੀ ਨਹੀਂ ਸਗੋਂ ਇਸ ਨਾਲ ਜੜੁਤ ਸਿਆਸੀ ਮੁਕਤੀ- ਜਗੀਰੂ-ਸਾਮਰਾਜੀ ਗਲਬੇ ਤੋਂ ਆਰਥਕ-ਸਿਆਸੀ ਮੁਕਤੀ) ਵੱਲ ਚੜ੍ਹਦੀ ਪੌੜੀ ਦੇ ਜਰੂਰੀ ਡੰਡਿਆਂ ਦੇ ਰੂਪ ਵਿਚ ਵੀ ਦੇਖਣ-ਸਮਝਣ।
ਦੂਜੀ ਗੱਲ, ਇਹ ਗੱਲ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਕਿ ਜੂਝਾਰ ਜਨਤਾ ਆਪਣੀ ਜਥੇਬੰਦ ਘੋਲ-ਤਾਕਤ ਦੇ ਜੋਰ ਆਪਣੀ ਕਿਸੇ ਅੰਸ਼ਕ ਮੰਗ ਨੂੰ ਮਨਵਾਉਣ ਤੋਂ ਬਆਦ ਸਿਰਫ਼ ਇਹੋ ਤਸੱਲੀ ਮਹਿਸੂਸ ਕਰਨ ਤੱਕ ਸੀਮਤ ਨਾ ਰਹੇ ਕਿ ਆਪਣੀ ਤਾਕਤ ਦੇ ਜੋਰ ਉਹਨਾਂ ਨੇ ਆਪਣੀਆਂ ਨਿੱਤ-ਜੀਵਨ ਦੀਆਂ  ਮੰਗਾਂ ਜਾਂ ਲੋੜਾਂ ਨੂੰ ਪੂਰਾ ਕਰਵਾ ਲਿਆ ਹੈ। ਆਪਣੀ ਜਥੇਬੰਦ ਤਾਕਤ ਦੇ ਜੋਰ ਮੰਗਾਂ ਪੂਰੀਆਂ  ਕਰਾਉਣ ਦੀਆਂ ਸਫਲ ਕਾਰਵਾਈਆਂ ਨੂੰ ਉਹ ਸਿਰਫ ਅੰਸ਼ਕ ਮੰਗਾਂ ਪੂਰੀਆਂ ਕਰਵਾਉਣ ਦੇ ਸਾਧਨਾਂ ਦੇ ਰੂਪ ਵਿੱਚ ਹੀ ਨਾ ਦੇਖਣ। ਸਗੋਂ ਇਸ ਤੋਂ ਵੀ ਕਿਤੇ ਵੱਧ ਉਹ ਇਹ ਸਮਝਣ ਕਿ ਆਪਣੀ ਤਾਕਤ ਦੇ ਜੋਰ ਉਹਨਾਂ ਨੇ ਆਪਣਾ, ਜਥੇਬੰਦ ਹੋਣ ਤੇ ਘੋਲ ਕਰਨ ਦਾ ਜਮਹੂਰੀ ਹੱਕ ਖੋਹਿਆ ਹੈ; ਕਿ ਆਪਣੀ ਮਰਜੀ ਪੁਗਾ ਕੇ ਉਹਨਾਂ ਨੇ ਅਮਲੀ ਰੂਪ ਵਿਚ ਖ਼ਰੀ ਜਮਹੂਰੀਅਤ ਦਾ ਇਕ ਅੰਸ਼ ਸਿਰਜਿਆਂ ਹੈ; ਕਿ ਅਜਿਹੀਆਂ ਕਾਰਵਾਈਆਂ ਦੇ ਲੜੀ-ਬੱਧ ਸਿਲਸਿਲੇ ਰਾਹੀਂ ਹੀ ਉਹਨਾਂ ਦੀ ਸਿਆਸੀ ਮੁਕਤੀ ਹੋਣੀ ਹੈ; ਕਿ ਅਜਿਹੀਆਂ ਕਾਰਵਾਈਆਂ ਉਸਾਰੀ-ਅਧੀਨ ਖ਼ਰੇ ਲੋਕ-ਰਾਜ ਦੇ ਮਹਿਲ ਦੀ ਨਿਉਂ ਵਿਚ ਲੱਗ ਰਹੀਆਂ ਇੱਟਾਂ ਹਨ। ਜਿਵੇਂ ਮਕਾਨ ਦੀ ਉਸਾਰੀ ਦੀ ਸ਼ੁਰੂਆਤ ਵੇਲੇ ਨਿਉਂ ਧਰਨ ਵਾਲੇ ਦਿਨ ਲੱਡੂ ਵੰਡੇ ਜਾਂਦੇ ਹਨ, ਇਉਂ ਹੀ ਆਪਣੀ ਜਥੇਬੰਦ ਘੋਲ ਤਾਕਤ ਦੇ ਜੋਰ ਆਪਣੇ ਜਮਹੂਰੀ ਹੱਕ ਖੋਹਣ ਦੀ ਸਫਲਤਾ ਵੇਲੇ, ਇਸ ਨੂੰ ਅਸਲੀ ਲੋਕ-ਰਾਜ ਦੀ ਨਿਉਂ ਰੱਖਣ ਦੇ ਰੂਪ ਵਿਚ ਦੇਖਦਿਆਂ ਜੁਝਾਰੂ ਜਨਤਾ ਦੇ ਮਨਾਂ ਵਿਚ ਲੱਡੂ ਭੁਰਨੇ ਚਾਹੀਦੇ ਹਨ।
ਸੌ ਹੱਥ ਰੱਸਾ ਸਿਰੇ ਤੇ ਗੰਢ:  ਜੁਝਾਰੂ ਜਨਤਾ ਦੇ ਪੈਰ ਜ਼ਮੀਨ (ਅੰਸ਼ਕ ਮੰਗਾਂ) ਉਤੇ ਅਤੇ ਅੱਖਾਂ ਤਾਰਿਆਂ (ਬੁਨਿਆਦੀ ਮੰਗਾਂ) ਉਤੇ ਰਹਿਣੀਆਂ ਚਾਹੀਦੀਆਂ ਹਨ।
ਅਸੀਂ ਜਾਣਦੇ ਹਾਂ ਕਿ ਸੋਧਵਾਦੀ-ਸੁਧਾਰਵਾਦੀ ਪਾਰਟੀਆਂ ਦੇ ਪਰਚਾਰ ਤੇ ਸਿਆਸੀ ਸਿਖਿਆਂ ਦਾ ਸਾਰਾ ਜੋਰ ਤੁਰਤਪੈਰੀ ਅੰਸ਼ਕ ਮੰਗਾਂ ਉਤੇ ਹੁੰਦਾ ਹੈ। ਉਹ ਬੁਨਿਆਦੀ ਮੰਗਾਂ ਦਾ ਇਨਕਲਾਬੀ ਨਿਸ਼ਾਨਿਆਂ ਦਾ ਪਰਚਾਰ ਉਤਲੇ ਮਨੋਂ, ਸਤਹੀ ਰੂਪ ਵਿੱਚ ਸੀਮਤ ਹੱਦ ਤੱਕ ਬੱਧੇ-ਰੁੱਧੇ ਹੀ ਕਰਦੇ ਹਨ। ਜੇ ਕਿਸੇ ਕਮਿ:ਇਨਕਲਾਬੀ ਜਥੇਬੰਦੀ ਦੇ ਪਰਚਾਰ ਅਤੇ ਸਿੱਖਿਆ ਸਰਗਰਮੀ ਵਿਚ, ਤੁਰਤਪੈਰੀਆਂ, ਅੰਸ਼ਕ ਮੰਗਾਂ ਦਾ ਲੰਮੇ ਦਾਅ ਦੀਆਂ, ਬੁਨਿਆਦੀ ਮੰਗਾਂ ਨਾਲ ਜੋੜ ਮੇਲ ਕਰਨ ਵਿਚ, ਯਾਨੀ ਬੁਨਿਆਦੀ ਮੰਗਾਂ ਅਤੇ ਇਨਕਲਾਬੀ ਨਿਸ਼ਾਨਿਆਂ ਬਾਰੇ ਪਰਚਾਰ ਅਤੇ ਸਿੱਖਿਆ ਵਿਚ ਲਗਾਤਾਰ ਵੱਡਾ ਪਾੜਾ ਰਹਿੰਦਾ ਹੈ ਤਾਂ ਜਨਤਕ ਖੇਤਰ ਵਿਚ ਉਸਦੀ ਅਮਲਦਾਰੀ ਵਿਚ ਸੋਧਵਾਦੀ-ਸੁਧਾਰਵਾਦੀ ਅੰਸ਼ ਦਾਖਲ ਹੋਣੇ ਲਾਜ਼ਮੀ ਹਨ। ਜੇ ਇਹ ਵਿਗਾੜ ਸਮੇਂ ਸਿਰ ਨੋਟ ਕਰਕੇ ਸੁਧਾਰਿਆ ਨਹੀਂ ਜਾਂਦਾ ਤਾਂ ਇਹਨਾਂ ਅੰਸ਼ਾਂ ਦਾ ਵਧਣਾ ਲਾਜ਼ਮੀ ਹੈ। ਨਤੀਜੇ ਵਜੋਂ ਅਜਿਹੀ ਜਥੇਬੰਦੀ ਨਾ ਚਾਹੁੰਦਿਆਂ ਹੋਇਆਂ ਵੀ ਇਨਕਲਾਬੀ ਰਾਹ ਤੋਂ ਥਿੜਕ ਸਕਦੀ ਹੈ, ਰੰਗ ਵਟਾ ਸਕਦੀ ਹੈ।
-0-

No comments:

Post a Comment