Thursday, October 9, 2014

ਦਲਿਤ ਖੇਤ-ਮਜ਼ਦੂਰਾਂ ਦੀ ਸੁਲੱਖਣੀ ਅੰਗੜਾਈ
ਪੰਚਾਇਤੀ ਜ਼ਮੀਨ ਵਿਚੋਂ ਹਿੱਸੇਦਾਰੀ ਲਈ ਘੋਲ
ਮਾ:ਬੂਟਾ ਸਿੰਘ
ਮਤੋਈ ਜ਼ਮੀਨੀ ਸੰਘਰਸ਼
ਇਨਕਲਾਬੀ ਸਾਡਾ ਰਾਹ (ਜੁਲਾਈ 2014) ਵਿੱਚ ਛਪੀ ਇਕ ਰਿਪੋਰਟ ਅਨੁਸਾਰ: ਜਦੋਂ ਦਲਿਤ ਅਤੇ ਦੱਬੇ-ਕੁਚਲੇ ਘਰਾਂ ਦੀਆਂ ਔਰਤਾਂ ਆਪਣੇ ਹੱਕ ਨੂੰ ਪਛਾਣ ਕੇ ਰਾਜਨੀਤਕ ਲੜਾਈ ਲੜਨ ਲਈ ਸੰਘਰਸ਼ ਦੇ ਮੈਦਾਨ ਵਿੱਚ ਡਟਦੀਆਂ ਹਨ ਤਾਂ ਫਿਰ ਬਿਨਾਂ ਕੋਈ ਇਤਿਹਾਸ ਸਿਰਜੇ ਪਿੱਛੇ ਨਹੀਂ ਹਟਦੀਆਂ, ਕਿਉਂਕਿ ਇਹਨਾਂ ਔਰਤਾਂ ਨੇ ਉਸ ਤੰਗੀਆਂ ਤੁਰਸ਼ੀਆਂ ਵਾਲੀ ਜਿੰਦਗੀ ਨੂੰ ਮਾਨਸਕ ਅਤੇ ਸਰੀਰਕ ਪੀੜ ਦੀ ਤਰ੍ਹਾਂ ਹੰਢਾਇਆ ਹੁੰਦਾ ਹੈ। ਜੇ ਇਹੀ ਪੀੜ ਉਹਨਾਂ ਨੂੰ ਕਿਸਮਤਵਾਦ ਅਤੇ ਖੁਦਕਸ਼ੀ ਦੇ ਰਾਹ ਤੋਂ ਨਿਖੇੜ ਕੇ ਸੰਘਰਸ਼ ਕਰਨ ਦੇ ਰਾਹ ਵੱਲ ਲੈ ਜਾਵੇ ਤਾਂ ਇਥੋਂ ਹੀ ਔਰਤ ਦੀ ਮੁਕਤੀ ਦਾ ਰਾਹ ਸ਼ੁਰੂ ਹੋ ਜਾਂਦਾ ਹੈ। ਜਿਸ ਨੂੰ ਅਸੀਂ ਸੰਗਰੂਰ ਜਿਲ੍ਹੇ ਦੀ ਤਹਿਸੀਲ ਮਲੇਰਕੋਟਲਾ ਦੇ ਨੇੜੇ ਪੈਂਦੇ ਪਿੰਡ ਮਤੋਈ ਵਿੱਚ ਮਹਿਸੂਸ ਕੀਤਾ ਅਤੇ ਇਹਨਾਂ ਪੇਂਡੂ ਮੁਟਿਆਰਾਂ ਨੂੰ ਆਪਣੇ ਹੱਕ ਲਈ ਇਕੱਲਿਆਂ ਹੀ ਭਾਵ, ਬਿਨਾਂ ਮਰਦਾਂ ਦੇ ਸਹਾਰੇ ਸੰਘਰਸ਼ ਦੀ ਸ਼ੁਰੂਆਤ ਕਰਦੇ ਵੇਖਿਆ।
ਇਸ ਪਿੰਡ ਵਿੱਚ ਦਲਿਤ ਵਰਗ ਦੀਆਂ ਕੁੜੀਆਂ ਦੁਆਰਾ ਪਿੰਡ ਦੀ ਪੰਚਾਇਤੀ ਜ਼ਮੀਨ ਵਿਚੋਂ ਆਪਣੇ ਹੱਕ ਦੀ ਤੀਜੇ ਹਿੱਸੇ ਦੀ ਜ਼ਮੀਨ ਲਈ ''ਜ਼ਮੀਨ ਪਰਾਪਤੀ ਸੰਘਰਸ਼ ਕਮੇਟੀ'' ਦੀ ਅਗਵਾਈ ਹੇਠ ਸੰਘਰਸ਼ ਲੜਿਆ ਗਿਆ। ਜਿਸ ਵਿੱਚ 17 ਬਿਘੇ ਜ਼ਮੀਨ ਦਾ ਮਸਲਾ ਸੀ। ਇਸ ਵਿੱਚ ਧਨਾਢ ਪਾਰਟੀ (ਸਮੇਤ ਸਰਪੰਚ) ਉਹਨਾਂ ਦੇ ਵਿਰੋਧੀ ਬਣਕੇ ਖੜੇ ਸਨ। ਜੋ ਇਹ ਸਮਝਦੇ ਸਨ ਕਿ ਇਹ ਕੁੜੀਆਂ-ਕੱਤਰੀਆਂ ਸਾਡਾ ਕੀ ਵਿਗਾੜ ਲੈਣਗੀਆਂ। ਪਰ ਇਹਨਾਂ ਪੇਂਡੂ ਕੁੜੀਆਂ ਨੇ ਹੀ ਪਿੰਡ ਦੇ ਧਨਾਢਾਂ ਦੇ ਨਾਸੀਂ ਧੂੰਆਂ ਲਿਆ ਦਿੱਤਾ ਅਤੇ ਉਹਨਾਂ ਦੀ ਜੱਟਵਾਦ ਦੀ ਹਉਮੈ ਨੂੰ ਸ਼ਰੇਆਮ ਲੱਤ ਮਾਰੀ। ਇਸ ਤੋਂ ਭੜਕੇ ਸਰਪੰਚ ਨੇ ਉਹਨਾਂ ਕੁੜੀਆਂ ਦੇ ਚਰਿੱਤਰ ਅਤੇ ਘਰਦਿਆਂ ਉਪਰ ਚਿੱਕੜ ਉਛਾਲੀ ਕੀਤੀ ਅਤੇ ਜਾਤੀ-ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ। ਪਰ ਉਹ ਦਲਿਤ ਔਰਤਾਂ ਫਿਰ ਵੀ ਆਪਣੀ ਮੰਗ ਅਤੇ ਹੱਕ ਲਈ ਮੈਦਾਨ ਵਿੱਚ ਖੜੀਆਂ ਰਹੀਆਂ। ਪਿੰਡ ਦੀਆਂ ਤੀਹ ਔਰਤਾਂ ਨੇ ਇਕੱਠੇ ਹੋਕੇ ਨਾਅਰੇ ਮਾਰੇ ਅਤੇ ਤਿੰਨ ਵਾਰ ਬੋਲੀ ਰੱਦ ਕਰਵਾਈ ਅਤੇ ਚੌਥੀ ਵਾਰ ਜਦੋਂ ਉਹਨਾਂ ਦੁਆਰਾ ਬੋਲੀ ਦਾ ਵਿਰੋਧ ਕੀਤਾ ਗਿਆ ਤਾਂ ਪਿੰਡ ਦੇ ਧਨਾਢ ਸਰਪੰਚ ਨੇ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਮਜ਼ਦੂਰ ਔਰਤਾਂ ਉਪਰ ਆਪਣੇ ਰੱਖੇ ਗੁੰਡਿਆਂ ਤੋਂ ਹਮਲਾ ਕਰਵਾ ਦਿੱਤਾ। ਜਿਸ ਵਿੱਚ ਆਗੂਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਜਿਥੇ ਕੁੜੀਆਂ ਦੇ ਮਾਪੇ ਅੱਜ ਲੜਕੀਆਂ ਨੂੰ ਧਰਨੇ ਮੁਜਾਹਰਿਆਂ ਵਿੱਚ ਜਾਣ ਲਈ ਰੋਕਦੇ ਹਨ ਉਥੇ ਹੀ ਇਹਨਾਂ ਲੜਕੀਆਂ ਦੇ ਮਾਪਿਆਂ ਨੇ ਸੰਘਰਸ਼ ਵਿੱਚ ਸ਼ਾਮਲ ਹੋਕੇ ਐਸ.ਡੀ.ਐਮ., ਬੀ.ਡੀ.ਪੀ.ਓ., ਦੇ ਖਿਲਾਫ਼ ਧਰਨੇ ਵੀ ਲਗਾਏ। ਇਸ ਸੰਘਰਸ਼ ਦੀਆਂ ਅਨੇਕਾਂ ਰੁਕਾਵਟਾਂ ਦੇ ਬਾਵਜੂਦ ਵੀ ਉਹਨਾਂ ਦੇ ਹੌਂਸਲੇ ਬੁਲੰਦ ਰਹੇ ਅਤੇ ਆਪਣੇ ਦਲਿਤ ਭਾਈਚਾਰੇ ਦੇ ਘਰਾਂ ਲਈ ਪਸ਼ੂਆਂ ਦੇ ਚਾਰੇ ਜੋਗੀ ਜ਼ਮੀਨ ਪਰਾਪਤ ਕਰਨ ਲਈ ਸੰਘਰਸ਼ ਲੜ ਰਹੇ ਹਨ।
ਜਦੋਂ ਇਸ ਸੰਘਰਸ਼ ਦੀਆਂ ਆਗੂ ਲੜਕੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਹਿੱਸੇ ਦੀ ਜ਼ਮੀਨ ਘੱਟ ਰੇਟ ਵਿੱਚ ਮਿਲਣੀ ਚਾਹੀਦੀ ਹੈ। ਜਦੋਂ ਕਿ ਉਹ ਜ਼ਮੀਨ ਦਲਿਤ ਵਰਗ ਲਈ ਰਾਖਵੀਂ ਹੁੰਦੀ ਹੈ। ਪਰ ਇਸ ਜ਼ਮੀਨ ਉਤੇ ਵਾਹੀ ਪਿੰਡ ਦਾ ਧਨਾਢ ਕਰਦਾ ਹੈ। ਸਾਨੂੰ ਪਸ਼ੂਆਂ ਲਈ ਚਾਰੇ ਵਾਸਤੇ ਆਪਣੇ ਹੱਕ ਦੀ ਜ਼ਮੀਨ ਉੱਪਰ ਵੀ ਬੇਗਾਨਿਆਂ ਵਾਂਗ ਫਿਰਨਾ ਪੈਂਦਾ ਹੈ। ਇਸ ਤੋਂ ਇਲਾਵਾ ਸਾਡੀਆਂ ਮਾਵਾਂ ਭੈਣਾਂ ਨੂੰ ਕੱਖਾਂ ਦੀ ਇਕ ਪੰਡ ਬਦਲੇ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਅਸੀਂ ਕੁੜੀਆਂ ਨੇ ਇਕੱਠੀਆਂ ਹੋ ਕੇ ਆਪਣੇ ਹੱਕ ਦੀ ਜ਼ਮੀਨ ਲਈ ਲੜਨ ਦਾ ਫੈਸਲਾ ਕੀਤਾ ਹੈ।
ਜਦੋਂ ਜ਼ਮੀਨ ਦੀ ਬੋਲੀ ਦਾ ਅਸੀਂ ਵਿਰੋਧ ਕੀਤਾ ਤਾਂ ਸਰਪੰਚ ਨੇ ਸਾਡੇ ਹੀ ਘਰਾਂ ਦੇ ਮੈਂਬਰਾਂ ਨੂੰ ਝਾਂਸੇ ਵਿਚ ਲੈ ਲਿਆ। ਅਤੇ ਉਸਦੇ ਨਾਂ ਬੋਲੀ ਦੇਣ ਦੀ ਸਕੀਂਮ ਬਣਾ ਲਈ, ਪਰ ਅਸੀਂ ਇਹ ਮੰਗ ਕੀਤੀ ਕਿ ਕੋਈ ਇਕ ਦਲਿਤ ਜ਼ਮੀਨ ਨਾ ਵਾਹੇ ਸਗੋਂ ਜ਼ਮੀਨ ਦੀ ਲੋੜ ਸਾਰੇ ਭਾਈਚਾਰੇ ਨੂੰ ਹੈ। ਇਸ ਲਈ ਜ਼ਮੀਨ ਨੂੰ ਵੰਡ ਕੇ ਦਿੱਤਾ ਜਾਵੇ ਤਾਂ ਜੋ ਸਾਰੇ ਆਪਣਾ ਚਾਰਾ ਬੀਜ ਸਕਦੇ ਹਨ। ਇਸ ਤਰ੍ਹਾਂ ਇਹਨਾਂ ਕੁੜੀਆਂ ਨੇ ਆਪਣੀ ਸੂਝ-ਬੂਝ ਨਾਲ ਘਰ ਘਰ ਜਾ ਕੇ ਆਪਣੇ ਭਾਈਚਾਰੇ ਦੇ ਕਾਗਜ਼ਾਂ 'ਤੇ ਸਾਇਨ ਵੀ ਕਰਵਾ ਲਏ ਕਿ ਉਹਨਾਂ ਵਿਚੋਂ ਕੋਈ ਧਨਾਢਾਂ ਮਗਰ ਲੱਗਕੇ ਬੋਲੀ ਨਹੀਂ ਦੇਵੇਗਾ, ਪਰ ਬਾਅਦ ਵਿਚ ਧਨਾਢਾਂ ਦੀ ਪਿੰਡ ਵਿਚ ਬਾਈਕਾਟ ਕਰਨ ਦੀ ਧਮਕੀ ਤੋਂ ਬਹੁਤ ਸਾਰੇ ਦਲਿਤ ਘਰ ਪਿੱਛੇ ਵੀ ਹਟ ਗਏ। ਪਰ ਇਹਨਾਂ ਕੁੜੀਆਂ ਨੇ ਆਪਣਾ ਪਰਚਾਰ ਜਾਰੀ ਰੱਖਿਆ।
ਸਰਪੰਚ ਅਤੇ ਉਸਦੇ ਗੁੰਡਿਆਂ ਵੱਲੋਂ ਮਜ਼ਦੂਰਾਂ ਉਤੇ ਕੀਤੇ ਹਮਲੇ ਤੋਂ ਬਾਅਦ (ਜਿਸ ਵਿਚ ਨੌਜਵਾਨ ਭਾਰਤ ਸਭਾ ਦਾ ਆਗੂ ਨਵਦੀਪ ਮਤੋਈ ਅਤੇ ਦੋ ਮਜ਼ਦੂਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ) ਡੀ.ਐਸ.ਪੀ ਦੇ ਗੇਟ 'ਤੇ ਧਰਨਾ ਲਾਇਆ ਗਿਆ ਤੇ ਮੰਗ ਕੀਤੀ ਕਿ ਸਰਪੰਚ ਅਤੇ ਉਸਦੇ ਗੁੰਡਿਆਂ ਉਤੇ ਐਸ.ਸੀ./ ਐਸ.ਟੀ. ਐਕਟ ਤਹਿਤ ਪਰਚਾ ਦਰਜਾ ਕੀਤਾ ਜਾਵੇ। ਮਜ਼ਦੂਰਾਂ ਦੇ ਵਿਰੋਧ ਦੇ ਅੱਗੇ ਝੁਕਦਿਆਂ ਡੀ.ਐਸ.ਪੀ. ਮਲੇਰਕੋਟਲਾ ਨੇ ਪਰਚਾ ਦਰਜ ਕਰਕੇ ਧਾਰਾਵਾਂ ਲਗਾ ਦਿੱਤੀਆਂ ਜ਼ਮੀਨ ਪਰਾਪਤੀ ਲਈ ਸੰਘਰਸ਼ ਜਾਰੀ ਹੈ।ਬਾਲਦ ਕਲਾਂ ਦੇ ਦਲਿਤ
ਖੇਤ-ਮਜ਼ਦੂਰਾਂ ਦਾ ਘੋਲ
ਸੰਗਰੂਰ ਨੇੜਲੇ ਪਿੰਡ ਬਾਲਦ ਕਲਾਂ ਦੀ ਪੰਚਾਇਤੀ ਜ਼ਮੀਨ, ਜੋ 520 ਵਿਘੇ ਹੈ, ਵਿਚ ਦਲਿਤ ਭਾਈਚਾਰੇ ਦੇ ਹਿੱਸੇ ਦੀ ਜ਼ਮੀਨ ਨੂੰ ਪਿੰਡ ਦੇ ਧਨਾਢਾਂ ਤੇ ਸੰਗਰੂਰ ਪ੍ਰਸਾਸ਼ਨ ਦੀ ਮਿਲੀ ਭੁਗਤ ਨਾਲ ਖੋਹਿਆ ਜਾ ਰਿਹਾ ਹੈ। ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਬੋਲੀ ਸਿਰਫ ਦਲਿਤ ਹੀ ਦੇ ਸਕਦਾ ਹੈ। ਪਰ ਪਿੰਡ ਦੇ ਧਨਾਢ ਪਿੰਡ ਦੇ ਹੀ ਇਕ ਅਤਿ ਗਰੀਬ ਪਰਿਵਾਰ ਨੂੰ ਆਪਣੇ ਪੱਖ ਵਿਚ ਕਰਕੇ ਬੋਲੀ ਦੁਆਉਂਦੇ ਹਨ ਜਿਸਦਾ ਸਮੂਹ ਦਲਿਤ ਭਾਈਚਾਰਾ ਵਿਰੋਧ ਕਰ ਰਿਹਾ ਹੈ। ਜਿਸ ਕਰਕੇ 6 ਵਾਰ ਬੋਲੀ ਰੱਦ ਹੋ ਚੁੱਕੀ ਹੈ ਅਤੇ 27 ਜੂਨ ਨੂੰ ਪਿੰਡ ਦੇ ਧਨਾਢ ਜੱਟਾਂ ਤੇ ਸੰਗਰੂਰ ਪ੍ਰਸਾਸ਼ਨ ਨੇ ਬੋਲੀ ਨੂੰ ਹਰ ਹਾਲਤ ਵਿਚ ਸਿਰੇ ਚਾੜਨ ਦਾ ਫੈਸਲਾ ਕਰ ਲਿਆ। ਅਤੇ ਪਿੰਡ ਦੇ ਦਲਿਤ ਮਜ਼ਦੂਰਾਂ ਨੇ ਜ਼ਮੀਨ ਪਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਸੱਤਵੀਂ ਵਾਰ ਵੀ ਬੋਲੀ ਰੋਕਣ ਦਾ ਦਰਿੜ ਫੈਸਲਾ ਕਰ ਲਿਆ ਜਿਸ ਲਈ ਦਰਜਨਾਂ ਪਿੰਡਾਂ ਵਿੱਚ ਰੈਲੀਆਂ ਮੀਟਿੰਗਾਂ ਕਰਨ ਉਪਰੰਤ 27 ਜੂਨ ਨੂੰ ਸੰਗਰੂਰ ਜਿਲ੍ਹੇ ਦੀ ਤਹਿਸੀਲ ਭਵਾਨੀਗੜ ਬੀ.ਡੀ.ਓ. ਦੇ ਦਫ਼ਤਰ ਪੁੱਜ ਗਏ। ਪਿੰਡ ਦੇ ਮਜ਼ਦੂਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਬੀ.ਡੀ.ਪੀ.ਓ. ਬੋਲੀ ਸ਼ੁਰੂ ਕਰ ਚੁੱਕਾ ਸੀ। ਜ਼ਮੀਨ ਪਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਬੀ.ਡੀ.ਪੀ.ਓ. ਨੂੰ ਬੋਲੀ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਪਰ ਪ੍ਰਸਾਸ਼ਨ ਮਜ਼ਦੂਰਾਂ ਨੂੰ ਬੋਲੀ ਵਿਚ ਸ਼ਾਮਲ ਨਾ ਹੋਣ ਦੇਣ ਦਾ ਫੈਸਲਾ ਕਰ ਚੁੱਕਾ ਸੀ ਜਿਸਦੇ ਚਲਦਿਆਂ ਪ੍ਰਸਾਸ਼ਨ ਨੇ ਸਾਫ ਜਵਾਬ ਦੇ ਦਿੱਤਾ ਅਤੇ ਇਸਦੇ ਵਿਰੋਧ ਵਿਚ ਲੋਕਾਂ ਨੇ ਧਰਨਾ ਲਗਾ ਦਿੱਤਾ। ਜਿਸ ਕਾਰਨ ਪੁਲਸ ਨਾਲ ਕਾਫੀ ਤਕਰਾਰ ਹੋਈ। ਪੁਲਸ ਨੇ ਗੁੰਡਿਆਂ ਵਾਲਾ ਅਸਲੀ ਰੂਪ ਦਿਖਾ ਦਿੱਤਾ ਤੇ ਲੋਕਾਂ ਉਤੇ ਅੰਨ੍ਹਾ  ਲਾਠੀਚਾਰਜ ਕੀਤਾ ਗਿਆ। ਜਿਸ ਵਿੱਚ 9 ਔਰਤਾਂ ਅਤੇ 3 ਮਰਦ ਫੱਟੜ ਹੋਏ। ਸੰਘਰਸ਼ ਦੀ ਅਗਵਾਈ ਕਰਨ ਵਾਲੇ ਆਗੂ ਮੁਕੇਸ਼ ਮਲੌਦ,  ਜਰਨੈਲ ਸਿੰਘ, ਚਰਨ ਸਿੰਘ ਆਦਿ ਤੋਂ ਇਲਾਵਾ 28 ਹੋਰ ਮਜ਼ਦੂਰਾਂ ਨੂੰ ਗਰਿਫ਼ਤਾਰ ਕਰ ਲਿਆ ਗਿਆ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ 250 ਮਜ਼ਦੂਰਾਂ ਦਾ ਜਥਾ ਪਹੁੰਚ ਗਿਆ। ਪੁਲਸ ਨੇ ਬੁਖ਼ਲਾਹਟ ਵਿੱਚ ਆਕੇ ਫੇਰ ਲਾਠੀਚਾਰਜ ਕਰ ਦਿੱਤਾ ਜਿਸ ਵਿੱਚ ਗੁਰਪ੍ਰੀਤ ਖੇੜੀ, ਸਤਵੰਤ ਕਾਤਰੋਂ ਤੋਂ ਇਲਾਵਾ ਹੋਰ ਸਾਥੀਆਂ ਨੂੰ ਗਰਿਫ਼ਤਾਰ ਕਰ ਲਿਆ। ਦੇਰ ਸ਼ਾਮ ਜ਼ਮੀਨ ਪਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਸਮੇਤ 15 ਮਜ਼ਦੂਰਾਂ ਉਤੇ 307 ਦਾ ਮੁਕੱਦਮਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ।
ਪਿੰਡ ਨਮੋਲ ਦੇ ਦਲਿਤ ਖੇਤ ਮਜ਼ਦੂਰਾਂ ਦਾ ਘੋਲ
ਪੰਜਾਬੀ ਟ੍ਰਿਬਿਊਨ (6 ਸਤੰਬਰ 2014) ਦੀ ਇਕ ਰਿਪੋਰਟ ਅਨੁਸਾਰ ਸੁਨਾਮ ਨੇੜਲੇ (ਜਿਲ੍ਹਾਂ ਸੰਗਰੂਰ) ਪਿੰਡ ਨਮੋਲ ਵਿਚ ਮਿਰਜਾ ਪੱਤੀ ਦੀ ਦਲਿਤ ਭਾਈਚਾਰੇ ਲਈ ਰਾਖਵੀਂ ਜ਼ਮੀਨ ਦੀ ਬੋਲੀ ਦਾ ਮੁੱਦਾ ਅੱਜ ਓਦੋਂ ਨਵਾਂ ਮੋੜ ਲੈ ਗਿਆ ਜਦੋਂ ਪਿੰਡ ਦੇ ਇਕ ਵਰਗ ਨੇ ਗੁਰਦੁਆਰੇ ਦੇ ਸਪੀਕਰ ਵਿਚੋਂ ਦਲਿਤਾਂ ਦਾ ਪੂਰਨ ਬਾਈਕਾਟ ਕਰਨ ਦਾ ਸੱਦਾ ਦੇ ਦਿੱਤਾ।
ਇਸ ਤੋਂ ਭੜਕੇ ਦਲਿਤ ਭਾਈਚਾਰੇ ਨੇ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ, ਮੀਂਹ ਵਿੱਚ, ਡੀ.ਐਸ.ਪੀ. ਸੁਨਾਮ ਦੇ ਦਫ਼ਤਰ ਅੱਗੇ ਰੋਸ ਮੁਜਾਹਰਾ ਕੀਤਾ। ਮੁਜਾਹਰੇ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹੋਈਆਂ। ਮੁਜਾਹਰੇ ਨੂੰ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪਰਧਾਨ ਸੰਜੀਵ ਮਿੰਟੂ, ਕਾਮਰੇਡ ਸੋਹਣ, ਅਮਰੀਕ ਸਿੰਘ, ਬਿਮਲ ਕੌਰ, ਪ੍ਰੀਤ ਕੌਰ, ਨੌਜਵਾਨ ਭਾਰਤ  ਸਭਾ ਪੰਜਾਬ ਦੇ ਆਗੂ ਜਗਸੀਰ ਸਿੰਘ ਅਤੇ ਕਰਮ ਸਿੰਘ ਨੇ ਸੰਬੋਧਨ ਕੀਤਾ।
ਪਿੰਡ ਦੀ ਪੰਚਾਇਤ ਜ਼ਮੀਨ ਦੇ ਰਾਖਵੇਂ ਕੋਟੇ ਦੀ ਬੋਲੀ ਨੂੰ ਲੈਕੇ ਪਿਛਲੇ ਕਈ ਮਹੀਨਿਆਂ ਤੋਂ ਦਲਿਤ ਭਾਈਚਾਰੇ ਦੇ ਲੋਕੀਂ ਸੰਘਰਸ਼ ਕਰ ਰਹੇ ਹਨ। 3 ਸਤੰਬਰ ਨੂੰ ਪ੍ਰਸਾਸ਼ਨਿਕ ਅਧਿਕਾਰੀ ਇਹ ਬੋਲੀ ਕਰਾਉਣ ਲਈ ਪੁੱਜੇ ਸਨ ਪਰ ਪਿੰਡ ਦੇ ਹੀ ਕੁਝ ਧਨਾਢਾਂ ਨੇ ਬੋਲੀ ਸਿਰੇ ਨਹੀਂ ਚੜਨ ਦਿੱਤੀ।
ਮਜ਼ਦੂਰ ਆਗੂਆਂ ਨੇ ਦੱਸਿਆ ਕਿ ਪਿੰਡ ਦੇ ਇਹ ਧਨਾਢ ਬੋਲੀ ਮੌਕੇ ਦਲਿਤ ਭਾਈਚਾਰੇ ਵਿਚੋਂ ਹੀ ਆਪਣਾ ਮੋਹਰਾ ਸ਼ਿੰਗਾਰ ਕੇ ਬੋਲੀਕਾਰ ਬਣਾ ਕੇ ਪੇਸ਼ ਕਰ ਦਿੰਦੇ ਸਨ ਜੋ ਧਨਾਢਾਂ ਦੇ ਇਸ਼ਾਰੇ ਮੁਤਾਬਕ ਵੱਧ ਬੋਲੀ ਦੇ ਕੇ ਬੋਲੀ ਤੁੜਵਾ ਲੈਂਦਾ ਸੀ। ਆਗੂਆਂ ਨੇ ਦੱਸਿਆ ਕਿ ਇਸ ਵਾਰ ਦਲਿਤ ਭਾਈਚਾਰੇ ਦੇ ਲੋਕਾਂ ਨੇ ਅਜਿਹਾ ਨਹੀਂ ਹੋਣ ਦਿੱਤਾ। ਦਲਿਤ ਭਾਈਚਾਰਾ ਇਸ ਜ਼ਮੀਨ ਦੀ ਬੋਲੀ ਆਪਣੀ ਆਰਥਕ ਹੈਸੀਅਤ ਮੁਤਾਬਕ ਕਰਵਾਉਣ ਦੀ ਮੰਗ ਕਰ ਰਿਹਾ ਹੈ। ਅਤੇ ਧਨਾਢਾਂ ਦੇ ਮੋਹਰਿਆਂ ਨੂੰ ਬੋਲੀ ਵਿੱਚ ਸ਼ਾਮਲ ਨਹੀਂ ਹੋਣ ਦੇ ਰਿਹਾ। ਇਸ ਗੱਲੋਂ ਖਫ਼ਾ ਹੋਏ ਪਿੰਡ ਦੇ ਹੀ ਕੁਝ ਕਿਸਾਨਾਂ ਨੇ ਮਿਰਜਾ ਪੱਤੀ ਦੇ ਗੁਰਦੁਆਰਾ ਨਾਨਕਪੁਰੀ ਸਾਹਿਬ ਵਿੱਚ ਇਕੱਠ ਕਰਕੇ ਇਹ ਅਨਾਊਂਸਮੈਂਟ ਕਰ ਦਿੱਤੀ ਕਿ ਕੋਈ ਵੀ ਕਿਸਾਨ ਦਲਿਤਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵਰਤ ਵਰਤਾਰਾ ਨਹੀਂ ਰੱਖੇਗਾ। ਇਹ ਵੀ ਕਿਹਾ ਗਿਆ ਕਿ ਜੋ ਇਸ ਦੀ ਉਲੰਘਣਾ ਕਰੇਗਾ ਉਸ ਨੂੰ 10000 ਰੁ: ਜੁਰਮਾਨਾ ਕੀਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਪਿੰਡ ਵਿੱਚ ਇਕ ਦਲਿਤ ਬਜੁਰਗ ਮਾਤਾ ਦਾ ਦੇਹਾਂਤ ਹੋ ਗਿਆ ਸੀ। ਮਾਤਾ ਦੀ ਆਤਮਕ ਸ਼ਾਂਤੀ ਲਈ ਪਾਠ ਕਰਵਾਉਣ ਲਈ ਜਦੋਂ ਦਲਿਤ ਭਾਈਚਾਰੇ ਦੇ ਲੋਕ ਗੁਰੂ ਗਰੰਥ ਸਾਹਿਬ ਦਾ ਸਰੂਪ ਲੈਣ ਲਈ ਗੁਰਦੁਆਰੇ ਪੁੱਜੇ ਤਾਂ ਉਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਪਰ ਪਿੰਡ ਦੇ ਕੁਝ ਹੋਰ ਲੋਕਾਂ ਵੱਲੋਂ ਵਿੱਚ ਪੈ ਜਾਣ ਤੇ ਇਹ ਮਸਲਾ ਹੱਲ ਹੋ ਗਿਆ। ਇਸ ਬਾਰੇ ਡੀ.ਐਸ.ਪੀ. ਸੁਨਾਮ ਸੁਖਦੇਵ ਸਿੰਘ ਵਿਰਕ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਨਾਂ ਧਿਰਾਂ ਨੂੰ ਭਰੋਸੇ ਵਿੱਚ ਲੈਕੇ ਮਸਲੇ ਨੂੰ ਸ਼ਾਂਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
-੦-

No comments:

Post a Comment