Thursday, October 9, 2014

ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਾਂਝ ਦੇ ਰੌਸ਼ਨ ਆਸਾਰ
ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ......
-ਲਛਮਣ ਸਿੰਘ ਸੇਵੇਵਾਲਾ
ਪੰਜਾਬ ਵਿੱਚ ਪੇਂਡੂ ਹਾਕਮ ਜਮਾਤੀ ਧਿਰਾਂ/ਵਿਅਕਤੀਆਂ ਕੋਲ ਜਾਤ-ਪਾਤੀ ਤੁਅੱਸਬ ਦਾ ਇਕ ਅਸਰਦਾਰ ਹਥਿਆਰ ਹੈ। ਕਈ ਥਾਵਾਂ ਉਤੇ ਜਦੋਂ ਦਲਿਤ ਖੇਤ ਮਜ਼ਦੂਰ ਜਥੇਬੰਦ ਘੋਲਾਂ ਦੇ ਰਾਹ ਪੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹਨਾਂ ਨੂੰ ਅਸਫਲ ਬਣਾਉਣ ਲਈ ਇਸ ਹਥਿਆਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਧਿਰਾਂ ਜਾਂ ਵਿਅਕਤੀ ਪਿੰਡ ਦੀ ਗੈਰ-ਦਲਿਤ ਵਸੋਂ, ਖਾਸ ਕਰਕੇ ਜੱਟ-ਕਿਸਾਨੀ ਅੰਦਰ ਜਾਤ-ਪਾਤੀ ਤੁਅੱਸਬ ਭੜਕਾ ਕੇ ਘੱਟ-ਗਿਣਤੀ ਦਲਿਤਾਂ ਦੇ ਖਿਲਾਫ ਬਹੁਗਿਣਤੀ ਦਲਿਤ ਵਸੋਂ ਨੂੰ ਲਾਮਬੰਦ ਕਰ ਲੈਂਦੇ ਹਨ। ਦਲਿਤਾਂ ਦਾ ਬਾਈਕਾਟ ਕਰ ਦਿੱਤਾ ਜਾਂਦਾ ਹੈ। ਜੱਟ ਕਿਸਾਨਾਂ ਵੱਲੋਂ ਉਹਨਾਂ ਨੂੰ ਦਿਹਾੜੀ 'ਤੇ ਲਿਜਾਣ ਦੀ ਮਨਾਹੀ ਕਰ ਦਿੱਤੀ ਜਾਂਦੀ ਹੈ। ਉਹਨਾਂ ਨੂੰ ਖੇਤਾਂ ਵਿਚੋਂ ਘਾਹ ਖੋਤਣ, ਇਥੋਂ ਤੱਕ ਜੰਗਲ ਪਾਣੀ ਜਾਣ ਦੀ ਵੀ ਮਨਾਹੀ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ, ਇਸ ਜਾਤ-ਪਾਤੀ ਹਥਿਆਰ ਦੇ ਸਿਰ ਉਤੇ, ਕਈ ਥਾਂਈ, ਦਲਿਤ ਖੇਤ ਮਜ਼ਦੂਰਾਂ ਦੀਆਂ, ਜਥੇਬੰਦ ਘੋਲ ਦੇ ਰਾਹ ਪੈਣ ਦੀਆਂ ਮੁੱਢਲੀਆਂ ਕੋਸ਼ਿਸ਼ਾਂ ਦਾ ਹੀ ਗਲ਼ ਘੁੱਟ ਦਿੱਤਾ ਜਾਂਦਾ ਹੈ।
ਇਸ ਹਾਕਮ ਜਮਾਤੀ ਹਥਿਆਰ ਨੂੰ ਬੇਅਸਰ ਕਰਨ ਲਈ ਇਕ ਅਜਿਹੇ ਅਸਰਦਾਰ ਦਾਅ ਪੇਚ ਦੀ ਲੋੜ ਹੈ। ਜਿਸ ਨਾਲ ਦਲਿਤਾਂ ਵਿਰੁੱਧ ਜੱਟ-ਕਿਸਾਨੀ ਦੀ ਕੀਤੀ ਜਾਂਦੀ ਲਾਮਬੰਦੀ ਨੂੰ ਅੰਦਰੋਂ ਸੰਨ੍ਹ ਲਾਇਆ ਜਾ ਸਕੇ। ਉਹ ਦਾਅਪੇਚ ਇਹ ਹੈ ਕਿ ਕਿਸੇ ਪਿੰਡ ਵਿੱਚ ਦਲਿਤ ਖੇਤ ਮਜ਼ਦੂਰਾਂ ਅਤੇ ਜੱਟ ਕਿਸਾਨਾਂ ਨੂੰ ਜਥੇਬੰਦ ਕਰਨ ਦਾ ਕੰਮ, ਵੱਖੋ ਵੱਖਰੇ ਤੌਰ ਤੇ ਪਰ ਨਾਲੋ ਨਾਲ ਕਰਨਾ ਜਰੂਰੀ ਹੈ। ਦੋਹੀਂ ਪਾਸੀਂ ਦਿੱਤੀ ਜਾਣ ਵਾਲੀ ਵਿਚਾਰਧਾਰਕ ਅਤੇ ਸਿਆਸੀ ਸਿੱਖਿਆ ਵਿੱਚ ਜਾਤ-ਪਾਤੀ ਵਿਰੋਧੀ ਸਿੱਖਿਆ ਦਾ ਬਹੁਤ ਅਹਿਮ ਸਥਾਨ ਹੋਣਾ ਚਾਹੀਦਾ ਹੈ। ਇਸ ਦਾਅਪੇਚ ਨੂੰ ਜੋਟਾ-ਉਸਾਰੀ ਆਖਿਆ ਜਾਂਦਾ ਹੈ। ਇਸ ਦਾ ਇਕ ਵੱਡਾ ਮਕਸਦ ਪਿੰਡ ਦੀ ਜੱਟ ਕਿਸਾਨੀ ਵਿੱਚ ਇਨਕਲਾਬੀ ਜਮਾਤੀ ਚੇਤਨਾ, ਖਾਸ ਕਰਕੇ ਜਾਤ-ਪਾਤ ਵਿਰੋਧੀ ਚੇਤਨਾ ਨਾਲ ਲੈਸ ਇਕ ਅਜਿਹਾ ਧੜਾ ਪੈਦਾ ਕਰਨਾ ਹੈ ਜਿਹੜਾ ਹਾਕਮ ਜਮਾਤੀ ਧਿਰਾਂ/ਵਿਅਕਤੀਆਂ ਵੱਲੋਂ ਕੀਤੀ ਜਾਣ ਵਾਲੀ ਦਲਿਤ-ਵਿਰੋਧੀ ਲਾਮਬੰਦੀ ਖਿਲਾਫ਼ ਸਿਆਸੀ ਅਤੇ ਅਮਲੀ ਤੌਰ ਤੇ ਧੜੱਲੇ ਨਾਲ ਭਿੜ ਸਕੇ। ਜੋਟਾ-ਉਸਾਰੀ ਦਾ ਦੂਜਾ ਵੱਡਾ ਮਕਸਦ ਪਿੰਡ ਦੀ ਜ਼ਮੀਨ-ਮਾਲਕ ਕਿਸਾਨੀ, ਖਾਸ ਕਰ ਗਰੀਬ ਕਿਸਾਨੀ ਅਤੇ ਖੇਤ ਮਜ਼ਦੂਰਾਂ, ਖਾਸ ਕਰ ਦਲਿਤ ਖੇਤ ਮਜ਼ਦੂਰਾਂ ਨੂੰ ਇਕ ਜੁੱਟ ਕਰਕੇ ਇਕ ਅਜਿਹਾ ਆਧਾਰ ਸਿਰਜਿਆ ਜਾ ਸਕੇ ਜਿਸ ਦੇ ਜੋਰ ਉਤੇ, ਪਿੰਡ ਵਿੱਚਲੀਆਂ ਹਾਕਮ ਜਮਾਤੀ ਧਿਰਾਂ/ ਵਿਅਕਤੀਆਂ ਦੇ ਵਿਰੁੱਧ ਪਿੰਡ ਦੀ ਵੱਸੋਂ ਦੇ ਸਾਰੇ ਹਿੱਸਿਆਂ ਦਾ ਸਾਂਝਾ ਮੋਰਚਾ ਉਸਾਰਿਆ ਜਾ ਸਕੇ।
ਜੋਟਾ-ਉਸਾਰੀ ਦੇ ਦਾਅਪੇਚ ਨੂੰ ਲਾਗੂ ਕਰਨ ਲਈ, ਮੁੱਢਲੇ ਦੌਰ  ਵਿੱਚ ਜੱਟ ਕਿਸਾਨੀ ਨੂੰ ਜਥੇਬੰਦ ਕਰਨ ਅਤੇ ਇਸਨੂੰ ਜਾਤ-ਪਾਤ ਵਿਰੋਧੀ ਸਿਆਸੀ ਅਤੇ ਵਿਚਾਰਧਾਰਕ ਸਿੱਖਿਆ ਦੇਣ ਦੀ ਮੁਕਾਬਲਤਨ ਵੱਧ ਮਹੱਤਤਾ ਬਣਦੀ ਹੈ। ਪਿਛਲੇ ਤਜਰਬੇ ਨੇ ਇਹ ਦਿਖਾਇਆ ਹੈ ਕਿ ਜਾਤ-ਪਾਤ ਵਿਰੋਧੀ ਪੈਂਤਰੇ ਨਾਲ ਲੈਸ ਹੋਏ ਜਥੇਬੰਦ ਜੱਟ-ਕਿਸਾਨ ਖਾਸ ਕਰਕੇ ਗਰੀਬ ਕਿਸਾਨ ਆਪੋ ਆਪਣੇ ਪਿੰਡਾਂ ਵਿੱਚ ਦਲਿਤ ਖੇਤ ਮਜ਼ਦੂਰਾਂ ਨੂੰ ਪਰੇਰਨ ਅਤੇ ਉਹਨਾਂ ਦੀ ਜਥੇਬੰਦੀ ਖੜੀ ਕਰਨ ਵਿੱਚ ਬਹੁਤ ਸਹਾਈ ਰੋਲ ਅਦਾ ਕਰ ਸਕਦੇ ਹਨ।
ਕਿਸਾਨਾਂ ਵਿਚ ਜਾਤ-ਪਾਤ ਵਿਰੋਧੀ
ਚੇਤਨਾ ਦਾ ਪਸਾਰਾ
ਮਿਸਾਲ ਵਜੋਂ ਪੰਜਾਬ ਵਿੱਚ ਬੀ. ਕੇ. ਯੂ (ਉਗਰਾਹਾਂ) ਦੀ ਅਗਵਾਈ ਵਿੱਚ ਜਥੇਬੰਦ ਹੋਏ ਜੱਟ ਕਿਸਾਨਾਂ, ਖਾਸ ਕਰ ਗਰੀਬ ਕਿਸਾਨਾਂ ਵਿਚ ਜਾਤ-ਪਾਤ ਵਿਰੋਧੀ ਚੇਤਨਾ ਦਾ ਸ਼ਾਨਦਾਰ ਕਦਮ-ਵਧਾਰਾ ਲਗਾਤਾਰ ਜਾਰੀ ਹੈ। ਇਸ ਚੇਤਨਾ ਦੇ ਸਿਰ ਉਤੇ ਕਿਸਾਨਾਂ ਵੱਲੋਂ ਦਲਿਤ ਖੇਤ ਮਜ਼ਦੂਰਾਂ ਦੇ ਗਲ਼ ਲੱਗਣ, ਉਹਨਾਂ ਨੂੰ ਲਾਮਬੰਦ ਕਰਨ, ਉਹਨਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਵਾਸਤੇ ਘੋਲ ਸਰਗਰਮੀਆਂ ਵਿੱਚ ਸਿਰ ਕੱਢਵਾਂ ਰੋਲ ਅਦਾ ਕਰਨ ਦੇ ਬਹੁਤ ਉਤਸ਼ਾਹੀ ਝਲਕਾਰੇ ਸਾਹਮਣੇ ਆਏ ਹਨ।
2009 ਵਿੱਚ ਚੰਡੀਗੜ੍ਹ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ ਆਦਿਕ ਦੀਆਂ ਕਈ ਜਨਤਕ ਜਥੇਬੰਦੀਆਂ ਦਾ ਇਕ ਬਹੁਤ ਵੱਡਾ ਇਕੱਠ ਹੋਇਆ ਸੀ, ਜਿਸ ਵਿੱਚ ਪੁਲਿਸ ਨਾਲ ਵੱਡਾ ਟਾਕਰਾ ਹੋਇਆ ਹੈ। ਇਸ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸ਼ਾਮਲ ਹੋਏ 6000/ ਤੋਂ ਵੱਧ ਖੇਤ ਮਜ਼ਦੂਰਾਂ ਤੋਂ ਇਲਾਵਾ 5000/ ਤੋਂ ਵੱਧ ਉਹਨਾਂ ਦਲਿਤ ਖੇਤ ਮਜ਼ਦੂਰਾਂ ਦੀ ਗਿਣਤੀ ਸੀ ਜਿਹੜੇ ਬੀ.ਕੇ.ਯੂ (ਉਗਰਾਹਾਂ) ਦੇ ਆਗੂਆਂ ਅਤੇ ਕਰਿੰਦਿਆਂ ਦੀ ਪਹਿਲ ਕਦਮੀ ਨਾਲ ਲਾਮਬੰਦ ਹੋਏ ਸਨ।
ਗੋਬਿੰਦਪੁਰਾ (ਜਿਲ੍ਹਾਂ ਮਾਨਸਾ) ਵਿੱਚ ਥਰਮਲ ਪਲਾਂਟ ਲਾਉਣ ਵਾਲੀ ਕੰਪਨੀ ਵਾਸਤੇ ਸਰਕਾਰ ਵੱਲੋਂ ਜਬਰੀ ਖਰੀਦੀ ਜ਼ਮੀਨ ਦੀ ਵਾਪਸੀ ਲਈ ਕਈ ਕਿਸਾਨ ਜਥੇਬੰਦੀਆਂ ਵੱਲੋਂ ਸਾਂਝਾ ਘੋਲ ਚਲਾਇਆ ਗਿਆ ਸੀ। ਇਹ ਘੋਲ ਬੀ. ਕੇ. ਯੂ (ਉਗਰਾਹਾਂ) ਦੀ ਪਹਿਲ ਕਦਮੀ ਨਾਲ ਸ਼ੁਰੂ ਹੋਇਆ ਸੀ। ਅਤੇ ਇਸ ਵਿੱਚ ਇਸ ਯੂਨੀਅਨ ਦਾ ਸੱਭ ਤੋਂ ਸਿਰ ਕੱਢਵਾਂ ਰੋਲ ਸੀ। ਇਸ ਘੋਲ ਵਿੱਚ ਕਿਸਾਨਾਂ ਦੀ ਜ਼ਮੀਨ-ਵਾਪਸੀ ਦੀ ਮੰਗ ਤਾਂ ਪੂਰੀ ਕਰਵਾਈ ਹੀ ਈ। ਪਰ ਇਸਦੇ ਨਾਲ ਹੀ ਪਿੰਡ ਦੇ 84 ਦਲਿਤ ਖੇਤ ਮਜ਼ਦੂਰਾਂ ਦੇ ਰੁਜਗਾਰ ਉਜਾੜੇ ਬਦਲੇ ਉਹਨਾਂ ਨੂੰ 2 ਕਰੋੜ 52 ਲੱਖ ਰੁ: ਦੀ ਮੁਆਵਜਾ ਵੀ ਦਿਵਾਇਆ ਗਿਆ। ਪੰਜਾਬ ਵਿੱਚ ਇਹ ਇਕ ਨਿਰਾਲੀ ਉਦਾਹਰਣ ਹੈ ਜਿਥੇ ਸਰਕਾਰ ਵੱਲੋਂ ਜਬਰੀ ਖਰੀਦੀ ਜ਼ਮੀਨ ਉੱਤੇ ਕੰਮ ਕਰਦੇ ਖੇਤ ਮਜ਼ਦੂਰਾਂ ਨੂੰ ਵੀ ਰੁਜ਼ਗਾਰ ਉਜਾੜੇ ਦਾ ਮੁਆਵਜਾ ਦਿੱਤਾ ਗਿਆ ਹੋਵੇ ਉਹ ਵੀ ਕਿਸਾਨਾਂ ਵੱਲੋਂ ਘੋਲ ਲੜਕੇ ਦਿਵਾਇਆ ਗਿਆ ਹੋਵੇ।
ਝੱਬਰ ਕਾਂਡ (ਜਿਲ੍ਹਾਂ ਮਾਨਸਾ) ਵੇਲੇ ਪਿੰਡ ਝੱਬਰ ਦੇ ਇਕ ਦਲਿਤ ਆਗੂ ਬੰਤ ਸਿੰਘ ਉਤੇ, ਜਾਤ-ਪਾਤੀ ਤੁਅੱਸਬ ਅਧੀਨ ਜੱਟਾਂ ਨਾਲ ਸੰਬੰਧਤ ਕੁਝ ਵਿਆਕਤੀਆਂ ਨੇ ਹਮਲਾ ਕਰਕੇ ਉਸਦੀਆਂ ਲੱਤਾਂ-ਬਾਹਾਂ ਤੋੜ ਦਿੱਤੀਆਂ। ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਇਕ ਲੰਮੀ ਮੁਹਿੰਮ ਚੱਲੀ। ਦੋਸ਼ੀਆਂ ਵਿੱਚ ਬੀ. ਕੇ. ਯੂ (ਉਗਰਾਹਾਂ) ਦੇ ਇਕ ਆਗੂ ਦਾ ਪੁੱਤ ਵੀ ਸ਼ਾਮਲ ਸੀ। ਇਸ ਦੇ ਬਾਵਜੂਦ ਉਸ ਆਗੂ ਨੇ ਅਤੇ ਇਸ ਯੂਨੀਅਨ ਨੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਇਸ ਮੁਹਿੰਮ ਵਿਚ ਸਰਗਰਮ ਹਿੱਸਾ ਪਾਇਆ।
ਪਿੰਡ ਨਿਉਰ (ਜਿਲ੍ਹਾਂ ਬਠਿੰਡਾ) ਵਿੱਚ ਦਲਿਤ ਵਿਹੜੇ ਨੇ ਬਿਜਲੀ ਮੀਟਰ ਬਾਹਰ ਕੱਢਣ ਦਾ ਸਰਗਰਮ ਵਿਰੋਧ ਕੀਤਾ। ਬੀ.ਕੇ. ਯੂ (ਉਗਰਾਰਾਂ)  ਦੀ ਅਗਵਾਈ ਵਿੱਚ ਕਿਸਾਨਾਂ ਨੇ ਇਸ ਵਿਰੋਧ ਵਿੱਚ ਦਲਿਤਾਂ ਦੇ ਮੋਢੇ ਨਾਲ ਮੋਢਾ ਜਾ ਜੋੜਿਆ। ਪੁਲਸ ਨਾਲ ਟਾਕਰਾ ਹੋਇਆ। ਲੱਤਾਂ-ਬਾਹਾਂ ਟੁੱਟੀਆਂ / ਦਫਾ 307 ਸਮੇਤ ਕਈ ਧਾਰਾਵਾਂ ਅਧੀਨ ਕੇਸ ਦਰਜ ਹੋਏ ਅਤੇ ਦਰਜਨਾਂ ਕਿਸਾਨ ਜਿਹਲ ਗਏ।
ਪਿੰਡ ਗੰਧੜ (ਜਿਲ੍ਹਾਂ ਮੁਕਤਸਰ) ਵਿੱਚ ਦਲਿਤ ਪਰਿਵਾਰ ਦੀ ਲੜਕੀ ਦੇ ਬਲਾਤਕਾਰ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਬੀ. ਕੇ. ਯੂ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸਾਂਝੀ ਅਗਵਾਈ ਹੇਠ ਇਕ ਲੰਮਾ ਘੋਲ ਚੱਲਿਆ। ਇਸ ਘੋਲ ਦੌਰਾਨ ਕਰੀਬ 2600 ਕਿਸਾਨ-ਮਜ਼ਦੂਰ ਮਰਦਾਂ ਅਤੇ ਇਸਤਰੀਆਂ ਨੇ ਬਠਿੰਡੇ ਵਿੱਚ ਗਰਿਫ਼ਤਾਰੀਆਂ ਦਿੱਤੀਆਂ। ਇਹਨਾਂ 'ਚ ਲਗਭਗ 1500 ਕਿਸਾਨ ਉਹ ਸਨ ਜਿਹਨਾਂ ਨੇ ਦਲਿਤ ਖੇਤ ਮਜ਼ਦੂਰਾਂ ਦੀ ਧੀ ਭੈਣ ਦੀ ਇੱਜਤ ਨੂੰ ਸਮੁੱਚੀ ਕਿਸਾਨੀ ਦੀ ਇੱਜਤ ਸਮਝ ਕੇ ਗਰਿਫ਼ਤਾਰੀਆਂ ਦਿੱਤੀਆਂ। ਖਾਸ ਗੱਲ ਇਹ ਕਿ ਗਰਿਫ਼ਤਾਰੀਆਂ ਦੇਣ ਵਾਲਿਆਂ ਵਿੱਚ ਜੱਟ ਕਿਸਾਨ ਇਸਤਰੀਆਂ ਵੀ ਸ਼ਾਮਲ ਸਨ।
ਮੂਨਕ ਨੇੜੇ ਪਿੰਡ ਸਲੇਮਗੜ (ਜਿਲ੍ਹਾਂ ਮਾਨਸਾ) ਵਿੱਚ ਦਲਿਤ ਖੇਤ ਮਜ਼ਦੂਰਾਂ ਨੇ, ਆਪਣੇ ਆਪਣੇ ਅਲਾਟ ਹੋਏ ਪਲਾਟਾਂ ਉਤੇ ਆਰਜੀ ਕਬਜਾ ਕੀਤਾ ਤਾਂ ਬੀ. ਕੇ. ਯੂ (ਉਗਰਾਹਾਂ) ਦੀ ਅਗਵਾਈ ਹੇਠ ਲਗਭਗ 5-6 ਸੌ ਕਿਸਾਨ ਇਸ ਵਿਚ ਸ਼ਾਮਲ ਹੋਏ। ਬੀ.ਕੇ ਯੂ (ਉਗਰਾਹਾਂ) ਵੱਲੋਂ ਦਲਿਤ ਖੇਤ ਮਜ਼ਦੂਰਾਂ ਦੇ ਹੱਕ ਵਿਚ ਹੱਥ-ਪਰਚਾ ਵੀ ਵੰਡਿਆ ਗਿਆ।
ਇਸ ਤੋਂ ਇਲਾਵਾ ਪਿੰਡ ਬੁਰਜ ਸੇਮਾਂ (ਜਿਲ੍ਹਾਂ ਬਠਿੰਡਾ) ਵਿੱਚ ਦਿਹਾੜੀ ਦੇ ਮਸਲੇ ਉਤੇ ਦਲਿਤਾਂ ਦੇ ਹੋਏ ਬਾਈਕਾਟ ਨੂੰ ਖਤਮ ਕਰਾਉਣ ਵਿੱਚ ਬੀ. ਕੇ. ਯੂ. (ਉਗਰਾਹਾਂ) ਦੇ ਆਗੂਆਂ ਨੇ ਮੋਹਰੀ ਭੂਮਿਕਾ ਨਿਭਾਈ। ਕੋਟੜੇ ਅਤੇ ਮੰਡੀ ਕਲਾਂ (ਜਿਲ੍ਹਾਂ ਬਠਿੰਡਾ) ਵਿੱਚ ਦਲਿਤ ਪਰਿਵਾਰਾਂ ਦੀਆਂ ਹੋਣ ਵਾਲੀਆਂ ਕੁਰਕੀਆਂ ਰੁਕਵਾਈਆਂ। ਪਿੰਡ ਮੰਡੀ ਕਲਾਂ ਵਿੱਚ ਇਕ ਧਨਾਢ ਜੱਟ ਵੱਲੋਂ ਇਕ ਦਲਿਤ ਕਿਸਾਨ ਦੇ   ਘਰ ਵੱਲ ਜਾਂਦੇ ਰਸਤੇ ਨੂੰ ਬੰਦ ਕਰ ਦਿੱਤਾ। ਕਿਸਾਨਾਂ ਨੇ ਉਹ ਰਸਤਾ ਖੁਲਵਾ ਕੇ ਦਲਿਤ ਕਿਸਾਨ ਨੂੰ ਉਸਦੇ ਚੁੰਗਲ ਵਿਚੋਂ ਕਢਵਾਇਆ।
ਇਸ ਤੋਂ ਇਲਾਵਾ ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਬੀ.ਕੇ.ਯੂ. ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨ ਕਰਿੰਦਿਆਂ ਨੇ ਦਲਿਤ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਉੱਥੇ ਖੇਤ ਮਜ਼ਦੂਰ ਯੂਨੀਅਨ ਦੀਆਂ ਇਕਾਈਆਂ ਖੜ੍ਹੀਆਂ ਕਰਨ ਲਈ ਆਧਾਰ ਤਿਆਰ ਕੀਤਾ।
ਮਾਨਸਾ ਜਿਲ੍ਹੇ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਕੋਈ ਇਕਾਈ ਨਹੀਂ ਸੀ। 3 ਮਾਰਚ ਤੋਂ 20 ਮਾਰਚ (2014) ਤੱਕ ਪੰਜਾਬ ਖੇਤ ਮਜ਼ਦੂਰ ਯੂਨੀਅਨ ਨਾਲ ਸਾਂਝੇ ਤੌਰ ਤੇ ਚਲਾਏ ਘੋਲ ਵਿੱਚ ਬੀ. ਕੇ. ਯੂ. (ਉਗਰਾਹਾਂ) ਦੇ ਆਗੂਆਂ ਤੇ ਕਰਿੰਦਿਆਂ ਨੇ ਪਿੰਡਾਂ ਵਿਚੋਂ ਦਲਿਤ ਖੇਤ ਮਜ਼ਦੂਰਾਂ ਦੀ ਇਸ ਘੋਲ ਵਿੱਚ ਸ਼ਮੂਲੀਅਤ ਕਰਵਾਈ। ਨਤੀਜੇ ਵਜੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮਾਨਸਾ ਜਿਲ੍ਹੇ ਦੀ ਮੁੱਢਲੀ ਜਿਲ੍ਹਾਂ ਕਮੇਟੀ ਹੋਂਦ ਵਿੱਚ ਆਈ, ਇਸ ਕਮੇਟੀ ਵੱਲੋਂ ਨਰੇਗਾ ਨਾਲ ਸੰਬੰਧਤ ਮਸਲਿਆਂ ਬਾਰੇ ਮਾਰੇ ਧਰਨੇ ਵਿੱਚ 550 ਦਲਿਤ ਖੇਤ ਮਜ਼ਦੂਰ ਸ਼ਾਮਲ ਹੋਏ। ਏਸੇ ਤਰ੍ਹਾਂ ਬਰਨਾਲਾ ਜਿਲ੍ਹੇ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਕੋਈ ਇਕਾਈ ਨਹੀਂ ਸੀ। ਬਰਨਾਲੇ ਵਿੱਚ ਦੋਹਾਂ ਯੂਨੀਅਨਾਂ ਦੀ ਅਗਵਾਈ ਹੇਠ ਹੋਏ ਵੱਡੇ ਇਕੱਠ ਵਿੱਚ ਬੀ. ਕੇ. ਯੂ. (ਉਗਰਾਹਾਂ) ਵੱਲੋਂ ਕੀਤੀ ਲਾਮਬੰਦੀ ਦੇ ਸਿਰ ਉਤੇ ਲਗਭਗ 1800 ਦਲਿਤ ਖੇਤ ਮਜ਼ਦੂਰ ਸ਼ਾਮਲ ਹੋਏ। ਇਸ ਦੇ ਨਤੀਜੇ ਵਜੋਂ ਇਥੇ ਵੀ ਖੇਤ ਮਜ਼ਦੂਰ ਯੂਨੀਅਨ ਦੀ ਆਰਜੀ ਜਿਲ੍ਹਾਂ ਕਮੇਟੀ ਬਣਾਈ ਗਈ ਹੈ।
ਇਸ ਤਰ੍ਹਾਂ ਕਿਸਾਨਾਂ ਨੇ, ਸੀਰੀ ਦੇ ਗਲ਼ ਲੱਗਕੇ ਜੱਟ ਦੇ ਰੋਣ ਦੀ, ਸੰਤ ਰਾਮ ਉਦਾਸੀ ਦੀ ਹੇਕ ਨੂੰ ਆਪਣੀਆਂ ਅਮਲੀ ਸਰਗਰਮੀਆਂ ਰਾਹੀਂ ਰੂਪਮਾਨ ਕੀਤਾ ਹੈ। ਸਗੋਂ ਇਸ ਤੋਂ ਵੱਧ ਕੇ ਦਲਿਤ ਖੇਤ ਮਜ਼ਦੂਰਾਂ ਦੀ ਬਾਂਹ ਨੂੰ ਫੜੀ ਰੱਖਣ ਬਦਲੇ ਆਪਣੇ ਉਤੇ ਮੁਕੱਦਮੇ ਦਰਜ ਕਰਵਾਏ ਹਨ, ਡਾਂਗਾ ਖਾਧੀਆਂ ਹਨ, ਕੈਦਾਂ ਕੱਟੀਆਂ। ਨਤੀਜੇ ਵਜੋਂ ਕਿਸਾਨਾਂ ਖਾਸ ਕਰਕੇ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਖਾਸ ਕਰਕੇ ਦਲਿਤ ਖੇਤ-ਮਜ਼ਦੂਰਾਂ ਦੀ ਸੰਗਰਾਮੀ ਸਾਂਝ ਦੇ ਵਧਣ-ਫੁੱਲਣ ਦੇ ਬੜੇ ਰੌਸ਼ਨ ਆਸਾਰ ਨਜ਼ਰ ਆ ਰਹੇ ਹਨ।
-0-

No comments:

Post a Comment