ਬਠਿੰਡਾ ਵਿਖੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਬੱਸ ਅੱਡਾ ਜਾਮ
ਸ਼ਾਨਦਾਰ ਲੜਾਕੂ ਰੌਂਅ ਦੀ ਝਲਕ
ਈ.ਟੀ.ਟੀ. (ਈ.ਜੀ.ਐਸ.) ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਵਾਸਤੇ ਆਪਣੇ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਸੰਘਰਸ਼ ਨੂੰ ਜਾਰੀ ਰੱਖਦਿਆਂ ਪਹਿਲੀ ਫਰਵਰੀ ਨੂੰ ਬਠਿੰਡਾ ਵਿਖੇ ਆਪਣੀ ਜਾਨ-ਜੋਖਮ ਵਿੱਚ ਪਾਉਣ ਵਾਲੀ ਘੋਲ ਸ਼ਕਲ ਅਪਣਾਉਂਦਿਆਂ ਸ਼ਹਿਰ ਵਿਚਲੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਅਤੇ ਟੈਂਕੀ ਥੱਲੇ ਧਰਨਾ ਜਮਾ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਇਸ ਸੰਘਰਸ਼ ਨੂੰ ਸੰਘਰਸ਼ਸ਼ੀਲ ਭਰਾਤਰੀ ਜਥੇਬੰਦੀਆਂ ਦੇ ਨਾਲ ਨਾਲ ਟੈਂਕੀ ਲਾਗਲੇ ਦੁਕਾਨਦਾਰਾਂ, ਰੇੜ੍ਹੀਆਂ, ਕਲੱਬਾਂ ਵਾਲਿਆਂ ਵੱਲੋਂ ਵੀ ਡਟਵੀਂ ਹਮਾਇਤ ਮਿਲੀ। ਬੰਦੇ ਤੇ ਚੰਦੇ ਅਤੇ ਰੋਟੀਆਂ ਤੇ ਰਜਾਈਆਂ ਆਉਣ ਲੱਗ ਪਈਆਂ। 24 ਘੰਟੇ ਨਾਹਰੇ ਗੂੰਜਣ ਲੱਗੇ। ਇਸ ਬਣੀ ਤਾਕਤ ਨੇ ਸਰਕਾਰ ਤੇ ਪ੍ਰਸਾਸ਼ਨ ਦੇ ਜਾਬਰ ਹੱਥ ਸੰਘਰਸ਼ ਦੇ ਗਲ ਤੱਕ ਪਹੁੰਚਣ ਵਿੱਚ ਕਾਮਯਾਬ ਨਾ ਹੋਣ ਦਿੱਤੇ। ਸਰਕਾਰ ਨੂੰ ਔਖ ਦੀ ਘੁੱਟ ਅੰਦਰੇ ਲੰਘਾਉਣ ਲਈ ਮਜਬੂਰ ਹੋਣਾ ਪਿਆ। ਵਿਹੁ ਘੋਲਦੀ ਸਰਕਾਰ ਦਾ ਹੁਕਮ ਵਜਾਉਂਦਿਆਂ ਪੁਲਸ ਦਾ ਇੱਕ ਭੂਸਰਿਆ ਅਫਸਰ, ਦਿਨੇ ਦੁਕਾਨਦਾਰਾਂ ਤੇ ਰੇੜ੍ਹੀਅੰ ਵਾਲਿਆਂ ਨੂੰ ਇਸ ਸੰਘਰਸ਼ ਦੀ ਹਮਾਇਤ ਤੋਂ ਵਰਜਣ ਲਈ ਡਰਾਵੇ ਦਿੰਦਾ ਫਿਰਿਆ ਤੇ ਰਾਤ ਨੂੰ, ਇਸ ਲੋਹੜੇ ਦੀ ਠੰਢ ਵਿੱਚ ਧਰਨਾਕਾਰੀਆਂ ਤੋਂ ਰਜਾਈਆਂ ਖਿੱਚ ਲੈ ਗਿਆ। ਇੱਕ ਅਧਿਆਪਕਾ ਦੀ ਬੁੱਕਲ ਵਿੱਚ ਪਈ ਉਸਦੀ ਬੱਚੀ, ਨੰਨ੍ਹੀਂ ''ਰੂਥ'' ਏਕਨੂਰ ਠੰਢ ਦਾ ਪ੍ਰਕੋਪ ਨਾ ਸਹਾਰਦਿਆਂ ਜਾਨ ਦੀ ਅਹੂਤੀ ਦੇ ਗਈ। ਮਾਹੌਲ ਬੇਹੱਦ ਗਮਗੀਨ ਹੋ ਗਿਆ। ਦਿਨ ਚੜ੍ਹਦਿਆਂ ਹੀ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨਾਲ ਗਮ ਸਾਂਝਾ ਕਰਦਿਆਂ ਹੋਇਆਂ ਵਿਚਾਰਾਂ ਨੇ ਗਮ ਨੂੰ ਗੁੱਸੇ ਵਿੱਚ ਪਲਟ ਦਿੱਤਾ ਤੇ ਰੋਸ ਪ੍ਰਗਟਾਉਣ ਲਈ ਮਾਰਚ ਸ਼ੁਰੂ ਹੋ ਗਿਆ।
ਰੋਸ ਮਾਰਚ ਬੱਸ ਅੱਡੇ ਦੇ ਚੌਂਕ ਵਿੱਚ ਪਹੁੰਚ ਸਰਕਾਰ ਦਾ ਸੱਧਰ ਵਿਛਾ ਕੇ ਬੈਠ ਗਿਆ। ਬੱਸ ਅੱਡਾ ਜਾਮ ਹੁੰਦਾ ਵੇਖ ਕੇ, ਧਰਨਾਕਾਰੀਆਂ ਦੇ ਅਕਸਰ ਹੀ ਗਲ ਪੈਣ ਵਾਲੇ ਬੱਸਾਂ ਖਾਸ ਕਰ ਪ੍ਰਾਈਵੇਟ ਬੱਸਾਂ ਦੇ ਡਰਾਈਵਰ-ਕੰਡਕਟਰ ਇਸ ਵਾਰ ਗਲ ਨਹੀਂ ਪਏ। ਸਗੋਂ ਪੀ.ਆਰ.ਟੀ.ਸੀ. ਦੇ ਕਾਮਿਆਂ ਤੇ ਪੈਨਸ਼ਨਰਾਂ ਨੇ ਠੋਸ ਡਟਵੀਂ ਹਮਾਇਤ ਕੀਤੀ। ਸ਼ਹਿਰੀਆਂ ਵੱਲੋਂ ਲਿਆਂਦੇ ਦੇਹ-ਸੰਭਾਲ ਸੀਸ਼ਿਆਂ ਵਾਲੇ ਫਰਿੱਜ ਵਿੱਚ ਪਈ ਨੰਨ੍ਹੀਂ ਰੂਥ ਹਰ ਮਨੁੱਖੀ ਦਿਲ ਨੂੰ ਆਪਣੇ ਕੋਲ ਆਏ ਬਿਨਾਂ ਅੱਗੇ ਨਾ ਲੰਘਣ ਦਿੰਦੀ। ਹਰ ਕਿਸੇ ਦਾ ਦਿਲ ਪਸੀਜਿਆ, ਗੱਚ ਭਰ ਆਉਂਦਾ ਰਿਹਾ। ਸੰਘਰਸ਼ਸ਼ੀਲ ਜਨਤਾ ਦਾ ਹਰ ਹਿੱਸਾ ਹਮਾਇਤ 'ਤੇ ਆਇਆ। ਸ਼ਹਿਰ ਦੇ ਬਹੁਤ ਕਲੱਬ ਆਏ। ਸਭਨਾਂ ਨੇ ਸੰਘਰਸ਼ ਵਿੱਚ ਹਰ ਤਰ੍ਹਾਂ ਨਾਲ ਚੰਦੇ ਦੇ ਰੂਪ ਵਿੱਚ ਤੇ ਰੋਟੀ-ਚਾਹ ਦੇ ਰੂਪ ਵਿੱਚ ਹਮਾਇਤੀ ਹਿੱਸਾ ਪਾਇਆ। ਬੁਲਾਰਿਆਂ ਨੇ ਆਪਣੇ ਵਿਚਾਰਾਂ ਨਾਲ ਸੰਘਰਸ਼ ਨੂੰ ਬਲ ਬਖਸ਼ਿਆ। ਸ਼ਹਿਰ ਵਿੱਚ ਰਹਿੰਦੇ ਅਧਿਆਪਕਾਂ ਨੇ ਆਪਣੀ ਜਥੇਬੰਦੀ ਡੀ.ਟੀ.ਐਫ. ਦੇ ਸੱਦੇ 'ਤੇ ਲੰਗਰ ਦੀ ਸੇਵਾ ਨਿਭਾਈ। ਸਰਕਾਰ ਦੇ ਸਿਆਸੀ ਸ਼ਰੀਕ ਵੀ ਸਾਰੇ ਆਏ, ਜਿਹੜੀ ਆਪਣੀ ਸਰਕਾਰ ਵੇਲੇ ਬੇਰੁਜ਼ਗਾਰਾਂ ਨਾਲ ਇਉਂ ਹੀ ਕਰਦੇ ਹਨ, ਪਰ ਇੱਥੇ ਇਹਨਾਂ ਨੇ ਵੀ ਮਗਰਮੱਛੀ ਹੰਝੂ ਵਹਾਏ, ਠੋਸ ਮੱਦਦ ਕਿਸੇ ਨਾ ਕੀਤੀ।
ਪਰ ਪੱਥਰ ਦਿਲ ਸਰਕਾਰ, ਸਰਕਾਰੀ ਨੁਮਾਇੰਦੇ, ਸਿਵਲ ਤੇ ਪੁਲਸ ਦੇ ਅਧਿਕਾਰੀ ਕੋਈ ਵੀ ਨਾ ਆਇਆ। ਨੰਨ੍ਹੀਂ ਛਾਂ ਦੀ ਦਾਅਵੇਦਾਰ ਬਠਿੰਡੇ ਦੀ ਮੈਂਬਰ ਪਾਰਲੀਮੈਂਟ ਵੀ ਨਾ ਬਹੁੜੀ। ਸਥਾਨਕ ਮੰਤਰੀ, ਪਾਰਲੀਮਾਨੀ ਸਕੱਤਰ, ਐਮ.ਐਲ.ਏ., ਜਥੇਦਾਰ ਧਰਨੇ ਤੋਂ ਹਟਵੀਆਂ ਲੁਕਵੀਆਂ ਸੜਕਾਂ-ਗਲੀਆਂ ਵਿਚ ਦੀ ਪਾਸਾ ਬੋਚ ਕੇ ਲਾਸ਼ ਦਾ ਭਾਰ ਚੁੱਕੀਂ ਘੁੰਮਦੇ ਰਹੇ। ਮਗਰਲੇ ਗੇਟਾਂ ਤਾਣੀ ਡੀ.ਸੀ. ਨੂੰ ਮਿਲ ਕੇ ਸੰਘਰਸ਼ ਨੂੰ ਠਿੱਬੀ ਲਾਉਣ ਲਈ ਜੋੜ-ਤੋੜ ਕਰਦੇ ਰਹੇ। ਇਸ ਤੋਂ ਅੱਗੇ ਸਭ ਤੋਂ ਵੱਧ ਕਰੂਰ, ਮੁੱਖ ਮੰਤਰੀ ਨੇ ਆਪਣੀ ਚਾਤੁਰ ਜੁਬਾਨ ਨੂੰ ਦੰਦਾਂ ਹੇਠ ਦੱਬੀਂ ਰੱਖਿਆ ਤੇ ਆਪਣੇ ਮੀਡੀਆ ਬੁਲਾਰੇ ਦੀ ਲੁਤਰੋ ਨੂੰ ਚਾਬੀ ਦੇ ਦਿੱਤੀ, ਕਹਿੰਦੀ, ''ਇਹ ਸਾਰਾ ਕਸੂਰ ਉਸ ਬੱਚੀ ਦੀ ਮਾਂ ਦਾ, ਜਿਹੜੀ ਉਹਨੂੰ ਠੰਢ ਵਿੱਚ ਲੈ ਕੇ ਇੱਥੇ ਬੈਠੀ।'' ਜਾਂ ''ਇਹ ਕਸੂਰ ਉਹਨਾਂ ਦਾ ਜਿਹਨਾਂ ਨੇ ਉਸ ਨੂੰ ਇੱਥੇ ਬਿਠਾਇਆ।'', ''ਇਹਨਾਂ 'ਤੇ ਪਰਚਾ ਦਰਜ ਹੋਣਾ ਚਾਹੀਦਾ ਹੈ'' ਇਹਨਾਂ ਦੇ ਪਹਿਲੇ ਸੰਘਰਸ਼ ਦੇ ਦਬਾਅ ਦੀ ਦਾਬ ਮੰਨਦਿਆਂ 2009 ਵਿੱਚ ਇਹਨਾਂ ਨੂੰ ਸਰਕਾਰ ਵੱਲੋਂ ਖੁਦ ਈ.ਟੀ.ਟੀ. ਕੋਰਸ ਕਰਵਾਏ ਹੋਣ ਦੀ ਜਾਣਕਾਰੀ ਨਾ ਰੱਖਣ ਵਾਲੇ ਸਿੱਖਿਆ ਮੰਤਰੀ ਪੰਜਾਬ ਨੇ ਵੀ ਆਪਣੀ ਬੇਸੁਰੀ ਕਹਿ ਮਾਰੀ, ''ਇਹ ਪਾਸ ਹੀ ਨਹੀਂ ਹਨ, ਇਹਨਾਂ ਨੂੰ ਕਾਹਦੀ ਨੌਕਰੀ?'' ''ਇਹਨਾਂ ਨੇ ਬੱਚੀ ਆਪ ਮਾਰੀ ਹੈ। ਬਠਿੰਡੇ ਦਾ ਸਿਵਲ ਸਰਜਨ ਵੀ ''ਬੱਚੀ ਦੀ ਮੌਤ ਠੰਢ ਨਾਲ ਨਹੀਂ, ਖ਼ੂਨ ਦੀ ਕਮੀ ਨਾਲ ਹੋਈ'' ਕਹਿ ਕੇ ਸਿੱਲ-ਪੱਥਰ ਬਣ ਗਿਆ।
ਲਗਾਤਾਰ ਵਧ ਰਹੀ ਹਮਾਇਤ ਅਤੇ ਲਗਾਤਾਰ ਸਰਕਾਰ ਤੇ ਅਧਿਕਾਰੀਆਂ ਦੇ ਹੋ ਰਹੇ ਸਿਆਪੇ ਨੇ ਅਧਿਕਾਰੀਆਂ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ। ਅਧਿਕਾਰੀਆਂ ਨੇ ਪੰਜ ਲੱਖ ਰੁਪਏ ਮੁਆਵਜਾ ਤੇ ਬੱਚੀ ਦੇ ਬਾਪ ਨੂੰ ਸਰਕਾਰੀ ਨੌਕਰੀ ਅਤੇ ਮੁੱਖ ਮੰਤਰੀ ਦੇ ਸਿੱਖਿਆ ਮੰਤਰੀ ਨੇ ਥੁੱਕਿਆ ਚੱਟਦਿਆਂ ਚੰਡੀਗੜ੍ਹ ਸੱਦ ਕੇ ਰੁਜ਼ਗਾਰ ਦੇਣਾ ਮੰਨ ਪਿਆ। ਘੋਲ ਦੀ ਸਫਲਤਾ ਹੋਈ। ਪੂਰੇ ਹਫਤੇ ਬਾਅਦ ਬੱਚੀ ਦਾ ਸਰਕਾਰ ਕੀਤਾ ਗਿਆ।
ਰੁਜ਼ਗਾਰ ਵਾਸਤੇ ਚੱਲੇ ਇਸ ਸੰਘਰਸ਼ ਨੇ, ਇਹਨਾਂ ਗੱਲਾਂ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਹੈ। ਪਹਿਲੀ- ਰੁਜ਼ਗਾਰ ਮਾਰੂ ਸਰਕਾਰੀ ਨੀਤੀਆਂ ਤੇ ਅਮਲਾਂ ਦੇ ਚੱਲਦਿਆਂ ਹੁਣ ਰੁਜ਼ਗਾਰ ਸਿਰਫ ਪੜ੍ਹਾਈਆਂ ਤੇ ਕੋਰਸ ਕਰਕੇ ਹੀ ਨਹੀਂ ਮਿਲਦਾ, ਸੰਘਰਸ਼ਾਂ ਦੇ ਮੈਦਾਨ ਵਿੱਚ ਆ ਕੇ ਸਰਕਾਰੀ ਜਬਰ ਝੱਲਦਿਆਂ ਜਾਨਾਂ ਦੀ ਬਾਜ਼ੀ ਤੱਕ ਲਾਉਣੀ ਪੈ ਜਾਂਦੀ ਹੈ। ਇਸ ਈ.ਟੀ.ਟੀ. (ਈ.ਜੀ.ਐਸ.) ਅਧਿਆਪਕ ਜਥੇਬੰਦੀ ਦਾ ਆਪਣਾ ਇਤਿਹਾਸ ਹੀ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਨਾਲ ਗੜੁੱਚ ਹੈ। ਦੂਜੀ, ਸੰਘਰਸ਼ਾਂ ਵਿੱਚ ਲਗਾਤਾਰ ਰਹਿਣ ਤੋਂ ਅਤੇ ''ਸਰਕਾਰ ਮੁੱਕਰੀ ਤਾਂ ਫੇਰ ਘੇਰ ਲਵਾਂਗੇ'' ਕਹਿਣ ਤੋਂ ਜਥੇਬੰਦੀ ਦੀ ਆਗੂ ਟੀਮ ਦੀ ਸੰਘਰਸ਼ ਵਿੱਚ ਨੇਹਚਾ ਸਪੱਸ਼ਟ ਦਿਖਦੀ ਹੈ, ਪਰ ਆਪਣੇ ਕਾਡਰ ਨੂੰ ਹੋਰ ਵੱਡੀ ਵਿਸ਼ਾਲ ਗਿਣਤੀ ਵਿਚ ਸੰਘਰਸ਼ਾਂ ਵਿੱਚ ਲੈ ਕੇ ਆਉਣ ਦੀ ਸੋਝੀ ਦੀ ਕਮਜ਼ੋਰੀ ਰੜਕਵੀਂ ਹੈ। ਮੁਲਕ ਅਤੇ ਸੂਬਿਆਂ ਅੰਦਰ ਸਭਨਾਂ ਸਰਕਾਰਾਂ ਵੱਲੋਂ ਉਦਾਰੀਕਰਨ, ਸੰਸਾਰੀਕਰਨ ਅਤੇ ਨਿੱਜੀਕਰਨ ਦੀਆਂ ਮੜ੍ਹੀਆਂ ਸਾਮਰਾਜੀ ਨੀਤੀਆਂ ਦੇ ਵਧ ਰਹੇ ਪਾਸਾਰ ਕਾਰਨ ਘਟ ਰਹੇ ਰੁਜ਼ਗਾਰ ਦੇ ਸੋਮਿਆਂ ਤੇ ਮੌਕਿਆਂ ਕਰਕੇ ਅਤੇ ਸਰਕਾਰ ਤੇ ਅਫਸਰਸ਼ਾਹੀ ਵੱਲੋਂ ਦੇਸੀ ਬਦੇਸ਼ੀ ਕਾਰਪੋਰੇਟਾਂ/ਧਨ ਕੁਬੇਰਾਂ ਨੂੰ ਲੁੱਟ ਮਚਾਉਣ ਤੇ ਅੰਨ੍ਹੇ ਮੁਨਾਫੇ ਕਮਾਉਣ ਲਈ ਦਿੱਤੀਆਂ ਜਾ ਰਹੀਆਂ ਖੁੱਲ੍ਹਾਂ ਤੇ ਛੋਟਾਂ ਕਾਰਨ ਵਧ ਰਹੀ ਮਹਿੰਗਾਈ ਕਰਕੇ, ਰੁਜ਼ਗਾਰ ਵਾਸਤੇ ਸੰਘਰਸ਼ ਵਧ ਰਹੇ ਹਨ ਤੇ ਤੇਜ਼ ਹੋ ਰਹੇ ਹਨ। ਸਰਕਾਰੀ ਅੰਨ੍ਹੇ ਜਬਰ ਦਾ ਬਾਵਜੂਦ ਇਹ ਸੰਘਰਸ਼ ਜਾਰੀ ਰਹਿ ਰਿਹਾ ਹੈ। ਪਿਛਲੇ ਦਿਨਾਂ ਅੰਦਰ ਹਰ ਲੋਕ ਹਿੱਸੇ ਵੱਲੋਂ ਲੜੇ ਗਏ ਸੰਘਰਸ਼, ਜਿੱਥੇ, ਪਿੰਡਾਂ ਦੇ ਖੇਤ ਮਜ਼ਦੂਰ ਤੇ ਜ਼ਮੀਨਾਂ ਤੋਂ ਵਿਰਵੇ ਹੋਏ ਗਰੀਬ ਕਿਸਾਨ ਸਮੂਹਾਂ ਅੰਦਰ ਬੇਰੁਜ਼ਗਾਰੀ ਦੇ ਦੈਂਤ ਖਿਲਾਫ ਵਿਆਪਕ ਰੋਸ ਉਠਾਣ ਉੱਠਣ ਦਾ ਮਾਹੌਲ ਬਣੇ ਹੋਏ ਦੇ ਦਰਸ਼ਨ ਕਰਵਾ ਰਹੇ ਹਨ, ਉੱਥੇ ਪੜ੍ਹਾਈਆਂ ਤੇ ਕੋਰਸ ਕਰਕੇ ਬੇਰੁਜ਼ਗਾਰੀ ਅਤੇ ਕੱਚੇ ਰੁਜ਼ਗਾਰ ਤੇ ਨਿਗੂਣੀਆਂ ਤਨਖਾਹਾਂ ਦਾ ਸੰਤਾਪ ਹੰਢਾ ਰਹੇ ਪੜ੍ਹੇ-ਲਿਖੇ ਬੇਰੁਜ਼ਗਾਰਾਂ ਅੰਦਰ ਵੀ ਸੰਘਰਸ਼ਾਂ ਦੇ ਫੁਟਾਰੇ ਫੁੱਟ ਤੁਰਨ ਦੀਆਂ ਅਥਾਹ ਗੁੰਜਾਇਸ਼ਾਂ ਮੌਜੂਦ ਹੋਣ ਦੇ ਸੰਕੇਤ ਹਨ।
ਇਸ ਸਭ ਦੇ ਹੁੰਦਿਆਂ ਵੀ ਕੋਈ ਛੋਟਾ ਮੋਟਾ ਕੰਮ ਕਰਕੇ ਜਾਂ ਦਿਹਾੜੀ 'ਤੇ ਜਾ ਕੇ ਜਾਂ ਘਰਦਿਆਂ ਨਾਲ ਕੋਈ ਗਾਰੇ-ਮਿੱਟੀ ਦੇ ਕੰਮ ਕਰਵਾ ਕੇ ਹੀ ਰੋਟੀ ਦਾ ਮੂੰਹ ਵੇਖਣ ਵਾਲੇ ਕਿਸੇ ਬੇਰੁਜ਼ਗਾਰੀ ਅਤੇ ਗਰੀਬੀ ਦੇ ਭੰਨੇ ਹਿੱਸੇ ਨੂੰ ਸੰਘਰਸ਼ਾਂ ਵਿੱਚ ਲੈ ਕੇ ਆਉਣ ਦਾ ਕੰਮ, ਬਿਨਾ ਕਿਸੇ ਇਨਕਲਾਬੀ ਸਿਆਸੀ ਸੋਝੀ ਤੋਂ, ਬੇਹੱਦ ਕਠਿਨ ਕੰਮ ਹੈ। ਇਹੀ ਸੋਝੀ ਜਾਚ, ਦੋਸਤਾਂ ਤੇ ਦੁਸ਼ਮਣਾਂ ਦੀ ਪਹਿਚਾਣ ਕਰਵਾਊਗੀ। ਆਪਣੀ ਤੇ ਦੁਸ਼ਮਣ ਦੀ ਤਕੜਾਈ ਤੇ ਕਮਜ਼ੋਰੀ ਦੀ ਨਿਸ਼ਾਨਦੇਹੀ ਕਰਵਾਏਗੀ। ਆਪਣੀਆਂ ਤਕੜਾਈਆਂ ਦਾ ਪੱਲਾ ਘੁੱਟ ਕੇ ਫੜਨ, ਕਮਜ਼ੋਰੀਆਂ ਨੂੰ ਤਕੜਾਈ ਵਿੱਚ ਪਲਟਣ ਦਾ ਵਲ ਦੱਸੇਗੀ ਤੇ ਬਲ ਪ੍ਰਦਾਨ ਕਰੇਗੀ ਅਤੇ ਦੁਸ਼ਮਣ ਦੀਆਂ ਚਾਲਾਂ ਕੁੱਟਣੀਆਂ, ਜਬਰ ਦਾ ਜਵਾਬ ਦੇਣਾ, ਦੁਸ਼ਮਣ ਦੀਆਂ ਤਕੜਾਈਆਂ 'ਤੇ ਵਾਰ ਕਰਨਾ ਤੇ ਦੁਸ਼ਮਣ ਦੀਆਂ ਕਮਜ਼ੋਰੀਆਂ ਦਾ ਲਾਹਾ ਲੈਣਾ ਅਤੇ ਦੋਸਾਂ ਤੋਂ ਮੱਦਦ ਲੈਣ ਲਈ ਭਰਾਤਰੀ ਸਾਂਝ ਪਕੇਰੀ ਕਰਨਾ ਸਿਖਾਵੇਗੀ।
ਰੁਜ਼ਗਾਰ ਵਾਸਤੇ ਤੇ ਨਿਗੂਣੀਆਂ ਤਨਖਾਹਾਂ ਵਧਾਉਣ ਲਈ ਸੰਘਰਸ਼ ਕਰ ਰਹੇ ਸਾਰੇ ਹਿੱਸਿਆਂ ਨੂੰ, ਸਰਕਾਰ ਦੇ ਰੁਜ਼ਗਾਰ ਵਿਰੋਧੀ, ਅੜੀਖੋਰ ਤੇ ਜਾਬਰ ਰਵੱਈਏ ਨੂੰ ਵੇਖਦਿਆਂ ਆਪਣੀ ਢਾਲ ਤੇ ਤਲਵਾਰ, ਆਪਣੀ ਜਥੇਬੰਦੀ ਨੂੰ ਮਜਬੂਤ, ਵਿਸ਼ਾਲ, ਚੇਤਨ ਤੇ ਦ੍ਰਿੜ੍ਹ ਲੀਹਾਂ 'ਤੇ ਉਸਾਰਨ ਲਈ ਤਾਣ ਜੁਟਾਉਣ ਦੀ ਲੋੜ ਹੈ।
-ਇੱਕ ਪਾਠਕ
No comments:
Post a Comment