Thursday, April 3, 2014

ਕਿਸਾਨ-ਮਜ਼ਦੂਰ ਸੰਘਰਸ਼ ਦੀ ਜਿੱਤ ਸੁਚੱਜੀ ਵਿਉਂਤ ਤੇ ਸਹੀ ਸੇਧ ਦਾ ਫਲ


ਕਿਸਾਨ-ਮਜ਼ਦੂਰ ਸੰਘਰਸ਼ ਦੀ ਜਿੱਤ
ਸੁਚੱਜੀ ਵਿਉਂਤ ਤੇ ਸਹੀ ਸੇਧ ਦਾ ਫਲ
ਬਠਿੰਡੇ ਦੀਆਂ ਕਚਹਿਰੀਆਂ ਮੂਹਰੇ 12 ਤੋਂ 18 ਫ਼ਰਵਰੀ ਤੱਕ ਲੱਗੇ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੇ ਮੋਰਚੇ ਨੇ ਤੇ ਉਸਤੋਂ ਬਾਅਦ ਹੋਰ ਰੂਪਾਂ 'ਚ ਚੱਲ ਰਹੇ ਇਸ ਸੰਘਰਸ਼ ਨੇ ਕਾਫ਼ੀ ਅਹਿਮ ਆਰਥਿਕ ਤੇ ਸਿਆਸੀ ਪ੍ਰਾਪਤੀਆਂ ਕੀਤੀਆਂ ਹਨ (ਜਿਨ੍ਹਾਂ ਦਾ ਵਰਨਣ ਇਸੇ ਪਰਚੇ ਅੰਦਰ ਕਿਸੇ ਹੋਰ ਜਗ੍ਹਾ ਕੀਤਾ ਗਿਆ ਹੈ)। ਇਸ ਸੰਘਰਸ਼ ਨੇ ਲੋਕਾਂ ਦੇ ਕੁਝ ਹਿੱਸਿਆਂ ਨੂੰ ਖ਼ਾਸ ਕਰਕੇ ਖੇਤ ਮਜ਼ਦੂਰ ਹਿੱਸਿਆਂ ਨੂੰ ਪ੍ਰਭਾਵਤ ਕੀਤਾ ਹੈ, ਉਨ੍ਹਾਂ ਦੀਆਂ ਆਸਾਂ ਜਗਾਈਆਂ ਹਨ ਤੇ ਉਨ੍ਹਾਂ ਨੂੰ ਸੰਘਰਸ਼ ਸਰਗਰਮੀ 'ਚ ਖਿੱਚਿਆ ਹੈ। ਇਸ ਸੰਘਰਸ਼ ਦੇ ਸਬੰਧ 'ਚ ਇੱਕ ਅਹਿਮ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇਹ ਸੰਘਰਸ਼ ਲੋਕਾਂ ਦੀਆਂ ਉੱਭਰੀਆਂ ਹੋਈਆਂ ਮੰਗੰ 'ਤੇ ਜਾਂ ਕੋਈ ਆਪਮੁਹਾਰੇ ਉੱਭਰਿਆ ਹੋਇਆ ਸੰਘਰਸ ਨਹੀਂ ਹੈ, ਸਗੋਂ ਪੂਰੀ ਤਰ੍ਹਾਂ ਵਿਉਂਤਬੱਧ ਤੇ ਚੇਤੰਨ ਰੂਪ 'ਚ ਜਥੇਬੰਦ ਕੀਤਾ ਗਿਆ ਸੰਘਰਸ਼ ਹੈ। ਇਸ ਜੁਝਾਰ ਸੰਘਰਸ਼ ਵੱਲੋਂ ਹਾਸਲ ਕੀਤੀਆਂ ਅਹਿਮ ਆਰਥਿਕ/ਸਿਆਸੀ ਪ੍ਰਾਪਤੀਆਂ ਇਸ ਘੋਲ ਦੀ ਸੁਚੱਜੀ ਵਿਉਂਤਬੰਦੀ ਅਤੇ ਸਹੀ ਸੇਧ ਦਾ ਹੀ ਫ਼ਲ ਹਨ।
ਇਸ ਸੰਘਰਸ਼ ਦੇ ਸਮੁੱਚੇ ਅਮਲ 'ਤੇ ਨਿਗਾਹ ਮਾਰਿਆਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹ ਸੰਘਰਸ਼ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ (ਮਾਲਕ ਕਿਸਾਨੀ ਤੇ ਖੇਤ-ਮਜ਼ਦੂਰਾਂ ਦੀ ਸਾਂਝੀ ਲਹਿਰ) ਨੂੰ ਜ਼ਰੱਈ ਇਨਕਲਾਬੀ ਲਹਿਰ ਦੀ ਦਿਸ਼ਾ 'ਚ ਅੱਗੇ ਵਧਾਉਣ ਦੀ ਸੇਧ 'ਚ ਵਿਉਂਤਿਆ ਤੇ ਚਲਾਇਆ ਗਿਆ ਘੋਲ ਹੈ। ਇਸ ਦਿਸ਼ਾ ਦੀ ਮੋਹਰਛਾਪ ਸੰਘਰਸ਼ ਦੀਆਂ ਮੰਗਾਂ ਛਾਂਟਣ, ਜਮਾਤੀ ਕਤਾਰਬੰਦੀ ਨਿਸ਼ਚਤ ਕਰਨ ਤੇ ਘੋਲ ਕੇਂਦਰ ਤਹਿ ਕਰਨ 'ਤੇ ਸਪੱਸ਼ਟ ਰੂਪ 'ਚ ਵੇਖੀ ਜਾ ਸਕਦੀ ਹੈ।
ਸੰਘਰਸ਼ ਲਈ ਤਹਿ ਕੀਤੀਆਂ ਗਈਆਂ ਮੰਗਾਂ ਉਹ ਹਨ ਜਿਹੜੀਆਂ ਇੱਕ ਪਾਸੇ ਜ਼ਮੀਨ ਵਿਹੂਣੀ ਹੋ ਚੁੱਕੀ ਕਿਸਾਨੀ, ਗ਼ਰੀਬ ਕਿਸਾਨੀ ਤੇ ਖੇਤ-ਮਜ਼ਦੂਰਾਂ  ਦੀ ਜ਼ਿੰਦਗੀ ਨਾਲ ਸਬੰਧਤ ਬੁਨਿਆਦੀ ਤੇ ਅਹਿਮ ਮੰਗਾਂ ਬਣਦੀਆਂ ਹਨ ਤੇ ਦੂਜੇ ਪਾਸੇ ਜਿਹੜੀਆਂ ਜਗੀਰਦਾਰਾਂ, ਸੂਦਖੋਰਾਂ ਤੇ ਪੇਂਡੂ ਚੌਧਰੀਆਂ ਦੇ ਹਿਤਾਂ ਨਾਲ ਸਿੱਧੇ ਟਕਰਾਅ 'ਚ ਆਉਂਦੀਆਂ ਹਨ। ਇਸ ਤਰ੍ਹਾਂ ਇਹ ਮੰਗਾਂ ਪਿੰਡਾਂ ਅੰਦਰ ਜਮਾਤੀ ਕਤਾਰਬੰਦੀ ਦਾ ਠੋਸ ਅਧਾਰ ਬਣ ਰਹੀਆਂ ਹਨ। ਜਿੱਥੇ ਇੱਕ ਪਾਸੇ ਇਨ੍ਹਾਂ ਮੰਗਾਂ ਸਦਕਾ ਕਿਸਾਨ ਤੇ ਖੇਤ-ਮਜ਼ਦੂਰਾਂ ਦਾ ਇਨ੍ਹਾਂ ਲੁਟੇਰੀਆਂ ਪੇਂਡੂ ਜਮਾਤਾਂ ਨਾਲ ਟਕਰਾਅ ਬਣਦਾ ਹੈ, ਉਥੇ ਇਹੀ ਮੰਗਾਂ ਬੇਜ਼ਮੀਨੇ ਤੇ ਗ਼ਰੀਬ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਨਾਲ ਸਾਂਝ ਦਾ ਠੋਸ ਅਧਾਰ ਬਣਦੀਆਂ ਹਨ ਜਿਨ੍ਹਾਂ ਨੇ ਸੰਘਰਸ਼ ਦੌਰਾਨ ਇਨ੍ਹਾਂ ਤਬਕਿਆਂ ਦਰਮਿਆਨ ਜਾਤਪਾਤੀ ਤੁਅੱਸਬਾਂ ਨੂੰ ਘਟਾਉਣ ਤੇ ਉਨ੍ਹਾਂ ਦਰਮਿਆਨ ਨੇੜਤਾ ਪੈਦਾ ਕਰਨ 'ਚ ਅਹਿਮ ਰੋਲ ਨਿਭਾਇਆ ਹੈ। ਇਸ ਸੇਧ ਵਿੱਚ ਇਸ ਕਤਾਰਬੰਦੀ ਦਰਮਿਆਨ ਲਕੀਰ ਤੇ ਭੇੜ ਨੂੰ ਹੋਰ ਤਿੱਖਾ ਕਰਨ ਲਈ ਸੰਘਰਸ਼ ਦੇ ਆਗੂਆਂ ਵੱਲੋਂ ਸਟੇਜ ਤੋਂ ਤੇ ਹਕੂਮਤ ਨਾਲ ਗੱਲਬਾਤ ਦੌਰਾਨ ਪੇਂਡੂ ਧਨਾਢ ਚੌਧਰੀਆਂ 'ਤੇ ਟੈਕਸ ਲਾਉਣ ਤੇ ਇਨ੍ਹਾਂ ਦੀਆਂ ਰਿਆਇਤਾਂ ਤੇ ਸਬਸਿਡੀਆਂ ਛਾਂਗਣ ਦੀ ਮੰਗ ਵੀ ਉਠਾਈ ਹੈ।
ਇਨ੍ਹਾਂ ਮੰਗਾਂ ਨੇ ਸਿਰਫ਼ ਪਿੰਡਾਂ ਅੰਦਰ ਇਨ੍ਹਾਂ ਪਿਛਾਖੜੀ ਤਾਕਤਾਂ ਨਾਲ ਟਕਰਾਅ ਹੀ ਨਹੀਂ ਉਭਾਰਿਆ ਸਗੋਂ ਬਾਦਲ ਹਕੂਮਤ ਨਾਲ ਟਕਰਾਅ ਵੀ ਤਿੱਖਾ ਕੀਤਾ ਹੈ। ਇੱਕ, ਇਸ ਹਕੂਮਤ ਦੀ ਇਨ੍ਹਾਂ ਜਮਾਤਾਂ ਦੀ ਨੁਮਾਇੰਦਾ ਹੋਣ ਕਰਕੇ ਤੇ ਦੂਜੇ ਇਸਦੀ ਸਾਮਰਾਜ-ਪੱਖੀ ਨਵ-ਉਦਾਰਵਾਦੀ ਧੁੱਸ ਕਰਕੇ ਵੀ, ਜੀਹਦੇ ਸਦਕਾ ਉਹ ਕਿਸਾਨਾਂ ਮਜ਼ਦੂਰਾਂ ਨੂੰ ਕੁੱਝ ਦੇਣ ਦੀ ਥਾਂ ਇਨ੍ਹਾਂ ਤੋਂ ਜ਼ਮੀਨਾਂ, ਰੁਜ਼ਗਾਰ ਤੇ ਸਬਸਿਡੀਆਂ ਖੋਹਣ ਦੇ ਰਾਹ ਪਈ ਹੋਈ ਹੈ। ਇਹ ਇਨ੍ਹਾਂ ਮੰਗਾਂ 'ਤੇ ਹਕੂਮਤ ਨਾਲ ਟਕਰਾਅ ਦਾ ਇਜ਼ਹਾਰ ਹੀ ਸੀ ਕਿ ਉਸਨੇ ਸਾਲ ਭਰ ਇਨ੍ਹਾਂ ਮੰਗਾਂ ਨੂੰ ਮੰਨਣ ਤੋਂ ਘੇਸਲ ਹੀ ਨਹੀਂ ਵੱਟੀ ਰੱਖੀ ਸਗੋਂ ਇਨ੍ਹਾਂ ਸਬੰਧੀ ਪੁਰਅਮਨ ਧਰਨੇ ਮੁਜ਼ਾਹਰਿਆਂ 'ਤੇ ਪਾਬੰਦੀਆਂ ਮੜ੍ਹਨ ਤੱਕ ਵੀ ਚਲੀ ਗਈ।
ਇਨ੍ਹਾਂ ਮੰਗਾਂ ਦੇ ਕਿਸਾਨ ਤੇ ਖੇਤ-ਮਜ਼ਦੂਰ ਜਨਤਾ ਅੰਦਰ ਸੁਤੇਸਿਧ ਨਾ ਉੱਭਰੇ ਹੋਣ ਕਰਕੇ ਤੇ ਇਨ੍ਹਾਂ ਮੰਗਾਂ 'ਤੇ ਸਥਾਨਕ ਚੌਧਰੀਆਂ ਤੇ ਹਕੂਮਤ ਨਾਲ ਉਭਰਨ ਵਾਲੇ ਤਿੱਖੇ ਟਕਰਾਅ ਦੀ ਸੰਭਾਵਨਾ ਕਰਕੇ ਸੰਘਰਸ਼ ਦੀ ਲੰਬੀ ਤੇ ਜ਼ੋਰਦਾਰ ਤਿਆਰੀ ਦਾ ਪੈਂਤੜਾ ਨਿਕਲਦਾ ਸੀ। ਸੋ, ਸੰਘਰਸ਼ ਦੀ ਲੀਡਰਸ਼ਿਪ ਨੇ ਦਰੁਸਤ ਤੌਰ 'ਤੇ ਹੀ ਕਿਸਾਨ ਤੇ ਮਜ਼ਦੂਰ ਜਨਤਾ ਅੰਦਰ ਘੋਲ ਦੀਆਂ ਮੰਗਾਂ ਉਭਾਰਨ, ਇਨ੍ਹਾਂ ਦੀ ਵਾਜਬੀਅਤ ਜਚਾਉਣ, ਤੇ ਇਹਨਾਂ ਸਬੰਧੀ ਵਿਸ਼ਾਲ ਜਨਤਕ ਲਾਮਬੰਦੀ ਕਰਨ ਲਈ ਘੋਲ ਨੂੰ ਪੜਾਅਵਾਰ ਵਿਕਸਤ ਕਰਨ ਦੀ ਵਰ੍ਹਾ ਭਰ ਲੰਬੀ ਵਿਉਂਤ ਬਣਾਈ (ਜੀਹਦੇ ਸਿਖ਼ਰ 'ਤੇ ਮੋਰਚਾ ਲਾਉਣ ਦੇ ਰੂਪ 'ਚ ਆਰ ਪਾਰ ਦੀ ਲੜਾਈ ਲੜੀ ਜਾਣੀ ਸੀ) ਪਿੰਡਾਂ ਅੰਦਰ ਜਨਤਕ ਮੀਟਿੰਗਾਂ, ਰੈਲੀਆਂ ਤੇ ਕਾਨਫਰੰਸਾਂ ਆਦਿ ਦਾ ਲੰਮਾ ਸਿਲਸਿਲਾ ਚਲਾਇਆ ਤੇ ਪੀੜਤ ਹਿੱਸਿਆਂ ਤੱਕ ਘਰ ਘਰ ਜਾ ਕੇ ਪਹੁੰਚ ਕਰਨ ਦੀ ਪਹੁੰਚ ਅਪਣਾਈ, ਉਥੇ ਪਿੰਡਾਂ ਨੂੰ ਸੰਘਰਸ਼ ਅਖਾੜੇ 'ਚ ਬਦਲਣ ਲਈ ਪਿੰਡ ਜਗਾਓ, ਪਿੰਡ ਹਿਲਾਓ ਦਾ ਨਾਰ੍ਹਾ ਵੀ ਦਿੱਤਾ। ਸਮੁੱਚੇ ਸੰਘਰਸ਼ ਦੌਰਾਨ ਹੋਈ ਵਿਸ਼ਾਲ ਲਾਮਬੰਦੀ ਖਾਸ ਕਰਕੇ ਖੇਤ-ਮਜ਼ਦੂਰਾਂ ਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਲਾਮਬੰਦੀ, ਰੌਂਅ ਤੇ ਅੰਤ ਸੰਘਰਸ਼ ਨੂੰ ਮਿਲੀ ਸ਼ਾਨਦਾਰ ਫ਼ਤਿਹ ਦਾ ਸੇਹਰਾ ਇਸ ਲੰਬੀ ਤੇ ਸਿਰੜੀ ਘਾਲਣਾ ਨੂੰ ਹੀ ਜਾਂਦਾ ਹੈ। 
ਸਮੁੱਚੀ ਕਿਸਾਨ ਲਹਿਰ ਨੂੰ ਜ਼ਰੱਈ ਇਨਕਲਾਬੀ ਲਹਿਰ ਦੀ ਦਿਸ਼ਾ 'ਚ ਅੱਗੇ ਵਧਾਉਣ ਦਾ ਸਭ ਤੋਂ ਉਭਰਵਾਂ ਇਜ਼ਹਾਰ ਸੰਘਰਸ਼ ਦੀ ਲੀਡਰਸ਼ਿਪ ਵੱਲੋਂ ਕਿਸਾਨ ਤੇ ਖੇਤ-ਮਜ਼ਦੂਰ ਜਨਤਾ ਦੀਆਂ ਮੰਗਾਂ ਨੂੰ ਉਨ੍ਹਾਂ ਦੇ ਹੱਕਾਂ ਵਜੋਂ ਤੇ ਮੁਲਕ ਦੇ ਬਦਲਵੇਂ ਵਿਕਾਸ ਮਾਡਲ ਦੇ ਅੰਗ ਵਜੋਂ ਉਭਾਰਨ ਤੋਂ ਮਿਲਦਾ ਹੈ। ਸੰਘਰਸ਼ ਦੀ ਲੀਡਰਸ਼ਿਪ ਵੱਲੋਂ ਇਹ ਗੱਲ ਪੂਰੇ ਜ਼ੋਰ ਨਾਲ ਉਭਾਰੀ ਜਾਂਦੀ ਰਹੀ ਹੈ ਕਿ ਹਾਕਮ ਜਮਾਤਾਂ ਵੱਲੋਂ ਪਰਚਾਰਿਆ ਜਾ ਰਿਹਾ ਵਿਕਾਸ ਨਹੀਂ, 'ਵਿਨਾਸ਼ ਮਾਡਲ' ਹੈ ਤੇ ਇਹਦੀ ਥਾਂ 'ਤੇ ਜ਼ਮੀਨਾਂ ਦੀ ਕਾਣੀ ਵੰਡ ਤੇ ਸੂਦਖੋਰੀ ਦੇ ਖਾਤਮੇ ਤੇ ਸਾਮਰਾਜੀ ਲੁੱਟ ਦੇ ਖਾਤਮੇ 'ਤੇ ਅਧਾਰਤ ਵਿਕਾਸ ਮਾਡਲ ਹੀ ਕਿਵੇਂ ਨਾ ਸਿਰਫ਼ ਕਿਸਾਨਾਂ, ਖੇਤ ਮਜ਼ਦੂਰਾਂ ਤੇ ਖੇਤੀ ਦੀ ਤਰੱਕੀ ਦੀ ਜ਼ਾਮਨੀ ਬਣਦਾ ਹੈ, ਸਗੋਂ ਸਨਅਤ ਤੇ ਦੇਸ਼ ਦੇ ਸਮੁੱਚੇ ਵਿਕਾਸ ਦੀ ਗਰੰਟੀ ਦੇ ਨਾਲ ਨਾਲ ਬੇਰੁਜ਼ਗਾਰੀ ਦੇ ਖਾਤਮੇ ਤੇ ਮਹਿੰਗਾਈ, ਭ੍ਰਿਸ਼ਟਾਚਾਰ ਤੇ ਸਭਿਆਚਾਰਕ ਨਿਘਾਰ ਆਦਿ ਸਭ ਤੋਂ ਮੁਕਤੀ ਦਵਾ ਸਕਦਾ ਹੈ। ਜਿੰਨੇ ਜ਼ੋਰ ਨਾਲ ਇਸ ਬਦਲਵੇਂ ਮਾਡਲ ਦਾ ਪ੍ਰਚਾਰ ਹੋਇਆ ਹੈ ਤੇ ਜਿਵੇਂ ਇਸਨੂੰ ਕਿਸਾਨ ਮਜ਼ਦੂਰ ਜਨਤਾ ਨੇ ਗ੍ਰਹਿਣ ਕੀਤਾ ਹੈ ਇਸਨੇ ਇਸ ਜਨਤਾ ਅੰਦਰ ਕਿਸਾਨ ਲਹਿਰ ਦੇ ਭਵਿੱਖ ਨਕਸ਼ੇ ਦੀ ਝਲਕ ਹੀ ਨਹੀਂ ਦਿੱਤੀ, ਸਗੋਂ ਦੇਸ਼ ਧ੍ਰੋਹੀ ਤੇ ਲੋਕ ਦੁਸ਼ਮਣ ਹਾਕਮਾਂ ਦੇ ਚਿਹਰੇ ਵੀ ਬੇਨਕਾਬ ਕੀਤੇ ਹਨ।
ਇਸ ਸੰਘਰਸ਼ ਦੇ ਸਮੁੱਚੇ ਅਮਲ ਦੌਰਾਨ ਇੱਕ ਪਾਸੇ ਜਿੱਥੇ ਕਿਸਾਨ ਲਹਿਰ ਦੇ ਵਰਕਰਾਂ ਤੇ ਸਰਗਰਮਾਂ ਅੰਦਰ ਆਪਣੀਆਂ ਮੰਗਾਂ ਤੇ ਹੱਕਾਂ ਬਾਰੇ ਬੋਧ ਹੋਇਆ ਹੈ ਤੇ ਇਨ੍ਹਾਂ ਦਾ ਉਨ੍ਹਾਂ ਦੇ ਬੁਨਿਆਦੀ ਹਿਤਾਂ ਨਾਲ ਸਬੰਧ ਉਭਰਿਆ ਹੈ, ਉਥੇ ਦੂਜੇ ਪਾਸੇ ਹਾਕਮ ਜਮਾਤੀ ਪਾਰਟੀਆਂ ਦਾ ਥੋਥ ਤੇ ਨੰਗੇਜ਼ ਸਾਹਮਣੇ ਆਇਆ ਹੈ। ਇਹ ਬੋਧ ਘੋਲ ਦੇ ਅੰਤਮ ਪੜਾਅ 'ਤੇ ਇਨ੍ਹਾਂ ਵਰਕਰਾਂ ਤੇ ਸਰਗਰਮਾਂ ਨੂੰ ਲੋਕਾਂ ਅੰਦਰ ਮੀਟਿੰਗਾਂ ਰੈਲੀਆਂ ਤੇ ਮੁਜ਼ਾਹਰਿਆਂ ਰਾਹੀਂ ਚੱਲ ਰਹੀਆਂ ਪਾਰਲੀਮਾਨੀ ਚੋਣਾਂ ਦੀ ਉਨ੍ਹਾਂ ਦੇ ਹਿਤਾਂ ਨਾਲ ਬੇਮੇਲਤਾ ਉਭਾਰਨ, ਵੋਟ ਵਟੋਰੂ ਪਾਰਟੀਆਂ ਦੇ ਵਾਅਦਿਆਂ ਦਾ ਥੋਥ ਨੰਗਾ ਕਰਨ ਤੇ ਜਨਤਾ ਨੂੰ ਇਨ੍ਹਾਂ ਤੇ ਚੁੰਗਲ 'ਚੋਂ ਨਿਕਲਣ ਲਈ ਪ੍ਰੇਰਨ ਖਾਤਰ ਕਾਫ਼ੀ ਹੈ।
-੦-

No comments:

Post a Comment