Thursday, April 3, 2014

ਆਡੀਓ ਸੀ.ਡੀ. ''ਜਾਗੋ''


ਜ਼ਿੰਦਗੀ ਦੇ ਸਾਹਾਂ ਅਤੇ ਰਾਹਾਂ ਨਾਲ ਜੁੜੀ ਆਡੀਓ ਸੀ.ਡੀ.
''ਜਾਗੋ''
—ਬਲਵਿੰਦਰ ਮੰਗੂਵਾਲ
'ਕਲਾ ਲੋਕਾਂ ਲਈ' ਦਾ ਬੇਹਤਰੀਨ ਨਮੂਨਾ; 'ਜਾਗੋ'। ਲੋਕਾਂ ਅਤੇ ਕਲਮਕਾਰਾਂ ਦਰਮਿਆਨ ਮੱਛੀ ਅਤੇ ਪਾਣੀ ਦੇ ਰਿਸ਼ਤੇ ਦਾ ਮਾਣ-ਮੱਤਾ ਸਿਰਨਾਵਾਂ; 'ਜਾਗੋ'। ਲੋਕ-ਸੰਗਰਾਮ, ਸ਼ਬਦ, ਸੁਰ, ਸੰਗੀਤ, ਸੁਹਜ, ਸਹਿਜ ਅਤੇ ਸੰਵੇਦਨਾ ਦਾ ਗੁਲਦਸਤਾ, 'ਜਾਗੋ'। ਜਾਗੋ ਦੀ ਆਪਣੀ ਸਾਹਿਤਕ/ ਸੰਗੀਤਕ ਨਿਵੇਕਲੀ ਪਹਿਚਾਣ ਵੀ ਹੈ ਅਤੇ ਕਮਾਈ ਕਰਦੇ ਭੰਨੇ ਤੋੜੇ ਲੋਕਾਂ ਨਾਲ ਅਟੁੱਟ ਸਾਂਝ ਵੀ। ਨਾਅਰੇਬਾਜ਼ੀ ਦਾ ਇਲਜ਼ਾਮ ਲਗਾ ਕੇ, ਲੋਕ-ਸਰੋਕਾਰਾਂ, ਲੋਕ-ਬੋਲੀ, ਲੋਕ-ਸਾਜਾਂ, ਲੋਕ-ਧੁੰਨਾਂ ਅਤੇ ਲੋਕ-ਪ੍ਰਤੀਨਿਧਤਾ ਤੋਂ ਪਾਸਾ ਵੱਟਣ ਵਾਲਿਆਂ ਨੂੰ ਸੰਵਾਦ ਦਾ ਸੱਦਾ ਵੀ ਹੈ। 'ਜਾਗੋ' ਬਾਰੇ ਉਨ੍ਹਾਂ ਦੀ ਜੋ ਵੀ ਰਾਏ ਹੋਏ, ਉਸ ਨੂੰ ਖੁੱਲ੍ਹੇ ਮਨ ਅਤੇ ਸਵੈ-ਮੰਥਨ ਦੀ ਦ੍ਰਿਸ਼ਟੀ ਤੋਂ 'ਜੀ ਆਇਆਂ' ਹੈ।
'ਜਾਗੋ', ਗੂੜ੍ਹੀ ਨੀਂਦੇ ਸੁੱਤਿਆਂ ਨੂੰ ਜਾਗਣ ਦਾ ਹੋਕਾ ਹੈ। ਅੱਧ-ਸੁੱਤਿਆਂ ਨੂੰ ਅਗਲੀਆਂ ਪਾਲ਼ਾਂ 'ਚ ਖੜ੍ਹਕੇ ਹੋਰਾਂ ਨੂੰ ਹੋਕਰਾ ਮਾਰਨ ਦਾ ਸੁਨੇਹਾ ਹੈ। ਜਾਗਦਿਆਂ ਨੂੰ ਇਕੱਲਿਆਂ ਹੀ ਅੱਗੇ ਤੁਰ ਜਾਣ, ਸਫ਼ਰ ਤੇ ਰਹਿਣ ਦੀ ਬਜਾਏ, ਆਪਣੇ ਲੁੱਟੇ-ਪੁੱਟੇ ਜਾਂਦੇ ਵਿਸ਼ਾਲ ਮਿਹਨਤਕਸ਼ ਵਰਗ ਨੂੰ ਸੰਗੀ-ਸਾਥੀ ਬਣਾਉਣ ਦੀ ਵੰਗਾਰ ਹੈ। 'ਜਾਗੋ', ਸਾਹਿਤਕਾਰਾਂ, ਲੇਖਕਾਂ, ਗੀਤਕਾਰਾਂ, ਸੰਗੀਤਕਾਰਾਂ, ਗਾਇਕ ਕਲਾਕਾਰਾਂ, ਸੰਗੀਤ ਦੀ ਤਕਨੀਕ ਪੱਖੋਂ ਪੁਖ਼ਤਾ ਜਾਣਕਾਰੀ ਰੱਖਣ ਵਾਲਿਆਂ, ਬੁੱਧੀਜੀਵੀਆਂ, ਚਿੰਤਕਾਂ, ਉਸਾਰੂ, ਵਿਗਿਆਨਕ ਲੋਕ-ਹਿਤੈਸ਼ੀ ਆਲੋਚਕਾਂ ਨੂੰ ਇੱਕ ਵਿਸ਼ਾਲ ਅਤੇ ਸਾਂਝੇ ਪਰਿਵਾਰ ਵਜੋਂ ਸਾਹਿਤ, ਕਲਾ ਅਤੇ ਸੰਗੀਤ ਦੇ ਪਿੜ ਅੰਦਰ ਜੋਟੀ ਪਾਉਣ ਦਾ ਪੈਗ਼ਾਮ ਹੈ।
ਆਡੀਓ ਸੀ.ਡੀ. 'ਜਾਗੋ' ਵਿੱਚ ਸੱਤ ਗੀਤ ਪਰੋਏ ਹਨ। ਸਭਨਾਂ ਗੀਤਾਂ ਦੇ ਰਚੇਤਾ ਨੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ। ਗੀਤਾਂ ਦੀਆਂ ਧੁੰਨਾਂ ਬਣਾਈਆਂ ਨੇ ਲੋਕ-ਬੰਧੂ, ਨਵਦੀਪ ਧੌਲਾ ਅਤੇ ਜਸਵੰਤ ਦੀਵਾਨਾ ਨੇ। ਗੀਤਾਂ ਨੂੰ ਸੰਗੀਤਬੱਧ ਕੀਤਾ ਹੈ ਬਿੱਕਾ ਮਨਹਾਰ, ਰਣਜੀਤ ਸਿੰਘ ਗਿੱਲ, ਲੋਕ ਬੰਧੂ ਅਤੇ ਮੱਦੀ ਮਾਹਲ ਨੇ। ਗੀਤਾਂ ਵਿਚ ਲੋਕ ਧੁਨਾਂ ਅਤੇ ਲੋਕ ਸਾਜ਼ਾਂ ਦਾ ਰੰਗ ਡੁੱਲ੍ਹ ਡੁੱਲ੍ਹ ਪੈਂਦਾ ਹੈ। ਇਸ ਗੀਤ-ਲੜੀ ਦੀ ਬਹੁ-ਪੱਖਾਂ ਤੋਂ ਅਮੀਰੀ ਦਾ ਰਾਜ ਇਹ ਹੈ ਕਿ ਇਸਦੀ ਸਿਰਜਣਾ, ਲੋਕ-ਜ਼ਿੰਦਗੀ ਦੀ ਧੜਕਣ ਨਾਲੋਂ ਟੁੱਟ ਕੇ ਕਿਤੇ ਇਕਾਂਤ ਰਮਣੀਕ ਥਾਵਾਂ 'ਤੇ ਜਾ ਕੇ ਨਹੀਂ ਕੀਤੀ ਗਈ। ਅਜੋਕੇ ਸਿਰਮੌਰ, ਰੜਕਵੇਂ, ਤਿੱਖੇ ਅਤੇ ਸਿੱਧੀ ਵੰਗਾਰ ਬਣੇ ਸਰੋਕਾਰਾਂ ਨੂੰ ਆਪਣੇ ਕਲਾਵੇ 'ਚ ਲੈਣਾ ਹੀ 'ਜਾਗੋ' ਨੂੰ ਠੁੱਕਦਾਰ ਬਣਾਉਂਦਾ ਹੈ। ਪਲਸ ਮੰਚ ਦੇ ਬਾਨੀ ਪ੍ਰਧਾਨ ਗੁਰਸ਼ਰਨ ਸਿੰਘ ਅਕਸਰ ਹੀ ਵੰਗਾਰਮਈ ਗਰਜ਼ਵੇਂ ਬੋਲਾਂ ਨਾਲ ਆਵਾਜ਼ ਦਿਆ ਕਰਦੇ ਸਨ ਕਿ, ''ਜਦੋਂ ਦੱਬੇ ਕੁਚਲੇ ਲੋਕ ਆਪਣੇ ਹੱਕਾਂ ਲਈ ਸੰਗਰਾਮ ਕਰ ਰਹੇ ਹੁੰਦੇ ਹਨ, ਜਦੋਂ ਉਹ ਫੱਟੜ ਮੱਥਿਆਂ ਨਾਲ ਵੀ ਘੋਲਾਂ ਦੇ ਅਖਾੜੇ ਮਘਾ ਰਹੇ ਹੁੰਦੇ ਹਨ। ਜਦੋਂ ਵੀ ਜਮਹੂਰੀ ਹੱਕਾਂ ਦੀ ਆਵਾਜ਼ ਅੰਬਰਾਂ 'ਚ ਗੁੰਜਾ ਰਹੇ ਹੁੰਦੇ ਹਨ ਤਾਂ ਉਸ ਵੇਲੇ ਕਲਮਾਂ ਵਾਲੇ ਕਿੱਥੇ ਹੁੰਦੇ ਹਨ? ਉਸ ਵੇਲੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਵਾਰਸ ਕਿੱਥੇ ਹੁੰਦੇ ਹਨ?? ਗ਼ਦਰੀ ਗੁਲਾਬ ਕੌਰ ਦੀਆਂ ਵਾਰਸ ਔਰਤਾਂ ਕਿੱਥੇ ਹੁੰਦੀਆਂ ਹਨ??? ਇਨ੍ਹਾਂ ਬੋਲਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਯਤਨ ਕੀਤਾ ਗਿਆ ਹੈ 'ਜਾਗੋ' ਦੇ ਰਚਨਹਾਰਿਆਂ, ਗਾਇਕਾਂ ਅਤੇ ਸੰਗੀਤਕਾਰਾਂ ਵੱਲੋਂ। ਉਹ ਕਿਸੇ ਨਾ ਕਿਸੇ ਰੂਪ 'ਚ ਲੋਕ-ਆਵਾਜ਼ ਅਤੇ ਲੋਕ-ਸੰਗਰਾਮ ਨਾਲ ਨੇੜਿਓਂ ਜੁੜਕੇ ਰਹੇ ਹਨ। ਇੱਕ ਤੋਂ ਬਾਅਦ ਦੂਜਾ ਗੀਤ ਇਸਦੀ ਜਿਉਂਦੀ ਜਾਗਦੀ ਉਦਾਹਰਨ ਪੇਸ਼ ਕਰਦਾ ਹੈ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੀਆਂ ਇਕਾਈਆਂ ਬਠਿੰਡਾ ਅਤੇ ਧੌਲਾ ਦੇ ਸਾਂਝੇ ਉੱਦਮ ਅਤੇ ਪਲਸ ਮੰਚ ਦੇ ਪ੍ਰਧਾਨ ਦੀ ਨੇੜਿਓਂ ਦਿੱਤੀ ਅਗਵਾਈ 'ਚ ਰਿਕਾਰਡ ਹੋ ਕੇ ਆਈ 'ਜਾਗੋ' ਮਿਹਨਤਕਸ਼ਾਂ ਦੇ ਖ਼ਾਸ ਕਰਕੇ ਸਭ ਤੋਂ ਵਿਸ਼ੇਸ਼ ਕਰਕੇ ਕਿਰਤੀ ਕਿਸਾਨ ਵਰਗ ਦੇ ਦੁੱਖੜੇ, ਦਮ, ਦਰਦ ਅਤੇ ਵਿਦਰੋਹ ਦੀ ਕਹਾਣੀ ਹੈ। ਇਸ ਗੀਤ-ਮਾਲਾ ਦੇ ਬੋਲ, ਤਰਜਾਂ ਅਤੇ ਸੰਗੀਤ ਦਾ ਕਮਾਲ ਦਾ ਸੁਮੇਲ, ਨੌਜਵਾਨ ਵਰਗ ਅਤੇ ਸੰਗੀਤ-ਪ੍ਰੇਮੀਆਂ ਨੂੰ ਪ੍ਰਭਾਵਿਤ ਕਰੇਗਾ। ਬਠਿੰਡਾ ਵਿਖੇ ਲੱਗੇ ਮੋਰਚੇ, ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਅਤੇ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿਖੇ ਲੋਕਾਂ ਵੱਲੋਂ ਸੁਣੀ ਇਸਦੀ ਉਦਘਾਟਨੀ ਆਵਾਜ਼ ਨੇ ਪ੍ਰਭਾਵਿਤ ਕੀਤਾ ਹੈ। ਹੱਥੋ ਹੱਥੀ ਇਹ ਸੀ.ਡੀ. ਲੋਕਾਂ 'ਚ ਲਿਜਾਣ ਲਈ ਪ੍ਰੇਰਿਆ ਹੈ।
ਸੰਖੇਪ ਸ਼ਬਦਾਂ ਦੀ ਜਾਣ-ਪਹਿਚਾਣ ਉਪਰੰਤ 'ਜਾਗੋ' ਦਾ ਪਹਿਲਾ ਗੀਤ ਪੂਰੇ ਜੋਬਨ ਤੇ ਖਿੜਵੇਂ ਪੰਜਾਬੀ ਸੰਗੀਤਕ ਰੰਗ 'ਚ ਖਿੜਦਾ ਅਤੇ ਨਵਦੀਪ ਧੌਲਾ ਦੀ ਆਵਾਜ਼ 'ਚ ਧੂਹ ਪਾਉਂਦਾ ਹੈ :
''ਜਾਗੋ ਪਿੰਡ ਪਿੰਡ ਆਈ
ਇਹ ਸੁਨੇਹਾ ਲੈ ਕੇ ਆਈ
ਸੁੱਤੀ ਜਾਗੇ ਇਹ ਲੋਕਾਈ
ਰੁੱਤ ਜਾਗਣੇ ਦੀ ਆਈ
ਗੂੜ੍ਹੀ ਨੀਂਦ ਸੁੱਤੇ ਲੋਕਾਂ ਨੂੰ ਜਗਾ ਦਿਓ
ਪਿੰਡਾਂ ਨੂੰ ਜਗਾਓ, ਪਿੰਡਾਂ ਨੂੰ ਹਿਲਾ ਦਿਓ''
ਔਰਤਾਂ ਦੀ ਲੋਕ-ਸੰਗਰਾਮ 'ਚ ਵਿਸ਼ੇਸ਼ ਭੂਮਿਕਾ ਨੂੰ ਸ਼ਾਨਾਮੱਤਾ ਸਥਾਨ ਦਿੰਦੀ 'ਜਾਗੋ' ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਰਹੀ ਹੈ। ਔਰਤ-ਮਰਦ ਦੀ ਜੋਟੀ, ਦਮ ਰੱਖਕੇ ਜੂਝਣ ਦੀ ਚੇਤਨਾ, ਲੋਕ-ਸ਼ਕਤੀ ਦੇ ਕ੍ਰਿਸ਼ਮੇ ਦਾ ਪ੍ਰਮਾਣ ਦਿੰਦੀ ਸੀ.ਡੀ. 'ਚ ਨਵਦੀਪ ਧੌਲਾ ਆਵਾਜ਼ ਦਿੰਦਾ ਹੈ ਕਿ :
e ''ਬਾਜ਼ੀ ਮਾਰ ਗਿਆ ਬਠਿੰਡੇ ਵਾਲਾ ਮੋਰਚਾ
ਹਾਕਮਾਂ ਦੇ ਹੋਸ਼ ਉਡ ਗਏ।
e ਨਹੀਓਂ ਰਫ਼ਲਾਂ ਰੱਖਣ ਦੇ ਸ਼ੌਂਕੀ
ਬਠਿੰਡੇ ਵਾਲੇ ਅਕਲਾਂ ਭਰੇ
e ਦਮ ਰੱਖਕੇ ਪਵੇਗਾ ਤੁਰਨਾ
ਲੰਮੀ ਵਾਟ ਮੰਜ਼ਲਾਂ ਦੀ।''
ਅਜੇਹੇ ਬੋਲ ਸਿੱਧੀ ਚੁਣੌਤੀ ਦਿੰਦੇ ਹਨ ਉਸ ਹਵਾਈ ਗਾਇਕੀ ਨੂੰ ਜਿਹੜੀ ਜਾਤੀ, ਇਲਾਕਾਈ ਆਦਿ ਬਹੁ-ਵੰਨਗੀ ਹਊਮੈ ਅਤੇ ਝੂਠੇ ਮੂਠੇ ਹੰਕਾਰ ਦੀ ਹਵਾ 'ਚ ਉਡਾ ਕੇ ਬੰਦੇ ਦੀ ਜੜ੍ਹ ਧਰਤੀ ਨਾਲੋਂ ਕੱਟਦੀ ਹੈ। ਹਵਾਈ ਘੋੜੇ ਭਜਾਉਣ 'ਚ ਗਲਤਾਨ ਕਰਕੇ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲੋਂ ਤੋੜਦੀ ਹੈ।
ਪੰਜਾਬੀ ਢਾਡੀ ਰੰਗ ਦਾ ਸਿਰਮੌਰ ਗਾਇਕ ਜਸਵੰਤ ਦੀਵਾਨਾ ਦੀ ਟੁਣਕਾਰ ਅਤੇ ਬੁਲੰਦੀ ਨਵੀਆਂ ਸਿਖ਼ਰਾਂ ਛੋਂਹਦੀ ਹੈ ਜਦੋਂ ਕਿਰਤ, ਸਵੈ-ਮਾਣ ਤੇ ਪੈਂਦੇ ਡਾਕਿਆਂ ਨੂੰ ਵੰਗਾਰਦੀ ਹੈ :
''ਸੌ ਦੀ ਸੁਣਾਈਏ ਇਕੋ ਗੱਲ ਜੀ,
ਯਾਰੋ! ਏਕੇ ਜੇਹੀ ਗੱਲ ਕੋਈ ਨਾ
ਉੱਠੋ ਜਾਗੋ! ਪੱਗ ਨੂੰ ਸੰਭਾਲੀਏ,
ਯਾਰੋ! ਜੂਝੇ ਬਿਨਾਂ ਹੱਲ ਕੋਈ ਨਾ''
ਲੋਕਾਂ ਲਈ ਜੂਝਦਿਆਂ ਕੁਰਬਾਨ ਹੋਣ ਵਾਲਿਆਂ ਦੀ ਸਦਾ ਅਮਰ ਰਹਿਣ ਵਾਲੀ ਕਹਾਣੀ ਨਿਵੇਕਲੇ ਅੰਦਾਜ਼ 'ਚ ਪੇਸ਼ ਕਰਦਿਆਂ ਨਵਦੀਪ ਧੌਲਾ ਦੀ ਆਵਾਜ਼ ਆਖਦੀ ਹੈ ਕਿ :
''ਉਹਦਾ ਖ਼ੂਨ ਜੋ ਡੁੱਲ੍ਹਿਆ ਧਰਤੀ 'ਤੇ
ਰੰਗ ਸੂਹਾ ਸੂਹਾ ਹੋਇਆ ਏ
ਉਹ ਤਾਰਾ ਬਣਿਆਂ ਅੰਬਰਾਂ ਦਾ
ਉਹਨੂੰ ਕੌਣ ਕਹੇ ਉਹ ਮੋਇਆ ਏ''
ਸ਼ਹੀਦੀ ਜਾਮ ਪੀਣ ਵਾਲਿਆਂ ਨੂੰ ਨਤਮਸਤਕ ਹੁੰਦਿਆਂ ਅਹਿਦ ਕਰਕੇ ਲੋਕ-ਕਾਫ਼ਲੇ ਦੀ ਆਵਾਜ਼ ਨਵਦੀਪ ਧੌਲਾ ਇਉਂ ਪੇਸ਼ ਕਰਦਾ ਹੈ :
''ਤੇਰੇ ਖ਼ੂਨ 'ਚ ਰੰਗੀ ਧਰਤੀ 'ਤੇ
ਅਸੀਂ ਬੰਨ੍ਹ ਕਾਫ਼ਲੇ ਆਵਾਂਗੇ''
ਕਾਰਪੋਰੇਟ ਘਰਾਣਿਆਂ ਵੱਲੋਂ ਜਬਰੀ ਖੋਹੀਆਂ ਜਾ ਰਹੀਆਂ ਜ਼ਮੀਨਾਂ ਕਾਰਨ ਪੈਦਾ ਹੋ ਰਹੀ ਬੇਚੈਨੀ, ਚੇਤਨਾ ਅਤੇ ਚੱਲ ਰਹੀ ਜੱਦੋ ਜਹਿਦ ਦੀ ਵੰਨਗੀ ਪੇਸ਼ ਕਰਦੀਆਂ ਨੇ ਇੱਕੋ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ। ਜਗਰਾਜ ਧੌਲਾ, ਨਵਦੀਪ ਧੌਲਾ, ਆਸ਼ਮੀਨ, ਜੈਸਮੀਨ ਅਤੇ ਸੰਜਨਾ। ਮਖਮਲੀ ਆਵਾਜ਼ ਧੀਆਂ ਅਤੇ ਪੋਤਰੀਆਂ ਦੀ, ਸੁਹਜ ਆਵਾਜ਼ ਪੁੱਤ ਨਵਦੀਪ ਦੀ ਅਤੇ ਬੁਲੰਦ ਆਵਾਜ਼, ਜਗਰਾਜ ਧੌਲਾ ਦੀ।
''ਖੇਤਾਂ ਦੇ ਪੁੱਤ ਜਾਗ ਪਏ
ਜਾਗ ਪਏ ਬਈ ਜਾਗ ਪਏ''
'ਜਾਗੋ' ਜਸਵੰਤ ਦੀਵਾਨਾ ਦੀ ਆਵਾਜ਼ 'ਚ ਚਰਮ ਸੀਮਾ 'ਤੇ ਪਹੁੰਚਦੀ ਹੋਕਾ ਦਿੰਦੀ ਹੈ ਕਿ :
''ਚੋਗਾ ਪਾ ਕੇ ਭੋਲਿਓ ਫਸਾ ਲਿਆ
ਕਾਹਤੋਂ ਇਹ ਗ਼ੁਲਾਮੀ ਝੱਲੀਏ
ਤੋੜਕੇ ਸ਼ਿਕਾਰੀਆਂ ਦੇ ਜਾਲ਼ ਨੂੰ
ਅੰਬਰਾਂ ਨੂੰ ਉੱਡ ਚਲੀਏ''
ਅਸ਼ਲੀਲ, ਅੰਧ-ਵਿਸ਼ਵਾਸੀ, ਗੈਰ-ਵਿਗਿਆਨਕ, ਬਾਜ਼ਾਰੂ, ਸੁਲਫ਼ੇ ਅਤੇ ਡੇਰਿਆਂ ਨੂੰ ਥਾਪੜਾ ਦਿੰਦੀ ਲੋਕ-ਵਿਰੋਧੀ ਗਾਇਕੀ ਦੇ ਬਦਲ 'ਚ ਜ਼ਿੰਦਗੀ ਦੇ ਰਾਹਾਂ ਅਤੇ ਸਾਹਾਂ ਨਾਲ ਜੁੜੀ 'ਜਾਗੋ' ਸਰੋਤਿਆਂ ਲਈ ਨਜ਼ਰਾਨਾ ਹੋਏਗੀ।
ਸੰਪਰਕ : 843-791-8111

No comments:

Post a Comment