Thursday, April 3, 2014

ਅਜਨਾਲੇ ਦਾ ਖ਼ੂਨੀ ਸਾਕਾ ਸੂਰਬੀਰ ਫੌਜੀਆਂ ਦੀਆਂ ਸ਼ਹਾਦਤਾਂ ਦੀ ਕਾਬਲੇ-ਫਖਰ ਦਾਸਤਾਨ


ਅੰਗੇਰਜ਼ ਹਾਕਮਾਂ ਵੱਲੋਂ ਰਚਿਆ ਅਜਨਾਲੇ ਦਾ ਖ਼ੂਨੀ ਸਾਕਾ
ਸੂਰਬੀਰ ਫੌਜੀਆਂ ਦੀਆਂ ਸ਼ਹਾਦਤਾਂ ਦੀ ਕਾਬਲੇ-ਫਖਰ ਦਾਸਤਾਨ
—ਐਨ.ਕੇ.ਜੀਤ
ਭਾਰਤ ਦੀ ਪਹਿਲੀ ਜੰਗੇ-ਆਜ਼ਾਦੀ ਦੀ ਸ਼ੁਰੂਆਤ 10 ਮਈ 1857 ਨੂੰ ਮੇਰਠ ਛਾਉਣੀ ਤੋਂ ਹੋਈ। 85 ਸਿਪਾਹੀਆਂ ਨੇ, ਉਹਨਾਂ ਕਾਰਤੂਸਾਂ ਨੂੰ, ਜਿਹਨਾਂ ਵਿੱਚ ਪਸ਼ੂਆਂ ਦੀ ਚਰਬੀ ਲੱਗੀ ਹੋਈ ਦੱਸੀ ਜਾਂਦੀ ਸੀ, ਵਰਤਣ ਤੋਂ ਨਾਂਹ ਕਰ ਦਿੱਤੀ। ਅੰਗਰੇਜ਼ਾਂ ਨੇ ਉਹਨਾਂ ਸਾਰੇ ਸਿਪਾਹੀਆਂ ਨੂੰ ਗ੍ਰਿਫਤਾਰ ਕਰਕੇ 10-10 ਸਾਲ ਦੀ ਕੈਦ ਦੀ ਸਜ਼ਾ ਸੁਣਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ। ਇਸ ਜਾਬਰ ਕਦਮ ਨੇ ਫੌਜ ਦੀਆਂ ਯੂਨਿਟਾਂ ਵਿੱਚ ਵਿਦਰੋਹ ਦੀ ਅੱਗ ਨੂੰ ਪ੍ਰਚੰਡ ਕਰ ਦਿੱਤਾ। ਹਥਿਆਰਬੰਦ ਬਾਗੀ ਫੌਜੀਆਂ ਨੇ ਜੇਲ੍ਹ 'ਤੇ ਹਮਲਾ ਕਰਕੇ ਨਾ ਸਿਰਫ ਇਹਨਾਂ 85 ਕੈਦੀਆਂ ਨੂੰ ਛੁਡਾ ਲਿਆ, ਸਗੋਂ 1200 ਹੋਰ ਕੈਦੀ ਵੀ ਰਿਹਾਅ ਕਰ ਦਿੱਤੇ। ਉਹਨਾਂ ਨੇ ਬਰਤਾਨਵੀ ਸੱਤਾ ਦੇ ਹਰੇਕ ਪ੍ਰਤੀਕ ਨੂੰ ਆਪਣੀ ਨਫਰਤ ਦਾ ਨਿਸ਼ਾਨਾ ਬਣਾਇਆ। ਅੰਗਰੇਜ਼ ਅਫਸਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਕੰਪਨੀ ਦੇ ਰਾਜ ਦੇ ਖਾਤਮ ਦਾ ਐਲਾਨ ਕਰ ਦਿੱਤਾ। 
ਅਗਲੇ ਦਿਨ 11 ਮਈ ਨੂੰ ਬਾਗੀ ਫੌਜਾਂ ਦਿੱਲੀ ਪਹੁੰਚ ਗਈਆਂ ਅਤੇ 82 ਸਾਲਾ ਬਜ਼ੁਰਗ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਦਿੱਲੀ ਦਾ ਬਾਦਸ਼ਾਹ ਐਲਾਨ ਦਿੱਤਾ। ਇਹ ਖਬਰ ਜਦੋਂ ਪੰਜਾਬ ਵਿੱਚ ਪਹੁੰਚੀ ਤਾਂ ਕੰਪਨੀ ਦੇ ਅਧਿਕਾਰੀ ਕੰਬ ਉੱਠੇ। ਉਸ ਵੇਲੇ ਪੰਜਾਬ ਵਿੱਚ ਤਾਇਨਾਤ 59656 ਕੁੱਲ ਫੌਜੀਆਂ ਵਿੱਚ ਬਰਤਾਨਵੀ ਫੌਜੀਆਂ ਦੀ ਗਿਣਤੀ ਸਿਰਫ 10500 ਸੀ। ਬਗਾਵਤ ਨੂੰ ਫੈਲਣ ਤੋਂ ਰੋਕਣ ਲਈ ਅੰਗਰੇਜ਼ਾਂ ਨੇ ਇੱਕ ਪਾਸੇ ਦੇਸੀ ਫੌਜੀਆਂ ਨੂੰ ਬੇਹਥਿਆਰੇ ਕਰਨਾ ਸ਼ੁਰੂ ਕਰ ਦਿੱਤਾ, ਉੱਥੇ ਨਾਲ ਹੀ ਅਨੇਕਾਂ ਜਾਬਰ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ। 
13 ਮਈ ਨੂੰ ਸਵੇਰੇ ਮੀਆਂ ਮੀਰ ਛਾਉਣੀ ਲਾਹੌਰ ਵਿੱਚ, ਪਰੇਡ ਦੇ ਬਹਾਨ ਇਕੱਠੇ ਕਰਕੇ 26ਵੀਂ ਬੰਗਾਲ ਦੇਸੀ ਪੈਦਲ ਸੈਨਾ ਦੇ 3500 ਜਵਾਨਾਂ ਤੋਂ ਹਥਿਆਰ ਲੈ ਗਏ। ਇਸ ਦੇ ਨਾਲ ਹੀ ਅੰਮ੍ਰਿਤਸਰ ਕੋਲ ਗੋਬਿੰਦਗੜ੍ਹ ਦੇ ਕਿਲੇ ਅਤੇ ਫਿਰੋਜ਼ਪੁਰ ਅਤੇ ਫਿਲੌਰ ਦੇ ਅਸਲਾਖਾਨਿਆਂ ਨੂੰ ਵੀ ਅੰਗਰੇਜ਼ਾਂ ਨੇ ਆਪਣੇ ਕੰਟਰੋਲ ਵਿੱਚ ਕਰ ਲਿਆ। ਉਸੇ ਦਿਨ ਪੇਸ਼ਾਵਰ ਵਿੱਚ ਜੰਗੀ ਕੌਂਸਲ ਦੀ ਮੀਟਿੰਗ ਕਰਕੇ ਪੰਜਾਬ ਦੇ ਚੀਫ ਕਮਿਸ਼ਨਰ ਜਾਨ ਲਾਰੰਸ ਨੇ ਗਵਰਨਰ ਜਨਰਲ ਲਾਰਡ ਕੈਨਿੰਗ ਨੂੰ ਪੰਜਾਬ ਦੇ ਰਾਜਿਆਂ-ਰਜਵਾੜਿਆਂ ਅਤੇ ਜਾਗੀਰਦਾਰਾਂ ਦੇ ਸਹਿਯੋਗ ਨਾਲ ਨਵੀਂ ਦੇਸੀ ਫੌਜ ਖੜ੍ਹੀ ਕਰਨ ਦਾ ਸੁਝਾਅ ਦਿੱਤਾ, ਜੋ ਤੁਰੰਤ ਪ੍ਰਵਾਨ ਕਰ ਲਿਆ ਗਿਆ। 
ਜਾਬਰ ਤੇ ਮਾਰੂ ਕਦਮਾਂ ਦਾ ਹੜ੍ਹ
14 ਮਈ 1857 ਨੂੰ ਪੰਜਾਬ ਦੇ ਚੀਫ ਕਮਿਸ਼ਨਰ ਲਾਰੰਸ ਨੇ ''ਬਗਾਵਤ ਸਬੰਧੀ ਕਾਨੂੰਨ'' (ਮੁਟਿਨੀ ਐਕਟ) ਲਾਗੂ ਕਰ ਦਿੱਤਾ, ਜਿਸ ਅਧੀਨ ਬਗਾਵਤ ਦੇ ਸ਼ੱਕ ਅਧੀਨ ਕਿਸੇ ਵੀ ਵਿਅਕਤੀ ਨੂੰ ਕੋਰਟ ਮਾਰਸ਼ਲ ਕਰਕੇ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਸੀ। ਇਸ ਕਾਨੂੰਨ ਤਹਿਤ ਬਾਗੀ ਗੱਲਾਂ ਕਰਨ ਜਾਂ ਆਪਣੇ ਮੁਲਕ ਦੇ ਲੋਕਾਂ ਨਾਲ ਹਮਦਰਦੀ ਪ੍ਰਗਟਾਉਣ 'ਤੇ ਵੀ ਲੋਕਾਂ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ ਜਾਂ ਤੋਪਾਂ ਨਾਲ ਉਡਾਇਆ ਗਿਆ। ਪੂਰੇ ਪੂਰੇ ਪਿੰਡ ਸਾੜ ਕੇ ਸੁਆਹ ਕਰ ਦਿੱਤੇ ਗਏ। ਜਾਨ ਲਾਰੰਸ ਨੇ ਬਾਅਦ ਵਿੱਚ ਲਿਖਿਆ ਹੈ, ''ਸਿਵਲ ਅਧਿਕਾਰੀ ਲੋਕਾਂ ਨੂੰ ਮਨਮਰਜ਼ੀ ਨਾਲ ਫਾਂਸੀ ਚੜ੍ਹਾ ਦਿੰਦੇ ਸਨ।'' ਚਿੱਠੀਆਂ 'ਤੇ ਸੈਂਸਰਸ਼ਿੱਪ ਲਾਗੂ ਕਰ ਦਿੱਤੀ। ਛਾਪੇਖਾਨਿਆਂ 'ਤੇ ਸਖਤ ਪਾਬੰਦੀਆਂ ਮੜ੍ਹ ਦਿੱਤੀਆਂ ਗਈਆਂ ਤਾਂ ਜੋ ਬਗਾਵਤ ਬਾਰੇ ਜਾਣਕਾਰੀ ਅਤੇ ਪ੍ਰਚਾਰ ਨੂੰ ਰੋਖਿਆ ਜਾ ਸਕੇ। ਇਹ ਅਫਵਾਹ ਉਡਾਈ ਗਈ ਕਿ ਲਾਹੌਰ ਵਾਲੇ ਬਾਗੀ ਸਿਪਾਹੀ, ਅੰਮ੍ਰਿਤਸਰ ਦੇ ਕਿਲੇ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਕਰਕੇ ਅਟਾਰੀ ਦੇ ਸਰਦਾਰ ਕਾਹਨ ਸਿੰਘ ਦੇ ਏਜੰਟ ਦੀਵਾਨ ਨਰਾਇਣ ਦੀ ਮੱਦਦ ਨਾਲ ਤਹਿਸੀਲਦਾਰ ਅਤੇ ਸਹਾਇਕ ਕਮਿਸ਼ਨਰ ਮੈਕਨਾਟਨ ਨੇ ਪਿੰਡਾਂ ਵਿੱਚ ਬਾਗੀ ਫੌਜੀਆਂ ਨੂੰ ਲੁਟੇਰੇ ਦੱਸ ਕੇ ਠੀਕਰੀ ਪਹਿਰੇ ਲਵਾ ਦਿੱਤੇ। ਬਾਗੀਆਂ ਨੂੰ ਜਿੰਦਾ ਜਾਂ ਮੁਰਦਾ ਫੜਾਉਣ ਵਾਲਿਆਂ ਲਈ ਭਾਰੀ ਇਨਾਮਾਂ ਦਾ ਐਲਾਨ ਕੀਤਾ ਗਿਆ। 
ਫੌਜ ਵਿੱਚ ਬਗਾਵਤ ਫੈਲਣ ਤੋਂ ਰੋਕਣ ਲਈ ਅਤੇ ਦੇਸੀ ਫੌਜੀਆਂ 'ਤੇ ਦਹਿਸ਼ਤ ਪਾਉਣ ਲਈ ਅੰਗਰੇਜ਼ ਅਫਸਰਾਂ ਨੇ ਸਿਰੇ ਦੇ ਜ਼ਾਲਮ, ਨਿਰਦੱਈ ਅਤੇ ਜਾਬਰ ਕਦਮ ਚੁੱਕੇ। 9 ਜੂਨ 1857 ਨੂੰ 35 ਲਾਈਟ ਘੋੜ ਸਵਾਰ ਫੌਜ ਦੇ ਦੋ ਸਿਪਾਹੀਆਂ ਨੂੰ ਬਰਗੇਡੀਅਰ ਜਨਰਲ ਚੈਂਬਰਲੇਨ ਨੇ ਸਭ ਦੇ ਸਾਹਮਣੇ ਤੋਪ ਨਾਲ ਉਡਾ ਦਿੱਤਾ। ਦੂਜਿਆਂ ਵਿੱਚ ਡਰ ਪੈਦਾ ਕਰਨ ਲਈ ਉਸਨੇ ਇਸ ਮੌਕੇ ਆਪਣੇ ਭਾਸ਼ਣ ਵਿੱਚ ਕਿਹਾ, ''ਜੋ ਵੀ ਸਾਡੇ ਨਾਲ ਗੱਦਾਰੀ ਕਰੇਗਾ, ਉਸਦਾ ਇਹੀ ਹਸ਼ਰ ਹੋਵੇਗਾ। ਆਪਣੀ ਇਸ ਕਮੀਨੀ ਹਰਕਤ ਨੂੰ ਜਾਇਜ਼ ਠਹਿਰਾਉਂਦਿਆਂ ਉਸਨੇ ਬੜੀ ਢੀਠਤਾਈ ਨਾਲ ਐਲਾਨ ਕੀਤਾ ਕਿ, ''ਮੈਂ ਤੁਹਾਡੇ ਧਰਮ ਦਾ ਬਹੁਤ ਖਿਆਲ ਰੱਖਦਾ ਹਾਂ, ਇਸ ਲਈ ਅਛੂਤ ਦੇ ਹੱਥੋਂ ਫਾਂਸੀ ਨਹੀਂ ਲਗਵਾਈ ਸਗੋਂ ਤੋਪ ਨਾਲ ਉਡਾਇਆ ਹੈ।'' ਜੂਨ ਦੇ ਮਹੀਨੇ ਵਿੱਚ ਹੀ ਚੈਂੰਬਰਲੇਨ ਨੇ ਰਾਧਾਕ੍ਰਿਸ਼ਨ ਨਾਂ ਦੇ ਇੱਕ ਸਿਪਾਹੀ ਨੂੰ ਸਾਰੀ ਲਪਟਣ ਦੇ ਸਾਹਮਣੇ ਫਾਂਸੀ 'ਤੇ ਲਟਕਾ ਦਿੱਤਾ ਅਤੇ ਬਾਅਦ ਵਿੱਚ ਉਸ ਨੂੰ 'ਗੱਦਾਰ' ਕਹਿੰਦਿਆਂ ਇਸ਼ਤਿਹਾਰ ਸਾਰੇ ਸ਼ਹਿਰ ਵਿੱਚ ਵੰਡ ਦਿੱਤੇ।
ਪੰਜਾਬ ਦੇ ਰਾਜੇ-ਰਜਵਾੜਿਆਂ ਅਤੇ ਜਾਗੀਰਦਾਰਾਂ ਵੱਲੋਂ ਸਾਮਰਾਜੀਆਂ ਦੀ ਚਾਕਰੀ
13 ਮਈ ਨੂੰ ਪੇਸ਼ਾਵਰ ਵਿੱਚ ਹੋਈ ਜੰਗੀ ਕੌਂਸਲ ਦੀ ਮੀਟਿੰਗ ਤੋਂ ਬਾਅਦ ਜਾਨ ਲਾਰੰਸ ਵੱਲੋਂ ਲਾਰਡ ਕੇਨਿੰਗ ਨੂੰ ਜੋ ਰਿਪੋਰਟ ਭੇਜੀ ਗਈ ਸੀ, ਉਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ ਯੂਰਪੀ ਫੌਜੀਆਂ ਦੀ ਗਿਣਤੀ ਬਹੁਤ ਥੋੜ੍ਹੀ ਹੈ, ਜੋ ਬਾਗੀ ਫੌਜੀਆਂ ਹੱਥੋਂ ਹੌਲੀ ਹੌਲੀ ਹੰਭਾ ਕੇ ਤਬਾਹ ਕੀਤੀ ਜਾ ਸਕਦੀ ਹੈ। ਇਸ ਲਈ ਉਸਨੇ ਪੰਜਾਬ ਦੇ ਰਾਜਿਆਂ ਅਤੇ ਜਾਗੀਰਦਾਰਾਂ ਦੇ ਸਹਿਯੋਗ ਅਤੇ ਮਿਲਵਰਤਨ ਨਾਲ ਨਵੀਂ ਅਤੇ ਵਫਾਦਾਰ ਫੌਜ ਖੜ੍ਹੀ ਕਰਨ ਦਾ ਸੁਝਾਅ ਦਿੱਤਾ ਸੀ। ਇਸ ਸੁਝਾਅ 'ਤੇ ਅਮਲ ਕਰਦਿਆਂ ਮਈ ਤੋਂ ਦਸੰਬਰ 1857 ਤੱਕ 34000 ਪੰਜਾਬੀਆਂ ਨੂੰ 18 ਨਵੀਆਂ ਰੈਜਮੈਂਟਾਂ ਵਿੱਚ ਭਰਤੀ ਕਰ ਲਿਆ ਗਿਆ। ਇਸ ਤੋਂ ਇਲਾਵਾ ਇਹਨਾਂ ਰਾਜਿਆਂ ਅਤੇ ਜਾਗੀਰਦਾਰਾਂ ਨੇ ਅੰਗਰੇਜ਼ਾਂ ਦੀ ਮੱਦਦ ਲਈ ਆਪਣੀਆਂ ਨਿੱਜੀ ਫੌਜਾਂ 'ਚੋਂ 7000 ਘੋੜ ਸਵਾਰ ਅਤੇ 9000 ਪੈਦਲ ਫੌਜੀ ਵੀ ਇਸ ਕੌਮੀ ਬਗਾਵਤ ਨੂੰ ਕੁਚਲਣ ਲਈ ਦਿੱਤੇ ਗਏ। 
ਭਾਵੇਂ ਇਹਨਾਂ 'ਚੋਂ ਬਹੁਤੇ ਰਾਜੇ, ਰਜਵਾੜੇ ਅਤੇ ਜਾਗੀਰਦਾਰ ਉਹ ਸਨ, ਜਿਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਅੰਗਰੇਜ਼ਾਂ ਅਤੇ ਸਿੱਖ ਰਾਜ ਵਿਚਕਾਰ ਹੋਈਆਂ ਜੰਗਾਂ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ ਅਤੇ ਕਈ ਅਜਿਹੇ ਵੀ ਸਨ ਜੋ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦੇਣ ਦੀ ਥਾਂ ਅੰਗਰੇਜ਼ਾਂ ਦੀ ਸਰਪ੍ਰਸਤੀ ਨੂੰ ਪਹਿਲ ਦਿੰਦੇ ਰਹੇ ਸਨ। ਬਾਗੀ ਫੌਜੀਆਂ ਬਾਰੇ ਇਹਨਾਂ ਸਾਰਿਆਂ ਨੇ, ਲੋਕਾਂ ਨੂੰ ਭੁਚਲਾਉਣ ਲਈ, ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਕਿ ਇਹ ਉਹ ''ਪੂਰਬੀਏ'' ਫੌਜੀ ਹਨ, ਜਿਹਨਾਂ ਨੇ ਸਿੱਖ ਰਾਜ ਦਾ ਪਤਨ ਕੀਤਾ ਸੀ। ਇਸ ਤਰ੍ਹਾਂ ਇਹਨਾਂ ਨੇ ਬਾਗੀਆਂ ਖਿਲਾਫ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਘੋਲਣ ਲਈ ਪੂਰਾ ਟਿੱਲ ਦਾ ਕੇ ਬਰਤਾਨਵੀ ਹਾਕਮਾਂ ਦੀ ਪਦਾਰਥਕ ਅਤੇ ਇਖਲਾਕੀ ਮੱਦਦ ਕੀਤੀ।
ਆਖਰ ਮੀਆਂ ਮੀਰ ਛਾਉਣੀ 'ਚ ਬਗਾਵਤ ਫੁੱਟ ਪਈ
ਮੀਆਂ ਮੀਰ ਛਾਉਣੀ ਲਾਹੌਰ ਵਿੱਚ 13 ਮਈ ਤੋਂ ਬੇਹਥਿਆਰ ਕੀਤੇ ਦੇਸੀ ਫੌਜੀ ਕਾਫੀ ਸਮਾਂ ਸ਼ਾਂਤ ਰਹੇ। ਪਰ ਜੂਨ ਮਹੀਨੇ ਵਿੱਚ ਕੁੱਝ ਫੌਜੀਆਂ ਨੂੰ ਫਾਂਸੀ ਚਾੜ੍ਹਨ ਅਤੇ ਤੋਪ ਦੇ ਗੋਲਿਆਂ ਨਾਲ ਉਡਾਏ ਜਾਣ ਨਾਲ ਬਗਾਵਤ ਦੀ ਅੱਗ ਮੁੜ ਧੁਖਣੀ ਸ਼ੁਰੂ ਹੋ ਗਈ। 30 ਜੁਲਾਈ ਨੂੰ 26ਵੀਂ ਦੇਸੀ ਪੈਦਲ ਫੌਜ ਦੀ ਇੱਕ ਟੁਕੜੀ ਨੇ ਪ੍ਰਕਾਸ ਸਿੰਘ ਉਰਫ ਪ੍ਰਕਾਸ਼ ਪਾਂਡੇ ਨਾਂ ਦੇ ਜਵਾਨ ਦੀ ਅਗਵਾਈ ਵਿੱਚ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ। ਉਹਨਾਂ ਕੋਲ ਹਥਿਆਰ ਵਜੋਂ ਤਾਂ ਸਿਰਫ ਚਾਕੂ ਅਤੇ ਟਕੂਏ ਹੀ ਸਨ, ਪਰ ਬਾਗੀ ਜਜ਼ਬਾ ਜ਼ਰੂਰ ਸੀ। ਜਦੋਂ ਕਮਾਂਡਿੰਗ ਅਫਸਰ ਮੇਜਰ ਸਪੈਂਸਰ ਅਤੇ ਉਸਦੇ ਇੱਕ ਸਹਾਇਕ ਨੇ ਇਹਨਾਂ ਨੂੰ ਰੋਕਣਾ ਚਾਹਿਆ ਤਾਂ ਬਾਗੀ ਫੌਜੀਆਂ ਨੇ ਉਹਨਾਂ ਨੂੰ ਥਾਏਂ ਹੀ ਮਾਰ ਮੁਕਾਇਆ। ਰੌਲਾ ਪੈਣ 'ਤੇ ਪੰਜਾਬ ਦੇ ਰਾਜਿਆਂ ਵੱਲੋਂ ਭੇਜੀ ਇੱਕ ਫੌਜੀ ਟੁਕੜੀ ਨੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸੇ ਵੇਲੇ ਆਈ ਇੱਕ ਕਾਲੀ ਬੋਲੀ ਹਨੇਰੀ ਦਾ ਲਾਹਾ ਲੈਂਦਿਆਂ ਇਹ ਸਾਰੇ ਬਾਗੀ ਛਾਉਣੀ 'ਚੋਂ ਨਿਕਲ ਜਾਣ ਵਿੱਚ ਕਾਮਯਾਬ ਹੋ ਗਏ। 
ਬਰਗੇਡੀਅਰ ਸਟੂਅਰਟ ਕੌਰਬੇਟ ਨੇ ਇਹਨਾਂ ਦਾ ਪਿੱਛਾ ਕਰਦਿਆਂ 9 ਬਾਗੀਆਂ ਨੂੰ ਫੜ ਕੇ ਮੌਕੇ 'ਤੇ ਹੀ ਤੋਪਾਂ ਨਾਲ ਉਡਾ ਦਿੱਤਾ। ਬਾਗੀਆਂ ਦੀ ਗਿਣਤੀ 600 ਤੋਂ ਵੱਧ ਸੀ। 
ਪਹਿਲਾ ਅੰਦਾਜ਼ਾ ਇਹ ਲਾਇਆ ਗਿਆ ਕਿ ਬਾਗੀ ਹਰੀ ਕੇ ਪੱਤਣ ਵੱਲ ਗਏ ਹੋਣਗੇ। ਇਸ ਲਈ ਕੈਪਟਨ ਬਲਾਗਰੇਵ ਅਤੇ ਲੈਫਟੀਨੈਂਟ ਬੋਸਵੈਲ ਸਥਾਨਕ ਰਾਜਿਆਂ ਅਤੇ ਜਾਗੀਰਦਾਰਾਂ ਵੱਲੋਂ ਮੱਦਦ ਲਈ ਭੇਜੀਆਂ ਫੌਜੀ ਟੁਕੜੀਆਂ ਲੈ ਕੇ ਉਹਨਾਂ ਦਾ ਪਿੱਛਾ ਕਰਨ ਲੱਗੇ। ਟਿਵਾਨਾ ਹੌਰਸਜ਼ ਦੀ ਇੱਕ ਟੁਕੜੀ ਵੀ ਇੱਧਰ ਆਈ। 
ਪਰ ਬਾਗੀ ਇਸ ਰਾਹ ਨਹੀਂ ਗਏ। ਉਹ ਅੰਮ੍ਰਿਤਸਰ-ਸਿਆਲਕੋਟ ਸੜਕ ਵੱਲ ਗਏ ਅਤੇ 40 ਕਿਲੋਮੀਟਰ ਦਾ ਪੰਧ ਤਹਿ ਕਰਕੇ ਸਵੇਰੇ 8 ਵਜੇ ਡੱਡੀਆਂ ਪਿੰਡ ਪਹੁੰਚ ਗਏ। ਇੱਥੇ ਉਹ ਪਿੰਡ ਦੇ ਚੌਕੀਦਾਰ ਅਤੇ ਅੰਗਰੇਜ਼ਾਂ ਦੇ ਪੱਕੇ ਪਿੱਠੂ ਚੌਕੀਦਾਰ ਸੁਲਤਾਨ ਖਾਨ ਦੇ ਹੱਥ ਚੜ੍ਹ ਗਏ ਅਤੇ ਉਸ ਤੋਂ ਰਾਵੀ ਨਦੀ ਪਾਰ ਕਰਨ ਲਈ ਢੁਕਵੀਂ ਜਗ੍ਹਾ ਪੁੱਛਣ ਲੱਗ ਪਏ। ਸੁਲਤਾਨ ਖਾਨ ਨੇ ਸ਼ੈਤਾਨੀ ਨਾਲ ਉਹਨਾਂ ਨੂੰ ਆਪਣੇ ਪੁੱਤਰ ਦੀ ਦੇਖ-ਰੇਖ ਹੇਠ ਛੱਡ ਕੇ ਆਪ ਖੁਦ ਸੌੜੀਆਂ ਦੇ ਤਹਿਸੀਲਦਾਰ ਪ੍ਰਾਣ ਨਾਥ ਨੂੰ ਜਿਸਦਾ ਮੁੱਖ ਦਫਤਰ ਅਜਨਾਲੇ ਸੀ, ਇਤਲਾਹ ਕਰਨ ਚਲਾ ਗਿਆ। 
ਤਹਿਸੀਲਦਾਰ ਪ੍ਰਾਣ ਨਾਥ ਨੇ ਤੁਰੰਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਨੂੰ ਇਤਲਾਹ ਦਿੱਤੀ ਅਤੇ ਆਪ ਪੁਲਸ ਅਤੇ ਫੌਜ ਦੀ ਟੁਕੜੀ ਲੈ ਕੇ ਡੱਡੀਆਂ ਪਿੰਡ ਵੱਲ ਚੱਲ ਪਿਆ। ਤਹਿਸੀਲਦਾਰ ਪ੍ਰਾਣ ਨਾਥ ਦੀ ਫੌਜੀ ਟੁਕੜੀ ਨੇ ਬੇਹਥਿਆਰੇ ਬਾਗੀ ਜਵਾਨਾਂ 'ਤੇ ਬੰਦੂਕਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਡੇਢ-ਦੋ ਸੌ ਬਾਗੀ ਸਿਪਾਹੀ ਜਾਂ ਤਾਂ ਗੋਲੀਆਂ ਲੱਗਣ ਨਾਲ ਜਾਂ ਨਦੀ ਦੇ ਤੇਜ ਵਹਿਣ ਕਾਰਨ ਡੁੱਬ ਕੇ ਸ਼ਹੀਦ ਹੋ ਗਏ। ਬਾਕੀ ਦੇ ਬਾਗੀਆਂ ਨੇ ਨਦੀ ਦੇ ਵਹਿਣ ਵਿਚਕਾਰ ਇੱਕ ਥੜ੍ਹੇ 'ਤੇ ਟਿਕਾਣਾ ਮੱਲ ਲਿਆ। 
ਇਸੇ ਦੌਰਾਨ ਫਰੈਡਰਿਕ ਕੂਪਰ ਵੀ ਉੱਥੇ ਪਹੁੰਚ ਗਿਆ। ਉਦੋਂ ਤੱਕ ਅੰਗਰੇਜ਼ਾਂ ਦੀ ਮੱਦਦ ਲਈ ਸਥਾਨਕ ਜਾਗੀਰਦਾਰਾਂ 'ਚੋਂ ਰਿਸਾਲਦਾਰ ਸਾਹਿਬ ਖਾਨ ਟਿਵਾਨਾ, ਰਿਸਾਲਦਾਰ ਬਰਕਤ ਅਲੀ, ਜਮਾਂਦਾਰ ਭਾਈ ਮਕਸੂਦਨ ਸਿੰਘ, ਜਨਰਲ ਹਰਸੁਖ ਰਾਏ, ਸਰਦਾਰ ਪ੍ਰਤਾਪ ਸਿੰਘ ਸੰਧਾਵਾਲੀਆ, ਸਰਦਾਰ ਜੋਧ ਸਿੰਘ ਅਦਾਲਤੀ ਅੰਮ੍ਰਿਤਸਰ ਆਦਿ ਹਥਿਆਰਬੰਦ ਸਿਪਾਹੀਆਂ ਦੀਆਂ ਟੁਕੜੀਆਂ ਅਤੇ ਲੋਕਾਂ ਦੀ ਵਾਹਰ ਲੈ ਕੇ ਪਹੁੰਚ ਗਏ ਸਨ। 
ਇਹਨਾਂ ਸਾਰੀਆਂ ਹਥਿਆਰਬੰਦ ਟੁਕੜੀਆਂ ਨੇ ਕਿਸ਼ਤੀਆਂ 'ਤੇ ਸਵਾਰ ਹੋ ਕੇ ਬਾਗੀਆਂ ਨੂੰ ਘੇਰ ਲਿਆ। ਫਰੈਡਰਿਕ ਕੂਪਰ ਨੇ ਬਾਗੀ ਸਿਪਾਹੀਆਂ ਨੂੰ ਭੁਚਲਾਉਣ ਲਈ ਇੱਕ ਕਪਟੀ ਚਾਲ ਚੱਲੀ। ਜਦੋਂ ਘਿਰੇ ਹੋਏ ਕੁੱਝ ਬਾਗੀ ਸਿਪਾਹੀਆਂ ਨੇ ਆਪਣੇ ਬਚਾਅ ਲਈ ਨਦੀ ਵਿੱਚ ਛਾਲਾਂ ਮਾਰ ਦਿੱਤੀਆਂ ਤਾਂ ਕੂਪਰ ਦੀ ਹਥਿਆਰਬੰਦ ਟੁਕੜੀ ਨੇ ਉਹਨਾਂ 'ਤੇ ਗੋਲੀਆਂ ਵਰ੍ਹਾਉਣ ਦੀ ਤਿਆਰੀ ਕਰ ਲਈ। ਪਰ ਕੂਪਰ ਨੇ ਉਹਨਾਂ ਨੂੰ ਰੋਕ ਦਿੱਤਾ। ਬਾਗੀਆਂ ਨੇ ਇਸਦਾ ਇਹ ਮਤਲਬ ਸਮਝਿਆ ਕਿ ਕੂਪਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ ਮਾਰਸ਼ਲ ਕਰੇਗਾ ਅਤੇ ਮਾਰੇਗਾ ਨਹੀਂ। ਇਹ ਸਮਝਦਿਆਂ 66 ਬਾਗੀ ਕਿਸ਼ਤੀਆਂ ਵਿੱਚ ਸਵਾਰ ਹੋ ਗਏ, ਜਿਹਨਾਂ ਨੂੰ ਕੂਪਰ ਨੇ ਗ੍ਰਿਫਤਾਰ ਕਰ ਲਿਆ। ਫਿਰ ਬਾਕੀ ਦੇ ਸਾਰੇ ਸਿਪਾਹੀ ਵੀ ਗ੍ਰਿਫਤਾਰ ਕਰ ਲਏ ਗਏ। ਵਰ੍ਹਦੇ ਮੀਂਹ ਵਿੱਚ 282 ਸਿਪਾਹੀਆਂ ਨੂੰ ਗ੍ਰਿਫਤਾਰ ਕਰਕੇ ਰੱਸੇ ਨਾਲ ਬੰਨ੍ਹ ਕੇ ਅਜਨਾਲੇ ਲੈ ਆਂਦਾ ਗਿਆ। ਰਾਤ ਹੋ ਜਾਣ ਅਤੇ ਮੀਂਹ ਪੈਣ ਕਾਰਨ ਕੂਪਰ ਨੇ ਉਹਨਾਂ ਨੂੰ ਸ਼ਹੀਦ ਕਰਨ ਦਾ ਕੰਮ ਅਗਲੇ ਦਿਨ 'ਤੇ ਪਾ ਦਿੱਤਾ। 
ਇਹਨਾਂ 'ਚੋਂ 66 ਬਾਗੀਆਂ ਨੂੰ ਇੱਕ ਭੀੜੇ ਬੁਰਜ ਵਿੱਚ ਬੰਦ ਕਰ ਦਿੱਤਾ, ਜਿਸ ਵਿੱਚ ਹਵਾ ਜਾਣ ਲਈ ਕੋਈ ਰਸਤਾ ਨਹੀਂ ਸੀ। 
ਸ਼ਹਾਦਤਾਂ ਦਾ ਰੂਹ-ਕੰਬਾਊ ਦ੍ਰਿਸ਼
ਅਗਲੇ ਦਿਨ ਸਾਰੇ ਬਾਗੀ ਫੌਜੀਆਂ ਨੂੰ ਫਾਂਸੀ ਲਟਕਾਉਣ ਦੀ ਯੋਜਨਾ ਕੂਪਰ ਨੇ ਬਣਾਈ ਸੀ। ਇਸ ਮਕਸਦ ਲਈ ਅੰ੍ਿਰਤਸਰ ਤੋਂ ਭਾਰੀ ਗਿਣਤੀ ਵਿੱਚ ਰੱਸੇ ਮੰਗਵਾਏ ਗਏ। ਇਸ ਯੋਜਨਾ ਅਨੁਸਾਰ ਉਹਨਾਂ ਨੂੰ ਦਰਖਤਾਂ ਨਾਲ ਲਟਕਾ ਕੇ ਫਾਹੇ ਦਿੱਤਾ ਜਾਣਾ ਸੀ। ਪਰ ਦਿੱਕਤ ਇਹ ਆ ਗਈ ਕਿ ਲੋੜੀਂਦੀ ਗਿਣਤੀ ਵਿੱਚ ਰੱਸੇ ਅਤੇ ਦਰਖਤ ਮਿਲ ਨਾ ਸਕੇ। ਇਸ ਲਈ ਇਹ ਸਕੀਮ ਰੱਦ ਕਰਕੇ ਸਾਰੇ ਬਾਗੀਆਂ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਦੀ ਯੋਜਨਾ ਬਣਾਈ ਗਈ। ਇਸ ਕੰਮ ਲਈ 50 ਬੁੱਚੜ ਸਿਪਾਹੀਆਂ ਦੀ ਟੋਲੀ ਪੰਜਾਬ ਦੇ ਜਾਗੀਰਦਾਰਾਂ ਨੇ ਭੇਜੀ। ਇੱਕ ਮੈਜਿਸਟਰੇਟ ਵੀ ਮੌਕੇ 'ਤੇ ਤਾਇਨਾਤ ਕੀਤਾ ਗਿਆ। 
ਕੂਪਰ ਦੀ ਹਾਜ਼ਰੀ ਵਿੱਚ 10-10 ਬਾਗੀ ਫੌਜੀਆਂ ਦੇ ਗਰੁੱਪ ਨੂੰ ਬਾਹਰ ਕੱਢਿਆ ਜਾਂਦਾ, ਉਹਨਾਂ ਦੇ ਨਾਂ, ਪਤੇ ਅਤੇ ਰੈਜਮੈਂਟ ਵਗੈਰਾ ਨੋਟ ਕੀਤੇ ਜਾਂਦੇ ਅਤੇ ਉਹਨਾਂ ਨੂੰ ਇਕੱਠੇ ਬੰਨ੍ਹ ਕੇ ਲਾਈਨ ਵਿੱਚ ਖਲਾਰ ਕੇ ਚੇਹਰੇ ਢੱਕ ਦਿੱਤੇ ਜਾਂਦੇ। ਬੁੱਚੜ ਫੌਜੀਆਂ ਦੀ ਟੁਕੜੀ ਇੱਕ ਗਜ਼ ਦੇ ਫਾਸਲੇ ਤੋਂ ਉਹਨਾਂ ਦੀਆਂ ਹਿੱਕਾਂ 'ਤੇ ਗੋਲੀਆਂ ਵਰ੍ਹਾਉਂਦੀ ਅਤੇ ਉਹ ਮੌਤ ਦੀ ਗੋਦ ਵਿੱਚ ਜਾ ਸਮਾਉਂਦੇ। ਪਿੰਡ ਦੇ ਸਫਾਈ ਸੇਵਕਾਂ ਤੋਂ ਉਹਨਾਂ ਦੀਆਂ ਲਾਸ਼ਾਂ ਨੂੰ ਧੂਹ ਕੇ ਇੱਕ ਨੇੜਲੇ ਖੂਹ ਵਿੱਚ ਸੁਟਵਾ ਦਿੱਤਾ ਜਾਂਦਾ। 
ਫਰੈਡਿਰਕ ਕੂਪਰ ਅਨੁਸਾਰ ਜਦੋਂ 150 ਬਾਗੀਆਂ ਨੂੰ ਇਸ ਤਰ੍ਹਾਂ ਮਾਰ ਦਿੱੱਤਾ ਗਿਆ ਤਾਂ ਬੁੱਚੜ ਸਿਪਾਹੀਆਂ 'ਚੋਂ ਇੱਕ ਜੋ ਵਡੇਰੀ ਉਮਰ ਦਾ ਸੀ, ਗਸ਼ ਖਾ ਕੇ ਡਿਗ ਪਿਆ। ਬੁੱਚੜਾਂ ਨੂੰ ਹੌਸਲੇ ਵਿੱਚ ਕਰਨ ਲਈ, ਥੋੜ੍ਹੀ ਦੇਰ ਲਈ ਕਾਰਵਾਈ ਰੋਕ ਦਿੱਤੀ ਗਈ। 
ਜਿਹੜੇ ਬਾਗੀ ਬਾਹਰ ਨਿਕਲਣ ਤੋਂ ਨਾਂਹ ਕਰ ਰਹੇ ਸਨ, ਉਹਨਾਂ ਨੂੰ ਪੈਰਾਂ ਤੋਂ ਬੰਨ੍ਹ ਕੇ ਘੜੀਸ ਕੇ ਲਿਆਂਦਾ ਜਾਂਦਾ। ਧਰਤੀ 'ਤੇ ਪਿਆਂ ਦੇ ਹੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਜਾਂਦਾ। 
ਜਦੋਂ ਥਾਣੇ ਅੰਦਰਲੇ ਸਾਰੇ ਬਾਗੀ ਸ਼ਹੀਦ ਕਰ ਦਿੱਤੇ ਗਏ ਤਾਂ ਕੂਪਰ ਨੂੰ ਬੁਰਜ ਵਿੱਚ ਬੰਦ ਕੀਤੇ ਬਾਗੀਆਂ ਦੀ ਯਾਦ ਆਈ। ਬੁਰਜ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਡੱਕੇ ਬਹੁਤੇ ਫੌਜੀ ਦਮ ਘੁਟਣ ਕਰਕੇ ਮਰ ਚੁੱਕੇ ਸਨ। ਉਹਨਾਂ ਦੀਆਂ ਲਾਸ਼ਾਂ ਘੜੀਸ ਕੇ ਖੂਹ ਵਿੱਚ ਸੁੱਟ ਦਿੱਤੀਆਂ ਗਈਆਂ। ਕੁੱਝ ਫੌਜੀਆਂ ਨੂੰ ਜਿਉਂਦਿਆਂ ਹੀ ਖੂਹ ਵਿੱਚ ਸੁੱਟ ਦਿੱਤਾ ਗਿਆ। 
ਇਸ ਤਰ੍ਹਾਂ ਬੁੱਚੜ ਕੂਪਰ ਨੇ 282 ਬਾਗੀ ਸ਼ਹੀਦ ਕਰ ਦਿੱਤੇ। 
ਉਸਦੀ ਇਸ ਦਰਿੰਦਗੀ ਭਰੀ ਕਾਰਵਾਈ ਨੂੰ ਵਡਿਆਉਣ ਵਾਲਿਆਂ ਵਿੱਚ ਨਾਭੇ ਦਾ ਰਾਜਾ ਰਣਧੀਰ ਸਿੰਘ ਵੀ ਸੀ, ਜਿਸਨੇ ਇਹਨਾਂ ਬਾਗੀ ਫੌਜੀਆਂ ਨੂੰ ਢੁਕਵਾਂ ਦੰਡ ਦੇ ਕੇ ਬਗਾਵਤ ਨੂੰ ਕੁਚਲਣ ਲਈ ਵਧਾਈਆਂ ਦਿੰਦੀਆਂ ਤਿੰਨ ਚਿੱਠੀਆਂ ਫਰੈਡਰਿਕ ਕੂਪਰ ਨੂੰ ਲਿਖੀਆਂ, ਜੋ ਉਸਨੇ ਬਾਅਦ ਵਿੱਚ ਆਪਣੀ ਕਿਤਾਬ 'ਪੰਜਾਬ ਵਿੱਚ ਸੰਕਟ' ਵਿੱਚ ਸ਼ਾਮਲ ਕੀਤੀਆਂ।
1857 ਦੇ ਗ਼ਦਰ ਦੇ ਇਹਨਾਂ ਮਹਾਨ ਸ਼ਹੀਦਾਂ ਦੀਆਂ ਯਾਦਾਂ ਅਤੇ ਅਸਥੀਆਂ ਆਪਣੀ ਬੁੱਕਲ ਵਿੱਚ ਸਮੋਈ ਅਜਨਾਲੇ ਦਾ ਸ਼ਹੀਦਾਂ ਵਾਲਾ ਖੂਹ ਲੋਕ ਯੋਧਿਆਂ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਦਾ ਗਵਾਹ ਹੈ। ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸ਼ਹੀਦ ਹੋਣ ਵਾਲੇ ਇਹਨਾਂ ਸੂਰਮਿਆਂ 'ਚੋਂ ਕੋਈ ਇੱਕ ਵੀ ਬੁੱਚੜ ਅੰਗਰੇਜ਼ ਹਾਕਮਾਂ ਮੂਹਰੇ ਗਿੜਗਿੜਾਇਆ ਨਹੀਂ, ਜਾਨ ਦੀ ਭੀਖ ਨਹੀਂ ਮੰਗੀ, ਆਪਣੇ ਸਵੈਮਾਣ ਤੋਂ ਡਿਗਿਆ ਨਹੀਂ। ਉਲਟਾ ਇਹਨਾਂਂ ਦਾ ਬੁਲੰਦ ਹੌਸਲਾ ਦੇਖ ਕੇ ਕਾਤਲ ਗਸ਼ ਖਾ ਕੇ ਡਿਗਦੇ ਰਹੇ ਹਨ। 
ਅਜਨਾਲੇ ਦਾ ਖੂਹ ਪੰਜਾਬ ਦੇ ਰਾਜੇ, ਰਜਵਾੜਿਆਂ ਤੇ ਜਾਗੀਰਦਾਰਾਂ ਵੱਲੋਂ ਕੀਤੇ ਸਿਰੇ ਦੇ ਲੋਕ-ਧਰੋਹ ਅਤੇ ਦੇਸ਼ ਧਰੋਹ ਦਾ ਵੀ ਗਵਾਹ ਹੈ, ਚੰਦ ਜਾਗੀਰਾਂ, ਇਨਾਮਾਂ ਅਤੇ ਐਸ਼ੋਇਸ਼ਰਤਾਂ ਲਈ ਅੰਗਰੇਜ਼ਾਂ ਦੇ ਬੂਟ ਚੱਟਣ ਦਾ ਵੀ ਗਵਾਹ ਹੈ। 
ਅਜਨਾਲੇ ਦਾ ਖੂਹ ਦੇਸ਼ਭਗਤ, ਕੌਮਪ੍ਰਸਤ ਅਤੇ ਇਨਕਲਾਬੀ ਲੋਕਾਂ ਦੀ ਸ਼ਾਨਦਾਰ ਵਿਰਾਸਤ ਹੈ। ਇਸ ਦੀ ਸੰਭਾਲ ਸਾਡੇ ਸਾਰਿਆਂ ਦਾ ਸਾਂਝਾ ਇਤਿਹਾਸਕ ਫਰਜ਼ ਹੈ। 
0-0

No comments:

Post a Comment