1857 ਦੀ ਜੰਗੇ-ਆਜ਼ਾਦੀ 'ਚ ਅਜਨਾਲਾ ਵਿਖੇ
ਸ਼ਹੀਦ ਹੋਏ ਫੌਜੀਆਂ ਦੀ ਸ਼ਾਨਾਂਮੱਤੀ ਦੇਸ਼ਭਗਤ ਵਿਰਾਸਤ- ਜ਼ਿੰਦਾਬਾਦ
ਸ਼ਹੀਦ ਹੋਏ ਫੌਜੀਆਂ ਦੀ ਸ਼ਾਨਾਂਮੱਤੀ ਦੇਸ਼ਭਗਤ ਵਿਰਾਸਤ- ਜ਼ਿੰਦਾਬਾਦ
-ਐਨ.ਕੇ.ਜੀਤ
ਅਜਨਾਲੇ ਦੇ ਸ਼ਹੀਦਾਂ ਵਾਲੇ ਖੂਹ ਦੀ ਖੁਦਾਈ ਤੋਂ ਬਾਅਦ ਉੱਥੋਂ 282 ਕੌਮੀ ਸ਼ਹੀਦਾਂ ਦੇ ਅਸਥੀ ਪਿੰਜਰ ਮਿਲਣ 'ਤੇ, ਗੁਰਦੁਆਰਾ ਸ਼ਹੀਦਾਂ ਦੀ ਪ੍ਰਬੰਧਕੀ ਕਮੇਟੀ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਅਤੇ ਪੰਜਾਬ ਦੇ ਕਈ ਲੋਕ ਪੱਖੀ ਵਿਦਵਾਨਾਂ ਨੇ ਇਹਨਾਂ ਸ਼ਹੀਦਾਂ ਦੀ ਢੁਕਵੀਂ ਯਾਦਗਾਰ ਉਸਾਰਨ ਦੀ ਮੰਗ ਉਭਾਰੀ ਹੈ। ਕੁੱਝ ਆਪੂੰ ਸਜੇ 'ਸਿੱਖ ਇਤਿਹਾਸਕਾਰਾਂ' ਅਤੇ 'ਵਿਦਵਾਨਾਂ' ਨੇ ਇਸ ਮੰਗ ਦਾ ਵਿਰੋਧ ਕਰਦਿਆਂ, ਸ਼ਹੀਦ ਸਿਪਾਹੀਆਂ ਨੂੰ 'ਪੂਰਬੀਏ' ਕਹਿ ਕੇ ਉਹਨਾਂ 'ਤੇ ਝੂਠੇ ਤੇ ਬੇਥਵੇ ਇਲਜ਼ਾਮ ਲਾਏ ਹਨ।
ਅਸਲ ਵਿੱਚ ਇਹ ਅਖੌਤੀ ਸਿੱਖ ਇਤਿਹਾਸਕਾਰ ਅਤੇ ਵਿਦਵਾਨ, ਬਰਤਾਨਵੀ ਸਾਮਰਾਜ ਦੇ ਝੋਲੀ ਚੁੱਕ ਰਾਜਿਆਂ-ਰਜਵਾੜਿਆਂ, ਜਾਗੀਰਦਾਰਾਂ-ਸਰਦਾਰਾਂ ਅਤੇ ਉਹਨਾਂ ਦੇ ਪਾਲਤੂ ਵਿਦਵਾਨਾਂ-ਧਰਮ ਗੁਰੂਆਂ ਦੀ ਹੀ ਪੈਰੋਕਾਰੀ ਕਰ ਰਹੇ ਹਨ, ਜਿਹਨਾਂ ਨੇ ਕੌਮੀ ਮੁਕਤੀ ਲਹਿਰ ਦੌਰਾਨ ਸਿੱਖਾਂ ਨੂੰ ਬਰਤਾਨਵੀ ਸਾਮਰਾਜੀਆਂ ਦੇ 'ਸਾਰਿਆਂ ਨਾਲੋ ਵੱਧ ਵਫ਼ਾਦਾਰ ਤੇ ਸ਼ੁਭਚਿੰਤਕ ਰਾਜ ਭਗਤ' ਬਣਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਜਿਹਨਾਂ ਨੇ ਦੇਸ਼ ਭਗਤਾਂ, ਉਹਨਾਂ ਦੀਆਂ ਜਥੇਬੰਦੀਆਂ ਅਤੇ ਲਹਿਰਾਂ ਵਿਰੁੱਧ ਆਪਣੇ ਕੰਟਰੋਲ ਹੇਠਲੀਆਂ ਧਾਰਮਿਕ ਸੰਸਥਾਵਾਂ ਤੋਂ ਮਤੇ ਪੁਆਏ ਅਤੇ ਲੋਕਾਂ ਦੇ ਕਾਤਲ ਬਦਨਾਮ ਅੰਗਰੇਜ਼ ਅਫਸਰਾਂ ਨੂੰ ਸਨਮਾਨਤ ਕੀਤਾ, ਜਿਹਨਾਂ ਨੇ 1857 ਦੀ ਪਹਿਲੀ ਜੰਗੇ-ਆਜ਼ਾਦੀ ਦੌਰਾਨ ਅੰਗਰੇਜ਼-ਭਗਤੀ ਦਾ ਸਬੂਤ ਦਿੰਦਿਆਂ ਤਿੱਖੇ ਲੋਕ-ਰੋਹ ਦਾ ਸਾਹਮਣਾ ਕਰ ਰਹੇ ਸਾਮਰਾਜੀ ਹਾਕਮਾਂ ਨੂੰ ਨਾ ਸਿਰਫ ਇਖਲਾਕੀ ਅਤੇ ਆਰਥਿਕ ਮੱਦਦ ਦਿੱਤੀ ਸਗੋਂ ਬਾਗੀ ਫੌਜੀਆਂ ਨੂੰ ਸ਼ਹੀਦ ਕਰਨ ਲਈ ਆਪਣੀਆਂ ਹਥਿਆਰਬੰਦ ਟੁਕੜੀਆਂ ਵੀ ਭੇਜੀਆਂ। ਇਹ ਝੋਲੀ-ਚੁੱਕੀ ਕਰਨ ਪਿੱਛੇ ਉਹਨਾਂ ਦਾ ਮਕਸਦ ਆਪਣੀਆਂ ਰਿਆਸਤਾਂ, ਜਾਗੀਰਾਂ, ਭੋਗ-ਵਿਲਾਸ ਅਤੇ ਐਸ਼ੋ-ਆਰਾਮ ਦੇ ਸਾਧਨਾਂ ਨੂੰ ਸੁਰੱਖਿਅਤ ਕਰਨਾ, ਕਿਸਾਨਾਂ-ਮਜ਼ਦੂਰਾਂ ਦੀ ਲੁੱਟ ਅਤੇ ਜਬਰ ਦਾ ਹੱਕ ਬਰਕਰਾਰ ਰੱਖਣਾ ਅਤੇ ਉੱਚ ਰੁਤਬੇ ਰਾਹੀਂ ਸਮਾਜ ਵਿੱਚ ਆਪਣੀ ਦਬਸ਼ ਬਣਾਈ ਰੱਖਣਾ ਸੀ।
ਇਸ ਨਾਪਾਕ ਕੰਮ 'ਚ ਸਿਰਫ ਸਿੱਖ ਰਾਜੇ-ਰਜਵਾੜੇ ਤੇ ਜਾਗੀਰਦਾਰ ਹੀ ਨਹੀਂ ਸਗੋਂ ਹਿੰਦੂ ਅਤੇ ਮੁਸਲਮਾਨਾਂ ਦੇ ਅਜਿਹੇ ਹਿੱਸੇ ਵੀ ਸ਼ਾਮਲ ਸਨ। ਭਾਰਤੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਲਾਹਾ ਲੈਣ ਲਈ ਇਹ ਸਾਰੇ ਬਰਤਾਨਵੀ ਸਾਮਰਾਜ ਦੇ ਵਧਾਰੇ-ਪਸਾਰੇ ਨੂੰ 'ਰੱਬੀ-ਰਜ਼ਾ' ਜਾਂ 'ਦੈਵੀ-ਇੱਛਾ' ਵਜੋਂ ਪੇਸ਼ ਕਰਦੇ ਸਨ, ਉਸਦੀਆਂ ਬਰਕਤਾਂ ਅਤੇ ਤਾਰੀਫਾਂ ਦੇ ਪੁਲ ਬੰਨ੍ਹਦੇ ਸਨ ਅਤੇ ਲੋਕਾਂ ਨੂੰ ਸਾਮਰਾਜ-ਭਗਤੀ ਦੀ ਖੁਮਾਰੀ 'ਚ ਮਦਹੋਸ਼ ਕਰਨ ਦੀਆਂ ਸਿਰ ਤੋੜ ਕੋਸ਼ਿਸ਼ਾਂ ਕਰਦੇ ਸਨ। ਉੜੀਸਾ ਅਤੇ ਪੰਜਾਬ ਇਸ ਦੀਆਂ ਉੱਘੜਵੀਆਂ ਮਿਸਾਲਾਂ ਹਨ।
''ਦੈਵੀ-ਇੱਛਾ'' ਦੇ ਬਹਾਨੇ ਹੇਠ ਸਾਰਾ ਉੜੀਸਾ ਈਸਟ ਇੰਡੀਆ ਕੰਪਨੀ ਨੂੰ ਪਰੋਸਿਆ
3 ਸਤੰਬਰ 1803 ਨੂੰ ਲਾਰਡ ਵੈਲਜ਼ਲੀ ਦੇ ਹੁਕਮਾਂ 'ਤੇ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਨੇ ਲੈਫਟੀਨੈਂਟ ਕਰਨਲ ਕੈਂਪਬੈੱਲ ਦੀ ਕਮਾਨ ਹੇਠ ਉੜੀਸਾ ਦੇ ਸੂਬੇ 'ਤੇ ਚੜ੍ਹਾਈ ਕਰ ਦਿੱਤੀ। ਉੱਥੋਂ ਦੇ ਮਰਾਠੇ ਰਾਜੇ ਬਿਨਾਂ ਲੜਿਆਂ ਹੀ ਗੋਡੇ ਟੇਕ ਗਏ। ਅੰਗਰੇਜ਼ਾਂ ਨੇ ਜਗਨਨਾਥ ਪੁਰੀ ਸ਼ਹਿਰ ਅਤੇ ਮੰਦਰ ਤੋਂ ਬਿਨਾਂ ਸਾਰੇ ਇਲਾਕੇ 'ਤੇ ਕਬਜ਼ਾ ਕਰ ਲਿਆ। ਜਦੋਂ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਪੁਰੀ ਸ਼ਹਿਰ ਕੋਲ ਆਰਾਮ ਕਰ ਰਹੀਆਂ ਸਨ ਤਾਂ ਇੱਕ ''ਹੈਰਾਨੀਜਨਕ ਕੌਤਕ'' ਵਾਪਰਿਆ। ਜਗਨਨਾਥ ਪੁਰੀ ਮੰਦਰ ਦੇ ਪੰਡਿਆਂ ਦਾ ਇੱਕ ਵਫ਼ਦ ਬਰਤਾਨਵੀ ਜਰਨੈਲ ਦੇ ਕੈਂਪ ਵਿੱਚ ਪਹੁੰਚਿਆ, ਉਸ ਨੂੰ ਭਗਵਾਨ ਜਗਨਨਾਥ ਦੀ ਦੈਵੀ-ਇੱਛਾ ਦੇ ਸਨਮੁੱਖ, ਮੰਦਰ ਦਾ ਕੰਟਰੋਲ ਕੰਪਨੀ ਦੇ ਹੱਥਾਂ ਵਿੱਚ ਲੈ ਲੈਣ ਦੀ ਬੇਨਤੀ ਕੀਤੀ। ਇਸ 'ਦੈਵੀ-ਇੱਛਾ' 'ਤੇ ਫੁੱਲ ਚੜ੍ਹਾਉਂਦਿਆਂ ਕੈਂਪਬੈੱਲ ਦੀ ਅਗਵਾਈ ਵਿੱਚ ਕੰਪਨੀ ਦੀਆਂ ਫੌਜਾਂ ਨੇ 18 ਸਿਤੰਬਰ 1803 ਨੂੰ ਪੁਰੀ ਸ਼ਹਿਰ ਅਤੇ ਮੰਦਰ 'ਤੇ ਕਬਜ਼ਾ ਕਰ ਲਿਆ।
ਅਸਲ 'ਚ 'ਦੈਵੀ-ਇੱਛਾ' ਦੇ ਪਰਦੇ ਹੇਠ ਉੜੀਸਾ 'ਤੇ ਕਬਜ਼ਾ ਕਰਨ ਦੀ ਸਾਜਿਸ਼ ਲਾਰਡ ਵੈਲਜਲੀ ਅਤੇ ਪੰਡਿਆਂ ਵੱਲੋਂ ਬਹੁਤ ਪਹਿਲਾਂ ਰਚੀ ਜਾ ਚੁੱਕੀ ਸੀ। ਇਸ ਫੌਜੀ ਮੁਹਿੰਮ ਦੀ ਤਿਆਰੀ ਦੌਰਾਨ 3 ਅਗਸਤ 1803 ਨੂੰ ਲਾਰਡ ਵੈਲਜ਼ਲੀ ਨੇ ਆਪਣੇ ਫੌਜੀ ਕਮਾਂਡਰਾਂ ਨੂੰ ਪੰਡਿਆਂ ਦੇ ਹਿੱਤਾਂ ਦਾ ਪੂਰਾ ਖਿਆਲ ਰੱਖਣ ਲਈ ਲਿਖਤੀ ਹੁਕਮ ਜਾਰੀ ਕੀਤੇ ਸਨ। ਇਹਨਾਂ ਹੁਕਮਾਂ ਵਿੱਚ ਕਿਹਾ ਗਿਆ ਸੀ ਕਿ ਤੀਰਥ ਯਾਤਰੀਆਂ 'ਤੇ ਲਾਏ ਟੈਕਸਾਂ ਤੋਂ ਉਹਨਾਂ ਨੂੰ ਭਾਰੀ ਲਾਭ ਹੁੰਦਾ ਹੈ, ਇਸ ਲਈ ਇਹਨਾਂ ਟੈਕਸਾਂ ਦੀ ਉਗਰਾਹੀ ਦਾ ਪ੍ਰਚੱਲਤ ਪ੍ਰਬੰਧ ਨਾ ਬਦਲਿਆ ਜਾਵੇ। ਪੰਡਿਆਂ ਨੂੰ ਸੁਰੱਖਿਆ ਗਾਰਡ ਦਿੱਤੇ ਜਾਣ ਤਾਂ ਜੋ ਉਹ ਜਾਤ-ਪਾਤੀ ਤੁਅੱਸਬਾਂ ਅਤੇ ਵਿਤਕਰਿਆਂ 'ਤੇ ਆਧਾਰਤ ਆਪਣੇ ਧਾਰਮਿਕ ਰੀਤੀ-ਰਿਵਾਜ ਬੇਖੌਫ਼ ਜਾਰੀ ਰੱਖ ਸਕਣ, ਉਹਨਾਂ ਦੀ ਆਗਿਆ ਤੋਂ ਬਿਨਾਂ ਕੋਈ ਵੀ ਵਿਅਕਤੀ ਮੰਦਰ ਵਿੱਚ ਦਾਖਲ ਨਾ ਹੋ ਸਕੇ, ਪੰਡਿਆਂ ਦੀ ਆਮਦਨ 'ਚ ਕੋਈ ਕਟੌਤੀ ਨਾ ਕੀਤੀ ਜਾਵੇ ਅਤੇ ਉਹਨਾਂ ਤੋਂ ਕੋਈ ਨਵਾਂ ਟੈਕਸ ਜਾਂ ਮਾਲੀਆ ਨਾ ਉਗਰਾਹਿਆ ਜਾਵੇ।
ਇਸ 'ਦੈਵੀ ਸਾਜਿਸ਼' ਤਹਿਤ ਜਿੱਥੇ ਈਸਟ ਇੰਡੀਆ ਕੰਪਨੀ ਨੇ ਉੜੀਸਾ 'ਤੇ ਆਪਣਾ ਕਬਜ਼ਾ ਜਮਾ ਲਿਆ, ਉੱਥੇ ਪੱਛਮ ਦੇ ਵਪਾਰੀਆਂ ਅਤੇ ਪੂਰਬ ਦੇ ਧਰਮ ਗੁਰੂਆਂ ਦੇ ਸ਼ੈਤਾਨੀ ਦਿਮਾਗਾਂ ਨੇ ਮਿਲ ਕੇ ਧਰਮ ਨੂੰ ਚੋਖੀ ਕਮਾਈ ਅਤੇ ਸਮਾਜਿਕ ਵਿਤਕਰੇਬਾਜ਼ੀ ਦਾ ਸਾਧਨ ਬਣਾ ਲਿਆ। ਈਸਟ ਇੰਡੀਆ ਕੰਪਨੀ ਨੇ ਰੈਗੂਲੇਸ਼ਨ ਨੰ. 6 ਤਹਿਤ ਤੀਰਥ ਯਾਤਰੀਆਂ 'ਤੇ 2 ਰੁਪਏ ਤੋਂ 10 ਰੁਪਏ ਤੱਕ ਦਾ ਟੈਕਸ ਲਾਇਆ, ਜਿਸ ਨਾਲ ਸਾਰੇ ਖਰਚੇ ਕੱਢ ਕੇ ਕੰਪਨੀ 61,101 ਰੁਪਏ ਸਾਲਾਨਾ ਮੁਨਾਫਾ ਹੁੰਦਾ ਸੀ। ਮੁਗਲ ਬਾਦਸ਼ਾਹਾਂ ਵੱਲੋਂ ਲਾਏ ਜਜ਼ੀਏ ਨੂੰ ਹਿੰਦੂ-ਵਿਰੋਧੀ ਦੱਸ ਕੇ ਨੁਕਤਾਚੀਨੀ ਕਰਨ ਵਾਲੇ ਧਰਮ-ਗੁਰੂ, ਅੰਗਰੇਜ਼ਾਂ ਦੇ ਇਸ ਜਜ਼ੀਏ ਖਿਲਾਫ ਕਦੇ ਇੱਕ ਸ਼ਬਦ ਵੀ ਨਹੀਂ ਬੋਲੇ।
ਅੰਗਰੇਜ਼-ਭਗਤੀ ਦਾ ਜਜ਼ਬਾ ਭਰਨ ਲਈ-ਝੂਠੀਆਂ ਸਾਖੀਆਂ ਘੜੀਆਂ
ਪੰਜਾਬ ਵਿੱਚ ਇੱਥੋਂ ਦੇ ਸਿੱਖ ਰਾਜੇ-ਰਜਵਾੜੇ, ਜਾਗੀਰਦਾਰ ਅਤੇ ਉਹਨਾਂ ਦੇ ਦਰਬਾਰੀ ਧਰਮ ਗੁਰੂ ਅਤੇ ਵਿਦਵਾਨਾਂ ਨੇ ਸਾਧਾਰਨ ਸਿੱਖਾਂ ਨੂੰ ਅੰਗਰੇਜ਼ਾਂ ਦੇ ਪੱਕੇ ਵਫਾਦਾਰ ਬਣਾਉਣ ਲਈ ਝੂਠੀਆਂ ਸਾਖੀਆਂ ਘੜੀਆਂ। ਇਹਨਾਂ ਸਾਖੀਆਂ ਵਿੱਚ ਅੰਗਰੇਜ਼ਾਂ ਨੂੰ 'ਟੋਪੀ ਵਾਲੇ ਸਿੱਖ' ਦੱਸ ਕੇ ਉਹਨਾਂ ਨੂੰ ਸਿੱਖ ਗੁਰੂਆਂ ਦੀਆਂ ਭਵਿੱਖਬਾਣੀਆਂ ਅਨੁਸਾਰ ਮੁਗਲ ਸਲਤਨਤ ਦਾ ਸਫਾਇਆ ਕਰਨ ਲਈ ਭਾਰਤ ਵਿੱਚ ਆਏ ਦੱਸਿਆ ਗਿਆ। ਇਸ ਮਕਸਦ ਲਈ ਸਿੱਖ ਧਰਮ ਅਤੇ ਇਤਿਹਾਸ ਦੀ ਇੱਕ ਵਿਸ਼ੇਸ਼ ਨਜ਼ਰੀਏ ਤੋਂ ਪੇਸ਼ਕਾਰੀ ਕੀਤੀ ਗਈ, ਜਿਸ ਦਾ ਤੱਥਾਂ ਨਾਲ ਦੂਰ ਦਾ ਵੀ ਵਸਾਤਾ ਨਹੀਂ ਸੀ।
ਮੈਕਸ ਆਰਥਰ ਮੈਕਾਲਿਫ ਦੀ ਕਿਤਾਬ 'ਸਿੱਖ ਇਤਿਹਾਸ' ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਸੀ। ਮੈਕਾਲਿਫ ਇੱਕ ਅੰਗਰੇਜ਼ ਅਫਸਰ ਸੀ, ਜੋ ਗੁਜਰਾਤ ਵਿੱਚ ਡਿਪਟੀ ਕਮਿਸ਼ਨਰ ਦੇ ਅਹੁਦੇ 'ਤੇ ਤਾਇਨਾਤ ਸੀ। ਉਸਨੇ ਸਿੱਖ ਧਰਮ ਗ੍ਰਹਿਣ ਕਰ ਲਿਆ ਅਤੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਨਾਭੇ ਦੇ ਮਹਾਰਾਜੇ ਹੀਰਾ ਸਿੰਘ ਨੇ ਉਸ ਨੂੰ ਸਿੱਖ ਧਰਮ ਬਾਰੇ ਪੜ੍ਹਾਉਣ ਲਈ ਭਾਈ ਕਾਹਨ ਸਿੰਘ ਨਾਭਾ- ਜੋ ਉਦੋਂ ਦਾ ਉੱਘਾ ਸਿੱਖ ਵਿਦਵਾਨ ਸੀ, ਨੂੰ ਨਿਯੁਕਤ ਕੀਤਾ। ਮੈਕਾਲਿਫ ਨੇ ਗੁਰਬਾਣੀ ਦਾ ਅੰਗਰੇਜ਼ੀ ਵਿੱਚ ਉਲੰਥਾ ਕੀਤਾ ਅਤੇ 'ਸਿੱਖ ਇਤਿਹਾਸ' ਨਾਂ ਦੀ ਪੁਸਤਕ ਲਿਖੀ। ਇਸ ਕੰਮ ਵਿੱਚ ਨਾਭਾ, ਪਟਿਆਲਾ, ਜੀਂਦ ਅਤੇ ਛਛਰੌਲੀ ਦੇ ਰਾਜਿਆਂ, ਬੜੌਦਾ ਦੇ ਗਾਇਕਵਾੜ, ਭਾਈ ਕਾਹਨ ਸਿੰਘ ਨਾਭਾ, ਸਿੰਘ ਸਭਾ ਅਤੇ ਹੋਰ ਬਹੁਤ ਸਾਰੇ ਰਾਜਿਆਂ, ਮਹਾਰਾਜਿਆਂ, ਸਰਦਾਰਾਂ ਅਤੇ ਖਾਲਸਾ ਪੰਥ ਦੇ ਵਿਦਵਾਨਾਂ ਨੇ ਕਈ ਤਰ੍ਹਾਂ ਨਾਲ ਸਹਿਯੋਗ ਦਿੱਤਾ। ਛਪਣ ਤੋਂ ਪਹਿਲਾਂ ਇਸ ਕਿਤਾਬ ਦੇ ਖਰੜੇ ਨੂੰ ਪ੍ਰਵਾਨਗੀ ਦਿੱਤੀ ਅਤੇ ਟਿੱਪਣੀਆਂ ਕੀਤੀਆਂ।
'ਸਿੱਖ ਇਤਿਹਾਸ' ਦੀ ਆਦਿਕਾ ਵਿੱਚ ਮੈਕਾਲਿਫ ਲਿਖਦਾ ਹੈ, ''ਸਰਕਾਰ ਨੂੰ ਸਿੱਖ ਧਰਮ ਤੋਂ ਬਹੁਤ ਫਾਇਦੇ ਹਨ, ਜਿਹਨਾਂ ਵਿੱਚੋਂ ਮੈਂ ਕੁੱਝ ਇੱਕ ਹੇਠਾਂ ਦਰਜ਼ ਕਰਦਾ ਹਾਂ......... ਸਿੱਖਾਂ ਦੀਆਂ ਨਾੜਾਂ ਵਿੱਚ ਹਮੇਸ਼ਾਂ ਆਪਣੇ ਮਾਲਕ ਦੀ ਰਾਜ-ਭਗਤੀ ਅਤੇ ਵਫਾਦਾਰੀ ਦਾ ਸ਼ੁੱਧ ਲਹੂ ਹਰ ਵੇਲੇ ਠਾਠਾਂ ਮਾਰਦਾ ਰਹਿੰਦਾ ਹੈ। ਆਪਣੇ ਮਾਲਿਕ ਲਈ ਲੜਦਿਆਂ ਜੇ ਸਰੀਰ ਟੋਟੇ ਟੋਟੇ ਵੀ ਹੋ ਜਾਵੇ ਤਾਂ ਸੱਚਾ ਸਿੱਖ ਪ੍ਰਵਾਹ ਨਹੀਂ ਕਰਦਾ। ........ਸਿੱਖ ਇੱਕ ਵਾਰੀ ਜਿਸ ਨੂੰ ਆਪਣਾ ਮਾਲਿਕ ਮੰਨ ਲਵੇ ਫੇਰ ਉਸਦੇ ਪ੍ਰਤਾਪ ਨੂੰ ਕਾਇਮ ਕਰਨ ਲਈ ਆਪਣਾ ਸਿਰ, ਸਰੀਰ ਅਤੇ ਹੋਰ ਹਰ ਇੱਕ ਪਿਆਰੀ ਵਸਤੂ ਨਿਛਾਵਰ ਕਰ ਦਿੰਦਾ ਹੈ। ਜਿਸ ਸਮੇਂ ਸਰਕਾਰ ਕਿਸੇ ਸਿੱਖ ਨੂੰ ਵੈਰੀਆਂ ਨਾਲ ਲੜਨ ਲਈ ਵੰਗਾਰੇ, ਵੈਰੀ ਭਾਵੇਂ ਕਿਤਨੇ ਹੀ ਜ਼ੋਰਾਵਰ ਕਿਉਂ ਨਾ ਹੋਣ, ਜੇ ਕੋਈ ਸਿੱਖ ਮਾਲਕ ਦੀ ਆਗਿਆ ਮੰਨਣ ਵਿੱਚ ਢਿੱਲ-ਮੱਠ ਕਰੇਗਾ ਜਾਂ ਕਿਸੇ ਲਾਲਚ ਦੀ ਆਸ ਰੱਖ ਕੇ ਲੜਨ ਜਾਵੇਗਾ ਤਾਂ ਗੁਰੂ ਜੀ ਉਸ ਨੂੰ ਬਹੁਤ ਬੁਰਾ ਕਹਿਣਗੇ।''
ਸਿੱਖ ਫੌਜੀਆਂ ਦੇ ਮਨਾਂ 'ਚੋਂ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਦੇ ਵਿਚਾਰਾਂ ਦੀ ਮੁਕੰਮਲ ਸੰਘੀ ਘੁੱਟਣ ਲਈ ਉਹਨਾਂ ਨੂੰ ਗੁਰੂਆਂ ਦੀ ਕਰੋਪੀ ਦਾ ਡਰ ਵਿਖਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ ਗੁੰਮਰਾਹ ਕਰਨ ਲਈ ਮੈਕਾਲਿਫ ਨੇ ਆਪਣੀ ਕਿਤਾਬ ਦੀ ਆਦਿਕ ਦੇ ਸਫਾ ਨੰ. 31 'ਤੇ ਲਿਖਿਆ:
''ਰਾਜਨੀਤਕ ਪੱਖ ਤੋਂ ਹਰ ਦਸ਼ਾ ਵਿੱਚ ਇਹ ਜ਼ਰੂਰੀ ਮਾਲੂਮ ਹੁੰਦਾ ਹੈ ਕਿ ਸਿੱਖ ਫੌਜੀਆਂ ਦੇ ਸਨਮੁੱਖ ਗੁਰੂ ਸਾਹਿਬਾਨ ਦੀਆਂ ਉਹ ਭਵਿੱਖ ਬਾਣੀਆਂ ਰੱਖੀਆਂ ਜਾਣ ਜੋ ਅੰਗਰੇਜ਼ਾਂ ਦੇ ਹੱਕ ਵਿੱਚ ਜਾਂਦੀਆਂ ਹਨ ਤੇ ਬਾਣੀ ਦੀਆਂ ਉਹ ਤੁਕਾਂ ਦਰਸਾਈਆਂ ਜਾਣ, ਜਿਹਨਾਂ ਨਾਲ ਉਹਨਾਂ ਦੀ ਰਾਜ ਪ੍ਰਤੀ ਵਫ਼ਾਦਾਰੀ ਪਕੇਰੀ ਹੋਵੇ।''
ਕਿਉਂਕਿ ਸਿੱਖ ਗੁਰੂਆਂ ਦੀ ਅਜਿਹੀ ਕੋਈ ਭਵਿੱਖਬਾਣੀ ਮੌਜੂਦ ਨਹੀਂ ਸੀ ਜੋ ਅੰਗਰੇਜ਼ਾਂ ਦੇ ਹੱਕ ਵਿੱਚ ਜਾਂਦੀ ਹੋਵੇ, ਇਸ ਲਈ ਅੰਗਰੇਜ਼ ਭਗਤ ਸਿੱਖ ਵਿਦਵਾਨਾਂ ਨੇ ਮੈਕਾਲਿਫ ਨਾਲ ਮਿਲ ਕੇ ਝੂਠੀਆਂ ਸਾਖੀਆਂ ਘੜੀਆਂ। ਕਿਤਾਬ ਦੀ ਆਦਿਕਾ ਦੇ ਪੰਨਾ ਨੰ. 28 'ਤੇ ਅਜਿਹੀਆਂ ਦੋ ਬਿਲਕੁੱਲ ਝੂਠੀਆਂ ਸਾਖੀਆਂ ਇਸ ਤਰ੍ਹਾਂ ਦਰਜ਼ ਹਨ:
''ਇੱਕ ਵਾਰੀ ਗੁਰੂ ਤੇਗ ਬਹਾਦਰ ਜੇਲ੍ਹ ਦੀ ਸਭ ਤੋਂ ਉਤਲੀ ਛੱਤ ਉੱਤੇ ਖੜ੍ਹੇ ਹੋਏ ਸਨ ਤੇ ਔਰੰਗਜ਼ੇਬ ਨੇ ਸਮਝਿਆ ਕਿ ਗੁਰੂ ਜੀ ਦੱਖਣ ਵੱਲ ਮੇਰੇ ਮਹਿਲਾਂ ਨੂੰ ਦੇਖ ਰਹੇ ਹਨ। ਦੂਜੇ ਦਿਨ ਗੁਰੂ ਜੀ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਪੂਰਬੀ ਨਿਯਮਾਂ ਤੇ ਸ਼ਿਸ਼ਟਾਚਾਰ ਵਿਰੁੱਧ ਇੱਕ ਵੱਡਾ ਦੋਸ਼ ਕੀਤਾ ਹੈ। ਗੁਰੂ ਜੀ ਨੇ ਜਵਾਬ ਦਿੱਤਾ, ''ਐ ਸ਼ਾਹ ਔਰੰਗਜ਼ੇਬ! ਮੈਂ ਜੇਲ੍ਹ ਦੀ ਉਪਰਲੀ ਛੱਤ 'ਤੇ ਖੜ੍ਹਾ ਜ਼ਰੂਰ ਸੀ ਪਰ ਮੈਂ ਤੇਰੀਆਂ ਬੇਗਮਾਂ ਜਾਂ ਤੇਰੇ ਮਹਿਲਾਂ ਨੂੰ ਨਹੀਂ ਸੀ ਦੇਖ ਰਿਹਾ, ਮੈਂ ਤਾਂ ਉਹਨਾਂ ਯੂਰਪੀਨਾਂ ਨੂੰ ਦੇਖ ਰਿਹਾ ਸੀ, ਜਿਹੜੇ ਸੱਤ ਸਮੁੰਦਰ ਪਾਰੋਂ ਆ ਰਹੇ ਹਨ ਤੇ ਜੋ ਆ ਕੇ ਤੇਰੇ ਪਰਦੇ ਪਾੜਨਗੇ ਤੇ ਤੇਰੇ ਰਾਜ ਦਾ ਨਾਸ਼ ਕਰਨਗੇ।'' ਇਤਿਹਾਸ ਦੇ ਸਿੱਖ ਲੇਖਕਾਂ ਨੇ ਲਿਖਿਆ ਹੈ ਕਿ ਅਠਾਰਾਂ ਸੌ ਸਤਵੰਜਾ ਦੇ ਗ਼ਦਰ ਸਮੇਂ, ਜਰਨੈਲ ਜਾਨ ਨਿਕਲਸਨ ਦੇ ਅਧੀਨ ਫੌਜੀ ਬਾਗੀਆਂ ਵਿਰੁੱਧ, ਸਿੱਖ, ਗੁਰੂ ਤੇਗ ਬਹਾਦਰ ਦੇ ਇਹਨਾਂ ਹੀ ਸ਼ਬਦਾਂ ਦੇ ਨਾਅਰੇ ਲਾ ਰਹੇ ਸਨ। ਅਖੀਰ ਯੂਰਪੀਨਾਂ ਦੀ ਜਿੱਤ ਹੋਈ ਅਤੇ ਗੁਰੂ ਜੀ ਦੇ ਆਖੇ ਵਾਕ ਪੂਰੇ ਹੋਏ।''
ਦੂਜੀ ਝੂਠੀ ਸਾਖੀ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਘੜੀ ਗਈ ਹੈ। ਉਪਰੋਕਤ ਪੰਨੇ 'ਤੇ ਹੀ ਮੈਕਾਲਿਫ ਲਿਖਦਾ ਹੈ:
''ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਨੇ ਆਖਿਆ ਕਿ ਅੰਤ ਤੁਰਕਾਂ ਦੀ ਫੌਜ ਸਿੱਖਾਂ ਨੂੰ ਆ ਕੇ ਦਬੋਚ ਲਵੇਗੀ ਤਾਂ ਗੁਰੂ ਜੀ ਨੇ ਜਵਾਬ ਦਿੱਤਾ, ''ਹੋਣਾ ਓਹੀਓ ਜੋ ਵਾਹਿਗੁਰੂ ਨੂੰ ਮਨਜੂਰ। ਪਰ ਜੇ ਤੁਰਕਾਂ ਦੀ ਫੌਜ ਆਵੇਗੀ ਤਾਂ ਆਵੇ। ਸਾਡੇ ਸਿੱਖ ਵੀ ਲੋਹੇ ਨਾਲ ਲੋਹਾ ਖੜਕਾਉਣਗੇ। ਉਸ ਸਮੇਂ ਖਾਲਸਾ ਜਾਗੇਗਾ ਤੇ ਯੁੱਧ ਦੀ ਖੇਡ ਨੂੰ ਜਾਣ ਜਾਵੇਗਾ। ਸ਼ਸ਼ਤਰ ਖੜਕਾਉਂਦਾ ਹੋਇਆ ਖਾਲਸਾ ਅਨੰਦ, ਸਿਮਰਨ ਤੇ ਆਤਮਿਕ ਗਿਆਨ ਦਾ ਸਾਂਝੀਵਾਲ ਹੋਵੇਗਾ। ਉਸੇ ਸਮੇਂ ਅੰਗਰੇਜ਼ ਆ ਜਾਣਗੇ ਅਤੇ ਖਾਲਸੇ ਦੇ ਸਹਿਯੋਗ ਨਾਲ ਪੂਰਬ ਤੇ ਪੱਛਮ ਵਿੱਚ ਰਾਜ ਚਲਾਉਣਗੇ। ਅੰਗਰੇਜ਼ਾਂ ਦੀ ਸ਼ਕਤੀ ਵਧ ਜਾਵੇਗੀ ਤੇ ਉਹ ਸੈਨਿਕ ਬਲ ਆਸਰੇ ਬਹੁਤ ਸਾਰੇ ਪ੍ਰਾਂਤਾਂ ਨੂੰ ਕਬਜ਼ੇ ਵਿੱਚ ਲੈ ਲੈਣਗੇ। ਸਿੱਖਾਂ ਤੇ ਅੰਗਰੇਜ਼ਾਂ ਦੇ ਸਹਿਯੋਗ ਨਾਲ ਬਣੀ ਸਾਂਝੀ ਸੈਨਾ ਬਹੁਤ ਸ਼ਕਤੀਸ਼ਾਲੀ ਤੇ ਤੇਜ ਪ੍ਰਤਾਪ ਵਾਲੀ ਹੋਵੇਗੀ। ਜਦ ਤੱਕ ਦੋਵੇਂ ਪ੍ਰਸਪਰ ਸਹਿਯੋਗ ਨਾਲ ਕੰਮ ਕਰਦੇ ਰਹਿਣਗੇ, ਅੰਗਰੇਜ਼ੀ ਰਾਜ ਬਹੁਤ ਦੂਰ ਦੂਰ ਤੱਕ ਫੈਲਦਾ ਜਾਵੇਗਾ ਅਤੇ ਇਹ ਹਰ ਤਰ੍ਹਾਂ ਨਾਲ ਪ੍ਰਫੁੱਲਤ ਹੋਣਗੇ। ਜਿਸ ਜਗ੍ਹਾ ਵੀ ਇਹਨਾਂ ਦੀ ਫੌਜ ਜਾਵੇਗੀ ਜਿੱਤ ਹੋਵੇਗੀ ਅਤੇ ਇਹ ਆਪਣੇ ਮਿੱਤਰਾਂ ਨੂੰ ਰਾਜ ਗੱਦੀਆਂ ਦੇਣਗੇ। ਉਦੋਂ ਹਰ ਇੱਕ ਘਰ ਵਿੱਚ ਧਨ, ਧਰਮ, ਵਿਦਿਆ, ਸੁੱਖ ਤੇ ਪ੍ਰਸੰਨਤਾ ਵਾਸ ਕਰੇਗੀ।''
ਕਲੰਕਤ ਇਤਿਹਾਸ ਦੇ ਰਚਨਹਾਰ
ਮੁੜ ਸਰਗਰਮ ਹਨ
ਸਾਮਰਾਜ ਭਗਤੀ ਦਾ ਉਪਰੋਕਤ ਕਲੰਕਤ ਇਤਿਹਾਸ ਰਚਣ ਵਾਲੇ ਹੁਣ ਫਿਰ ਸਰਗਰਮ ਹਨ। ਅਜਨਾਲਾ ਦੇ ਸ਼ਹੀਦਾਂ 'ਤੇ ਨਿਰਮੂਲ ਊਂਜਾਂ ਲਾ ਕੇ ਅਸਲ ਵਿੱਚ ਉਹ ਦੇਸ਼-ਧਰੋਹੀ ਅਤੇ ਲੋਕ-ਧਰੋਹੀ ਰਾਜਿਆਂ-ਰਜਵਾੜਿਆਂ ਤੇ ਜਾਗੀਰਦਾਰਾਂ ਦੇ ਕਲੰਕਤ ਰੋਲ 'ਤੇ ਪਰਦਾ ਪਾਉਣਾ ਚਾਹੁੰਦੇ ਹਨ। ਲੋਕਾਂ ਵਿੱਚ ਫਿਰਕੂ ਵੰਡੀਆਂ ਪਾਉਣਾ ਚਾਹੁੰਦੇ ਹਨ। ਸਾਮਰਾਜੀ ਲੁੱਟ ਦੇ ਖਿਲਾਫ ਸਾਂਝੀ ਲੜਾਈ ਦੇ ਜੜ੍ਹੀਂ ਤੇਲ ਦੇਣਾ ਚਾਹੁੰਦੇ ਹਨ। ਅਜਨਾਲੇ ਦੇ ਸ਼ਹੀਦਾਂ ਵਿਰੁੱਧ ਇਨ੍ਹਾਂ ਦੀ ਇੱਕ ਬੇਹੂਦਾ ਦਲੀਲ ਇਹ ਹੈ ਕਿ 'ਪੂਰਬੀਏ ਫੌਜੀਆਂ ਨੇ ਸਭਰਾਵਾਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੀ ਕਮਾਨ ਹੇਠ ਲੜ ਕੇ ਸਿੱਖ ਰਾਜ ਦਾ ਪਤਨ ਕੀਤਾ।' ਜਿਹਨਾਂ ਅੰਗਰੇਜ਼ ਸਾਮਰਾਜੀਆਂ ਨੇ ਰਾਜ ਖੋਹਿਆ ਉਹਨਾਂ ਨਾਲ ਵਫਾਦਾਰੀਆਂ, ਉਹਨਾਂ ਵਿਰੁੱਧ ਬਗਾਵਤ ਕਰਨ ਵਾਲੇ ਸਿਪਾਹੀਆਂ ਪ੍ਰਤੀ ਨਫਰਤ ਅਤੇ ਦੁਸ਼ਮਣੀ। ਬਰਤਾਨਵੀ ਸਾਮਰਾਜ ਦੀ ਰਾਖੀ ਲਈ ਭਾਰਤੀ ਲੋਕਾਂ ਖਿਲਾਫ ਸਾਰਾਗੜ੍ਹੀ ਵਿੱਚ ਲੜਨ ਵਾਲੇ ਫੌਜੀ 'ਸ਼ਹੀਦ', ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਵੀ ਉਸਾਰਿਆ, ਪਰ ਅੰਗਰੇਜ਼ਾਂ ਖਿਲਾਫ ਮੀਆਂ ਮੀਰ ਦੀ ਛਾਉਣੀ 'ਚੋਂ ਬਗਾਵਤ ਦਾ ਝੰਡਾ ਬੁਲੰਦ ਕਰਕੇ ਸ਼ਹੀਦੀਆਂ ਪਾਉਣ ਵਾਲੇ ਸ਼ਹੀਦ ਨਹੀਂ, ਉਹਨਾਂ ਦੀ ਯਾਦਗਾਰ ਨਹੀਂ ਉਸਾਰੀ ਜਾ ਸਕਦੀ। ਇਤਿਹਾਸ ਦੀ ਅਜਿਹੀ ਇੱਕਪਾਸੜ, ਸਾਮਰਾਜ-ਭਗਤ ਅਤੇ ਫਿਰਕੂ ਪੇਸ਼ਕਾਰੀ ਹੋਰ ਕਿਤੇ ਸ਼ਾਇਦ ਹੀ ਦੇਖਣ ਨੂੰ ਮਿਲੇ। ਇਹ ਤਾਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਵੀ 'ਸ਼ਹੀਦ' ਮੰਨਣ ਲਈ ਤਿਆਰ ਨਹੀਂ।
ਅਜਨਾਲੇ ਦੇ ਸ਼ਹੀਦ ਇਹਨਾਂ ਅਖੌਤੀ ਸਿੱਖ ਇਤਿਹਾਸਕਾਰਾਂ, ਵਿਦਵਾਨਾਂ ਅਤੇ ਧਰਮ ਗੁਰੂਆਂ ਦੀ ਮਾਨਤਾ ਦੇ ਮੁਥਾਜ ਨਹੀਂ ਹਨ। ਉਹ ਪਟਿਆਲੇ ਵਾਲੇ ਰਾਜੇ ਅਮਰਿੰਦਰ ਅਤੇ ਲਕਸ਼ਮੀ ਕਾਂਤਾ ਚਾਵਲਾ ਦੀ ਫਿਰਕੂ ਜ਼ਹਿਨੀਅਤ ਦੀਆਂ ਵਲਗਣਾਂ ਵਿੱਚ ਵੀ ਨਹੀਂ ਬੰਨ੍ਹੇ ਜਾ ਸਕਦੇ। ਅੰਗਰੇਜ਼ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਉਹਨਾਂ ਨੂੰ ਫਾਹੇ ਲਾਉਣ ਲਈ ਲੋੜੀਂਦੇ ਰੱਸੇ ਅਤੇ ਦਰਖਤ ਨਹੀਂ ਜੁਟਾ ਸਕਿਆ। ਸੰਧਾਵਾਲੀਏ ਅਤੇ ਮਜੀਠੀਏ ਜਾਗੀਰਦਾਰਾਂ ਵੱਲੋਂ ਭੇਜੇ ਭਾੜੇ ਦੇ ਟੱਟੂ ਉਹਨਾਂ ਨੂੰ ਗੋਲੀਆਂ ਨਾਲ ਵਿਨ੍ਹਦੇ ਖੁਦ ਹੰਭ ਕੇ ਡਿਗ ਪਏ। ਪਰ ਇਹ ਸ਼ਹੀਦ ਨਾ ਡਰੇ ਨਾ ਘਬਰਾਏ, ਕਾਤਲਾਂ ਤੋਂ ਰਹਿਮ ਦੀ ਭੀਖ ਨਹੀਂ ਮੰਗੀ। ਹੱਸ ਹੱਸ ਸ਼ਹੀਦੀ ਜਾਮ ਪੀ ਗਏ। ਸਾਮਰਾਜੀਆਂ ਦੀਆਂ ਪਿੱਠੂ ਕਾਲੀਆਂ ਤਾਕਤਾਂ ਪਹਿਲਾਂ ਵੀ ਆਪਣੇ ਲੱਖ ਯਤਨਾਂ ਦੇ ਬਾਵਜੂਦ ਲੋਕ ਬਗਾਵਤਾਂ ਨੂੰ ਠੱਲ੍ਹ ਨਹੀਂ ਸਕੇ ਸਨ, ਹੁਣ ਵੀ ਉਹਨਾਂ ਦੇ ਨਾਪਾਕ ਇਰਾਦਿਆਂ ਨੂੰ ਬੂਰ ਨਹੀਂ ਪੈਣ ਲੱਗਾ। ਇਹ ਲੋਕਾਂ ਦੇ ਸ਼ਹੀਦ ਹਨ, ਲੋਕ ਮਨਾਂ ਵਿੱਚ ਵਸੇ ਹਨ, ਲੋਕ ਨਾਇਕ ਹਨ ਅਤੇ ਸਦਾ ਰਹਿਣਗੇ।
No comments:
Post a Comment