Thursday, April 3, 2014

ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਇੱਕ ਖ਼ਤ

23 ਮਾਰਚ 'ਤੇ-

  • ਸ਼ਹੀਦੇ-ਆਜ਼ਮ ਭਗਤ ਸਿੰਘ ਦਾ ਇੱਕ ਖ਼ਤ
(ਇਹ ਖ਼ਤ ਸ਼ਹੀਦ ਭਗਤ ਸਿੰਘ ਵੱਲੋਂ ਮਰਦਾਨ ਸ਼ਹਿਰ ਨਾਲ ਸਬੰਧਤ ਹਰੀਕਿਸ਼ਨ ਨੂੰ ਲਿਖਿਆ ਗਿਆ ਸੀ। ਹਰੀਕਿਸ਼ਨ ਵੱਲੋਂ 23 ਦਸਬੰਰ 1930 ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਦੀ ਕਨਵੋਕੇਸ਼ਨ ਮੌਕੇ ਪੰਜਾਬ ਦੇ ਅੰਗਰੇਜ਼ ਗਵਰਨਰ 'ਤੇ ਗੋਲੀ ਚਲਾ ਕੇ ਉਸ ਨੂੰ ਜਖ਼ਮੀ ਕਰ ਦਿੱਤਾ ਗਿਆ ਸੀ। ਇਸ ਸਬੰਧੀ ਚੱਲੇ ਮੁਕੱਦਮੇ ਵਿੱਚ ਹਰੀਕਿਸ਼ਨ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਇਹ ਖ਼ਤ ਉਸ 'ਤੇ ਚੱਲੇ ਮੁਕੱਦਮੇ ਦੌਰਾਨ ਲਿਖਿਆ ਗਿਆ ਸੀ। ਇਸ ਖ਼ਤ ਦੀ ਇਬਾਰਤ ਭਗਤ ਸਿੰਘ ਦੀ ਖਿੜ ਰਹੀ ਹੋਣਹਾਰ ਇਨਕਲਾਬੀ ਸੂਝ ਦੀ ਇੱਕ ਝਲਕ ਪੇਸ਼ ਕਰਦੀ ਹੈ। ਇਹ ਖ਼ਤ 23 ਮਾਰਚ 2014 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਚਮਨ ਲਾਲ ਦੇ ਨਾਂ ਹੇਠ ਛਪੀ ਇੱਕ ਲਿਖਤ 'ਚੋਂ ਲਿਆ ਗਿਆ ਹੈ। -ਸੰਪਾਦਕ)
ਪਿਆਰੇ ਭਰਾ
ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਸ੍ਰੀ ਹਰੀਕਿਸ਼ਨ ਅਦਾਲਤ ਵਿੱਚ ਸਫ਼ਾਈ ਦੇ ਤੌਰ 'ਤੇ ਉਹੋ ਕਾਰਨ ਪੇਸ਼ ਕਰਨਾ ਚਾਹੁੰਦੇ ਹਨ ਜੋ ਅਸੈਂਬਲੀ ਬੰਬ ਕੇਸ ਵਿੱਚ ਪੇਸ਼ ਕੀਤਾ ਗਿਆ ਸੀ। ਮੈਨੂੰ ਇਸ ਗੱਲ ਤੋਂ ਵੀ ਘੱਟ ਹੈਰਾਨੀ ਨਹੀਂ ਹੋਈ ਕਿ ਸ੍ਰੀ ਆਸਫ਼ ਅਲੀ ਨੂੰ ਦਿੱਲੀ ਤੋਂ ਸ੍ਰੀ ਹਰੀਕਿਸ਼ਨ ਦੀ ਪੈਰਵੀ ਲਈ ਬੁਲਾਇਆ ਗਿਆ ਅਤੇ ਉਨ੍ਹਾਂ ਆਪਣੀ ਫ਼ੀਸ ਵਿੱਚ ਇੱਕ ਵੱਡੀ ਰਕਮ ਤੋਂ ਇਲਾਵਾ ਡਬਲ ਫਸਟ ਕਲਾਸ ਕਿਰਾਇਆ ਵਸੂਲ ਕਰ ਲਿਆ। ਹਾਲਾਂਕਿ ਲਾਹੌਰ ਦਾ ਹੀ ਕੋਈ ਚੰਗਾ ਵਕੀਲ ਇਸ ਤੋਂ ਬਹੁਤ ਘੱਟ ਫ਼ੀਸ ਵਿੱਚ ਰਾਜ਼ੀ ਹੋ ਜਾਂਦਾ। ਪਰ ਇਹ ਖ਼ਤ ਮੈਂ ਦੂਜੀ ਗੱਲ ਤੋਂ ਪ੍ਰੇਰਣਾ ਲੈ ਕੇ ਨਹੀਂ ਸਗੋਂ ਪਹਿਲੀ ਗੱਲ ਨੂੰ ਧਿਆਨ ਵਿੱਚ ਰੱਖ ਕੇ ਲਿਖ ਰਿਹਾ ਹਾਂ। ਸ਼ਾਇਦ ਮੈਨੂੰ ਇੱਕ ਅਜਿਹੇ ਨੌਜਵਾਨ ਦੇ ਮਾਮਲੇ ਵਿੱਚ ਆਪਣੀ ਟੰਗ ਅੜਾਉਣ ਜਾਂ ਦਖਲ ਦੇਣ ਦਾ ਕੋਈ ਹੱਕ ਨਹੀਂ ਜਿਸ ਨੂੰ ਨਿਸ਼ਚਿਤ ਤੌਰ 'ਤੇ ਕਾਨੂੰਨ ਦੀ ਸਭ ਤੋਂ ਵੱਡੀ ਸਜ਼ਾ ਮੌਤ ਦਿੱਤੀ ਜਾਣ ਵਾਲੀ ਹੈ।
ਪਰ ਕਿਉਂਕਿ ਇਹ ਗੱਲ ਲਗਪਗ ਨਿਸ਼ਚਿਤ ਹੀ ਹੈ ਕਿ ਉਸ ਨੂੰ ਫਾਂਸੀ ਦਿੱਤੀ ਜਾਵੇਗੀ, ਇਸ ਲਈ ਮੈਨੂੰ ਇਸ ਗੱਲ ਦੀ ਹਿੰਮਤ ਹੋਈ ਹੈ ਕਿ ਮੈਂ ਮਾਮਲੇ ਵਿੱਚ ਇੱਕ ਸ਼ਖ਼ਸੀਅਤ ਦੇ ਭਵਿੱਖ ਦੇ ਸੁਆਲ ਨੂੰ ਪਰ੍ਹੇ ਰੱਖ ਕੇ ਸ਼ੁੱਧ ਸਿਆਸੀ ਦ੍ਰਿਸ਼ਟੀ ਤੋਂ ਵਿਚਾਰ ਕਰਾਂ। ਇਸ ਵੇਲੇ ਮੈਂ ਇਹ ਖ਼ਤ ਤੁਹਾਨੂੰ ਜ਼ਾਤੀ ਤੌਰ 'ਤੇ ਲਿਖ ਰਿਹਾ ਹਾਂ।
ਹਾਲਾਂਕਿ ਮੈਨੂੰ ਨਿਸ਼ਚਿਤ ਤੌਰ 'ਤੇ ਇਹ ਨਹੀਂ ਪਤਾ ਕਿ ਤੁਸੀਂ ਇਸ ਮਾਮਲੇ ਵਿੱਚ ਕਿੱਥੋਂ ਤਕ ਕੁਝ ਕਰ ਸਕਦੇ ਹੋ। ਮੈਨੂੰ ਇਹ ਉਮੀਦ ਹੈ ਅਤੇ ਮੇਰੀ ਤੁਹਾਨੂੰ ਇਹ ਗੁਜ਼ਾਰਿਸ਼ ਵੀ ਹੈ ਕਿ ਇਸ ਮਾਮਲੇ ਵਿੱਚ ਕੋਈ ਆਖ਼ਰੀ ਫ਼ੈਸਲਾ ਲੈਣ ਤੋਂ ਪਹਿਲਾਂ ਮੇਰੀਆਂ ਗੱਲਾਂ 'ਤੇ ਗੌਰ ਕੀਤਾ ਜਾਵੇਗਾ। ਮਾਮਲੇ ਦੀਆਂ ਘਟਨਾਵਾਂ ਸਪਸ਼ਟ ਹਨ, ਨਤੀਜਾ ਵੀ ਬਿਲਕੁਲ ਸਾਫ਼ ਹੈ। ਮੁਲਜ਼ਮ ਖ਼ੁਦ ਸਭ ਤੋਂ ਵੱਧ ਇਸ ਗੱਲ ਨੂੰ ਸਮਝਦਾ ਹੈ।
ਹੇਠਲੀ ਅਦਾਲਤ ਵਿੱਚ ਵੀ ਉਸ ਨੇ ਆਪਣਾ ਜੁਰਮ ਕਬੂਲ ਕੀਤਾ ਹੈ। ਹੁਣ ਜੇ ਉਹ ਚਾਹੇ ਤਾਂ ਸੈਸ਼ਨ ਕੋਰਟ ਵਿੱਚ ਆਪਣਾ ਬਿਆਨ ਦੇ ਸਕਦਾ ਹੈ ਤੇ ਉਹਨੂੰ ਇਹ ਜ਼ਰੂਰ ਦੇਣਾ ਚਾਹੀਦਾ ਹੈ। ਪਰ ਸਵਾਲ ਇਹ ਹੈ ਕਿ ਬਿਆਨ ਵਿੱਚ ਉਸ ਨੂੰ ਕਹਿਣਾ ਕੀ ਚਾਹੀਦਾ ਹੈ? ਜਿੱਥੋਂ ਤਕ ਮੈਂ ਸੁਣਿਆ ਹੈ ਕਿ ਸਫ਼ਾਈ ਦੇ ਵਕੀਲ ਸਾਹਿਬ ਉਸ ਨੂੰ ਇਹ ਕਹਿਣ ਦੀ ਸਲਾਹ ਦੇ ਰਹੇ ਹਨ:
1. ਉਸ ਦਾ ਗਵਰਨਰ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ।
2. ਉਹ ਉਸ ਨੂੰ ਸਿਰਫ਼ ਜ਼ਖ਼ਮੀ ਕਰਨਾ ਚਾਹੁੰਦਾ ਸੀ।
3. ਅਤੇ ਇਹ ਸਭ ਉਹ ਇੱਕ ਚਿਤਾਵਨੀ ਵਜੋਂ ਕਰਨਾ ਚਾਹੁੰਦਾ ਸੀ।
ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਸਵਾਲ 'ਤੇ ਜ਼ਰਾ ਸ਼ਾਂਤੀ ਨਾਲ ਵਿਚਾਰ ਕਰੋ। ਕੀ ਇਹ ਬਿਆਨ ਦੇਣਾ ਸਿਰਫ਼ ਹਾਸੋਹੀਣਾ ਨਹੀਂ ਹੋਵੇਗਾ? ਇਸ ਮੌਕੇ ਅਜਿਹੇ ਬਿਆਨ ਦੇ ਕੀ ਮਾਅਨੇ ਹੋਣਗੇ? ਕੀ ਇਹ ਉਸੇ ਗੱਲ ਨੂੰ ਇੱਕ ਵਾਰ ਫਿਰ ਦੁਹਰਾਉਣਾ ਹੀ ਨਹੀਂ ਹੋਵੇਗਾ ਜੋ ਇੱਕ ਵੇਰਾਂ ਸਹੀ ਤਰੀਕੇ ਨਾਲ ਦੁਹਰਾਈ ਜਾ ਚੁੱਕੀ ਹੈ, ਅਤੇ ਜਿਸ ਦਾ ਇਸ ਵੇਲੇ ਕੋਈ ਮਤਲਬ ਨਹੀਂ ਹੈ।
ਬਹੁਤ ਦੇਰ ਤਕ ਫ਼ਿਕਰਮੰਦੀ ਨਾਲ ਸੋਚਣ ਉਪਰੰਤ ਮੈਂ ਇਸ ਸਿੱਟੇ 'ਤੇ ਪਹੁੰਚ ਸਕਿਆ ਹਾਂ ਕਿ ਇੱਥੇ ਕੋਈ ਅਜਿਹਾ ਵਿਅਕਤੀ ਨਹੀਂ ਜੋ ਅਜਿਹੀਆਂ ਸੰਪੂਰਨ ਤੌਰ 'ਤੇ ਨਿੱਜੀ ਕੋਸ਼ਿਸ਼ਾਂ ਦੇ ਮਹੱਤਵ ਨੂੰ ਸਮਝ ਸਕੇ ਅਤੇ ਉਸ ਦੀ ਤਾਰੀਫ਼ ਕਰ ਸਕੇ, ਚਾਹੇ ਇਹ ਕੋਸ਼ਿਸ਼ਾਂ ਕਿੰਨੀਆਂ ਵੀ ਖਿੰਡੀਆਂ ਤੇ ਅਜੋੜ ਹੀ ਕਿਉਂ ਨਾ ਹੋਣ। ਕੋਈ ਆਦਮੀ ਇਹ ਕੋਸ਼ਿਸ਼ ਨਹੀਂ ਕਰਦਾ ਕਿ ਅਜਿਹੇ ਹਰ ਮੌਕੇ ਨੂੰ ਲਹਿਰ ਦੀ ਤਾਕਤ ਵਧਾਉਣ ਲਈ ਇਸਤੇਮਾਲ ਕੀਤਾ ਜਾਵੇ। ਸਿਆਸੀ ਮਸਲਿਆਂ ਵਿੱਚ ਇਸੇ ਅੰਤਰਦ੍ਰਿਸ਼ਟੀ ਦੀ ਘਾਟ ਕਰਕੇ ਹੀ ਸਫ਼ਾਈ ਦੇ ਵਕੀਲ ਸਾਹਿਬ ਨੂੰ ਅਜਿਹੀ ਸਲਾਹ ਦੇਣ ਦੀ ਹਿੰਮਤ ਹੋਈ ਹੈ ਜਾਂ ਵਕੀਲ ਨੇ ਆਪਣੀ ਨਿੱਜੀ ਖਾਹਸ਼ਮੰਦੀ ਕਰਕੇ ਅਜਿਹੀ ਗੱਲ ਕਹਾਉਣ ਦੀ ਸੋਚੀ ਹੈ। ਮੇਰਾ ਇਹ ਭਾਵ ਨਹੀਂ ਕਿ ਲੋਕਾਂ ਨੂੰ ਸਫ਼ਾਈ ਪੇਸ਼ ਨਹੀਂ ਕਰਨੀ ਚਾਹੀਦੀ ਸਗੋਂ ਮੈਂ ਇਸ ਤੋਂ ਉਲਟ ਸੋਚਦਾ ਹਾਂ। ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਬਿਨਾਂ ਅਸਲ ਹਾਲਤ ਨੂੰ ਸਮਝੇ ਵਕੀਲ ਲੋਕ ਇਨਕਲਾਬੀਆਂ ਨੂੰ ਭੰਬਲਭੂਸੇ ਵਿੱਚ ਪਾਉਣ ਤੇ ਉਨ੍ਹਾਂ ਵਿੱਚ ਬੇਦਿਲੀ ਪੈਦਾ ਕਰਨ ਲਈ ਕੁੱਦ ਪੈਣ। ਅਸਲ ਵਿੱਚ ਜਨਤਕ ਕੰਮਾਂ ਵਿੱਚ ਹਿੱਸਾ ਲੈਂਦਿਆਂ ਵੀ ਇਨ੍ਹਾਂ ਵਕੀਲਾਂ ਨੇ- ਮੈਂ ਸਿਰਫ਼ ਪੰਜਾਬ ਦੀ ਗੱਲ ਕਰ ਰਿਹਾ ਹਾਂ-ਇਨਕਲਾਬੀ ਵਿਚਾਰ ਸ਼ੈਲੀ ਨੂੰ ਬਿਲਕੁਲ ਨਹੀਂ ਅਪਣਾਇਆ। ਨਾ ਤਾਂ ਉਨ੍ਹਾਂ ਇਨਕਲਾਬੀਆਂ ਦੇ ਦ੍ਰਿਸ਼ਟੀਕੋਣ ਨੂੰ ਸਮਝਿਆ, ਨਾ ਹੀ ਉਨ੍ਹਾਂ ਦੀ ਮਾਨਸਿਕਤਾ ਨੂੰ।
ਸਧਾਰਨੀਕਰਨ ਦੀ ਬਜਾਏ ਮੈਂ ਅਸਲ ਮੁੱਦੇ 'ਤੇ ਆਉਂਦਾ ਹਾਂ। ਇਸ ਮਾਮਲੇ ਵਿੱਚ ਸਿਰਫ਼ ਇਹ ਕਹਿਣਾ ਕਿ ਹਰੀਕਿਸ਼ਨ ਦਾ ਉਦੇਸ਼ ਸਿਰਫ਼ ਚਿਤਾਵਨੀ ਦੇਣਾ ਸੀ, ਬਿਲਕੁਲ ਵੀ ਕਾਫ਼ੀ ਨਹੀਂ। ਤੁਸੀਂ ਇਸ ਗੱਲ 'ਤੇ ਇਸ ਨੁਕਤੇ ਤੋਂ ਵਿਚਾਰ ਕਰੋ ਕਿ ਇਹ ਘਟਨਾ, ਅਸੈਂਬਲੀ ਦੀ ਘਟਨਾ, ਵਾਇਸਰਾਏ ਦੀ ਗੱਡੀ ਉਡਾਉਣ ਦੀ ਕੋਸ਼ਿਸ਼ ਅਤੇ ਚਟਗਾਓਂ ਦੀ ਘਟਨਾ ਅਤੇ ਹੋਰ ਕਿੰਨੀਆਂ ਅਜਿਹੀਆਂ ਘਟਨਾਵਾਂ ਤੋਂ ਬਾਅਦ ਹੋਈ ਹੈ। ਇਹ ਕਹਿਣਾ ਮੂਰਖਤਾ ਹੈ ਕਿ ਮੁਲਜ਼ਮ ਗਵਰਨਰ ਨੂੰ ਸਿਰਫ਼ ਵਿਰੋਧ ਪ੍ਰਗਟ ਕਰਨ ਲਈ ਜ਼ਖ਼ਮੀ ਕਰਨਾ ਚਾਹੁੰਦਾ ਸੀ।
ਉਸ ਲਈ ਜ਼ਿਆਦਾ ਵਾਜਬ ਬਿਆਨ ਇਹ ਹੋਵੇਗਾ:
1. ਤਾਕਤ ਦਾ ਅੰਨ੍ਹਾ ਇਸਤੇਮਾਲ-ਮਿਸਾਲ ਵਜੋਂ ਬੰਬਈ ਵਿੱਚ ਲਾਠੀਚਾਰਜ, ਅੰਮ੍ਰਿਤਸਰ ਲਾਠੀਚਾਰਜ, ਔਰਤਾਂ ਦੀ ਗ੍ਰਿਫ਼ਤਾਰੀ, ਕੁੱਟਮਾਰ, ਰੋਜ਼ ਰੋਜ਼ ਗੋਲੀ ਚਲਾਉਣਾ (ਇੱਥੇ ਲਾਹੌਰ ਸਾਜ਼ਿਸ਼ ਕੇਸ ਦੇ ਟ੍ਰਿਬਿਊਨਲ ਦੀ ਕਾਰਵਾਈ ਅਤੇ ਉਸ ਵਿੱਚੋਂ ਦਿੱਤੀਆਂ ਗਈਆਂ ਫਾਂਸੀਆਂ ਦੀ ਸਜ਼ਾਵਾਂ ਦਾ ਜ਼ਿਕਰ ਕਰਨ ਨਾਲ ਪੂਰੀ ਇਨਕਲਾਬੀ ਲਹਿਰ ਦਾ ਘਟਨਾਵਾਰ ਸਬੰਧ ਇਸ ਖ਼ਾਸ ਘਟਨਾ ਨਾਲ ਜੋੜਿਆ ਜਾ ਸਕਦਾ ਹੈ)। ਇਨ੍ਹਾਂ ਸਾਰੀਆਂ ਗੱਲਾਂ ਨੇ ਉਸ ਨੂੰ ਇਹ ਕੰਮ ਕਰਨ ਲਈ ਪ੍ਰੇਰਿਤ ਕੀਤਾ।
2. ਇਹ ਤਾਂ ਹਾਲੇ ਮਾਮੂਲੀ ਸ਼ੁਰੂਆਤ ਸੀ- ਮੁਲਜ਼ਮ ਨੇ ਤਾਂ ਸਿਰਫ਼ ਪੂਰੀ ਜਨਤਾ ਦੇ ਉਸ ਅਸੰਤੋਖ ਦਾ ਇੱਕ ਇਸ਼ਾਰਾ ਹੀ ਦਿੱਤਾ ਹੈ, ਜੋ ਅਸੰਤੋਖ ਫੁੱਟਣ 'ਤੇ ਪਰਲੋ ਲਿਆ ਦੇਵੇਗਾ।
3. ਸਰਕਾਰ ਦੀ ਇਹ ਨੀਤੀ ਹੈ ਕਿ ਮੁਲਕ ਨੂੰ ਖ਼ੂਨ-ਖਰਾਬੇ ਵੱਲ ਲੈ ਜਾਏ।
4. ਲੋਕ ਕਿਸੇ ਵੇਲੇ ਵੀ ਬੇਚੈਨ ਹੋ ਸਕਦੇ ਹਨ ਅਤੇ ਅਹਿੰਸਾ ਦੀ ਨੀਤੀ ਛੱਡ ਕੇ ਹਿੰਸਾਤਮਕ ਲੜਾਈ ਵੱਲ ਮੁੜ ਸਕਦੇ ਹਨ।
5. ਮੁਲਜ਼ਮ ਇਹ ਨਹੀਂ ਚਾਹੁੰਦਾ ਕਿ ਸਰਕਾਰ ਇਸ ਨੀਤੀ ਨੂੰ ਛੱਡ ਦੇਵੇ ਕਿਉਂਕਿ ਸਰਕਾਰ ਦੀ ਇਹ ਨੀਤੀ ਲੋਕਾਂ ਨੂੰ ਇਸ ਵਿਰੁੱਧ ਖੜ੍ਹਾ ਕਰ ਦੇਵੇਗੀ।
6. ਸਰਕਾਰ ਪਹਿਲਾਂ ਹੀ ਆਮ ਕਾਨੂੰਨ ਦੀ ਪਾਲਣਾ ਕਰਨੀ ਛੱਡ ਚੁੱਕੀ ਹੈ।
7. ਇਨਕਲਾਬੀ ਲਹਿਰ ਦਾ ਉਦੇਸ਼ ਜਨਤਾ ਨੂੰ ਇਹ ਦਿਖਾਉਣਾ ਹੈ ਕਿ ਅੰਗਰੇਜ਼ ਲੋਕ ਇੱਥੇ ਸਿਰਫ਼ ਫ਼ੌਜੀ ਤਾਕਤ ਨਾਲ ਹੀ ਰਾਜ ਕਰਦੇ ਹਨ ਅਤੇ ਇਸ ਤਰ੍ਹਾਂ ਜਨਤਾ ਨੂੰ ਸਿਆਸੀ ਕੋਸ਼ਿਸ਼ ਲਈ ਜਾਗਰੂਕ ਕਰ ਕੇ ਸਰਕਾਰ ਨੂੰ ਉਲਟ ਦਿੱਤਾ ਜਾਵੇ।
ਇਸ ਮਗਰੋਂ ਮੁਲਜ਼ਮ ਸੋਸ਼ਲਿਸਟ ਪ੍ਰੋਗਰਾਮ ਦਾ ਜ਼ਿਕਰ ਕਰ ਸਕਦਾ ਹੈ। ਉਹ ਲਾਹੌਰ ਦੇ ਵਿਦਿਆਰਥੀਆਂ ਨੂੰ ਅਪੀਲ ਕਰ ਸਕਦਾ ਹੈ ਕਿ ਉਹ ਆਲਸ ਛੱਡਣ ਅਤੇ ਜਨਤਕ ਲਹਿਰ ਵਿੱਚ ਸ਼ਾਮਲ ਹੋ ਜਾਣ। ਇਨ੍ਹਾਂ ਹਾਲਤਾਂ ਵਿੱਚ ਇਹੋ ਸਭ ਤੋਂ ਚੰਗਾ ਬਿਆਨ ਹੈ, ਜੋ ਉਹ ਦੇ ਸਕਦਾ ਹੈ।
ਆਦਰਸ਼ਵਾਦੀ ਦੀ ਤਰ੍ਹਾਂ ਉਹ ਕਹਿ ਸਕਦਾ ਹੈ ਕਿ ਉਹ ਇੱਕ ਆਦਮੀ ਨੂੰ ਮਾਰਨ ਨਹੀਂ ਆਇਆ ਸੀ ਸਗੋਂ ਇਨਕਲਾਬ ਦਾ ਕੰਮ ਕਰਨ ਆਇਆ ਸੀ। ਮਨੁੱਖ ਦੇ ਕਤਲ ਕਰਨ ਵਿੱਚ ਉਸ ਨੂੰ ਦੁੱਖ ਮਹਿਸੂਸ ਹੁੰਦਾ ਹੈ ਪਰ ਹੋਰ ਕੋਈ ਰਸਤਾ ਵੀ ਨਹੀਂ ਹੈ। ਇਨਕਲਾਬ ਦੀ ਬਲਿਵੇਦੀ 'ਤੇ ਵਿਅਕਤੀਆਂ ਨੂੰ ਕੁਰਬਾਨ ਕਰਨਾ ਹੀ ਪਵੇਗਾ। ਆਖ਼ਰ ਉਹ ਵੀ ਤਾਂ ਇੱਕ ਵਿਅਕਤੀ ਹੀ ਹੈ।
ਉਹ ਸੀਨੀਅਰ ਇੰਸਪੈਕਟਰ ਦੀ ਮੌਤ 'ਤੇ ਦੁੱਖ ਜ਼ਾਹਰ ਕਰ ਸਕਦਾ ਹੈ ਜਿਸ ਨੂੰ ਉਹ ਅਸਲ ਵਿੱਚ ਮਾਰਨਾ ਵੀ ਨਹੀਂ ਚਾਹੁੰਦਾ ਸੀ। ਨਾਲ ਹੀ ਗਵਰਨਰ ਨੂੰ ਉਸ ਦੇ ਬਚਣ ਲਈ ਵਧਾਈ ਦੇ ਸਕਦਾ ਹੈ ਕਿ ਉਹ ਬਚ ਗਏ ਹਨ। ਨਾਲ ਹੀ ਉਹ ਐਲਾਨ ਕਰ ਸਕਦਾ ਹੈ ਕਿ ਤੜਫ਼ਦੀ ਹੋਈ ਮਨੁੱਖਤਾ ਅਤੇ ਕੌਮ ਦੇ ਉਧਾਰ ਲਈ ਵਿਅਕਤੀ ਦੇ ਨੁਕਸਾਨ ਦੀ ਬਹੁਤੀ ਪਰਵਾਹ ਨਹੀਂ ਕੀਤੀ ਜਾ ਸਕਦੀ।
ਇਹ ਸਭ ਉਸ ਨੂੰ ਕਹਿਣਾ ਹੀ ਚਾਹੀਦਾ ਹੈ। ਕੀ ਵਕੀਲ ਨੂੰ ਇਹ ਪਤਾ ਹੈ ਕਿ ਇਹ ਕਹਿਣ ਨਾਲ ਕਿ ਉਹ ਗਵਰਨਰ ਨੂੰ ਮਾਰਨਾ ਨਹੀਂ ਚਾਹੁੰਦਾ ਸੀ, ਉਸ ਨੂੰ ਬਚਾ ਲਿਆ ਜਾਏਗਾ? ਇਹ ਉਮੀਦ ਕਰਨੀ ਨਿਰਾ ਬਚਪਨਾ ਹੈ। ਇਸ ਦਾ ਕੋਈ ਫ਼ਾਇਦਾ ਨਹੀਂ ਸਗੋਂ ਨੁਕਸਾਨ ਬਹੁਤ ਵੱਡਾ ਹੈ। ਕਿਸੇ ਘਟਨਾ ਨੂੰ ਜੇ ਆਮ ਲਹਿਰ ਤੋਂ ਵੱਖਰਾ ਕਰ ਦਿੱਤਾ ਜਾਵੇ ਤਾਂ ਉਹ ਆਪਣਾ ਸਾਰਾ ਮਹੱਤਵ ਗੁਆ ਦਿੰਦੀ ਹੈ। ਜਦੋਂ ਕੁਰਬਾਨੀ ਕਰਨੀ ਹੀ ਹੈ ਤਾਂ ਉਸ ਦਾ ਚੰਗੇ ਤੋਂ ਚੰਗਾ ਇਸਤੇਮਾਲ ਕਿਉਂ ਨਾ ਕੀਤਾ ਜਾਵੇ? ਭਵਿੱਖ ਵਿੱਚ ਵੀ ਹਰੇਕ ਇਨਕਲਾਬ ਦੀ ਕੋਸ਼ਿਸ਼ ਦਾ ਸਬੰਧ ਸਾਰੀ ਲਹਿਰ ਨਾਲ ਜੋੜਨਾ ਚਾਹੀਦਾ ਹੈ।
ਇੱਕ ਗੱਲ ਇਹ ਕਿ ਹਰ ਅਜਿਹੀ ਘਟਨਾ ਨੂੰ ਪੂਰੀ ਇਨਕਲਾਬੀ ਲਹਿਰ ਨਾਲ ਜੋੜਿਆ ਜਾਵੇ ਅਤੇ ਦੂਜੀ ਇਹ ਕਿ ਇਨਕਲਾਬੀ ਕੋਸ਼ਿਸ਼ਾਂ ਰਾਹੀਂ ਇਨਕਲਾਬੀ ਲਹਿਰ ਨੂੰ ਆਮ ਜਨਤਕ ਲਹਿਰ ਨਾਲ ਜੋੜਨਾ ਚਾਹੀਦਾ ਹੈ। ਇਸ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਅਜਿਹੇ ਮਾਮਲਿਆਂ ਵਿੱਚ ਪੈਰਵੀ ਕਰਨ ਵਾਲੇ ਵਕੀਲਾਂ 'ਤੇ ਕੰਟਰੋਲ ਰੱਖਿਆ ਜਾਵੇ.....
ਇਸ ਤੋਂ ਅੱਗੇ ਕੁਝ ਲਫਜ਼-ਪੰਕਤੀਆਂ ਸਪੱਸ਼ਟ ਨਹੀਂ।

No comments:

Post a Comment