ਹਾਕਮਾਂ ਦੀ ਪਾਰਲੀਮਾਨੀ ਚੋਣ-ਮਸ਼ਕ ਦਾ ਬਦਲ
ਇਨਕਲਾਬੀ ਜਨਤਕ ਸੰਗਰਾਮ ਨੂੰ ਪ੍ਰਚੰਡ ਕਰੋ
ਸੋਲਵੀਂ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੈ। ਹਾਕਮ ਜਮਾਤੀ ਪ੍ਰਚਾਰ-ਸਾਧਨਾਂ (ਟੀ.ਵੀ., ਅਖਬਾਰਾਂ, ਰਸਾਲਿਆਂ ਆਦਿ) ਵੱਲੋਂ ਇਸ ਨੂੰ ''ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ'' ਦੀ ਸਭ ਤੋਂ ਵੱਡੀ ਜਮਹੂਰੀ ਕਸਰਤ ਵਜੋਂ ਉਭਾਰਿਆ ਜਾ ਰਿਹਾ ਹੈ। ਲੋਕ ਸੁਰਤੀ ਨੂੰ ਗੁੰਮਰਾਹ ਕਰਨ ਅਤੇ ਭਟਕਾਉਣ ਲਈ ਪੂਰਾ ਕੁਫਰ ਪ੍ਰਚਾਰ- ਕੋੜਮਾ ਝੋਕਿਆ ਜਾ ਰਿਹਾ ਹੈ। ਸਭਨਾਂ ਹਾਕਮ ਜਮਾਤੀ ਸਿਆਸੀ ਟੋਲਿਆਂ ਦੀ ਪ੍ਰਚਾਰ ਗਰਦੋ-ਗੁਬਾਰ ਵਿੱਚ ਕਮਾਊ ਲੋਕਾਂ ਦੇ ਮੁੱਦੇ ਗਾਇਬ ਹਨ। ਦੇਸੀ-ਵਿਦੇਸ਼ੀ ਕਾਰੋਪੇਰਟ ਮਗਰਮੱਛਾਂ ਦੀਆਂ ਗੋਗੜਾਂ ਭਰਨ ਵਾਲੇ ਵਿਕਾਸ-ਮਾਡਲ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਕਾਂਗਰਸ ਵੱਲੋਂ ਇਸ ਵਿਕਾਸ ਮਾਡਲ ਵੱਲੋਂ ਉਜਾੜ ਕੇ ਮੰਦਹਾਲੀ ਤੇ ਭੁੱਖਮਰੀ ਦੇ ਜਬਾੜ੍ਹਿਆਂ ਵਿੱਚ ਧੱਕੇ ਜਾ ਰਹੇ ਅਤੇ ਆਪਣੇ ਹੀ ਮੁਲਕ ਵਿੱਚ ਸ਼ਰਨਾਰਥੀ ਬਣਾਏ ਜਾ ਰਹੇ ਮਿਹਨਤਕਸ਼ ਲੋਕਾਂ ਨੂੰ ਭਰਮਾਉਣ ਲਈ ਅਖੌਤੀ ਖੁਰਾਕ ਸੁਰੱਖਿਆ ਅਧਿਕਾਰ ਕਾਨੂੰਨ, ਰੁਜ਼ਗਾਰ ਸੁਰੱਖਿਆ ਅਧਿਕਾਰ ਕਾਨੂੰਨ, ਸਿੱਖਿਆ ਅਧਿਕਾਰ ਕਾਨੂੰਨ ਵਰਗੀਆਂ ਬੁਰਕੀਆਂ ਨਾਲ ਵਰਚਾਉਣ ਦੀ ਕਾਰਗੁਜਾਰੀ ਨੂੰ ਉਭਾਰਿਆ ਜਾ ਰਿਹਾ ਹੈ। ਭਾਜਪਾ ਐਂਡ ਕੰਪਨੀ ਵੱਲੋਂ ਮਿਹਨਤਕਸ਼ ਲੋਕਾਂ ਨੂੰ ਚੂੰਡ ਕੇ ਕਾਰਪੋਰੇਟਾਂ ਨੂੰ ਰੰਗ-ਭਾਗ ਲਾਉਂਦੇ ਅਖੌਤੀ ਮੋਦੀ ਮਾਰਕਾ ਗੁਜਰਾਤ ਵਿਕਾਸ ਮਾਡਲ ਨੂੰ ਉਭਾਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਪੰਜਾਬ ਅੰਦਰ ਅਕਾਲੀ ਭਾਜਪਾ ਗੱਠਜੋੜ ਵੱਲੋਂ ਅੱਡੀਆਂ ਚੁੱਕ ਚੁੱਕ ਕੇ ਪੰਜਾਬ ਅੰਦਰ ਚੌੜੀਆਂ ਸੜਕਾਂ, ਫਲਾਈਓਵਰਾਂ, ਥਰਮਲਾਂ, ਹਵਾਈ ਅੱਡਿਆਂ, ਯਾਦਗਾਰਾਂ ਉਸਾਰਨ ਵਗੈਰਾ ਦੀ ਸ਼ਕਲ ਵਿੱਚ ਕੀਤੇ ਜਾ ਰਹੇ ਪੰਜਾਬ ਦੇ ਅਖੌਤੀ ਵਿਕਾਸ ਦਾ ਭਰੜਾਇਆ ਰਾਗ ਅਲਾਪਿਆ ਜਾ ਰਿਹਾ ਹੈ। ਜਦੋਂ ਕਿ ਇਹ ਸਭ ਅਖੌਤੀ ਵਿਕਾਸ ਮਾਡਲ 1991 ਵਿੱਚ ਸ਼ੁਰੂ ਕੀਤੇ ਮਨਮੋਹਨ ਮਾਰਕਾ ਵਿਕਾਸ ਮਾਡਲ ਹੀ ਮਾੜੇ ਮੋਟੇ ਬਦਲ-ਫੇਰਾਂ ਵਾਲੇ ਮਾਡਲ ਹਨ। ਅਤੇ ਮੁਲਕ 'ਤੇ ਮੜ੍ਹੀਆਂ ਜਾ ਰਹੀਆਂ ਸਾਮਰਾਜੀ-ਨਿਰਦੇਸ਼ਤ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਲਾਗੂ ਰੂਪ ਹਨ। ਇਹਨਾਂ ਸਾਰੇ ਹਾਕਮਪ੍ਰਸਤ ਸਿਆਸੀ ਟੋਲਿਆਂ ਦੀ ਇਹਨਾਂ ਨੀਤੀਆਂ 'ਤੇ ਐਨ ਇੱਕਮੱਤਤਾ ਹੈ। ਇਹਨਾਂ ਦਾ ਆਪਸ ਵਿੱਚੀਂ ਅਸਲ ਰੱਟਾ ਇਹਨਾਂ ਨੀਤੀਆਂ ਜਾਂ ਇਹਨਾਂ ਦੀ ਅਮਲਦਾਰੀ 'ਤੇ ਨਹੀਂ, ਸਗੋਂ ਇਹਨਾਂ ਦਾ ਰੱਟਾ ਸਿਆਸੀ ਸੱਤਾ ਦੀ ਵੰਡ-ਵੰਡਾਈ 'ਤੇ ਹੈ, ਇਸ 'ਚੋਂ ਵੱਧ ਤੋਂ ਵੱਧ ਹਿੱਸੇ ਨੂੰ ਹਥਿਆਉਣ 'ਤੇ ਹੈ। ਇਸ ਲਈ, ਇਹਨਾਂ ਦਾ ਅਖੌਤੀ ਚੋਣ ਦੰਗਲ ਇੱਕ ਕੁਰਸੀ ਭੇੜ ਤੋਂ ਸਿਵਾ ਹੋਰ ਕੁੱਝ ਨਹੀਂ ਹੈ। ਇਸਦਾ ਲੋਕਾਂ ਦੇ ਹਿੱਤਾਂ ਅਤੇ ਜਮਹੂਰੀ ਰਜ਼ਾ ਨਾਲ ਨਾ ਸਿਰਫ ਦੂਰ ਦਾ ਵੀ ਵਾਸਤਾ ਨਹੀਂ, ਸਗੋਂ ਇਹ ਲੋਕਾਂ ਦੇ ਹਿੱਤਾਂ ਅਤੇ ਰਜ਼ਾ ਨੂੰ ਹੋਰ ਵੀ ਪਿਛਾਖੜੀ ਮਾਰ ਹੇਠ ਲਿਆਉਣ ਲਈ ਕੱਸੀਆਂ ਜਾ ਰਹੀਆਂ ਤਿਆਰੀਆਂ ਦਾ ਹੀ ਇੱਕ ਹਿੱਸਾ ਹੈ। ਇਹ ਲੋਕਾਂ ਦੀ ਰਜ਼ਾ ਨੂੰ ਧੋਖੇ, ਫਰੇਬ, ਨਿੱਘਰੇ ਤੇ ਭ੍ਰਿਸ਼ਟ ਹੱਥਕੰਡਿਆਂ ਅਤੇ ਧੌਂਸ-ਦਬਸ਼ ਦੇ ਜ਼ੋਰ ਅਗਵਾ ਕਰਦਿਆਂ, ਇਹਨਾਂ ਤਿਆਰੀਆਂ 'ਤੇ ਅੰਗੂਠਾ ਲਵਾਉਣ ਲਈ ਖੇਡੀ ਜਾ ਰਹੀ ਖੇਡ ਹੈ।
ਅਸਲ ਵਿੱਚ, ਇਸ ਅਖੌਤੀ ਜਮਹੂਰੀਅਤ ਦਾ ਜਨਮ ਲੋਕ-ਰਜ਼ਾ ਜਾਂ ਲੋਕ-ਰਜ਼ਾ ਦੀ ਤਰਜ਼ਮਾਨੀ ਕਰਦੇ ਇਨਕਲਾਬੀ ਸੰਗਰਾਮ ਦੀ ਕੁੱਖ 'ਚੋਂ ਨਹੀਂ ਹੋਇਆ। ਇਸਦੇ ਐਨ ਉਲਟ, ਇਸਦਾ ਜਨਮ ਸਾਮਰਾਜ ਅਤੇ ਮੁਲਕ ਦੀਆਂ ਦਲਾਲ ਹਾਕਮ ਜਮਾਤਾਂ ਦੇ ਪਿਛਾਖੜੀ ਗੱਠਜੋੜ ਦੀ ਕੁੱਖ 'ਚੋਂ ਹੋਇਆ ਹੈ। ਇਸ ਗੱਠਜੋੜ ਵੱਲੋਂ ਇਸ ਨੂੰ ਪਹਿਲੀ ਲੋਰੀ ਹੀ ਲੱਖਾਂ ਭਾਰਤੀ ਲੋਕਾਂ ਦੇ ਖ਼ੂਨ ਦੀ ਗੁੜ੍ਹਤੀ ਨਾਲ ਦਿੱਤੀ ਗਈ ਹੈ। ਇਸਦਾ ਆਗਾਜ਼ ਇੱਕ ਪਾਸੇ ਲੋਕਾਂ ਨੂੰ ਹਿੰਦੂ-ਮੁਸਲਿਮ ਫਿਰਕੂ ਦੰਗਿਆਂ 'ਚ ਝੋਕਣ, ਲੱਖਾਂ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਵਿਛਾਉਣ ਅਤੇ ਦੂਜੇ ਪਾਸੇ ਲੋਕ ਸੰਘਰਸ਼ਾਂ, ਖਾਸ ਕਰਕੇ ਤਿਲੰਗਾਨਾ ਦੇ ਹਥਿਆਰਬੰਦ ਘੋਲ 'ਤੇ ਖੂੰਖਾਰ ਹੱਲਾ ਬੋਲਦਿਆਂ, ਸੰਗਰਾਮੀ ਲੋਕਾਂ ਦੇ ਖ਼ੂਨ ਦੀ ਹੋਲੀ ਖੇਡਣ ਨਾਲ ਹੋਇਆ ਹੈ। ਅਜਿਹੀ ਜਮਹੂਰੀਅਤ ਫਿਰ ਭਲਾ ਅਸਲੀ ਕਿਵੇਂ ਹੋ ਸਕਦੀ ਹੈ?
1947 ਤੋਂ ਲੈ ਕੇ ਅੱਜ ਤੱਕ ਇਸ ਅਖੌਤੀ ਜਮਹੂਰੀਅਤ ਦਾ ਇਤਿਹਾਸ ਖੁਦ ਇਸ ਹਕੀਕਤ ਦਾ ਗਵਾਹ ਹੈ ਕਿ ਇਹ ਇੱਕ ਨਕਲੀ ਜਮਹੂਰੀਅਤ ਹੈ। ਇਹ ਭਾਰਤੀ ਹਾਕਮ ਜਮਾਤਾਂ ਵੱਲੋਂ ਸਾਮਰਾਜੀ ਵਿਰਾਸਤ ਵਿੱਚ ਸਾਂਭੇ ਪਿਛਾਖੜੀ ਆਪਾਸ਼ਾਹ ਰਾਜ 'ਤੇ ਚਾੜ੍ਹਿਆ ਮਹਿਜ਼ ਇੱਕ ਮਖੌਟਾ ਹੈ।
ਅੱਜ ਤੱਕ ਭਾਰਤੀ ਹਾਕਮਾਂ ਵੱਲੋਂ ਇੱਕ ਪਾਸੇ ਇਸ ਨਕਲੀ ਜਮਹੂਰੀਅਤ ਦਾ ਨਾਟਕ ਖੇਡਣਾ ਜਾਰੀ ਰੱਖਿਆ ਗਿਆ ਹੈ, ਦੂਜੇ ਪਾਸੇ, ਸਾਮਰਾਜੀਆਂ, ਦਲਾਲ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੇ ਹਿੱਤਾਂ ਤੇ ਰਜ਼ਾ ਨਾਲ ਵਫ਼ਾ ਪਾਲਣ ਅਤੇ ਲੋਕ-ਹਿੱਤਾਂ ਤੇ ਰਜ਼ਾ ਨਾਲ ਖਿਲਵਾੜ ਕਰਨ ਦਾ ਅਮਲ ਜਾਰੀ ਰੱਖਿਆ ਗਿਆ ਹੈ, ਇਸ ਨੂੰ ਸਮੇਂ ਸਮੇਂ ਹੋਰ ਵੇਗ ਮੁਹੱਈਆ ਕੀਤਾ ਗਿਆ ਹੈ। ਮੁਲਕ ਦੀ ਵਿਸ਼ਾਲ ਲੋਕਾਈ ਅਤੇ ਦੌਲਤ ਖਜ਼ਾਨਿਆਂ ਨੂੰ ਲੁੱਟਣ-ਚੂੰਡਣ ਰਾਹੀਂ ਲੋਕਾਂ ਨੂੰ ਕੰਗਾਲੀ, ਗੁਰਬਤ, ਭੁੱਖਮਰੀ ਤੇ ਲਾਚਾਰਗੀ ਦੇ ਮੂੰਹ ਧੱਕਣ ਅਤੇ ਸਾਮਰਾਜੀਆਂ ਅਤੇ ਦਲਾਲ ਧਨਾਢਾਂ ਦੇ ਜੋਕ ਲਾਣੇ ਨੂੰ ਮਾਲਾਮਾਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਖਾਸ ਕਰਕੇ ਪਿਛਲੇ ਦੋ ਦਹਾਕਿਆਂ ਤੋਂ ਵਿੱਢੇ ਨਵੇਂ ਆਰਥਿਕ ਹੱਲੇ ਨੂੰ ਅੱਗੇ ਵਧਾਉਣ ਅਤੇ ਇਸਦੇ ਜਨਤਕ-ਵਿਰੋਧ ਤੇ ਟਾਕਰੇ ਨੂੰ ਖ਼ੂਨ ਵਿੱਚ ਡਬੋਣ ਲਈ ਨਵੀਆਂ ਸਿਖਰਾਂ ਛੂਹੀਆਂ ਗਈਆਂ ਹਨ। ਕਸ਼ਮੀਰ ਅਤੇ ਉੱਤਰ-ਪੂਰਬੀ ਖਿੱਤੇ ਦੀਆਂ ਕੌਮੀ ਆਪਾ-ਨਿਰਣੇ ਤੇ ਕੌਮੀ ਆਜ਼ਾਦੀਆਂ ਦੀਆਂ ਲਹਿਰਾਂ ਨੂੰ ਦਬਾਉਣ-ਕੁਚਲਣ ਲਈ ਜਾਬਰ ਹੱਲਾ ਬੋਲਿਆ ਗਿਆ ਹੈ। ਲੋਕਾਂ ਦੀਆਂ ਹੱਕੀ ਲਹਿਰਾਂ 'ਤੇ ''ਅੱਤਵਾਦੀ'', ''ਵੱਖਵਾਦੀ'', ''ਖੱਬਾ ਅੱਤਵਾਦ'' ਆਦਿ ਦਾ ਠੱਪਾ ਲਾਉਂਦਿਆਂ ਅਤੇ ਦੇਸ਼ ਦੀ ਅਖੌਤੀ ''ਏਕਤਾ ਤੇ ਅਖੰਡਤਾ'' ਨੂੰ ਖਤਰਾ ਗਰਦਾਨਦਿਆਂ ਨਾਦਰਸ਼ਾਹੀ ਫੌਜੀ ਹਮਲੇ ਦੀ ਮਾਰ ਹੇਠ ਲਿਆਂਦਾ ਗਿਆ ਹੈ। ਇਹਨਾਂ ਖੇਤਰਾਂ ਨੂੰ ਗੜਬੜਗ੍ਰਸਤ ਇਲਾਕੇ ਐਲਾਨਦਿਆਂ ਇੱਥੇ ਆਰਮਡ ਫੋਰਸਜ਼ ਸੁਰੱਖਿਆ ਕਾਨੂੰਨ, ਕੌਮੀ ਸੁਰੱਖਿਆ ਕਾਨੂੰਨ, ਟਾਡਾ ਆਦਿ ਕਾਲੇ ਕਾਨੂੰਨਾਂ ਨੂੰ ਲੋਕਾਂ 'ਤੇ ਮੜ੍ਹਿਆ ਗਿਆ ਹੈ। ਜਿਨ੍ਹਾਂ ਤਹਿਤ ਨਕਲੀ ਜਮਹੂਰੀਅਤ ਦਾ ਘੁੰਡ ਲਾਹ ਕੇ ਜਬਰ ਦਾ ਨੰਗਾ ਤਾਂਡਵ ਨਾਚ ਨੱਚਿਆ ਜਾ ਰਿਹਾ ਹੈ। ਛੱਤੀਸ਼ਗੜ੍ਹ, ਝਾਰਖੰਡ, ਉੜੀਸਾ, ਬੰਗਾਲ, ਬਿਹਾਰ, ਮੱਧਪ੍ਰਦੇਸ਼, ਆਂਧਰਾ ਅਤੇ ਮਹਾਂਰਾਸ਼ਟਰ ਦੇ ਆਦਿਵਾਸੀ ਇਲਾਕਿਆਂ ਅੰਦਰ ਆਪਣੇ ਜੰਗਲ, ਜ਼ਮੀਨਾਂ ਤੇ ਕੁਦਰਤੀ ਸੋਮਿਆਂ ਦੀ ਰਾਖੀ ਲਈ ਉੱਠੇ ਕਿਸਾਨ ਟਾਕਰਾ ਸੰਘਰਸ਼ ਨੂੰ ਕੁਚਲਣ ਲਈ ''ਅਪ੍ਰੇਸ਼ਨ ਗਰੀਨ ਹੰਟ'' ਨਾਂ ਹੇਠ ਫੌਜੀ ਹੱਲਾ ਵਿੱਢਿਆ ਗਿਆ ਹੈ। ਗੱਲ ਕੀ- ਆਪਣੇ ਹੱਕਾਂ-ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਨ ਲਈ ਉੱਠੇ ਲੋਕ ਸੰਘਰਸ਼ਾਂ ਵੱਲ ਜਮਹੂਰੀ ਸਰੋਕਾਰ ਤੇ ਰਵੱਈਆ ਧਾਰਨ ਕਰਨ ਦੀ ਬਜਾਇ, ਸਿਰੇ ਦਾ ਦੁਸ਼ਮਣਾਨਾ ਤੇ ਧਾੜਵੀ ਰਵੱਈਆ ਅਖਤਿਆਰ ਕਰਕੇ ਚੱਲਿਆ ਜਾ ਰਿਹਾ ਹੈ। ਹਾਕਮਾਂ ਦੇ ਹਥਿਆਰਬੰਦ ਸੁਰੱਖਿਆ ਬਲਾਂ ਵੱਲੋਂ ਇਹਨਾਂ ਇਲਾਕਿਆਂ ਵਿੱਚ ਮਾਰਧਾੜ ਅਤੇ ਕਤਲੋਗਾਰਦ ਮਚਾਈ ਜਾ ਰਹੀ ਹੈ। ਝੂਠੇ ਮੁਕਾਬਲਿਆਂ ਵਿੱਚ ਲੋਕਾਂ ਨੂੰ ਮਾਰ ਖਪਾਇਆ ਜਾ ਰਿਹਾ ਹੈ, ਅੰਨ੍ਹਾਂ ਤਸ਼ੱਦਦ ਢਾਹਿਆ ਜਾ ਰਿਹਾ ਹੈ, ਔਰਤਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ, ਘਰਬਾਰ ਸਾੜੇ ਤੇ ਤਬਾਹ ਕੀਤੇ ਜਾ ਰਹੇ ਹਨ, ਲੋਕਾਂ ਨੂੰ ਕੁੱਟਿਆ-ਮਾਰਿਆ ਤੇ ਜਲੀਲ ਕੀਤਾ ਜਾ ਰਿਹਾ ਹੈ। ਲੋਕ ਫੌਜੀ ਸੰਗੀਨਾਂ ਦੀ ਛਾਂ ਹੇਠ ਦਹਿਸ਼ਤਜ਼ਦਾ, ਜਲਾਲਤ ਭਰੀ ਅਤੇ ਗੁਲਾਮਾਨਾ ਜ਼ਿੰਦਗੀ ਹੰਢਾਉਣ ਲਈ ਮਜਬੂਰ ਕੀਤੇ ਜਾ ਰਹੇ ਹਨ।
ਇਹ ਮੁਲਕ ਦੇ ਲੋਕਾਂ ਦੇ ਹੱਕਾਂ-ਹਿੱਤਾਂ, ਜਮਹੂਰੀ-ਅਧਿਕਾਰਾਂ ਅਤੇ ਰਜ਼ਾ ਨੂੰ ਪੈਰਾਂ ਹੇਠ ਲਤਾੜਦੇ ਅਤੇ ਆਦਮਖੋਰ ਦੈਂਤ ਵਾਂਗ ਦਹਾੜਦੇ ਭਾਰਤੀ ਰਾਜ 'ਤੇ ਚਾੜ੍ਹੇ ਨਕਲੀ ਜਮਹੂਰੀਅਤ ਦੇ ਗਿਲਾਫ ਦੀ ਅਸਲੀਅਤ ਹੈ। ਜਿੱਥੇ ਲੋਕਾਂ ਦੀ ਰਜ਼ਾ ਦੀ ਤਾਂ ਗੱਲ ਛੱਡੋ, ਉਹਨਾਂ ਦੇ ਜੀਣ ਦੇ ਹੱਕ ਤੱਕ ਨੂੰ ਵੀ ਇੱਕ ਨੀਮ-ਫੌਜੀ/ਫੌਜੀ ਬਲਾਂ ਦੇ ਰਹਿਮੋਕਰਮ ਦਾ ਪਾਤਰ ਬਣਾਇਆ ਜਾ ਰਿਹਾ ਹੋਵੇ, ਉੱਥੇ ਵੋਟ ਦੇ ਜਮਹੂਰੀ ਹੱਕ/ਜਮਹੂਰੀ ਰਜ਼ਾ ਅਤੇ ਜਮਹੂਰੀਅਤ ਦੀ ਗੱਲ ਕਰਨਾ ਲੋਕਾਂ ਨਾਲ ਕੀਤੇ ਜਾ ਰਹੇ ਸਭ ਤੋਂ ਵੱਡੇ ਧੋਖੇ ਅਤੇ ਕੋਝੇ ਮਜ਼ਾਕ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ। ਹਾਕਮਾਂ ਵੱਲੋਂ ਵਾਰ ਵਾਰ ਕੀਤੀਆਂ ਜਾ ਰਹੀਆਂ ਪਾਰਲੀਮਾਨੀ/ਵਿਧਾਨ ਸਭਾਈ ਚੋਣ-ਮਸ਼ਕਾਂ ਦਾ ਹਕੀਕੀ ਮਕਸਦ ਵੀ ਨਾ ਲੋਕਾਂ ਦੀ ਜਮਹੂਰੀ ਰਜ਼ਾ ਦੀ ਵਰਤੋਂ ਕਰਨਾ ਤੇ ਕਦਰ ਪਾਉਣਾ ਹੈ, ਅਤੇ ਨਾ ਹੀ ਇਸਦੀ ਪੁੱਗਤ ਸਥਾਪਤ ਕਰਨਾ ਹੈ, ਸਗੋਂ ਉਲਟਾ ਭ੍ਰਿਸ਼ਟ, ਨਿੱਘਰੇ ਅਤੇ ਧੌਂਸਬਾਜ਼ ਢੰਗ-ਤਰੀਕਿਆਂ ਰਾਹੀਂ ਲੋਕ ਰਜ਼ਾ ਨੂੰ ਅਗਵਾ ਕਰਨਾ ਹੈ, ਉਹਨਾਂ ਨੂੰ ਰਜ਼ਾਹੀਣ ਬਣਾਉਣਾ ਹੈ। ਇਸ ਲਈ, ਇਹ ਚੋਣ ਮਸ਼ਕਾਂ ਹਕੀਕਤ ਵਿੱਚ ਮਹਿਜ਼ ਸਾਮਰਾਜੀਆਂ ਅਤੇ ਦਲਾਲ ਭਾਰਤੀ ਹਾਕਮਾਂ ਦੇ ਸਿਆਸੀ ਸਰੋਕਾਰ ਦਾ ਮਾਮਲਾ ਬਣਦੀਆਂ ਹਨ। ਜਿਹਨਾਂ ਰਾਹੀਂ ਹੇਠ ਲਿਖੇ ਠੋਸ ਸਿਆਸੀ ਮਕਸਦ ਹਾਸਲ ਕਰਨਾ ਚਾਹੁੰਦੇ ਹਨ:
-ਇਹਨਾਂ ਪਾਰਲੀਮਾਨੀ (ਜਾਂ ਵਿਧਾਨ ਸਭਾਈ) ਚੋਣ ਮਸ਼ਕਾਂ ਰਾਹੀਂ ਹਾਕਮਾਂ ਵੱਲੋਂ ਇਹ ਦਿਖਾਉਣ ਤੇ ਉਭਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਰਾਹ 'ਤੇ ਚੱਲਦਿਆਂ ਰਾਜਸੀ ਸੱਤ੍ਹਾ ਹਾਸਲ ਕੀਤੀ ਜਾ ਸਕਦੀ ਹੈ। ਕਾਨੂੰਨ ਦੀ ਵਰਤੋਂ ਰਾਹੀਂ ਸਿਆਸੀ-ਸਮਾਜਿਕ-ਆਰਥਿਕ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਲਈ, ਹਾਕਮ ਜਮਾਤੀ ਲੁੱਟ ਤੇ ਕੁੱਟ ਦੀ ਮਾਰ ਹੇਠ ਆਏ ਮਿਹਨਤਕਸ਼ ਲੋਕਾਂ ਵੱਲੋਂ ਜਮਾਤੀ ਸੰਘਰਸ਼ਾਂ, ਖਾਸ ਕਰਕੇ ਹਥਿਆਰਬੰਦ ਆਪਾ-ਸੁਰੱਖਿਆ ਅਤੇ ਟਾਕਰੇ ਦੇ ਰਾਹ ਪੈਣਾ ਗਲਤ ਹੈ। ਜਦੋਂ ਬਿਨਾ ਖ਼ੂਨ-ਖਰਾਬੇ ਵਾਲਾ ਸ਼ਾਂਤਮਈ ਰਾਹ ਮੌਜੂਦ ਹੈ ਤਾਂ ਹਥਿਆਰਬੰਦ ਘੋਲ ਦੇ ਰਾਹ ਪੈਣ ਦੀ ਕੀ ਜ਼ਰੂਰਤ ਹੈ। ਇਸ ਤਰ੍ਹਾਂ ਲੋਕਾਂ ਦੇ ਇੱਕ ਹਿੱਸੇ ਵਿਸ਼ੇਸ਼ ਕਰਕੇ ਦਰਮਿਆਨੇ ਤਬਕਿਆਂ ਅਤੇ ਗੈਰ ਚੇਤਨ ਹਿੱਸਿਆਂ ਵਿੱਚ ਲੋਕਾਂ ਦੀਆਂ ਹੱਕੀ ਹਥਿਆਰਬੰਦ ਜੱਦੋਜਹਿਦਾਂ ਬਾਰੇ ਭਰਮ-ਭੁਲੇਖਿਆ ਦਾ ਛਿੱਟਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਹਥਿਆਰਬੰਦ ਲੋਕ-ਤਾਕਤਾਂ ਨੂੰ ਸਮਾਜਿਕ ਅਮਨ-ਸ਼ਾਂਤੀ ਦੀਆਂ ਵਿਰੋਧੀ ਅਤੇ ਬੇਲੋੜੇ ਖ਼ੂਨ-ਖਰਾਬੇ ਵਿੱਚ ਵਿਸ਼ਵਾਸ਼ ਰੱਖਦੀਆਂ ਸ਼ਕਤੀਆਂ ਵਜੋਂ ਬੱਦੂ ਕਰਨ ਦੀ ਮੁਹਿੰਮ ਚਲਾਈ ਜਾਂਦੀ ਹੈ। ਉਹਨਾਂ ਨੂੰ ਜਮਹੂਰੀ ਅਮਲ ਵਿੱਚ ਵਿਘਨਪਾਊ ਤਾਕਤਾਂ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਉਂ, ਅਮਨ ਕਾਨੂੰਨ ਅਤੇ ਜਮਹੂਰੀ ਅਮਲ-ਬਹਾਲੀ ਦੇ ਫੱਟੇ ਓਹਲੇ ਹੱਕੀ ਹਥਿਆਰਬੰਦ ਟਾਕਰਾ ਜੱਦੋਜਹਿਦ ਦੇ ਰਾਹ ਪਈਆਂ ਲੋਕ ਤਾਕਤਾਂ ਨੂੰ ਰਾਜ ਦੇ ਹਿੰਸਕ ਹਮਲੇ ਦੀ ਮਾਰ ਹੇਠ ਲਿਆਉਣ ਦੀ ਵਾਜਬੀਅਤ ਘੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
- ਵੋਟਾਂ ਹਥਿਆਉਣ ਲਈ ਧਨ-ਦੌਲਤ ਅਤੇ ਨਸ਼ੇ-ਪੱਤਿਆਂ ਦੀ ਵਰਤੋਂ ਰਾਹੀਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੀ ਲਾਗ ਲਾਉਂਦਿਆਂ, ਉਹਨਾਂ ਦੀ ਜ਼ਮੀਰ ਨੂੰ ਕਾਣਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਇਉਂ, ਉਹਨਾਂ ਦੀ ਲੜਾਕੂ ਭਾਵਨਾ ਨੂੰ ਠੰਢਾ ਕਰਨ ਅਤੇ ਲੜਾਕੂ-ਕਣ ਨੂੰ ਮਾਰਨ ਦਾ ਯਤਨ ਕੀਤਾ ਜਾਂਦਾ ਹੈ।
- ਧਾਰਮਿਕ, ਜਾਤੀ, ਗੋਤਾਂ-ਕਬੀਲਿਆਂ ਅਤੇ ਇਲਾਕਾਈ ਵੰਡਾਂ-ਵਖਰੇਵਿਆਂ ਨੂੰ ਹਵਾ ਦਿੰਦਿਆਂ, ਮਿਹਨਤਕਸ਼ ਲੋਕਾਂ ਵਿੱਚ ਪਾਟਕ ਪਾਉਣ ਅਤੇ ਜਮਾਤੀ/ਤਬਕਾਤੀ ਅਤੇ ਭਾਈਚਾਰਕ ਏਕਤਾ ਨੂੰ ਚੀਰਾ ਦੇਣ ਲਈ ਵਰਤਿਆ ਜਾਂਦਾ ਹੈ।
- ਸਮਾਜਿਕ ਸਿਆਸੀ ਚੌਧਰ, ਧੌਂਸਬਾਜ਼ ਅਤੇ ਲੱਠਮਾਰ ਤਾਕਤ ਦੀ ਰੱਜਵੀਂ ਵਰਤੋਂ ਕੀਤੀ ਜਾਂਦੀ ਹੈ ਅਤੇ ਲੋਕਾਂ 'ਤੇ ਹਾਕਮ ਲਾਣੇ ਦੀ ਦਬਸ਼ ਨੂੰ ਪੱਕੇ ਪੈਰੀਂ ਕਰਨ 'ਤੇ ਜ਼ੋਰ ਲਾਇਆ ਜਾਂਦਾ ਹੈ।
- ਲੋਕਾਂ ਦੀ ਸਰਕਾਰਾਂ ਅਤੇ ਹਾਕਮ ਜਮਾਤਾਂ ਖਿਲਾਫ ਬਦਜ਼ਨੀ, ਰੌਂਅ ਅਤੇ ਗੁੱਸੇ ਨੂੰ ਇੱਕ ਦੂਜੇ ਮੌਕਾਪ੍ਰਸਤ ਟੋਲੇ ਖਿਲਾਫ ਸੇਧਤ ਕਰਦਿਆਂ ਅਤੇ ਲੋਕ ਸੁਰਤੀ ਨੂੰ ਉਹਨਾਂ ਦੇ ਬੁਨਿਆਦੀ ਤੇ ਅਹਿਮ ਜਮਾਤੀ ਮੁੱਦਿਆਂ ਤੋਂ ਭਟਕਾਊ ਮੋੜਾ ਦਿੰਦਿਆਂ, ਵੋਟ ਬੈਂਕ ਵਿੱਚ ਢਾਲਣ ਅਤੇ ਖਾਰਜ ਕਰਨ 'ਤੇ ਜ਼ੋਰ ਲਾਇਆ ਜਾਂਦਾ ਹੈ।
- ਹਾਕਮ ਜਮਾਤਾਂ ਅਤੇ ਉਹਨਾਂ ਦੇ ਦੱਲੇ ਸਿਆਸੀ ਧੜਿਆਂ ਦਰਮਿਆਨ ਸਿਆਸੀ ਸੱਤ੍ਹਾ ਅਤੇ ਲੁੱਟ ਦੇ ਮਾਲ ਦੀ ਵੰਡ-ਵੰਡਾਈ ਵਿੱਚ ਹਿੱਸਾ ਪੱਤੀ ਤਹਿ ਕਰਨ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ।
- ਹਾਕਮ ਜਮਾਤੀ ਪਾਰਲੀਮਾਨੀ ਸਿਆਸੀ-ਪਾਰਟੀਆਂ ਵੱਲੋਂ ਨਵੇਂ ਸਿਆਸੀ ਰੰਗਰੂਟਾਂ ਦੀ ਭਰਤੀ ਕੀਤੀ ਜਾਂਦੀ ਹੈ, ਉਹਨਾਂ ਨੂੰ ਲੋਕਾਂ ਨੂੰ ਕੀਲਣ, ਗੁੰਮਰਾਹ ਕਰਨ ਲਾਦੂ ਕੱਢ ਕੇ ਰੱਖਣ ਵਾਲੇ ਚੋਣ-ਦੰਗਲ ਦੇ ਘੁਲਾਟੀਆਂ ਵਜੋਂ ਸਿਆਸੀ ਸਿਖਲਾਈ ਦੇ ਅਮਲ ਵਿੱਚ ਪਾਇਆ ਜਾਂਦਾ ਹੈ ਅਤੇ ਇਉਂ ਆਪਣੇ ਜਥੇਬੰਦ ਤਾਣੇ-ਪੇਟੇ ਨੂੰ ਪਸਾਰਨ ਤੇ ਮਜਬੂਤ ਕਰਨ ਦਾ ਵਸੀਲਾ ਬਣਾਇਆ ਜਾਂਦਾ ਹੈ।
ਸੋ, ਇਹ ਪਾਰਲੀਮਾਨੀ ਚੋਣ-ਮਸ਼ਕ ਹਾਕਮ ਜਮਾਤਾਂ ਦੇ ਪਿਛਾਖੜੀ ਤੇ ਲੋਕ-ਦੋਖੀ ਮਕਸਦਾਂ ਦੀ ਪੂਰਤੀ ਲਈ ਲੋਕਾਂ ਸਿਰ ਮੜ੍ਹੀ ਗਈ ਹੈ। ਇਸਦਾ ਲੋਕ ਸਰੋਕਾਰਾਂ, ਹਿੱਤਾਂ ਤੇ ਰਜ਼ਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ, ਇਨਕਲਾਬੀ ਜਮਹੂਰੀ ਹਲਕਿਆਂ ਵੱਲੋਂ ਇਸ ਨਕਲੀ ਜਮਹੂਰੀਅਤ ਦੇ ਨਾਂ ਹੇਠ ਕੀਤੀ ਜਾ ਰਹੀ ਚੋਣ-ਮਸ਼ਕ ਦਾ ਜ਼ੋਰ-ਸ਼ੋਰ ਨਾਲ ਪਰਦਾਚਾਕ ਕਰਨਾ ਚਾਹੀਦਾ ਹੈ। ਲੋਕ ਹਿੱਤਾਂ ਤੇ ਰਜ਼ਾ ਦੇ ਹਕੀਕੀ ਤਰਜ਼ਮਾਨ ਬਣਦੇ ਫੌਰੀ ਅਤੇ ਦੂਰਗਾਮੀ ਇਨਕਲਾਬੀ ਬਦਲ (ਲੋਕ ਜਮਹੂਰੀਅਤ) ਦੇ ਠੋਸ ਤੇ ਸਪਸ਼ਟ ਮੁਹਾਂਦਰੇ ਨੂੰ ਉਭਾਰਦਿਆਂ, ਇਸ ਚੋਣ-ਡਰਾਮੇ ਵਿੱਚ ਨਾ ਉਲਝਣ ਅਤੇ ਇਨਕਲਾਬੀ ਜਨਤਕ ਸੰਗਰਾਮ ਨੂੰ ਪ੍ਰਚੰਡ ਕਰਨ ਦਾ ਸੱਦਾ ਦੇਣਾ ਚਾਹੀਦਾ ਹੈ।
No comments:
Post a Comment