ਹਕੀਕੀ ਨੌਜਵਾਨ-ਵਿਦਿਆਰਥੀ ਮੁੱਦੇ ਉਭਾਰਨ ਲਈ ਮੁਹਿੰਮ
-ਪਵੇਲ ਕੁੱਸਾ
ਲੋਕ ਸਭਾ ਚੋਣਾਂ ਦੇ ਭਖੇ ਹੋਏ ਸਿਆਸੀ ਮਾਹੌਲ ਦੌਰਾਨ ਦੇਸ਼ ਭਰ ਵਿੱਚ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਵੋਟਰਾਂ ਦੀ ਭਾਰੀ ਗਿਣਤੀ ਦੀ ਚਰਚਾ ਮੀਡੀਆ ਵਿੱਚ ਜ਼ੋਰ ਸ਼ੋਰ ਨਾਲ ਹੋ ਰਹੀ ਹੈ। ਵੋਟਾਂ ਵਿੱਚ ਗਿਣਤੀ ਪੱਖੋਂ ਅਹਿਮ ਬਣਦੇ ਇਸ ਹਿੱਸੇ ਦੇ ਹੱਥ ਆਉਂਦੀ ਸਰਕਾਰ ਚੁਣਨ ਦੀ ਤਾਕਤ ਦੀਆਂ ਗੱਲਾਂ ਚੱਲ ਰਹੀਆਂ ਹਨ। ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੱਲੋਂ ਨੌਜਵਾਨ ਤਬਕੇ ਨੂੰ ਭਰਮਾਉਣ-ਭੁਚਲਾਉਣ ਦੇ ਯਤਨ ਤੇਜ਼ ਹੋ ਰਹੇ ਹਨ। ਇੱਕ ਦੂਜੇ ਤੋਂ ਵਧ ਕੇ ਨੌਜਵਾਨ ਉਮੀਦਵਾਰਾਂ ਨੂੰ ਟਿਕਟਾਂ ਦੇਣ ਦੇ ਦਾਅਵਿਆਂ ਅਤੇ ਵਾਅਦਿਆਂ ਦਾ ਜ਼ੋਰ ਹੈ। ਆਪੋ ਆਪਣੇ ਯੂਥ ਵਿੰਗਾਂ ਨੂੰ ਹੋਰ ਸਰਗਰਮ ਕਰਦਿਆਂ ਨੌਜਵਾਨ ਜਨਤਾ ਨੂੰ ਆਪੋ ਆਪਣੀਆਂ ਪਾਰਟੀਆਂ ਲੜ ਲਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਹੋ ਰਹੀਆਂ ਹਨ/ ਨੌਜਵਾਨਾਂ ਨੂੰ ਵਕਤੀ ਤੌਰ 'ਤੇ ਭਰਮਾਉਣ, ਭੁਚਲਾਉਣ ਲਈ ਸਭ ਕੁੱਝ ਹਾਜ਼ਰ ਹੈ। ਨਿੱਕੇ ਨਿੱਕੇ ਲਾਲਚਾਂ ਤੋਂ ਲੈ ਕੇ ਹਰ ਤਰ੍ਹਾਂ ਦਾ ਗੁੰਮਰਾਹਕਰੂ ਪ੍ਰਚਾਰ, ਐਕਟਰ, ਕ੍ਰਿਕਟਰ ਸਭ ਹਾਜ਼ਰ ਹਨ। ਜੇ ਗੈਰ ਹਾਜ਼ਰ ਹਨ ਤਾਂ ਇਸ ਭਾਰੀ ਗਿਣਤੀ ਤਬਕੇ ਦੇ ਹਕੀਕੀ ਮੁੱਦੇ ਜਿਹੜੇ ਕਰੋੜਾਂ ਕਰੋੜ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਮੁੱਦੇ ਜਿਹੜੇ ਕਿਸੇ ਪਾਰਟੀ ਜਾਂ ਨੇਤਾ ਦੀ ਜੁਬਾਨ 'ਤੇ ਨਹੀਂ ਹਨ, ਕਿਸੇ ਮੈਨੀਫਸਟੋ ਦਾ ਹਿੱਸਾ ਨਹੀਂ ਹਨ।
ਅਜਿਹੇ ਮਾਹੋਲ ਅੰਦਰ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਨੌਜਵਾਨਾਂ ਦੇ ਹਕੀਕੀ ਮੁੱਦੇ ਪ੍ਰਚਾਰਨ ਤੇ ਉਭਰਨ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਕੀਤੀਆਂ ਹਨ। ਦੋਹਾਂ ਜਥੇਬੰਦੀਆਂ ਨੇ ਨੌਜਵਾਨ-ਵਿਦਿਆਰਥੀ ਜਨਤਾ ਨੂੰ ਹੋਕਾ ਦਿੱਤਾ ਹੈ ਕਿ ਉਹ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀਆਂ ਭਟਕਾਊ ਚਾਲਾਂ ਦਾ ਸ਼ਿਕਾਰ ਨਾ ਹੋਣ ਸਗੋਂ ਆਪਣੇ ਹਕੀਕੀ ਮੁੱਦਿਆਂ ਦੀ ਪਛਾਣ ਕਰਨ। ਮੁਹਿੰਮ ਦੌਰਾਨ ਕਿਹਾ ਗਿਆ ਹੈ ਕਿ ਸਾਰੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਨੌਜਵਾਨ ਸ਼ਕਤੀ ਦੇ ਨਕਲੀ ਹੋਕਰੇ ਮਾਰ ਰਹੀਆਂ ਹਨ। ਨੌਜਵਾਨਾਂ ਹੱਥ ਤਾਕਤ ਸੌਂਪਣ ਦੇ ਹੋਕੇ ਦੰਭੀ ਹਨ, ਸਿਰਫ ਨੌਜਵਾਨਾਂ ਦੀਆਂ ਵੋਟਾਂ ਲਈ ਹਨ। ਨੌਜਵਾਨਾਂ ਹੱਥ ਤਾਕਤ ਤੋਂ ਉਹਨਾਂ ਦਾ ਅਸਲ ਭਾਵ ਸਾਧਨ-ਸੰਪੰਨ ਜਮਾਤਾਂ ਦੀ ਨੌਜਵਾਨ ਪੀੜ੍ਹੀ ਨੂੰ ਰਾਜਸੱਤਾ ਦੀ ਪੌੜੀ ਚੜ੍ਹਾਉਣਾ ਹੈ ਜਦਕਿ ਮਿਹਨਤਕਸ਼ ਜਮਾਤਾਂ ਦੇ ਨੌਜਵਾਨ ਧੀਆਂ-ਪੁੱਤਾਂ ਹੱਥ ਤਾਕਤ ਤਾਂ ਦੂਰ, ਉਹਨਾਂ ਨੂੰ ਸਿੱਖਿਆ ਤੇ ਰੁਜ਼ਗਾਰ ਦੇ ਹੱਕ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਵੱਖ ਵੱਖ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਗੁੰਮਰਾਹ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ, ਨਸ਼ਿਆਂ ਦਾ ਜਾਲ ਸੁੱਟਿਆ ਜਾ ਰਿਹਾ ਹੈ ਅਤੇ ਚੋਣ ਦੌਰਾਨ ਹਿੰਸਕ ਤੌਰ ਤਰੀਕਿਆਂ 'ਤੇ ਟੇਕ ਵਧਾਉਂਦਿਆਂ ਲੱਠਮਾਰ ਗਰੋਹ ਭਰਤੀ ਕੀਤੇ ਜਾਂਦੇ ਹਨ। ਨੌਜਵਾਨ ਇਹਨਾਂ ਦਾ ਸ਼ਿਕਾਰ ਬਣਦੇ ਹਨ।
ਜਥੇਬੰਦੀਆਂ ਨੇ ਮੁਹਿੰਮ ਦੌਰਾਨ ਨੌਜਵਾਨ-ਵਿਦਿਆਰਥੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਆਪਣੀ ਸ਼ਕਤੀ ਸੌੜੇ ਹਾਕਮ ਜਮਾਤੀ ਸਿਆਸੀ ਮੰਤਵਾਂ ਦੀ ਭੇਟ ਚਾੜ੍ਹਨ ਦੀ ਥਾਂ ਆਪਣੇ ਹਕੀਕੀ ਮੁੱਦੇ ਉਭਾਰਨ ਤੇ ਪ੍ਰਚਾਰਨ ਦੇ ਲੇਖੇ ਲਾਉਣ।
ਮੁਹਿੰਮ ਦੌਰਾਨ ਉਭਾਰੀਆਂ ਜਾ ਰਹੀਆਂ ਮੰਗਾਂ ਵਿੱਚ ਜਿੱਥੇ ਸਿੱਖਿਆ ਤੇ ਰੁਜ਼ਗਾਰ ਦੇ ਹੱਕ ਦੀ ਜਾਮਨੀ ਦੀਆਂ ਮੰਗਾਂ ਪ੍ਰਮੁੱਖ ਹਨ, ਉੱਥੇ ਨੌਜਵਾਨਾਂ-ਵਿਦਿਆਰਥੀਆਂ ਦੀ ਤਰੱਕੀ-ਖੁਸ਼ਹਾਲੀ ਲਈ ਲੋੜੀਂਦੇ ਕਦਮ ਉਠਾਉਣ ਦੀ ਮੰਗ ਕੀਤੀ ਗਈ ਹੈ। ਹਰ ਨੌਜਵਾਨ ਨੂੰ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦੇਣ, ਸਭਨਾਂ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਦੇ ਕਦਮ ਫੌਰੀ ਵਾਪਸ ਲੈਣ, ਠੇਕੇ 'ਤੇ ਭਰਤੀ ਦੀ ਨੀਤੀ ਰੱਦ ਕਰਕੇ ਸਾਰੀਆਂ ਖਾਲੀ ਅਸਾਮੀਆਂ ਰੈਗੂਲਰ ਆਧਾਰ 'ਤੇ ਫੌਰੀ ਭਰਨ ਤੇ ਵਧਦੀ ਆਬਾਦੀ ਤੇ ਸੇਵਾਵਾਂ ਦੇ ਖੇਤਰ ਦੇ ਪਸਾਰੇ ਅਨੁਸਾਰ ਨਵੀਆਂ ਅਸਾਮੀਆਂ ਪੈਦਾ ਕਰਨ ਦੀ ਮੰਗ ਕੀਤੀ ਗਈ ਹੈ। ਭਰਤੀ ਪਰਕਿਰਿਆ ਵਿੱਚ ਪਾਰਦਰਸ਼ਤਾ ਯਕੀਨੀ ਕਰਨ, ਟੈਸਟਾਂ ਤੇ ਹੋਰਨਾਂ ਢੰਗਾਂ ਰਾਹੀਂ ਵੀ ਬੇਰੁਜ਼ਗਾਰਾਂ ਦੀ ਲੁੱਟ ਤੇ ਖੱਜਲ ਖੁਆਰੀ ਬੰਦ ਕਰਨ ਦੀ ਮੰਗ ਸ਼ਾਮਲ ਹੈ। ਸਿੱਖਿਆ ਖੇਤਰ ਨਾਲ ਸਬੰਧਤ ਮੰਗਾਂ ਵਿੱਚ ਸਿੱਖਿਆ ਦੇ ਨਿੱਜੀਕਰਨ, ਵਪਾਰੀਕਰਨ ਦੇ ਕਦਮ ਰੋਕਣ, ਪ੍ਰਾਈਵੇਟ ਸਕੂਲਾਂ-ਕਾਲਜਾਂ ਦੀਆਂ ਫੀਸਾਂ ਕਾਨੂੰਨੀ ਤੌਰ 'ਤੇ ਕੰਟਰੋਲ ਹੇਠ ਲਿਆਉਣ, ਸਿੱਖਿਆ ਬੱਜਟਾਂ ਵਿੱਚ ਵਾਧੇ ਕਰਨ ਤੇ ਵਿਦਿਆ ਨੂੰ ਰੁਜ਼ਗਾਰਮੁਖੀ ਬਣਾਉਣ ਅਤੇ ਕੌਮੀ ਵਿਕਾਸ ਦੀਆਂ ਲੋੜਾਂ ਅਨੁਸਾਰ ਚਲਾਉਣਾ ਆਦਿ ਸ਼ਾਮਲ ਹਨ। ਇਸ ਤੋਂ ਬਿਨਾ ਰੁਜ਼ਗਾਰ ਮੌਕੇ ਪੈਦਾ ਕਰਨ ਦੀ ਮੰਗ ਕਰਦਿਆਂ ਖੇਤੀ ਤੇ ਸਨਅੱਤ ਖੇਤਰਾਂ 'ਚੋਂ ਵਿਦੇਸ਼ੀ ਕੰਪਨੀਆਂ ਨੂੰ ਬਾਹਰ ਕਰਦਿਆਂ, ਇਹਨਾਂ ਖੇਤਰਾਂ ਨੂੰ ਰੁਜ਼ਗਾਰ ਮੁਖੀ ਲੀਹਾਂ 'ਤੇ ਚਲਾਉਣ ਦੀ ਮੰਗ ਕੀਤੀ ਗਈ ਹੈ। ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਭਾਰੀ ਟੈਕਸ ਛੋਟਾਂ ਦੇਣ ਦੀ ਨੀਤੀ ਰੱਦ ਕਰਕੇ, ਇਹ ਟੈਕਸ ਉਗਰਾਉਣ ਅਤੇ ਇਹ ਭਾਰੀ ਰਕਮਾਂ ਰੁਜ਼ਗਾਰ ਪੈਦਾ ਕਰਨ ਦੇ ਲੇਖੇ ਲਾਉਣ ਦੀ ਅਹਿਮ ਮੰਗ ਵੀ ਪ੍ਰਚਾਰੀ ਗਈ ਹੈ। ਰੱਖਿਆ ਬੱਜਟਾਂ 'ਤੇ ਭਾਰੀ ਰਕਮਾਂ ਰੋੜ੍ਹਨ ਅਤੇ ਮੰਤਰੀਆਂ-ਅਫਸਰਾਂ ਦੀਆਂ ਫੌਜਾਂ 'ਤੇ ਬੇਲੋੜੇ ਤੇ ਗੈਰ-ਉਪਜਾਊ ਖਰਚੇ ਬੰਦ ਕਰਨ 'ਤੇ ਲੋਕਾਂ ਲੇਖੇ ਲਾਉਣ ਦੀ ਮੰਗ ਵੀ ਸ਼ਾਮਲ ਹੈ। ਉਪਰੋਕਤ ਮੰਗਾਂ ਤੋਂ ਇਲਾਵਾ ਨਸ਼ਿਆਂ ਤੇ ਅਸ਼ਲੀਲ ਸਭਿਆਚਾਰ ਦਾ ਪਸਾਰਾ ਰੋਕਣ ਤੇ ਖੇਡਾਂ ਅਤੇ ਹੋਰਨਾਂ ਸਾਹਿਤਕ ਸਭਿਆਚਾਰਕ ਉਸਾਰੂ ਗਤੀਵਿਧੀਆਂ ਦਾ ਪਸਾਰਾ ਕਰਨ ਦੀ ਮੰਗ ਹੈ।
ਇਸ ਮੁਹਿੰਮ ਦੀ ਸ਼ੁਰੂਆਤ ਦੋਹਾਂ ਜਥੇਬੰਦੀਆਂ ਦੇ ਸਰਗਰਮ ਕਾਰਕੁੰਨਾਂ ਦੀ ਇਕੱਤਰਤਾ ਕਰਕੇ ਕੀਤੀ ਗਈ। ਬਠਿੰਡਾ ਵਿੱਚ ਇਕੱਤਰ ਹੋਏ ਪੌਣੇ ਦੋ ਸੌ ਦੇ ਲੱਗਭੱਗ ਕਾਰਕੁੰਨਾਂ ਨਾਲ ਦੋਹਾਂ ਜਥੇਬੰਦੀਆਂ ਦੇ ਆਗੂਆਂ ਨੇ ਉਪਰੋਕਤ ਮੰਗਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਇਹਨਾਂ ਮੰਗਾਂ ਨੂੰ ਨੌਜਵਾਨਾਂ ਤੱਕ ਉਭਾਰਨ-ਪ੍ਰਚਾਰਨ ਦੀ ਮਹੱਤਤਾ ਦਰਸਾਈ। ਇਹ ਨੁਕਤਾ ਜ਼ੋਰ ਨਾਲ ਉਭਾਰਿਆ ਗਿਆ ਕਿ ਉਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਨੌਜਵਾਨ ਕਿਸੇ ਪਾਰਟੀ ਤੋਂ ਝਾਕ ਨਾ ਰੱਖਣ ਸਗੋਂ ਆਪਣੀ ਜਥੇਬੰਦਕ ਤਾਕਤ ਉਸਾਰਨ ਤੇ ਸਖਤ ਸੰਘਰਸ਼ਾਂ ਦੇ ਰਾਹ ਪੈਣ। ਚੋਣ ਦੰਗਲ ਵਿੱਚ ਕੁੱਦੀਆਂ ਸਾਰੀਆਂ ਹੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੀਆਂ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨ 'ਤੇ ਇੱਕਮੱਤਤਾ ਹੈ ਤੇ ਇਹ ਨੀਤੀਆਂ ਦੇ ਲਾਗੂ ਹੋਣ ਨਾਲ ਨੌਜਵਾਨਾਂ ਤੋਂ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਖੁੱਸਣ ਦਾ ਅਮਲ ਹੋਰ ਤੇਜ਼ ਹੋਇਆ ਹੈ। ਕੋਈ ਪਾਰਟੀ ਕਹਿਣ ਨੂੰ ਜੋ ਮਰਜੀ ਕਹੇ ਪਰ ਉਹਦਾ ਇਹਨਾਂ ਨਿੱਜੀਕਰਨ, ਵਪਾਰੀਕਰਨ ਦੇ ਨੀਤੀ ਚੌਖਟੇ ਤੋਂ ਬਾਹਰ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਇਸ ਲਈ ਨੌਜਵਾਨਾਂ-ਵਿਦਿਆਰਥੀਆਂ ਕੋਲ ਆਪਣੀ ਆਜ਼ਾਦ ਜਥੇਬੰਦਕ ਤਾਕਤ ਉਸਾਰਨ ਤੇ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਇਸ ਲਈ ਜਿੱਥੇ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਵੱਖ ਵੱਖ ਟਰੇਨਿੰਗ ਪ੍ਰਾਪਤ ਬੇਰਜ਼ਗਾਰ ਨੌਜਵਾਨਾਂ ਨੂੰ ਸਾਂਝਾ ਸੰਘਰਸ਼ ਜਥੇਬੰਦ ਕਰਨ ਦੀ ਜ਼ਰੂਰਤ ਹੈ, ਉੱਥੇ ਵਿਸ਼ਾਲ ਗਿਣਤੀ ਨੌਜਵਾਨਾਂ ਨੂੰ ਨਾਲ ਲੈ ਕੇ ਬੇਰੁਜ਼ਗਾਰੀ ਦੇ ਹੱਲੇ ਖਿਲਾਫ ਸਾਂਝੀ ਲਹਿਰ ਉਸਾਰਨੀ ਪੈਣੀ ਹੈ।
ਬਠਿੰਡੇ ਵਿੱਚ ਹੋਈ ਇਕੱਤਰਤਾ ਦੀ ਸਮਾਪਤੀ 'ਤੇ ਸ਼ਹਿਰ ਵਿੱਚ ਮਾਰਚ ਵੀ ਕੀਤਾ ਗਿਆ, ਜਿਸ ਦੌਰਾਨ ਕਾਰਕੁੰਨਾਂ ਨੇ ਮੰਗਾਂ ਦਰਸਾਉਂਦੇ ਬੈਨਰ ਮਾਟੋ ਭਾਰੀ ਗਿਣਤੀ ਵਿੱਚ ਚੁੱਕੇ ਹੋਏ ਸਨ। ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਲੱਗਭੱਗ 20 ਦਿਨ ਤੱਕ ਵੱਖ ਵੱਖ ਖੇਤਰਾਂ ਦੇ ਪਿੰਡਾਂ ਵਿੱਚ ਜਿੱਥੇ ਨੌਜਵਾਨਾਂ ਦੀਆਂ ਭਰਵੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ ਹਨ, ਉੱਥੇ ਜਾਗੋ ਮਾਰਚਾਂ ਅਤੇ ਨਾਟਕ ਸਮਾਗਮਾਂ ਰਾਹੀਂ ਆਮ ਲੋਕਾਂ ਤੱਕ ਵੀ ਪਹੁੰਚ ਕੀਤੀ ਗਈ ਹੈ। ਕਈ ਪਿੰਡਾਂ ਵਿੱਚ ਉਪਰੋਕਤ ਮੰਗਾਂ ਦਰਸਾਉਂਦੇ ਕੰਧ ਨਾਅਰੇ ਵੀ ਲਿਖੇ ਗਏ ਹਨ ਤੇ ਸੂਬਾ ਕਮੇਟੀਆਂ ਵੱਲੋਂ ਜਾਰੀ ਪੋਸਟਰ ਸਭਨਾਂ ਕੰਮ ਖੇਤਰਾਂ ਵਿੱਚ ਭਾਰੀ ਗਣਿਤੀ ਵਿੱਚ ਲਗਾਇਆ ਗਿਆ ਹੈ।
ਮਾਰਚ ਮਹੀਨਾ ਹੋਣ ਕਰਕੇ ਵੱਖ ਵੱਖ ਥਾਵਾਂ 'ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਨ ਵੀ ਮਨਾਇਆ ਗਿਆ ਹੈ ਅਤੇ ਸ਼ਹੀਦਾਂ ਦੇ ਇਨਕਲਾਬੀ ਵਿਚਾਰਾਂ ਤੋਂ ਪ੍ਰੇਰਨਾ ਲੈਣ ਅਤੇ ਸਮਾਜ ਵਿੱਚ ਆਪਣੀ ਬਣਦੀ ਇਨਕਲਾਬੀ ਭੂਮਿਕਾ ਅਦਾ ਕਰਨ ਦਾ ਸੰਦੇਸ਼ ਵੀ ਦਿੱਤਾ ਗਿਆ ਹੈ।
No comments:
Post a Comment