ਸੁਰਖ਼ ਲੀਹ ਕਮਿਊਨਿਸਟ ਵਿਚਾਰਧਾਰਾ ਅਤੇ ਸਿਆਸਤ ਨੂੰ ਸਮਰਪਿਤ ਹੈ। ਇਸ ਦਾ ਮਕਸਦ ਜਨਤਾ ਨੂੰ ਲੋਕ ਇਨਕਲਾਬ ਦੀ ਲੋੜ ਅਤੇ ਮਹੱਤਵ ਬਾਰੇ ਜਾਗਰਤ ਕਰਨਾ ਅਤੇ ਮੌਜੂਦਾ ਲੋਕ ਦੋਖੀ ਰਾਜ-ਪ੍ਰਬੰਧ ਨੂੰ ਬਦਲ ਕੇ ਅਸਲੀ ਲੋਕ ਰਾਜ ਕਾਇਮ ਕਰਨਾ ਹੈ। ਅਸੀਂ ਲੋਕਾਂ ਦੀ ਮੁਕਤੀ ਦੇ ਕਾਰਜ ਨੂੰ ਸਮਰਪਤ ਇਸ ਪ੍ਰਕਾਸ਼ਨ ਲਈ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕਰਦੇ ਹਾਂ। ਲੰਮਾ ਸਮਾਂ ਸੁਰਖ ਰੇਖਾ ਵਜੋਂ ਨਿਕਲਦੇ ਰਹੇ ਇਸ ਪਰਚੇ ਦਾ ਨਾਮ ਕੁਝ ਤਕਨੀਕੀ ਕਾਰਨਾਂ ਕਰਕੇ ਬਦਲ ਕੇ ਹੁਣ ਸੁਰਖ਼ ਲੀਹ ਕਰ ਦਿੱਤਾ ਗਿਆ ਹੈ।
Friday, November 15, 2013
ਜ਼ਮੀਨਾਂ ਕਾਰਪੋਰੇਟ ਕੰਪਨੀਆਂ ਨੂੰ ਲੁਟਾਉਣ ਦੀ ਤਿਆਰੀ
ਸਾਂਝੀਆਂ/ਸ਼ਾਮਲਾਟ ਜ਼ਮੀਨਾਂ ਬਾਰੇ ਸਰਕਾਰ ਦਾ ਫੈਸਲਾ
ਜ਼ਮੀਨਾਂ ਕਾਰਪੋਰੇਟ ਕੰਪਨੀਆਂ ਨੂੰ ਲੁਟਾਉਣ ਦੀ ਤਿਆਰੀ
ਪੰਜਾਬ ਦੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਦੀ ਮਾਲਕੀ, ਕੰਟਰੋਲ ਅਤੇ ਵਰਤੋਂ ਸਬੰਧੀ ਨੀਤੀ-ਕਾਨੂੰਨ 'ਚ ਸੋਧ ਕਰਨ ਲਈ, ਪੰਚਾਇਤ ਵਿਭਾਗ ਨੇ ਸੋਚ-ਵਿਚਾਰ ਕਰਕੇ, ਖਰੜਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਇਸ ਸੋਧ ਮੁਤਾਬਕ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ (ਸ਼ਾਮਲਾਟ ਤੇ ਮੁਸ਼ਤਰਕਾ ਮਾਲਿਕਾਨਾ) ਦੀ ਮਾਲਕੀ ਤੇ ਕੰਟਰੋਲ ਦਾ ਅਧਿਕਾਰ, ਪੰਚਾਇਤਾਂ ਤੋਂ ਖੋਹ ਕੇ ਪੰਜਾਬ ਸਰਕਾਰ ਦੇ ਹਵਾਲੇ ਕਰ ਦੇਣਾ ਹੈ।
ਪੰਚਾਇਤ ਵਿਭਾਗ ਤੇ ਪੰਜਾਬ ਸਰਕਾਰ ਦੀ ਸਾਂਝੀ ਦਲੀਲ ਇਹ ਹੈ ਕਿ ਬਿਜਲੀ ਦੀ ਥੁੜ੍ਹੋਂ ਨੂੰ ਪੂਰਾ ਕਰਨ ਲਈ ਗੈਰ-ਰਵਾਇਤੀ ਊਰਜਾ (ਸੂਰਜੀ ਬਿਜਲੀ ਤੇ ਕੱਖ-ਕਾਨੇ ਤੋਂ ਬਣਨ ਵਾਲੀ ਬਾਇਓ ਐਨਰਜੀ) ਪੈਦਾ ਕਰਨ ਵਾਲੇ ਪਲਾਂਟ, ਪ੍ਰਾਈਵੇਟ ਕੰਪਨੀਆਂ ਤੋਂ ਲੁਆਏ ਜਾਣਗੇ। ਕੰਪਨੀਆਂ ਨੂੰ ਇਹ 'ਭਲੇ' ਦਾ ਕੰਮ ਕਰਨ ਖਾਤਰ ਥਾਵਾਂ/ਜ਼ਮੀਨਾਂ ਦੀ ਲੋੜ ਹੈ। ਤੇ ਇਸ ਲੋੜ ਦੀ ਪੂਰਤੀ ਲਈ, ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਇਹਨਾਂ ਨੂੰ 99 ਸਾਲਾ ਪਟੇ 'ਤੇ ਦੇਣੀਆਂ ਹਨ। 'ਕੱਲੀ 'ਕੱਲੀ ਪੰਚਾਇਤ ਨੂੰ ਸਹਿਮਤ ਕਰਕੇ ਮਤੇ ਪੁਆਉਣੇ ਤੇ ਕੰਪਨੀਆਂ ਨੂੰ ਜ਼ਮੀਨ ਮੁਹੱਈਆ ਕਰਵਾਉਣੀ, ਇੱਕ ਲੰਬਾ, ਔਖਾ ਤੇ ਗੁੰਝਲਦਾਰ ਖਲਜਗਣ ਹੈ। ਮਾਲਕੀ ਹੱਕ ਸਰਕਾਰ ਕੋਲ ਜਾਣ ਨਾਲ ਪੰਚਾਇਤਾਂ ਤੋਂ ਮਤੇ ਪੁਆਉਣ ਦਾ ਸਾਰਾ ਝੰਜਟ ਖਤਮ। ਨਾ ਰਹੇ ਬਾਂਸ ਤੇ ਨਾ ਵਜੇ ਬਾਂਸੁਰੀ।
ਪੰਜਾਬ ਅੰਦਰ ਪੰਚਾਇਤਾਂ ਦੀ ਮਾਲਕੀ ਹੇਠਲੀ ਕੁੱਲ 1 ਲੱਖ 55 ਹਜ਼ਾਰ ਏਕੜ ਜ਼ਮੀਨ 'ਚੋਂ 40 ਹਜ਼ਾਰ ਏਕੜ, ਸਿਆਸੀ ਅਸਰ-ਰਸੂਖ ਰੱਖਦੇ ਧਨਾਢਾਂ ਦੇ ਨਾਜਾਇਜ਼ ਕਰਜ਼ੇ ਹੇਠ ਹੈ। ਪਰ ਤਾਂ ਵੀ ਪੰਚਾਇਤਾਂ ਇਹਨਾਂ ਸਾਂਝੀਆਂ ਜ਼ਮੀਨਾਂ 'ਚੋਂ ਕੁੱਝ ਹਿੱਸੇ ਨੂੰ ਸਾਂਝੇ ਕੰਮਾਂ ਲਈ ਵਰਤ ਸਕਦੀਆਂ ਹਨ। ਬਾਕੀ ਨੂੰ ਠੇਕੇ 'ਤੇ ਦੇ ਕੋ ਹੋਈ ਆਮਦਨ ਨਾਲ (ਛਕਣ-ਛਕੰਤਰ ਕਰਦੀਆਂ ਹੋਈਆਂ ਵੀ) ਗਲੀਆਂ ਦੇ ਬਲਬਾਂ ਤੇ ਬਿਜਲੀ ਦੇ ਬਿੱਲ ਤਾਰਦੀਆਂ, ਸਫਾਈ ਸੇਵਕਾਂ ਨੂੰ ਤਨਖਾਹ ਦਿੰਦੀਆਂ ਤੇ ਪੰਚਾਇਤ-ਘਰਾਂ ਦੀ ਮੁਰੰਮਤ ਕਰਵਾਉਂਦੀਆਂ ਸਨ। ਇਹਨਾਂ ਜ਼ਮੀਨਾਂ ਦੇ ਤੀਜੇ ਹਿੱਸੇ ਨੂੰ ਪਛੜੀਆਂ ਜਾਤੀਆਂ ਨਾਲ ਸਬੰਧਤ ਗਰੀਬਾਂ ਨੂੰ ਠੇਕੇ 'ਤੇ ਦੇਣਾ ਲਾਜ਼ਮੀ ਸੀ। ਅੱਗੇ ਠੇਕੇ ਤੋਂ ਹੋਈ ਕੁੱਲ ਆਮਦਨ 'ਚੋਂ ਤੀਜਾ ਹਿੱਸਾ ਇਹਨਾਂ ਪਛੜੇ ਹਿੱਸਿਆਂ (ਵਿਹੜੇ ਵਾਲੇ ਪਾਸੇ) ਦੀ ਭਲਾਈ ਵਾਸਤੇ ਖਰਚਣਾ ਜ਼ਰੂਰੀ ਸੀ। ਗਰੀਬ ਅਤੇ ਬੇਘਰੇ ਲੋਕਾਂ ਨੂੰ ਘਰਾਂ ਲਈ ਪਲਾਟ ਵੀ ਇਸੇ ਜ਼ਮੀਨ 'ਚੋਂ ਦੇਣੇ ਹੁੰਦੇ ਸਨ।
ਪੰਚਾਇਤਾਂ ਉੱਤੇ ਕਾਬਜ਼ ਪਿੰਡਾਂ ਦੇ ਜਾਗੀਰੂ ਹਿੱਸਿਆਂ ਤੇ ਲੋਕ-ਦੋਖੀ ਕਿਰਦਾਰ ਦੀ ਮਾਲਕ ਅਫਸਰਸ਼ਾਹੀ ਦੀ ਮਿਲੀਭੁਗਤ ਕਰਕੇ, ਚਾਹੇ ਉਪਰੋਕਤ ਕੰਮਾਂ 'ਚੋਂ ਲਾਗੂ ਤਾਂ ਪਹਿਲਾਂ ਵੀ ਘੱਟ-ਵੱਧ ਹੀ ਹੁੰਦੇ ਸਨ। ਪਰ ਜ਼ਮੀਨਾਂ ਦੀ ਮਾਲਕੀ ਸਰਕਾਰ ਕੋਲ ਜਾਣ ਨਾਲ, ਸਭੇ ਨਾਮ-ਨਿਹਾਦ ਸੁਧਾਰਕ ਕੰਮਾਂ ਦੀ ਬਿਲਕੁੱਲ ਹੀ ਸਫ਼ ਵਲੇਟੀ ਜਾਏਗੀ। ਪੰਚਾਇਤਾਂ, ਪੱਖ-ਪਾਤੀ ਢੰਗ ਨਾਲ ਦਿੱਤੀਆਂ ਜਾਂਦੀਆਂ, ਲੋਕਾਂ ਦੀ ਲੋੜ ਤੋਂ ਕਿਤੇ ਊਣੀਆਂ (ਊਠ ਦੇ ਬੁੱਲ-ਨੁਮਾ) ਸਰਕਾਰੀ ਗਰਾਂਟਾਂ ਦੀਆਂ ਮੁਥਾਜ ਹੋ ਕੇ ਰਹਿ ਜਾਣਗੀਆਂ। ਗਰੀਬ ਤੇ ਬੇਘਰੇ ਲੋਕਾਂ ਨੂੰ, ਪੰਚਾਇਤ ਦੀ ਮਾਲਕੀ ਅਧੀਨ ਜ਼ਮੀਨ 'ਚੋਂ ਪਲਾਟ ਦੇਣ ਦਾ ਤਾਂ ਫਿਰ ਸੁਆਲ ਹੀ ਪੈਦਾ ਨਹੀਂ ਹੁੰਦਾ। ਦੂਜੇ ਪਾਸੇ, ਗੈਰ-ਰਵਾਇਤੀ ਊਰਜਾ ਪੈਦਾ ਕਰਨ ਵਾਲੀਆਂ ਕੰਪਨੀਆਂ ਦੇ ਵਾਰੇ-ਨਿਆਰੇ ਹੋ ਜਾਣਗੇ। ਵੈਸੇ ਕੰਪਨੀ ਤੇ ਟਰੱਸਟ ਆਦਿ ਅਜਿਹੇ ਨਾਂ ਤੇ ਸ਼ਬਦ ਹਨ, ਜਿਹਨਾਂ ਦੇ ਪਿੱਛੇ ਲੁਟੇਰੇ, ਜਾਬਰ ਤੇ ਭ੍ਰਿਸ਼ਟ ਵੱਡੇ ਸਰਮਾਏਦਾਰਾਂ ਤੇ ਜਾਗੀਰਦਾਰਾਂ ਬਾਰੇ ਅਸਲ ਹਕੀਕਤ ਛੁਪੀ ਰਹਿੰਦੀ ਹੈ। ਉਦਾਹਰਨ ਵਜੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਡੱਬਵਾਲੀ, ਰਾਜ, ਗਰੀਨ ਤੇ ਔਰਬਿਟ ਆਦਿ ਬੱਸ ਕੰਪਨੀਆਂ, ਮੁੱਖ ਮੰਤਰੀ ਬਾਦਲ ਦੀਆਂ ਹਨ। ਕਰਤਾਰ ਬੱਸ ਕੰਪਨੀ ਅਵਤਾਰ ਹੈਨਰੀ ਦੀ ਤੇ ਪਿਆਰ ਬੱਸ ਕੰਪਨੀ ਜਸਬੀਰ ਡਿੰਪੇ ਦੀ ਹੈ। ਗੈਰ-ਰਵਾਇਤੀ ਊਰਜਾ ਪੈਦਾ ਕਰਨ ਵਾਲੀਆਂ ਕੰਪਨੀਆਂ ਵੀ ਅਸਮਾਨੋਂ ਨਹੀਂ ਉੱਤਰਨਗੀਆਂ। ਸਗੋਂ ਇਹਨਾਂ ਹੀ ਮੌਕਾਪ੍ਰਸਤ ਰਾਜਸੀ ਆਗੂਆਂ ਤੇ ਕੁੱਝ ਹੋਰ ਦੇਸੀ-ਬਦੇਸੀ ਵੱਡੇ ਸਰਮਾਏਦਾਰਾਂ ਦੇ ਹਿੱਸੇ/ਪੱਤੀਆਂ 'ਤੇ ਆਧਾਰਤ ਹੋਣਗੀਆਂ। ਇਹਨਾਂ ਨੂੰ ਪਲਾਂਟ ਲਾਉਣ ਲਈ ਲੋੜੀਂਦੀ ਜ਼ਮੀਨ ਖਰੀਦਣ ਲਈ ਯੱਕਮੁਸ਼ਤ ਪੈਸਾ ਖਰਚਣ ਦੀ ਲੋੜ ਨਹੀਂ ਪਵੇਗੀ। ਪਲਾਂਟਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਉਹ, ਲੋਕਾਂ ਨੂੰ ਮਹਿੰਗੇ ਭਾਅ 'ਤੇ ਵੇਚ ਕੇ, ਪਟੇ 'ਤੇ ਲਈ ਜ਼ਮੀਨ ਦਾ ਸਾਲਾਨਾ ਠੇਕਾ ਤਾਰਦੇ ਰਹਿਣਗੀਆਂ। ਕੰਪਨੀਆਂ ਦੇ ਮਾਲਕ ਵੱਡੇ ਸਰਮਾਏਦਾਰ ਤੇ ਜਾਗੀਰਦਾਰ, ਇਹ ਵੀ ਸੋਚੀ ਬੈਠੇ ਨੇ ਕਿ 99 ਸਾਲਾਂ ਮਗਰੋਂ (4 ਪੀੜ੍ਹੀਆਂ ਬਾਅਦ) 'ਕਿਹੜਾ ਰਾਜਾ ਤੇ ਕੀਹਦੀ ਪਰਜਾ' ਹੋਵੇਗੀ ਤੇ ਜ਼ਮੀਨਾਂ ਤਾਂ ਫਿਰ ਕੀਹਨੇ ਛੱਡਣੀਆਂ ਨੇ।
ਲੋਕ-ਵਿਰੋਧ ਦੇ ਡਰੋਂ ਇੱਕ ਵਾਰ ਸਰਕਾਰ ਨੇ, ਇਸ ਨੀਤੀ ਵਿੱਚ ਸੋਧ ਕਰਨ ਦੇ ਅਮਲ ਨੂੰ ਟਾਲ ਦਿੱਤਾ ਹੈ। ਪਰ ਇਸੇ ਦਿਸ਼ਾ ਵਿੱਚ ਅੱਗੇ ਵਧਦਿਆਂ, ਪੰਚਾਇਤ ਵੱਲੋਂ ਮਤੇ ਪੁਆ ਕੇ ਬਿਨਾ ਬੋਲੀ ਤੋਂ ਹੀ ਇਹਨਾਂ ਕੰਪਨੀਆਂ ਨੂੰ 33 ਸਾਲਾ ਪਟੇ 'ਤੇ ਜ਼ਮੀਨਾਂ ਮੁਹੱਈਆ ਕਰਵਾਉਣ ਦਾ ਫੈਸਲਾ ਕਰ ਲਿਆ ਹੈ। ਲੀਜ਼ ਮਨੀ ਭਾਵ ਸਾਲਾਨਾ ਠੇਕੇ ਦੀ ਕੀਮਤ ਤਹਿ ਕਰਨ ਦਾ ਅਧਿਕਾਰ ਪੰਚਾਇਤਾਂ ਤੋਂ ਖੋਹ ਕੇ ਪੰਚਾਇਤ ਵਿਭਾਗ ਤੇ ਜ਼ਿਲ੍ਹਾ ਅਫਸਰਾਂ ਅਤੇ ਡੀ.ਸੀ. ਨੂੰ ਦੇ ਦਿੱਤਾ ਹੈ। ਸੂਬਾ ਸਰਕਾਰ ਦਾ ਇਹ ਫੈਸਲਾ ਭਾਰਤੀ ਹਾਕਮਾਂ ਵੱਲੋਂ ਮੁਲਕ ਦੀ ਜ਼ਮੀਨ-ਜਾਇਦਾਦ ਅਤੇ ਦੌਲਤ-ਖਜ਼ਾਨਿਆਂ ਨੂੰ ਕੌਡੀਆਂ-ਭਾਅ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀ ਲੋਕ-ਦੁਸ਼ਮਣ ਮੁਹਿੰਮ ਦਾ ਹੀ ਇੱਕ ਹਿੱਸਾ ਹੈ
ਢੀਠਤਾਈ ਦੀ ਹੱਦ ਇਹ ਕਿ ਪੰਚਾਇਤ ਵਿਭਾਗ ਦਾ ਮੰਤਰੀ ਸੁਰਜੀਤ ਸਿੰਘ ਰੱਖੜਾ ਇਸ ਲੋਕ-ਦੋਖੀ ਫੈਸਲੇ 'ਤੇ ਪਰਦਾ ਪਾਉਣ ਲਈ , ਨਾਲੋ ਨਾਲ ਬੁਲੰਦ-ਬਾਗ ਦਾਹਵੇ ਕਰੀ ਜਾ ਰਿਹੈ ਕਿ ਪੰਚਾਇਤਾਂ ਨੂੰ ਵੱਧ ਅਧਿਕਾਰ ਦੇ ਕੇ, ਪਿੰਡਾਂ ਦੇ ਵਿਕਾਸ ਕੰਮਾਂ ਵਿੱਚ ਆਈ ਖੜੋਤ ਨੂੰ ਦੂਰ ਕੀਤਾ ਜਾਏਗਾ ਤੇ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਮੌਜੂਦਾ ਹਕੂਮਤੀ ਢਾਂਚੇ ਦੇ ਮੁਢਲੇ ਅਦਾਰੇ- ਪੰਚਾਇਤ- ਤੋਂ ਉਸਦੀ ਆਮਦਨ ਦਾ ਵੱਡਾ ਸੋਮਾ (ਜ਼ਮੀਨ ਮਾਲਕੀ) ਖੋਹ ਕੇ, ਵੱਧ ਅਧਿਕਾਰ ਕਿਹੜੇ ਰਹਿ ਜਾਣਗੇ ਤੇ ਪਿੰਡਾਂ ਦਾ ਵਿਕਾਸ ਕਿਵੇਂ ਤੇ ਕਾਹਦੇ ਨਾਲ ਕਰਨੈ? ਇਹ ਗੱਲ ਲੋਕਾਂ ਦੀ ਸਮਝੋਂ ਬਾਹਰ ਹੈ।
ਅਕਾਲੀ ਪਾਰਟੀ ਨੇ ਜਦੋਂ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਤੇ ਮੁਦੱਈ ਵਜੋਂ ਪੇਸ਼ ਹੋਣਾ ਹੋਵੇ, ਤਾਂ ਇਹ ਤਾਕਤਾਂ ਦੇ ਵਿਕੇਂਦਰੀਕਰਨ ਦੀ ਬੂ-ਦੁਹਾਈ ਪਾਉਂਦੀ ਹੈ। ਭਾਵ ਕੇਂਦਰ ਸਰਕਾਰ ਕੋਲ ਕਰੰਸੀ, ਵਿਦੇਸ਼ ਤੇ ਸੁਰੱਖਿਆ ਆਦਿ ਸਬੰਧੀ ਅਧਿਕਾਰਾਂ ਤੋਂ ਬਿਨਾ ਬਾਕੀ ਸਾਰੇ ਅਧਿਕਾਰ ਸੂਬਾ ਸਰਕਾਰ ਕੋਲ ਹੋਣਾ ਲੋਚਦੀ ਹੈ। ਪਰ ਜਦੋਂ ਇਹੀ ਵਿਕੇਂਦਰੀਕਰਨ ਇਸ ਨੇ ਆਪ ਲਾਗੂ ਕਰਨਾ ਹੁੰਦੈ ਤਾਂ ਇਸਦਾ ਅਮਲ ਬਿਲਕੁੱਲ ਉਲਟ ਹੁੰਦਾ ਹੈ। ਪੰਚਾਇਤਾਂ, ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਆਦਿ 'ਸਥਾਨਕ ਸਰਕਾਰਾਂ' ਤੋਂ ਨਾਮ-ਨਿਹਾਦ ਅਧਿਕਾਰਾਂ ਨੂੰ ਵੀ ਖੋਂਹਦੀ ਤੁਰੀ ਜਾਂਦੀ ਹੈ ਅਤੇ ਆਪਣੇ ਹੱਥਾਂ ਵਿੱਚ ਕੇਂਦਰਤ ਕਰਦੀ ਜਾ ਰਹੀ ਹੈ। ਉੱਪਰ ਸੂਬਾ ਸਰਕਾਰ ਅੰਦਰ ਵੀ ਵਿਧਾਨ ਸਭਾ ਦੀ ਪੁੱਛ-ਪ੍ਰਤੀਤ ਲੱਗਭੱਗ ਜ਼ੀਰੋ ਕਰਕੇ, ਸਾਰੇ ਮਹੱਤਵਪੂਰਨ ਫੈਸਲੇ ਮੰਤਰੀਮੰਡਲ ਹੀ ਕਰੀ ਜਾਂਦਾ ਹੈ। ਅੱਗੇ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਪੰਜਾਬ ਸਰਕਾਰ ਦਾ ਮੁੱਖ ਸਕੱਤਰ ਤੇ ਸਬੰਧਤ ਵਿਭਾਗ ਦਾ ਮੰਤਰੀ, ਤਿੰਨੋਂ ਮਿਲ ਕੇ ਕਿਸੇ ਵੀ ਵਿਭਾਗ ਨਾਲ ਸਬੰਧਤ ਜੋ ਮਰਜ਼ੀ ਫੈਸਲੇ ਕਰ ਸਕਣ ਦੀ ਪ੍ਰਵਾਨਗੀ ਲੈ ਲਈ ਹੈ। ਇਹ ਹਨ, ਅਕਾਲੀ ਪਾਰਟੀ ਤੇ ਪੰਜਾਬ ਸਰਕਾਰ ਵੱਲੋਂ ਪ੍ਰਚਾਰੇ ਜਾਂਦੇ ਵਿਕੇਂਦਰੀਕਰਨ ਦੇ ਮੋਟੇ-ਜਿਹੇ ਦਰਸ਼ਨ-ਦੀਦਾਰ।
ਸੋ ਪੇਂਡੂ ਵਸੋਂ ਦੇ ਸਭਨਾਂ ਪ੍ਰਭਾਵਿਤ ਹਿੱਸਿਆਂ ਭਾਵ ਕਿਸਾਨਾਂ ਤੇ ਖਾਸ ਕਰਕੇ ਖੇਤ ਮਜ਼ਦੂਰਾਂ ਨੂੰ, ਉਹਨਾਂ ਦੀ ਜ਼ਿੰਦਗੀ ਨੂੰ ਹੋਰ ਦੁੱਭਰ ਬਣਾਉਣ ਜਾ ਰਹੇ, ਪੰਚਾਇਤਾਂ ਤੋਂ ਸਾਂਝੀ ਜ਼ਮੀਨ ਉੱਤੇ ਹੱਕ ਨੂੰ ਖੋਹ ਕੇ ਪੰਜਾਬ ਸਰਕਾਰ ਦੇ ਆਪਣੇ ਹੱਥ ਹੇਠ ਕਰ ਲੈਣ ਵਾਲੇ, ਉਪਰੋਕਤ ਸੁਝਾਅ ਅਤੇ ਫੈਸਲੇ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਤੇ ਅਕਾਲੀ ਪਾਰਟੀ ਦੇ ਦੰਭੀ ਵਿਕੇਂਦਰੀਕਰਨ ਦਾ ਪਾਜ ਉਘਾੜਨਾ ਚਾਹੀਦਾ ਹੈ।
ਸ਼ੋਕ-ਸੁਨੇਹਾ
ਸ਼ੋਕ-ਸੁਨੇਹਾ
ਅਦਾਰਾ ਸੁਰਖ਼ ਰੇਖਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਅਤੇ ਸਾਹਿਤਕਾਰ ਤਲਵਿੰਦਰ ਸਿੰਘ ਅਤੇ ਉਸਦੀ ਪਤਨੀ ਦੀ ਇੱਕ ਸੜਕ ਦੁਰਘਟਨਾ ਵਿੱਚ ਹੋਈ ਮੌਤ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਾ ਹੈ ਅਤੇ ਕੇਂਦਰੀ ਲੇਖਕ ਸਭਾ ਦੇ ਸਮੁਹ ਮੈਂਬਰਾਨ, ਪਰਿਵਾਰ ਅਤੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ। ਪੰਜਾਬ ਦੇ ਪਿੰਡਾਂ 'ਚ ਜ਼ਮੀਨਾਂ ਹੜੱਪਣ ਦਾ ਕਾਲਾ ਧੰਦਾ ਜਾਰੀ
ਜਸਟਿਸ ਕੁਲਦੀਪ ਸਿੰਘ ਰਿਪੋਰਟ ਦਾ ਖੁਲਾਸਾ
ਪੰਜਾਬ ਦੇ ਪਿੰਡਾਂ 'ਚ ਜ਼ਮੀਨਾਂ ਹੜੱਪਣ ਦਾ ਕਾਲਾ ਧੰਦਾ ਜਾਰੀ
ਸਾਮਰਾਜੀ ਅਤੇ ਦੇਸੀ ਕਾਰਪੋਰੇਟ ਕੰਪਨੀਆਂ, ਜਾਗੀਰਦਾਰਾਂ, ਮੌਕਾਪ੍ਰਸਤ ਸਿਆਸਤਦਾਨਾਂ, ਵੱਡੇ ਅਫਸਰਾਂ ਦੇ ਲੋਕ-ਦੁਸ਼ਮਣ ਲਾਣੇ ਵੱਲੋਂ ਮੁਲਕ ਦੀਆਂ ਜ਼ਮੀਨਾਂ, ਜੰਗਲ, ਪਾਣੀ, ਖਣਿਜ ਪਦਾਰਥ, ਕੀਮਤੀ ਵਸੀਲਿਆਂ ਅਤੇ ਸਰਕਾਰੀ ਜਾਇਦਾਦਾਂ ਨੂੰ ਕੌਡੀਆਂ ਭਾਅ ਹੜੱਪਣ ਲਈ ਜ਼ੋਰਦਾਰ ਧਾੜਵੀ ਹੱਲਾ ਵਿੱਢਿਆ ਹੋਇਆ ਹੈ। ਮੁਲਕ ਦੇ ਕੋਨੇ ਕੋਨੇ ਵਿੱਚ ਇਸ ਧਾੜਵੀ ਲਾਣੇ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਕਾਰਵਾਈਆਂ ਇਹਨਾਂ ਦੀ ਆਪਸੀ ਖਹਿਬੜਬਾਜ਼ੀ ਕਰਕੇ ਕਈ ਅਖਬਾਰੀ ਤੇ ਮੀਡੀਆ ਚਰਚਾ ਵਿੱਚ ਆਉਂਦੀਆਂ ਰਹਿੰਦੀਆਂ ਹਨ।
ਅੱਜ ਕੱਲ੍ਹ ਚੰਡੀਗੜ੍ਹ ਲਾਗਲੇ ਪੰਜਾਬ ਦੇ ਪਿੰਡਾਂ ਦੀ ਪੰਚਾਇਤੀ/ਸ਼ਾਮਲਾਟ ਜ਼ਮੀਨ ਦੇ ਮੌਕਾਪ੍ਰਸਤ ਸਿਆਸੀ ਚੌਧਰੀਆਂ ਅਤੇ ਵੱਡੇ ਸਰਕਾਰੀ ਅਧਿਕਾਰੀਆਂ ਵੱਲੋਂ ਹੜੱਪਣ ਦੇ ਕਿੱਸੇ ਅਖਬਾਰੀ ਚਰਚਾ ਦਾ ਭਖਵਾਂ ਵਿਸ਼ਾ ਬਣੇ ਹੋਏ ਹਨ। ਮੌਕਾਪ੍ਰਸਤ ਅਕਾਲੀ ਅਤੇ ਕਾਂਗਰਸੀ ਆਗੂਆਂ ਵਲੋਂ ਇਸ ਮਾਮਲੇ ਵਿੱਚ ਇੱਕ ਦੂਜੇ ਦੇ ਪੋਤੜੇ ਫਰੋਲਣ ਦੀ ਦੌੜ ਲੱਗੀ ਹੋਈ ਹੈ। ਇੱਕ ਦੂਜੀ ਧਿਰ ਨਾਲ ਸਬੰਧਤ ਵਿਅਕਤੀਆਂ ਨੂੰ ਕੋਸਣ ਤੇ ਕਟਹਿਰੇ ਵਿੱਚ ਖੜ੍ਹਾਉਣ ਅਤੇ ਆਪੋ ਆਪਣਾ ਦਾਮਨ ਪਾਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜਦੋਂ ਕਿ ਹਕੀਕਤ ਇਹ ਹੈ ਕਿ ਇਹਨਾਂ ਮੌਕਾਪ੍ਰਸਤ ਸਿਆਸੀ ਚੌਧਰੀਆਂ 'ਚੋਂ ਕਿਸੇ ਦਾ ਵੀ ਦਾਮਨ ਪਾਕ ਨਹੀਂ। ਇਹਨਾਂ ਸਭ ਦਾ ਦਾਮਨ ਦਾਗ਼ੀ ਹੈ। ਲੋਕ-ਦੋਖੀ ਕਰਤੂਤਾਂ ਨਾਲ ਬੁਰੀ ਤਰ੍ਹਾਂ ਲਿੱਬੜਿਆ ਹੋਇਆ ਹੈ। ਸਰਕਾਰੀ ਖਜ਼ਾਨੇ ਨੂੰ ਸੰਨ੍ਹ ਲਾਉਣ, ਰਾਜ-ਭਾਗ ਦੇ ਅਸਰਰਸੂਖ ਨਾਲ ਸਰਕਾਰੀ ਤੇ ਜਨਤਕ ਜਾਇਦਾਦਾਂ ਹੜੱਪਣ, ਦੇਸੀ-ਵਿਦੇਸ਼ੀ ਕਾਰਪੋਰੇਟਾਂ ਤੋਂ ਦਲਾਲੀ ਰਾਹੀਂ ਗੋਗੜਾਂ ਭਰਨ, ਕਾਰੋਬਾਰਾਂ 'ਤੇ ਕਬਜ਼ੇ ਕਰਦਿਆਂ ਹਰਾਮ ਦੀ ਮਾਇਆ ਇਕੱਠੀ ਕਰਨ ਵਰਗੇ ਕਾਲੇ ਧੰਦਿਆਂ ਨਾਲ ਬਦਰੰਗਿਆ ਹੋਇਆ ਹੈ।
ਚੰਡੀਗੜ੍ਹ ਨੇੜਲੇ ਲੱਗਭੱਗ 336 ਪਿੰਡਾਂ ਵਿੱਚ ਇਸ ਡਾਕੂ ਲਾਣੇ ਵੱਲੋਂ ਹਥਿਆਈ ਜ਼ਮੀਨ ਦੀ ਪੜਤਾਲ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 29 ਮਈ 2012 ਨੂੰ ਇੱਕ ਵਿਸ਼ੇਸ਼ ਟ੍ਰਿਬਿਊਨਲ ਗਠਿਤ ਕੀਤਾ ਗਿਆ ਹੈ, ਜਿਸ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਲਦੀਪ ਸਿੰਘ ਅਤੇ ਐਡਵੋਕੇਟ ਪੀ.ਐਨ. ਅਗਰਵਾਲ ਨੂੰ ਸ਼ਾਮਲ ਕੀਤਾ ਗਿਆ ਅਤੇ ਸਾਬਕਾ ਸੈਸ਼ਨ ਜੱਜ ਬੀ.ਆਰ. ਗੁਪਤਾ ਨੂੰ ਸਹਾਇਕ ਵਜੋਂ ਤਾਇਨਾਤ ਕੀਤਾ ਗਿਆ। ਇਸ ਟ੍ਰਿਬਿਊਨਲ ਦੇ ਬਣਨ ਨਾਲ ਘਪਲੇਬਾਜ਼ ਅਕਾਲੀ-ਭਾਜਪਾ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹ ਇਸ ਟ੍ਰਿਬਿਊਨਲ ਨੂੰ ਬਣਾਉਣ ਦੇ ਫੈਸਲੇ ਖਿਲਾਫ ਫਟਾਫਟ ਸੁਪਰੀਮ ਕੋਰਟ ਜਾ ਪਹੁੰਚੀ, ਜਿੱਥੇ ਇਸ 'ਤੇ ਸੁਣਵਾਈ ਹੋਣੀ ਬਾਕੀ ਹੈ।
ਇਸ ਟ੍ਰਿਬਿਊਨਲ ਵੱਲੋਂ ਚੰਡੀਗੜ੍ਹ ਨੇੜਲੇ ਕੁੱਝ ਪਿੰਡਾਂ ਵਿੱਚ ਚੱਲ ਰਹੇ ਜ਼ਮੀਨ ਹੜੱਪਣ ਦੇ ਮਾਮਲਿਆਂ 'ਤੇ ਆਪਣੀ ਜਾਂਚ ਨੂੰ ਕੇਂਦਰਤ ਕੀਤਾ ਗਿਆ ਹੈ ਅਤੇ ਇਸ ਜਾਂਚ ਸਬੰਧੀ ਟ੍ਰਿਬਿਊਨਲ ਵੱਲੋਂ ਦੋ ਅੰਤ੍ਰਿਮ ਰਿਪੋਰਟਾਂ ਹਾਈਕੋਰਟ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪਹਿਲੀ ਰਿਪੋਰਟ ਵਿੱਚ ਇਸ ਵੱਲੋਂ ਦਰਜ਼ ਕੀਤਾ ਗਿਆ ਹੈ ਕਿ ''ਇਹ ਸਾਡਾ ਸੋਚਿਆ-ਸਮਝਿਆ ਵਿਚਾਰ ਹੈ ਕਿ ਪੰਜਾਬ ਦੇ ਪਿੰਡਾਂ, ਵਿਸ਼ੇਸ਼ ਕਰਕੇ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਜ਼ਮੀਨਾਂ ਹੜੱਪਣ ਦੀ ਘਪਲੇਬਾਜ਼ੀ ਦਾ ਅਮਲ ਚੱਲ ਰਿਹਾ ਹੈ। ਹਜ਼ਾਰਾਂ ਏਕੜ ਜ਼ਮੀਨ ਜਾਂ ਤਾਂ ਹੜੱਪ ਲਈ ਗਈ ਹੈ ਜਾਂ ਹੜੱਪੇ ਜਾਣ ਦੇ ਅਮਲ ਵਿੱਚ ਹੈ।'' ਇਸ ਤੋਂ ਅੱਗੇ ਇਹ ਵੀ ਨੋਟ ਕੀਤਾ ਗਿਆ ਹੈ ਕਿ ''ਪੰਚਾਇਤੀ, ਸਰਕਾਰੀ ਅਤੇ ਜਨਤਕ ਜ਼ਮੀਨਾਂ ਦੀ ਸੁਰੱਖਿਆ ਨੂੰ ਸਰਕਾਰੀ ਅਧਿਕਾਰੀਆਂ 'ਤੇ ਨਹੀਂ ਛੱਡਿਆ ਜਾ ਸਕਦਾ।'' ਖੁਦ ਹਾਕਮਾਂ ਦੀ ਇੱਕ ਉੱਚ-ਅਦਾਲਤ ਵੱਲੋਂ ਗਠਿਤ ਕੀਤੇ ਟ੍ਰਿਬਿਊਨਲ ਵੱਲੋਂ ਰਿਪੋਰਟ ਵਿੱਚ ਦਰਜ਼ ਕੀਤੇ ਇਹ ਵਿਚਾਰ ਸੂਬਾਈ ਹਕੂਮਤ 'ਤੇ ਕਾਬਜ਼ ਅਕਾਲੀ-ਭਾਜਪਾ ਸਿਆਸੀ ਟੋਲਿਆਂ, ਅਫਸਰਸ਼ਾਹੀ ਅਤੇ ਸਮੁੱਚੇ ਮੌਕਾਪ੍ਰਸਤ ਸਿਆਸੀ ਲਾਣੇ ਦੇ ਧਾੜਵੀ ਲੋਟੂ ਕਿਰਦਾਰ ਦੀ ਪੁਸ਼ਟੀ ਬਣਦੇ ਹਨ।
ਟ੍ਰਿਬਿਊਨਲ ਵੱਲੋਂ ਸੌਂਪੀਆਂ ਇਹਨਾਂ ਅੰਤ੍ਰਿਮ ਰਿਪੋਰਟਾਂ ਦੇ ਹਿੱਸੇ ਲਗਾਤਾਰ ਪੰਜਾਬੀ ਅਤੇ ਅੰਗਰੇਜ਼ੀ ਅਖਬਾਰਾਂ ਵਿੱਚ ਛਪ ਰਹੇ ਹਨ। ਹਾਲੀਂ ਤੀਕ ਸਾਹਮਣੇ ਆਈ ਰਿਪੋਰਟ ਵਿੱਚ ਜਿਹਨਾਂ ਪਿੰਡਾਂ ਵਿੱਚ ਜ਼ਮੀਨ ਹਥਿਆਈ ਗਈ ਹੈ, ਉਹਨਾਂ 'ਚੋਂ ਕਰੋੜਾਂ ਰੁਪਏ ਦੀ 4708 ਕਨਾਲ ਸਾਢੇ 8 ਮਰਲੇ, ਕਾਂਸਲ ਪਿੰਡ ਦੀ 210 ਕਨਾਲ 7 ਮਰਲੇ, ਬਰਟਾਣਾ ਪਿੰਡ ਦੀ 9 ਵਿੱਘੇ 3 ਵਿਸਬੇ, ਮਿਰਜ਼ਾਪੁਰ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਮੌਕਾਪ੍ਰਸਤ ਸਿਆਸਤਦਾਨਾਂ, ਸਰਕਾਰੀ ਅਧਿਕਾਰੀਆਂ ਅਤੇ ਕਾਰੋਬਾਰੀਆਂ ਵੱਲੋਂ ਹੜੱਪ ਲਈ ਗਈ ਹੈ। ਜ਼ਮੀਨ ਹੜੱਪਣ ਵਾਲਿਆਂ ਵਿੱਚ ਸੁਮੇਧ ਸਿੰਘ ਸੈਣੀ ਡੀ.ਜੀ.ਪੀ. ਪੰਜਾਬ, ਸ਼ਵਿੰਦਰ ਸਿੰਘ ਬਰਾੜ, ਆਈ.ਏ.ਐਸ. ਚੋਣ ਕਮਿਸ਼ਨਰ ਪੰਜਾਬ, ਲਛਮਣ ਸਿੰਘ ਕਾਲਕਾ ਸਾਬਕਾ ਐਮ.ਐਲ.ਏ. ਅਤੇ ਮੈਂਬਰ ਪਾਰਲੀਮੈਂਟ, ਸੋਨਮ ਕੁਮਾਰ ਪੁੱਤਰ ਸਾਬਕਾ ਰਾਜਪਾਲ ਪੰਜਾਬ, ਲੈਫਟੀਨੈਂਟ ਜਨਰਲ ਬੀ.ਕੇ.ਐਨ. ਛਿੱਬਰ, ਇੰਦਰਜੀਤ ਕੌਰ ਪਤਨੀ ਪਰਮਿੰਦਰ ਸਿੰਘ ਕਾਂਗਰਸੀ ਵਿਧਾਇਕ ਫਿਰੋਜ਼ਪੁਰ ਸ਼ਹਿਰ, ਕੁਲਦੀਪ ਸਿੰਘ ਮਿਨਹਾਸ ਆਈ.ਏ.ਐਸ. (ਫੌਤ ਹੋਇਆ) ਸਾਬਕਾ ਡਾਇਰੈਕਟਰ ਮੁਰੱਬੇਬੰਦੀ ਪੰਜਾਬ, ਕਰਨਲ ਬੀ.ਐਸ. ਸੰਧੂ ਅਤੇ ਵੱਡੇ ਕਾਰੋਬਾਰੀਆਂ ਦੀਆਂ ਕੰਪਨੀਆਂ ਸ਼ਾਮਲ ਹਨ। ਇਹਨਾਂ ਸਾਰਿਆਂ ਵੱਲੋਂ ਪੰਜਾਬ ਦੀਆਂ ਕਾਂਗਰਸੀ ਤੇ ਅਕਾਲੀ-ਭਾਜਪਾ ਹਕੂਮਤਾਂ ਦੀ ਸਰਪ੍ਰਸਤੀ, ਮਿਲੀਭੁਗਤ ਅਤੇ ਰਾਜ-ਭਾਗ ਦੇ ਤਪ-ਤੇਜ਼ ਦੇ ਜ਼ੋਰ ਇਹ ਜ਼ਮੀਨਾਂ ਕੌਡੀਆਂ ਦੇ ਭਾਅ ਹਥਿਆ ਕੇ ਆਪਣੀਆਂ ਤਿਜੌਰੀਆਂ ਭਰਨ ਦਾ ਕਾਲਾਧੰਦਾ ਕੀਤਾ ਜਾ ਰਿਹਾ ਹੈ। ਇਹ ਵੀ ਚਰਚਾ ਹੈ ਕਿ ਰਿਪੋਰਟ ਦੇ ਅਗਲੇ ਹਿੱਸਿਆਂ ਦੇ ਸਾਹਮਣੇ ਆਉਣ ਨਾਲ ਕਈ ਹੋਰ ਅਕਾਲੀ ਤੇ ਕਾਂਗਰਸੀ ਆਗੂਆਂ ਦੀ ਇਸ ਜ਼ਮੀਨ ਹੜੱਪੂ ਮੁਹਿੰਮ ਵਿੱਚ ਸ਼ਮੂਲੀਅਤ ਦੀ ਅਸਲੀਅਤ ਉਜਾਗਰ ਹੋਣੀ ਹੈ। ਸੋ, ਹਾਲੀਂ ਤਾਂ ਵੱਡੀ ਪੱਧਰ 'ਤੇ ਚੱਲ ਰਹੇ ਕਾਲੇ ਧੰਦੇ ਦੀ ਇੱਕ ਝਲਕ ਹੀ ਸਾਹਮਣੇ ਆਈ ਹੈ।
ਕਸ਼ਮੀਰ 'ਚ ਅਖੌਤੀ ਜਮਹੂਰੀ ਅਮਲ ਬਹਾਲੀ ਦੀ ਅਸਲੀਅਤ ਦਾ ਇਕਬਾਲ
ਸਾਬਕਾ ਫੌਜ ਮੁਖੀ ਦਾ ਬਿਆਨ:
ਕਸ਼ਮੀਰ 'ਚ ਅਖੌਤੀ ਜਮਹੂਰੀ ਅਮਲ ਬਹਾਲੀ ਦੀ ਅਸਲੀਅਤ ਦਾ ਇਕਬਾਲ
-ਨਵਜੋਤ
ਪਿਛਲੇ ਅਰਸੇ ਵਿੱਚ (ਸਤੰਬਰ ਮਹੀਨੇ 'ਚ) ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਵੀ.ਕੇ. ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਸੀ, ਕਿ ਭਾਰਤੀ ਫੌਜ ਵੱਲੋਂ ਜੰਮੂ-ਕਸ਼ਮੀਰ ਦੀ ਪਾਰਲੀਮਾਨੀ ਸਿਆਸੀ ਪਾਰਟੀਆਂ (ਵੋਟ-ਪਾਰਟੀਆਂ) ਦੇ ਆਗੂਆਂ ਤੇ ਕਾਰਕੁੰਨਾਂ ਨੂੰ ਪੈਸੇ ਵੰਡੇ ਜਾਂਦੇ ਰਹੇ ਹਨ। ਫੌਜ ਮੁਖੀ ਦਾ ਇਹ ਬਿਆਨ ਭਾਰਤੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਲਈ ਬਹੁਤ ਹੀ ਕਸੂਤਾ ਅਤੇ ਨਾ-ਹਜ਼ਮ ਕਰਨਯੋਗ ਸੀ। ਇਸ 'ਤੇ ਸਭੇ ਪ੍ਰਮੁੱਖ ਪਾਰਟੀਆਂ ਵੱਲੋਂ ਤ੍ਰਭਕਵਾਂ ਪ੍ਰਤੀਕਰਮ ਦਿਖਾਇਆ ਗਿਆ। ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕਿਹਾ ਗਿਆ ਕਿ ਫੌਜ ਮੁਖੀ ਪੈਸਾ ਹਾਸਲ ਕਰਨ ਵਾਲੇ ਸਿਆਸੀ ਬੰਦਿਆਂ ਦੇ ਨਾਂ ਦੱਸੇ। ਉਹ ਪੜਤਾਲ ਕਰਨ ਲਈ ਤਿਆਰ ਹਨ। ਭਾਰਤੀ ਜਨਤਾ ਪਾਰਟੀ ਦੇ ਮਿਸਟਰ ਅਰੁਣ ਜੇਤਲੀ ਵੱਲੋਂ ਮਾਮਲੇ ਨੂੰ ਥਾਏਂ ਠੱਪ ਕਰਨ ਦਾ ਬਿਆਨ ਦਾਗਿਆ ਗਿਆ। ਜੰਮੂ-ਕਸ਼ਮੀਰ ਦੀਆਂ ਪਾਰਟੀਆਂ ਵੱਲੋਂ ਇਸ ਬਿਆਨ ਨੂੰ ਚੁਣੌਤੀ ਦਿੰਦਿਆਂ ਤੇ ਸੂਬਾਈ ਵਿਧਾਨ ਸਭਾ ਵਿੱਚ ਇਸ ਵਿਰੁੱਧ ਮਤਾ ਪਾਸ ਕਰਦਿਆਂ, ਫੌਜ ਮੁਖੀ ਨੂੰ ਤਲਬ ਕਰਨ ਦਾ ਫੁਰਮਾਨ ਚਾੜ੍ਹਿਆ ਗਿਆ।
ਭਾਰਤੀ ਹਾਕਮਾਂ ਦੇ ਪੱਖ ਤੋਂ ਦੇਖਿਆਂ ਫੌਜ ਮੁਖੀ ਦਾ ਇਹ ਬਿਆਨ ਬੇਲੋੜੇ ਅਤੇ ਬੇਸਮਝਾ ਹੈ। ਇਸ ਬਿਆਨ ਵੱਲੋਂ ਭਾਰਤੀ ਹਾਕਮਾਂ ਵੱਲੋਂ ਜੰਮੂ ਕਸ਼ਮੀਰ ਵਿੱਚ ਚਲਾਏ ਜਾ ਰਹੇ ਅਖੌਤੀ ਜਮਹੂਰੀ ਪ੍ਰਬੰਧ ਦੀ ਬਹਾਲੀ ਦੇ ਅਮਲ ਦੀ ਅਸਲੀਅਤ ਦਾ ਹੀ ਇਕਬਾਲ ਕੀਤਾ ਗਿਆ ਹੈ।
ਅੱਜ ਇਹ ਗੱਲ ਸੰਸਾਰ ਭਰ ਅੰਦਰ ਸਥਾਪਤ ਹੈ ਕਿ ਕਸ਼ਮੀਰ ਦੇ ਲੋਕ ਆਜ਼ਾਦੀ ਚਾਹੁੰਦੇ ਹਨ। ਉਹ ਆਪਾ-ਨਿਰਣੇ ਦਾ ਹੱਕ ਚਾਹੁੰਦੇ ਹਨ। ਉਹ ਆਪਣੇ ਮੁਲਕ ਦੇ ਭਾਰਤੀ ਹਾਕਮਾਂ ਵੱਲੋਂ ਭਾਰਤ ਨਾਲ ਕੀਤੇ ਜਬਰੀ ਸਿਰ-ਨਰੜ ਤੋਂ ਛੁਟਕਾਰਾ ਚਾਹੁੰਦੇ ਹਨ। ਪਰ ਪਸਾਰਵਾਦੀ ਮਨਸੂਬੇ ਪਾਲਦੇ ਭਾਰਤੀ ਹਾਕਮ ਇਸ ਜਬਰੀ ਸਿਰ-ਨਰੜ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਕਸ਼ਮੀਰੀ ਲੋਕਾਂ ਦੇ ਗਲ ਗੁਲਾਮੀ ਦਾ ਜੂਲਾ ਪਾ ਕੇ ਰੱਖਣਾ ਚਾਹੁੰਦੇ ਹਨ। ਉਹ ਯੂ.ਐਨ.ਓ. ਦੇ ਜੰਮੂ-ਕਸ਼ਮੀਰ ਵਿੱਚ ਲੋਕ ਰਾਇ-ਸ਼ੁਮਾਰੀ ਕਰਵਾਏ ਜਾਣ ਦੇ ਮਤਿਆਂ ਤੋਂ ਮੁੱਕਰ ਰਹੇ ਹਨ ਅਤੇ ਇਹਨਾਂ ਮਤਿਆਂ ਨਾਲ ਆਪਣੀ ਸਹਿਮਤੀ ਤੋਂ ਮੁੱਕਰਦਿਆਂ ਥੁੱਕ ਕੇ ਚੱਟ ਰਹੇ ਹਨ ਅਤੇ ਜੰਮੂ-ਕਸ਼ਮੀਰ ਨੂੰ ''ਭਾਰਤ ਦੇ ਅਨਿੱਖੜਵੇਂ ਅੰਗ ਹੋਣ'' ਦੇ ਘੁਮੰਡੀ ਲਲਕਾਰੇ ਛੱਡ ਰਹੇ ਹਨ। ਕਸ਼ਮੀਰੀ ਲੋਕਾਂ ਦੀ ਆਪਾ-ਨਿਰਣੇ ਦੇ ਅਧਿਕਾਰ ਅਤੇ ਆਜ਼ਾਦੀ ਦੀ ਮੰਗ ਅਤੇ ਲੜਾਈ ਨੂੰ ਮੁਲਕ ਦੀ ਅਖੌਤੀ ਏਕਤਾ ਤੇ ਅਖੰਡਤਾ ਨੂੰ ਖਤਰਾ ਗਰਦਾਨਦਿਆਂ, ਭਾਰਤ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਅੰਦਰ ਅੰਨ੍ਹੀਂ ਦੇਸ਼ਭਗਤੀ ਦਾ ਜਨੂੰਨ ਭੜਕਾ ਰਹੇ ਹਨ ਅਤੇ ਕਸ਼ਮੀਰੀ ਲੋਕਾਂ ਖਿਲਾਫ ਨਫਰਤ ਦਾ ਛਿੱਟਾ ਦੇ ਰਹੇ ਹਨ।
ਇਸੇ ਅੰਨ੍ਹੀਂ ਦੇਸ਼ਭਗਤੀ ਦੇ ਜਨੂੰਨ ਅਤੇ ਕਸ਼ਮੀਰੀ ਲੋਕਾਂ ਖਿਲਾਫ ਨਫਰਤ ਨਾਲ ਡੰਗੀ ਭਾਰਤੀ ਫੌਜ ਨੂੰ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦੀ ਲਹਿਰ ਨੂੰ ਖ਼ੂਨ ਵਿੱਚ ਡਬੋਣ ਲਈ ਬੇਲਗਾਮ ਕੀਤਾ ਹੋਇਆ ਹੈ। ਉਹਨਾਂ ਨੂੰ ਫੌਜੀ ਸ਼ਕਤੀਆਂ ਲਈ ਵਿਸ਼ੇਸ਼ ਕਾਲੇ ਕਾਨੂੰਨ ਨਾਲ ਲੈਸ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਉਹਨਾਂ ਨੂੰ ਕਸ਼ਮੀਰੀ ਲੋਕਾਂ ਨੂੰ ਮਨਮਰਜੀ ਨਾਲ ਕੁੱਟਣ, ਜਲੀਲ ਕਰਨ, ਕਤਲ ਕਰਨ, ਔਰਤਾਂ ਨਾਲ ਬਲਾਤਕਾਰ ਕਰਨ, ਘਰਾਂ ਨੂੰ ਸਾੜਨ-ਉਜਾੜਨ ਅਤੇ ਜ਼ੁਲਮ ਦਾ ਤਾਂਡਵ-ਨਾਚ ਨੱਚਣ ਦਾ ਖੁੱਲ੍ਹਾ ਲਾਇਸੰਸ ਦਿੱਤਾ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਆਗਿਆ ਤੋਂ ਬਿਨਾ ਕਿਸੇ ਨੀਮ-ਫੌਜੀ/ਫੌਜੀ 'ਤੇ ਕਿਸੇ ਥਾਣੇ ਵਿੱਚ ਰਿਪੋਰਟ ਵੀ ਦਰਜ ਨਹੀਂ ਕੀਤੀ ਜਾ ਸਕਦੀ।
ਇੱਕ ਪਾਸੇ- ਕਸ਼ਮੀਰੀ ਲੋਕਾਂ 'ਤੇ ਚੰਗੇਜ਼ਖਾਨੀ ਜਬਰੋ-ਜ਼ੁਲਮ ਦਾ ਝੱਖੜ ਝੁਲਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ- ਕਸ਼ਮੀਰੀ ਲੋਕਾਂ ਵਿੱਚ ਸੰਨ੍ਹ ਲਾਉਣ ਤੇ ਪਾਟਕ ਪਾਉਣ ਲਈ ਹਰ ਤਰ੍ਹਾਂ ਦੇ ਨਿੱਘਰੇ ਹਰਬੇ ਵਰਤੇ ਜਾ ਰਹੇ ਹਨ। ਜੰਮੂ-ਕਸ਼ਮੀਰ ਦੇ ਰਵਾਇਤੀ/ਪਾਰਲੀਮਾਨੀ ਸਿਆਸੀ ਪਾਰਟੀਆਂ ਦੀਆਂ ਹੇਠਲੀਆਂ ਡਾਵਾਂਡੋਲ ਪਰਤਾਂ ਵਿਚਲੇ ਆਗੂਆਂ ਤੇ ਕਾਰਕੁੰਨਾਂ ਅਤੇ ਲੋਕਾਂ ਅੰਦਰਲੇ ਕੱਚ-ਪੈਰੇ ਅਤੇ ਵੱਧ/ਘੱਟ ਥਿੜ੍ਹਕਦੇਂ ਹਿੱਸਿਆਂ ਵਿੱਚ ਚੋਣਵੇਂ ਵਿਅਕਤੀਆਂ ਨੂੰ ਧਨ ਮੁਹੱਈਆ ਕਰਕੇ ਕਾਣਾ ਕੀਤਾ ਜਾ ਰਿਹਾ ਹੈ। ਇਉਂ, ਇਹਨਾਂ ਨੂੰ ਪੰਚਾਇਤਾਂ, ਪੰਚਾਇਤ ਸੰਮਤੀਆਂ, ਮਿਊਂਸਪਲ ਕਮੇਟੀਆਂ ਅਤੇ ਅਸੈਂਬਲੀ ਚੋਣਾਂ ਵਿੱਚ ਸਰਗਰਮ ਹੋਣ ਲਈ ਧੱਕਿਆ ਜਾਂਦਾ ਹੈ। ਇਸ ਸਰਗਰਮੀ ਦੌਰਾਨ ਇਹਨਾਂ ਨੂੰ ਸੁਰੱਖਿਆ ਛਤਰੀ ਮੁਹੱਈਆ ਕੀਤੀ ਜਾਂਦੀ ਹੈ। ਫੌਜ ਤੇ ਨੀਮ-ਫੌਜੀ ਦਸਤਿਆਂ ਵੱਲੋਂ ਲੋਕਾਂ ਨੂੰ ਚੋਣ ਬੂਥਾਂ 'ਤੇ ਸਿੱਧੀ/ਅਸਿੱਧੀ ਧਮਕੀ ਤੇ ਦਹਿਸ਼ਤ ਤਹਿਤ ਆਉਣ ਲਈ ਮਜਬੂਰ ਕੀਤਾ ਜਾਂਦਾ ਹੈ। ਇਉਂ, ਰਿਸ਼ਵਤਖੋਰੀ ਅਤੇ ਸੰਗੀਨਾਂ ਦੀ ਛਾਂ ਹੇਠ ਜਿੱਥੇ ਰਵਾਇਤੀ ਪਾਰਟੀਆਂ ਦੀਆਂ ਸਫਾਂ ਨੂੰ ਹਰਕਤ ਵਿੱਚ ਲਿਆਂਦਾ ਜਾਂਦਾ ਹੈ, ਉੱਥੇ ਲੋਕਾਂ ਦੇ ਥਿੜ੍ਹਕਦੇਂ ਹਿੱਸੇ ਵਿੱਚ ਸੰਨ੍ਹ ਲਾ ਕੇ ਇਹਨਾਂ ਪਾਰਟੀਆਂ ਨੂੰ ਮਾੜੀ-ਮੋਟੀ ਜਨਤਕ ਹਮਾਇਤ ਦੀ ਢੋਈ ਬਖਸ਼ੀ ਜਾਂਦੀ ਹੈ।
ਇਸ ਤਰ੍ਹਾਂ, ਭਾਰਤੀ ਹਾਕਮਾਂ ਵੱਲੋਂ ਫੌਜ ਰਾਹੀਂ ਰਿਸ਼ਵਤਖੋਰ ਅਤੇ ਦਹਿਸ਼ਤਗਰਦ ਹਰਬਿਆਂ ਰਾਹੀਂ ਚਲਾਏ ਜਾਂਦੇ ਜਮਹੂਰੀ ਪ੍ਰਬੰਧ ਬਹਾਲੀ ਦੇ ਅਮਲ ਦੇ ਤੀਰ ਨਾਲ ਕਈ ਪੰਛੀ ਫੁੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ- ਕਸ਼ਮੀਰੀ ਲੋਕਾਂ ਦੀ ਹਥਿਆਰਬੰਦ ਜੱਦੋਜਹਿਦ ਤੋਂ ਤ੍ਰਹਿੰਦਿਆਂ, ਜਾਮ ਹੋਏ ਮੌਕਾਪ੍ਰਸਤ ਸਿਆਸੀ ਟੋਲਿਆਂ ਨੂੰ ਹਰਕਤ ਵਿੱਚ ਲਿਆਉਣਾ ਅਤੇ ਉਹਨਾਂ ਦੀਆਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਅਤੇ ਕਸ਼ਮੀਰੀ ਜਨਤਾ ਦੀ ਹੱਕੀ ਕੌਮੀ ਲਹਿਰ ਵਿਰੋਧੀ ਪਿਛਾਖੜੀ ਸਰਗਰਮੀਆਂ ਨੂੰ ਰੇੜ੍ਹੇ ਪਾਉਣਾ ਤੇ ਉਗਾਸਾ ਦੇਣਾ; ਦੂਜਾ- ਘੱਟ/ਵੱਧ ਥਿੜ੍ਹਕਦੇ ਜਨਤਕ ਹਿੱਸੇ ਨੂੰ ਮੌਕਾਪ੍ਰਸਤ ਸਿਆਸੀ ਪਾਰਟੀਆਂ ਮਗਰ ਧੂਹਣਾ, ਉਹਨਾਂ ਦੇ ਜਨਤਕ ਆਧਾਰ ਨੂੰ ਠੁੰਮ੍ਹਣਾ ਦੇਣਾ ਅਤੇ ਚੌੜੇਰਾ ਕਰਨਾ, ਇਉਂ, ਕਸ਼ਮੀਰ ਅੰਦਰ ਭਾਰਤੀ ਹਾਕਮਾਂ ਦੀ ਪਿੱਛਲੱਗ ਪਿਛਾਖੜੀ ਧਿਰ ਨੂੰ ਤਕੜਾਈ ਬਖਸ਼ਣਾ ਅਤੇ ਇਸ ਨੂੰ ਕਸ਼ਮੀਰੀ ਜਨਤਾ ਦੀ ਹੱਕੀ ਲਹਿਰ ਨੂੰ ਕੁਚਲਣ ਦਾ ਹੱਥਾ ਬਣਾਉਣਾ; ਤੀਜਾ- ਇਹਨਾਂ ਹਿੱਸਿਆਂ ਵਿੱਚੋਂ ਕੁਝ ਵਿਅਕਤੀਆਂ ਨੂੰ ਫੌਜੀ ਤੇ ਨੀਮ-ਫੌਜੀ ਦਸਤਿਆਂ ਦੇ ਖੁਫੀਆ ਕਾਰਕੁੰਨ ਬਣਾਉਣਾ; ਚੌਥਾ- ਕਸ਼ਮੀਰ ਅੰਦਰ ਚੋਣਾਂ ਦਾ ਨਾਟਕ ਰਚਦਿਆਂ, ਕਸ਼ਮੀਰੀ ਲੋਕਾਂ ਦੇ ਕੀਤੇ ਜਾ ਰਹੇ ਵਢਾਂਗੇ 'ਤੇ ਅਖੌਤੀ ਜਮਹੂਰੀਅਤ ਬਹਾਲੀ ਦਾ ਪਰਦਾ ਤਾਣਨਾ ਅਤੇ ਹਥਿਆਰਬੰਦ ਜੱਦੋਜਹਿਦ ਜਾਰੀ ਰੱਖ ਰਹੇ ਲੜਾਕੂਆਂ ਨੂੰ ਅੱਤਵਾਦੀ, ਵੱਖਵਾਦੀ ਅਤੇ ਜਮਹੂਰੀਅਤ ਵਿਰੋਧੀ ਗਰਦਾਨਦਿਆਂ, ਖੂੰਖਾਰ ਜਬਰ ਦਾ ਚੋਣਵਾਂ ਨਿਸ਼ਾਨਾ ਬਣਾਉਣਾ।
ਕਸ਼ਮੀਰੀ ਲੋਕਾਂ ਦੇ ਖ਼ੂਨ ਦੀ ਤਿਹਾਈ ਭਾਰਤੀ ਫੌਜ ਵੱਲੋਂ ਰਿਸ਼ਵਤਖੋਰੀ ਅਤੇ ਦਹਿਸ਼ਤਗਰਦੀ ਦੇ ਜ਼ੋਰ ਬਹਾਲ ਕੀਤੇ ਜਾ ਰਹੇ ਅਖੌਤੀ ਜਮਹੂਰੀ ਅਮਲ ਦਾ ਉਪਰੋਕਤ ਮਕਸਦਾਂ ਤੋਂ ਸਿਵਾਏ ਹੋਰ ਕੀ ਮਕਸਦ ਹੋ ਸਕਦਾ ਹੈ। ਭਾਰਤੀ ਹਾਕਮਾਂ ਵੱਲੋਂ ਅਜਿਹਾ ਹੀ ਲੋਕ-ਦੁਸ਼ਮਣ ਅਮਲ ਉੱਤਰੀ-ਪੂਰਬੀ ਖਿੱਤੇ, ਛੱਤੀਸਗੜ੍ਹ੍ਵ ਤੇ ਝਾਰਖੰਡ ਆਦਿ ਸੂਬਿਆਂ ਵਿੱਚ ਚਲਾਇਆ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਝਾਰਖੰਡ ਵਿੱਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਸ ਦੇ ਇੱਕ ਉੱਚ-ਅਧਿਕਾਰੀ ਵੱਲੋਂ ਦਿੱਤੇ ਅਖਬਾਰੀ ਬਿਆਨ ਰਾਹੀਂ ਵੀ ਹੋਈ ਹੈ। ਜਿਸ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਇਕੱਲੇ ਇਕੱਲੇ ਪਰਿਵਾਰਾਂ ਅਤੇ ਵਿਅਕਤੀਆਂ ਦੀ ਭਲਾਈ ਤੇ ਵਿਕਾਸ ਲਈ ਮਾਲੀ ਸਹਾਇਤਾ (ਰਿਸ਼ਵਤ) ਮੁਹੱਈਆ ਕਰਨ ਦਾ ਅਮਲ ਵਿੱਢਿਆ ਜਾ ਰਿਹਾ ਹੈ।
ਭਾਰਤੀ ਹਾਕਮਾਂ ਦੀ ਉਪਰੋਕਤ ਪਿਛਾਖੜੀ ਕਪਟੀ ਖੇਡ ਦਾ ਭਾਂਡਾ ਭੰਨੇ ਜਾਣ ਤੋਂ ਬਚਾਅ ਕਰਨ ਲਈ ਹੀ ਸਭਨਾਂ ਹਾਕਮ ਜਮਾਤੀ ਸਿਆਸੀ ਟੋਲਿਆਂ ਅਤੇ ਪ੍ਰੈਸ ਅਤੇ ਮੀਡੀਆ ਵੱਲੋਂ ਫੌਜ ਮੁਖੀ ਦੇ ਬਿਆਨ ਨੂੰ ਵਿਸਰ ਜਾਣ ਦਾ ਸੋਚਿਆ-ਸਮਝਿਆ ਰੁਖ ਅਖਤਿਆਰ ਕੀਤਾ ਗਿਆ ਹੈ।
0-0
ਬਾਰਾਮੂਲਾ ਗੋਲੀ-ਕਾਂਡ ਲਈ ਫੌਜ ਦੋਸ਼ੀ ਕਰਾਰ ਫੌਜ ਨੇ ਨਿਹੱਥੇ ਲੋਕਾਂ ਉੱਤੇ ਚਲਾਈ ਸੀ ਗੋਲੀ
ਸ੍ਰੀਨਗਰ, 23 ਅਕਤੂਬਰ: ਜੰਮੂ ਕਸ਼ਮੀਰ ਦੇ ਕਸਬਾ ਬਾਰਾਮੂਲਾ ਵਿੱਚ ਗੋਲੀ ਚਲਾਉਣ ਵਾਲੀ ਘਟਨਾ ਲਈ ਫੌਜ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮੈਜਿਸਟਰੇਟੀ ਜਾਂਚ ਦੀ ਰਿਪੋਰਟ ਮੁਤਾਬਕ ਫੌਜ ਨੇ ਨਿਹੱਥੇ ਅਤੇ ਅਮਨਪੂਰਵਕ ਵਿਖਾਵਾ ਕਰ ਰਹੇ ਲੋਕਾਂ ਉੱਤੇ ਬਿਨਾ ਵਜਾਹ ਗੋਲੀ ਚਲਾਈ। ਗੌਰਤਲਬ ਹੈ ਕਿ ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
ਬਾਰਾਮੂਲਾ ਦੇ ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਮਨਜੂਰ ਅਹਿਮ ਕਾਦਰੀ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਮੁਤਾਬਕ 5 ਮਾਰਚ 2013 ਨੂੰ 46 ਰਾਸ਼ਟਰੀਆ ਰਾਈਫਲਜ਼ ਦੇ ਜਵਾਨਾਂ ਨੇ ਬਿਨਾ ਕਿਸੇ ਕਾਰਨ ਕਾਕਰ ਹਮਾਮ ਅਤੇ ਗਨਈ ਹਮਾਮ ਮੁਹੱਲਿਆਂ ਵਿੱਚ ਘਰਾਂ ਅੰਦਰ ਵੜ ਕੇ ਭੰਨ-ਤੋੜ ਕੀਤੀ ਅਤੇ ਲੋਕਾਂ ਦੀਆਂ ਗੱਡੀਆਂ ਵੀ ਭੰਨ ਸੁੱਟੀਆਂ। ਬਾਅਦ ਵਿੱਚ ਬਿਨਾ ਕਿਸੇ ਭੜਕਾਹਟ, ਨਿਹੱਥੇ ਅਤੇ ਅਮਨਪੂਰਵਕ ਲੋਕਾਂ ਉੱਤੇ ਗੋਲੀ ਚਲਾ ਦਿੱਤੀ, ਜਿਸ ਨਾਲ ਤਾਹਿਰ ਰਸੂਲ ਸੋਫੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਨੌਜਵਾਨ ਮੁਹੰਮ ਅੱਬਾਸ ਲੀਲੂ ਸਖਤ ਫੱਟੜ ਹੋ ਗਿਆ।
ਸੂਬਾ ਸਰਕਾਰ ਨੂੰ ਅਗਸਤ ਵਿੱਚ ਸੌਂਪੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੌਜ ਨੇ ਗੋਲੀ ਚਲਾਉਣ ਤੋਂ ਪਹਿਲਾਂ ਚਿਤਾਵਨੀ ਵਜੋਂ ਹਵਾ ਵਿੱਚ ਵੀ ਗੋਲੀ ਨਹੀਂ ਚਲਾਈ। ਫੌਜੀਆਂ ਨੇ ਮਿਥ ਕੇ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। ਇਸ ਰਿਪੋਰਟ ਵਿੱਚ ਫੌਜ ਦੇ ਕਮਾਂਡਿੰਗ ਅਫਸਰ ਦਾ ਇਹ ਦਾਅਵਾ ਰੱਦ ਕੀਤਾ ਗਿਆ ਕਿ ਨੌਜਵਾਨਾਂ ਨੇ ਪਹਿਲਾਂ ਫੌਜ ਦੀ ਗਸ਼ਤੀ-ਟੁਕੜੀ ਉੱਤੇ ਹਮਲਾ ਕੀਤਾ, ਜਿਸ ਕਾਰਨ ਫੌਜੀਆਂ ਨੂੰ ਗੋਲੀ ਚਲਾਉਣੀ ਪਈ। ਰਿਪੋਰਟ ਵਿੱਚ ਉਹਨਾਂ ਫੋਟੋਆਂ ਦੇ ਜਾਅਲ ਹੋਣ ਬਾਰੇ ਵੀ ਖਦਸ਼ਾ ਪ੍ਰਗਟ ਕੀਤਾ ਗਿਆ, ਜਿਹੜੀਆਂ ਫੌਜ ਨੇ ਜਾਂਚ ਦੌਰਾਨ ਸੌਂਪੀਆਂ ਸਨ।
ਚੇਤੇ ਰਹੇ ਕਿ ਤਾਹਿਰ ਰਸੂਲ ਸੋਫੀ ਦੀ ਮੌਤ ਤੋਂ ਬਾਅਦ ਵਾਦੀ ਵਿੱਚ ਰੋਸ ਵਿਖਾਵਿਆਂ ਦਾ ਹੜ੍ਹ ਆ ਗਿਆ ਸੀ ਅਤੇ ਜ਼ਿਲ੍ਹੇ ਦੇ ਕਈ ਕਸਬਿਆਂ ਵਿੱਚ ਕਰਫਿਊ ਲਾ ਦਿੱਤਾ ਗਿਆ ਸੀ।
(ਪੰਜਾਬੀ ਟ੍ਰਿਬਿਊਨ, 24 ਅਕਤੂਬਰ 2013)
ਹਾਕਮਾਂ ਦੇ ਦਲਾਲ ਅਤੇ ਧਾੜਵੀ ਲੱਛਣ ਨੂੰ ਨੰਗਾ ਕਰੋ
ਮੌਕਾਪ੍ਰਸਤ ਸਿਆਸੀ ਟੋਲਿਆਂ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਆਨਬਾਜ਼ੀ ਪਿੱਛੇ ਛੁਪੇ
ਹਾਕਮਾਂ ਦੇ ਦਲਾਲ ਅਤੇ ਧਾੜਵੀ ਲੱਛਣ ਨੂੰ ਨੰਗਾ ਕਰੋ
-ਨਵਜੋਤ
ਅੱਜ ਕੱਲ੍ਹ ਮੁਲਕ ਵਿੱਚ ਕੋਲਗੇਟ ਯਾਨੀ ਨਿੱਜੀ ਦੇਸੀ-ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਕੋਲੇ ਦੀਆਂ ਖਾਣਾਂ ਦੇਣ ਦੇ ਮਾਮਲੇ 'ਚ ਹੋਈ ਘਪਲੇਬਾਜ਼ੀ ਭਖਵੀਂ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਭਾਰਤ ਦੇ ਕੰਪਟਰੋਲਰ ਐਂਡ ਆਡੀਟਰ ਜਨਰਲ ਅਨੁਸਾਰ ਇਸ ਮਾਮਲੇ ਵਿੱਚ 1.76 ਲੱਖ ਕਰੋੜ ਰੁਪਏ ਦਾ ਵੱਡਾ ਘਪਲਾ ਹੋਇਆ ਹੈ। ਇਸ ਤੋਂ ਇਲਾਵਾ 2-ਜੀ ਸਪੈਕਟਰਮ ਘਪਲੇ 'ਤੇ ਵੀ ਚਰਚਾ ਠੰਢੀ ਨਹੀਂ ਹੋਈ। 29 ਅਕਤੂਬਰ ਨੂੰ ਪੀ.ਸੀ. ਚਾਕੋ ਦੀ ਪ੍ਰਧਾਨਗੀ ਹੇਠਲੀ ਸਾਂਝੀ ਪਾਰਲੀਮਾਨੀ ਕਮੇਟੀ ਵੱਲੋਂ ਇਸ ਸਬੰਧੀ ਰਿਪੋਰਟ ਲੋਕ ਸਭਾ ਦੀ ਸਪੀਕਰ ਨੂੰ ਸੌਂਪੀ ਗਈ ਹੈ। ਅਕਸਰ ਹੀ ਕੋਈ ਨਾ ਕੋਈ ਘਪਲਾ ਕੇਂਦਰ ਜਾਂ ਸੂਬਾ ਪੱਧਰ 'ਤੇ ਸਾਹਮਣੇ ਆਉਂਦਾ ਰਹਿੰਦਾ ਹੈ ਅਤੇ ਹਕੂਮਤ ਕਰ ਰਹੀ ਧਿਰ ਅਤੇ ਵਿਰੋਧੀ ਧਿਰਾਂ ਦਰਮਿਆਨ ਆਪਸੀ ਜੂਤ-ਪਤਾਣ ਦਾ ਮੁੱਦਾ ਬਣਦਾ ਰਹਿੰਦਾ ਹੈ। ਮੌਕਾਪ੍ਰਸਤ ਸਿਆਸੀ ਟੋਲਿਆਂ ਵੱਲੋਂ ਇੱਕ ਦੂਜੇ ਨੂੰ ਭ੍ਰਿਸ਼ਟ ਸਾਬਤ ਕਰਨ ਲਈ ਖੂਬ ਖਰੂਦ ਪਾਇਆ ਜਾਂਦਾ ਹੈ। ਇਸੇ ਖਰੂਦੀ ਰੌਲੇ ਰੱਪੇ ਵਿੱਚ ਅੰਨਾ ਹਜ਼ਾਰੇ ਅਤੇ ਅਖੌਤੀ ਸਿਵਲ ਸੋਸਾਇਟੀ ਵੱਲੋਂ ਕੇਂਦਰ ਵਿੱਚ ਇੱਕ ਪ੍ਰਭਾਵਸ਼ਾਲੀ ਲੋਕਪਾਲ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਮੁਹਿੰਮ ਵਿੱਢੀ ਗਈ ਸੀ। ਉਹਨਾਂ ਵੱਲੋਂ ਇਹ ਗੱਲ ਖੂਬ ਧੁਮਾਈ ਗਈ ਸੀ ਅਤੇ ਹੁਣ ਵੀ ਧੁਮਾਈ ਜਾ ਰਹੀ ਹੈ ਕਿ ਇੱਕ ਪ੍ਰਭਾਵਸ਼ਾਲੀ ਲੋਕਪਾਲ ਕਾਨੂੰਨ ਬਣਾ ਕੇ ਅਤੇ ਇਸ ਮੁਤਾਬਿਕ ਕੇਂਦਰ ਅਤੇ ਸੂਬਿਆਂ ਵਿੱਚ ਲੋਕਪਾਲ ਨਿਯੁਕਤ ਕਰਕੇ ਭ੍ਰਿਸ਼ਟਾਚਾਰ ਦੇ ਰੋਗ ਦੀ ਜੜ੍ਹ ਵੱਢੀ ਜਾ ਸਕਦੀ ਹੈ।
ਇਸ ਤਰ੍ਹਾਂ, ਮੌਕਾਪ੍ਰਸਤ ਸਿਆਸਤਦਾਨਾਂ, ਅੰਨਾ ਹਜ਼ਾਰੇ, ਕੇਜਰੀਵਾਲ ਅਤੇ ਸਿਵਲ ਸੋਸਾਇਟੀ ਆਦਿ ਸਭਨਾਂ ਵੱਲੋਂ ਇਹਨਾਂ ਘਪਲਿਆਂ ਨੂੰ ਪਹਿਲਪ੍ਰਿਥਮੇ ਪਾਰਲੀਮਾਨੀ ਸਿਆਸਤਦਾਨਾਂ ਅਤੇ ਅਫਸਰਸ਼ਾਹਾਂ ਦੇ ਵਿਅਕਤੀਗਤ ਕਿਰਦਾਰ ਵਿੱਚ ਪੈਸੇ ਦੇ ਲਾਲਚ ਵਸ ਆਏ ਇੱਕ ਵਿਗਾੜ ਵਜੋਂ ਪੇਸ਼ ਕੀਤਾ ਜਾਂਦਾ ਹੈ। ਦੂਜਾ- ਇੱਕ ਅਸਰਦਾਰ ਕਾਨੂੰਨ ਦੀ ਅਣਹੋਂਦ ਨੂੰ, ਇਸ ਵਿਅਕਤੀਗਤ ਵਿਗਾੜ ਦੇ ਪੈਦਾ ਹੋਣ ਤੇ ਉੱਭਰਨ ਦੀ ਵਜਾਹ ਵਜੋਂ ਉਭਾਰਿਆ ਜਾਂਦਾ ਹੈ। ਇਉਂ, ਉਹਨਾਂ ਵੱਲੋਂ ਇੱਕ ਸ਼ਕਤੀਸ਼ਾਲੀ ਲੋਕਪਾਲ ਬਣਾਕੇ ਮੁਲਕ ਦੇ ਅਖੌਤੀ ਜਮਹੂਰੀ ਸਿਆਸੀ ਪ੍ਰਬੰਧ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਭਰਮਜਾਲ ਫੈਲਾਉਣ ਲਈ ਜ਼ੋਰ ਲਾਇਆ ਜਾਂਦਾ ਹੈ।
ਇਸਦੇ ਐਨ ਉਲਟ ਅਸਲੀਅਤ ਇਹ ਹੈ ਕਿ ਇਹਨਾਂ ਘਪਲਿਆਂ ਦੇ ਰੂਪ ਵਿੱਚ ਸਾਹਮਣੇ ਆਇਆ ਭ੍ਰਿਸ਼ਟਾਚਾਰ ਨਾ ਹੀ ਰਿਸ਼ਵਤ ਲੈਣ-ਦੇਣ ਦੀ ਸ਼ਕਲ ਵਿੱਚ ਕੀਤਾ ਜਾਣ ਵਾਲਾ ਸਾਧਾਰਨ ਭ੍ਰਿਸ਼ਟਾਚਾਰ ਹੈ ਅਤੇ ਨਾ ਹੀ ਇਹ ਹਾਕਮ ਜਮਾਤੀ ਸਿਆਸਤਦਾਨਾਂ ਅਤੇ ਅਫਸਰਸ਼ਾਹਾਂ ਵਿੱਚ ਆਇਆ ਕੋਈ ਵਿਅਕਤੀਗਤ ਵਿਗਾੜ ਹੈ। ਇਹ ਇੱਕ ਵਿਸ਼ੇਸ਼ ਕਿਸਮ ਦਾ ਭ੍ਰਿਸ਼ਟਾਚਾਰ ਹੈ, ਜਿਹੜਾ ਮੁਲਕ ਦੇ ਪਾਰਲੀਮਾਨੀ ਸਿਆਸੀ ਟੋਲਿਆਂ, ਅਫਸਰਸ਼ਾਹਾਂ ਅਤੇ ਵੱਡੇ ਕਾਰੋਬਾਰੀਆਂ ਦੇ ਦੇਸ਼ ਧਰੋਹੀ ਕਿਰਦਾਰ ਸਮੋਇਆ ਲੋਕ-ਦੁਸ਼ਮਣ ਲੱਛਣ ਹੈ। ਇਸ ਲੱਛਣ ਦੀ ਇੱਕ ਸ਼ਕਲ ਇਹ ਹੈ ਕਿ ਮੌਕਾਪ੍ਰਸਤ ਸਿਆਸਤਦਾਨਾਂ, ਸਰਕਾਰੀ ਅਧਿਕਾਰੀਆਂ ਅਤੇ ਵੱਡੇ ਕਾਰੋਬਾਰੀਆਂ ਵੱਲੋਂ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਵੱਲੋਂ ਮੁਲਕ ਦੀ ਕਿਰਤ, ਜ਼ਮੀਨ, ਜੰਗਲ, ਖਾਣਾਂ ਅਤੇ ਦੌਲਤ-ਖਜ਼ਾਨਿਆਂ ਦੀ ਕੀਤੀ ਜਾਂਦੀ ਧਾੜਵੀ ਲੁੱਟ (ਪਰੀਡੇਟਰੀ ਪਲੰਡਰ) ਰਾਹੀਂ ਬਟੋਰੀ ਜਾ ਰਹੀ ਦੌਲਤ 'ਚੋਂ ਆਪਣੀ ਦਲਾਲੀ ਦੇ ਰੂਪ ਵਿੱਚ ਹਿੱਸਾ ਪੱਤੀ ਹਾਸਲ ਕੀਤੀ ਜਾਂਦੀ ਹੈ। ਇਸ ਲੱਛਣ ਦਾ ਦੂਜਾ ਇਜ਼ਹਾਰ ਇਹ ਹੈ ਕਿ ਇਹਨਾਂ ਪਾਰਲੀਮਾਨੀ ਸਿਆਸਤਦਾਨਾਂ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਦੱਬੀ-ਕੁਚਲੀ ਜਨਤਾ ਨੂੰ ਅਖੌਤੀ ਤੇ ਨਿਗੂਣੀਆਂ ਰਾਜਕੀ ਸੇਵਾਵਾਂ ਮੁਹੱਈਆ ਕਰਨ ਲਈ ਉਹਨਾਂ ਤੋਂ ਧੱਕੇ ਨਾਲ ਪੈਸਾ ਬਟੋਰਿਆ ਜਾਂਦਾ ਹੈ, ਜਿਹੜੀ ਨੰਗੀ-ਚਿੱਟੀ ਧਾੜਵੀ ਲੁੱਟ (ਪਰੀਡੇਟਰੀ ਐਕਸਟੌਰਸ਼ਨ) ਤੋਂ ਸਿਵਾਏ ਹੋਰ ਕੁੱਝ ਨਹੀਂ ਹੈ। ਇਸਦੀ ਤੀਜੀ ਸ਼ਕਲ ਇਹ ਹੈ ਕਿ ਹਾਕਮ ਜਮਾਤੀ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਵੱਲੋਂ ਸਰਕਾਰੀ ਖਜ਼ਾਨੇ ਨੂੰ ਦੇਸੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੂੰ ਰੱਜ ਕੇ ਲੁਟਾਇਆ ਜਾਂਦਾ ਹੈ ਅਤੇ ਖੁਦ ਵੀ ਲੁੱਟਿਆ ਜਾਂਦਾ ਹੈ। ਇਉਂ, ਇਹ ਵਿਸ਼ੇਸ਼ ਕਿਸਮ ਦਾ ਭ੍ਰਿਸ਼ਟਾਚਾਰ ਹਾਕਮ ਜਮਾਤੀ ਸਿਆਸੀ ਟੋਲਿਆਂ, ਅਫਸਰਸ਼ਾਹਾਂ ਅਤੇ ਵੱਡੇ ਕਾਰੋਬਾਰੀਆਂ ਦੇ ਅਤੇ ਭਾਰਤੀ ਰਾਜ ਦੇ ਦਲਾਲ ਤੇ ਧਾੜਵੀ ਲੱਛਣ ਦਾ ਠੋਸ ਇਜ਼ਹਾਰ ਹੈ ਅਤੇ ਇਹ ਲੱਛਣ ਇਹਨਾਂ ਦੀ ਦੇਸ਼ ਧਰੋਹੀ ਖਸਲਤ ਦੀ ਪੈਦਾਇਸ਼ ਹੈ।
ਚਾਹੇ ਕਾਰਪੋਰੇਟ ਕੰਪਨੀਆਂ ਵੱਲੋਂ ਮੁਲਕ ਦੀ ਜ਼ਮੀਨ, ਜੰਗਲ, ਖਾਣਾਂ, ਪਾਣੀ ਅਤੇ ਹੋਰਨਾਂ ਦੌਲਤ-ਖਜ਼ਾਨਿਆਂ ਨੂੰ ਹਥਿਆਉਣ ਦਾ ਮਾਮਲਾ ਹੋਵੇ, ਚਾਹੇ ਮੁਲਕ ਦੇ ਕਮਾਊ ਲੋਕਾਂ ਪਾਸੋਂ ਨਿਗੂਣੀਆਂ ਸਰਕਾਰੀ ਸੇਵਾਵਾਂ ਬਦਲੇ ਪੈਸਾ ਬਟੋਰਨਾ ਹੋਵੇ ਅਤੇ ਚਾਹੇ ਸਰਕਾਰੀ ਖਜ਼ਾਨੇ ਨੂੰ ਸੰਨ੍ਹ ਲਾਉਣਾ ਹੋਵੇ— ਸਭਨਾਂ ਮਾਮਲਿਆਂ ਵਿੱਚ ਮੁਲਕ ਦੇ ਆਪਾਸ਼ਾਹ ਜਾਬਰ ਰਾਜ ਦਾ ਰੋਲ ਫੈਸਲਾਕੁੰਨ ਹੈ। ਇਹ ਸਭ ਕੁੱਝ ਰਾਜ ਦੀ ਹਥਿਆਰਬੰਦ ਤਾਕਤ ਦੀ ਦਬਸ਼ ਅਤੇ ਦਹਿਸ਼ਤ ਦੇ ਜ਼ੋਰ ਕੀਤਾ ਜਾਂਦਾ ਹੈ। ਜਿੱਥੇ ਰਾਜ ਨਾ ਸਿਰਫ ਮੁਲਕ ਤੇ ਲੋਕਾਂ ਦੀ ਧਾੜਵੀ ਲੋਟੂ ਮੁਹਿੰਮ ਦਾ ਸੰਦ ਬਣਿਆ ਹੋਵੇ, ਸਗੋਂ ਖੁਦ ਇਸ ਧਾੜਵੀ ਲੋਟੂ ਮੁਹਿੰਮ ਵਿੱਚ ਇੱਕ ਦਲਾਲ ਧਾੜਵੀ ਹਸਤੀ ਵਜੋਂ ਸ਼ਾਮਲ ਹੋਵੇ, ਤਾਂ ਉੱਥੇ ਮੁਲਕ ਦੇ ਕਾਨੂੰਨ ਵਿੱਚ ਅਦਲਾ-ਬਦਲੀਆਂ ਕਰਨ ਜਾਂ ਅਖੌਤੀ ਅਸਰਦਾਰ ਕਾਨੂੰਨ ਬਣਾਉਣ ਦੀਆਂ ਗੱਲਾਂ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਤੋਂ ਬਿਨਾ ਹੋਰ ਕੁੱਝ ਨਹੀਂ ਹੈ। ਇਹ ਕਾਨੂੰਨ ਨਹੀਂ, ਜੋ ਰਾਜ ਨੂੰ ਤਾਕਤ ਬਖਸ਼ਦਾ ਹੈ। ਇਹ ਰਾਜ ਹੀ ਹੈ, ਜੋ ਕਾਨੂੰਨ ਨੂੰ ਤਾਕਤ ਬਖਸ਼ਦਾ ਹੈ। ਜੇ ਰਾਜ ਹੀ ਖੁਦ ਦੇਸ਼ ਧਰੋਹੀ ਕਿਰਦਾਰ ਅਤੇ ਦਲਾਲ ਤੇ ਧਾੜਵੀ ਲੱਛਣ ਦਾ ਮਾਲਕ ਹੈ, ਤਾਂ ਉਸ ਪਾਸੋਂ ਮੁਲਕ ਦੇ ਪਾਰਲੀਮਾਨੀ ਸਿਆਸੀ ਟੋਲਿਆਂ, ਅਫਸਰਸ਼ਾਹੀ ਅਤੇ ਵੱਡੇ ਕਾਰੋਬਾਰੀਆਂ ਦੀਆਂ ਦਲਾਲ ਅਤੇ ਧਾੜਵੀ ਸਰਗਰਮੀਆਂ 'ਤੇ ਕਾਨੂੰਨੀ ਸਿਕੰਜਾ ਕਸਣ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ।
ਇਸ ਲਈ, ਇਸ ਮੁਲਕ ਦੇ ਦਲਾਲ ਲਾਣੇ ਦੀ ਧਾੜਵੀ ਲੁੱਟ ਨੂੰ ਇੱਕ ਸਾਧਾਰਨ ਭ੍ਰਿਸ਼ਟਚਾਰ ਵਰਗੇ ਵਿਗਾੜ ਵਜੋਂ ਉਭਾਰਨ ਅਤੇ ਇਸ ਨੂੰ ਕਾਨੂੰਨ ਰਾਹੀਂ ਹੱਲ ਕਰਨ ਦੇ ਸ਼ੋਰੋਗੁੱਲ ਦਾ ਮਕਸਦ ਜਿੱਥੇ ਕਾਰਪੋਰੇਟ ਅਤੇ ਹਾਕਮ ਜਮਾਤੀ ਧੜਿਆਂ ਦਰਮਿਆਨ ਭੇੜ ਅੰਦਰ ਇੱਕ ਦੂਜੇ ਨੂੰ ਪਛਾੜਨਾ ਹੈ, ਉੱਥੇ ਹਾਕਮ ਜਮਾਤੀ ਸਿਆਸੀ ਟੋਲਿਆਂ ਅਤੇ ਰਾਜ ਦੀ ਦੇਸ਼ ਧਰੋਹੀ ਖਸਲਤ ਅਤੇ ਦਲਾਲ ਧਾੜਵੀ ਲੱਛਣ 'ਤੇ ਪਰਦਾ ਪਾਉਣਾ, ਲੋਕ ਸੁਰਤੀ ਦੇਸੀ ਵਿਦੇਸ਼ੀ ਕਾਰਪੋਰੇਟ ਲਾਣੇ ਦੀ ਧਾੜਵੀ ਲੋਟੂ ਮੁਹਿੰਮ ਅਤੇ ਇਸਦੇ ਲੋਕਾਂ ਦੀ ਜ਼ਿੰਦਗੀ 'ਤੇ ਪੈ ਰਹੇ ਤਬਾਹਕੁੰਨ ਅਸਰਾਂ ਤੋਂ ਭਟਕਾਉਣਾ ਹੈ। ਮੌਕਾਪ੍ਰਸਤ ਸਿਆਸਤਦਾਨਾਂ ਤੋਂ ਲਾ ਕੇ ਰਾਜ ਦੇ ਕੈਗ ਅਤੇ ਸੁਪਰੀਮ ਕੋਰਟ ਵਰਗੇ ਸਭ ਅਦਾਰੇ ਇਸ ਪਰਦਾਪਾਊ ਤੇ ਭਟਕਾਊ ਮੁਹਿੰਮ ਵਿੱਚ ਗਲਤਾਨ ਹਨ। ਇਹਨਾਂ ਸਭਨਾਂ ਵੱਲੋਂ ਕੋਲਾ ਖਾਣਾਂ ਜਾਂ ਆਦਿਵਾਸੀ ਜ਼ਮੀਨਾਂ ਤੇ ਜੰਗਲ ਸੌਂਪਣ ਦੇ ਮਾਮਲੇ ਵਿੱਚ ਰਹੇ ਨਾਮ-ਨਿਹਾਦ ਫਰਕਾਂ-ਸ਼ਰਕਾਂ, ਢੰਗ ਤਰੀਕਿਆਂ ਜਾਂ ਮਾਲੀ ਨੁਕਸਾਨ ਅਤੇ ਇਸਦੇ ਜੁੰਮੇਵਾਰ ਵਿਅਕਤੀਗਤ ਸਿਆਸਤਦਾਨਾਂ ਜਾਂ ਅਧਿਕਾਰੀਆਂ ਵੱਲ ਤਾਂ ਉਂਗਲ ਉਠਾਈ ਜਾ ਰਹੀ ਹੈ, ਪਰ ਇਸ ਧਾੜਵੀ ਲੁੱਟ ਦਾ ਆਧਾਰ ਬਣਦੀਆਂ ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਵੱਲ ਝਾਕਿਆ ਤੱਕ ਨਹੀਂ ਜਾਂਦਾ। ਇਹਨਾਂ ਲੋਕ-ਦੁਸ਼ਮਣ ਨੀਤੀਆਂ ਨੂੰ ਲਾਗੂ ਕਰਨ ਲਈ ਲੋਕਾਂ 'ਤੇ ਮੜ੍ਹੇ ਕਾਨੂੰਨਾਂ ਦੀ ਗੱਜਵੱਜ ਕੇ ਵਜਾਹਤ ਕੀਤੀ ਜਾਂਦੀ ਹੈ। ਮੁਲਕ ਨੂੰ ਚੂੰਡਣ ਚੜ੍ਹੀਆਂ ਕਾਰਪੋਰੇਟ ਗਿਰਝਾਂ 'ਤੇ ਭੋਰਾ ਭਰ ਵੀ ਰੋਕ ਤੱਕ ਲਾਉਣ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ।
ਸੋ, ਇਨਕਲਾਬੀ ਜਮਹੁਰੀ ਅਤੇ ਲੋਕ-ਹਿਤੈਸ਼ੀ ਤਾਕਤਾਂ ਨੂੰ ਹਾਕਮ ਜਮਾਤੀ ਲਾਣੇ ਅਤੇ ਉਸਦੇ ਮੀਡੀਆ ਵੱਲੋਂ ਵਿੱਢੀ ਇਸ ਅਖੌਤੀ ਭ੍ਰਿਸ਼ਟਾਚਾਰ ਵਿਰੋਧੀ ਦੰਭੀ ਮੁਹਿੰਮ ਦੀ ਅਸਲੀਅਤ ਨੂੰ ਨੰਗਾ ਕਰਦਿਆਂ, ਇਹਨਾਂ ਦੇ ਦੇਸ਼ਧਰੋਹੀ ਕਿਰਦਾਰ ਅਤੇ ਧਾੜਵੀ ਲੱਛਣ ਨੂੰ ਉਭਾਰਨਾ ਚਾਹੀਦਾ ਹੈ। ਉੱਭਰਵੇਂ ਭਖਵੇਂ ਹਕੀਕੀ ਜਮਾਤੀ ਮੰਗਾਂ/ਮਸਲਿਆਂ 'ਤੇ ਜ਼ੋਰਦਾਰ ਤੇ ਵਿਸ਼ਾਲ ਜਨਤਕ ਇਨਕਲਾਬੀ ਲਹਿਰ ਉਸਾਰਨ ਲਈ ਤਾਣ ਲਾਉਣਾ ਚਾਹੀਦਾ ਹੈ। ਜਨਤਕ ਸਰੋਕਾਰ ਦਾ ਮੁੱਦਾ ਬਣਦੇ ਅਜਿਹੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਉਪਰੋਕਤ ਮੁੱਦਿਆਂ 'ਤੇ ਜੱਦੋਜਹਿਦ ਦੇ ਮਾਤਹਿਤ ਤੇ ਅੰਗ ਵਜੋਂ ਹੱਥ ਲੈਣਾ ਚਾਹੀਦਾ ਹੈ ਤਾਂ ਕਿ ਦੇਸ਼ ਧਰੋਹੀ ਤੇ ਪਰਜੀਵੀ ਹਾਕਮ ਜਮਾਤੀ ਲਾਣੇ ਦੀ ਧਾੜਵੀ ਲੋਟੂ ਮੁਹਿੰਮ ਦਾ ਅਸਰਦਾਰ ਟਾਕਰਾ ਕਰਨ ਵੱਲ ਵਧਿਆ ਜਾ ਸਕੇ ਅਤੇ ਮੁਲਕ ਨੂੰ ਇਸ ਲਾਣੇ ਦੇ ਜਕੜਪੰਜੇ ਤੋਂ ਮੁਕਤ ਕਰਵਾਉਂਦਿਆਂ, ਇੱਕ ਖਰੇ ਕੌਮੀ ਜਮਹੂਰੀ ਅਤੇ ਖੁਸ਼ਹਾਲ ਮੁਲਕ ਵਿੱਚ ਬਦਲਣ ਦਾ ਨਿਸ਼ਾਨਾ ਹਾਸਲ ਕੀਤਾ ਜਾ ਸਕੇ। ੦-੦
ਪੁਲਸ ਮੁਲਾਜ਼ਮਾਂ ਦੀਆਂ ਫੋਕੀਆਂ ਤਰੱਕੀਆਂ ਲੋਕਾਂ 'ਤੇ ਦੋ-ਪਾਸੜ ਹਮਲਾ
ਪੁਲਸ ਮੁਲਾਜ਼ਮਾਂ ਦੀਆਂ ਫੋਕੀਆਂ ਤਰੱਕੀਆਂ
ਲੋਕਾਂ 'ਤੇ ਦੋ-ਪਾਸੜ ਹਮਲਾ
-ਪੱਤਰਕਾਰ
ਜੁਲਾਈ ਦੇ ਅਖੀਰ ਵਿੱਚ ਪੰਜਾਬ ਸਰਕਾਰ ਨੇ, ਪੁਲਸ ਦੇ 420 ਹਵਾਲਦਾਰਾਂ ਤੇ ਛੋਟੇ ਥਾਣੇਦਾਰਾਂ ਨੂੰ ਆਰਜੀ ਤਰੱਕੀਆਂ ਦੇ ਦਿੱਤੀਆਂ ਹਨ। ਇਹਨਾਂ ਤਰੱਕੀਆਂ ਦੀ ਵਿਲੱਖਣ ਗੱਲ ਇਹ ਸੀ, ਪੁਲਸ ਮੁਲਾਜ਼ਮਾਂ ਦੇ ਮੋਢਿਆਂ 'ਤੇ ਸਟਾਰ ਤਾਂ ਲਾ ਦਿੱਤੇ ਪਰ ਉਹਨਾਂ ਦੀਆਂ ਤਨਖਾਹਾਂ/ਭੱਤਿਆਂ ਵਿੱਚ ਕੋਈ ਵਾਧਾ ਨਹੀਂ ਕੀਤਾ। ਡੀ.ਜੀ.ਪੀ. ਵੱਲੋਂ ਜਾਰੀ ਕੀਤੇ ਲਿਖਤੀ ਹੁਕਮ ਵਿੱਚ ਸਪਸ਼ਟ ਕਹਿ ਦਿੱਤਾ ਹੈ ਕਿ ਇਹ ਮੁਲਾਜ਼ਮ, ਆਪਣੇ ਨਵੇਂ ਅਹੁਦੇ ਮੁਤਾਬਕ, ਤਨਖਾਹ ਸਕੇਲ ਦੇ ਹੱਕਦਾਰ ਨਹੀਂ ਹੋਣਗੇ। ਇਉਂ ਪੰਜਾਬ ਸਰਕਾਰ ਨੇ 'ਹਿੰਗ ਲੱਗੇ ਨਾ ਫਟਕੜੀ, ਰੰਗ ਵੀ ਚੋਖਾ' ਵਾਲੀ ਕਹਾਵਤ 'ਤੇ ਅਮਲ ਕਰਕੇ, ਪੁਲਸ ਮੁਲਾਜ਼ਮਾਂ ਨਾਲ ਵੀ 420 ਕਰ ਦਿੱਤੀ ਹੈ। ਨੇੜ ਭਵਿੱਖ ਵਿੱਚ ਹੋਰ 300 ਹਵਾਲਦਾਰਾਂ ਨੂੰ ਅਜਿਹੀ ਹੀ ਫੋਕੀ ਤਰੱਕੀ ਨਾਲ ਨਿਵਾਜਿਆ ਜਾਏਗਾ। ਤਾਂ ਵੀ ਸਰਕਾਰ ਤੇ ਮੁਲਾਜ਼ਮ ਦੋਵੇਂ ਖੁਸ਼ ਹਨ। ਅਕਾਲੀ-ਭਾਜਪਾ ਸਰਕਾਰ ਇਸ ਕਰਕੇ ਖੁਸ਼ ਹੈ ਕਿ ਉਸਨੇ ਸਰਕਾਰੀ ਖਜ਼ਾਨੇ 'ਚੋਂ ਕਾਣੀ ਕੌਡੀ ਖਰਚੇ ਬਗੈਰ, ਫੋਕੇ ਸਟਾਰ ਲਾ ਕੇ ਹੀ ਐਨੇ ਪੁਲਸੀ ਮੁਲਾਜ਼ਮਾਂ 'ਤੇ ਮੁਕਾਬਲਤਨ ਵੱਡੀਆਂ ਜੁੰਮੇਵਾਰੀਆਂ ਪਾ ਕੇ, ਪਹਿਲਾਂ ਨਾਲੋਂ ਜ਼ਿਆਦਾ ਕੰਮ ਲੈ ਲੈਣਾ ਹੈ। ਇਹਨਾਂ 'ਚੋਂ ਬਹੁਤਿਆਂ ਦੀਆਂ ਬਕਾਇਆ ਸਮਾਂ-ਬੱਧ ਤਰੱਕੀਆਂ ਨੂੰ ਵੀ ਇਹਨਾਂ ਵਿੱਚ ਹੀ ਰਲਾ ਕੇ, ਜ਼ਰੂਰੀ ਦੇਣੇ ਤਨਖਾਹ-ਸਕੇਲਾਂ ਤੋਂ ਵੀ ਪੱਲਾ ਝਾੜ ਦਿੱਤਾ ਹੈ। ਅਤੇ ਲੋਕ-ਸਭਾ ਚੋਣਾਂ ਨੇੜੇ ਹੋਣ ਕਰਕੇ, ਪੁਲਸ ਮੁਲਾਜ਼ਮਾਂ ਦੇ ਪਵਿਰਾਰਾਂ ਦੀ ਹਮਦਰਦੀ ਜਿੱਤ ਕੇ ਆਪਣੇ ਵੋਟ-ਬੈਂਕ ਵਿੱਚ ਵਾਧਾ ਕਰ ਲਿਆ ਹੈ।
ਪੁਲਸ ਮੁਲਾਜ਼ਮ ਵੀ ਬਾਗੋ-ਬਾਗ ਹਨ। ਉਹਨਾਂ ਨੂੰ ਉਤਲੇ ਅਹੁਦਿਆਂ ਅਨੁਸਾਰ, ਤਨਖਾਹ ਸਕੇਲ ਨਾ ਮਿਲਣ ਦਾ ਭੋਰਾ ਵੀ ਝੋਰਾ ਨਹੀਂ ਹੈ। ਕਿਉਂਕਿ ਹਰਾਮ ਦੀ ਕਮਾਈ ਰਿਸ਼ਵਤ 'ਚੋਂ ਅਹੁਦਿਆਂ ਮੁਤਾਬਕ ਹੀ ਵੱਧ-ਘੱਟ ਹੱਥ ਪੈਂਦਾ ਹੈ। ਪੁਲਸ ਵਰਗੇ ਮਹਾਂ-ਭ੍ਰਿਸ਼ਟ ਮਹਿਕਮੇ ਵਿੱਚ ਹੁਣ ਉਹਨਾਂ ਨੂੰ ਆਪਣੇ ਉੱਚੇ ਹੋਏ ਸਟਾਰਾਂ ਅਨੁਸਾਰ ਵੱਧ ਹਿੱਸਾ ਪੱਤੀ ਤਾਂ ਮਿਲਣ ਲੱਗ ਹੀ ਜਾਏਗੀ।
ਉਂਝ ਇਹ ਵਰਤਾਰਾ ਨਵਾਂ ਨਹੀਂ ਹੈ। ਕਈ ਸਾਲ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਲਾਈਨਮੈਨਾਂ ਨੂੰ ਪ੍ਰੋਮੋਟ ਕਰਕੇ ਕੱਚੇ ਜੇ.ਈ. ਬਣਾਏ ਸਨ। ਕੰਮ ਜੇ.ਈ. ਵਾਲਾ ਲੈਣਾ ਸੀ ਤੇ ਤਨਖਾਹ ਲਾਈਨਮੈਨ ਵਾਲੀ ਦੇਣੀ ਸੀ। ਇਮਾਨਦਾਰ ਲਾਈਨਮੈਨਾਂ ਨੇ ਅਜਿਹੀ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਰਿਸ਼ਵਤ ਦੀ ਲਾਗ ਲੱਗੇ ਹਿੱਸੇ ਨੇ ਇਹ ਤਰੱਕੀ ਚਾਈਂ ਚਾਈਂ ਪ੍ਰਵਾਨ ਕਰ ਲਈ ਸੀ।
ਸੋ, ਸੂਬਾ ਸਰਕਾਰ ਦਾ ਇਹ ਫੈਸਲਾ ਲੋਕਾਂ 'ਤੇ ਦੋ ਪਾਸਿਉਂ ਬੋਲਿਆ ਹਮਲਾ ਹੈ, ਇੱਕ- ਪੁਲਸ ਕਰਮਚਾਰੀਆਂ ਨੂੰ ਇਹ ਅਖੌਤੀ ਤਰੱਕੀਆਂ ਦੇ ਕੇ ਮਿਹਨਤਕਸ਼ ਲੋਕਾਂ ਤੋਂ ਰਿਸ਼ਵਤ ਬਟੋਰਨ ਦੀ ਤਾਕਤ ਨਾਲ ਨਿਵਾਜਿਆ ਗਿਆ ਹੈ। ਇਉਂ, ਉਹਨਾਂ ਨੂੰ ਇਹ ਖੁੱਲ੍ਹ ਦਿੱਤੀ ਗਈ ਹੈ ਕਿ ਲੁੱਟੋ ਖਾਓ, ਮੌਜ ਮਾਰੋ। ਦੂਜਾ, ਲੋਕ-ਦੋਖੀ ਨਵੀਆਂ ਆਰਥਿਕ ਨੀਤੀਆਂ ਦੇ ਤਹਿਤ, ਪੁਲਸ ਸਮੇਤ ਸਭਨਾਂ ਵਿਭਾਗਾਂ ਦੇ ਮੁਲਾਜ਼ਮਾਂ ਸਬੰਧੀ ਅਜਿਹੇ ਫੈਸਲੇ ਕਰਕੇ ਪੰਜਾਬ ਸਰਕਾਰ, ਆਪਣੇ ਮੁਲਾਜ਼ਮਾਂ ਦੇ ਤਨਖਾਹ-ਸਕੇਲਾਂ ਵਿੱਚ ਵਾਧੇ ਨੂੰ ਅਣ-ਐਲਾਨੀਆ ਜਾਮ ਕਰੀ ਰੱਖਣ ਅਤੇ ਪੈਨਸ਼ਨ ਦੇ ਰੂਪ ਵਿੱਚ ਮੁਲਾਜ਼ਮਾਂ ਦੀ ਸਮਾਜਿਕ ਸੁਰੱਖਿਆ ਦੀ ਜੁੰਮੇਵਾਰੀ ਨੂੰ ਗਲੋਂ ਲਾਹੁਣ ਦੇ ਰਾਹ ਪੈ ਚੁੱਕੀ ਹੈ। ਦੂਜੇ ਮਹਿਕਮਿਆਂ ਅੰਦਰ ਨੇੜੇ ਭਵਿੱਖ ਵਿੱਚ ਹੋਣ ਜਾ ਰਹੀਆਂ ਅਜਿਹੀਆਂ ਫੋਕੀਆਂ, ਗੈਰ-ਵਾਜਬ ਅਤੇ ਅਨਿਆਈਂ ਤਰੱਕੀਆਂ ਤੋਂ ਮੁਲਾਜ਼ਮਾਂ ਨੂੰ ਚੌਕਸ ਹੋਣਾ ਚਾਹੀਦਾ ਹੈ ਅਤੇ ਆਪਣਾ ਏਕਾ ਮਜਬੂਤ ਕਰਕੇ ਇਹਨਾਂ ਅਖੌਤੀ ਤਰੱਕੀਆਂ ਦੇ ਨਾਂ ਹੇਠ ਲੋਕਾਂ 'ਤੇ ਬੋਲੇ ਜਾ ਰਹੇ ਇਸ ਹਮਲੇ ਦੇ ਵਰਤਾਰੇ ਖਿਲਾਫ ਡਟਣਾ ਚਾਹੀਦਾ ਹੈ।
ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੀ ਗ਼ਦਰ ਸ਼ਤਾਬਦੀ ਮੁਹਿੰਮ
ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ
ਸਾਂਝੀ ਗ਼ਦਰ ਸ਼ਤਾਬਦੀ ਮੁਹਿੰਮ
-ਲਛਮਣ ਸਿੰਘ ਸੇਵੇਵਾਲਾ
2013 ਦਾ ਵਰ੍ਹਾ ਗ਼ਦਰ ਪਾਰਟੀ ਦੀ ਸਥਾਪਨਾ ਦਾ ਸ਼ਤਾਬਦੀ ਵਰ੍ਹਾ ਹੈ। ਇਸ ਵਰ੍ਹੇ ਦੌਰਾਨ ਪੰਜਾਬ ਦੀਆਂ ਵੱਖ ਵੱਖ ਸਮਾਜੀ, ਸਿਆਸੀ ਤੇ ਨੀਮ-ਸਿਆਸੀ ਜਥੇਬੰਦੀਆਂ ਤੇ ਵੱਡੀ ਗਿਣਤੀ ਵਿੱਚ ਲੋਕ-ਪੱਖੀ ਜਨਤਕ ਜਥੇਬੰਦੀਆਂ ਨੇ ਆਪਣੀ ਆਪਣੀ ਸਮਝ, ਸਮਰੱਥਾ ਤੇ ਤਰੀਕਾਕਾਰ ਮੁਤਾਬਕ ਇਸ ਗ਼ਦਰ ਸ਼ਤਾਬਦੀ ਮੁਹਿੰਮ ਵਿੱਚ ਆਪਣਾ ਹਿੱਸਾ ਪਾਇਆ ਹੈ ਅਤੇ ਦੇਸ਼ ਭਗਤ ਗ਼ਦਰੀ ਸੂਰਬੀਰ ਇਨਕਲਾਬੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਏਸ ਪ੍ਰਸੰਗ ਵਿੱਚ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਾਂਝੀ ਗ਼ਦਰ ਸ਼ਤਾਬਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਇਸ ਮੁਹਿੰਮ ਦੇ ਉਦੇਸ਼ਾਂ ਤੇ ਤੱਤ ਬਾਰੇ ਸਾਂਝੀ ਸਮਝ ਇਹ ਬਣੀ ਕਿ ਗ਼ਦਰ ਲਹਿਰ ਸਾਡੇ ਮੁਲਕ ਦੀ ਕੌਮੀ ਮੁਕਤੀ ਲਹਿਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਅਤੇ ਬਹੁਤ ਹੀ ਗੌਰਵਸ਼ਾਲੀ ਵਿਰਸਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਲੋਕਾਂ ਅੰਦਰ, ਖਾਸ ਕਰਕੇ ਕਿਸਾਨ ਤੇ ਖੇਤ ਮਜ਼ਦੂਰ ਹਿੱਸਿਆਂ ਅੰਦਰ ਇਸ ਲਹਿਰ ਬਾਰੇ ਜਾਣਕਾਰੀ ਬਹੁਤ ਹੀ ਪੇਤਲੀ ਤੇ ਨਾਕਾਫੀ ਹੈ ਤੇ ਉਹ ਇਸ ਗੌਰਵਸ਼ਾਲੀ ਵਿਰਸੇ ਨਾਲ ਜੁੜੇ ਹੋਏ ਨਹੀਂ ਹਨ। ਇਸ ਲਈ ਇਸ ਸਾਂਝੀ ਮੁਹਿੰਮ ਦਾ ਪਹਿਲਾ ਉਦੇਸ਼ ਕਿਸਾਨ ਅਤੇ ਖੇਤ ਮਜ਼ਦੂਰ ਜਨਤਾ ਨੂੰ, ਖਾਸ ਕਰਕੇ ਇਸਦੇ ਸਰਗਰਮ ਹਿੱਸਿਆਂ ਤੇ ਕਰਿੰਦਿਆਂ ਨੂੰ ਸੰਭਵ ਹੱਦ ਤੱਕ ਇਹ ਜਾਣਕਾਰੀ ਮੁਹੱਈਆ ਕਰਵਾਉਣਾ ਹੋਣਾ ਚਾਹੀਦਾ ਹੈ। ਦੂਜੇ ਨੰਬਰ 'ਤੇ ਇਹ ਕਿ ਜਿਹਨਾਂ ਸਮਾਜੀ, ਸਿਆਸੀ ਤੇ ਆਰਥਿਕ ਹਾਲਤਾਂ 'ਚੋਂ ਗ਼ਦਰ ਲਹਿਰ ਉੱਭਰੀ ਸੀ, ਉਹ ਹਾਲਤਾਂ ਤੇ ਉਹਨਾਂ 'ਚੋਂ ਨਿੱਕਲਦੀਆਂ ਸਮੱਸਿਆਵਾਂ ਤੇ ਕਾਰਜ ਲੱਗਭੱਗ ਉਵੇਂ ਜਿਵੇਂ ਹੀ ਖੜ੍ਹੇ ਹਨ, ਸਗੋਂ ਕਈ ਪੱਖਾਂ ਤੋਂ ਹਾਲਤ ਹੋਰ ਮਾੜੀ ਹੋਈ ਹੈ। ਇਸ ਲਈ ਏਸ ਸਾਂਝੀ ਮੁਹਿੰਮ ਦਾ ਦੂਜਾ ਉਦੇਸ਼ ਅੱਜ ਦੀਆਂ ਹਾਲਤਾਂ ਅੰਦਰ ਕਿਸਾਨ ਲਹਿਰ ਦੇ ਪ੍ਰੇਰਨਾ ਸਰੋਤ ਵਜੋਂ ਗ਼ਦਰ ਲਹਿਰ ਦੀ ਪ੍ਰਸੰਗਕਿਤਾ ਨੂੰ ਉਭਾਰਨਾ ਹੋਣਾ ਚਾਹੀਦਾ ਹੈ। ਤੀਜੇ ਨੰਬਰ 'ਤੇ, ਇਸ ਸ਼ਤਾਬਦੀ ਮੁਹਿੰਮ ਦੇ ਸਿਖਰ 'ਤੇ 1 ਨਵੰਬਰ ਨੂੰ ਦੇਸ਼ਭਗਤ ਯਾਦਗਾਰ ਕਮੇਟੀ ਦੀ ਅਗਵਾਈ ਹੇਠ ਦੇਸ਼ਭਗਤ ਯਾਦਗਾਰ ਹਾਲ ਵਿਖੇ ਵੱਖ ਵੱਖ ਜਨਤਕ ਜਥੇਬੰਦੀਆਂ 'ਤੇ ਆਧਾਰਤ ਵਿਸ਼ਾਲ ਇਕੱਤਰਤਾ ਹੋ ਰਹੀ ਹੈ, ਇਸ ਲਈ ਇਸ ਸਾਂਝੀ ਮੁਹਿੰਮ ਦਾ ਤੀਜਾ ਮਕਸਦ ਇਹਨਾਂ ਦੋ ਜਥੇਬੰਦੀਆਂ ਦੀ ਅਗਵਾਈ ਹੇਠਲੀ ਵੱਧ ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਜਨਤਾ ਨੂੰ ਲਾਮਬੰਦ ਕਰਕੇ ਇਸ ਇਕੱਤਰਤਾ ਵਿੱਚ ਸ਼ਾਮਲ ਕਰਵਾਉਣਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਸੰਭਵ ਹੱਦ ਤੱਕ ਆਪਣੇ ਅਮੀਰ ਤੇ ਗੌਰਵਸ਼ਾਲੀ ਵਿਰਸੇ ਨਾਲ ਜੁੜ ਸਕੇ ਤੇ ਇਸ ਤੋਂ ਪ੍ਰੇਰਨਾ ਤੇ ਉਤਸ਼ਾਹ ਲੈ ਸਕੇ।
ਇਸ ਮੁਹਿੰਮ ਨੂੰ ਜਥੇਬੰਦਕ ਸਰੂਪ ਵੱਖ ਵੱਖ ਜ਼ਿਲ੍ਹਿਆਂ ਅੰਦਰ ਬਲਾਕ ਪੱਧਰੀਆਂ ਕਾਨਫਰੰਸਾਂ ਦਾ ਦਿੱਤਾ ਗਿਆ। ਕੁੱਲ ਮਿਲਾ ਕੇ ਅਜਿਹੀਆਂ 24 ਕਾਨਫਰੰਸਾਂ ਕੀਤੀਆਂ ਗਈਆਂ, ਜਿਹਨਾਂ ਅੰਦਰ ਖੇਤੀ-ਧੰਦੇ ਦੇ ਵੱਡੇ ਕਸਾਅ ਦੀਆਂ ਹਾਲਤਾਂ ਅੰਦਰ ਵੀ 6000 ਤੋਂ ਉੱਪਰ ਇਹਨਾਂ ਜਥੇਬੰਦੀਆਂ ਦੇ ਵਰਕਰਾਂ ਤੇ ਸਰਗਰਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਜਿਹਨਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਦੀ ਸ਼ਾਮਲ ਹੋਈਆਂ।
ਇਸ ਮੁਹਿੰਮ ਦਾ ਆਗਾਜ਼ ਮਹਾਨ ਗ਼ਦਰੀ ਵੀਰਾਂਗਣਾ ਬੀਬੀ ਗੁਲਾਬ ਕੌਰ ਦੇ ਜੱਦੀ ਪਿੰਡ ਬਖਸ਼ੀਵਾਲਾ (ਜ਼ਿਲ੍ਹਾ ਸੰਗਰੂਰ) ਤੋਂ ਕੀਤਾ ਗਿਆ। ਇਸ ਕਾਨਫਰੰਸ ਅੰਦਰ ਬੀਬੀ ਗੁਲਾਬ ਕੌਰ ਤੇ ਗ਼ਦਰ ਲਹਿਰ ਨਾਲ ਸਬੰਧਤ ਡਰਾਮੇ ਅਤੇ ਇਨਕਲਾਬੀ ਸੰਗੀਤ ਵੀ ਪੇਸ਼ ਕੀਤਾ ਗਿਆ। (ਜਦੋਂ ਕਿ ਹੋਰਨਾਂ ਕਾਨਫਰੰਸਾਂ ਅੰਦਰ ਅਜਿਹੇ ਸਭਿਆਚਾਰਕ ਪ੍ਰੋਗਰਾਮ ਕਰਨ ਤੋਂ ਸੋਚ ਸਮਝ ਕੇ ਪ੍ਰਹੇਜ ਕੀਤਾ ਗਿਆ ਤਾਂ ਕਿ ਕਾਨਫਰੰਸਾਂ ਦਾ ਵੱਧ ਤੋਂ ਵੱਧ ਸਮਾਂ ਗ਼ਦਰੀ ਲਹਿਰ ਤੇ ਮੌਜੂਦਾ ਸਮੇਂ ਵਿੱਚ ਇਸਦੀ ਪ੍ਰਸੰਗਕਿਤਾ ਨੂੰ ਉਭਾਰਨ ਲਈ ਵਰਤਿਆ ਜਾ ਸਕੇ।) ਇਸ ਕਾਨਫਰੰਸ ਅੰਦਰ ਭਾਵੇਂ ਗ਼ਦਰ ਲਹਿਰ ਬਾਰੇ ਜਾਣਕਾਰੀ ਦੇਣ ਤੇ ਇਹਦੀ ਪ੍ਰਸੰਗਕਿਤਾ ਦੇ ਵਿਸ਼ਿਆਂ ਨੂੰ ਵੀ ਸੰਭਵ ਹੱਦ ਤੱਕ ਛੋਹਿਆ ਗਿਆ, ਪਰ ਇਹਦੇ ਅੰਦਰ ਗ਼ਦਰੀ ਬੀਬੀ ਗੁਲਾਬ ਕੌਰ ਦੀ ਜੀਵਨ-ਘਾਲਣਾ, ਕੁਰਬਾਨੀ ਅਤੇ ਮਹਾਨਤਾ ਉਭਾਰਨ ਨੂੰ ਪ੍ਰਮੁੱਖਤਾ ਦਿੱਤੀ ਗਈ। ਇਸ ਗੱਲ ਨੂੰ ਜ਼ੋਰ ਨਾਲ ਉਭਾਰਿਆ ਗਿਆ ਕਿ ਅੱਜ ਤੋਂ 100 ਸਾਲ ਪਹਿਲਾਂ ਦੀਆਂ ਜਾਗੀਰੂ ਸਮਾਜਿਕ ਹਾਲਤਾਂ ਅੰਦਰ ਕਿਸੇ ਔਰਤ ਵੱਲੋਂ, ਉਹ ਵੀ ਕਿਸੇ ਗਰੀਬ ਕਿਸਾਨ ਪਰਿਵਾਰ ਦੀ ਔਰਤ ਵੱਲੋਂ ਆਪਣੀ ਜ਼ਿੰਦਗੀ ਨੂੰ ਇਉਂ ਕੌਮੀ ਇਨਕਲਾਬੀ ਸਿਆਸਤ ਦੇ ਲੇਖੇ ਲਾ ਦੇਣਾ, ਕਰੜੇ ਜਗੀਰੂ ਪਰਿਵਾਰਕ ਬੰਧਨਾਂ ਨੂੰ ਭੰਨ ਕੇ, ਸਮੂਹਿਕ ਤੇ ਕੌਮੀ ਹਿੱਤਾਂ ਨੂੰ ਪਰਿਵਾਰਕ ਰਿਸ਼ਤਿਆਂ ਤੋਂ ਉੱਪਰ ਰੱਖ ਕੇ ਤੁਰ ਪੈਣਾ ਤੇ ਫਿਰ ਉਮਰ ਭਰ ਅਦੁੱਤੀ ਸਿਦਕ ਅਤੇ ਸਿਰੜ ਨਾਲ ਇਸ ਜ਼ਿੰਦਗੀ ਵਿੱਚ ਨਿਭ ਜਾਣਾ, ਨਾ ਸਿਰਫ ਨਿਭ ਜਾਣਾ ਸਗੋਂ ਅੰਗਰੇਜ਼ੀ ਹਕੂਮਤ ਦੇ ਜ਼ੁਲਮ ਤੇ ਸਖਤਾਈ ਦੀਆਂ ਸਿਰੇ ਦੀਆਂ ਹਾਲਤਾਂ ਅੰਦਰ ਪੁਲਸੀ ਨਿਗਾਹਾਂ ਤੋਂ ਬਚ ਕੇ ਔਰਤਾਂ ਵਿੱਚ ਇਨਕਲਾਬੀ ਪ੍ਰਚਾਰ ਕਰਨ, ਇਕਨਲਾਬੀ ਸੁਨੇਹੇ ਤੇ ਸਾਹਿਤ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਤੇ ਹਥਿਆਰਾਂ ਦੀ ਢੋਅ-ਢੁਆਈ ਵਰਗੇ ਜੋਖਮ ਭਰੇ ਕੰਮ ਵਿੱਚ ਸਫਲ ਇਨਕਲਾਬੀਆਂ ਵਾਂਗੂੰ ਨਿਭ ਜਾਣਾ ਕਿਵੇਂ ਸੱਚਮੁੱਚ ਮਹਾਨ ਹੈ- ਇਹ ਸਭ ਕੁੱਝ ਉਸ ਨੂੰ ਮਾਈ ਭਾਗੋ, ਦੁਰਗਾ ਭਾਬੀ ਅਤੇ ਲਕਸ਼ਮੀ ਸਹਿਗਲ ਵਰਗੀਆਂ ਵੀਰਾਂਗਣਾਂ ਦੀ ਲਾਈਨ 'ਚ ਜਾ ਖੜ੍ਹਾ ਕਰਦਾ ਹੈ। ਇਹਨਾਂ ਸਭਨਾਂ ਦੀ ਸੰਖੇਪ ਚਰਚਾ ਕਰਦਿਆਂ ਔਰਤਾਂ ਨੂੰ ਇਹਨਾਂ ਵੀਰਾਂਗਣਾਂ ਤੋਂ ਪਰੇਰਨਾ ਲੈਣ ਤੇ ਇਸ ਵਿਰਸੇ ਨੂੰ ਅਪਣਾਉਣ ਦਾ ਹੋਕਾ ਦਿੱਤਾ ਗਿਆ। ਵੈਸੇ ਵੀ, ਅੱਜ ਦੀਆਂ ਹਾਲਤਾਂ ਅੰਦਰ ਮਿਹਨਤਕਸ਼ ਲੋਕਾਂ ਦੀ ਲਹਿਰ ਅੰਦਰ ਤੇ ਵਿਸ਼ੇਸ਼ ਰੂਪ 'ਚ ਕਿਸਾਨ ਲਹਿਰ ਅੰਦਰ ਔਰਤਾਂ ਦੀ ਸ਼ਮੂਲੀਅਤ ਤੇ ਰੋਲ ਦੇ ਆਮ ਮਹੱਤਵ ਨੂੰ ਜ਼ੋਰ ਨਾਲ ਉਭਾਰਿਆ ਗਿਆ।
ਗ਼ਦਰ ਲਹਿਰ ਤੇ ਇਸਦੇ ਆਦਰਸ਼ਾਂ ਬਾਰੇ ਜਾਣਕਾਰੀ ਦੇਣ ਦੇ ਮਾਮਲੇ ਵਿੱਚ, ਇਹਨਾਂ ਕਾਨਫਰੰਸਾਂ ਦੌਰਾਨ ਸਰੋਤਿਆਂ ਨੂੰ ਗ਼ਦਰੀ ਇਨਕਲਾਬੀਆਂ ਦੇ ਜਮਾਤੀ ਪਿਛੋਕੜ ਬਾਰੇ, ਉਹਨਾਂ ਦੇ ਆਦਰਸ਼ਾਂ ਤੇ ਕੁਰਬਾਨੀਆਂ ਬਾਰੇ ਤੇ ਸਭ ਤੋਂ ਵਧ ਕੇ ਵੱਡੇ ਸਿਦਕ ਅਤੇ ਸਿਰੜ ਨਾਲ ਨਿਭ ਜਾਣ ਦੇ ਉਹਨਾਂ ਦੇ ਇਨਕਲਾਬੀ ਕਰੂਰੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ, ਜੀਹਦਾ ਸੰਖੇਪ ਇਹ ਹੈ:
—ਜਮਾਤੀ ਪਿਛੋਕੜ ਪੱਖੋਂ ਗ਼ਦਰੀ ਇਨਕਲਾਬੀ ਕੰਗਾਲ ਤੇ ਖੁੰਘਲ ਹੋਏ ਛੋਟੇ ਕਿਸਾਨ ਸਨ, ਜਿਹਨਾਂ ਦੀਆਂ ਜ਼ਮੀਨਾਂ ਖੁੱਸ ਰਹੀਆਂ ਸਨ, ਕਰਜ਼ੇ ਅਸਹਿ ਹੋ ਰਹੇ ਸਨ, ਟੈਕਸ ਮੌਸੂਲ ਭਰਨੇ ਮੁਹਾਲ ਹੋ ਰਹੇ ਸਨ ਤੇ ਜਿਹਨਾਂ ਨੂੰ ਲਗਾਤਾਰ ਕਾਲ, ਹੈਜੇ ਤੇ ਪਲੇਗ ਵਰਗੀਆਂ ਮਹਾਂਮਾਰੀਆਂ ਦੀ ਮਾਰ ਪੈਂਦੀ ਰਹਿੰਦੀ ਸੀ। ਜਦੋਂ ਉਹ ਮਜਬੂਰ ਹੋ ਕੇ ਅੰਗਰੇਜ਼ੀ ਫੌਜ ਵਿੱਚ ਭਰਤੀ ਹੋਏ ਜਾਂ ਰੁਜ਼ਗਾਰ ਦੀ ਭਾਲ ਵਿੱਚ ਬਦੇਸ਼ਾਂ ਨੂੰ ਗਏ ਤਾਂ ਵੀ ਉਹਨਾਂ ਨੂੰ ਸੁਖਚੈਨ ਦੀ ਖੁਸ਼ਹਾਲ ਜ਼ਿੰਦਗੀ ਨਸੀਬ ਨਾ ਹੋਈ। ਫੌਜਾਂ ਵਿੱਚ ਕੰਮ ਕਰਦਿਆਂ ਉਹਨਾਂ ਦੇਖਿਆ ਕਿ ਭਾਰਤੀ ਸਿਪਾਹੀਆਂ ਨੂੰ 9 ਰੁਪਏ ਪਰ ਗੋਰਿਆਂ ਨੂੰ 45, ਭਾਰਤੀ ਸਿਪਾਹੀ ਨੂੰ ਵਰਦੀ 'ਤੇ ਖੁਰਾਕ ਮਾੜੀ ਗੋਰਿਆਂ ਨੂੰ ਚੰਗੀ ਤੇ ਜੰਗ ਸਮੇਂ ਭਾਰਤੀ ਫੌਜ ਮੂਹਰੇ ਪਰ ਗੋਰੇ ਪਿੱਛੇ। ਜਦੋਂ ਉਹ ਫੌਜ ਛੱਡ ਕੇ ਜਾਂ ਸਿੱਧੇ ਕੈਨੇਡਾ ਅਮਰੀਕਾ ਗਏ ਤਾਂ ਉੱਥੇ ਵੀ ਨਸਲੀ ਵਿਤਕਰੇ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਗੋਰਿਆਂ ਦੇ ਮੁਕਾਬਲੇ ਘੱਟ ਤਨਖਾਹਾਂ, ਟੁੱਟਵਾਂ ਰੁਜ਼ਗਾਰ ਅਤੇ ਉੱਤੋਂ ਨਸਲੀ ਹਮਲੇ। ਏਥੇ ਵੀ ਉਹਨਾਂ ਨੂੰ ਸੁੱਖ ਦਾ ਸਾਹ ਨਾ ਆਇਆ। ਇਸ ਤੋਂ ਵੀ ਤੇ ਵਧ ਕੇ ਫੌਜੀ ਨੌਕਰੀ ਸਮੇਂ ਵੀ ਬਦੇਸ਼ੀ ਮਜ਼ਦੂਰੀ ਸਮੇਂ ਵੀ ਕੁਲੀ, ਕਾਲੇ, ਗੁਲਾਮ ਅਤੇ ਤੇਤੀ ਕਰੋੜ ਭੇਡਾਂ ਵਰਗੇ ਨਸਲੀ ਤਾਅਨੇ ਉਹਨਾਂ ਨੂੰ ਲਗਾਤਾਰ ਜਲੀਲ ਕਰਦੇ ਰਹੇ। ਦੂਜੇ ਪਾਸੇ ਉਹਨਾਂ ਨੇ ਆਜ਼ਾਦ ਮੁਲਕਾਂ ਨੂੰ ਤਰੱਕੀ ਕਰਦੇ ਦੇਖਿਆ ਅਤੇ ਉੱਥੋਂ ਦੇ ਲੋਕਾਂ ਦੀਆਂ ਰੈਲੀਆਂ ਜਿਉਣ ਹਾਲਤਾਂ ਦੇਖੀਆਂ। ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹਨਾਂ ਨੂੰ ਗੁਲਾਮੀ ਆਜ਼ਾਦੀ ਦਾ ਫਰਕ ਦਿਸ ਗਿਆ। ਉਹਨਾਂ ਅੰਦਰ ਕੌਮੀ ਚੇਤਨਾ ਉਮੜ ਆਈ ਤੇ ਵਤਨ ਨੂੰ ਆਜ਼ਾਦ ਕਰਵਾਉਣ ਦੀ ਤਾਂਘ ਜ਼ੋਰ ਫੜ ਗਈ। ਸਿੱਟੇ ਵਜੋਂ ਉਹ ਇੱਕ ਖਰੀ ਕੌਮ-ਪ੍ਰਸਤ ਇਨਕਲਾਬੀ ਸਿਆਸੀ ਸ਼ਕਤੀ ਵਿੱਚ ਵਟ ਗਏ।
—ਇਸ ਨਵੀਂ ਚੇਤਨਾ ਨਾਲ ਤੇ ਨਵੇਂ ਰੋਲ ਵਿੱਚ ਉਹਨਾਂ ਲਈ ਜੰਗੇ-ਆਜ਼ਾਦੀ ਸਭ ਤੋਂ ਪ੍ਰਮੁੱਖ ਸਰੋਕਾਰ ਬਣ ਗਈ। ਕਿਉਂਕਿ ਉਹਨਾਂ ਨੂੰ ਆਪਣੇ ਤੇ ਮੁਲਕ ਦੇ ਸਾਰੇ ਸੰਕਟਾਂ ਤੇ ਕਸ਼ਟਾਂ ਦਾ ਕਾਰਨ ਗੁਲਾਮੀ ਲੱਗਦੀ ਸੀ ਤੇ ਇਹਨਾਂ ਸਾਰੇ ਦੁੱਖਾਂ ਦਾ ਨਿਵਾਰਨ ਆਜ਼ਾਦੀ ਨਾਲ ਹੁੰਦਾ ਦਿਖਦਾ ਸੀ। ਏਸੇ ਲਈ ਉਹਨਾਂ ਨੇ ਆਜ਼ਾਦੀ ਦੀ ਬੇਦੀ ਤੋਂ ਸਭ ਕੁੱਝ ਨਿਸ਼ਾਵਰ ਕਰਨ ਦੀ ਠਾਣ ਲਈ। ਇਸ ਮਕਸਦ ਦੀ ਪੂਰਤੀ ਲਈ ਉਹਨਾਂ ਨੇ ਆਪਣੇ ਮੂਹਰੇ ਧਰਮਾਂ/ਜਾਤਾਂ/ਇਲਾਕਿਆਂ ਵਿੱਚ ਵੰਡੀ ਕੌਮ ਨੂੰ, ਇਹਨਾਂ ਵੰਡੀਆਂ ਤੋਂ ਉੱਪਰ ਉੱਠਾ ਕੇ ਇੱਕ ਕੌਮ ਵਜੋਂ ਜਥੇਬੰਦ ਕਰਨ ਤੇ ਇਹਦੇ ਜ਼ੋਰ 'ਤੇ ਹਥਿਆਰਬੰਦ ਸੰਘਰਸ਼ ਰਾਹੀਂ ਅੰਗਰੇਜ਼ੀ ਹਕੂਮਤ ਦਾ ਫਸਤਾ ਵੱਢਣ ਤੇ ਇਹਦੀ ਥਾਂ 'ਤੇ ਰਾਜਾਸ਼ਾਹੀ ਤੋਂ ਮੁਕਤ ਤੇ ਧਰਮਾਂ ਤੋਂ ਨਿਰਲੇਪ ਅਮਰੀਕਨ ਰਿਪਬਲਿਕ ਵਰਗਾ ਲੋਕ ਰਾਜ ਸਥਾਪਤ ਕਰਨ ਦਾ ਆਦਰਸ਼ ਰਖਿਆ, ਜੀਹਦੇ ਅੰਦਰ ਭਾਈਚਾਰਕ ਬਰਾਬਰੀ ਤੇ ਸਾਂਝ ਹੋਵੇ, ਕਿਸਾਨ ਮਜ਼ਦੂਰ ਦੀ ਪੁੱਗਤ ਹੋਵੇ, ਕਾਲ ਪਲੇਗ ਤੋਂ ਮੁਕਤੀ ਮਿਲੇ, ਵਿਦਿਆ ਤੇ ਸਿਹਤ ਸਹੂਲਤਾਂ ਦੀ ਜਾਮਨੀ ਹੋਵੇ ਤੇ ਮੁਲਕ ਵਿਗਿਆਨਕ ਤਰੱਕੀ ਦੇ ਰਾਹ ਪਵੇ।
—ਇਹਨਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਉਹਨਾਂ ਨੇ 1913 ਵਿੱਚ ਗ਼ਦਰ ਪਾਰਟੀ ਦਾ ਗਠਨ ਕੀਤਾ, ਗ਼ਦਰ ਅਖਬਾਰ ਕੱਢਿਆ ਤੇ ਵੱਡੇ ਇਨਕਲਾਬੀ ਉੱਦਮਾਂ ਤੇ ਹੰਭਲਿਆਂ ਦੇ ਜ਼ੋਰ ਇੱਕ ਦੋ ਵਰ੍ਹਿਆਂ ਅੰਦਰ ਹੀ ਹਿੰਦੁਸਤਾਨ, ਅਮਰੀਕਾ, ਕੈਨੇਡਾ ਸਮੇਤ 50 ਦੇ ਲੱਗਭੱਗ ਮੁਲਕਾਂ ਤੇ ਟਾਪੂਆਂ ਅੰਦਰ ਜੰਗੇ-ਆਜ਼ਾਦੀ ਦਾ ਜ਼ੋਰਦਾਰ ਪ੍ਰਚਾਰ ਕੀਤਾ, ਇਹਨਾਂ ਸਾਰੇ ਥਾਵਾਂ 'ਤੇ ਪਾਰਟੀ ਕਮੇਟੀਆਂ ਕਾਇਮ ਕੀਤੀਆਂ ਤੇ ਇਹੀ ਕੁੱਝ ਇਹਨਾਂ ਦੇ ਇਹਨਾਂ ਮੁਲਕਾਂ ਤੇ ਟਾਪੂਆਂ ਅੰਦਰ ਅੰਗਰੇਜ਼ੀ ਕਮਾਨ ਹੇਠਲੀਆਂ ਭਾਰਤੀ ਫੌਜਾਂ ਦੀਆਂ ਛਾਉਣੀਆਂ ਵਿੱਚ ਵੀ ਕੀਤਾ ਤੇ ਮੌਕਾ ਆਉਣ 'ਤੇ ਗ਼ਦਰ ਮਚਾਉਣ ਲਈ ਜੰਗੀ ਤਿਆਰੀਆਂ ਕੀਤੀਆਂ।
—ਜਦੋਂ ਸੰਸਾਰ ਜੰਗ ਲੱਗਣ ਮੌਕੇ ਇਹਨਾਂ ਨੂੰ ਅਜਿਹਾ ਮੌਕਾ ਆਇਆ ਲੱਗਿਆ ਅਤੇ ਗ਼ਦਰ ਲਈ ਮੁਲਕ ਵੱਲ ਕੂਚ ਦਾ ਹੋਕਾ ਦੇ ਦਿੱਤਾ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ (ਲੱਗਭੱਗ 8000) ਸਿਰਲੱਥ ਯੋਧੇ ਇਹਨਾਂ ਮੁਲਕਾਂ ਤੇ ਟਾਪੂਆਂ ਅੰਦਰ ਆਪਣੀਆਂ ਜਾਇਦਾਦਾਂ ਤੇ ਕਮਾਈਆਂ ਨੂੰ ਲੱਤ ਮਾਰ ਕੇ, ਸ਼ਹੀਦੀ ਗਾਨੇ ਬੰਨ੍ਹ ਕੇ ਵਤਨ ਨੂੰ ਧਾ ਪਏ। ਅਨੇਕਾਂ ਰਸਤੇ ਵਿੱਚ ਫੜੇ ਗਏ, ਬਾਕੀ ਛਾਉਣੀਆਂ ਤੇ ਪਿੰਡਾਂ ਵਿੱਚ ਗ਼ਦਰ ਦੀਆਂ ਤਿਆਰੀਆਂ ਦੌਰਾਨ ਅੰਦਰਲੇ ਸੂਹੀਆਂ ਤੇ ਜਾਗੀਰਦਾਰਾਂ ਤੇ ਟੋਡੀਆਂ ਦੀਆਂ ਕਰਤੂਤਾਂ ਕਰਕੇ ਫੜੇ ਗਏ। ਵੱਡੇ ਮੁਕੱਦਮੇ ਚੱਲੇ, ਵੱਡੀਆਂ ਸਜ਼ਾਵਾਂ ਹੋਈਆਂ, ਵੱਡੇ ਤਸੀਹੇ ਮਿਲੇ (145 ਯੋਧਿਆਂ ਨੂੰ ਫਾਂਸੀ ਮਿਲੀ ਜਾਂ ਸਿੱਧੀ ਗੋਲੀ ਮਾਰ ਦਿੱਤੀ ਗਈ, 306 ਨੂੰ ਉਮਰ ਕੈਦ ਤੇ ਕਾਲੇ ਪਾਣੀਆਂ ਦੀ ਸਜ਼ਾ ਤੇ 77 ਨੂੰ ਛੋਟੀਆਂ ਸਜ਼ਾਵਾਂ ਹੋਈਆਂ। ਇਸ ਤੋਂ ਇਲਾਵਾ ਸੈਂਕੜਿਆਂ ਦੀ ਜੂਹਬੰਦੀ ਕਰ ਦਿੱਤੀ ਗਈ ਤੇ ਅਨੇਕਾਂ ਦੇ ਘਰ-ਘਾਟ ਕੁਰਕ ਹੋ ਗਏ। ਸਗੋਂ ਕੈਂਦਾਂ ਤੇ ਸਜ਼ਾਵਾਂ ਕੱਟ ਕੇ ਆਉਣ ਮਗਰੋਂ ਵੀ ਆਖਰੀ ਸੁਆਸਾਂ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਜਥੇਬੰਦ ਹੋ ਕੇ ਹੱਕੀ ਲੋਕ-ਸੰਘਰਸ਼ਾਂ- ਖਾਸ ਕਰਕੇ ਮੁਜਾਰਾ ਲਹਿਰ ਤੇ ਕਰਜ਼ਾ ਮੁਕਤੀ ਲਹਿਰ ਵਰਗੇ ਕਿਸਾਨ ਸੰਘਰਸ਼ਾਂ ਵਿੱਚ ਸਰਗਰਮੀ ਨਾਲ ਜੂਝਦੇ ਰਹੇ ਤੇ ਇਹਨਾਂ ਸੰਘਰਸ਼ਾਂ ਨੂੰ ਖਾੜਕੂ ਰੰਗਤ ਬਖਸ਼ਦੇ ਰਹੇ।
ਜਿੱਥੋਂ ਤੱਕ ਅੱਜ ਦੀਆਂ ਹਾਲਤਾਂ ਅੰਦਰ ਗ਼ਦਰ ਲਹਿਰ ਦੀ ਪ੍ਰਸੰਗਕਿਤਾ ਦਾ ਸੁਆਲ ਹੈ, ਇਹਨਾਂ ਕਾਨਫਰੰਸਾਂ ਦੌਰਾਨ ਇਹ ਗੱਲ ਜ਼ੋਰ ਨਾਲ ਉਭਾਰੀ ਗਈ ਕਿ ਜਿਹੜੀਆਂ ਸਮਾਜਿਕ, ਸਿਆਸੀ ਅਤੇ ਆਰਥਿਕ ਹਾਲਤਾਂ 'ਚੋਂ ਗ਼ਦਰ ਲਹਿਰ ਉੱਭਰੀ ਸੀ, ਅੱਜ 100 ਵਰ੍ਹੇ ਬੀਤ ਜਾਣ ਬਾਅਦ ਵੀ ਇਹਨਾਂ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਹੋਈ, ਇਸ ਕਰਕੇ, ਲਹਿਰ ਦੇ ਆਦਰਸ਼ਾਂ ਤੇ ਨੀਤੀ ਪੈਂਤੜਿਆਂ ਦੇ ਬਹੁਤ ਪੱਖਾਂ 'ਤੇ ਗ਼ਦਰ ਲਹਿਰ ਅੱਜ ਵੀ ਸਾਡਾ ਰਾਹ-ਦਰਸਾਵਾ ਤੇ ਪ੍ਰੇਰਨਾ ਸਰੋਤ ਬਣਦੀ ਹੈ। ਕਾਨਫਰੰਸਾਂ ਦੌਰਾਨ ਉਭਾਰੇ ਗਏ ਅਹਿਮ ਪੱਖ ਇਸ ਪ੍ਰਕਾਰ ਹਨ :
ਪਹਿਲੀ ਗੱਲ: ਗ਼ਦਰੀ ਇਨਕਲਾਬੀਆਂ ਦਾ ਸਭ ਤੋਂ ਵੱਡਾ ਆਦਰਸ਼ ਇਹ ਸੀ ਕਿ ਮੁਲਕ ਸਾਮਰਾਜੀ ਗਲਬੇ ਤੋਂ ਆਜ਼ਾਦ ਹੋਵੇ, ਪਰ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ। ਬੇਸ਼ੱਕ, ਸਾਡੇ ਮੁਲਕ 'ਤੇ ਹੁਣ ਕਿਸੇ ਇੱਕ ਸਾਮਰਾਜੀ ਤਾਕਤ ਦਾ ਸਿੱਧਾ ਗਲਬਾ ਨਹੀਂ ਹੈ, ਪਰ ਅਸਿੱਧੇ ਰੂਪ ਵਿੱਚ ਅੱਜ ਅਨੇਕਾਂ ਸਾਮਰਾਜੀ ਸ਼ਕਤੀਆਂ ਵੱਲੋਂ ਸਾਡੇ ਮੁਲਕ ਦੇ ਮਾਲ-ਖਜ਼ਾਨਿਆਂ ਤੇ ਮਿਹਨਤ ਸ਼ਕਤੀ ਦੀ ਕੀਤੀ ਜਾ ਰਹੀ ਲੁੱਟ ਉਸ ਵੇਲੇ ਨਾਲੋਂ ਵੀ ਕਿਤੇ ਵਡੇਰੀ ਹੈ। ਅੱਜ ਅਮਰੀਕਣ ਦਿਓ-ਸ਼ਕਤੀ ਤੋਂ ਇਲਾਵਾ ਅਨੇਕਾਂ ਸਾਮਰਾਜੀ ਸ਼ਕਤੀਆਂ ਸਾਡੀ ਸਮਾਜੀ-ਸਿਆਸੀ, ਆਰਥਿਕ ਤੇ ਸਭਿਆਚਾਰਕ ਜ਼ਿੰਦਗੀ ਦੇ ਸਾਰੇ ਖੇਤਰਾਂ 'ਤੇ ਗਾਲਬ ਹੋਈਆਂ ਬੈਠੀਆਂ ਹਨ। ਸੋ ਸਾਡੇ ਮੁਲਕ ਨੂੰ ਇਸ ਸਾਮਰਾਜੀ ਗਲਬੇ ਤੋਂ ਮੁਕਤ ਕਰਵਾਉਣ ਦਾ ਕਾਰਜ ਅੱਜ ਵੀ ਗ਼ਦਰ ਲਹਿਰ ਦੇ ਵਾਰਸਾਂ ਲਈ ਅਹਿਮ ਕਾਰਜ ਵਜੋਂ ਮੌਜੂਦ ਰਹਿ ਰਿਹਾ ਹੈ।
ਦੂਜੀ ਗੱਲ: ਗ਼ਦਰੀ ਇਨਕਲਾਬੀਆਂ ਦਾ ਦੂਜਾ ਵੱਡਾ ਮੁਲਕ ਨੂੰ ਸਾਮਰਾਜੀ ਗਲਬੇ ਤੋਂ ਆਜ਼ਾਦ ਕਰਵਾ ਕੇ ਅਜਿਹਾ ਜਮਹੂਰੀ ਰਾਜ ਸਥਾਪਤ ਕਰਨ ਦਾ ਸੀ- ਜਿਸ ਅੰਦਰ ਕਿਸਾਨਾਂ ਸਿਰੋਂ ''ਟੈਕਸ ਲਗਾਨ'' ਦੀ ''ਪੰਡ ਹੌਲੀ'' ਹੋਵੇ, ਮੁਲਕ ਅੰਦਰ ''ਖੁਸ਼ਹਾਲੀ'' ਹੋਵੇ, ''ਕਾਲ ਪਲੇਗ'' ਤੋਂ ਮੁਕਤੀ ਹੋਵੇ ਅਤੇ ਜੀਹਦੇ ਅੰਦਰ ਮਜ਼ਦੂਰ ਕਿਸਾਨ ਦੀ ਪੁੱਗਤ ਹੋਵੇ। ਪਰ ਅੱਜ ਇਸ ਪੱਖੋਂ ਮੁਲਕ ਅੰਦਰ ਹਾਲਤ ਉਦੋਂ ਨਾਲੋਂ ਵੀ ਮਾੜੀ ਹੈ। ਮੁਲਕ ਘੋਰ ਜ਼ਰੱਈ ਸੰਕਟ ਦਾ ਸ਼ਿਕਾਰ ਹੈ, ਮੁੱਖ ਰੂਪ ਵਿੱਚ ਮੀਂਹਾਂ 'ਤੇ ਨਿਰਭਰ ਪਛੜੀ ਖੇਤੀ ਹੋਣ ਕਰਕੇ ਇਹ ਕਦੇ ਡੋਬੇ ਕਦੇ ਸੋਕੇ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ। ਬੇਪਨਾਹ ਬੇਰਜ਼ੁਗਾਰੀ ਦੀ ਹਾਲਤ ਹੈ, ਰੁਜ਼ਗਾਰ ਦੇ ਬਦਲਵੇਂ ਪ੍ਰਬੰਧ ਨਹੀਂ ਹਨ। ਮਜਬੂਰ ਤੇ ਮਾਯੂਸ ਹੋ ਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਤੱਕ ਜ਼ਮੀਨ ਦੀ ਘੋਰ ਕਾਣੀ ਵੰਡ ਖਤਮ ਕਰਕੇ ਜਾਗੀਰਦਾਰੀ ਤੇ ਸੂਦਖੋਰੀ ਦਾ ਮੁਕੰਮਲ ਖਾਤਮਾ ਨਹੀਂ ਹੁੰਦਾ ਅਤੇ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜ਼ਮੀਨ ਦੀ ਤੋਟ ਪੂਰੀ ਨਹੀਂ ਕੀਤੀ ਜਾਂਦੀ, ਨਾ ਕਿਸਾਨ ਤੇ ਖੇਤ ਮਜ਼ਦੂਰ ਸੁਖ-ਚੈਨ ਦੀ ਜ਼ਿੰਦਗੀ ਜੀ ਸਕਦੇ ਹਨ, ਨਾ ਬੇਪਨਾਹ ਬੇਰੁਜ਼ਗਾਰੀ ਦਾ ਖਾਤਮਾ ਹੋ ਸਕਦਾ ਹੈ ਤੇ ਨਾ ਹੀ ਮੁਲਕ ਹਕੀਕੀ ਤਰੱਕੀ ਦੇ ਰਾਹ ਅੱਗੇ ਵਧ ਸਕਦਾ ਹੈ। ਪਰ ਮੁਲਕ ਅੰਦਰ ਜੋ ਹੋ ਰਿਹਾ ਹੈ, ਉਸਦੀ ਦਿਸ਼ਾ ਇਸ ਤੋਂ ਬਿਲਕੁਲ ਉਲਟੀ ਹੈ। ਮੁਲਕ ਅੰਦਰ ਬਦਲ ਬਦਲ ਕੇ ਆਉਂਦੀਆਂ ਰੰਗ-ਬਰੰਗੀਆਂ ਹਕੂਮਤਾਂ ਵੱਲੋਂ ਸਾਮਰਾਜੀ ਹਦਾਇਤਾਂ ਹੇਠ ਜਿਹੜੀਆਂ ਅਖੌਤੀ ਨਵੀਆਂ ਆਰਥਿਕ ਨੀਤੀਆਂ ਮੁਲਕ ਸਿਰ ਮੜ੍ਹੀਆਂ ਜਾ ਰਹੀਆਂ ਹਨ ਉਹ, ਮੁਲਕ ਉੱਪਰ ਸਾਮਰਾਜੀ ਲੁੱਟ ਅਤੇ ਗਲਬੇ ਵਿੱਚ ਹੀ ਵਾਧਾ ਨਹੀਂ ਕਰਦੀਆਂ ਸਗੋਂ, ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਗੱਫੇ ਦੇ ਕੇ ਹੋਰ ਤਕੜੇ ਕਰਦੀਆਂ ਹਨ ਤੇ ਇਹਦੇ ਮੁਕਾਬਲੇ ਛੋਟੀ ਸਨਅੱਤ ਨੂੰ ਤਬਾਹ ਕਰਕੇ ਬੇਰੁਜ਼ਗਾਰੀ ਵਿੱਚ ਅਸੀਮ ਵਾਧਾ ਕਰਦੀਆਂ ਹਨ। ਖੇਤੀ ਸੈਕਟਰ ਵਿੱਚ ਇਹ ਨੀਤੀਆਂ ਜਾਗੀਰਦਾਰਾਂ ਤੇ ਸੂਦਖੋਰਾਂ ਨੂੰ ਵੱਡੀਆਂ ਸਬਸਿਡੀਆਂ ਤੇ ਸਹੂਲਤਾਂ ਦੇ ਮੋਟੇ ਗੱਫੇ ਦੇ ਕੇ ਉਹਨਾਂ ਦੀ ਪੁਜੀਸ਼ਨ ਮਜਬੂਤ ਕਰਦੀਆਂ ਹਨ ਅਤੇ ਉਹਨਾਂ ਵੱਲੋਂ ਕਿਸਾਨਾਂ ਦੀ ਲੁੱਟ ਨੂੰ ਹੋਰ ਤੇਜ ਕਰਦੀਆਂ ਹਨ। ਇਸ ਤੋਂ ਵੀ ਅੱਗੇ ਵਧ ਕੇ, ਜ਼ਮੀਨੀ ਸੁਧਾਰਾਂ ਨੂੰ ਪੁੱਠਾ ਗੇੜਾ ਦੇ ਕੇ, ਹੱਦਬੰਦੀ ਕਾਨੂੰਨ ਨੂੰ ਖਤਮ ਕਰਕੇ ਇਹ ਨੀਤੀਆਂ 40 ਫੀਸਦੀ ਕਿਸਾਨੀ ਨੂੰ ਰੁਜ਼ਗਾਰ ਦਾ ਕੋਈ ਬਦਲਵਾਂ ਪ੍ਰਬੰਧ ਕਰੇ ਬਗੈਰ ਖੇਤੀ ਕਿੱਤੇ 'ਚੋਂ ਬਾਹਰ ਧੱਕਣ ਅਤੇ ਕਾਰਪੋਰੇਟ ਖੇਤੀ ਦਾ ਸਿਸਟਮ ਲਾਗੂ ਕਰਨ ਵੱਲ ਵਧ ਰਹੀਆਂ ਹਨ। ਅਖੌਤੀ ਹਰੇ ਇਨਕਲਾਬ ਦੇ ਨਾਂ ਹੇਠ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦਾ ਵੱਡੀ ਪੱਧਰ 'ਤੇ ਉਜਾੜਾ ਕਰ ਦਿੱਤਾ ਗਿਆ ਸੀ ਤੇ ਰਹਿੰਦੀ ਕਸਰ ਹੁਣ ਹਰੇ ਇਨਕਲਾਬ ਦੇ ਅਗਲੇ ਦੌਰ ਰਾਹੀਂ ਕੱਢੀ ਜਾ ਰਹੀ ਹੈ। ਸੋ ਮੁਲਕ ਦੇ ਅਤਿ ਗੰਭੀਰ ਖੇਤੀ ਸੰਕਟ ਨੂੰ ਕਿਸਾਨ-ਪੱਖੀ ਲੋਕ-ਪੱਖੀ ਅਤੇ ਮੁਲਕ ਦੇ ਹਕੀਕੀ ਵਿਕਾਸ ਦੇ ਨਜ਼ਰੀਏ ਤੋਂ ਹੱਲ ਕਰਨ ਦਾ ਵੱਡਾ ਕਾਰਜ ਗ਼ਦਰ ਲਹਿਰ ਦੇ ਵਾਰਸਾਂ ਸਾਹਮਣੇ ਖੜ੍ਹਾ ਹੈ।
ਤੀਜੀ ਗੱਲ: ਗ਼ਦਰੀ ਇਨਕਲਾਬੀਆਂ ਨੇ ਮੁਲਕ ਉੱਪਰੋਂ ਸਾਮਰਾਜੀ ਗਲਬੇ ਦੇ ਖਾਤਮੇ ਲਈ ਅਤੇ ਮੁਲਕ ਅੰਦਰ ਭਾਈਚਾਰਕ ਬਰਾਬਰੀ ਤੇ ਸਾਂਝ ਵਾਲਾ ਆਜ਼ਾਦ ਜਮਹੂਰੀ, ਧਰਮ-ਨਿਰਪੱਖ ਤੇ ਮਜ਼ਦੂਰ ਕਿਸਾਨ ਦੀ ਪੁੱਗਤ ਵਾਲਾ ਰਾਜ ਸਥਾਪਤ ਕਰਨ ਲਈ ਧਰਮਾਂ, ਜਾਤਾਂ, ਇਲਾਕਿਆਂ ਦੇ ਆਧਾਰ 'ਤੇ ਵੰਡੀ ਕੌਮ ਨੂੰ ਇਹਨਾਂ ਸੌੜੀਆਂ ਵੰਡਾਂ ਤੋਂ ਉੱਪਰ ਉਠਾ ਕੇ ਇੱਕ ਕੌਮ ਵਜੋਂ ਤੇ ਇੱਕ ਸ਼ਕਤੀਸ਼ਾਲੀ ਲੋਕ-ਤਾਕਤ ਵਜੋਂ ਜਥੇਬੰਦ ਕਰਨ ਦੀ ਦਰੁਸਤ ਨੀਤੀ ਅਪਣਾਈ ਸੀ, ਜੀਹਦੇ ਮੁਤਾਬਕ ਧਰਮ ਨੂੰ ਕਿਸੇ ਵਿਅਕਤੀ ਦਾ ਜਾਤੀ ਮਾਮਲਾ ਮੰਨਿਆ ਗਿਆ। ਉਹਨਾਂ ਦੇ ਧਾਰਮਿਕ ਜਜ਼ਬਾਤਾਂ ਦਾ ਸਨਮਾਨ ਕਰਨ ਦੀ ਪਹੁੰਚ ਅਪਣਾਈ ਗਈ ਤੇ ਇੱਕ ਹੱਦ ਤੱਕ ਵੱਖ ਵੱਖ ਧਰਮਾਂ ਦੇ ਜੁਝਾਰ ਵਿਰਸੇ ਦੀ ਸਾਮਰਾਜ ਵਿਰੋਧੀ ਜੰਗ ਵਿੱਚ ਵਰਤੋਂ ਕੀਤੀ ਗਈ। ਪਰ ਲੋਕਾਂ ਅੰਦਰ ਧਰਮਾਂ, ਜਾਤਾਂ, ਇਲਾਕਿਆਂ ਦੇ ਆਧਾਰ 'ਤੇ ਪੈਦਾ ਹੋਣ ਵਾਲੀ ਫਿਰਕਾਪ੍ਰਸਤੀ, ਜਾਤਪ੍ਰਸਤੀ ਤੇ ਇਲਾਕਾਪ੍ਰਸਤੀ ਨੂੰ ਧਰ ਕੇ ਮਾਂਜਿਆ ਗਿਆ। ਬਿਨਾ ਸ਼ੱਕ ਗ਼ਦਰੀ ਇਨਕਲਾਬੀ ਇਸ ਦਰੁਸਤ ਪਹੁੰਚ ਨੂੰ ਆਪਣੀ ਜਥੇਬੰਦੀ ਅੰਦਰ ਤਾਂ 100 ਫੀਸਦੀ ਕਾਮਯਾਬੀ ਨਾਲ ਲਾਗੂ ਵੀ ਕੀਤੀ। ਪਰ ਅੱਜ ਸਾਡੇ ਮੁਲਕ ਅੰਦਰ ਇਸ ਪੱਖੋਂ ਹਾਲਤ ਬੇਹੱਦ ਮਾੜੀ ਹੈ। ਨਾ ਸਿਰਫ ਵੱਖ ਵੱਖ ਧਰਮਾਂ ਦੇ ਠੇਕੇਦਾਰ ਸਾਮਰਾਜੀਆਂ ਤੇ ਭਾਰਤ ਦੀਆਂ ਪਿਛਾਖੜੀ ਜਮਾਤਾਂ ਦੇ ਸੇਵਾਦਾਰਾਂ ਦਾ ਰੋਲ ਨਿਭਾ ਰਹੇ ਹਨ ਤੇ ਲੋਕ-ਲਹਿਰਾਂ ਨੂੰ ਪਾੜਨ-ਖਿੰਡਾਉਣ ਤੇ ਕਮਜ਼ੋਰ ਕਰਨ ਲਈ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਦੀ ਦੁਰਵਰਤੋਂ ਕਰਦੇ ਹਨ ਸਗੋਂ ਲੱਗਭੱਗ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਇਸ ਗੰਦੀ ਖੇਡ ਵਿੱਚ ਸ਼ਾਮਲ ਹਨ। ਉਹ ਨਾ ਸਿਰਫ ਲੋਕਾਂ ਅੰਦਰ ਸਮੇਂ ਸਮੇਂ ਸਿਰ ਧਰਮਾਂ, ਜਾਤਾਂ ਜਾਂ ਇਲਾਕਿਆਂ ਦੇ ਆਧਾਰ 'ਤੇ ਉੱਭਰਦੇ ਰਹਿੰਦੇ ਮਸਲਿਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਰਹਿੰਦੇ ਹਨ, ਸਗੋਂ ਇਹਨਾਂ ਸੰਕੀਰਨ ਵੰਡਾਂ ਨੂੰ ਉਹ ਚੋਣਾਂ ਅੰਦਰ ਆਪਣੇ ਚੋਣ ਮਨੋਰਥਾਂ ਦਾ ਮੁੱਦਾ ਬਣਾ ਕੇ ਇਹਨਾਂ ਵੰਡਾਂ ਨੂੰ ਚੌੜੀਆਂ ਤੇ ਪੱਕੀਆਂ ਕਰਦੇ ਹਨ। ਅਜਿਹੀ ਹਾਲਤ ਅੰਦਰ ਮੁਲਕ ਦੇ ਲੋਕਾਂ ਅੰਦਰ ਖਾਸ ਕਰਕੇ ਉਹਨਾਂ ਦੀਆਂ ਜੱਥੇਬੰਦੀਆਂ ਤੇ ਸੰਘਰਸ਼ਾਂ ਅੰਦਰ ਫਿਰਕੂ, ਜਾਤਪਾਤੀ, ਇਲਾਕਾਈ ਅਤੇ ਕੌਮੀ ਏਕਤਾ ਦੀ ਉਸਾਰੀ ਕਰਨਾ ਗ਼ਦਰ ਲਹਿਰ ਦੇ ਵਾਰਸਾਂ ਮੂਹਰੇ ਵੱਡਾ ਕਾਰਜ ਬਣ ਕੇ ਉੱਭਰਿਆ ਹੋਇਆ ਹੈ।
ਚੌਥੀ ਗੱਲ: ਗ਼ਦਰੀ ਇਨਕਲਾਬੀਆਂ ਵੱਲੋਂ ਉਭਾਰੇ ਗਏ ਮਹਾਨ ਆਦਰਸ਼ ਤੇ ਇਹਨਾਂ 'ਚੋਂ ਨਿਕਲਦੇ ਮਹਾਨ ਕਾਰਜ ਸਮਾਜ ਤੇ ਰਾਜਭਾਗ ਅੰਦਰ ਵੱਡੀਆਂ ਬੁਨਿਆਦੀ ਤਬਦੀਲੀਆਂ ਦੀ ਮੰਗ ਕਰਦੇ ਹਨ, ਜਿਹਨਾਂ ਦਾ ਨਾ ਸਿਰਫ ਜਾਗੀਰਦਾਰਾਂ, ਸੂਦਖੋਰਾਂ, ਵੱਡੇ ਸਰਮਾਏਦਾਰਾਂ ਅਤੇ ਇਹਨਾਂ ਦੀ ਭਾਰੀ ਭਰਕਮ ਰਾਜ ਮਸ਼ੀਨਰੀ ਨਾਲ ਪੇਚਾ ਪੈਣਾ ਹੈ, ਸਗੋਂ ਇਹਨਾਂ ਦੀ ਸਰਪ੍ਰਸਤੀ ਕਰ ਰਹੀਆਂ ਸਾਮਰਾਜੀ ਸ਼ਕਤੀਆਂ ਨਾਲ ਵੀ ਮੱਥਾ ਲੱਗਣਾ ਹੈ। ਜੀਹਦੇ ਸਿੱਟੇ ਵਜੋਂ ਗ਼ਦਰ ਲਹਿਰ ਦੇ ਸੱਚੇ ਵਾਰਸਾਂ ਨੂੰ ਨਾ ਸਿਰਫ ਕੌਮ ਤੇ ਮਿਹਨਤਕਸ਼ ਲੋਕਾਂ ਦੀ ਵਿਸ਼ਾਲ ਤੋਂ ਵਿਸ਼ਾਲ ਏਕਤਾ ਤੇ ਲਾਮਬੰਦੀ ਦੀ ਲੋੜ ਪੈਣੀ ਹੈ, ਸਗੋਂ ਸਿਰ 'ਤੇ ਕੱਫਨ ਬੰਨ੍ਹ ਕੇ ਲੜਨ ਵਾਲੀ ਮਾਨਸਿਕ ਤਿਆਰੀ ਦੀ ਲੋੜ ਪੈਣੀ ਹੈ। ਇਸ ਪੱਖੋਂ ਜਿਸ ਅਦੁੱਤੀ ਦਲੇਰੀ, ਸੂਰਮਗਤੀ ਤੇ ਜੁਝਾਰਤਾ ਨਾਲ ਗ਼ਦਰੀ ਇਨਕਲਾਬੀ ਅੰਗਰੇਜ਼ ਸਾਮਰਾਜ ਵਿਰੁੱਧ ਜੂਝੇ ਹਨ, ਜਿਸ ਮਹਾਨ ਸਿਦਕ, ਸਿਰੜ ਤੇ ਭਮੱਕੜ ਭਾਵਨਾ ਨਾਲ ਉਹ ਸੰਘਰਸ਼ ਦੇ ਮੈਦਾਨ ਵਿੱਚ ਨਿਭੇ ਹਨ, ਇਹ ਉਹਨਾਂ ਦੇ ਸੱਚੇ ਵਾਰਸਾਂ ਲਈ ਬੇਥਾਹ ਪ੍ਰੇਰਨਾ ਦਾ ਸਰੋਤ ਬਣਦੇ ਹਨ। ਇਹ ਮਹਾਨ ਇਨਕਲਾਬੀ ਜੁੱਸਾ ਤੇ ਕਰੂਰਾ ਆਉਣ ਵਾਲੀਆਂ ਘਮਸਾਨੀ ਜੰਗਾਂ ਵਿੱਚ ਨਿਭਣ ਲਈ ਜ਼ਰੂਰੀ ਹੈ। ਗ਼ਦਰੀ ਇਨਕਲਾਬੀ ਲਹਿਰ ਤੇ ਗ਼ਦਰ ਇਨਕਲਾਬੀ ਸੂਰਬੀਰਾਂ ਬਾਰੇ ਤੇ ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਕਤਾ ਬਾਰੇ ਉਪਰੋਕਤ ਜਾਣਕਾਰੀ ਨਾਲ ਲੈਸ ਹੋ ਕੇ, ਇਹਨਾਂ ਦੋ ਜੱਥੇਬੰਦੀਆਂ ਦੇ ਸਰਗਰਮ ਕਾਰਕੁੰਨ ਤੇ ਆਗੂ ਆਪੋ ਆਪਣੇ ਇਲਾਕਿਆਂ ਤੇ ਪਿੰਡਾਂ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਆਪਣੀਆਂ ਜੱਥੇਬੰਦੀਆਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਏਕੇ ਅਤੇ ਔਰਤਾਂ ਤੇ ਨੌਜਵਾਨਾਂ ਦੀ ਲਾਮਬੰਦੀ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਪਿੰਡਾਂ ਦੀ ਵਿਸ਼ਾਲ ਕਿਸਾਨ ਤੇ ਖੇਤ ਮਜ਼ਦੂਰ ਜਨਤਾ ਅੰਦਰ ਗ਼ਦਰੀ ਇਨਕਲਾਬੀ ਯੋਧਿਆਂ ਦੇ ਆਦਰਸ਼ਾਂ, ਕਾਰਨਾਮਿਆਂ ਤੇ ਕੁਰਬਾਨੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਇੱਕ ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੋਣ ਵਾਲੇ ਸਮਾਗਮ ਵਿੱਚ ਪਹੁੰਚਣ ਲਈ ਪ੍ਰੇਰਿਆ। ਸਿੱਟੇ ਵਜੋਂ ਦੋਹਾਂ ਜੱਥੇਬੰਦੀਆਂ ਦੇ ਪ੍ਰਭਾਵ ਹੇਠਲੇ ਹਜ਼ਾਰਾਂ ਕਿਸਾਨ ਤੇ ਖੇਤ ਮਜ਼ਦੂਰ ਮਰਦ ਔਰਤਾਂ ਸਮਾਗਮ ਵਿੱਚ ਪਹੁੰਚੇ। ਜਿੱਥੇ ਉਹਨਾਂ ਨੂੰ ਗ਼ਦਰੀ ਇਨਕਲਾਬੀ ਲਹਿਰ ਦੇ ਵਿਰਸੇ ਨਾਲ ਜੁੜਨ, ਇਸਦੇ ਮਹੱਤਵ ਨੂੰ ਜਾਨਣ ਤੇ ਇਸ ਤੋਂ ਪ੍ਰੇਰਨਾ ਲੈਣ ਦਾ ਮੌਕਾ ਮਿਲਿਆ। ੦-੦
ਗ਼ਦਰ ਲਹਿਰ ਦੀ ਸੰਗਰਾਮੀ ਵਿਰਾਸਤ ਨੂੰ ਬੁਲੰਦ ਕਰੋ
ਬਰਤਾਨਵੀ ਸਾਮਰਾਜ ਅੱਗੇ ਕਾਂਗਰਸ ਪਾਰਟੀ ਦਾ ਸਮਰਪਣ
(ਲੋਕ ਮੋਰਚਾ ਪੰਜਾਬ ਵੱਲੋਂ ਜਾਰੀ ਪੈਂਫਲਿਟ 'ਚੋਂ)
ਜਦੋਂ ਗ਼ਦਰ ਪਾਰਟੀ ਵੱਲੋਂ ਬਰਤਾਨਵੀ ਸਾਮਰਾਜੀਆਂ ਦੇ ਸੰਸਾਰ ਜੰਗ ਵਿੱਚ ਉਲਝੇ ਹੋਣ ਦੀ ਹਾਲਤ ਦਾ ਲਾਹਾ ਲੈਣ ਲਈ ਮੁਲਕ ਵਿੱਚ ਜੰਗੇ-ਆਜ਼ਾਦੀ ਦਾ ਬਿਗਲ ਵਜਾਇਆ ਗਿਆ ਅਤੇ ਭਾਰਤੀ ਲੋਕਾਂ ਨੂੰ ਅੰਗਰੇਜ਼ ਸਾਮਰਾਜੀਆਂ ਦੀ ਗੁਲਾਮੀ ਦਾ ਜੂਲਾ ਵਗਾਹ ਮਾਰਨ ਲਈ ਸੀਸ ਤਲੀ 'ਤੇ ਰੱਖ ਕੇ ਮੈਦਾਨੇ-ਜੰਗ ਵਿੱਚ ਨਿੱਤਰਨ ਦਾ ਹੋਕਾ ਦਿੱਤਾ ਗਿਆ, ਤਾਂ ਕਾਂਗਰਸ ਪਾਰਟੀ ਵੱਲੋਂ ਇਸਦੇ ਐਨ ਉੱਲਟ ਕੌਮੀ ਆਜ਼ਾਦੀ ਦੀ ਲਹਿਰ ਦੀ ਪਿੱਠ ਵਿੱਚ ਛੁਰਾ ਮਾਰਦਿਆਂ, ਅੰਗਰੇਜ਼ ਸਾਮਰਾਜੀਆਂ ਵੱਲੋਂ ਆਪਣੀ ਬਸਤੀਵਾਦੀ ਸਾਮਰਾਜੀ ਸਲਤਨਤ ਦੀ ਰਾਖੀ ਤੇ ਵਧਾਰੇ ਲਈ ਲੜੀ ਜਾ ਰਹੀ ਸੰਸਾਰ ਸਾਮਰਾਜੀ ਜੰਗ ਦੀ ਹਮਾਇਤ ਦਾ ਐਲਾਨ ਕੀਤਾ ਗਿਆ। ਅੰਗਰੇਜ਼ ਹਕੂਮਤ ਵੱਲੋਂ ਭਾਰਤੀ ਲੋਕਾਂ ਨੂੰ ਇਸ ਨਿੱਹਕੀ ਜੰਗ ਦਾ ਚਾਰਾ ਬਣਾਉਣ ਲਈ ਕੀਤੀ ਜਾ ਰਹੀ ਜਬਰੀ ਫੌਜੀ ਭਰਤੀ ਦੇ ਫੈਸਲੇ ਦੀ ਡਟਵੀਂ ਵਜ਼ਾਹਤ ਕਰਦੇ ਹੋਏ, ਇਸ ਨੂੰ ਲਾਗੂ ਕਰਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ।
ਸੰਸਾਰ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ, 1914 ਵਿੱਚ ਕਾਂਗਰਸ ਪਾਰਟੀ ਵੱਲੋਂ ਪਾਏ ਇੱਕ ਮਤੇ ਵਿੱਚ ਗੱਜਵੱਜ ਕੇ ਐਲਾਨ ਕੀਤਾ ਗਿਆ, ''(À) ਇਹ ਕਾਂਗਰਸ ਬਾਦਸ਼ਾਹ ਸਲਾਮਤ ਅਤੇ ਇੰਗਲੈਂਡ ਦੇ ਲੋਕਾਂ ਸਾਹਮਣੇ ਤਖਤ ਪ੍ਰਤੀ ਆਪਣੇ ਡੂੰਘੇ ਸਮਰਪਣ ਦਾ ਇਜ਼ਹਾਰ ਕਰਦੀ ਹੈ। ਬਰਤਾਨਵੀ ਸਬੰਧਾਂ ਨਾਲ ਆਪਣੀ ਅਡੋਲ ਵਫਾਦਾਰੀ ਅਤੇ ਹਰ ਬਿਪਤਾ ਵਿੱਚ ਹਰ ਕੀਮਤ 'ਤੇ ਸਲਤਨਤ ਦਾ ਸਾਥ ਦੇਣ ਦਾ ਐਲਾਨ ਕਰਦੀ ਹੈ.....।'' ਇੱਕ ਹੋਰ ਮਤੇ ਵਿੱਚ ਕਿਹਾ ਗਿਆ, ''ਇਹ ਕਾਂਗਰਸ ਭਾਰਤੀ ਜੰਗੀ ਫੌਜਾਂ ਦੀ ਜੰਗ ਦੇ ਅਖਾੜੇ ਵੱਲ ਰਵਾਨਗੀ ਨੂੰ ਸ਼ੁਕਰਾਨੇ ਅਤੇ ਤਸੱਲੀ ਨਾਲ ਨੋਟ ਕਰਦੀ ਹੈ। ਕਾਂਗਰਸ ਵਾਇਸਰਾਇ ਦਾ ਤਹਿ ਦਿਲੋਂ ਧੰਨਵਾਦ ਕਰਨ ਦੀ ਇਜਾਜ਼ਤ ਚਾਹੁੰਦੀ ਹੈ, ਜਿਹਨਾਂ ਨੇ ਭਾਰਤ ਦੇ ਲੋਕਾਂ ਨੂੰ ਇਹ ਵਿਖਾਉਣ ਦਾ ਮੌਕਾ ਬਖਸ਼ਿਆ ਹੈ ਕਿ ਬਾਦਸ਼ਾਹ ਸਲਾਮਤ ਦੀ ਬਰਾਬਰ ਦੀ ਰਿਆਇਆ ਵਜੋਂ ਇਨਸਾਫ ਅਤੇ ਸਚਾਈ ਦੀ ਰਾਖੀ ਅਤੇ ਸਲਤਨਤ ਦੇ ਕਾਜ ਲਈ ਉਹ ਸਲਤਨਤ ਦੇ ਹੋਰਨਾਂ ਹਿੱਸਿਆਂ ਦੀ ਪਰਜਾ ਦੇ ਮੋਢਿਆਂ ਨਾਲ ਮੋਢਾ ਜੋੜ ਕੇ ਲੜਨ ਖਾਤਰ ਤਿਆਰ-ਬਰ-ਤਿਆਰ ਹਨ।''
ਕਾਂਗਰਸ ਪਾਰਟੀ ਦਾ ਭਾਰਤੀ ਲੋਕਾਂ ਅਤੇ ਕੌਮੀ ਆਜ਼ਾਦੀ ਦੀ ਜੰਗ ਲਈ ਸਮਰਪਣ ਦੀ ਬਜਾਇ ਬਰਤਾਨਵੀ ''ਤਖਤ ਪ੍ਰਤੀ ਡੂੰਘਾ ਸਮਰਪਣ'' ਆਪਣੇ ਮੁਲਕ ਨਾਲ ਵਫਾਦਾਰੀ ਦੀ ਬਜਾਇ ''ਬਰਤਾਨਵੀ ਸਬੰਧਾਂ ਨਾਲ ਅਡੋਲ ਵਫਾਦਾਰੀ'' ਗ਼ਦਰ ਪਾਰਟੀ ਦੇ ਜੰਗੇ-ਆਜ਼ਾਦੀ ਦੇ ਐਲਾਨ ਦੀ ਹਮਾਇਤ ਵਿੱਚ ਨਿੱਤਰਨ ਦੀ ਬਜਾਇ ''ਭਾਰਤੀ ਜੰਗੀ ਫੌਜਾਂ ਦੇ ਜੰਗ ਦੇ ਆਖਾੜੇ ਵੱਲ ਰਵਾਨਗੀ'' 'ਤੇ ਗਦਗਦ ਹੋਣ ਅਤੇ ''ਹਰ ਬਿਪਤਾ ਵਿੱਚ ਹਰ ਕੀਮਤ 'ਤੇ ਸਲਤਨਤ ਦਾ ਸਾਥ ਦੇਣ ਦਾ ਐਲਾਨ'' ਵਰਗੀ ਬੇਸ਼ਰਮ ਬਿਆਨਬਾਜ਼ੀ ਉਸਦੇ ਬਰਤਾਨਵੀ ਸਾਮਰਾਜੀਆਂ ਦੇ ਝੋਲੀਚੁੱਕ ਤੇ ਵਫਾਦਾਰ ਹੋਣ ਦਾ ਸ਼ਰੇਆਮ ਇਕਬਾਲ ਹੀ ਨਹੀਂ, ਸਗੋਂ ਮੁਲਕ ਨਾਲ ਦਗ਼ਬਾਜ਼ੀ ਦਾ ਇੱਕ ਇਤਿਹਾਸਕ ਅਹਿਦਨਾਮਾ ਬਣ ਗਿਆ ਹੈ।
ਅਸਲ ਵਿੱਚ- ਜਿੱਥੇ ਗ਼ਦਰ ਪਾਰਟੀ, ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਤੋਂ ਮੁਕਤੀ ਚਾਹੁੰਦੇ ਦੱਬੇ-ਕੁਚਲੇ ਲੋਕਾਂ (ਕਿਸਾਨਾਂ, ਸਨਅੱਤੀ ਮਜ਼ਦੂਰਾਂ ਅਤੇ ਹੋਰਨਾਂ ਲੁੱਟੇ-ਲਤਾੜੇ ਮਿਹਨਤਕਸ਼ ਤਬਕਿਆਂ) ਦੀ ਆਜ਼ਾਦੀ ਦੀ ਤਾਂਘ ਨੂੰ ਸਿਆਸੀ ਹੁੰਗਾਰਾ ਸੀ, ਉੱਥੇ ਕਾਂਗਰਸ ਪਾਰਟੀ, ਵਲਾਇਤੀ ਸਾਮਰਾਜ ਦੀਆਂ ਵਫਾਦਾਰ ਜਮਾਤਾਂ (ਰਾਜਿਆਂ, ਮਹਾਂਰਾਜਿਆਂ, ਜਾਗੀਰਦਾਰਾਂ, ਸੂਦਖੋਰ ਸ਼ਾਹੂਕਾਰਾਂ, ਵੱਡੇ ਸਰਮਾਏਦਾਰਾਂ) ਦੀ ਉਸ ਨਾਲ ਘਿਓ-ਖਿਚੜੀ ਹੋ ਕੇ ਚੱਲਣ ਦੀ ਲੋੜ ਨੂੰ ਸਿਆਸੀ ਹੁੰਗਾਰਾ ਸੀ। ਇਹ ਭਾਰਤੀ ਸਮਾਜ ਦੀਆਂ ਦੱਬੀਆਂ-ਲਤਾੜੀਆਂ ਜਮਾਤਾਂ ਅਤੇ ਸਾਮਰਾਜੀ-ਜਾਗੀਰੂ ਗੱਠਜੋੜ ਦਰਮਿਆਨ ਅੱਜ ਵੀ ਚੱਲ ਰਹੇ ਬੁਨਿਆਦੀ ਅਤੇ ਦੁਸ਼ਮਣਾਨਾ ਭੇੜ ਦਾ ਹੀ ਉਸ ਵੇਲੇ ਦੀ ਇਤਿਹਾਸਕ ਪ੍ਰਸਥਿਤੀ ਵਿੱਚ ਇੱਕ ਠੋਸ ਇਜ਼ਹਾਰ ਸੀ।
ਗ਼ਦਰ ਲਹਿਰ ਦੀ ਸੰਗਰਾਮੀ ਵਿਰਾਸਤ ਨੂੰ ਬੁਲੰਦ ਕਰੋ
(ਲੋਕ ਮੋਰਚਾ ਪੰਜਾਬ ਵੱਲੋਂ ਜਾਰੀ ਪੈਂਫਲਿਟ 'ਚੋਂ)
ਗ਼ਦਰ ਲਹਿਰ ਦੀ ਵਿਰਾਸਤ ਨੂੰ ਬੁਲੰਦ ਕਰਨ ਦਾ ਕਾਰਜ ਇੱਕ ਇਤਿਹਾਸਕ ਕਾਰਜ ਹੈ। ਇਹ ਕਾਰਜ ਦੂਹਰਾ ਹੈ: ਪਹਿਲਾ- ਗ਼ਦਰ ਲਹਿਰ ਦੇ ਪ੍ਰੋਗਰਾਮ ਤੇ ਨੀਤੀਆਂ ਦੀ ਅਜੋਕੀ ਪ੍ਰਸੰਗਕਿਤਾ ਨੂੰ ਉਭਾਰਨਾ ਅਤੇ ਆਪਣੇ ਇਨਕਲਾਬੀ ਅਮਲ ਵਿੱਚ ਲਾਗੂ ਕਰਨਾ। ਆਪਣੀ ਕਥਨੀ ਅਤੇ ਕਰਨੀ ਦਾ ਸੁਮੇਲ ਕਰਨਾ। ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਕਿਤਾ ਦਾ ਅਰਥ ਹੈ, ਕਿ ਅੱਜ ਵੀ ਮੁਲਕ ਸਾਮਰਾਜੀ-ਜਾਗੀਰੂ ਗੱਠਜੋੜ ਦੇ ਜਕੜਪੰਜੇ ਵਿੱਚ ਹੈ। 15 ਅਗਸਤ 1947 ਦੀ ਆਜ਼ਾਦੀ ਨਕਲੀ ਹੈ, ਇੱਕ ਢਕਵੰਜ ਹੈ। ਸਾਮਰਾਜੀ ਅਧੀਨਗੀ ਹੰਢਾ ਰਹੇ ਮੁਲਕ ਵਿੱਚ ਪਾਰਲੀਮਾਨੀ ਜਮਹੂਰੀਅਤ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਰਚਿਆ ਇੱਕ ਦੰਭੀ ਨਾਟਕ ਹੈ। ਅੱਜ ਵੀ ਸਾਮਰਾਜੀਏ ਅਤੇ ਉਹਨਾਂ ਦਾ ਝੋਲੀਚੁੱਕ ਦੇਸੀ ਲਾਣਾ- ਵੱਡੇ ਸਰਮਾਏਦਾਰ, ਜਾਗੀਰਦਾਰ, ਵੱਡੀ ਅਫਸਰਸ਼ਾਹੀ ਅਤੇ ਪਰਜੀਵੀ ਪਾਰਲੀਮਾਨੀ ਸਿਆਸੀ ਟੋਲੇ- ਮੁਲਕ ਦੀਆਂ ਸਭ ਜ਼ਮੀਨਾਂ-ਜਾਇਦਾਦਾਂ ਅਤੇ ਦੌਲਤ-ਖਜ਼ਾਨਿਆਂ 'ਤੇ ਕਾਬਜ਼ ਹਨ। ਮੁਲਕ ਤੇ ਇਸਦੇ ਲੋਕਾਂ ਨੂੰ ਧਾੜਵੀ ਲੁੱਟ ਤੇ ਕੁੱਟ ਦਾ ਸ਼ਿਕਾਰ ਬਣਾ ਰਹੇ ਹਨ। ਲੋਕਾਂ ਦੀ ਜਮਾਤੀ ਤੇ ਭਰਾਤਰੀ ਏਕਤਾ ਨੂੰ ਪਾੜਨ-ਖਿੰਡਾਉਣ ਲਈ ਫਿਰਕੂ, ਇਲਾਕਾਈ ਤੇ ਜਾਤੀ-ਪਾਤੀ ਵਖਰੇਵੇਂ ਭੜਕਾਉਣ ਦੀਆਂ ਚਾਲਾਂ 'ਤੇ ਟੇਕ ਰੱਖ ਰਹੇ ਹਨ। ਇਸ ਲਈ, ਇਸ ਧਾੜਵੀ ਜੋਕ ਲਾਣੇ ਤੋਂ ਮੁਲਕ ਨੂੰ ਮੁਕਤ ਕਰਵਾਉਣ ਦਾ ਬੁਨਿਆਦੀ ਕਾਰਜ ਅਧੂਰਾ ਹੈ। ਇਸ ਲਈ ਗ਼ਦਰ ਪਾਰਟੀ ਵੱਲੋਂ ਵਿੱਢੀ ਆਜ਼ਾਦੀ ਦੀ ਲੜਾਈ ਜਾਰੀ ਹੈ। ਲੋਕ-ਤਾਕਤ ਨਾਲ ਦੇਸੀ ਵਿਦੇਸ਼ੀ ਜੋਕ ਲਾਣੇ ਤੋਂ ਮੁਲਕ ਦਾ ਛੁਟਕਾਰਾ ਪੁਆਉਣ ਅਤੇ ਇੱਥੇ ਖਰੀ ਲੋਕ ਜਮਹੂਰੀਅਤ ਦੀ ਸਥਾਪਨਾ ਕਰਨ ਦੀ ਲੜਾਈ ਜਾਰੀ ਹੈ। ਇਸ ਲੜਾਈ ਨੂੰ ਗ਼ਦਰੀ ਸੂਰਬੀਰਾਂ ਵੱਲੋਂ ਵਿਖਾਏ ਜੋਸ਼, ਸਿਦਕਦਿਲੀ ਅਤੇ ਲਟ ਲਟ ਬਲ਼ਦੀ ਆਪਾਵਾਰੂ ਭਾਵਨਾ ਨਾਲ ਜਾਰੀ ਰੱਖਣਾ ਅਤੇ ਅੱਗੇ ਵਧਾਉਣਾ ਗ਼ਦਰ ਲਹਿਰ ਦੇ ਅਜੋਕੇ ਵਾਰਸਾਂ ਦਾ ਪਹਿਲਾ ਕਾਰਜ ਹੈ।
ਦੂਸਰਾ- ਅੱਜ ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਕਿਤਾ ਦੇ ਵਿਰੋਧੀ ਅਤੇ ਉਸਦੇ ਵਾਰਸਾਂ ਦੇ ਖ਼ੂਨ ਦੇ ਤਿਹਾਏ ਹਾਕਮ ਸਿਆਸੀ ਹਲਕਿਆਂ ਅਤੇ ਉਹਨਾਂ ਦੇ ਜ਼ਰਖਰੀਦ ਬੁੱਧੀਜੀਵੀਆਂ ਵੱਲੋਂ ਗ਼ਦਰ ਲਹਿਰ ਦੇ (ਨਕਲੀ) ਸ਼ੁਭਚਿੰਤਕਾਂ ਤੇ ਪੈਰੋਕਾਰਾਂ ਵਜੋਂ ਪੇਸ਼ ਹੋਣ ਦਾ ਨਾਟਕ ਰਚਿਆ ਜਾ ਰਿਹਾ ਹੈ ਅਤੇ ਇਸਦੀ ਵਿਰਾਸਤ ਨੂੰ ਅਗਵਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਉਂ ਕਰਕੇ ਉਹਨਾਂ ਵੱਲੋਂ ਇੱਕ ਹੱਥ ਮਿਹਨਤਕਸ਼ ਲੋਕਾਂ ਦੇ ਇਨਕਲਾਬੀ ਜੁਝਾਰੂ ਧੀਆਂ-ਪੁੱਤਾਂ ਦੇ ਖ਼ੂਨ ਨਾਲ ਲਿੱਬੜੇ ਨਾਪਾਕ ਚਿਹਰਿਆਂ ਨੂੰ ਗ਼ਦਰ ਲਹਿਰ ਦੀ ਪਾਕ ਵਿਰਾਸਤ ਨਾਲ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਦੂਜੇ ਹੱਥ- ਇਸ ਸ਼ਾਨਾਂਮੱਤੀ ਵਿਰਾਸਤ ਨੂੰ ਤਰੋੜ-ਮਰੋੜ ਕੇ ਪੇਸ਼ ਕਰਦਿਆਂ, ਇਸਦੀ ਹਕੀਕੀ ਪ੍ਰਸੰਗਕਿਤਾ ਨੂੰ ਖਾਰਜ ਕਰਨ 'ਤੇ ਜ਼ੋਰ ਲਾਇਆ ਜਾ ਰਿਹਾ ਹੈ। ਇਸ ਲਈ, ਗ਼ਦਰ ਲਹਿਰ ਦੀ ਵਿਰਾਸਤ ਦੇ ਇਹਨਾਂ ਅਗਵਾਕਾਰਾਂ ਨੂੰ ਨੰਗਾ ਕਰਦਿਆਂ, ਗ਼ਦਰ ਲਹਿਰ ਦੀ ਜੁਝਾਰੂ ਵਿਰਾਸਤ ਦੀ ਰਾਖੀ ਲਈ ਡਟਣਾ ਇਸਦੇ ਇਨਕਲਾਬੀ ਵਾਰਸਾਂ ਦਾ ਦੂਸਰਾ ਕਾਰਜ ਹੈ।
ਮੁੱਕਦੀ ਗੱਲ- ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਕਿਤਾ ਨੂੰ ਉਭਾਰਦਿਆਂ, ਮੁਲਕ ਨੂੰ ਸਾਮਰਾਜੀ-ਜਾਗੀਰੂ ਗੱਠਜੋੜ ਤੋਂ ਮੁਕਤ ਤੇ ਆਜ਼ਾਦ ਕਰਾਉਣ ਅਤੇ ਇੱਥੇ ਕੌਮੀ ਜਮਹੂਰੀਅਤ ਦੀ ਸਥਾਪਤੀ ਲਈ ਜੂਝਣ ਦਾ ਕਾਰਜ ਅਤੇ ਗ਼ਦਰ ਲਹਿਰ ਦੇ ਨਕਲੀ ਵਾਰਸਾਂ ਵੱਲੋਂ ਇਸਦੀ ਵਿਰਾਸਤ ਨੂੰ ਅਗਵਾ ਕਰਨ ਦੇ ਯਤਨਾਂ ਨੂੰ ਪਛਾੜਦਿਆਂ, ਇਸਦੀ ਰਾਖੀ ਦਾ ਕਾਰਜ- ਦੋ ਅਨਿੱਖੜਵੇਂ ਅਤੇ ਜੁੜਵੇਂ ਕਾਰਜ ਹਨ। ਇਹਨਾਂ ਦੋਵਾਂ ਨੂੰ ਪੂਰੇ ਜ਼ੋਰ ਅਤੇ ਧੜੱਲੇ ਨਾਲ ਸੰਬੋਧਤ ਹੋਣਾ ਹੀ ਗ਼ਦਰ ਲਹਿਰ ਦੀ ਸ਼ਾਨਦਾਰ ਸੰਗਰਾਮੀ ਵਿਰਾਸਤ ਦੇ ਪਰਚਮ ਨੂੰ ਹਕੀਕੀ ਰੂਪ ਵਿੱਚ ਬੁਲੰਦ ਕਰਨਾ ਹੈ।
J
ਇਹ ਗੱਲ ਘੁੱਟ ਕੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇੱਕ ਹੱਥ ਭਾਰਤ ਦੀ ਨਕਲੀ ਆਜ਼ਾਦੀ ਅਤੇ ਝੂਠੀ ਜਮਹੂਰੀਅਤ ਦੇ ਜੈਕਾਰੇ ਛੱਡਣਾ, ਲੋਕਾਂ ਵਿੱਚ ਫਿਰਕੂ ਜ਼ਹਿਰ ਦਾ ਛਿੱਟਾ ਦੇਣਾ, ਅਤੇ ਦੂਜੇ ਹੱਥ- ਗ਼ਦਰ ਲਹਿਰ ਦੀ ਇਨਕਲਾਬੀ ਵਿਰਾਸਤ ਦੀ ਦੰਭੀ ਜੈ-ਜੈ ਕਾਰ ਕਰਨਾ- ਦੋ ਬੁਨਿਆਦੀ ਤੌਰ 'ਤੇ ਪਰਸਪਰ ਟਕਰਾਵੀਆਂ ਅਤੇ ਵਿਰੋਧੀ ਗੱਲਾਂ ਹਨ। ਇਹ ਦੋ ਗੱਲਾਂ ਨਾਲੋ ਨਾਲ ਨਹੀਂ ਚੱਲ ਸਕਦੀਆਂ। ਜਿਹੜੀਆਂ ਵੀ ਤਾਕਤਾਂ ਸੋਚ-ਸਮਝ ਕੇ ਇਉਂ ਕਰ ਰਹੀਆਂ ਹਨ, ਉਹਨਾਂ ਦਾ ਨਾਂ ਤਾਂ ਗ਼ਦਰ ਲਹਿਰ ਦੀ ਵਿਰਾਸਤ ਨਾਲ ਕੋਈ ਲੈਣਾ-ਦੇਣਾ ਹੈ ਅਤੇ ਨਾ ਹੀ ਲੋਕ ਹਿੱਤਾਂ ਨਾਲ ਕੋਈ ਸਬੰਧ ਹੈ।
16 ਨਵੰਬਰ 1913 : 7 ਗ਼ਦਰੀਆਂ ਨੂੰ ਫਾਂਸੀ ਦਿਹਾੜਾ
16 ਨਵੰਬਰ 1913 : 7 ਗ਼ਦਰੀਆਂ ਨੂੰ ਫਾਂਸੀ ਦਿਹਾੜਾ
ਜਿਨ੍ਹਾਂ ਦੇ ਸੁਪਨਿਆਂ ਨੂੰ ਫਾਹੇ ਨਹੀਂ ਲਾਇਆ ਜਾ ਸਕਦਾ
—ਅਮੋਲਕ ਸਿੰਘ
ਗ਼ਦਰ ਸ਼ਤਾਬਦੀ ਦਾ ਇਕ ਸਫ਼ਾ ਪੂਰਾ ਹੋਣ ਜਾ ਰਿਹਾ ਹੈ। ਦੂਜਾ ਸਫ਼ਾ ਸਾਡੇ ਸਨਮੁੱਖ ਹੈ। ਅਣਫ਼ੋਲੇ, ਅਣਲਿਖੇ ਅਤੇ ਅਣਗੌਲ਼ੇ ਇਤਿਹਾਸ ਦੀਆਂ ਪੈੜਾਂ ਲੱਭਣ ਦਾ ਯਤਨ ਹੋਇਆ ਹੈ। ਗ਼ਦਰ ਲਹਿਰ ਦੇ ਇਤਿਹਾਸ ਨੂੰ ਖੰਘਾਲਣ ਲਈ ਵੱਖ-ਵੱਖ ਮੁਹਾਜ ਤੇ ਕੰਮ ਹੋਏ ਹਨ। ਪਰੰਪਰਾਵਾਂ ਦੇ ਬੰਧਨਾਂ ਤੋਂ ਪਾਰ ਜਾ ਕੇ ਇਤਿਹਾਸ ਨਾਲ ਜੀਵੰਤ ਰਿਸ਼ਤਾ ਗੰਢਣ 'ਚ ਸਾਡਾ ਅੱਜ ਕਿੰਨਾ ਕੁ ਸਫਲ ਰਿਹਾ ਹੈ ਅਜੇ ਇਸਦੀ ਘੋਖ-ਪੜਤਾਲ ਅਤੇ ਮੁਲਅੰਕਣ ਚੱਲ ਹੀ ਰਿਹਾ ਹੈ ਉਸਦੀ ਅੰਤਰ ਸਬੰਧਤ ਕੜੀ ਵਜੋਂ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਸ਼ਹਾਦਤਾਂ ਦੀ ਸ਼ਤਾਬਦੀ (1915-2015) ਸਾਡੀਆਂ ਬਰੂਹਾਂ 'ਤੇ ਹੈ।
ਲਾਹੌਰ ਕੇਂਦਰੀ ਜੇਲ੍ਹ ਅੰਦਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ, ਸੁਰ ਸਿੰਘ, ਬਖਸ਼ੀਸ਼ ਸਿੰਘ ਗਿੱਲਵਾਲੀ, ਸੁਰੈਣ ਸਿੰਘ ਵੱਡਾ ਗਿੱਲਾਵਾਲੀ ਅਤੇ ਸੁਰੈਣ ਸਿੰਘ ਛੋਟਾ ਗਿੱਲਵਾਲੀ, ਹਰਨਾਮ ਸਿੰਘ ਸਿਆਲਕੋਟ ਨੂੰ ਫਾਂਸੀ ਦੇ ਤਖ਼ਤੇ ਤੇ ਲਟਕਾ ਦਿੱਤਾ ਸੀ। ਕਾਮਾਗਾਟਾ ਮਾਰੂ ਅਤੇ ਬਜ ਬਜ ਘਾਟ ਦੇ ਸਾਕੇ ਦੀ ਸ਼ਤਾਬਦੀ (1914-2014) ਵਿਚੀਂ ਹੁੰਦੇ ਹੋਏ ਸਾਡੇ ਸਮਕਾਲੀ ਇਤਿਹਾਸ ਨੇ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ ਨਾਲ ਗਲਵੱਕੜੀ ਪਾਉਣੀ ਹੈ।
ਅੱਜ ਜਦੋਂ ਚੜ੍ਹਦੀ ਜੁਆਨੀ ਦੇ ਚੇਤਿਆਂ ਵਿਚੋਂ ਉਸਦਾ ਬੀਤਿਆ ਕੱਲ੍ਹ ਅਤੇ ਅੱਜ ਵੀ ਭੁਲਾਇਆ ਜਾ ਰਿਹਾ ਹੈ। ਜਦੋਂ ਆਉਣ ਵਾਲੇ ਕੱਲ੍ਹ ਦੀ ਫਿਕਰ ਕਰਨ ਦੀ ਤੰਦ ਕੱਟੀ ਜਾ ਰਹੀ ਹੈ ਤਾਂ ਬੀਤੇ ਸੌ ਵਰ੍ਹਿਆਂ ਦੇ ਇਤਿਹਾਸ ਦਾ ਪੱਲਾ ਫੜਨ ਲਈ ਉਡਦੀ ਉਮਰ ਵਾਲੇ ਹਿੱਸੇ ਨੂੰ ਫੜਨਾ, ਸੰਭਾਲਣਾ ਅਤੇ ਇਤਿਹਾਸ ਦਾ ਗੰਭੀਰ ਵਿਦਿਆਰਥੀ ਬਣਨ ਲਈ ਪ੍ਰੇਰਨਾ ਅਤੀ ਮਹੱਤਵਪੂਰਨ ਕਾਰਜ ਹੈ। ਇਤਿਹਾਸਕ ਅਤੇ ਸਮਾਜਕ ਸਰੋਕਾਰਾਂ ਨਾਲੋਂ ਬੁਰੀ ਤਰ੍ਹਾਂ ਕੱਟੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਿਬੂਬ ਨਾਇਕ, ਸ਼ਹੀਦ ਕਰਤਾਰ ਸਿੰਘ ਸਰਾਭੇ ਵਰਗਿਆਂ ਦੇ ਪਾਏ ਪੂਰਨਿਆਂ ਦੀ ਅਮੀਰ ਗਾਥਾ ਨਾਲ ਜੁੜ ਕੇ ਹੀ ਆਪਣੇ ਬੀਤੇ ਕੱਲ੍ਹ, ਅੱਜ ਅਤੇ ਭਲਕ ਨੂੰ ਸਮਝਣ ਦੀ ਜਾਚ ਆ ਸਕਦੀ ਹੈ।
ਕਰਤਾਰ ਸਿੰਘ ਸਰਾਭੇ ਦੇ ਯੁੱਧ-ਸਾਥੀ ਜਗਤ ਰਾਮ ਹਰਿਆਣਾ ਨੇ ਕਾਵਿਕ ਸ਼ਰਧਾਂਜਲੀ ਕੁਝ ਅਜੇਹੇ ਅੰਦਾਜ਼ 'ਚ ਦਿੱਤੀ ਸੀ :
ਫ਼ਖ਼ਰ ਹੈ ਭਾਰਤ ਕੋ ਐ 'ਕਰਤਾਰ' ਤੂੰ ਜਾਤਾ ਹੈ ਆਜ
ਜਗਤ ਔਰ ਪਿੰਗਲੇ ਕੋ ਭੀ ਤੂ ਸਾਥ ਲੇ ਜਾਤਾ ਹੈ ਆਜ
ਹਮ ਤੁਮਾਰੇ ਮਿਸ਼ਨ ਕੋ ਪੂਰਾ ਕਰੇਂਗੇ ਸੰਗੀਓ
ਕਸਮ ਹਰ ਹਿੰਦੀ ਤੁਮ੍ਹਾਰੇ ਖ਼ੂਨ ਸੇ ਖ਼ਾਤਾ ਹੈ ਆਜ
23 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਮੰਗਲ ਸਿੰਘ ਅਤੇ ਮਾਂ ਸਾਹਿਬ ਕੌਰ ਦੇ ਘਰ ਜਨਮੇ ਕਰਤਾਰ ਸਿੰਘ ਦੇ ਬਚਪਨ 'ਚ ਹੀ ਮਾਪਿਆਂ ਦੇ ਵਿਛੋੜੇ ਕਾਰਨ ਉਨ੍ਹਾਂ ਦੇ ਦਾਦਾ ਬਦਨ ਸਿੰਘ ਨੇ ਸਾਰੀ ਜ਼ਿੰਮੇਵਾਰੀ ਨਿਭਾਈ। ਪਿੰਡ ਦੇ ਪ੍ਰਾਇਮਰੀ ਸਕੂਲ, ਗੁੱਜਰਵਾਲ ਦੇ ਮਿਡਲ ਸਕੂਲ, ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਅਤੇ ਉੜੀਸਾ ਆਪਣੇ ਚਾਚੇ ਕੋਲ ਪੜ੍ਹਨ ਦੇ ਦੌਰਾਂ 'ਚੋਂ ਗੁਜ਼ਰਦਾ ਕਰਤਾਰ ਸਿੰਘ ਸਰਾਭਾ, ਅਮਰੀਕਾ ਪੜ੍ਹਨ ਗਿਆ।
ਕਰਤਾਰ ਸਿੰਘ ਆਪਣੇ ਭਰੇ ਫਾਰਮ ਵਿਚ ਪਰਿਵਾਰ ਦੀ 300 ਏਕੜ ਜ਼ਮੀਨ ਦਾ ਦਾਅਵਾ ਕਰਦਾ ਹੈ। ਇਲੈਕਟਰੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਦਾ ਇਰਾਦਾ ਪ੍ਰਗਟ ਕਰਦਾ ਹੈ। ਪੜ੍ਹਦੇ ਸਮੇਂ ਉਸਦਾ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿਦਿਆਰਥੀਆਂ ਨਾਲ ਵਾਹ ਪੈਂਦਾ ਹੈ। ਉਨ੍ਹਾਂ ਦੇ ਆਪਣੇ ਮੁਲਕਾਂ ਅੰਦਰ ਚੱਲ ਰਹੀਆਂ ਕੌਮੀ ਮੁਕਤੀ ਲਹਿਰਾਂ ਦਾ ਵੀ ਉਨ੍ਹਾਂ ਨੂੰ ਰੰਗ ਚੜ੍ਹਿਆ ਹੁੰਦਾ ਹੈ। ਇਸ ਨਾਲ ਸਰਾਭੇ ਦੀ ਸੋਚ ਅੰਦਰ ਵੀ ਨਵੀਂ ਚੇਤਨਾ ਦੇ ਜਵਾਰਭਾਟੇ ਉਠਦੇ ਹਨ। ਉਹ ਆਜ਼ਾਦ ਫ਼ਿਜਾ ਵਿਚ ਆਪਣੇ ਮੁਲਕ ਨੂੰ ਆਜ਼ਾਦ, ਖੁਸ਼ਹਾਲ ਅਤੇ ਬਰਾਬਰੀ ਭਰਿਆ ਵੇਖਣਾ ਚਾਹੁੰਦਾ ਹੈ। ਨਿੱਕੀ ਉਮਰੇ ਹੀ ਉਹ ਆਜ਼ਾਦੀ ਸੰਗਰਾਮ 'ਚ ਵਰਤੋਂ ਦੀ ਦ੍ਰਿਸ਼ਟੀ ਤੋਂ ਹਵਾਈ ਜਹਾਜ਼ ਚਲਾਉਣ ਦੀ ਸਿਖਲਾਈ ਲੈਣੀ ਆਰੰਭ ਕਰਦਾ ਹੈ। ਬੁੱਧੀਜੀਵੀਆਂ ਨਾਲ ਤਾਲਮੇਲ ਕਰਦਾ ਹੈ। ਉਹਨਾਂ ਨੂੰ ਸਿਰ ਜੋੜ ਕੇ ਬੈਠਣ ਲਈ ਆਗੂ ਭੂਮਿਕਾ ਅਦਾ ਕਰਦਾ ਹੈ।
21 ਅਪ੍ਰੈਲ, 1913 ਨੂੰ ਅਮਰੀਕਾ ਅੰਦਰ ਅਸਟੋਰੀਆ ਵਿਚ ਇਕੱਠੇ ਹੋ ਕੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂਅ ਦੀ ਜੱਥੇਬੰਦੀ ਬਣਾਈ ਜਾਂਦੀ ਹੈ। ਜਦੋਂ 1 ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਜਾਰੀ ਕੀਤਾ ਜਾਂਦਾ ਹੈ ਤਾਂ ਇਸ ਕਾਰਜ ਵਿਚ ਕਰਤਾਰ ਸਿੰਘ ਸਰਾਭਾ ਦੀ ਅਹਿਮ ਭੂਮਿਕਾ ਹੈ। ਗ਼ਦਰ ਅਖ਼ਬਾਰ ਦੀ ਚਹੁੰ ਕੂਟਾਂ 'ਚ ਗੂੰਜ ਪੈਂਦੀ ਹੈ। ਜੱਥੇਬੰਦੀ ਦਾ ਨਾਂਅ ਹੀ 'ਗ਼ਦਰ' ਅਖ਼ਬਾਰ ਕਾਰਨ 'ਗ਼ਦਰ ਪਾਰਟੀ' ਮਕਬੂਲ ਹੋ ਜਾਂਦਾ ਹੈ।
ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਕਲਮ ਤੋਂ ਲਿਖਿਆ ਹੈ ਕਿ, ''ਗ਼ਦਰ ਅਖ਼ਬਾਰ ਦਾ ਪਹਿਲਾ ਪਰਚਾ ਛਪਿਆ ਤਾਂ ਹਰਦਿਆਲ ਦੇ ਲੇਖਾਂ ਦਾ ਪੰਜਾਬੀ ਤਰਜਮਾ ਕਰਤਾਰ ਸਿੰਘ ਸਰਾਭਾ ਨੇ ਹੀ ਕੀਤਾ ਸੀ। ਛਾਪਾ ਮਸ਼ੀਨ ਉਹ ਹੱਥੀਂ ਚਲਾਉਂਦਾ ਸੀ। ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਸ਼ੁਰੂ 'ਚ ਉਹਦੇ ਸਿਰ 'ਤੇ ਸੀ। ਉਹ ਦਿਨ ਰਾਤ ਕੰਮ ਕਰਦਾ ਰਹਿੰਦਾ। ਆਰਾਮ ਉਹਦੇ ਚਿੱਤ ਚੇਤੇ ਵੀ ਨਹੀਂ ਸੀ।''
ਸ਼ਹੀਦ ਕਰਤਾਰ ਸਿੰਘ ਮਾਂ-ਬੋਲੀ ਦੀ ਅਸੀਮ ਤਾਕਤ ਤੋਂ ਵਾਕਫ਼ ਸੀ। ਇਸ ਕਰਕੇ ਹੀ ਉਸਨੇ ਲਿਖਿਆ ਸੀ ਕਿ, ''ਅੱਜ ਪਹਿਲੀ ਨਵੰਬਰ 1913 ਨੂੰ ਭਾਰਤ ਦੀ ਤਵਾਰੀਖ਼ ਵਿਚ ਇਕ ਨਵਾਂ ਸੰਮਤ ਚੱਲਦਾ ਹੈ ਕਿਉਂਕਿ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਦੇਸ ਵਿਚੋਂ ਦੇਸੀ ਜ਼ੁਬਾਨ ਵਿਚ ਜੰਗ ਛਿੜਦੀ ਹੈ'' ਸਰਾਭਾ ਅਤੇ ਉਸਦੇ ਗ਼ਦਰੀ ਸਾਥੀ ਸਪੱਸ਼ਟ ਸਨ ਕਿ ਮਾਂ-ਬੋਲੀ ਨੂੰ ਸਤਿਕਾਰਤ ਰੁਤਬਾ ਹਾਸਲ ਹੋਣ ਦੀ ਗਰੰਟੀ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਰਾਜ-ਭਾਗ ਕਿੰਨ੍ਹਾਂ ਸ਼ਕਤੀਆਂ ਦੇ ਹੱਥ ਹੈ।
ਉੱਘੇ ਇਤਿਹਾਸਕਾਰ ਪ੍ਰੋ. ਵੇਦ ਵਟੁਕ, ਪ੍ਰੋ. ਬਰਕਲੇ ਯੂਨੀਵਰਸਿਟੀ ਅਮਰੀਕਾ ਦਾ ਕਹਿਣਾ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਆਪਣੀ ਇਤਿਹਾਸਕ ਨਜ਼ਮ ਵਿਚ ਲਿਖਿਆ ਹੈ ਕਿ :
ਯਹੀ ਪਾਓਗੇ ਮਹਿਸ਼ਰ ਮੇਂ ਜੁਬਾਂ ਮੇਰੀ, ਬਿਆਂ ਮੇਰਾ
ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੋਸਤਾਂ ਮੇਰਾ
ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ,
ਯਹੀ ਬੱਸ ਏਕ ਪਤਾ, ਯਹੀ ਨਾਮੋ-ਨਿਸ਼ਾਂ ਮੇਰਾ
ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸਦੇ ਅਨੇਕਾਂ ਸਾਥੀ ਫਾਂਸੀ ਦੇ ਰੱਸੇ ਚੁੰਮ ਗਏ। ਸੌ ਵਰ੍ਹੇ ਬੀਤ ਜਾਣ ਮਗਰੋਂ ਅਜੇ ਵੀ ਉਹਨਾਂ ਦਾ ਸੁਪਨਾ ਅਧੂਰਾ ਹੈ। ਉਹਨਾਂ ਦੇ ਸੁਪਨੇ ਸੁਲਘਦੇ ਹਨ। ਉਹਨਾਂ ਦੇ ਬੋਲ, ਨਵੀਂ ਸਵੇਰ ਦਾ ਹੋਕਾ ਦੇ ਰਹੇ ਹਨ। ਹਨੇਰੇ ਨੂੰ ਐਵੇਂ ਭੁਲੇਖਾ ਹੈ ਕਿ ਚਾਨਣ ਸ਼ਾਇਦ ਮਰ ਗਿਆ ਹੈ। ਲੋਕ ਮੁਕਤੀ ਦੇ ਵਿਚਾਰ ਕਦੇ ਫਾਹੇ ਨਹੀਂ ਲੱਗਦੇ, ਸਿਰਫ ਜਿਸਮ ਫਾਹੇ ਚਾੜ੍ਹੇ ਜਾ ਸਕਦੇ ਹਨ। ਸਾਡੀ ਧਰਤੀ ਅੰਦਰ ਅੰਤਾਂ ਦਾ ਵਿਦਰੋਹ ਉਸਲਵੱਟੇ ਲੈ ਰਿਹਾ ਹੈ ਇਸਨੂੰ ਜਦੋਂ ਸਹੀ ਦਿਸ਼ਾ ਮਿਲ ਗਈ ਉਹ ਅਵੱਸ਼ ਹੀ ਅਨੇਕਾਂ ਕਰਤਾਰ ਸਰਾਭੇ ਨਵੀਂ ਕਤਾਰ 'ਚ ਖੜ੍ਹੇ ਕਰੇਗਾ ਤੇ ਸੁਪਨੇ ਸਾਕਾਰ ਕਰੇਗਾ।
ਗ਼ਦਰ ਲਹਿਰ ਦੀ ਵੀਰਾਂਗਣਾ ਬੀਬੀ ਗੁਲਾਬ ਕੌਰ
ਗ਼ਦਰ ਲਹਿਰ ਦੀ ਵੀਰਾਂਗਣਾ ਬੀਬੀ ਗੁਲਾਬ ਕੌਰ
—ਅਮੋਲਕ ਸਿੰਘ
ਗ਼ਦਰ ਸ਼ਤਾਬਦੀ ਮੌਕੇ ਗ਼ਦਰ ਲਹਿਰ ਅਤੇ ਇਸਦੀਆਂ ਅਗਲੀਆਂ ਕੜੀਆਂ ਅੰਦਰ ਔਰਤ ਸੰਗਰਾਮਣਾਂ ਦੀਆਂ ਇਤਿਹਾਸਕ ਪੈੜਾਂ ਸਾਡੇ ਰਾਹ ਰੁਸ਼ਨਾਉਂਦੀਆਂ ਹਨ। ਗ਼ਦਰੀ ਇਨਕਲਾਬੀਆਂ ਦੇ ਲਹੂ-ਵੀਟਵੇਂ ਸੰਗਰਾਮ ਅੰਦਰ ਹਜ਼ਾਰਾਂ ਔਰਤਾਂ ਦੀ ਭੂਮਿਕਾ ਵਡੇਰੇ ਖੋਜ ਕਾਰਜਾਂ ਦਾ ਅਧੂਰਾ ਅਧਿਆਇ ਹੈ। ਗ਼ਦਰੀਆਂ ਦੀਆਂ ਮਾਵਾਂ, ਭੈਣਾਂ, ਧੀਆਂ ਅਤੇ ਜੀਵਨ-ਸਾਥਣਾਂ ਜਿਹੜੀਆਂ ਸਿੱਧੇ ਰੂਪ 'ਚ ਭਾਵੇਂ ਗ਼ਦਰੀ ਮੋਰਚੇ ਤੇ ਤਾਇਨਾਤ ਨਹੀਂ ਵੀ ਸਨ, ਉਹਨਾਂ ਦੇ ਦਮ, ਦੁੱਖੜੇ, ਸਿਦਕ ਅਤੇ ਕੁਰਬਾਨੀਆਂ ਦੀ ਗਾਥਾ ਨੂੰ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਸੰਜੋਣ ਦਾ ਕਾਰਜ ਵੀ ਖੋਜਬੀਨ ਕਮਲਕਾਰਾਂ ਦੀ ਇੰਤਜ਼ਾਰ ਕਰ ਰਿਹਾ ਹੈ।
ਗ਼ਦਰ ਸ਼ਤਾਬਦੀ ਦੇ ਸਬੱਬ ਨਾਲ ਗ਼ਦਰੀ ਇਤਿਹਾਸ, ਸਾਹਿਤ, ਕਲਾ ਅਤੇ ਸਭਿਆਚਾਰਕ ਪੱਖਾਂ ਬਾਰੇ ਸਿਰਜਣਾਤਮਕ ਅਤੇ ਸਰਗਰਮੀ ਦੇ ਖੇਤਰ ਅੰਦਰ ਸਿਫ਼ਤੀ ਕੰਮ ਸਾਹਮਣੇ ਆ ਰਿਹਾ ਹੈ। ਭਾਵੇਂ ਸੌ ਵਰ੍ਹਾ ਬੀਤ ਜਾਣ ਕਾਰਨ ਵਕਤ ਦੇ ਅਨੇਕਾਂ ਝੱਖੜਾਂ ਨੇ ਗੌਰਵਮਈ ਪੈੜਾਂ ਦਬਾਉਣ ਦਾ ਯਤਨ ਕੀਤਾ ਹੈ ਪਰ ਫੇਰ ਵੀ ਆਜ਼ਾਦੀ ਸੰਗਰਾਮ ਦੇ ਹਾਸਲ ਅਮੁੱਲੇ ਸਫ਼ੇ, ਅਸੀਮ ਅਣ-ਖੋਦੇ ਇਤਿਹਾਸਕ ਸਾਗਰ ਦਾ ਭੇਦ ਜਾਨਣ ਲਈ ਤਿੱਖੇ ਪ੍ਰੇਰਨਾ-ਸਰੋਤ ਹਨ। ਇਤਿਹਾਸਕ ਵਿਰਸਾ ਠੁੱਕਦਾਰ ਅੰਦਾਜ਼ 'ਚ ਬੋਲਦਾ ਹੈ ਕਿ ਗ਼ਦਰ ਲਹਿਰ ਵਿਚ ਇਨਕਲਾਬੀ ਵੀਰਾਂਗਣਾਂ ਦੀ ਭੂਮਿਕਾ ਸ਼ਾਨਾਮੱਤਾ ਸਿਰਮੌਰ ਸਥਾਨ ਰੱਖਦੀ ਹੈ।
ਗੁਲਾਬ ਕੌਰ, ਮੈਡਮ ਕਾਮਾ, ਪ੍ਰੀਤੀ ਲਤਾ ਵਾਡੇਕਰ, ਕੈਪਟਨ ਲਕਸ਼ਮੀ ਸਹਿਗਲ ਅਤੇ ਦੁਰਗਾ ਭਾਬੀ ਵਰਗੀਆਂ ਸੰਗਰਾਮਣਾਂ ਗ਼ਦਰ ਸ਼ਤਾਬਦੀ ਦੇ ਰੌਸ਼ਨ ਸਿਤਾਰੇ ਹਨ।
ਇਨ੍ਹਾਂ ਸੰਗਰਾਮਣਾਂ ਨੂੰ ਨਤਮਸਤਕ ਹੋਣ ਅਤੇ ਅਜੋਕੀਆਂ ਲੋਕ ਲਹਿਰਾਂ ਅੰਦਰ ਇਹਨਾਂ ਦੀ ਭੂਮਿਕਾ ਤੋਂ ਚਾਨਣ ਲੈਣ ਲਈ ਵਿਸ਼ੇਸ਼ ਕਰਕੇ ਗ਼ਦਰ ਸ਼ਤਾਬਦੀ ਦੇ ਆਯੋਜਕਾਂ ਵੱਲੋਂ 14 ਅਕਤੂਬਰ ਨੂੰ ਚਿੰਨਾਤਮਕ ਤੌਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਦੇ ਪਿੰਡ ਬਖਸ਼ੀਵਾਲਾ ਦੀ ਚੋਣ ਕਰਨਾ ਇਤਿਹਾਸਕ ਅਤੇ ਅਜੋਕੀ ਜਨਤਕ ਇਨਕਲਾਬੀ ਲਹਿਰ ਅੰਦਰ ਔਰਤਾਂ ਦੀ ਭੂਮਿਕਾ ਨੂੰ ਬੜਾਵਾ ਦੇਣ ਅਤੇ ਉਚਿਆਉਣ ਦੀ ਦੂਰ-ਅੰਦੇਸ਼ੀ ਦਾ ਪਰਚਮ ਲਹਿਰਾਇਆ ਹੈ। ਬਖਸ਼ੀਵਾਲਾ 'ਚ ਜੁੜ ਰਿਹਾ ਔਰਤਾਂ ਦਾ ਵਿਸ਼ੇਸ਼ ਜੋੜ-ਮੇਲਾ ਗ਼ਦਰ ਸ਼ਤਾਬਦੀ ਮੌਕੇ ਗੌਰਵਮਈ ਪੰਨਾ ਬਣੇਗਾ।
ਗ਼ਦਰੀ ਗੁਲਾਬ ਕੌਰ ਦਾ ਜਨਮ 1890 ਵਿਚ ਬਖਸ਼ੀਵਾਲਾ ਪਿੰਡ ਵਿਚ ਹੋਇਆ। ਉਸ ਸਮੇਂ ਪਟਿਆਲਾ ਰਿਆਸਤ ਵਿਚ ਪੈਂਦਾ ਇਹ ਪਿੰਡ ਹੁਣ ਸੰਗਰੂਰ ਜ਼ਿਲ੍ਹੇ 'ਚ ਸੁਨਾਮ ਲਾਗੇ ਸਥਿਤ ਹੈ। ਉਨ੍ਹਾਂ ਵੇਲਿਆਂ 'ਚ ਆਰਥਕ ਤੰਗੀਆਂ, ਪਛੜੇਪਣ ਦੇ ਭੰਨੇ ਮਾਪੇ ਆਪਣੇ ਬੱਚਿਆਂ ਨੂੰ ਸੰਤਾਂ, ਮਹੰਤਾਂ, ਪੰਡਤਾਂ, ਕਾਜ਼ੀਆਂ ਕੋਲ ਹੀ ਚਾਰ ਅੱਖਰ ਜਾਨਣ ਜੋਗੀ ਵਿੱਦਿਆ ਹਾਸਲ ਕਰਵਾ ਸਕਦੇ ਸਨ। ਉਹ ਵੀ ਆਮ ਨਹੀਂ ਕੋਈ ਟਾਵਾਂ-ਟੱਲਾ ਹੀ। ਇਉਂ ਹੀ ਗੁਲਾਬ ਕੌਰ ਨੇ ਪਿੰਡ ਦੇ ਡੇਰੇ ਦੇ ਮਹੰਤ ਕੋਲੋਂ ਥੋੜ੍ਹਾ ਅੱਖਰ-ਗਿਆਨ ਹਾਸਲ ਕੀਤਾ। ਹੋਰਨਾਂ ਕੁੜੀਆਂ ਵਾਂਗ ਉਸਦਾ ਵੀ ਬਾਲ-ਉਮਰੇ ਹੀ ਨੇੜਲੇ ਪਿੰਡ ਜਖੇਪਲ ਦੇ ਮਾਨ ਸਿੰਘ ਨਾਲ ਵਿਆਹ ਕਰ ਦਿੱਤਾ।
ਕਰਜ਼ੇ, ਗ਼ਰੀਬੀ, ਆਫ਼ਤਾਂ, ਅਕਾਲ, ਬਿਮਾਰੀਆਂ ਅਤੇ ਬੇਰੁਜ਼ਗਾਰੀਆਂ ਦੇ ਭੰਨੇ ਲੋਕਾਂ ਨੂੰ ਅੰਗਰੇਜ਼ ਹਕੂਮਤ ਭਰਤੀ ਕਰਕੇ, ਹੋਰਨਾਂ ਮੁਲਕਾਂ ਵਿਚ ਬਲ਼ਦੀ ਦੇ ਬੁੱਥੇ ਦੇਣ ਲੱਗੀ। ਰੋਟੀ ਰੋਜ਼ੀ ਦੀ ਭਾਲ 'ਚ ਪੰਜਾਬੀ ਖ਼ੁਦ ਵੀ ਪਰਦੇਸਾਂ 'ਚ ਜਾ ਕੇ ਗ਼ੁਲਾਮੀ ਕਰਨ ਲਈ ਮਜ਼ਬੂਰ ਹੋਏ। ਕੁਝ ਨੂੰ ਅੰਗਰੇਜ਼ ਆਪ ਲਿਜਾ ਕੇ ਆਪਣੀਆਂ ਬਸਤੀਆਂ ਵਿਚ ਚੌਂਕੀਦਾਰ, ਪੁਲਸੀਏ ਅਤੇ ਦਰਬਾਨ ਬਣਾ ਕੇ ਰੱਖਣ ਲੱਗੇ। ਗੁਲਾਬ ਕੌਰ ਨੇ ਵੀ ਆਰਥਕ ਥੁੜਾਂ ਤੋਂ ਛੁਟਕਾਰਾ ਪਾਉਣ ਲਈ ਆਪਣੇ ਪਤੀ ਨੂੰ ਵਿਦੇਸ਼ ਜਾ ਕੇ ਚਾਰ ਛਿੱਲ਼ੜ ਕਮਾਉਣ ਦੀ ਸਲਾਹ ਦਿੱਤੀ।
ਇਸ ਚੱਕਰ ਕਾਰਨ ਬੀਬੀ ਗੁਲਾਬ ਕੌਰ ਅਤੇ ਮਾਨ ਸਿੰਘ ਵੀ ਫਿਲਪਾਇਨ ਦੀ ਰਾਜਧਾਨੀ ਮਨੀਲਾ ਚਲੇ ਗਏ। ਨਿੱਕਾ ਮੋਟਾ ਕੰਮ ਧੰਦਾ ਲੱਭਕੇ, ਪੇਟ ਦੀ ਅੱਗ ਬੁਝਾਉਣ ਲੱਗੇ। ਇੱਥੇ ਉਹਨਾਂ ਦਾ ਸੰਪਰਕ ਜੀਵਨ ਸਿੰਘ ਦੌਲਾ ਸਿੰਘ ਵਾਲਾ ਅਤੇ ਹਾਫ਼ਿਜ ਅਬਦੁੱਲਾ ਨਾਲ ਹੋ ਗਿਆ। ਹਾਫ਼ਿਜ ਅਬਦੁੱਲਾ ਮਨੀਲਾ ਦੀ ਗ਼ਦਰ ਕਮੇਟੀ ਦਾ ਪ੍ਰਧਾਨ ਸੀ। ਉਹਨਾਂ ਰਾਹੀਂ ਗੁਲਾਬ ਕੌਰ ਨੂੰ ਗ਼ਦਰ, ਆਜ਼ਾਦੀ ਅਤੇ ਮੁਕਤੀ ਦਾ ਜਾਗ ਲੱਗਣ ਲੱਗਾ। ਗ਼ਦਰ ਪਾਰਟੀ, ਗ਼ਦਰ ਅਖ਼ਬਾਰ ਅਤੇ ਗ਼ਦਰੀ ਗੂੰਜਾਂ ਨੇ ਉਹਨਾਂ ਨੂੰ ਆਜ਼ਾਦੀ ਦੀਆਂ ਨਵੀਆਂ ਤਰੰਗਾਂ ਨਾਲ ਜੋੜ ਦਿੱਤਾ। ਘਰ ਦੀ ਗ਼ਰੀਬੀ, ਕਰਜ਼ੇ, ਮੰਦਹਾਲੀ ਦੀ ਪੰਡ ਸਿਰੋਂ ਲਾਹੁਣ ਲਈ ਪਰਦੇਸਾਂ ਨੂੰ ਗਏ ਭਾਰਤੀਆਂ ਦੀ ਅਣਖ ਜਾਗੀ। ਉਨ੍ਹਾਂ ਨੂੰ ਸੋਝੀ ਆਈ ਕਿ ਇਕੱਲੇ ਇਕੱਲੇ, ਦੇਸ਼-ਪਰਦੇਸ਼ ਧੱਕੇ ਖਾ ਕੇ, ਲੱਕ ਤੋੜਵੀਂ ਕਮਾਈ ਕਰਕੇ ਅਸੀਂ ਕਦੇ ਵੀ ਆਪਣੇ ਘਰਾਂ ਨੂੰ ਆਜ਼ਾਦ ਅਤੇ ਖੁਸ਼ਹਾਲ ਨਹੀਂ ਬਣਾ ਸਕਦੇ। ਇਹ ਫੇਰ ਹੀ ਸੰਭਵ ਹੈ ਜੇ ਸਾਡਾ ਵਤਨ, ਗ਼ੁਲਾਮੀ ਦੇ ਸੰਗਲਾਂ ਤੋਂ ਮੁਕਤ ਹੋਵੇਗਾ। ਇਸ ਮੁਕਤੀ ਲਈ ਸਾਨੂੰ ਨਿੱਜ, ਸੁਆਰਥ ਦੇ ਬੰਧਨਾਂ ਤੋਂ ਮੁਕਤ ਹੋਣਾ ਪਵੇਗਾ।
ਉਹਨਾਂ ਆਪਣੇ ਵਤਨ ਨੂੰ ਚਾਲੇ ਪਾ ਦਿੱਤਾ। ਆਰਥਕ ਕਮਾਈ ਦੀ ਝਾਕ ਛੱਡ ਦਿੱਤੀ। ਨੌਕਰੀਆਂ ਨੂੰ ਲੱਤ ਮਾਰ ਦਿੱਤੀ। ਦੇਸ਼-ਭਗਤੀ ਦੀ ਨਿਸ਼ਕਾਮ ਸੇਵਾ 'ਚ ਪੈਰ ਪਾ ਕੇ, ਵਤਨ ਦੀ ਆਜ਼ਾਦੀ ਦਾ ਬੀੜਾ ਚੁੱਕ ਲਿਆ। ਆਜ਼ਾਦੀ ਦੇ ਆਸ਼ਕ, ਸਭ ਕੁਝ ਛੱਡ ਛੁਡਾ ਕੇ ਬਾਹਰਲੇ ਮੁਲਕਾਂ ਤੋਂ ਆਉਣ ਲੱਗੇ। ਜਦੋਂ ਐਸ.ਐਸ. ਕੋਰੀਆ ਜਹਾਜ਼ ਮਨੀਲਾ ਦੀ ਬੰਦਰਗਾਹ ਤੇ ਲੱਗਿਆ ਤਾਂ ਇਥੋਂ 70 ਗ਼ਦਰੀਆਂ ਦਾ ਜੱਥਾ ਮਨੀਲਾ ਗੁਰਦੁਆਰੇ 'ਚ ਆ ਠਹਿਰਿਆ। ਹਾਫ਼ਿਜ ਅਬਦੁੱਲਾ ਨੇ ਗੁਰਦੁਆਰੇ 'ਚ ਪਹਿਲਾਂ ਹੀ ਸਾਰਾ ਪ੍ਰਬੰਧ ਕੀਤਾ ਹੋਇਆ ਸੀ। ਗ਼ਦਰੀਆਂ ਨੇ ਤਕਰੀਰਾਂ ਕੀਤੀਆਂ। ਹੋਰਨਾਂ ਲੋਕਾਂ ਵਾਂਗ ਗ਼ਦਰ ਲਹਿਰ 'ਚ ਭਰਤੀ ਹੋਣ ਲਈ ਗੁਲਾਬ ਕੌਰ ਦੇ ਨਾਲ ਉਨ੍ਹਾਂ ਦੇ ਪਤੀ ਮਾਨ ਸਿੰਘ ਨੇ ਵੀ ਆਪਣਾ ਨਾਂਅ ਲਿਖਵਾ ਦਿੱਤਾ। ਜਿਸ ਦਿਨ ਇਥੋਂ ਜਹਾਜ਼ ਦੇ ਤੁਰਨ ਦਾ ਵੇਲਾ ਆਇਆ ਤਾਂ ਪਹਿਲਾਂ ਤਾਂ ਟਰੰਕ ਠੀਕ ਕਰਾਉਣ ਦੇ ਪੱਜ ਨਾਲ ਗਿਆ ਮਾਨ ਸਿੰਘ ਆਇਆ ਹੀ ਦੇਰੀ ਨਾਲ। ਜਦੋਂ ਘਰੋਂ ਸਮੇਂ ਸਿਰ ਜਹਾਜ਼ ਵੱਲ ਤੁਰਨ ਲਈ ਗੁਲਾਬ ਕੌਰ ਨੇ ਕਾਹਲੀ ਕੀਤੀ ਤਾਂ ਉਹ ਜਾਣ ਤੋਂ ਇਨਕਾਰੀ ਹੀ ਨਹੀਂ ਹੋਇਆ ਸਗੋਂ ਮਰਦਾਵਾਂਪਣ ਝਾੜਦਾ ਹੋਇਆ ਗੁਲਾਬ ਕੌਰ ਨੂੰ ਵੀ ਘਰੋਂ ਪੈਰ ਬਾਹਰ ਪਾਉਣ ਤੋਂ ਵਰਜਣ ਲੱਗਾ। ਗੁਲਾਬ ਕੌਰ ਦੀ ਜ਼ਿੰਦਗੀ ਦਾ ਇਹ ਇਤਿਹਾਸਕ ਫੈਸਲਾ ਸੀ ਜਦੋਂ ਉਸਨੇ ਠੋਕ ਵਜਾ ਕੇ ਕਹਿ ਦਿੱਤਾ ਕਿ ''ਤੂੰ ਜਾਹ ਭਾਵੇਂ ਨਾ ਜਾਹ ਪਰ ਗੁਲਾਬ ਕੌਰ ਤਾਂ ਆਪਣੇ ਦੇਸ਼ ਭਗਤ ਵੀਰਾਂ ਨਾਲ ਕੀਤੇ ਕੌਲ ਇਕਰਾਰ 'ਤੇ ਖ਼ਰੀ ਉਤਰੇਗੀ।'' ਇਸ ਲਈ ਭਾਵੇਂ ਉਸਦੀ ਜਾਨ ਵੀ ਚਲੀ ਜਾਵੇ ਉਹ ਕਦੇ ਵੀ ਗ਼ਦਰੀ ਇਨਕਲਾਬੀਆਂ ਤੋਂ ਪਿੱਛੇ ਨਹੀਂ ਹਟੇਗੀ।
ਮਾਨ ਸਿੰਘ ਪਤੀ ਪਤਨੀ ਦੇ ਰਵਾਇਤੀ ਰਿਸ਼ਤਿਆਂ ਦੀ ਬੇੜੀ ਪਾਉਣ ਦਾ ਹੰਕਾਰ ਵੀ ਦਿਖਾਉਂਦਾ ਰਿਹਾ ਪਰ ਗੁਲਾਬ ਕੌਰ ਨੇ ਨਵੇਂ ਰਿਸ਼ਤਿਆਂ ਦਾ ਸਿਰਨਾਵਾਂ ਪੜ੍ਹ ਲਿਆ ਸੀ। ਉਸਨੇ ਛਲਕਦੀਆਂ ਪਰ ਆਪਣੀ ਭੂਮਿਕਾ ਬਾਰੇ ਮਾਣਮੱਤੀਆਂ ਨਜ਼ਰਾਂ ਨਾਲ ਹਾਫ਼ਿਜ ਅਬਦੁੱਲਾ ਨੂੰ ਆਪਣੇ ਪਤੀ ਮਾਨ ਸਿੰਘ ਦੀ ਬੁਜਦਿਲੀ ਬਾਰੇ ਦੱਸਿਆ। ਹਾਫ਼ਿਜ ਅਬਦੁੱਲਾ ਨੇ ਗੁਲਾਬ ਕੌਰ ਅੱਗੇ ਰੱਖੜੀ ਲਈ ਗੁੱਟ ਕਰ ਦਿੱਤਾ। ਆਖਰੀ ਦਮ ਤੱਕ ਇਹ ਰਿਸ਼ਤਾ ਨਿਭਾਉਣ ਦਾ ਇਕਰਾਰ ਕੀਤਾ।
ਗ਼ਦਰੀ ਗੁਲਾਬ ਕੌਰ ਰਾਹ ਵਿਚ ਜਿੱਥੇ ਵੀ ਜੱਥਾ ਰੁਕਦਾ ਉਥੇ ਅਤੇ ਜਹਾਜ਼ ਦੇ ਅੰਦਰ ਸੰਬੋਧਨ ਕਰਨ ਲੱਗੀ। ਉਸਦੀ ਤਕਰੀਰ ਹਲੂਣਕੇ ਰੱਖ ਦਿੰਦੀ। ਬਖ਼ਸ਼ੀਵਾਲਾ ਦੇ ਮਿਲਖਾ ਸਿੰਘ ਸਨੇਹੀ ਦਾ ਕਹਿਣਾ ਹੈ ਕਿ ਗੁਲਾਬ ਕੌਰ ਮੀਟਿੰਗਾਂ 'ਚ ਕਵਿਤਾ ਦੇ ਬੋਲ ਗੁੰਜਾਇਆ ਕਰਦੀ ਸੀ ਕਿ :
''ਗ਼ਦਰ ਸ਼ੁਰੂ ਹੈ ਵੀਰਨੋ ਚਲੋ ਚੱਲੀਏ
ਬੈਠੇ ਤਕਾਂ ਤਕਾਉਣ ਦੀ ਲੋੜ ਕੀ ਏ
ਜੇਕਰ ਜੀਵੀਏ ਜੀਵੀਏ ਨਾਲ ਗ਼ੈਰਤ
ਐਵੇਂ ਡੰਗ ਟਪਾਉਣ ਦੀ ਲੋੜ ਕੀ ਏ।''
ਗ਼ਦਰ ਦਾ ਹੌਕਾ ਦਿੰਦਾ ਗ਼ਦਰੀਆਂ ਦਾ ਜੱਥਾ ਜਿਸ 'ਤੋਸ਼ਾਮਾਰੂ' ਜਹਾਜ਼ ਵਿਚ ਸੀ ਉਹ 28 ਅਕਤੂਬਰ 1914 ਨੂੰ ਕਲਕੱਤੇ ਦੀ ਬੰਦਰਗਾਹ ਨੇੜੇ ਪੁੱਜਾ। ਪੁਲਸ ਨੇ ਘੇਰਾ ਘੱਤ ਲਿਆ। ਤਲਾਸ਼ੀਆਂ ਅਤੇ ਸ਼ਨਾਖ਼ਤ ਦਾ ਸਿਲਸਲਾ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਿਆ। ਰਾਹ ਵਿਚ ਆਪਣੇ ਨੇੜਲੇ ਪਿੰਡਾਂ ਦੇ ਭਰਾ ਜੀਵਨ ਸਿੰਘ ਦੌਲਾ ਸਿੰਘ ਵਾਲਾ ਨੂੰ 'ਫਰਜੀ ਪਤੀ' ਕਹਿ ਕੇ ਪੁਲਸ ਨੂੰ ਝਕਾਨੀ ਦੇ ਕੇ ਨਿਕਲ ਜਾਣ ਦੀਆਂ ਯੁਗਤਾਂ ਘੜਦੀ ਆ ਰਹੀ ਗੁਲਾਬ ਕੌਰ ਨੂੰ ਜੀਵਨ ਸਿੰਘ ਨੇ ਹੁੰਗਾਰਾ ਨਹੀਂ ਸੀ ਭਰਿਆ। ਅਖੇ ਇਕ ਭਰਾ ਇਹ ਕਿਵੇਂ ਕਹਿ ਸਕਦੈ। ਜਦੋਂ ਪੁੱਛ ਪੜਤਾਲ ਹੋਣ ਲੱਗੀ ਤਾਂ ਜੀਵਨ ਸਿੰਘ ਨੇ ਇਹੋ ਕਹਿ ਦਿੱਤਾ ਕਿ, ''ਅਸੀਂ ਪਤੀ ਪਤਨੀ ਅਮਰੀਕਾ ਵੱਲ ਨੌਕਰੀ ਦੀ ਭਾਲ ਲਈ ਨਿਕਲੇ ਸੀ ਪਰ ਵਾਪਸ ਆ ਗਏ ਕਿਉਂਕਿ ਅੱਗੇ ਰਾਹਦਾਰੀ ਨਹੀਂ ਮਿਲੀ। ਬਰਤਾਨਵੀ ਹਾਕਮਾਂ ਨੂੰ ਚੱਕਰਾਂ 'ਚ ਪਾ ਕੇ ਉਹ ਨਿਕਲ ਆਏ। ਗ਼ਦਰ ਲਹਿਰ ਪ੍ਰਤੀ ਪ੍ਰਤੀਬੱਧਤਾ ਅਤੇ ਸਮਰਪਣ ਦੀ ਰੌਸ਼ਨ ਮਿਸਾਲ ਇਹ ਸਿਰਜੀ ਕਿ ਉਹ ਸੁਰੱਖਿਅਤ ਨਿਕਲ ਕੇ ਨਾ ਬਖਸ਼ੀਵਾਲਾ ਪੇਕੇ ਪਿੰਡ ਗਈ ਨਾ ਜਖੇਪਲ ਸਹੁਰੇ ਪਿੰਡ। ਉਹ ਅਤੇ ਜੀਵਨ ਸਿੰਘ ਸਿੱਧੇ ਜਲੰਧਰ, ਗ਼ਦਰੀ ਬੰਤਾ ਸਿੰਘ ਸੰਘਵਾਲ ਦੇ ਪਿੰਡ ਸੰਘਵਾਲ ਪੁੱਜੇ।
ਗੁਲਾਬ ਕੌਰ ਭੇਸ ਬਦਲ ਕੇ, ਢੰਗ ਬਦਲ ਕੇ ਗ਼ਦਰ ਲਹਿਰ 'ਚ ਨਵੀਆਂ ਪੈੜਾਂ ਪਾਉਣ ਲੱਗੀ। ਉਹ ਪਿੰਡ ਪਿੰਡ ਜਾਂਦੀ। ਤ੍ਰਿੰਝਣਾਂ 'ਚ ਜਾਂਦੀ। ਵੰਨ-ਸੁਵੰਨੇ ਸਮਾਗਮਾਂ ਵਿਚ ਜੁੜੇ ਲੋਕਾਂ ਨੂੰ ਗ਼ਦਰ ਦਾ ਸੁਨੇਹਾ ਦਿੰਦੀ। ਗ਼ਦਰੀਆਂ 'ਚ ਉਸਨੂੰ 'ਸ਼ੇਰਨੀ ਭੈਣ' ਕਹਿ ਕੇ ਸਤਿਕਾਰ ਨਾਲ ਮੁਖ਼ਾਤਬ ਹੋਇਆ ਜਾਂਦਾ। ਉਸਨੇ ਗ਼ਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਗ਼ਦਰ ਲਹਿਰ ਦੇ ਅਨਮੋਲ ਹੀਰੇ ਵਾਂਗ ਸੰਭਾਲਣ ਲਈ ਅਥਾਹ ਘਾਲਣਾ ਘਾਲੀ। ਆਪਣੀ ਜ਼ਿੰਦ ਖ਼ਤਰਿਆਂ 'ਚ ਪਾਈ। ਬੱਬਰ ਅਕਾਲੀ ਕਰਮ ਸਿੰਘ ਦੌਲਤ ਪੁਰੀਆ, ਅਮਰ ਸਿੰਘ, ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਸਰਾਭਾ ਵਰਗਿਆਂ ਦੇ ਅੰਗ ਸੰਗ ਰਹੀ ਗ਼ਦਰੀ ਸੰਗਰਾਮਣ ਬਹੁਤ ਅਰਸਾ ਅਮਰ ਸਿੰਘ ਦੇ ਘਰ ਕੋਟਲਾ ਨੌਧ ਸਿੰਘ ਹੁਸ਼ਿਆਰਪੁਰ ਬਦਲੇ ਨਾਂਵਾਂ ਹੇਠ ਰਹਿੰਦੀ ਰਹੀ।
ਗੁਲਾਬ ਕੌਰ ਦੇ ਸਦੀਵੀ ਵਿਛੋੜੇ ਬਾਰੇ ਵੱਖ-ਵੱਖ ਰਾਵਾਂ ਹਨ। ਇਥੋਂ ਤੱਕ ਕਿ ਉਸਦੇ ਵਿਛੋੜੇ ਦੇ ਸਾਲ ਬਾਰੇ ਵੀ ਕਾਫੀ ਅੰਤਰ ਸਾਹਮਣੇ ਆ ਰਹੇ ਹਨ। ਇਤਿਹਾਸਕਾਰਾਂ ਦੀ ਆਮ ਰਾਏ 1941 ਵਿਚ ਵਿਛੋੜੇ ਬਾਰੇ ਬਣਦੀ ਹੈ। ਉਹ ਅਮਰ ਸਿੰਘ ਘਰੋਂ ਹੀ ਅੰਮ੍ਰਿਤਸਰ, ਲਾਹੌਰ ਅਤੇ ਜਿਹਲਮ ਤੱਕ ਗ਼ਦਰ ਲਹਿਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਰਹੀ। ਜੇਲ੍ਹ ਦੀਆਂ ਸੀਖਾਂ ਪਿੱਛੇ ਗ਼ਦਰੀ ਗੂੰਜਾਂ ਗੁੰਜਾਉਂਦੀ ਰਹੀ।
ਜਿਸ ਦਿਨ ਉਹ ਸਦੀਵੀ ਵਿਦਾ ਹੋਈ ਉਸ ਦਿਨ ਬਰਤਾਨਵੀ ਹਾਕਮਾਂ ਨੇ ਪੁਲਸ ਅਤੇ ਸੂਹੀਆ ਤੰਤਰ ਦਾ ਜਾਲ ਵਿਛਾ ਦਿੱਤਾ। ਇਸਦੀ ਪਰਵਾਹ ਨਾ ਕਰਦਿਆਂ ਉਸਦੀ ਅਰਥੀ ਨੂੰ ਬਾਬਾ ਸ਼ਿਵ ਸਿੰਘ, ਭਾਈ ਅਮਰ ਸਿੰਘ, ਦਲੀਪ ਸਿੰਘ ਅਤੇ ਜਵਾਲਾ ਸਿੰਘ ਨੇ ਸਤਿਕਾਰ ਸਹਿਤ ਮੋਢਾ ਦਿੱਤਾ। ਗ਼ਦਰੀ ਗੁਲਾਬ, ਗੁਲਾਬ ਕੌਰ ਭਾਵੇਂ ਅੱਜ ਜਿਸਮਾਨੀ ਤੌਰ 'ਤੇ ਸਾਡੇ ਦਰਮਿਆਨ ਨਹੀਂ ਉਸਦੇ ਗ਼ਦਰ ਦੀ ਨਿਰੰਤਰਤਾ, ਉਸਦੇ ਵਿਚਾਰਾਂ, ਆਦਰਸ਼ਾਂ, ਨਿਹਚਾ ਦੀ ਮਹਿਕ ਦਾ ਗ਼ਦਰੀ ਗੁਲਾਬ ਕਦੇ ਨਹੀਂ ਮੁਰਝਾਏਗਾ। ਇਹ ਭਵਿੱਖ 'ਚ ਹੋਰ ਮਹਿਕੇਗਾ। ਹੋਰ ਖਿੜੇਗਾ।
ਗ਼ਦਰ ਲਹਿਰ ਦਾ ਕੌਮਾਂਤਰੀ ਰਾਜਦੂਤ ਭਾਈ ਰਤਨ ਸਿੰਘ ਰਾਏਪੁਰ ਡੱਬਾ
ਗ਼ਦਰ ਲਹਿਰ ਦਾ ਕੌਮਾਂਤਰੀ ਰਾਜਦੂਤ
ਭਾਈ ਰਤਨ ਸਿੰਘ ਰਾਏਪੁਰ ਡੱਬਾ
—ਅਮੋਲਕ ਸਿੰਘ
ਗ਼ਦਰ ਲਹਿਰ ਦੇ ਕੌਮਾਂਤਰੀ ਰਾਜਦੂਤ ਵਜੋਂ ਗ਼ਦਰੀ ਦੇਸ਼ ਭਗਤਾਂ 'ਚ ਜਾਣੇ ਜਾਂਦੇ ਭਾਈ ਰਤਨ ਸਿੰਘ ਰਾਏਪੁਰ ਡੱਬਾ ਦੇ ਸੰਗਰਾਮੀ ਸਫ਼ਰ ਦੀਆਂ ਪੈੜਾਂ ਕੈਨੇਡਾ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਇਟਲੀ, ਰੂਸ, ਚੀਨ, ਅਫਗਾਨਿਸਤਾਨ, ਪਨਾਮਾ, ਹਾਂਡਰੂਸ, ਨਿਕਾਰਾਗੂਆ, ਅਰਜਨਟੀਨਾ, ਬਰਾਜੀਲ ਅਤੇ ਸਾਡੇ ਮੁਲਕ ਅੰਦਰ ਸਿਰਜੇ ਇਤਿਹਾਸ ਦੀ ਗਵਾਹੀ ਭਰਦੀਆਂ ਹਨ।
ਭਾਈ ਰਤਨ ਸਿੰਘ ਗ਼ਦਰ ਲਹਿਰ ਦੀ ਕੱਦਾਵਰ ਬੌਧਿਕ ਅਜੇਹੀ ਸ਼ਖ਼ਸੀਅਤ ਸੀ ਜਿਸਨੇ ਮੋੜਾਂ-ਘੋੜਾਂ, ਉਤਰਾਅ-ਚੜਾਅ ਵਿਚੋਂ ਗੁਜ਼ਰਦੀ ਗ਼ਦਰ ਲਹਿਰ ਅੰਦਰ ਨਵੀਂ ਵਿਚਾਰਧਾਰਾ, ਸੇਧ ਅਤੇ ਰੌਸ਼ਨੀ ਦੀ ਅਮਿਟ ਭੂਮਿਕਾ ਅਦਾ ਕੀਤੀ।
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਲਾਗੇ, 'ਸ਼ਹੀਦ ਭਗਤ ਸਿੰਘ ਨਗਰ' ਜ਼ਿਲ੍ਹੇ ਅੰਦਰ ਪੈਂਦੇ ਪਿੰਡ ਰਾਏਪੁਰ ਡੱਬਾ 'ਚ ਨਿਹਾਲ ਸਿੰਘ ਬਿਲਨ ਦੇ ਘਰ 1879 ਵਿਚ ਉਹਨਾਂ ਦਾ ਜਨਮ ਹੋਇਆ। ਭਾਈ ਰਤਨ ਸਿੰਘ ਗੁਪਤਵਾਸ ਸਮੇਂ ਵੱਖ-ਵੱਖ ਮੁਲਕਾਂ ਅੰਦਰ ਸੰਤਾ ਸਿੰਘ, ਹਰੀ ਸਿੰਘ, ਈਸ਼ਰ ਸਿੰਘ ਅਤੇ ਗੁਲਾਮ ਮੁਹੰਮਦ ਫਰਜੀ ਨਾਵਾਂ ਹੇਠ, ਗ਼ਦਰ ਲਹਿਰ 'ਚ ਸਰਗਰਮ ਭੂਮਿਕਾ ਅਦਾ ਕਰਦੇ ਰਹੇ।
ਉਨ੍ਹਾਂ ਦੀ ਮੁਢਲੀ ਵਿੱਦਿਆ ਭਾਵੇਂ ਮਿਡਲ ਤੱਕ ਹੀ ਸੀ ਪਰ ਉਹਨਾਂ ਦੀ ਦੇਸ਼-ਭਗਤੀ ਪ੍ਰਤੀ ਨਿਹਚਾ ਸਦਕਾ ਉਹ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ, ਅੰਗਰੇਜ਼ੀ, ਰੂਸੀ, ਫਰਾਂਸੀਸੀ ਅਤੇ ਜਰਮਨ ਵੀ ਜਾਨਣ ਲੱਗ ਗਏ।
ਉਹ ਥੋੜ੍ਹਾ ਸਮਾਂ ਫੌਜ ਵਿਚ ਨੌਕਰੀ ਕਰਨ ਉਪਰੰਤ 1904 ਵਿਚ ਫੌਜ ਦੀ ਨੌਕਰੀ ਛੱਡਕੇ ਫ਼ਿਜੀ ਚਲੇ ਗਏ। ਫ਼ਿਜੀ ਤੋਂ ਨਿਊਜ਼ੀਲੈਂਡ ਹੁੰਦੇ ਹੋਏ 1907 ਵਿਚ ਕੈਨੇਡਾ ਆ ਕੇ ਲੱਕੜ ਦੀਆਂ ਮਿੱਲਾਂ ਵਿਚ ਕੰਮ ਕਰਨ ਲੱਗ ਪਏ। ਵੈਨਕੂਵਰ ਦੀ ਧਰਤੀ 'ਤੇ ਰੋਟੀ ਰੋਜੀ ਕਮਾਉਂਦੇ ਰਤਨ ਸਿੰਘ ਨੂੰ ਇੰਤਹਾ ਜਲੀਲਤਾ ਝੱਲਣੀ ਪਈ। ਕੈਨੇਡਾ, ਅਮਰੀਕਾ ਵਿਚ ਨਸਲੀ ਦੰਗਿਆਂ ਅਤੇ ਬੇਪਤੀ ਦੇ ਜਹਿਰੀਲੇ ਤੀਰਾਂ ਨੇ ਭਾਈ ਰਤਨ ਸਿੰਘ ਦੀ ਚੇਤਨਾ ਨੂੰ ਝੰਜੋੜਕੇ ਰੱਖ ਦਿੱਤਾ। ਜਿਉਂ ਹੀ 19 ਜਨਵਰੀ 1908 ਨੂੰ ਵੈਨਕੂਵਰ ਵਿਚੋਂ ਉਤਰੀ ਅਮਰੀਕਾ ਦੇ ਸਭ ਤੋਂ ਪਹਿਲੇ ਗੁਰਦੁਆਰੇ ਦਾ ਨਿਰਮਾਣ ਮੁਕੰਮਲ ਹੋਇਆ ਤਾਂ ਇੱਥੇ ਹਿੰਦੋਸਤਾਨੀ ਸਿਰ ਜੋੜ ਕੇ ਬੈਠਣ ਲੱਗੇ। ਵੈਨਕੂਵਰ ਦਾ ਇਹ ਗੁਰਦੁਆਰਾ ਸਿਰਫ ਧਾਰਮਿਕ ਸਿੱਖ ਕੇਂਦਰ ਹੀ ਨਹੀਂ ਸੀ। ਇਥੇ ਨਸਲੀ ਵਿਤਕਰੇ, ਰੁਜਗਾਰ, ਇੰਮੀਗਰੇਸ਼ਨ ਆਦਿ ਬਾਰੇ ਖੁੱਲ੍ਹਕੇ ਵਿਚਾਰਾਂ ਹੋਣ ਲੱਗੀਆਂ। ਗੁਰਦੁਆਰੇ ਅੰਦਰ ਇਹਨਾਂ ਵਿਚਾਰਾਂ 'ਚ ਸਿੱਖ, ਹਿੰਦੂ ਅਤੇ ਮੁਸਲਮਾਨ ਬਿਨਾਂ ਕਿਸੇ ਭੇਦ ਭਾਵ ਦੇ ਸ਼ਾਮਲ ਹੋਣ ਲੱਗੇ। ਵੈਨਕੂਵਰ ਹੀ ਸੀ ਜਿਥੇ ਸਭ ਤੋਂ ਪਹਿਲਾਂ ਭਾਈ ਰਤਨ ਸਿੰਘ ਦੀ ਇਨਕਲਾਬੀ ਤਾਰਕ ਨਾਥ ਦਾਸ ਨਾਲ ਮੁਲਾਕਾਤ ਹੋਈ। ਮੁਲਾਕਾਤਾਂ ਦੇ ਸਿਲਸਲੇ ਸਦਕਾ ਉਹ ਇਨਕਲਾਬੀ ਵਿਚਾਰਾਂ ਦੀ ਗੁੜ੍ਹਤੀ ਵਿਚ ਰੰਗੇ ਗਏ। ਉਹ ਸਰਗਰਮੀ ਨਾਲ ਘੋਲਾਂ 'ਚ ਹਿੱਸਾ ਲੈਣ ਲੱਗੇ।
ਕਾਮਾਗਾਟਾ ਮਾਰੂ ਜਹਾਜ ਨਾਲੋਂ ਵੀ ਪਹਿਲਾਂ ਦਾ ਇਤਿਹਾਸ ਬੋਲਦਾ ਹੈ ਕਿ ਜਦੋਂ ਕੈਨੇਡੀਅਨ ਹਕੂਮਤ ਨੇ 'ਸਿੱਧੇ ਸਫ਼ਰ' ਅਤੇ ਜੇਬ ਵਿਚ ਦੋ ਸੌ ਡਾਲਰ ਦੀ ਸ਼ਰਤ ਮੜ੍ਹ ਦਿੱਤੀ ਤਾਂ ਉਹ 'ਪਨਾਮਾ ਮਾਰੂ ਜਹਾਜ਼' ਰਾਹੀਂ 39 ਮੁਸਾਫਰਾਂ ਨੂੰ ਲੈ ਕੇ ਗਏ। ਤਾਂ ਕੈਨੇਡੀਅਨ ਸਰਕਾਰ ਨੇ ਮੁਸਾਫ਼ਰਾਂ ਨੂੰ ਨਾ ਉਤਰਨ ਦਿੱਤਾ।
ਭਾਈ ਰਤਨ ਸਿੰਘ ਨੇ ਅਦਾਲਤ ਵਿਚ ਚੁਣੌਤੀ ਦਿੱਤੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਹੰਟਰ ਨੇ 24 ਨਵੰਬਰ 1913 ਨੂੰ ਕੈਨੇਡੀਅਨ ਸਰਕਾਰ ਵੱਲੋਂ ਮੜ੍ਹੀਆਂ ਸ਼ਰਤਾਂ ਉਪਰ ਕਾਟਾ ਮਾਰ ਦਿੱਤਾ। ਪਨਾਮਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਕੈਨੇਡਾ ਰਹਿਣ ਦਾ ਅਧਿਕਾਰ ਮਿਲਿਆ।
ਅਮਰੀਕਾ ਅੰਦਰ 21 ਅਪ੍ਰੈਲ 1913 ਨੂੰ 'ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ' ਨਾਂਅ ਦੀ ਜੱਥੇਬੰਦੀ ਬਣੀ। ਜਿਹੜੀ 1 ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਜਾਰੀ ਹੋਣ ਅਤੇ ਤੂਫ਼ਾਨੀ ਵੇਗ ਨਾਲ ਲੋਕਾਂ ਨੂੰ ਆਪਣੇ ਪ੍ਰਭਾਵ ਦੀ ਲਪੇਟ 'ਚ ਲੈਣ ਮਗਰੋਂ ਇਹ ਪਾਰਟੀ ਗ਼ਦਰ ਪਾਰਟੀ ਦੇ ਤੌਰ 'ਤੇ ਹੀ ਜਾਣੀ ਜਾਣ ਲੱਗੀ। ਭਾਈ ਰਤਨ ਸਿੰਘ ਨੇ ਗ਼ਦਰ ਪਾਰਟੀ 'ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ।
1915 ਵਿੱਚ ਗ਼ਦਰ ਲਹਿਰ ਨੂੰ ਲੱਗੀ ਪਛਾੜ ਦੇ ਬਾਵਜੂਦ, ਗ਼ਦਰੀ ਦੇਸ਼ ਭਗਤਾਂ ਨੇ ਹਿੰਮਤ ਨਾ ਹਾਰੀ। ਆਪਣੇ ਸਿਰ ਲੱਗੀ ਜ਼ਿੰਮੇਵਾਰੀ ਮੁਤਾਬਕ ਭਾਈ ਰਤਨ ਸਿੰਘ ਨੇ ਭਾਰਤੀਆਂ ਨੂੰ ਮੁੜ-ਜੱਥੇਬੰਦ ਕੀਤਾ। ਇਨ੍ਹਾਂ ਦੇ ਸਾਥੀ ਭਾਈ ਭਗਵਾਨ ਸਿੰਘ ਅਤੇ ਭਾਈ ਸੰਤੋਖ ਸਿੰਘ ਹੋਰੀਂ ਵੀ ਅਮਰੀਕਾ ਵਾਪਸ ਆ ਗਏ। ਅਮਰੀਕਨ ਹਕੂਮਤ ਨੇ ਜਦੋਂ ਇਨ੍ਹਾਂ ਉਪਰ 'ਹਿੰਦ ਜਰਮਨ ਸਾਜਸ ਕੇਸ' ਮੜ੍ਹ ਦਿੱਤਾ ਤਾਂ ਇਸਦਾ ਸਾਰਾ ਭਾਰ ਭਾਈ ਰਤਨ ਸਿੰਘ ਦੇ ਮੋਢਿਆਂ 'ਤੇ ਆਣ ਪਿਆ।
ਗ਼ਦਰ ਲਹਿਰ ਨੂੰ ਮੁੜ-ਜਥੇਬੰਦ ਕਰਦਿਆਂਪੱਛਮੀ ਤਟ ਤੇ ਬਣੀ ਕੇਂਦਰੀ ਕਮੇਟੀ 'ਚ ਭਾਈ ਰਤਨ ਸਿੰਘ ਨੂੰ ਪ੍ਰਧਾਨ ਅਤੇ ਭਾਈ ਸੰਤੋਖ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ।ਭਾਈ ਰਤਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਗਰੇਜ਼ੀ ਵਿਚ 'ਇੰਡੀਪੈਂਡੈਂਟ ਹਿੰਦੁਸਤਾਨ' ਨਾਂਅ ਦਾ ਅਖ਼ਬਾਰ ਜਾਰੀ ਕੀਤਾ। ਉਹਨਾਂ ਉਪਰ 1917 ਦੀ ਰੂਸੀ ਮਜਦੂਰ ਕਰਾਂਤੀ ਦਾ ਅਮਿਟ ਅਸਰ ਪਿਆ ਸੀ। ਇਸ ਲਈ, ਉਹ ਅਤੇ ਭਾਈ ਸੰਤੋਖ ਸਿੰਘ 24 ਸਤੰਬਰ 1922 ਨੂੰ ਅਨੇਕਾਂ ਖ਼ਤਰੇ ਪਾਰ ਕਰਦੇ ਮਾਸਕੋ ਪੁੱਜੇ।
ਉਨ੍ਹਾਂ ਨੇ ਮਾਸਕੇ ਵਿਚ 5 ਨਵੰਬਰ, 1922 ਤੋਂ 5 ਦਸੰਬਰ ਨੂੰ1922 ਤੱਕ ਹੋਈ ਤੀਜੀ ਕੌਮਾਂਤਰੀ ਦੀ ਚੌਥੀ ਕਾਂਗਰਸ ਵਿਚ ਭਾਗ ਲਿਆ। ਉਨ੍ਹਾਂ ਨੇ 'ਰੈਡ ਇੰਟਰਨੈਸ਼ਨਲ ਆਫ ਲੇਬਰ ਯੂਨੀਅਨ' ਦੀ ਦੂਸਰੀ ਕਾਨਫਰੰਸ ਵਿਚ ਵੀ ਹਿੱਸਾ ਲਿਆ। ਉਨ੍ਹਾਂ ਨੇ 'ਮਾਸਕੋ ਯੂਨੀਵਰਸਿਟੀ ਆਫ ਟੁਆਇਲਰਜ਼ ਆਫ ਦੀ ਈਸਟ' ਵਿਚ ਵੀ ਫਿਲਾਸਫੀ ਅਤੇ ਰਾਜਨੀਤੀ ਨੂੰ ਹੋਰ ਸਮਝਣ, ਪੜਤਾਲ ਲਈ ਅਧਿਐਨ ਕੀਤਾ।
ਸੋਵੀਅਤ ਯੂਨੀਅਨ ਵਿਚ ਕੁਝ ਚਿਰ ਠਹਿਰਨ ਉਪਰੰਤ ਉਹ ਜਰਮਨ ਦੀ ਰਾਜਧਾਨੀ ਬਰਲਨ ਚਲੇ ਗਏ। ਇਥੋਂ ਉਹ ਤੇ ਭਾਈ ਸੰਤੋਖ ਸਿੰਘ ਇਰਾਨ ਵਿਚੀਂ ਹੁੰਦੇ ਹੋਏ ਅਫ਼ਗਾਨਿਸਤਾਨ 'ਚ ਗ਼ਦਰੀ ਦੇਸ਼ ਭਗਤ ਗੁਰਮੁਖ ਸਿੰਘ ਲਲਤੋਂ ਅਤੇ ਊਧਮ ਸਿੰਘ ਕਸੇਲ ਹੋਰਾਂ ਨੇ ਗ਼ਦਰੀ ਕੇਂਦਰ ਸਥਾਪਤ ਕੀਤਾ ਹੋਇਆ ਸੀ।
ਇਥੇ ਹੋਈਆਂ ਗੰਭੀਰ ਵਿਚਾਰਾਂ ਉਪਰੰਤ ਭਾਈ ਰਤਨ ਸਿੰਘ ਦੀ ਡਿਊਟੀ ਵੱਖ-ਵੱਖ ਦੇਸਾਂ ਵਿਚ ਤਾਲਮੇਲ ਕਰਨ ਤੇ ਕੇਂਦਰਤ ਕੀਤੀ ਗਈ। ਭਾਈ ਸੰਤੋਖ ਸਿੰਘ ਭਾਰਤ ਵਿਚ ਦਾਖਲ ਹੁੰਦੇ ਫੜੇ ਗਏ। ਜੂਹਬੰਦੀ ਹੋਈ। ਜੂਹਬੰਦੀ ਟੁੱਟਣ ਉਪਰੰਤ ਉਨ੍ਹਾਂ ਨੇ ਅੰਮ੍ਰਿਤਸਰ ਤੋਂ 1926 ਵਿਚ 'ਕਿਰਤੀ' ਮਾਸਿਕ ਅਖ਼ਬਾਰ ਸ਼ੁਰੂ ਕੀਤਾ। ਉਧਰ ਭਾਈ ਰਤਨ ਸਿੰਘ ਅਫਗਾਨਿਸਤਾਨ ਤੋਂ ਤੁਰਕੀ ਦੇ ਸ਼ਹਿਰ ਇਸਤੰਬੋਲ ਵਿਚ ਤੇਜਾ ਸਿੰਘ ਸੁਤੰਤਰ ਪਾਸ ਚਲੇ ਗਏ। ਕੁਝ ਦੇਰ ਬਾਅਦ ਉਹਨਾਂ ਨੇ ਜਰਮਨ ਜਾ ਕੇ ਬਰਲਿਨ ਨੂੰ ਆਪਣੀਆਂ ਸਰਗਰਮੀਆਂ ਦਾ ਮੁੱਖ ਧੁਰਾ ਬਣਾਇਆ। ਇਥੋਂ ਉਹ ਵਿਸ਼ੇਸ਼ ਮਿਸ਼ਨ ਲਈ ਅਮਰੀਕਾ ਪੁੱਜੇ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ਼ਦਰ ਪਾਰਟੀ ਨੇ ਹਜ਼ਾਰ ਡਾਲਰ ਜਮਾਨਤ ਭਰਕੇ ਉਹਨਾਂ ਨੂੰ ਛੁਡਵਾ ਲਿਆ। ਅਮਰੀਕਾ 'ਚੋਂ ਉਹਨਾਂ ਨੇ ਨਾਮਵਰ ਗ਼ਦਰੀ ਹਰਜਾਪ ਸਿੰਘ ਮਾਹਿਲਪੁਰ, ਸੰਤਾ ਸਿੰਘ ਗੰਡੀਵਿੰਡ, ਪ੍ਰੀਤਮ ਸਿੰਘ ਕਸੇਲ, ਕਰਮ ਸਿੰਘ ਧੂਤ ਅਤੇ ਪ੍ਰੇਮ ਸਿੰਘ ਚੂਹੜਚੱਕ ਨੂੰ ਗ਼ਦਰ ਲਹਿਰ ਨੂੰ ਨਵੀਆਂ ਲੀਹਾਂ ਤੇ ਪਾਉਣ ਲਈ ਇਤਿਹਾਸਕ ਖੋਜਕਾਰੀ ਅਤੇ ਭਾਰਤੀ ਦਰਸ਼ਨ, ਸਮਾਜਕ ਬਣਤਰ ਦਾ ਅਧਿਐਨ ਕਰਨ ਲਈ ਮਾਸਕੋ ਦੀ ਈਸਟਰਨ ਯੂਨੀਵਰਸਿਟੀ ਭੇਜਿਆ।
ਉਹ ਗੁਪਤ ਢੰਗਾਂ ਰਾਹੀਂ ਭਾਰਤ ਪੁੱਜੇ। 1927 ਵਿਚ ਉਹ ਫੇਰ ਹਿੰਦੋਸਤਾਨ ਤੋਂ ਯੂਰਪ ਚਲੇ ਗਏ। ਬੈਲਜੀਅਮ ਦੇ ਸ਼ਹਿਰ ਬਰੱਸਲਜ਼ ਵਿਚ 10 ਫਰਵਰੀ 1927 ਤੋਂ 15 ਫਰਵਰੀ 1927 ਤੱਕ ਲੀਗ ਅਗੇਨਸਟ ਇੰਪੀਰੀਅਲਿਜ਼ਮ ਦੀ ਕਾਨਫਰੰਸ ਵਿਚ ਉਹਨਾਂ ਨੇ ਅਤੇ ਪ੍ਰੋ. ਬਰਕਤ ਉੱਲਾ ਨੇ ਭਾਗ ਲਿਆ।
ਬਰੱਸਲਜ ਕਾਨਫਰੰਸ ਉਪਰੰਤ ਉਹ ਚੀਨ ਪੁੱਜੇ। ਭਾਈ ਰਤਨ ਸਿੰਘ ਦੀ ਅਗਵਾਈ ਸਦਕਾ ਦਸੌਦਾ ਸਿੰਘ, ਚਰਨ ਸਿੰਘ ਧੁਲੇਤਾ ਅਤੇ ਇੰਦਰ ਸਿੰਘ ਟੂਟੋ ਮਜਾਰਾ ਨੇ ਮਾਰਚ 1927 ਵਿਚ ਚੀਨ ਦੇ ਸ਼ਹਿਰ ਹੰਕਓ ਤੋਂ 'ਹਿੰਦੋਸਤਾਨ ਗ਼ਦਰ ਢੰਡੋਰਾ' ਨਾਂਅ ਦਾ ਪੰਦਰਾਂ ਰੋਜ਼ਾ ਪੰਜਾਬੀ ਅਖਬਾਰ ਕੱਢਿਆ। ਇਥੋਂ ਉਹ ਜਾਪਾਨ ਗਏ। ਜਾਪਾਨ ਦੀ ਹਕੂਮਤ ਨੇ ਉਹਨਾਂ ਉਪਰ 'ਕਮਿਊਨਿਸਟ ਹੋਣ ਦਾ ਦੋਸ਼' ਮੜਕੇ ਦੇਸ਼ ਨਿਕਾਲਾ ਦੇ ਦਿੱਤਾ। ਜਾਪਾਨ ਉਹ ਫਿਰ ਰੂਸ ਪੁੱਜੇ ਅਤੇ ਵਿਸ਼ੇਸ਼ ਕਾਨਫਰੰਸ ਵਿਚ ਭਾਗ ਲਿਆ।
ਭਾਈ ਰਤਨ ਸਿੰਘ ਦੇ ਸਫ਼ਰ ਦੀਆਂ ਪੈੜਾਂ, ਮੈਕਸੀਕੋ, ਕਿਊਬਾ, ਬਰਾਜੀਲ ਆਦਿ ਦੇਸ਼ਾਂ ਵਿਚ ਮਿਲਦੀਆਂ ਹਨ। ਬਰਾਜ਼ੀਲ ਵਿਚ ਹੀ 'ਪਗੜੀ ਸੰਭਾਲ ਜੱਟਾ ਲਹਿਰ' ਦੇ ਜਲਾਵਤਨ ਹੋਏ ਅਜੀਤ ਸਿੰਘ (ਭਗਤ ਸਿੰਘ ਦੇ ਚਾਚਾ) ਨਾਲ ਪਹਿਲੀ ਮੁਲਾਕਾਤ ਹੋਈ। ਅਰਜਨਟਾਈਨਾ ਵਿਚ ਉਹ ਭਗਤ ਸਿੰਘ ਬਿਲਗਾ ਨੂੰ ਮਿਲੇ ਜੋ ਕਿ ਇਥੋਂ ਦੀ ਗ਼ਦਰ ਪਾਰਟੀ ਦੇ ਸਕੱਤਰ ਸਨ। ਅਰਜਨਟਾਈਨਾ ਵਿਚ 'ਕਿਰਤੀ' ਅਖ਼ਬਾਰ ਨੇ ਗ਼ਦਰ ਲਹਿਰ ਦੀ ਤੰਦ ਜੋੜ ਕੇ ਰੱਖਣ 'ਚ ਅਹਿਮ ਭੂਮਿਕਾ ਨਿਭਾਈ ਕਿਉਂਕਿ ਇਥੇ 'ਕਿਰਤੀ' ਦੀਆਂ ਕਾਪੀਆਂ ਪਹੁੰਚਿਆ ਕਰਦੀਆਂ ਸਨ। ਭਾਈ ਰਤਨ ਸਿੰਘ ਨੇ ਭਗਤ ਸਿੰਘ ਬਿਲਗਾ ਅਤੇ ਬਾਬਾ ਬੂਝਾ ਸਿੰਘ ਨਾਲ ਅਰਜਨਟਾਈਨਾ ਵਿਚ ਗ਼ਦਰ ਲਹਿਰ ਦੀ ਮੁੜ ਜੜ੍ਹ ਲਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ।
ਜਦੋਂ ਸਾਮਰਾਜ ਪ੍ਰਤੀ ਕਾਂਗਰਸ ਦਾ ਦ੍ਰਿਸ਼ਟੀਕੋਣ ਸੰਸਾਰ ਵਿਆਪੀ ਕੌਮੀ ਮੁਕਤੀ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ 'ਚ ਸਾਮਰਾਜੀ ਹੇਜ ਵਾਲਾ ਹੋਰ ਉਘੜਦਾ ਗਿਆ ਤਾਂ ਨਹਿਰੂ ਨੂੰ ਲੀਗ 'ਚੋਂ ਦੁਨੀਆ ਦੇ ਮੰਨੇ ਪਰਮੰਨੇ ਇਨਕਲਾਬੀਆਂ ਨੇ ਬਾਹਰ ਕਰਕੇ ਭਾਈ ਰਤਨ ਸਿੰਘ ਨੂੰ ਉਸ ਵਿਚ ਨੁਮਾਇੰਦਗੀ ਦਿੱਤੀ।
ਅਗਸਤ 1943 ਵਿਚ ਉਹ ਸਖ਼ਤ ਬਿਮਾਰ ਹੋ ਗਏ। ਇਟਲੀ 'ਚ ਰੋਮ ਦੇ ਮਿਸ਼ਨਰੀ ਹਸਪਤਾਲ 'ਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ। ਇਸ ਨਾਮਾਲੂਮ ਹਸਪਤਾਲ 'ਚ ਹੀ ਉਹ ਦਮ ਤੋੜ ਗਏ। ਗ਼ਦਰ ਲਹਿਰ ਦਾ ਕੌਮਾਂਤਰੀ ਹੀਰਾ, ਗ਼ਦਰ, ਆਜ਼ਾਦੀ ਸੰਗਰਾਮ ਨੂੰ ਇਨਕਲਾਬੀ ਅਤੇ ਸਮਾਜਵਾਦੀ ਲੀਹ ਵੱਲ ਲਿਜਾਣ ਦੀ ਅਮਿਟ ਇਤਿਹਾਸਕ ਭੂਮਿਕਾ ਅਦਾ ਕਰਨ ਵਾਲੇ ਯੋਧੇ ਭਾਈ ਰਤਨ ਸਿੰਘ ਅਤੇ ਇਲਾਕੇ ਭਰ ਦੇ ਦਰਜਨਾਂ ਪਿੰਡਾਂ ਦੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ 19 ਅਕਤੂਬਰ ਨੂੰ ਉਹਨਾਂ ਦੇ ਪਿੰਡ ਰਾਏਪੁਰ ਡੱਬਾ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਗ਼ਦਰ ਸ਼ਤਾਬਦੀ ਨੂੰ ਸਮਰਪਤ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰ ਰਿਹਾ ਹੈ।
'ਯੁੱਗ ਬਦਲਣ ਲਈ ਲੜਨ' ਦੀ ਲੋੜ ਦਾ ਹੋਕਾ ਦੇ ਗਿਆ ਮੇਲਾ ਗ਼ਦਰ ਸ਼ਤਾਬਦੀ ਦਾ
'ਯੁੱਗ ਬਦਲਣ ਲਈ ਲੜਨ' ਦੀ ਲੋੜ ਦਾ ਹੋਕਾ ਦੇ ਗਿਆ
ਮੇਲਾ ਗ਼ਦਰ ਸ਼ਤਾਬਦੀ ਦਾ
- 'ਉਠੋ! ਨਵੇਂ ਯੁੱਗ ਵਾਲ਼ਾ ਗੀਤ ਗਾ ਦਿਓ ' ਦਾ ਸੁਨੇਹਾ ਦੇ ਗਿਆ ਝੰਡੇ ਦਾ ਗੀਤ
- ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਗੰਧਰਵ ਸੇਨ ਕੋਛੜ ਅਤੇ ਟਰਸੱਟੀ ਚੈਨ ਸਿੰਘ ਚੈਨ ਨੇ ਸਾਂਝੇ ਤੌਰ ਤੇ ਝੁਲਾਇਆ ਗ਼ਦਰ ਪਾਰਟੀ ਦਾ ਝੰਡਾ
ਯੁਗਾਂਤਰ ਆਸ਼ਰਮ (ਜਲੰਧਰ)-'ਗ਼ਦਰ ਸ਼ਤਾਬਦੀ ਕੋਈ ਰਸਮੀ ਜਾਂ ਰਵਾਇਤੀ ਸ਼ਤਾਬਦੀ ਨਹੀਂ। ਗ਼ਦਰ ਸ਼ਤਾਬਦੀ ਮਨਾਉਣ ਦਾ ਮਕਸਦ ਗ਼ਦਰੀ ਬਾਬਿਆਂ ਦੀ ਅਜੋਕੀ ਪੀੜ੍ਹੀ ਨਾਲ ਇਤਿਹਾਸਕ ਸਾਂਝ ਦੀ ਤੰਦ ਨੂੰ ਹੋਰ ਪੀਢੀ ਕਰਨਾ ਹੈ। ਗ਼ਦਰੀ ਬਾਬਿਆਂ ਨੇ ਮੁੜ ਨਹੀਂ ਆਉਣਾ, ਸਗੋਂ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੰਦਿਆਂ, ਜਿੱਤਾਂ ਤੇ ਹਾਰਾਂ ਤੋਂ ਸਬਕ ਸਿਖਦੇ ਹੋਏ ਕੁਰਬਾਨੀ ਭਰੀ ਅਗਵਾਈ ਵਲ ਵਧਣਾ ਪੈਣਾ ਹੈ। ਮੌਜੂਦਾ ਪ੍ਰਬੰਧ ਅਫ਼ਰਾ ਤਫ਼ਰੀ ਦੇ ਦੌਰ ਵੱਲ ਵਧ ਰਿਹਾ ਹੈ ਤੇ ਨਿਤਾਰਾ ਇਸ ਗੱਲ ਨੇ ਕਰਨਾ ਹੈ ਕਿ ਲੋਕ ਬੇਚੈਨੀ ਨੂੰ ਕਿਹੜੀਆਂ ਤਾਕਤਾਂ ਵਰਤਦੀਆਂ ਹਨ।' ਇਹ ਹੋਕਾ ਗ਼ਦਰ ਸ਼ਤਾਬਦੀ ਮੇਲੇ ਦੇ ਸਿਖਰਲੇ ਦਿਨ ਸੈਂਕੜਿਆਂ ਦੀ ਤਦਾਦ 'ਚ ਜੁੜੇ ਮੇਲਾ ਪ੍ਰੇਮੀਆਂ ਨੂੰ ਗ਼ਦਰੀ ਬਾਬਿਆਂ ਦੇ ਮੇਲੇ ਦੇ ਪਹਿਲੀ ਨਵੰਬਰ ਦੇ ਸਮਾਗਮ ਦੀ ਸ਼ੁਰੂਆਤ ਕਰਦਿਆਂ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੰਧਰਵ ਸੇਨ ਕੋਛੜ ਤੇ ਕਾਮਰੇਡ ਚੈਨ ਸਿੰਘ ਚੈਨ ਨੇ ਦਿੱਤਾ।
ਇਸ ਤੋਂ ਪਹਿਲਾਂ ਜਨਰਲ ਸਕੱਤਰ ਗੰਧਰਵ ਸੇਨ ਕੋਛੜ ਤੇ ਕਾਮਰੇਡ ਚੈਨ ਸਿੰਘ ਚੈਨ ਨੇ ਸਾਂਝੇ ਤੌਰ 'ਤੇ ਗ਼ਦਰ ਪਾਰਟੀ ਦਾ ਝੰਡਾ ਝੁਲਾਇਆ। ਇਸ ਮੌਕੇ ਸੰਬੋਧਨ ਕਰਦਿਆਂ ਗੰਧਰਵ ਸੇਨ ਕੋਛੜ ਨੇ ਕਿਹਾ ਕਿ ਗ਼ਦਰ ਲਹਿਰ ਧਰਮ, ਜਾਤ ਤੇ ਖਿੱਤੇ ਤੋਂ ਨਿਰਲੇਪ ਲਹਿਰ ਸੀ ਤੇ ਇਸ ਦਾ ਖ਼ਾਸਾ ਕੌਮਾਂਤਰੀ ਸੀ। ਇਹ ਨਾ ਸਿਰਫ਼ ਅਜ਼ਾਦੀ ਦੀ ਹੀ ਲਹਿਰ ਸੀ ਸਗੋਂ ਸਾਮਰਾਜ ਵਿਰੋਧੀ ਵੀ ਸੀ। ਕਾਮਰੇਡ ਚੈਨ ਸਿੰਘ ਚੈਨ ਨੇ ਗ਼ਦਰ ਪਾਰਟੀ ਦੀ ਸਥਾਪਨਾ ਦੇ ਕਾਰਨ, ਉਦੇਸ਼ ਤੇ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਨੁੱਖ ਅਤੇ ਕੁਦਰਤ ਦੀ ਹਕੀਕੀ ਅਜ਼ਾਦੀ ਲਈ ਸੰਗਰਾਮ ਨੂੰ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਵੇਂ ਸੰਗਰਾਮ ਤੇ ਯੁੱਗ ਬਦਲਣ ਲਈ ਜੂਝਣਾ ਦੀ ਗ਼ਦਰੀ ਦੇਸ਼ ਭਗਤਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਜਨਰਲ ਸਕੱਤਰ ਡਾ ਰਘਵੀਰ ਕੌਰ ਨੇ ਲੋਕਾਂ ਨੂੰ ਜੀ ਆਇਆਂ ਕਿਹਾ ਤੇ ਮੇਲੇ ਦੀ ਕਵਰੇਜ਼ ਲਈ ਪ੍ਰਿੰਟ ਅਤੇ ਇਲੈਟ੍ਰਾਨਿਕ ਮੀਡੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਡੀਏਵੀ ਪਬਲਿਕ ਸਕੂਲ ਬਿਗਲਾ ਦੇ ਵਿਦਿਆਰਥੀਆਂ ਨੇ ਬੈਂਡ ਦੀਆਂ ਧੁੰਨਾਂ 'ਤੇ ਮਾਰਚ ਪਾਸਟ ਕਰਦਿਆਂ ਝੰਡੇ ਨੂੰ ਸਲਾਮੀ ਦਿੱਤੀ।
ਅਮੋਲਕ ਸਿੰਘ ਦੀ ਕਲਮ ਤੋਂ ਲਿਖਿਆ ਝੰਡੇ ਦਾ ਗੀਤ ਲੋਕਾਂ ਨੂੰ 'ਉੱਠੋ ਨਵੇਂ ਯੁੱਗ ਵਾਲ਼ਾ ਗੀਤ ਗਾ ਦਿਓ' ਦਾ ਹੋਕਾ ਦਿੱਤਾ।
ਇਸ ਮੌਕੇ ਦੇਸ ਰਾਜ ਛਾਜਲੀ ਦੇ ਢਾਡੀ ਜਥੇ ਨੇ ਗ਼ਦਰੀ ਵਾਰਾਂ ਗਾ ਕੇ ਮਾਹੌਲ ਨੂੰ ਜੋਸ਼ ਭਰਿਆ ਬਣਾ ਦਿੱਤਾ। ਡਾ. ਵਰਿਆਮ ਸਿੰਘ ਸੰਧੂ ਅਤੇ ਡਾ. ਪਰਮਿੰਦਰ ਨੇ ਸੰਬੋਧਨ ਕਰਦਿਆਂ ਗ਼ਦਰੀ ਬਾਬਿਆਂ ਦੇ ਅਣਛੋਹੇ ਪੱਖਾਂ ਨੂੰ ਸਾਂਝਾ ਕਰਦਿਆਂ ਨਵੀਂ ਪੀੜ੍ਹੀ ਨੂੰ ਇਨਕਲਾਬੀ ਵਿਚਾਰਧਾਰਾ ਤੋਂ ਸੇਧ ਲੈਂਦਿਆਂ ਸੰਘਰਸ਼ਾਂ ਦਾ ਪਿੜ ਮੱਲਣ ਦਾ ਸੱਦਾ। ਇਸ ਤੋਂ ਬਾਅਦ ਗਾਇਕਾ ਕੰਵਰ ਬਹਾਰ, ਕਵੀਸ਼ਰ ਗੁਰਮੁਖ ਸਿੰਘ ਐਮਏ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੇਸ਼ਕਾਰੀਆਂ ਦਿੱਤੀਆਂ। ਨੀਰਜ ਕੌਸ਼ਕ ਦੁਆਰਾ ਨਿਰਦੇਸ਼ਿਤ ਨਾਟਕ 'ਆ ਕੇ ਰਹੂ ਬਸੰਤ' ਮੇਲਾ ਪ੍ਰੇਮੀਆਂ 'ਤੇ ਗਹਿਰੀ ਛਾਪ ਛੱਡ ਗਿਆ। ਬੀਬੀ ਸੁਰਿੰਦਰ ਕੌਰ ਤੇ ਸਾਥਣਾਂ ਨੇ ਬਲਵੀਰ ਕੌਰ ਵਡਾਲਾ ਦੀ ਨਿਰਦੇਸ਼ਨਾ ਹੇਠ ਪੰਜਾਬੀ ਸੱਭਿਆਚਾਰਕ ਵੰਨਗੀ 'ਅਲਾਉਣੀਆਂ' ਰਾਹੀਂ ਲੋਕ ਮਾਰੂ ਨੀਤੀਆਂ ਦਾ ਪਿੱਟ ਸਿਆਪਾ ਕੀਤਾ। ਮੇਲੇ ਦੀ ਮੁੱਖ ਸਟੇਜ 'ਤੇ ਬੀਬੀਆਂ ਵਲੋਂ ਪੇਸ਼ 'ਅਲਾਉਣੀਆਂ' ਨੇ ਮੇਲਾ ਪ੍ਰੇਮੀਆਂ ਨੂੰ ਝੰਜੋੜ ਦਿੱਤਾ।
ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ 'ਚ ਗਦਰ ਸ਼ਤਾਬਦੀ ਮਾਰਚ ਦੇਸ਼ ਭਗਤ ਯਾਦਗਾਰ ਹਾਲ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਪੁੱਜਾ। ਇਸ ਮਾਰਚ 'ਚ ਪੰਜਾਬ ਦੀਆਂ ਡੇਢ ਸੌ ਤੋਂ ਵੱਧ ਜਥੇਬੰਦੀਆਂ, ਗਦਰੀ ਪਿੰਡਾਂ ਦੀਆਂ ਕਮੇਟੀਆਂ ਅਤੇ ਵੱਖ-ਵੱਖ ਮੁਲਕਾਂ 'ਚ ਵਸਦੇ ਪੰਜਾਬੀਆਂ ਦੀਆਂ ਪ੍ਰਤੀਨਿੱਧ ਜਥੇਬੰਦੀਆਂ ਦੇ ਵਫਦਾਂ ਨੇ ਸ਼ਮੂਲੀਅਤ ਕੀਤੀ।
ਰਾਤ ਨੂੰ ਭਖਵੇਂ ਮਸਲਿਆਂ ਨਾਲ ਸਰੋਕਾਰ ਰੱਖਣ ਵਾਲੇ ਨਾਟਕ ਪੇਸ਼ ਕੀਤੇ ਗਏ। ਮੰਚ ਰੰਗ ਮੰਚ ਅੰਮ੍ਰਿਤਸਰ ਦੀ ਪੇਸ਼ਕਸ਼ ਅਤੇ ਕੇਵਲ ਧਾਲੀਵਾਲ ਦੇ ਲਿਖੇ ਅਤੇ ਨਿਰਦੇਸ਼ਤ ਨਾਟਕ 'ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ' ਨੇ ਗ਼ਦਰ ਲਹਿਰ 'ਚ 'ਕਾਮਾਗਾਟਾ ਮਾਰੂ' ਜਹਾਜ਼ ਦੀ ਘਟਨਾ ਵੇਲੇ ਸਮਾਜਿਕ ਹਾਲਾਤਾਂ ਦੀ ਬਾਤ ਪਾਉਂਦਿਆਂ ਅਜੋਕੇ ਸਮੇਂ 'ਚ ਗ਼ਦਰ ਲਹਿਰ ਦੇ ਨਿਸ਼ਾਨਿਆਂ ਦੀ ਸਾਰਥਿਕਤਾ ਨੂੰ ਬਿਆਨ ਕੀਤਾ। ਅਦਾਕਾਰ ਮੰਚ ਮੁਹਾਲੀ ਦੀ ਪੇਸ਼ਕਸ਼ ਅਤੇ ਡਾ. ਸਾਹਿਬ ਸਿੰਘ ਨਿਰਦੇਸ਼ਕ ਨਾਟਕ 'ਚਮੁਖੀਆ' ਨੇ ਅਜੋਕੇ ਸਮੇਂ 'ਚ ਨੌਜਵਾਨ ਪੀੜ੍ਹੀ ਨੂੰ ਪੇਸ਼ ਸਮੱਸਿਆਵਾਂ ਦੀ ਪੜਚੋਲ ਕਰਨ ਦੇ ਨਾਲ਼-ਨਾਲ਼ ਨਵੇਂ ਇਨਕਲਾਬ ਲਿਆਉਣ ਦਾ ਸੱਦਾ ਦਿਤਾ। ਇਸੇ ਤਰ੍ਹਾਂ ਤੀਜਾ ਨਾਟਕ 'ਨਟੀ ਵਿਨੋਦਨੀ' ਨਾਟਕਕਾਰ ਅਨੀਤਾ ਸਬਦੀਸ਼ ਸੁਚੇਤਕ ਰੰਗਮੰਚ ਮੁਹਾਲੀ ਨੇ ਪੇਸ਼ ਕੀਤਾ। ਇਸ ਨਾਟਕ ਨੇ ਜਗੀਰੂ ਸਮਾਜ ਦੇ ਨਾਲ-ਨਾਲ ਅਗਾਂਹਵਧੂ ਤਬਕਿਆਂ 'ਚ ਵੀ ਔਰਤ ਦੀ ਤਰਾਸਦੀ ਦੇ ਸੁਆਲ ਨੂੰ ਉਭਾਰਿਆ। ਬਾਅਦ ਵਿਚ ਵਾਰੀ ਸੀ ਨਾਟਕ 'ਮੱਕੜ ਜਾਲ ਤੋਂ ਪਾਰ' ਦੀ। ਪ੍ਰੋ. ਅੰਕੁਰ ਸ਼ਰਮਾ ਦੇ ਲਿਖੇ ਤੇ ਨਿਰਦੇਸ਼ਨ ਕੀਤਾ ਨਾਟਕ ਮਕੜਜਾਲ਼ ਨੇ ਕਾਰਪੋਰੇਟ ਜਗਤ ਦੇ ਗ਼ਲਬੇ ਦੇ ਦੌਰ 'ਚ ਕਿਸਾਨਾਂ ਤੇ ਮਜ਼ਦੂਰਾਂ ਦੀ ਬਦਹਾਲ ਹਾਲਤ ਬਿਆਨਦਿਆਂ ਸਮੁੱਚੀ ਮੁਕਤੀ ਲਈ ਸੰਘਰਸ਼ ਦਾ ਰਾਹ ਅਪਨਾਉਣ ਦਾ ਸੱਦਾ ਦਿਤਾ। ਪ੍ਰੋ. ਅਜਮੇਰ ਔਲਖ ਦੁਆਰਾ ਰਚਿਤ ਤੇ ਨਿਰਦੇਸ਼ਤ ਇਸ ਰਾਤ ਦਾ ਆਖਰੀ ਨਾਟਕ ਨੇ 'ਤੂੰ ਚਰਖ਼ਾ ਘੂਕਦਾ ਰੱਖ ਜ਼ਿੰਦੇ' ਵਿਚ ਬੀਬੀ ਗੁਲਾਬ ਕੌਰ ਦੇ ਗ਼ਦਰ ਲਹਿਰ 'ਚ ਇਤਿਹਾਸਕ ਯੋਗਦਾਨ ਦਾ ਵਰਨਣ ਕਰਦਿਆਂ ਮਨੁੱਖਤਾ ਦੀ ਬੰਦ ਖੁਲਾਸੀ ਲਈ ਇਨਕਲਾਬ ਦਾ ਰਾਹ ਪੈਣ ਦਾ ਸੱਦਾ ਦਿਤਾ। ਗੀਤ ਸੰਗੀਤ 'ਚ ਜਗਸੀਰ ਜੀਦਾ, ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਕੰਵਰ ਬਹਾਰ, ਨਵਦੀਪ ਧੌਲਾ, ਵਿਨੈ ਅਤੇ ਚਾਰੂਲ (ਅਹਿਮਦਾਬਾਦ), ਇਕਬਾਲ ਉਦਾਸੀ ਤੇ ਅੰਮ੍ਰਿਤਪਾਲ (ਬਠਿੰਡਾ) ਨੇ ਆਪਣੀਆਂ ਪੇਸ਼ਕਾਰੀ ਦਿੱਤੀਆਂ।
ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਦੇ ਪੋਤੇ ਉਮਾ ਸ਼ੰਕਰ ਪਿੰਗਲੇ ਤੇ ਪੜਪੋਤੇ ਰਵਿੰਦਰ ਉਮਾਕਾਂਤ ਪਿੰਗਲੇ ਨੇ ਕਿਹਾ ਕਿ ਉਨ੍ਹਾਂ ਨੂੰ ਗ਼ਦਰ ਸ਼ਤਾਬਦੀ ਮੇਲੇ 'ਚ ਆ ਕੇ ਬਹੁਤ ਸਕੂਨ ਮਿਲਿਆ ਹੈ ਕਿ ਉਨ੍ਹਾਂ ਦੇ ਬਜ਼ੁਰਗ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਵੀ ਹੋਰਨਾਂ ਗ਼ਦਰੀ ਬਾਬਿਆਂ ਦੇ ਨਾਲ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਗ਼ਦਰੀ ਬਾਬਿਆਂ ਨੂੰ ਯਾਦ ਕਰਨ ਵਾਲੀ ਨੌਜਵਾਨ ਪੀੜ੍ਹੀ ਦੇ ਮਨਾਂ 'ਚ ਸੁਲਘ ਰਹੀ ਚੰਗਿਆੜੀ ਇਕ ਦਿਨ ਜ਼ਰੂਰ ਹੀ ਇਨਕਲਾਬੀ ਲਾਟ ਬਣ ਕੇ ਭਾਰਤੀ ਲੋਕਾਂ ਲਈ ਉਜਾਲਾ ਸਾਬਤ ਹੋਵੇਗੀ।
੦-੦
ਗ਼ਦਰ-ਸ਼ਤਾਬਦੀ ਮੁਹਿੰਮ ਦੀ ਸਮਾਪਤੀ
ਨਵੀਂ ਇਨਕਲਾਬੀ ਜੰਗ ਦੇ ਹੋਕੇ ਨਾਲ
ਗ਼ਦਰ-ਸ਼ਤਾਬਦੀ ਮੁਹਿੰਮ ਦੀ ਸਮਾਪਤੀ
—ਪੱਤਰਪ੍ਰੇਰਕ
ਗ਼ਦਰ ਸ਼ਤਾਬਦੀ ਮੁਹਿੰਮ ਦੇ ਸਬੱਬ ਨਾਲ ਗ਼ਦਰ ਪਾਰਟੀ ਦਾ ਇਤਿਹਾਸ ਪੜਚੋਲਵੀਂ ਦ੍ਰਿਸ਼ਟੀ ਤੋਂ ਵਿਚਾਰਦਿਆਂ ਚਿੰਤਕਾਂ ਨੇ ਅਹਿਮ ਪੱਖ ਸਾਹਮਣੇ ਲਿਆਂਦੇ ਹਨ। ਪੰਜਾਬ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਤੋਂ ਲੈ ਕੇ ਪਿੰਡਾਂ ਤੱਕ ਚੱਲੀ ਮੁਹਿੰਮ ਦਾ ਕੇਂਦਰ ਪਿੰਡ ਬਣੇ।
ਪਿੰਡਾਂ ਅੰਦਰ ਬੇਜ਼ਮੀਨੇ ਕਾਮਿਆਂ, ਕਿਸਾਨਾਂ ਨੌਜਵਾਨਾਂ ਅਤੇ ਔਰਤਾਂ ਨੇ ਇਸ ਮੁਹਿੰਮ ਅੰਦਰ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਬਿਜਲੀ ਕਾਮਿਆਂ ਦੀ ਜਥੇਬੰਦੀ ਵੱਲੋਂ ਬਾਕਾਇਦਾ ਇਸ ਮੁਹਿੰਮ ਵਿੱਚ ਸ਼ਾਮਲ ਹੋਣਾ ਹਾਂਦਰੂ ਪੱਖ ਹੈ।
ਇਹਨਾਂ ਤਬਕਿਆਂ ਅੰਦਰ ਸਰਗਰਮ ਜਥੇਬੰਦੀਆਂ ਨੇ ਆਪਣੇ ਯਤਨਾਂ ਨਾਲ ਵਿਸ਼ੇਸ਼ ਕਰਕੇ ਗ਼ਦਰ ਪਾਰਟੀ ਦੇ ਇਤਿਹਾਸ ਅਤੇ ਹੋਰ ਕਿੰਨੇ ਹੀ ਪੱਖਾਂ ਬਾਰੇ, ਸਮੱਗਰੀ ਇਕੱਠੀ ਕੀਤੀ। ਇਤਿਹਾਸਕ ਪਿਛੋਕੜ ਨੂੰ ਆਪਣੇ ਪੂਰਵਜ਼ਾਂ ਦੀਆਂ ਪਾਈਆਂ ਇਨਕਲਾਬੀ ਪੈੜਾਂ ਨੂੰ ਅਜੋਕੇ ਸਰੋਕਾਰਾਂ ਨਾਲ ਸੁਰਤਾਲ ਕੀਤਾ। ਉਸ ਨੂੰ ਲੋੜਾਂ ਮੁਤਾਬਕ ਲੜੀਬੱਧ ਕਰਕੇ ਲੋਕ ਹੱਥਾਂ ਵਿੱਚ ਪਹੁੰਚਾਇਆ। ਨਤੀਜੇ ਵਜੋਂ ਦਹਾਕਿਆਂ ਤੋਂ ਵੱਖ ਵੱਖ ਫਰੰਟਾਂ 'ਤੇ ਸੰਘਰਸ਼ਸ਼ੀਲ ਆਗੂਆਂ, ਕਾਰਕੁੰਨਾਂ ਅਤੇ ਹੋਰ ਪਾਠਕਾਂ ਦਾ ਕਹਿਣਾ ਸੀ ਕਿ ਸਾਡੇ ਲਈ ਇਸ ਇਤਿਹਾਸ ਦੇ ਬਹੁਤ ਸਾਰੇ ਨਵੇਂ ਪੱਖ ਸਾਹਮਣੇ ਆਏ ਹਨ। ਸਾਨੂੰ ਇਹ ਜਾਨਣ ਅਤੇ ਸਮਝਣ ਦਾ ਮੌਕਾ ਮਿਲਿਆ ਹੈ ਕਿ ਅਸੀਂ ਆਪਣੀ ਅਜੋਕੀ ਇਨਕਲਾਬੀ ਦੀ ਜੜ੍ਹ ਆਪਣੇ ਮਹਾਨ ਇਤਿਹਾਸਕ ਵਿਰਸੇ ਨੂੰ ਸਮਝ ਕੇ ਉਸਦੇ ਧੁਰ ਅੰਦਰ ਫੇਰ ਹੀ ਲਗਾ ਸਕਦੇ ਹਾਂ।
ਗ਼ਦਰ ਸ਼ਤਾਬਦੀ ਨੇ ਵੀਹਵੀਂ ਸਦੀ ਦੇ ਸ਼ੁਰੂਆਤੀ ਦੌਰ ਦੀਆਂ ਹਾਲਤਾਂ, ਫੌਜਾਂ ਅਤੇ ਪ੍ਰਦੇਸ਼ਾਂ ਵੱਲ ਪੰਜਾਬੀਆਂ ਦੇ ਜਾਣ ਦੀ ਮਜਬੂਰੀ, ਫੌਜਾਂ ਅਤੇ ਪ੍ਰਦੇਸ਼ਾਂ ਅੰਦਰਲੀ ਹਾਲਤ, ਗ਼ਦਰ ਪਾਰਟੀ ਦੀ ਬੁਨਿਆਦ ਰੱਖੇ ਜਾਣ ਤੋਂ ਪਹਿਲਾਂ ਦੇ ਹਾਲਾਤ, ਆਧਾਰ-ਸ਼ਿਲਾ ਰੱਖਣ, ਵਤਨ ਵੱਲ ਚਾਲੇ ਪਾਉਣ, ਗ਼ਦਰ ਪਾਰਟੀ ਦਾ ਪ੍ਰੋਗਰਾਮ, ਕੁਰਬਾਨੀਆਂ ਅਤੇ ਮਹਾਨ ਟੀਚਿਆਂ ਬਾਰੇ ਰੌਸ਼ਨੀ ਹਾਸਲ ਕਰਨ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕੀਤਾ ਹੈ
ਸਾਮਰਾਜੀ ਵਰਤਾਰੇ, ਸਿੱਧੀ-ਅਸਿੱਧੀ ਗੁਲਾਮੀ, 1947 ਤੋਂ ਪਹਿਲਾਂ ਦੇ ਹਾਲਾਤ, 1947 ਵਿੱਚ ਆਜ਼ਾਦੀ ਦੇ ਨਾਂ 'ਤੇ ਹੋਈ ਸੱਤਾ ਬਦਲੀ ਵਰਗੇ ਮੁੱਦੇ ਗ਼ਦਰ ਸ਼ਤਾਬਦੀ ਮੁਹਿੰਮ ਵਿੱਚ ਕੇਂਦਰਤ ਹੋਏ। ਗ਼ਦਰ ਪਾਰਟੀ ਪ੍ਰੋਗਰਾਮ ਦੀ ਪ੍ਰਸੰਗਕਿਤਾ, ਗ਼ਦਰ ਪਾਰਟੀ ਬਣਾਉਣ ਦੀ ਪ੍ਰਸੰਗਕਿਤਾ, ਗ਼ਦਰ ਲਹਿਰ ਦੇ ਅਜੋਕੇ ਸਰੋਕਾਰ, ਗ਼ਦਰ ਲਹਿਰ ਦਾ ਸਾਹਿਤ ਉੱਪਰ ਪ੍ਰਭਾਵ ਆਦਿ ਵਿਸ਼ਿਆਂ ਉੱਪਰ ਵਿਚਾਰਾਂ ਹੋਈਆਂ। ਗ਼ਦਰੀ ਬਾਬੇ ਕੌਣ ਸਨ? ਇਸ ਵਿਸ਼ੇ ਨਾਲ ਜੁੜਵੇਂ ਵੱਖ ਵੱਖ ਪਹਿਲੂਆਂ ਉੱਪਰ ਚਰਚਾਵਾਂ ਹੋਈਆਂ।
ਉਂਗਲ 'ਤੇ ਗਿਣੇ ਜਾਣ ਵਾਲੇ ਇੱਕਾ-ਦੁੱਕਾ ਵਿਅਕਤੀਆਂ ਨੂੰ ਕੁਝ ਮੁਲਕਾਂ ਅੰਦਰ ਕੁੱਝ ਤਾਕਤਾਂ ਅਤੇ ਉਹਨਾਂ ਦੀ ਬੋਲੀ ਬੋਲਣ ਵਾਲੇ ਮੀਡੀਆ ਨੇ ਥਾਪੜਾ ਦੇ ਕੇ ਬੇਲੋੜੀ ਬਹਿਸ ਛੇੜਨ ਲਈ ਉਕਸਾਇਆ। ਗ਼ਦਰੀ ਇਨਕਲਾਬੀਆਂ ਦੇ ਵਿਚਾਰਾਂ, ਰਾਜਨੀਤੀ, ਉਦੇਸ਼ਾਂ, ਕਹਿਣੀ ਅਤੇ ਕਰਨੀ ਦੀ ਇੱਕਮਿੱਕਤਾ ਤੋਂ ਐਨ ਉਲਟ ਜਾ ਕੇ ਨਿਰ-ਆਧਾਰ ਨੁਕਤੇ ਛੇੜੇ। ਜਿਹਨਾਂ ਦਾ ਸੁਚੇਤ ਬੁੱਧੀਜੀਵੀ ਵਰਗ ਨੇ ਬਾਦਲੀਲ ਉੱਤਰ ਦਿੱਤਾ। ਜਿਹਨਾਂ ਦੇ ਪਲਟਵਾਰ ਅੱਗੇ ਇਹ ਫਿਰਕੂ ਰੰਗਤ ਵਾਲੇ ਅਖੌਤੀ ਬੁੱਧੀਜੀਵੀਏ ਖੜ੍ਹ ਨਾ ਸਕੇ।
ਗ਼ਦਰੀ ਇਨਕਲਾਬੀਆਂ ਦੇ ਗੌਰਵਮਈ ਇਤਿਹਾਸ ਨੂੰ ਲੋਕ-ਮਨਾਂ 'ਚੋਂ ਭੁਲਾਉਣ, ਹਥਿਆਉਣ ਆਪਣੇ ਰੰਗ ਵਿੱਚ ਰੰਗਣ ਅਤੇ ਆਪਣੇ ਕੁਕਰਮਾਂ ਨੂੰ ਢਕਣ ਲਈ ਓਟ-ਆਸਰਾ ਲੈਣ ਦੇ ਸਾਰੇ ਯਤਨ ਇਸ ਸ਼ਤਾਬਦੀ ਮੌਕੇ ਨਾਕਾਮ ਹੋਏ ਹਨ। ਸਾਮਰਾਜੀਆਂ ਅਤੇ ਉਹਨਾਂ ਦੇ ਸੇਵਦਾਰਾਂ ਦੇ ਸੇਵਾਦਾਰ ਹੁਕਮਰਾਨਾਂ ਵੱਲੋਂ ਯਾਦਗਾਰਾਂ ਬਣਾਉਣ ਦੇ ਐਲਾਨ ਧਰੇ ਧਰਾਏ ਰਹਿ ਗਏ। ਇਨਕਲਾਬੀ ਦੇਸ਼ਭਗਤੀ ਦੇ ਰੰਗਾਂ ਵਿੱਚ ਰੰਗੇ ਪ੍ਰੋਗਰਾਮਾਂ ਅੱਗੇ ਗ਼ਦਰ ਸ਼ਤਾਬਦੀ ਦੀ ਲਹਿਰ ਦੇ ਅੱਗੇ ਹੁਕਮਰਾਨਾਂ ਦੀਆਂ ਖੇਖਣਮਈ ਕੋਸ਼ਿਸ਼ਾਂ ਨਾਕਾਮ ਹੋ ਕੇ ਰਹਿ ਗਈਆਂ। ਸ਼ਾਇਦ ਹੁਣ ਉਹ ਅਗਲੀਆਂ ਚੋਣਾਂ ਰੁੱਤੇ ਅਜਿਹੇ ਨੀਂਹ-ਪੱਥਰਾਂ ਤੋਂ ਗਰਦ ਝਾੜਨ ਦਾ ਕੰਮ ਫਿਰ ਕਰਨਗੇ।
ਸਿੱਕਿਆਂ, ਟਿਕਟਾਂ, ਯਾਦਗਾਰਾਂ ਬਣਾਉਣ ਦੇ ਐਲਾਨ ਕਰਨ ਜੋਗੀ ਖੇਚਲ ਵੀ ਇਸ ਗ਼ਦਰ ਸ਼ਤਾਬਦੀ ਮੌਕੇ ਕੇਂਦਰੀ ਜਾਂ ਸੂਬਾਈ ਹੁਕਮਰਾਨਾਂ ਵੱਲੋਂ ਸਾਹਮਣੇ ਨਾ ਆਉਣਾ ਇਹ ਦਰਸਾਉਂਦਾ ਹੈ ਕਿ ਹੁਣ ਹਾਕਮਾਂ ਅਤੇ ਲੋਕਾਂ ਦੇ ਆਪੋ ਆਪਣੇ ਏਜੰਡੇ ਹੋਰ ਵੀ ਸਾਫ ਅਤੇ ਸਪੱਸ਼ਟ ਹੋ ਰਹੇ ਹਨ। ਓਹਲੇ ਪਰਦੇ ਦੂਰ ਹੋ ਰਹੇ ਹਨ।
ਗ਼ਦਰ ਸ਼ਤਾਬਦੀ ਮੌਕੇ ਸਾਮਰਾਜ ਵਿਰੋਧੀ, ਜਾਗੀਰਦਾਰ ਵਿਰੋਧੀ, ਕਾਰਪੋਰੇਟ ਘਰਾਣਿਆਂ ਵਿਰੋਧੀ, ਨਵੀਆਂ ਸਾਮਰਾਜੀ ਨੀਤੀਆਂ ਵਿਰੋਧੀ, ਔਰਤ ਵਰਗ ਵਿਰੋਧੀ ਅਤੇ ਲੋਕ-ਮਾਰੂ ਸਭਿਆਚਾਰਕ ਹੱਲਿਆਂ ਵਿਰੋਧੀ ਆਵਾਮੀ ਲਹਿਰ ਨੇ ਠੁੱਕਦਾਰ ਅੰਦਾਜ਼ ਵਿੱਚ ਆਪਣਾ ਮੋਰਚਾ ਮੱਲਿਆ ਹੈ।
5 ਰੋਜ਼ਾ ਗ਼ਦਰ ਸ਼ਤਾਬਦੀ ਮੇਲੇ ਵਿੱਚ, ਗਾਇਨ, ਭਾਸ਼ਣ, ਪੇਂਟਿੰਗ, ਕੁਇਜ਼ ਮੁਕਾਬਲੇ, ਕਵੀ-ਦਰਬਾਰ, ਕੋਰੀਓਗਰਾਫੀਆਂ, ਸ਼ਹਿਰ ਅੰਦਰ ਲਾ-ਮਿਸਾਲ ਮਾਰਚ, ਝੰਡਾ ਲਹਿਰਾਉਣ ਦੀ ਰਸਮ, ਝੰਡੇ ਦਾ ਗੀਤ, ਨਾਟਕ ਅਤੇ ਗੀਤ-ਸੰਗੀਤ ਆਦਿ ਦੇ ਸੁਨੇਹਿਆਂ 'ਚ ਕੇਂਦਰ ਬਿੰਦੂ ਇਹ ਉੱਭਰਿਆ ਹੈ ਕਿ ਗ਼ਦਰੀ ਇਨਕਲਾਬੀਆਂ ਦੇ ਪ੍ਰੋਗਰਾਮ ਵਾਲੀ ਖਰੀ ਆਜ਼ਾਦੀ, ਜਮਹੂਰੀਅਤ, ਸਾਂਝੀਵਾਲਤਾ ਵਾਲਾ ਰਾਜ ਅਤੇ ਸਮਾਜ ਬਣਾਉਣ ਲਈ ਨਵੇਂ ਅੰਦਾਜ਼ ਵਿੱਚ, ਨਵੀਂ ਇਨਕਲਾਬੀ ਜੰਗ ਦੀ ਲੋੜ ਸਨਮੁੱਖ ਹੈ।
ਇਸ ਮੇਲੇ ਵਿੱਚ ਵਿਸ਼ਵ-ਪ੍ਰਸਿੱਧ ਲੇਖਿਕਾ ਅਰੁੰਧਤੀ ਰਾਏ ਅਤੇ ਲੋਕ-ਪੱਖੀ ਪ੍ਰਤੀਬੱਧਤ ਫਿਲਮਸਾਜ ਸੰਜੇ ਕਾਕ ਨੇ ਆਮ ਲੋਕਾਂ ਵਾਂਗ ਸ਼ਾਮਲ ਹੋ ਕੇ ਗ਼ਦਰੀ ਇਨਕਲਾਬੀਆਂ ਨੂੰ ਸ਼ਰਧਾਂਜਲੀਆਂ ਅਰਪਤ ਕੀਤੀਆਂ। ਮੋਮਬੱਤੀਆਂ ਬਾਲ ਕੇ ਮਾਰਚ ਵਿੱਚ ਸ਼ਾਮਲ ਹੋ ਕੇ ਸਿਜਦਾ ਕੀਤਾ।
ਪੰਜ ਦਿਨ-ਰਾਤ ਦੇ ਮੇਲੇ ਲਈ ਆਰਥਿਕ ਮੱਦਦ, ਪ੍ਰਬੰਧਕੀ ਜੁੰਮੇਵਾਰੀ ਅਤੇ ਵਾਲੰਟੀਅਰਾਂ ਤੋਂ ਲੈ ਕੇ ਲੋੜੀਂਦੀਆਂ ਲੋਕਾਂ ਲਈ ਸੇਵਾਵਾਂ, ਲੋਕਾਂ ਨੇ ਖੁਦ ਹੀ ਨਿਭਾਈਆਂ। ਜ਼ਿਕਰਯੋਗ ਹੈ ਕਿ ਪੰਜ ਰੋਜ਼ਾ ਇਸ ਵਿਸ਼ਾਲ ਮੇਲੇ ਵਿੱਚ ਕਿਸੇ ਚਾਬੀ ਵਾਲੇ ਛੱਲੇ ਦੇ ਗੁੰਮ ਹੋਣ ਦੀ ਵੀ ਸੂਚਨਾ ਹਾਸਲ ਨਹੀਂ ਹੋਈ। ਦਿਨ-ਰਾਤ ਜਾਬਤਾਬੱਧ ਅੰਦਾਜ਼ ਵਿੱਚ ਭਰ ਜੁਆਨ ਲੜਕੇ ਅਤੇ ਲੜਕੀਆਂ ਦਾ ਇਸ ਇਨਕਲਾਬੀ ਸਭਿਆਚਾਰਕ ਮੇਲੇ ਵਿੱਚ ਸ਼ਾਮਲ ਹੋਣਾ ਹਾਕਮ ਜਮਾਤੀ ਇਸ ਪ੍ਰਚਾਰ ਦੇ ਮੁੰਹ 'ਤੇ ਚਪੇੜ ਮਾਰਦਾ ਜਿਹੜਾ ਇਹ ਦਰਸਾਉਂਦਾ ਰਹਿੰਦਾ ਹੈ ਕਿ ਕੁਰਾਹੇ ਪੈਣ ਦੀ ਜੁੰਮੇਵਾਰ ਖੁਦ ਨੌਜਵਾਨ ਪੀੜ੍ਹੀ ਹੀ ਹੈ। ਇਸ ਮੇਲੇ ਵਿੱਚ ਨੌਜਵਾਨ ਪੀੜ੍ਹੀ ਦਾ ਹੀ ਵੱਡਾ ਹਿੱਸਾ ਅਜਿਹਾ ਸੀ ਜਿਹੜਾ ਪ੍ਰਬੰਧਕੀ ਜੁੰਮੇਵਾਰੀਆਂ ਓਟ ਰਿਹਾ ਸੀ।
ਇਹ ਵੀ ਜ਼ਿਕਰਯੋਗ ਹੈ ਕਿ ਵਿਦੇਸ਼ੀ ਪੰਜਾਬੀ ਪਰਿਵਾਰਾਂ ਦੇ ਪਰਿਵਾਰ ਇਸ ਮੇਲੇ ਵਿੱਚ ਉਤਸ਼ਾਹ ਅਤੇ ਜੋਸ਼ ਖਰੋਸ਼ ਨਾਲ ਸ਼ਾਮਲ ਹੋਏ। ਆਰਥਿਕ ਸਹਾਇਤਾ ਕੀਤੀ। ਭਾਵੇਂ ਕਈ ਵਾਰ ਉਹ ਆਪਣੇ ਪਰਿਵਾਰਕ ਖੁਸ਼ੀਆਂ ਅਤੇ ਦੁੱਖਾਂ ਦੇ ਵੇਲਿਆਂ ਵਿੱਚ ਭਲੇ ਹੀ ਸ਼ਰੀਕ ਨਾ ਹੋ ਸਕੇ ਹੋਣ। ਮੇਲੇ ਵਿੱਚ ਆਪਣੇ ਤੌਰ 'ਤੇ ਹੀ, ਉੱਤਰਾਖੰਡ, ਅਹਿਮਦਾਬਾਦ ਤੇ ਮਹਾਂਰਾਸ਼ਟਰ, ਦਿੱਲੀ ਅਤੇ ਜੰਮੂ ਪ੍ਰਾਂਤਾਂ ਤੋਂ ਰੰਗਕਰਮੀਆਂ ਨੇ ਸ਼ਿਰਕਤ ਕੀਤੀ ਅਤੇ ਮੇਲੇ ਵਿੱਚ ਇਨਕਲਾਬੀ ਰੰਗ ਭਰਿਆ।
ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਅਗਲੇ ਵਰ੍ਹਿਆਂ ਵਿੱਚ ਆ ਰਹੀਆਂ ਸ਼ਤਾਬਦੀਆਂ ਦਾ ਮੁੱਢ ਬੰਨ੍ਹਣ ਵਿੱਚ ਸਫਲ ਹੋ ਨਿੱਬੜੀ ਹੈ। ਇੱਕ ਗ਼ਦਰ ਸ਼ਤਾਬਦੀ ਦਾ ਸਿਖਰ ਅਗਲੀਆਂ ਸ਼ਤਾਬਦੀਆਂ ਦੀ ਸ਼ੁਰੂਆਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਕਾਮਾਗਾਟਾ ਮਾਰੂ ਜਹਾਜ਼ ਅਤੇ ਬੱਜਬੱਜ ਘਾਟ ਸਾਕਾ ਸ਼ਤਾਬਦੀ (1914-2014), ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹਾਦਤ ਸ਼ਤਾਬਦੀ (1915-2015), ਬਰਮ੍ਹਾਂ ਸਾਜਿਸ਼ ਕੇਸ ਸ਼ਤਾਬਦੀ (1916-2016) ਅਤੇ ਰੂਸੀ ਕਰਾਂਤੀ ਸ਼ਤਾਬਦੀ 1917-2017) ਨੂੰ ਹੁਣ ਤੋਂ ਹੀ ਸੰਬੋਧਤ ਹੋਣ ਲਈ ਨਗਾਰੇ ਚੋਟ ਲਗਾਈ ਗਈ ਹੈ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ।
੦-੦
ਲਛਮਣਪੁਰਾ ਬਾਠੇ ਦੇ ਦੋਸ਼ੀ ਹਾਈਕੋਰਟ ਵੱਲੋਂ ਬਰੀ
ਲਛਮਣਪੁਰਾ ਬਾਠੇ ਦੇ ਦੋਸ਼ੀ ਹਾਈਕੋਰਟ ਵੱਲੋਂ ਬਰੀ
ਕਾਨੂੰਨ-ਕਚਹਿਰੀਆਂ ਦੇ ਜੋਕ-ਲਾਣੇ ਦੀ ਰਾਖੀ ਦੇ ਸੰਦ ਹੋਣ ਦੀ ਪੁਸ਼ਟੀ
-ਸੁਦੀਪ ਸਿੰਘ
“ਮੇਰੇ ਪਾਸ ਹੋਰ ਲੜਨ ਦੀ ਤਾਕਤ ਨਹੀਂ ਹੈ। 58 ਕਤਲ ਤੇ ਦੋਸ਼ੀ ਕੋਈ ਵੀ ਨਹੀਂ। ਕੋਰਟਾਂ ਉਨ੍ਹਾਂ ਦੀਆਂ ਹਨ, ਸਰਕਾਰਾਂ ਉਨ੍ਹਾਂ ਦੀਆਂ ਹਨ ਤੇ ਡਾਂਗ ਉਨ੍ਹਾਂ ਦੀ ਹੈ। ਗਰੀਬ ਪਾਸ ਕੁਝ ਨਹੀਂ। ਇਹ ਬੇਇਨਸਾਫੀ ਹੈ।'' ਪਟਨਾ ਹਾਈਕੋਰਟ ਵਲੋਂ 16 ਸਾਲ ਪਹਿਲਾਂ ਵਾਪਰੇ ਲਕਸ਼ਮਣਪੁਰ ਬਾਠੇ (ਬਿਹਾਰ) ਦੇ ਦਲਿਤ ਪੇਂਡੂਆਂ ਦੇ ਕਤਲੇਆਮ ਦੇ 26 ਦੋਸ਼ੀਆਂ ਨੂੰ ਬਰੀ ਕਰਨ ਦੇ ਫੈਸਲੇ ਬਾਰੇ ਪਤਰਕਾਰਾਂ ਵਲੋਂ ਪੁੱਛੇ ਜਾਣ 'ਤੇ ਬੌਧ ਪਾਸਵਾਨ ਨੇ ਕਿਹਾ। ਇਸ ਕਤਲੇਆਮ ਵਿੱਚ ਉਸਦੇ 7 ਪਰਿਵਾਰਕ ਜੀਅ ਮਾਰੇ ਗਏ ਸਨ ਤੇ ਕੁਝ ਮਗਰੋਂ ਦੁੱਖ ਨਾ ਸਹਿੰਦੇ ਹੋਏ ਗੁਜਰ ਗਏ। “ਸਰਕਾਰ, ਜੱਜ, ਕੁਲੈਕਟਰ (ਡੀ.ਸੀ) ਔਰ ਥਾਨਾ ਨੇ ਬਤਾ ਦੀਆ ਕਿ ਗਰੀਬ ਕੀ ਔਕਾਤ ਬਕਰੀ ਕੀ ਹੋਤੀ ਹੈ'' 67 ਸਾਲਾਂ ਦੀ ਲਕਸ਼ਮਣ ਰਾਜਵੰਸ਼ੀ ਨੇ ਕਿਹਾ ਜਿਸਨੇ ਇਸ ਕਤਲੇਆਮ ਵਿੱਚ 3 ਜੀਅ ਗੁਆਏ ਹਨ।
ਲਕਸ਼ਮਣਪੁਰ ਬਾਠੇ ਦੇ ਦਲਿਤ ਬੇਜਮੀਨੇ ਖੇਤ ਮਜ਼ਦੂਰਾਂ ਨੇ ਸਾਲ 1989 ਵਿੱਚ ਸੰਘਰਸ਼ ਕਰਕੇ ਆਪਣੀ ਦਿਹਾੜੀ ਡੇਢ ਕਿੱਲੋ ਚੌਲ ਪ੍ਰਤੀ ਦਿਨ ਤੋਂ ਵਧਾ ਕੇ ਤਿੰਨ ਕਿੱਲੋ ਚੌਲ ਪ੍ਰਤੀ ਦਿਨ ਕਰਵਾ ਲਈ ਸੀ। ਮਗਰੋਂ ਨਕਸਲੀਆਂ ਦੇ ਦਸਤਿਆਂ ਨੇ ਆ ਕੇ ਪਿੰਡ ਦੀ ਕਰੀਬ ਵੀਹ ਏਕੜ ਸਰਕਾਰੀ ਜਮੀਨ ਜੋ ਪਿੰਡ ਦੇ ਚੌਧਰੀ ਧੱਕੇ ਨਾਲ ਵਾਹੁੰਦੇ ਆ ਰਹੇ ਸੀ, ਛੁਡਵਾ ਲਈ ਤੇ ਦਲਿਤਾਂ 'ਚ ਵੰਡ ਦਿੱਤੀ। ਹੌਲੀ ਹੌਲੀ ਦਲਿਤ ਮਜ਼ਦੂਰ ਜਾਤ-ਪਾਤ ਵਿਤਕਰੇ ਤੇ ਨੀਵਾਂ ਦਿਖਾਉਣ ਵਾਲੀਆਂ ਪ੍ਰੰਪਰਾਵਾਂ ਮੰਨਣੀਆਂ ਛੱਡ ਰਹੇ ਸਨ - ਇਹ ਜਗੀਰੂ ਤੇ ਆਪਾਸ਼ਾਹ ਹਕੂਮਤੀ ਪ੍ਰਬੰਧ ਦੀਆਂ ਬੁਨਿਆਦਾਂ ਨੂੰ ਸਿੱਧੀ ਚੁਣੌਤੀ ਹੈ ਤੇ ਆਖਰ ਦਸੰਬਰ 1997 ਨੂੰ ਜਗੀਰਦਾਰਾਂ ਦੇ ਵੱਲੋਂ ਜਥੇਬੰਦ ਕਾਤਲੀ ਗਰੋਹ ਰਣਵੀਰ ਸੈਨਾ ਵਲੋਂ 58 ਦਲਿਤ ਮਰਦ ਔਰਤਾਂ ਬੱਚੇ ਬੁੱਢੇ ਬੇਰਹਿਮੀ ਨਾਲ ਵੱਢ-ਟੁੱਕ ਕੇ ਕਤਲ ਕਰ ਦਿੱਤੇ ਗਏ। ਘੱਟੋ-ਘੱਟ 5 ਨਾਬਾਲਗ ਲੜਕੀਆਂ ਨੂੰ ਵੱਢ ਕੇ ਮਾਰਨ ਤੋਂ ਪਹਿਲਾਂ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ। ਉਹਨਾਂ ਨੇ ਹਮਲੇ ਤੋਂ ਬਾਅਦ ਜਾਂਦੇ ਹੋਏ ਅੱਠ ਮਲਾਹ ਵੀ ਕਤਲ ਕਰ ਦਿੱਤੇ ਜਿਹਨਾਂ ਦੀਆਂ ਕਿਸ਼ਤੀਆਂ ਵਿੱਚ ਉਹ ਹਮਲੇ ਵਾਸਤੇ ਸੋਨ ਦਰਿਆ ਪਾਰ ਕਰਕੇ ਆਏ ਸਨ। ਪੱਤਰਕਾਰਾਂ ਵਲੋਂ ਸੈਨਾ ਵਲੋਂ ਬੱਚਿਆਂ ਤੇ ਔਰਤਾਂ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਪੁੱਛੇ ਜਾਣ 'ਤੇ ਸੈਨਾ ਦੇ ਆਗੂ ਸ਼ਰੇਆਮ ਕਹਿੰਦੇ ਹਨ,“ਇਹ ਔਰਤਾਂ ਨਕਸਲੀਆਂ ਨੂੰ ਜੰਮਦੀਆਂ ਹਨ ਤੇ ਇਹਨਾਂ ਦੇ ਬੱਚਿਆਂ ਨੇ ਵੱਡੇ ਹੋਕੇ ਨਕਸਲੀ ਹੀ ਬਨਣਾ ਹੈ।'' ਇਸ ਹਮਲੇ ਵਿੱਚ ਰਣਬੀਰ ਸੈਨਾ ਦੇ 200 ਤੋਂ ਵੱਧ ਗੁੰਡਿਆਂ ਨੇ ਹਿੱਸਾ ਲਿਆ। ਪੁਲਸ ਨੇ ਐਫ.ਆਈ.ਆਰ ਤਿੰਨ ਦਿਨ ਬਾਅਦ ਦਰਜ ਕੀਤੀ ਤੇ ਪੀੜਤਾਂ ਵਲੋਂ ਦੱਸੇ ਕਈ ਦੋਸ਼ੀਆਂ ਦੇ ਨਾਂ ਇਸ ਵਿੱਚੋਂ ਕੱਢ ਦਿੱਤੇ। ਰਣਵੀਰ ਸੈਨਾ ਦੇ ਮੁਖੀ ਬ੍ਰਹਮੇਸ਼ਵਰ ਸਿੰਘ ਮੁਖੀਆ ਨੂੰ ਭਗੌੜਾ ਤੇ ਲਾਪਤਾ ਕਹਿ ਕੇ ਕੇਸ 'ਚੋਂ ਹੀ ਕੱਢ ਦਿੱਤਾ ਗਿਆ ਜਦਕਿ ਉਹ ਇੱਕ ਹੋਰ ਮਾਮਲੇ ਵਿੱਚ ਸਾਲ 2002 ਤੋਂ ਆਰਾ ਸੈਂਟਰਲ ਜੇਲ੍ਹ ਵਿੱਚ ਕੈਦ ਸੀ। ਇਸ ਤਰ੍ਹਾਂ ਇਸ ਕਤਲੇਆਮ ਦੇ ਮੁੱਖ ਦੋਸ਼ੀਆਂ ਨੂੰ ਤਾਂ ਕੇਸ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ। ਕੇਸ ਦਾ ਚਲਾਨ ਪੇਸ਼ ਕਰਨ ਵਿੱਚ 11 ਸਾਲ ਦਾ ਸਮਾਂ ਲੱਗਾ। ਪਰ ਸਭ ਕਾਸੇ ਦੇ ਬਾਵਜੂਦ ਹੇਠਲੀ ਅਦਾਲਤ ਨੇ 26 ਮੁਜਰਮਾਂ ਨੂੰ ਦੋਸ਼ੀ ਐਲਾਨ ਕੇ ਫਾਂਸੀ ਤੇ ਕੈਦ ਦੀਆਂ ਸਜਾਵਾਂ ਦਿੱਤੀਆਂ। ਹੁਣ ਪਟਨਾ ਹਾਈ ਕੋਰਟ ਨੇ ਸਾਰੇ ਦੋਸ਼ੀਆਂ ਨੂੰ “ਸਬੂਤਾਂ ਦੀ ਘਾਟ'' ਤੇ “ਸ਼ੱਕ ਦੇ ਲਾਭ'' ਦੇ ਅਧਾਰ 'ਤੇ ਬਰੀ ਕਰ ਦਿੱਤਾ ਹੈ।
ਦਰਅਸਲ ਦਲਿਤ ਖੇਤ ਮਜ਼ਦੂਰਾਂ ਦੇ ਕਤਲੇਆਮਾਂ 'ਚ ਸ਼ਾਮਲ ਜਗੀਰੂ ਸੈਨਾਵਾਂ ਖਿਲਾਫ ਕਮਜੋਰ ਤਫਤੀਸ਼ਾਂ ਤੇ ਉਹਨਾਂ ਨੂੰ ਕੋਰਟਾਂ ਵਲੋਂ ਬਰੀ ਕੀਤੇ ਜਾਣਾ ਕੋਈ ਇਕੱਲੀ-'ਕਹਿਰੀ ਘਟਨਾ ਨਹੀਂ ਹੈ, ਇਹ ਘੱਟ ਗਿਣਤੀਆਂ ਦੇ ਹਕੂਮਤੀ ਸਰਪ੍ਰਸਤੀ ਹੇਠ ਵਾਪਰਦੇ ਕਤਲੇਆਮਾਂ ਵਾਂਗ ਇੱਕ ਨਿਸਚਿਤ ਵਰਤਾਰਾ ਹੈ। ਲਕਸ਼ਮਣਪੁਰ ਬਾਠੇ ਦੇ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਦਾ ਫੈਸਲਾ ਉਸੇ ਲੜੀਵਾਰਤਾ ਦਾ ਹਿੱਸਾ ਹੈ ਜਿਸ ਤਹਿਤ ਬਥਨੀ ਟੋਲਾ (21 ਮੌਤਾਂ), ਨਗਰੀ (10 ਮੌਤਾਂ), ਮੀਆਂਪੁਰ (34 ਮੌਤਾਂ) ਨਰਾਇਣਪੁਰ ਤੇ ਖਾਗੜੀ-ਬੀਘਾ ਦੇ ਦਲਿਤ ਕਤਲਿਆਮਾਂ ਦੇ ਦੋਸ਼ੀਆਂ ਨੂੰ ਬਿਹਾਰ ਦੀਆਂ ਅਦਾਲਤਾਂ ਵਲੋਂ ਪਿਛਲੇ ਕੁਝ ਅਰਸੇ ਵਿੱਚ ਬਰੀ ਕੀਤਾ ਗਿਆ ਹੈ। ਇਹ ਗੱਲ ਨੋਟ ਕਰਨ ਵਾਲੀ ਹੈ ਕਿ 1976 ਤੋਂ 2001 ਤੱਕ ਦਲਿਤਾਂ ਦੇ ਸਿਰਫ ਸਮੂਹਕ ਕਤਲੇਆਮਾਂ ਦੀਆਂ ਹੀ 80 ਤੋਂ ਵਧੇਰੇ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਘਟਨਾਵਾਂ ਆਮ ਤੌਰ 'ਤੇ ਉੱਥੇ ਵਾਪਰੀਆਂ ਹਨ ਜਿੱਥੇ ਬੇਜਮੀਨੇ ਦਲਿਤਾਂ ਨੇ ਜਗੀਰੂ ਲੁੱਟ-ਖਸੁੱਟ ਖਿਲਾਫ ਜਥੇਬੰਦ ਹੋਣ ਦੀ ਜ਼ੁਰਅੱਤ ਕੀਤੀ ਹੈ। ਮਸਲਨ 1987 ਵਿੱਚ ਅਰਵਲ ਵਿੱਚ ਆਪਣੇ ਮਸਲਿਆਂ ਲਈ ਆਮ ਸਭਾ ਕਰ ਰਹੇ ਦਲਿਤ ਖੇਤ ਮਜ਼ਦੂਰਾਂ ਉਪਰ ਜਗੀਰਦਾਰਾਂ ਤੇ ਪੁਲਸ ਨੇ ਹਮਲਾ ਕਰਕੇ 23 ਜਣੇ ਹਲਾਕ ਕਰ ਦਿੱਤੇ ਸਨ।
ਦੂਸਰੇ ਪਾਸੇ, ਇਸੇ ਅਰਸੇ ਦੌਰਾਨ ਇਹਨਾਂ ਜਗੀਰੂ ਸੈਨਾਵਾਂ 'ਤੇ ਮੋੜਵੇਂ ਹਮਲਿਆਂ ਦੀਆਂ 15 ਘਟਨਾਵਾਂ ਵਾਪਰੀਆਂ ਹਨ ਜਿਹਨਾਂ 'ਤੇ ਫੁਰਤੀ ਨਾਲ ਕਾਰਵਾਈ ਕਰਦਿਆਂ ਹਾਕਮਾਂ ਦੀ ਕਾਨੂੰਨੀ ਮਸ਼ੀਨਰੀ ਨੇ ਮੌਤਾਂ ਤੇ ਕੈਦਾਂ ਦੀਆਂ ਸਖਤ ਸਜ਼ਾਵਾਂ ਦਿੱਤੀਆਂ ਹਨ। ਜਗੀਰੂ ਸੈਨਾਵਾਂ ਦੇ ਹਮਲੇ ਮਾਉਵਾਦੀਆਂ (ਸਾਬਕਾ ਐਮ.ਸੀ.ਸੀ) ਦੀਆਂ ਹਿੰਸਕ ਕਾਰਵਾਈਆਂ ਦੇ ਪ੍ਰਤੀਕਰਮ ਵਜੋਂ ਹੀ ਨਹੀਂ ਵਾਪਰਦੇ ਜਿਵੇਂ ਕਿ ਹਾਕਮਾਂ ਦੇ ਮੀਡੀਆ ਵਲੋਂ ਪੇਸ਼ਕਾਰੀ ਕੀਤੀ ਜਾਂਦੀ ਹੈ ਸਗੋਂ ਇਹ ਸੈਨਾਵਾਂ ਉੱਚ-ਜਾਤੀ ਜਾਗੀਰਦਾਰਾਂ ਪਾਸ ਬੇਜਮੀਨੇ ਦਲਿਤਾਂ ਦੀ ਬੇਕਿਰਕ ਲੁੱਟ ਜਾਰੀ ਰੱਖਣ ਤੇ ਸਮਾਜਕ ਦਾਬੇ ਥੱਲੇ ਉਹਨਾਂ ਨੂੰ ਦਰੜੀ ਰੱਖਣ ਦਾ ਗੈਰ-ਸਰਕਾਰੀ ਪਰ ਸੰਸਥਾਗਤ ਜ਼ਰੀਆ ਹਨ ਜਿਸਨੂੰ ਹਕੂਮਤੀ ਪ੍ਰਬੰਧ ਦੀ ਪੂਰੀ ਸਰਪ੍ਰਸਤੀ ਹਾਸਲ ਹੈ। ਦਲਿਤਾਂ ਤੇ ਖੇਤ ਮਜ਼ਦੂਰਾਂ ਉੱਤੇ ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਗਤ ਜਬਰ ਦੀ ਪੁਸ਼ਟੀ ਇਸ ਤੱਥ ਤੋਂ ਵੀ ਹੋ ਜਾਂਦੀ ਹੈ ਕਿ ਬਿਹਾਰ ਦੀਆਂ ਜੇਲ੍ਹਾਂ ਦਲਿਤਾਂ ਤੇ ਪਛੜਿਆਂ ਨਾਲ ਤੂੜੀਆਂ ਪਈਆਂ ਹਨ। 2003 ਵਿੱਚ “ਟਾਇਮਜ਼ ਆਫ ਇੰਡੀਆ” ਵਲੋਂ ਉੱਘੇ ਸਮਾਜ ਸ਼ਾਸਤਰੀ ਪ੍ਰਭਾਵ ਕੁਮਾਰ ਸੰਦੀਲੀਆ ਦੇ ਛਾਪੇ ਇੱਕ ਸਰਵੇਖਣ ਮੁਤਾਬਕ ਬਿਹਾਰ ਦੇ ਭਾਗਲਪੁਰ ਕੇਂਦਰੀ ਜੇਲ੍ਹ ਵਿੱਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 36 ਕੈਦੀਆਂ ਵਿੱਚੋਂ 35 ਦਲਿਤਾਂ, ਪਿਛੜੇ ਤੇ ਮੁਸਲਮਾਨਾਂ ਨਾਲ ਸਬੰਧਤ ਹਨ - ਉਸ ਸੂਬੇ ਵਿੱਚ ਜਿੱਥੇ ਦਲਿਤ ਤੇ ਪਛੜੀਆਂ ਜਾਤੀਆਂ ਜਗੀਰੂ ਹਿੰਸਾ, ਕਤਲਾਂ, ਬਲਾਤਕਾਰਾਂ ਸਮੇਤ ਹੋਰ ਘਿਨੌਣੇ ਜੁਲਮਾਂ ਦਾ ਸਭ ਤੋਂ ਵੱਧ ਸ਼ਿਕਾਰ ਹਨ।
ਜਸਟਿਸ ਅਮੀਰਦਾਸ ਕਮਿਸ਼ਨ ਜਿਸਨੂੰ ਰਣਵੀਰ ਸੈਨਾ ਨੂੰ ਸਿਆਸੀ ਸਰਪ੍ਰਸਤੀ ਦੀ ਘੋਖ ਪੜਤਾਲ ਕਰਨ ਲਈ ਬਣਾਇਆ ਗਿਆ ਸੀ, ਛੇਤੀ ਹੀ ਭੰਗ ਕਰ ਦਿੱਤਾ ਗਿਆ ਕਿਉਂਕਿ ਇਸ ਵਲੋਂ ਪੇਸ਼ ਕੀਤੀ ਜਾਣ ਵਾਲੀ ਸੂਚੀ ਵਿੱਚ ਰਣਵੀਰ ਸੈਨਾ ਨੂੰ ਸਰਪ੍ਰਸਤੀ ਦੇਣ ਵਾਲੇ ਆਗੂਆਂ ਵਿੱਚ ਸਾਰੀਆਂ ਪਾਰਟੀਆਂ ਦੇ ਆਗੂ ਸ਼ੁਮਾਰ ਸਨ। ਇਸ ਸੂਚੀ ਮੁਤਾਬਕ ਭਾਜਪਾ ਦੇ ਵੱਡੇ ਆਗੂ ਸੀ.ਪੀ ਠਾਕੁਰ ਨੇ 1997 ਦੇ ਹਿਬਾਸਪੁਰ ਕਤਲੇਆਮ ਤੋਂ ਪਹਿਲਾਂ ਸੈਨਾ ਦੀਆਂ ਮੀਟਿੰਗਾਂ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਇਸਦੇ ਇੱਕ ਹੋਰ ਆਗੂ ਮੁਰਲੀ ਮਨੋਹਰ ਜੋਸ਼ੀ ਨੇ ਇਸ ਕਤਲੇਆਮ ਦੀ ਪੁਲਸ ਪੜਤਾਲ ਨੂੰ ਪ੍ਰਭਾਵਿਤ ਕਰਨ ਵਾਸਤੇ ਆਪਣੇ ਰਸੂਖ ਦੀ ਵਰਤੋਂ ਕੀਤੀ ਸੀ। ਕਾਂਗਰਸ, ਜਨਤਾ ਦਲ ਤੇ ਹੋਰਨਾਂ ਸਭਨਾ ਹਾਕਮ ਜਮਾਤੀ ਪਾਰਟੀਆਂ ਦੇ ਬਹੁਤ ਸਾਰੇ ਨੇਤਾ ਸੈਨਾ ਤੋਂ ਚੋਣਾਂ ਸਮੇਂ ਹਰ ਤਰ੍ਹਾਂ ਦੀ ਮਦਦ ਲੈਂਦੇ ਰਹੇ ਸਨ। ਇਹ ਕੋਈ ਹੈਰਾਨੀ ਨਹੀਂ ਕਿ ਹਾਈ ਕੋਰਟ ਵਲੋਂ ਇਸ ਤਰ੍ਹਾਂ ਸੈਨਾ ਦੇ ਕਾਰਕੁੰਨਾਂ ਨੂੰ ਬਰੀ ਕੀਤੇ ਜਾਣ ਦੇ ਮਾਮਲੇ ਵਿੱਚ ਇਹਨਾਂ ਸਭਨਾਂ ਪਾਰਟੀਆਂ ਨੇ ਲੱਗਭਗ ਖਾਮੋਸ਼ੀ ਧਾਰੀ ਹੋਈ ਹੈ।
ਜ਼ਮੀਨ ਦੀ ਕਾਣੀ ਵੰਡ, ਜਗੀਰੂ ਲੁੱਟ, ਧੌਂਸ, ਜਬਰ ਤੇ ਪੀਡੀ ਜਾਤ-ਪਾਤ ਵਿਵਸਥਾ ਥੱਲੇ ਪਿਸ ਰਹੀ ਦਲਿਤ ਤੇ ਮਿਹਨਤਕਸ਼ ਜਨਤਾ ਦੀ ਕਿਸੇ ਵੀ ਹੀਲ-ਹੁੱਜਤ ਨੂੰ ਕੁਚਲ ਦੇਣ ਵਾਸਤੇ ਖੁੱਲ੍ਹੀ ਹਕੂਮਤੀ ਸਰਪ੍ਰਸਤੀ ਹੇਠ ਅਜਿਹੀਆਂ ਨਿੱਜੀ ਸੈਨਾਵਾਂ ਤੇ ਗੁੰਡਾ-ਟੋਲਿਆਂ ਨੂੰ ਪਾਲਿਆ-ਪੋਸਿਆ ਜਾ ਰਿਹਾ ਹੈ ਤੇ ਕਾਨੂੰਨੀ ਦਾਇਰੇ ਤੋਂ ਸੁਰੱਖਿਆ ਛਤਰੀ ਮੁਹਈਆ ਕਰਵਾਈ ਜਾ ਰਹੀ ਹੈ। ਸਲਵਾ ਜੂਡਮ ਜਾਂ ਰਣਵੀਰ ਸੈਨਾ ਵਰਗੇ ਨਾਵਾਂ ਥੱਲੇ ਇਹ ਗੈਰ-ਸਰਕਾਰੀ ਹਾਕਮ ਜਮਾਤੀ ਹਥਿਆਰਬੰਦ ਬਲ ਹਨ ਜਿਨ੍ਹਾਂ ਦੇ ਦੰਦੇ ਨਵੀਆਂ ਆਰਥਕ ਨੀਤੀਆਂ ਕਾਰਣ ਉੱਠ ਰਹੇ ਜਨ ਸੰਘਰਸ਼ਾਂ ਨੂੰ ਕੁਚਲਣ ਲਈ ਹੋਰ ਵੀ ਤਿੱਖੇ ਕੀਤੇ ਜਾ ਰਹੇ ਹਨ। ਭਾਰਤ ਦੀ ਮਿਹਨਤਕਸ਼ ਜਨਤਾ ਨੂੰ ਆਉਣ ਵਾਲੇ ਸਮੇਂ ਵਿੱਚ ਤਿੱਖੀ ਹੋ ਰਹੀ ਸਾਮਰਾਜੀ ਜਾਗੀਰੂ ਲੁੱਟ-ਖਸੁੱਟ ਦੇ ਨਾਲੋ ਨਾਲ ਹੋਰ ਭਿਆਨਕ ਸ਼ਕਲ-ਅਖਤਿਆਰ ਕਰ ਰਹੀ ਅਜਿਹੀ ਬੇਦਰੇਗ ਪਿਛਾਖੜੀ ਹਿੰਸਾ ਦਾ ਵੀ ਸਾਹਮਣਾ ਕਰਨਾ ਪੈਣਾ ਹੈ। ਦਲਿਤ ਕਤਲਿਆਮਾਂ ਦੇ ਵਹਿਸ਼ੀ ਦੋਸ਼ੀਆਂ ਨੂੰ ਇੱਕ ਤੋਂ ਬਾਅਦ ਇੱਕ ਬਰੀ ਕਰਕੇ ਹਕੂਮਤ ਨੇ ਆਪਣੇ ਇਸੇ ਮਨਸੂਬੇ ਨੂੰ ਜਾਹਰ ਕੀਤਾ ਹੈ। “ਮੈਨੂੰ ਲਗਦਾ ਹੈ ਉਹ ਹੁਣ ਫਿਰ ਆਉਣਗੇ ਜਿਵੇਂ ਉਹ 1 ਦਸੰਬਰ 1997 ਦੀ ਉਸ ਖੌਫਨਾਕ ਰਾਤ ਨੂੰ ਆਏ ਸੀ।'' ਆਪਨੀ ਸੋਟੀ 'ਤੇ ਝੂਲਦਾ ਹੋਇਆ ਬੌਧ ਪਾਸਵਾਨ ਲਕਸ਼ਮਣਪੁਰ ਬਾਠੇ ਦੇ ਦਲਿਤਾਂ ਦੇ ਖੌਫ਼ ਨੂੰ ਜਾਹਰ ਕਰਦਾ ਹੈ ਤੇ ਹਾਈ ਕੋਰਟ ਵਲੋਂ ਬਰੀ ਕੀਤੇ ਜਾਣ ਦੇ ਫੈਸਲੇ ਤੋਂ ਪਿੱਛੋਂ ਇਸੇ ਤੇ ਇਸਦੇ ਆਲੇ-ਦੁਆਲੇ ਦੇ ਪਿੰਡਾਂ 'ਚ ਸੈਨਾ ਸਮਰਥਕਾਂ ਵਲੋਂ ਆਤਿਸ਼ਬਾਜੀਆਂ ਕਰਕੇ ਤੇ ਪਟਾਕੇ ਚਲਾਕੇ ਸ਼ਾਇਦ ਇਸੇ ਦਾ ਸੰਕੇਤ ਦਿੱਤਾ ਜਾ ਰਿਹਾ ਹੈ। ਉਹਨਾਂ ਦੇ ਇਰਾਦੇ ਲੁਕਵੇਂ ਨਹੀਂ ਹਨ। “ਹੁਣ ਉਹ ਸਾਨੂੰ ਧਮਕੀਆਂ ਦੇ ਰਹੇ ਹਨ ਕਿ ਉਹ ਸਾਡੇ ਘਰਾਂ 'ਚ ਆ ਘੁਸਣਗੇ ਤੇ ਸਾਡੇ 'ਤੇ ਡਾਂਗਾਂ ਨਾਲ ਹਮਲਾ ਕਰਨਗੇ ਕਿ ਪਹਿਲਾਂ ਅਸੀਂ ਉਹਨਾਂ ਦਾ ਕੀ ਵਿਗਾੜ ਲਿਆ'' ਖੌਫਜ਼ਦਾ ਸੁਨੈਨਾ ਦੇਵੀ ਪੱਤਰਕਾਰਾਂ ਪਾਸ ਡੁਸਕਦੀ ਹੈ। ਪਰ, ਮੌਜੂਦਾ ਪ੍ਰਬੰਧ ਦਾ ਇਹੀ ਨਿਆਂ ਹੈ ਕਿ ਜਗੀਰੂ ਧੌਂਸ ਦੀ ਸਮਾਜਕ ਵਿਵਸਥਾ ਬਣੀ ਰਹਿਣੀ ਚਾਹੀਦੀ ਹੈ।
ਸੋ, ਲਛਮਣਪੁਰ ਬਾਠੇ ਕਤਲੇਆਮ ਦੇ ਦੋਸ਼ੀਆਂ ਨੂੰ ਹਾਕਮਾਂ ਦੇ ਅਖੌਤੀ ਉੱਚ-ਕਾਨੂੰਨ ਮੰਦਰ ਵੱਲੋਂ ਬੇਦੋਸ਼ੇ ਕਰਾਰ ਦੇਣ ਦੇ ਮਾਮਲੇ ਨੇ ਇੱਕ ਵਾਰ ਫਿਰ ਇਸ ਹਕੀਕਤ ਦੀ ਪੁਸ਼ਟੀ ਕੀਤੀ ਹੈ, ਕਿ ਮੌਕਾਪ੍ਰਸਤ ਵੋਟ-ਬਟੋਰੂ ਸਿਆਸਤਦਾਨ, ਅਖੌਤੀ ਪਾਰਲੀਮਾਨੀ ਸੰਸਥਾਵਾਂ, ਪੁਲਸ, ਫੌਜ ਅਤੇ ਕਾਨੂੰਨ-ਕਚਹਿਰੀਆਂ ਸਭ ਸਾਮਰਾਜੀ-ਜਾਗੀਰੂ ਜੋਕ-ਲਾਣੇ ਦੀ ਰਾਖੀ ਦਾ ਪਿਛਾਖੜੀ ਹਥਿਆਰ ਹਨ। ਇਹਨਾਂ ਦਾ ਭਾਰਤ ਦੇ ਗਰੀਬ, ਕਮਾਊ ਅਤੇ ਦਲਿਤ ਲੋਕਾਂ ਦੇ ਹਿੱਤਾਂ ਨਾਲ ਨਾ ਸਿਰਫ ਕੋਈ ਲਾਗਾ-ਦੇਗਾ ਨਹੀਂ, ਸਗੋਂ ਉਹਨਾਂ ਨੂੰ ਲੁੱਟਣ-ਕੁੱਟਣ ਦੇ ਸੰਦਾਂ ਵਜੋਂ ਕੰਮ ਕਰਦੇ ਹਨ। ਉਹਨਾਂ ਦੀ ਹਰ ਹੱਕੀ ਆਵਾਜ਼ ਨੂੰ ਦਹਿਸ਼ਤ ਤੇ ਖ਼ੂਨ ਵਿੱਚ ਡੁਬੋਣ ਲਈ ਹਰਕਤ ਵਿੱਚ ਆਉਂਦੇ ਹਨ। ਇਸ ਲਈ, ਪਿਛਾਖੜੀ ਰਾਜਭਾਗ ਦੇ ਇਹਨਾਂ ਖੂੰਖਾਰ ਸੰਦਾਂ ਨਾਲ ਜਥੇਬੰਦ ਭੇੜ ਵਿੱਚ ਪੈਂਦਿਆਂ ਤੇ ਆਪਦੀ ਜਨਤਕ ਇਨਕਾਲਬੀ ਤਾਕਤ ਦੀ ਉਸਾਰੀ ਦੇ ਰਾਹ ਪੈਂਦਿਆਂ ਹੀ ਗਰੀਬ ਅਤੇ ਕਮਾਊ ਜਨਤਾ ਆਪਣੀ ਹਿਫਾਜਤੀ ਤਾਕਤ ਤੇ ਛਤਰੀ ਉਸਾਰ ਸਕਦੀ ਹੈ।
੦-੦
Subscribe to:
Posts (Atom)