Friday, November 15, 2013

ਅਜਮੇਰ ਸਿੰਘ ਲੱਖੋਵਾਲ ਦੀ ਕਿਸਾਨ-ਦੋਖੀ ਖਸਲਤ ਦਾ ਭਾਂਡਾ ਚੁਰਾਹੇ 'ਚ ਭੰਨੋ

ਬਾਦਲ ਹਕੂਮਤ ਦੇ ਟੁੱਕੜਬੋਚ ਅਤੇ ਕਿਸਾਨ ਹਿੱਤਾਂ ਦੇ ਭਗੌੜੇ
ਅਜਮੇਰ ਸਿੰਘ ਲੱਖੋਵਾਲ ਦੀ ਕਿਸਾਨ-ਦੋਖੀ ਖਸਲਤ ਦਾ ਭਾਂਡਾ ਚੁਰਾਹੇ 'ਚ ਭੰਨੋ
-ਨਾਜ਼ਰ ਸਿੰਘ ਬੋਪਾਰਾਏ
ਅੱਜ ਜਦੋਂ ਪੰਜਾਬ ਦੀਆਂ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਆਪਣੇ ਹੱਕੀ ਮੰਗਾਂ-ਮਸਲਿਆਂ ਲਈ ਸੰਘਰਸ਼ ਕਰਦੇ ਹੋਏ ਮਹਿਜ ਰੋਸ-ਪ੍ਰਗਟਾਵੇ ਵੀ ਕਰਦੇ ਹਨ ਤਾਂ ਬਾਦਲ ਹਕੂਮਤ ਉਹਨਾਂ ਨੂੰ ਲਾਠੀਆਂ, ਜੇਲ੍ਹਾਂ, ਕਾਲ-ਕੋਠੜੀਆਂ ਨਾਲ ਨਿਵਾਜ਼ ਰਹੀ ਹੈ- ਉਹਨਾਂ ਦੀ ਹੱਕੀ ਆਵਾਜ਼ ਨੂੰ ਕੁਚਲਣ ਲਈ ਸ਼ਹਿਰਾਂ ਦੀਆਂ ਸੜਕਾਂ ਹੀ ਨਹੀਂ ਬਲਕਿ ਪਿੰਡਾਂ ਦੀਆਂ ਸੱਥਾਂ ਨੂੰ ਵੀ ਘੇਰਿਆ ਜਾ ਰਿਹਾ ਹੈ। ਮਰਦ-ਔਰਤ ਕਿਸਾਨ ਆਗੂਆਂ ਦੇ ਘਰੀਂ ਛਾਪੇ ਮਾਰ ਕੇ ਉਹਨਾਂ ਨੂੰ ਦਹਿਸ਼ਤਜ਼ਦਾ ਕਰਨ ਦੇ ਹਰਬੇ ਵਰਤੇ ਜਾ ਰਹੇ ਹਨ। ''ਨੰਨ੍ਹੀਂ ਛਾਂ'' ਅਤੇ ''ਰਾਜ ਨਹੀਂ ਸੇਵਾ'' ਵਰਗੇ ਨਾਅਰੇ ਦੇ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਜਾ ਰਿਹਾ ਹੈ ਅਤੇ ਸਰਕਾਰੀ ਜਾਇਦਾਦ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੇ ਬਹਾਨੇ ਹੇਠ ਲੋਕਾਂ 'ਤੇ ਕਾਲੇ ਕਾਨੂੰਨ ਮੜ੍ਹੇ ਜਾ ਰਹੇ ਹਨ। ਅਜਿਹੇ ਸਮਿਆਂ ਵਿੱਚ ਜਿੱਥੇ ਬਾਦਲ ਹਕੂਮਤ ਹੱਕੀ ਸੰਘਰਸ਼ਾਂ ਦੇ ਰਾਹ ਤੁਰੇ ਕਿਸਾਨਾਂ ਦੀ ਜਥੇਬੰਦਕ ਤਾਕਤ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਦਮੋਂ ਕੱਢਣ ਦੇ ਰਾਹ ਤੁਰੀ ਹੋਈ ਹੈ, ਉੱਥੇ ਉਸ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਨਾਂ ਥੱਲੇ ਕੰਮ ਕਰਦੀ ਜਥੇਬੰਦੀ ਦੇ ਪ੍ਰਧਾਨ ਨੂੰ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਵਜੋਂ ਕਾਰ, ਕੋਠੀ, ਆਰਥਿਕ ਸਹੂਲਤਾਂ ਅਤੇ ਕਈ ਤਰ੍ਹਾਂ ਦੇ ਖੁੱਲ੍ਹੇ ਗੱਫਿਆਂ ਨਾਲ ਨਿਵਾਜਿਆ ਹੋਇਆ ਹੈ। 
ਹਿੰਦੁਸਤਾਨ ਸਮੇਤ ਪੰਜਾਬ ਦੀ ਕਿਸਾਨੀ ਅੱਜ ਅਤਿ ਦੀਆਂ ਮੰਦੀਆਂ ਹਾਲਤਾਂ ਵਿੱਚ ਧੱਕੀ ਗਰੀਬੀ, ਕਰਜ਼ੇ, ਕੁਰਕੀਆਂ ਦੀ ਭੰਨੀ ਅੰਤਾਂ ਦੀ ਮੰਦਹਾਲੀ-ਕੰਗਾਲੀ ਵਾਲੀ ਜ਼ਿੰਦਗੀ ਬਸਰ ਕਰਨ ਲਈ ਮਜਬੂਰ ਹੋ ਰਹੀ ਹੈ। ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਛੁੱਟ ਰਹੀ ਹੈ, ਅਰਮਾਨਾਂ ਦਾ ਘਾਣ ਹੋ ਰਿਹਾ ਹੈ, ਬੇਰੁਜ਼ਗਾਰੀ ਦੀ ਭੰਨੀ ਨੌਜਵਾਨ ਪੀੜ੍ਹੀ ਲੱਚਰਤਾ ਅਤੇ ਉਦਾਸੀ-ਭਟਕਣਾ ਦਾ ਸ਼ਿਕਾਰ ਹੋਈ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ- ਧੀਆਂ-ਪੁੱਤਾਂ ਦੇ ਵਿਆਹਾਂ ਦੇ ਸੰਸੇ ਵੱਢ ਵੱਢ ਖਾਈ ਜਾ ਰਹੇ ਹਨ। ਸਭ ਤਰ੍ਹਾਂ ਦੀ ਮਹਿੰਗਾਈ, ਮੰਦਹਾਲੀ ਦਾ ਬੋਝ ਰਸੋਈ ਤੇ ਘਰਾਂ ਦੀ ਵਲਗਣ ਰਾਹੀਂ ਔਰਤਾਂ 'ਤੇ ਲੱਦਿਆ ਜਾ ਰਿਹਾ ਹੈ- ਅੰਤਾਂ ਦੇ ਸੰਜਮ-ਸਰਫ਼ੇ ਕਰਕੇ ਵੀ ਘਰਾਂ ਦਾ ਤੋਰਾ ਤੋਰਨਾ ਮੁਸ਼ਕਲ ਹੋਇਆ ਪਿਆ ਹੈ- ਆਰਥਿਕ ਤੰਗੀ 'ਚੋਂ ਘਰਾਂ ਦੇ ਕਾਟੋ-ਕਲੇਸ਼ ਵਧਦੇ ਜਾ ਰਹੇ ਹਨ- ਫਸਲਾਂ ਖਾਦਾਂ ਦੀ ਚਾਟ 'ਤੇ ਲੱਗ ਗਈਆਂ ਹਨ, ਬੀਜਾਂ ਨੂੰ ਕਿਸਾਨਾਂ ਕੋਲੋਂ ਖੋਹ ਲਿਆ ਗਿਆ ਹੈ। ਤੇਲ-ਮਸ਼ੀਨਰੀ ਦੀਆਂ ਵਧੀਆਂ ਬੇਤਹਾਸ਼ਾ ਕੀਮਤਾਂ ਨੇ ਕਿਸਾਨਾਂ ਦੀ ਸੱਤਿਆ ਨਿਚੋੜ ਲਈ ਹੈ।  ਦਵਾਈਆਂ  ਅਤੇ ਖਾਦਾਂ ਦੇ ਦੁਰਪ੍ਰਭਾਵਾਂ ਨੇ ਜ਼ਮੀਨ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਧਰਤੀ ਹੇਠਲਾ ਪਾਣੀ ਤਾਂ ਕੀ ਹਵਾ ਵਿੱਚ ਵੀ ਜ਼ਹਿਰ ਘੋਲ ਦਿੱਤੀ ਗਈ ਹੈ। ਕੈਂਸਰ ਦਾ ਬਿੱਛੂ ਗਰੀਬਾਂ ਨੂੰ ਵਿਆਪਕ ਪੱਧਰ 'ਤੇ ਹੜੱਪਦਾ ਜਾ ਰਿਹਾ ਹੈ। ਕਰਜ਼ਿਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ- ਉਹਨਾਂ ਦੇ ਘਰਾਂ ਦੇ ਵੈਣ ਅਸਮਾਨਾਂ ਨੂੰ ਚੀਰਦੇ ਪ੍ਰਤੀਤ ਹੋ ਰਹੇ ਹਨ। ਆਪਣੇ ਦੁੱਖਾਂ-ਭੁੱਖਾਂ ਦੇ ਸਤਾਏ ਕਿਸਾਨ ਜਦੋਂ ਆਪਣੀ ਹੱਕ-ਇਨਸਾਫ ਦੀ ਕੋਈ ਆਵਾਜ਼ ਕੱਢਦੇ ਹਨ ਤਾਂ ਉਹਨਾਂ ਨੂੰ ਗੁੰਡਿਆਂ-ਬਦਮਾਸ਼ਾਂ, ਪੁਲਸੀ-ਲਾਮ ਲਸ਼ਕਰਾਂ ਦੇ ਜ਼ੋਰ ਕੁਚਲਿਆ ਜਾਂਦਾ ਹੈ। ਸਰਕਾਰਾਂ ਜ਼ਮੀਨੀ ਹੱਦਬੰਦੀ ਵਾਲਾ ਕਾਨੂੰਨ ਤੋੜ ਕੇ ਵੱਡੇ ਵੱਡੇ ਜਾਗਰੀਦਾਰਾਂ, ਸੂਦਖੋਰ-ਸਾਹੂਕਾਰਾਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਲਈ ਜਿੱਥੇ ਮਰਜੀ ਕਾਬਜ਼ ਹੋ ਜਾਣ ਲਈ ਰਾਹ ਪੱਧਰ ਕਰਦੀਆਂ ਜਾ ਰਹੀਆਂ ਹਨ। ਕਿਸਾਨਾਂ ਦੀ ਘੱਟੋ ਘੱਟ ਸਰਕਾਰੀ ਮੁੱਲ 'ਤੇ ਖਰੀਦ ਯਕੀਨੀ ਬਣਾਉਣ ਅਤੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾ ਕੇ ਕਿਸਾਨੀ ਦੀ ਪੈਦਾਵਾਰ 'ਤੇ ਜੱਫਾ ਮਾਰੀ ਬੈਠੇ ਅਜਾਰੇਦਾਰ ਅਜ਼ਗਰਾਂ ਲਈ ਮਨਆਈਆਂ ਕਰਨ ਲਈ ਤਰਲੋਮੱਛੀ ਹੋਈਆਂ ਪਈਆਂ ਹਨ। ਲੋਟੂ ਢਾਣੀ ਕਿਸਾਨਾਂ ਨੂੰ ਬਿਜਲੀ, ਪਾਣੀ, ਤੇਲ-ਦਵਾਈਆਂ 'ਤੇ ਮਿਲਦੀਆਂ ਸਬਸਿਡੀਆਂ ਦਾ ਭੋਗ ਪਾ ਕੇ ਕਿਸਾਨੀ ਦੀ ਰੱਤ-ਨਿਚੋੜ ਤਿੱਖੀ ਕਰ ਰਹੀਆਂ ਹਨ। 
ਕਿਸਾਨਾਂ ਦੀਆਂ ਜਥੇਬੰਦੀਆਂ ਵੱਲੋਂ ਜਦੋਂ ਵੀ ਲੋਕਾਂ ਨੂੰ ਲਾਮਬੰਦ ਤੇ ਜਥੇਬੰਦ ਕਰਨ ਲਈ ਜੋ ਵੀ ਮੰਗਾਂ-ਮਸਲੇ ਚੁੱਕੇ ਜਾਂਦੇ ਹਨ, ਲੱਖੋਵਾਲ ਟੋਲੀ ਵੱਲੋਂ ਉਹਨਾਂ ਦੇ ਮੁਕਾਬਲੇ ਜਾਗੀਰਦਾਰਾਂ, ਸੂਦਖੋਰ-ਸ਼ਾਹੂਕਾਰਾਂ, ਕਾਰਪੋਰੇਟ ਘਰਾਣਿਆਂ ਦੀਆਂ ਗੋਗੜਾਂ ਹੋਰ ਵੱਧ ਭਰਨ ਦੇ ਨਾਅਰੇ ਚੁੱਕ ਕੇ, ਕਿਸਾਨਾਂ ਦਾ ਧਿਆਨ ਉਹਨਾਂ ਦੇ ਹਕੀਕੀ ਮੰਗਾਂ-ਮਸਲਿਆਂ ਤੋਂ ਤਿਲ੍ਹਕਾਅ ਕੇ, ਬਾਦਲ ਹਕੂਮਤ ਖਿਲਾਫ ਉੱਠਣ ਵਾਲੀ ਕਿਸਾਨੀ ਦਾ ਧਿਆਨ ਦਿੱਲੀ ਦੇ ਕਾਂਗਰਸੀ ਹਾਕਮਾਂ ਵੱਲ ਤਿਲ੍ਹਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਦੇ ਉਹ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਧਾਉਣ ਦੀ ਮੰਗ ਕਰਦਾ ਹੈ ਤੇ ਕਦੇ ਵਾਹਗਾ ਬਾਰਡਰ ਖੁੱਲ੍ਹਵਾਉਣ ਦੀ ਤਾਂ ਕਿ ਪੰਜਾਬ ਦੇ ਸਭ ਤੋਂ ਵੱਧ ਧਨੀ ਤੇ ਮੋਟੀ ਜ਼ਮੀਨ-ਜਾਇਦਾਦ ਵਾਲੇ ਜਾਗੀਰਦਾਰਾਂ, ਵਪਾਰੀਆਂ ਦੇ ਮੁਨਾਫਿਆਂ ਵਿੱਚ ਹੋਰ ਵਾਧਾ ਕੀਤਾ ਜਾਵੇ। ਗੁਜਰਾਤ ਦੀ ਮੋਦੀ ਹਕੂਮਤ ਉੱਥੋਂ ਦੇ ਪੰਜਾਬੀ ਆਬਾਦਕਾਰਾਂ ਨੂੰ ਉਜਾੜਨ ਦੇ ਰਾਹ ਤੁਰੀ ਹੋਈ ਹੈ ਤਾਂ ਇਹ ਮਹਿਜ਼ ਵਫਦ ਭੇਜ ਕੇ ਮਸਲਾ ਹੱਲ ਕਰਨ ਦਾ ਖੇਖਣ ਕਰ ਰਿਹਾ ਹੈ ਨਾ ਕਿ ਬਾਦਲ ਹਕੂਮਤ 'ਤੇ ਕੋਈ ਦਬਾਅ ਪਾਉਣ ਲਈ ਚੰਡੀਗੜ੍ਹ ਘੇਰਨ ਦੀ ਤਿਆਰੀ ਕਰ ਰਿਹਾ ਹੈ। ਜੇ ਗੁਜਰਾਤ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਖਿਲਾਫ ਕਾਰਵਾਈ ਵਜੋਂ ਇਹ ਬਾਦਲ ਹਕੂਮਤ 'ਤੇ ਕੋਈ ਦਬਾਅ ਹੀ ਨਹੀਂ ਪਾ ਰਿਹਾ ਤਾਂ ਫੇਰ ਅਸਲ ਵਿੱਚ ਇਹ ਬਾਦਲ ਸਰਕਾਰ ਦੀ ਓਟ ਛਤਰੀ ਤੋਂ ਇਲਾਵਾ ਹੋਰ ਕੁੱਝ ਕਰ ਹੀ ਨਹੀਂ ਰਿਹਾ। ਇਸਦੀ ਇਹ ਕੋਈ ਔਕਾਤ ਨਹੀਂ ਕਿ ਬਾਦਲ ਦੇ ਖਿਲਾਫ ਕੋਈ ਚੂੰ-ਚਰਾਂ ਵੀ ਕਰ ਜਾਵੇ। ਭਲਾਂ, ਮੁੱਖ ਮੰਤਰੀ ਬਾਦਲ ਦੀ ਬਿੱਲੀ ਬਾਦਲ ਨੂੰ ਮਿਆਉਂ ਕਿਵੇਂ ਕਰ ਸਕਦੀ ਹੈ। 
ਆਪਣੇ ਆਪ ਨੂੰ ਕਿਸਾਨਾਂ ਦਾ ਲੀਡਰ ਅਖਵਾਈ ਜਾਵੇ ਤਾਂ ਬੇਸ਼ੱਕ ਅਖਵਾਈ ਜਾਵੇ ਪਰ ਲੱਖੋਵਾਲ ਅਸਲ ਵਿੱਚ ਬਾਦਲ ਲਾਣੇ ਸਮੇਤ ਭਾਰਤੀ ਹਕੂਮਤੀ ਜਮਾਤਾਂ ਦਾ ਟੁੱਕੜਬੋਚ ਹੈ, ਜੋ ਉਹਨਾਂ ਦੀ ਰਾਖੀ ਲਈ ਲੋਕਾਂ ਦੀ ਬੋਲੀ ਬੋਲ ਕੇ ਤੇ ਬਾਣਾ ਪਾ ਕੇ ਆਪਣੇ ਮਾਲਕਾਂ ਦੀਆਂ ਤਲੀਆਂ ਚੱਟਦਾ ਹੈ ਅਤੇ ਕਿਸਾਨਾਂ ਨੂੰ ਗੁਮਰਾਹ ਕਰਨ ਦੇ ਯਤਨ ਕਰਦਿਆਂ ਹਾਕਮਾਂ ਨਾਲ ਵਫ਼ਾ ਕਮਾਉਂਦਾ ਹੈ। ਇਸ ਕਰਕੇ ਬਾਦਲ ਹਕੂਮਤ ਵੱਲੋਂ ਲੱਖੋਵਾਲ ਨੂੰ ਚੇਅਰਮੈਨੀ ਦੀਆਂ ਬਖਸ਼ਿਸ਼ਾਂ ਕੀਤੀਆਂ ਗਈਆਂ ਹਨ। ਇਸ ਦੇ ਉਲਟ, ਜਦੋਂ ਕੋਈ ਕਿਸਾਨ ਹਿੱਤਾਂ 'ਤੇ ਪਹਿਰੇਦਾਰੀ ਦਾ ਝੰਡਾ ਬੁਲੰਦ ਕਰਦਾ ਹੈ, ਤਾਂ ਇਹ ਹਾਕਮ ਜਮਾਤਾਂ 70-70 ਸਾਲਾਂ ਦੇ ਨਿਧਾਨ ਸਿੰਘ ਘੁਡਾਣੀ ਕਲਾਂ ਵਰਗੇ ਕਿਸਾਨ ਆਗੂ ਨੂੰ ਫਾਹੇ ਲਾਉਂਦੀਆਂ ਹਨ ਤੇ ਸਾਧੂ ਸਿੰਘ ਤਖਤੂਪੁਰਾ ਨੂੰ ਕੁੱਟ ਕੁੱਟ ਕੇ ਪਾਰ ਬੁਲਾਉਂਦੀਆਂ ਹਨ- ਭੂਰਾ ਸਿੰਘ ਕੋਟ ਧਰਮੂ ਵਰਗਿਆਂ ਨੂੰ ਜੇਲ੍ਹਾਂ ਵਿੱਚ ਬਿਮਾਰੀ ਨਾਲ ਤੜਪਾ-ਤੜਪਾ ਕੇ ਮਾਰਦੀਆਂ ਹਨ ਜਾਂ ਫੇਰ ਸੁਖਦੇਵ ਸਿੰਘ ਕੋਕਰੀ ਕਲਾਂ ਵਾਂਗ ਲੱਤਾਂ ਭੰਨ ਕੇ ਉਹਨਾਂ ਦੇ ਸਿਦਕ ਦੀ ਪਰਖ ਕਰਦੀਆਂ ਹਨ। 
ਲੱਖੋਵਾਲ ਕਾਂਗਰਸ ਦੀ ਅਗਵਾਈ ਵਾਲੀ ਹਕੂਮਤ ਨੂੰ ਹੀ ਪੰਜਾਬ ਦੇ ਕਿਸਾਨਾਂ ਦੀ ਦੋਖੀ ਬਣਾ ਕੇ ਪੇਸ਼ ਕਰਨ ਦੀਆਂ ਖੇਖਣਬਾਜ਼ੀਆਂ ਕਰਦਾ ਹੈ- ਉਸਦੇ ਖਿਲਾਫ ਹੀ ਧਰਨੇ-ਮੁਜਾਹਰੇ ਕਰਨ ਦੀਆਂ ਵਿਖਾਵੇਬਾਜ਼ੀਆਂ ਕਰਦਾ ਹੈ- ਉਂਝ ਤਾਂ ਭਾਵੇਂ ਭਾਰਤ ਪੱਧਰ 'ਤੇ ਦੇਖਣਾ ਹੋਵੇ ਤਾਂ ਇਹ ਕੇਂਦਰੀ ਹਕੂਮਤ ਦੀਆਂ ਨੀਤੀਆਂ ਹੀ ਕਿਸਾਨ ਦੀ ਕੰਗਾਲੀ ਦੀਆਂ ਵੱਧ ਜੁੰਮੇਵਾਰ ਹਨ, ਪਰ ਇਹਨਾਂ ਹੀ ਨੀਤੀਆਂ ਨੂੰ ਜਦੋਂ ਬਾਦਲ ਹਕੂਮਤ ਸੱਤ-ਬਚਨ ਆਖ ਕੇ ਸਵਿਕਾਰਦੀ ਹੈ, ਜਦੋਂ ਬਾਦਲ ਪੰਜਾਬ ਕਾਂਗਰਸ ਦੇ ਨੇਤਾ ਜਾਖੜ ਸਮੇਤ ਕਦੇ ਕੇਂਦਰੀ ਯੋਜਨਾ ਬੋਰਡ ਦੇ ਪ੍ਰਧਾਨ ਆਹਲੂਵਾਲੀਆ ਨਾਲ ਜੱਫੀਆਂ ਪਾਉਂਦਾ ਹੈ ਤੇ ਕਦੇ ਮਨਮੋਹਨ ਸਿੰਘ ਦੇ ਚਰਨੀਂ ਲੱਗਦਾ ਹੈ ਤਾਂ ਲੱਖੋਵਾਲ ਦੀ ਜੁਬਾਨ ਕਿਉਂ ਠਾਕੀ ਜਾਂਦੀ ਹੈ, ਉਦੋਂ ਇਹ ਰੌਲਾ ਨਹੀਂ ਪਾਉਂਦਾ ਕਿ ਬਾਦਲ ਕਿਸਾਨਾਂ ਦੇ ਦੋਖੀਆਂ ਤੋਂ ਕੀ ਭਾਲਦਾ ਹੈ? ਕੇਂਦਰੀ ਹਕੂਮਤ ਪੰਜਾਬ ਦੇ ਕਿਸਾਨਾਂ ਨਾਲ ਕੋਈ ਧੱਕਾ ਕਰਦੀ ਹੈ ਤਾਂ ਪੰਜਾਬ ਵਿੱਚ ਬਾਦਲ ਦਲ ਪੰਜਾਬ ਹਕੂਮਤ ਦੀ ਵਾਂਗ-ਡੋਰ ਸੁੱਟ ਕੇ ਲਾਂਭੇ ਹੋ ਰੇਲਾਂ-ਸੜਕਾਂ ਜਾਮ ਕਿਉਂ ਨਹੀਂ ਕਰ ਦਿੰਦਾ? ਕੇਂਦਰੀ ਹਕੂਮਤ ਨੇ ਬਿਜਲੀ ਬੋਰਡ ਤੋੜ ਕੇ ਮਹਿੰਗੇ ਭਾਅ 'ਤੇ ਬਿਜਲੀ ਵੇਚਣੀ ਸੀ ਤਾਂ ਬਾਦਲ ਹਕੂਮਤ ਉਸਦੇ ਖਿਲਾਫ ਲੜਨ-ਖੜ੍ਹਨ ਦੀ ਥਾਂ ਕਿਉਂ ਕਿਸਾਨਾਂ ਮਗਰ ਹੀ ਡਾਂਗ ਚੁੱਕ ਕੇ ਪੈ ਨਿਕਲੀ ਸੀ? ਜੇ ਉਗਰਾਹਾਂ ਦੀ ਅਗਵਾਈ ਵਾਲੀ ਕਿਸਾਨ ਜਥੇਬੰਦੀ ਹੋਰਨਾਂ ਨਾਲ ਮਿਲ ਕੇ 36-36 ਘੰਟੇ ਰੇਲਾਂ-ਸੜਕਾਂ ਜਾਮ ਕਰਕੇ ਝੋਨੇ ਦੀ ਵਿੱਕਰੀ ਕਰਵਾ ਜਾਂਦੀ ਹੈ ਤਾਂ ਅਜਮੇਰ ਸਿੰਘ ਲੱਖੋਵਾਲ ਅਜਿਹਾ ਕਿਉਂ ਨਹੀਂ ਕਰਦਾ? ਲੱਖੋਵਾਲ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਵਧਾਉਣ ਦੀ ਗੱਲ ਕਰਦਾ ਹੈ ਪਰ ਉਹ ਲਾਗਤ ਕੀਮਤਾਂ ਘਟਾਉਣ ਦੀ ਗੱਲ ਕਿਉਂ ਨਹੀਂ ਕਰਦਾ? ਜੇ ਕਿਸਾਨਾਂ ਦੀ ਕਮਾਈ ਨੂੰ ਮਹਿੰਗੀਆਂ ਲਾਗਤ ਵਸਤਾਂ ਰਾਹੀਂ ਜੇਬਾਂ 'ਚੋਂ ਕੱਢ ਲਿਆ ਜਾਂਦਾ ਹੈ ਤਾਂ ਕਿਸਾਨਾਂ ਨਾਲ ਮਾਰੀ ਜਾ ਰਹੀ ਅਜਿਹੀ ਠੱਗੀ ਮੌਕੇ ਲੱਖੋਵਾਲ ਦੜ ਕਿਉਂ ਵੱਟ ਜਾਂਦਾ ਹੈ? ਲੱਖੋਵਾਲ ਪੰਜਾਬ ਦੇ ਕਿਸਾਨਾਂ ਦੇ ਭਲੇ ਦੇ ਨਾਂ 'ਤੇ ਵਾਹਗਾ ਬਾਰਡਰ ਵਪਾਰ ਲਈ ਖੁੱਲ੍ਹਵਾਉਣ ਲਈ ਤਾਂ ਤੀਂਘੜਦਾ ਹੈ ਪਰ ਰਾਜਸਥਾਨ ਤੇ ਹਰਿਆਣੇ ਦੇ ਕਿਸਾਨਾਂ ਲਈ ਬਾਰਡਰ ਜਾਂ ਨਹਿਰਾਂ ਬੰਦ ਕਰਵਾਉਣ ਦੀ ਕਾਵਾਂ-ਰੌਲੀ ਕਿਉਂ ਪਾਉਂਦਾ ਹੈ? ਹਕੂਮਤਾਂ ਅਤੇ ਕਾਰਪੋਰੇਟ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਤੁਰੇ ਹੋਏ ਹਨ- ਉਹਨਾਂ ਦੇ ਕਾਲੇ ਮਨਸੂਬਿਆਂ ਖਿਲਾਫ ਲੱਖੋਵਾਲ ਕਿਉਂ ਸੌਂ ਜਾਂਦਾ ਹੈ? ਬੈਂਕਾਂ ਅਤੇ ਸ਼ਾਹੂਕਾਰ-ਸੂਦਖੋਰ ਕਿਸਾਨੀ ਸਿਰ ਕਰਜ਼ੇ ਮੜ੍ਹ ਕੇ ਉਹਨਾਂ ਦੀ ਸਾਹ-ਰਗ ਘੁੱਟਦੇ ਜਾ ਰਹੇ ਹਨ- ਕਿਸਾਨੀ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਹਨ, ਲੱਖੋਵਾਲ ਕਿਸਾਨੀ ਸਿਰ ਖੜ੍ਹੇ ਕਰਜ਼ੇ ਮੁਆਫ ਕਰਵਾਉਣ ਵੇਲੇ ਕੂੰਅਦਾ ਕਿਉਂ ਨਹੀਂ? ਵੱਡੇ ਵੱਡੇ ਜਾਗੀਰਦਾਰ, ਚੌਧਰੀ, ਦਲਾਲ ਸਿਆਸਤਦਾਨ ਲੋਕਾਂ ਦੀਆਂ ਪੰਚਾਇਤੀ-ਸ਼ਾਮਲਾਟੀ ਜ਼ਮੀਨਾਂ ਦੱਬੀਂ ਤੁਰੇ ਜਾ ਰਹੇ ਹਨ, ਪਹਿਲਾਂ ਵੀ ਸੈਂਕੜੇ ਹਜ਼ਾਰਾਂ ਏਕੜ ਜ਼ਮੀਨਾਂ ਬੇਨਾਮੀਆਂ ਹੀ ਦੱਬੀਂ ਬੈਠੇ ਹਨ, ਉਹਨਾਂ ਨੂੰ ਲੱਖੋਵਾਲ ਥੁੜ੍ਹ-ਜ਼ਮੀਨੇ, ਬੇਜ਼ਮੀਨੇ ਅਤੇ ਖੇਤ ਮਜ਼ਦੂਰਾਂ ਵਿੱਚ ਵੰਡਣ ਲਈ ਕਿਉਂ ਨਹੀਂ ਕੁੱਝ ਕਰਦਾ? ਸੂਬਾਈ ਅਤੇ ਕੇਂਦਰੀ ਹਕੂਮਤਾਂ ਵਿਦਿਆ, ਰੁਜ਼ਗਾਰ, ਸਿਹਤ ਸੇਵਾਵਾਂ, ਆਵਾਜਾਈ, ਬਿਜਲੀ, ਸੰਚਾਰ ਮਹਿਕਮਿਆਂ ਦਾ ਭੋਗ ਪਾਈ ਜਾ ਰਹੀਆਂ ਹਨ, ਇਸ ਮੌਕੇ ਲੱਖੋਵਾਲ ਦੀ ਜੁਬਾਨ ਕਿਉਂ ਬੰਦ ਹੋ ਜਾਂਦੀ ਹੈ? ਲੋਕਾਂ ਦੇ ਜਲ-ਜੰਗਲ, ਜ਼ਮੀਨ ਖੋਹੇ ਜਾ ਰਹੇ ਹਨ, ਪਰ ਲੱਖੋਵਾਲ ਸਾਹਿਬ ਦੀ ਸਿਹਤ 'ਤੇ ਕੋਈ ਅਸਰ ਨਹੀਂ।
ਲੱਖੋਵਾਲ ਲੋਕਾਂ ਦੇ ਪੱਖ ਤੋਂ ਸੂਬਾਈ ਜਾਂ ਕੇਂਦਰੀ ਹਕੂਮਤ ਦੇ ਖਿਲਾਫ ਨਹੀਂ ਬੋਲ ਸਕਦਾ- ਉਹਨਾਂ ਖਿਲਾਫ ਕੋਈ ਸਾਰਥਿਕ ਸਰਗਰਮੀ ਨਹੀਂ ਕਰ ਸਕਦਾ, ਕੋਈ ਟਕਰਾਅ ਨਹੀਂ ਲੈ ਸਕਦਾ- ਕਿਉਂਕਿ ਇਹ ਹੈ ਹੀ ਅਸਲ ਵਿੱਚ ਉਹਨਾਂ ਦਾ ਜੀ-ਹਜੂਰੀਆ, ਝੋਲੀਚੁੱਕ, ਚਾਪਲੂਸ ਅਤੇ ਟੁੱਕੜਬੋਚ। ਗੱਲ ਇਹ ਨਹੀਂ ਕਿ ਇਸ ਨੂੰ ਪਤਾ ਨਹੀਂ ਕਿ ਕਿਸਾਨਾਂ ਦੇ ਅਸਲ ਮੰਗਾਂ-ਮਸਲੇ, ਸਮੱਸਿਆਵਾਂ ਕੀ ਹਨ ਤੇ ਉਹਨਾਂ ਦਾ ਹੱਲ-ਨਿਤਾਰਾ ਕੀ ਹੈ? ਇਸ ਨੂੰ ਇਸ ਸਭ ਕੁੱਝ ਦਾ ਬਰੀਕੀ ਵਿੱਚ ਪਤਾ ਹੈ ਪਰ ਇਹ ਆਪਣੇ ਜਾਤੀ ਅਤੇ ਜਾਗੀਰੂ ਜਮਾਤੀ ਹਿੱਤਾਂ ਨੂੰ ਪਹਿਲ ਦਿੰਦਾ ਹੋਇਆ ਲੋਕਾਂ ਦੇ ਕਾਤਲ ਦਰਿੰਦਿਆਂ ਦੀਆਂ ਕਰਤੂਤਾਂ ਨੂੰ ਕੱਜਦਾ ਹੈ। ਲੋਕਾਂ ਦੇ ਪੱਖ ਤੋਂ, ਕਿਸਾਨਾਂ ਦੇ ਹਿੱਤਾਂ ਤੋਂ ਮਕਾਰ ਹੈ- ਭਗੌੜਾ ਤੇ ਧੋਖੇਬਾਜ਼ ਹੈ। ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਅਜਿਹੇ ਮਕਾਰ ਅਤੇ ਨਕਾਬਪੋਸ਼ ਵੱਲੋਂ ਕਿਸਾਨਾਂ ਦੇ ਹਿੱਤਾਂ ਦੇ ਪਾਏ ਹੋਏ ਚੋਗੇ ਦੇ ਬਖੀਏ ਉਧੇੜ ਕੇ ਇਸਦੀ ਵਿਕਾਊ ਅਤੇ ਕਿਸਾਨ ਵਿਰੋਧੀ ਖਸਲਤ ਲੋਕਾਂ ਵਿੱਚ ਨੰਗੀ ਕੀਤੀ ਜਾਵੇ, ਇਸ ਦੀ ਥੂਹ ਥੂਹ ਕਰਕੇ ਇਸ ਨੂੰ ਕਿਸਾਨਾਂ ਦੀਆਂ ਸਫਾਂ ਵਿੱਚੋਂ ਖਦੇੜ ਸੁੱਟਿਆ ਜਾਵੇ। 
੦-੦

No comments:

Post a Comment