Friday, November 15, 2013

ਚੋਰੀ ਦੇ ਝੂਠੇ ਕੇਸ 'ਚੋਂ ਮਜ਼ਦੂਰ ਕੁੜੀਆਂ ਦੀ ਜਾਨ ਛੁਡਾਈ

ਖੇਤ ਮਜ਼ਦੂਰ ਸਰਗਰਮੀਆਂ- ਇਲਾਕਾ ਨਕੋਦਰ
ਚੋਰੀ ਦੇ ਝੂਠੇ ਕੇਸ 'ਚੋਂ ਮਜ਼ਦੂਰ ਕੁੜੀਆਂ ਦੀ ਜਾਨ ਛੁਡਾਈ
-ਹਰਮੇਸ਼ ਮਾਲੜੀ
ਪਿੰਡ ਮਾਲੜੀ ਤੋਂ ਇੱਕ ਮਜ਼ਦੂਰ ਪਰਿਵਾਰ ਦੀਆਂ ਦੋ ਲੜਕੀਆਂ ਨਕੋਦਰ ਦੇ ਕਿਸੇ ਸਰਦੇ ਘਰ (ਕੋਠੀ) ਵਿੱਚ ਸਫਾਈ ਦਾ ਕੰਮ ਕਰਨ ਜਾਂਦੀਆਂ ਸਨ। ਕੋਠੀ 'ਚ ਹੋਈ ਕਥਿਤ ਚੋਰੀ ਦਾ ਇਲਜ਼ਾਮ ਕੋਠੀ ਵਾਲਿਆਂ ਇਹਨਾਂ ਕੁੜੀਆਂ ਸਿਰ ਲਾ ਦਿੱਤਾ। ਇਹ ਪਰਿਵਾਰ ਹਾਕਮ ਅਕਾਲੀ ਦਲ ਨਾਲ ਸਬੰਧਤ ਹੋਣ ਕਰਕੇ ਨਕੋਦਰ ਪੁਲਸ ਨੇ ਝੱਟ ਕੁੜੀਆਂ ਤੇ ਉਹਨਾਂ ਦੀ ਮਾਂ ਨੂੰ ਫੜ ਲਿਆਂਦਾ। ਮਾਲੜੀ ਦੀ ਪੰਚਾਇਤ ਵੱਲੋਂ ਮਜ਼ਦੂਰ ਪਰਿਵਾਰ ਦੇ ਮਿਹਨਤੀ ਤੇ ਸ਼ਰੀਫ ਹੋਣ ਦੀ ਗਾਰੰਟੀ ਦੇਣ ਦੇ ਬਾਵਜੂਦ ਵੀ ਪੁਲਸ ਲੜਕੀਆਂ 'ਤੇ ਕੇਸ ਦਰਜ਼ ਕਰਨ ਲਈ ਬਜਿੱਦ ਸੀ, ਹਾਲਾਂਕਿ ਪੁੱਛਗਿੱਛ ਦੌਰਾਨ ਕੋਈ ਅਜਿਹਾ ਸੁਰਾਗ ਨਹੀਂ ਸੀ ਮਿਲਿਆ, ਜਿਸ ਦੇ ਆਧਾਰ 'ਤੇ ਸ਼ੱਕ ਕੀਤਾ ਜਾ ਸਕੇ। ਪੀੜਤ ਮਜ਼ਦੂਰ ਦੀ ਟੇਕ ਪਿੰਡ ਦੀ ਪੰਚਾਇਤ ਅਤੇ ਅਕਾਲੀ ਪੱਖੀ ਜਿੰਮੀਦਾਰਾਂ ਤੇ ਸੀ। ਪਰ ਜਦੋਂ ਪੰਚਾਇਤ ਅਤੇ ਅਕਾਲੀ ਪੱਖੀਆਂ ਨੇ ਇਹ ਨੇ ਕਹਿ ਦਿੱਤਾ ਕਿ ਹੁਣ ਅਸੀਂ ਕੁੱਝ ਨਹੀਂ ਕਰ ਸਕਦੇ ਤਾਂ ਪੀੜਤ ਪਰਿਵਾਰ ਜਥੇਬੰਦੀ ਦੇ ਆਗੂਆਂ ਕੋਲ ਆ ਗਿਆ। ਉਸੇ ਦਿਨ ਜਥੇਬੰਦੀ ਵੱਲੋਂ ਮਜ਼ਦੂਰਾਂ ਦਾ ਇਕੱਠ ਕੀਤਾ ਗਿਆ ਤੇ ਪੌਣੇ ਦੋ ਸੌ ਮਰਦਾਂ-ਔਰਤਾਂ ਨੇ ਡੀ.ਐਸ.ਪੀ. ਨਕੋਦਰ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ। ਡੀ.ਐਸ.ਪੀ. ਵੱਲੋਂ ਟਾਲਮਟੋਲ ਕਰਨ 'ਤੇ ਜਥੇਬੰਦੀ ਵੱਲੋਂ ਮੁਜਾਹਰਾ ਕਰਕੇ ਥਾਣੇ ਅੱਗੇ ਬੋਲ ਕੇ ਚਿਤਾਵਨੀ ਦਿੱਤੀ ਗਈ। ਪਰ ਇਸਦੇ ਬਾਵਜੂਦ ਵੀ ਨਕੋਦਰ ਦੇ ਇੱਕ ਅਕਾਲੀ ਕੌਂਸਲਰ ਦੇ ਕਹਿਣ 'ਤੇ ਪੁਲਸ ਨੇ ਦੋਵੇਂ ਲੜਕੀਆਂ ਅਤੇ ਉਹਨਾਂ ਦੇ ਭਰਾ ਤੇ ਚੋਰੀ ਦਾ ਕੇਸ ਦਰਜ਼ ਕਰ ਦਿੱਤਾ। ਜਥੇਬੰਦੀ ਵੱਲੋਂ ਤੁਰੰਤ ਪਿੰਡ ਵਿੱਚ ਦੋ ਥਾਵਾਂ 'ਤੇ ਰੈਲੀਆਂ ਕਰਕੇ ਮਜ਼ਦੂਰ ਵਿਹੜੇ ਅਤੇ ਕਿਸਾਨਾਂ ਨੂੰ ਵੀ ਇਸ ਧੱਕੇਸ਼ਾਹੀ ਖਿਲਾਫ ਨਿੱਤਰਨ ਦਾ ਸੱਦਾ ਦਿੱਤਾ। ਰੈਲੀ ਵਿੱਚ ਸਾਢੇ ਚਾਰ ਸੌ ਮਜ਼ਦੂਰਾਂ ਤੋਂ ਬਿਨਾ 10-12 ਕਿਸਾਨ ਵੀ ਸ਼ਾਮਲ ਹੋਏ। ਅਗਲੇ ਦਿਨ 26 ਸਤੰਬਰ ਨੂੰ ਚਾਰ ਸੌ ਮਰਦਾਂ-ਔਰਤਾਂ ਵੱਲੋਂ ਧਰਨਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿੰਡ ਦੀਆਂ ਬਹੁਤੀਆਂ ਮਜ਼ਦੂਰ ਔਰਤਾਂ ਸ਼ਹਿਰ ਵਿੱਚ ਕੋਠੀਆਂ ਆਦਿ ਵਿੱਚ ਸਫਾਈ ਦਾ ਕੰਮ ਕਰਦੀਆਂ ਹਨ। ਇਸ ਕਰਕੇ ਧਰਨੇ ਵਿੱਚ 250 ਔਰਤਾਂ ਨੇ ਵੀ ਰੋਹ ਭਰੀ  ਸ਼ਮੂਲੀਅਤ ਕੀਤੀ। 15 ਕੁ ਕਿਸਾਨ ਵੀ ਧਰਨੇ ਵਿੱਚ ਸ਼ਾਮਲ ਹੋਏ। ਭਾਵੇਂ ਪੁਲਸ ਵੱਲੋਂ ਪਿੰਡ ਆ ਕੇ ਆਗੂਆਂ ਨੂੰ ਮਨਾਉਣ/ਪਤਿਆਉਣ/ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ। ਜੁਬਾਨੀ ਕਲਾਮੀ ਕੇਸ ਰੱਦ ਕਰਨ ਦੀ ਗੱਲ ਵੀ ਕੀਤੀ ਗਈ। ਪਰ ਯੂਨੀਅਨ ਵੱਲੋਂ ਪੁਲਸ 'ਤੇ ਯਕੀਨ ਨਾ ਕਰਦਿਆਂ ਸ਼ਹਿਰ ਵਿੱਚ ਮੁਜਾਹਰਾ ਕਰਕੇ ਥਾਣੇ ਅੱਗੇ ਧਰਨਾ ਲਾਇਆ ਗਿਆ। ਇੱਕ ਘੰਟਾ ਚੱਲੇ ਧਰਨੇ ਤੋਂ ਬਾਅਦ ਜ਼ਿਲ੍ਹਾ ਪੁਲਸ ਅਧਿਕਾਰੀਆਂ ਵੱਲੋਂ ਫੋਨ 'ਤੇ ਪਰਚਾ ਰੱਦ ਕਰਨ ਦੇ ਭਰੋਸੇ ਨੂੰ ਸਥਾਨਕ ਥਾਣੇਦਾਰ ਨੇ ਸਪੀਕਰ 'ਤੇ ਦੁਹਰਾਇਆ ਅਤੇ ਧਰਨਾ ਚੁੱਕਿਆ ਗਿਆ। ਇਸ ਐਕਸ਼ਨ ਦਾ ਪਿੰਡ ਦੇ ਮਜ਼ਦੂਰ ਭਾਈਚਾਰੇ ਤੋਂ ਇਲਾਵਾ ਕਿਸਾਨਾਂ 'ਤੇ ਚੰਗਾ ਪ੍ਰਭਾਵ ਪਿਆ ਅਤੇ ਜਥੇਬੰਦੀ ਦਾ ਪਹਿਲਾਂ ਨਾਲੋਂ ਪ੍ਰਭਾਵ ਵਧਿਆ ਹੈ।
ਦੂਜਾ ਕੇਸ ਪਿੰਡ ਜਾਫ਼ਰਵਾਲ (ਨੇੜੇ ਸ਼ਾਹਕੋਟ) ਵਿਖੇ ਵਾਪਰਿਆ। ਸਰਕਾਰੀ ਸਕੂਲ ਵਿੱਚ ਲਾਈ ਮੋਟਰ ਚੋਰੀ ਹੋਣ ਦਾ ਇਲਜ਼ਾਮ ਪਿੰਡ ਦੇ ਸਰਪੰਚ ਵੱਲੋਂ ਕਿਸੇ 'ਬਾਬੇ' ਦੇ ਨਹੁੰ ਵਿੱਚ ਫੋਟੋ ਦਿਖਾਉਣ 'ਤੇ ਇੱਕ ਮਜ਼ਦੂਰ ਨੌਜਵਾਨ 'ਤੇ ਲਾ ਦਿੱਤਾ ਤੇ ਉਸਨੂੰ ਥਾਣੇ ਫੜਾ ਦਿੱਤਾ। ਤੁਰੰਤ ਲੋਕਾਂ ਦਾ ਇਕੱਠ ਕਰਕੇ ਜਥੇਬੰਦੀ ਦੇ ਆਗੂਆਂ ਨੇ ਥਾਣੇ ਜਾ ਕੇ ਪੁਲਸ ਨੂੰ ਲਾਜੁਆਬ ਕੀਤਾ ਤੇ ਨੌਜਵਾਨ ਨੂੰ ਛੁਡਾ ਲਿਆਂਦਾ। ਸਰਪੰਚ ਚਾਹੁੰਦਾ ਸੀ ਕਿ ਪੁਲਸ ਸਖਤੀ ਕਰੇ। ਚਾਹੁੰਦੀ ਪੁਲਸ ਵੀ ਇਹੋ ਸੀ। ਦੋ ਦਿਨਾਂ ਬਾਅਦ ਯੂਨੀਅਨ ਵੱਲੋਂ ਪਿੰਡ ਦੇ  60-70 ਮਜ਼ਦੂਰ ਮਰਦ-ਔਰਤਾਂ ਸਹਿਤ ਸ਼ਾਹਕੋਟ ਥਾਣਾ ਜਾ ਮੱਲਿਆ। ਸਰਪੰਚ ਵੀ ਕੁੱਝ ਬੰਦਿਆਂ ਨੂੰ ਲੈ ਕੇ ਆਇਆ। ਮਜ਼ਦੂਰਾਂ ਦਾ ਰੌਂਅ ਦੇਖ ਕੇ ਪੁਲਸ ਤਾਂ ਆਪਣੀ ਗੱਲ ਤੋਂ ਪਿੱਛੇ ਹਟ ਗਈ। ਕਹਿੰਦੇ ਤੁਸੀਂ ਸਰਪੰਚ ਦੀ ਤਸੱਲੀ ਕਰਵਾ ਦਿਓ। ਕੋਈ ਘੰਟਾ ਚੱਲੀ ਬਹਿਸ ਵਿੱਚ ਯੂਨੀਅਨ ਆਗੂਆਂ ਨੇ ਸਰਪੰਚ ਅਤੇ ਉਸਦੇ ਨਾਲ ਆਏ ਬੰਦਿਆਂ ਨੂੰ ਲਾਜੁਆਬ ਕਰ ਦਿੱਤਾ। ਇਸ 'ਤੇ ਸਰਪੰਚ ਬਾਬੇ ਦੇ ਕਹੇ ਤੋਂ ਦੋਸ਼ ਲਾਉਣ ਦੀ ਮੁਆਫੀ ਮੰਗ ਗਿਆ ਅਤੇ ਅਣਪਛਾਤੇ ਬੰਦਿਆਂ ਦੇ ਨਾਂ 'ਤੇ ਪਰਚਾ ਦਰਜ਼ ਕਰਵਾ ਦਿੱਤਾ। ਇਉਂ ਇੱਕ ਬੇਗੁਨਾਹ ਨੂੰ ਬਚਾ ਲਿਆ ਗਿਆ। ਇੱਥੇ ਇੱਕ ਘਟਨਾ ਇਹ ਵਾਪਰੀ ਕਿ ਪੀੜਤ ਨੌਜਵਾਨ ਦੇ ਰਿਸ਼ਤੇਦਾਰ ਇਲਾਕੇ ਦੇ ਕੁੱਝ ਜਾਤੀਵਾਦੀ ਆਗੂਆਂ ਨੂੰ ਲੈ ਆਏ, ਇਹ ਜਾਤੀਵਾਦੀ ਆਗੂ ਮਸਲੇ ਨੂੰ ਜਾਤੀ ਰੰਗਤ ਦੇਣ ਲਈ ਤਹੂ ਸਨ। ਯੂਨੀਅਨ ਆਗੁਆਂ ਨੇ ਮਜ਼ਦੂਰਾਂ ਦੇ ਇੱਕਠ ਵਿੱਚ ਹੀ ਇਹਨਾਂ ਜਾਤੀਵਾਦੀ ਆਗੂਆਂ ਨੂੰ ਲਾ-ਜੁਆਬ ਕਰਕੇ ਇਕੱਠ ਵਿੱਚੋਂ ਖਿਸਕਣ ਲਈ ਮਜਬੂਰ ਕਰ ਦਿੱਤਾ। ਕਿਉਂਕਿ ਦੂਜੇ ਪਾਸੇ ਸਰਪੰਚ ਤੇ ਉਸਦੇ ਨਾਲ ਆਏ ਬੰਦੇ ਸਾਧਾਰਨ ਕਿਸਾਨੀ 'ਚੋਂ ਸਨ, ਇਸ ਲਈ ਉਹਨਾਂ ਯੂਨੀਅਨ ਦੀ ਪਹੁੰਚ ਨੂੰ ਪਸੰਦ ਕੀਤਾ ਤੇ ਪ੍ਰਭਾਵਿਤ ਹੋ ਕੇ ਗਏ। ਇਸ ਘਟਨਾ ਨਾਲ ਪਿੰਡ ਵਿੱਚ ਯੂਨੀਅਨ ਦਾ ਪ੍ਰਭਾਵ ਵਧਿਆ ਹੈ। 
ਗ਼ਦਰ ਸ਼ਤਾਬਦੀ ਨੂੰ ਸਮਰਪਿਤ ਮਸ਼ਾਲ ਮਾਰਚ 
ਗ਼ਦਰ ਪਾਰਟੀ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਚੱਲ ਰਹੀ ਮੁਹਿੰਮ ਤਹਿਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 20 ਅਕਤੂਬਰ ਨੂੰ ਪਾਸ਼-ਹੰਸਰਾਜ ਯਾਦਗਾਰੀ ਕੰਪਲੈਕਸ ਵਿੱਚ ਜਥੇਬੰਦੀ ਦੇ ਚੋਣਵੇਂ 35 ਵਰਕਰਾਂ ਦੀ ਇੱਕ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਕੋਈ ਢਾਈ ਘੰਟੇ ਗ਼ਦਰ ਲਹਿਰ ਦੇ ਇਤਿਹਾਸ, ਅੰਗਰੇਜ਼ੀ ਗੁਲਾਮੀ ਅਤੇ ਸਥਾਨਕ ਰਾਜੇ ਰਜਵਾੜਿਆਂ ਦੇ ਗ਼ਦਾਰੀ ਭਰੇ ਇਤਿਹਾਸ 'ਤੇ ਚਰਚਾ ਕੀਤੀ ਗਈ। ਉਪਰੰਤ ਮਜ਼ਦੂਰ ਵਿਹੜਿਆਂ ਵਿੱਚ ਪਹਿਲੀ ਨਵੰਬਰ ਦੇ ਜਲੰਧਰ ਸਮਾਗਮ ਲਈ ਤਿਆਰੀ ਵਜੋਂ ਮੀਟਿੰਗਾਂ ਅਤੇ ਮਸ਼ਾਲ ਮਾਰਚ ਕਰਨ ਦੇ ਫੈਸਲੇ ਤਹਿਤ, ਮਲਸੀਆਂ, ਮਾਲੜੀ ਅਤੇ ਨੂਰਪੁਰ ਵਿੱਚ ਮਸ਼ਾਲ ਮਾਰਚ ਕੀਤਾ ਗਿਆ, ਜਿਸ ਵਿੱਚ 200 ਤੋਂ ਵੱਧ ਮਜ਼ਦੂਰਾਂ ਖਾਸ ਕਰਕੇ ਨੌਜਵਾਨਾਂ ਨੇ ਭਾਗ ਲਿਆ। 
ਰਿਹਾਇਸ਼ੀ ਪਲਾਟਾਂ ਲਈ ਸੰਘਰਸ਼ ਜਾਰੀ
7-8 ਅਕਤੂਬਰ ਨੂੰ ਨਕੋਦਰ ਤੇ ਸ਼ਾਹਕੋਟ ਦੇ ਬੀ.ਡੀ.ਪੀ.ਓ. ਦਫਤਰਾਂ ਅੱਗੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨੇ ਲਾ ਕੇ ਮਜ਼ਦੂਰਾਂ ਲਈ ਰਿਹਾਇਸ਼ੀ ਪਲਾਟਾਂ ਦੀ ਮੰਗ ਕੀਤੀ ਗਈ। ਸੂਬਾ ਪੱਧਰ 'ਤੇ ਵੀ ਯੂਨੀਅਨ ਵੱਲੋਂ, ਘਰਾਂ ਲਈ ਥੁੜਦੇ ਥਾਵਾਂ ਵਾਲੇ ਤੇ ਬੇਘਰੇ ਮਜ਼ਦੂਰਾਂ ਨੂੰ ਪਲਾਟਾਂ ਦੀ ਮੰਗ ਲਈ ਲਗਾਤਾਰ ਸਰਗਰਮੀ ਚੱਲ ਰਹੀ ਹੈ।
ਪਿਛਲੇ ਸਾਲ ਨਵੰਬਰ ਤੇ ਫਿਰ ਐਤਕੀਂ ਮਾਰਚ ਦੇ ਭਰਵੀਂ ਸ਼ਮੂਲੀਅਤ ਵਾਲੇ ਧਰਨਿਆਂ ਦੇ ਦਬਾਅ ਕਰਕੇ, ਅਫਸਰਾਂ ਨੇ ਛੇਤੀ ਮਤੇ ਪੁਆ ਕੇ, ਇਸ ਸਬੰਧੀ ਅੱਗੇ ਕਾਰਵਾਈ ਕਰਨ ਦਾ ਭਰੋਸਾ ਦੁਆਇਆ ਸੀ। ਇੱਕ-ਦੋ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਮਤੇ ਪਾਸ ਵੀ ਕੀਤੇ। ਟਾਲਮਟੋਲ ਕਰਦੇ ਆ ਰਹੇ ਅਫਸਰਾਂ ਤੇ ਜਾਗੀਰੂ ਸੋਚ ਦੇ ਮਾਲਕ ਪੰਚਾਇਤੀ ਚੌਧਰੀਆਂ ਨੂੰ, ਇਸੇ ਮਸਲੇ 'ਤੇ ਚੁੱਪ ਵੱਟਣ, ਪੰਚਾਇਤਾਂ ਦੀਆਂ ਚੋਣਾਂ ਨੇ ਢੁਕਵਾਂ ਮੌਕਾ ਮੁਹੱਈਆ ਕਰ ਦਿੱਤਾ। ਕੋਡ ਆਫ ਕੰਡਕਟ ਲੱਗਣ ਕਰਕੇ, ਛੇਤੀ ਕੁੱਝ ਨਾ ਮਿਲਦਾ ਦੇਖ ਕੇ, ਲੋਕਾਂ ਵਿੱਚ ਵੀ ਇਸ ਮਸਲੇ 'ਤੇ ਕੁੱਝ ਸੁਸਤੀ ਛਾ ਗਈ ਸੀ। 
10 ਪਿੰਡਾਂ ਦੇ 87 ਖੇਤ ਮਜ਼ਦੂਰਾਂ ਤੇ ਵਰਕਰਾਂ ਦੀ ਭਰਵੀਂ ਮੀਟਿੰਗ ਕਰਕੇ, ਤਿਆਰੀ ਦਾ ਅਮਲ ਸ਼ੁਰੂ ਕੀਤਾ। ਇਸ ਸਬੰਧੀ ਇੱਕ ਪੋਸਟਰ ਇਲਾਕੇ ਵਿੱਚ ਲਾਇਆ ਗਿਆ। ਯੂਨੀਅਨ ਦੀਆਂ ਪੱਕੀਆਂ ਇਕਾਈਆਂ ਵਾਲੇ ਪਿੰਡਾਂ ਵਿੱਚ 100 ਤੋਂ 150 ਤੱਕ ਅਤੇ ਨਵੇਂ ਪ੍ਰਭਾਵ ਵਾਲਿਆਂ ਵਿੱਚ 20-25 ਮਜ਼ਦੂਰਾਂ ਦੀਆਂ ਮੀਟਿੰਗਾਂ ਕਰਕੇ ਲਾਮਬੰਦੀ ਕੀਤੀ ਗਈ। ਜਨਤਕ ਵਫਦ ਪੰਚਾਇਤਾਂ ਨੂੰ ਵੀ ਮਿਲੇ। ਮਿਥੇ ਸਮੇਂ 'ਤੇ ਦੋਹਾਂ ਬਲਾਕਾਂ ਵਿੱਚ ਹੀ ਪਹਿਲਾਂ ਨਾਲੋਂ ਜ਼ਿਆਦਾ ਸ਼ਮੂਲੀਅਤ ਨਾਲ, ਧਰਨਿਆਂ ਵਿੱਚ ਕੋਈ 450 ਖੇਤ ਮਜ਼ਦੂਰਾਂ ਨੇ ਭਾਗ ਲਿਆ। ਰੌਂਅ, ਰੁਖ, ਜੋਸ਼-ਭਰਪੂਰ ਨਾਹਰਿਆਂ ਤੇ ਵਧੀ ਸ਼ਮੂਲੀਅਤ ਤੋਂ ਜਾਪਦਾ ਹੈ ਕਿ ਖੇਤ ਮਜ਼ਦੂਰ ਤੇ ਉਹਨਾਂ ਦੀ ਅਗਵਾਈ ਕਰ ਰਹੀ ਯੂਨੀਅਨ, ਮੰਗ ਦੇ ਮੰਨੇ ਤੇ ਲਾਗੂ ਕੀਤੇ ਜਾਣ ਤੱਕ, ਲੰਬਾ ਦਮ ਰੱਖਕੇ, ਅਲੇਹੇ ਵਾਂਗ ਚੁੰਬੜੀ ਰਹੇਗੀ। ਤੇ ਸੰਘਰਸ਼ ਨੂੰ ਵਿਸ਼ਾਲ ਕਰਕੇ ਹੋਰ ਅੱਗੇ ਵਧਾਏਗੀ। 
੦-੦

No comments:

Post a Comment