Friday, November 15, 2013

ਭਾਰਤ ਅੰਦਰ ਬੱਚਿਆਂ ਦੀ ਦੁਰਦਸ਼ਾ ਦੀ ਇੱਕ ਝਲਕ

4 ਨਵੰਬਰ- ਅਖੌਤੀ 'ਬੱਚਿਆਂ ਦੇ ਦਿਨ' 'ਤੇ ਵਿਸ਼ੇਸ਼:
ਭਾਰਤ ਅੰਦਰ ਬੱਚਿਆਂ ਦੀ ਦੁਰਦਸ਼ਾ ਦੀ ਇੱਕ ਝਲਕ
-ਮਨਦੀਪ
ਹਰ ਵਰ੍ਹੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ 14 ਨਵੰਬਰ ਨੂੰ ਸਰਕਾਰੀ ਪੱਧਰ 'ਤੇ ''ਬੱਚਿਆਂ ਦੇ ਦਿਨ'' ਵਜੋਂ ਮਨਾਇਆ ਜਾਂਦਾ ਹੈ। ਇਸ ਵਰ੍ਹੇ ਨਹਿਰੂ ਦੇ 125ਵੀਂ ਜਨਮ-ਸ਼ਤਾਬਦੀ ਮਨਾਈ ਜਾ ਰਹੀ ਹੈ। ਇਸ ਦਿਨ 'ਤੇ ਆਏ ਵਰ੍ਹੇ ਬੱਚਿਆਂ ਨੂੰ ਭਾਰਤ ਦੇ ਭਵਿੱਖ ਹੋਣ ਦਾ ਰਾਗ ਅਲਾਪਿਆ ਜਾਂਦਾ ਹੈ। ਮੁਲਕ ਦੇ ਇਸ 'ਭਵਿੱਖ' ਦੀ ਉਸਾਰੀ ਲਈ ਤਰ੍ਹਾਂ ਤਰ੍ਹਾਂ ਦੀਆਂ ਯੋਜਨਾਵਾਂ ਦੇ ਦੰਭੀ ਬਿਆਨਾਂ ਦੀ ਝੜੀ ਲਾਈ ਜਾਂਦੀ ਹੈ। ਪਰ ਇਸੇ ਵਰ੍ਹੇ 15 ਅਗਸਤ ਦੇ ਅੰਗਰੇਜ਼ੀ ਅਖਬਾਰ 'ਦਾ ਹਿੰਦੂ' ਨੇ ਪੰਜਾਬ ਦੇ ਇੱਕ ਮਜ਼ਦੂਰ ਦਰਸ਼ਨ ਸਿੰਘ ਅਤੇ ਉਸਦੀ ਪਤਨੀ ਬਨਾਰਸੀ ਦੀ ਖਬਰ ਛਾਪੀ, ਜਿਹੜੀ ਹਾਕਮਾਂ ਦੇ ਇਸ ਦੰਭ ਦਾ ਮੁੰਹ ਚਿੜਾਉਂਦੀ ਹੈ। ਇਸ ਗੁਰਬਤ ਮਾਰੇ ਜੋੜੇ ਨੇ ਆਪਣੇ ਬੱਚਿਆਂ ਤੇ ਪੋਤੇ ਪੋਤੀਆਂ ਸਮੇਤ 22 ਵਰ੍ਹੇ ਇੱਕ ਚੌਲ-ਮਿੱਲ ਵਿੱਚ ਬੰਧੂਆ ਮਜ਼ਦੂਰ ਬਣ ਕੇ ਕੱਟੇ ਸਨ। ਇਸੇ ਜੂਨ ਵਿੱਚ ਉਹਨਾਂ ਨੂੰ ਬੰਧੂਆ ਮਜ਼ਦੂਰੀ ਤੋਂ ਛੁਟਕਾਰਾ ਮਿਲਿਆ ਸੀ। ਉਹਨਾਂ ਦੇ ਬੱਚੇ ਬੰਧੂਆ ਮਜ਼ਦੂਰਾਂ ਵਜੋਂ ਹੀ ਜਨਮੇ ਤੇ ਪਲੇ ਸਨ। ਬਨਾਰਸੀ ਮੁਤਾਬਕ ਉਹਨੇ ਕਈ ਵਾਰ ਆਪਣੇ ਬੱਚਿਆਂ ਨੂੰ ਕਿਸੇ ਹੋਰ ਥਾਂ ਭੇਜਣ ਦੀ ਕੋਸ਼ਿਸ਼ ਕੀਤੀ ਪਰ ਮਾਲਕਾਂ ਨੇ ਬੱਚਿਆਂ ਨੂੰ ਜਾਣ ਨਾ ਦਿੱਤਾ। ਮਾਸੂਮਾਂ ਤੋਂ ਦਿਨ-ਰਾਤ ਕੰਮ ਕਰਵਾਇਆ ਜਾਂਦਾ ਰਿਹਾ। ਭਾਰਤ ਅੰਦਰ ਇਹਨਾਂ ਬੱਚਿਆਂ ਵਰਗੇ ਬਦਨਸੀਬਾਂ ਦੀ ਗਿਣਤੀ ਕਰੋੜਾਂ ਵਿੱਚ ਹੈ, ਜਿਹਨਾਂ ਲਈ 14 ਨਵੰਬਰ ਦਾ ਅਖੌਤੀ ''ਬੱਚਿਆਂ ਦਾ ਦਿਨ'' ਤਾਂ ਕੀ ਸਾਲ ਦੇ ਸਾਰੇ ਦਿਨ ਹੀ ਸਰਾਪ ਬਣਕੇ ਚੜ੍ਹਦੇ ਹਨ।
ਭਾਰਤੀ ਸੰਵਿਧਾਨ ਵਿੱਚ ਬਾਲ-ਮਜ਼ਦੂਰੀ ਨੂੰ ਵਰਜਿਤ ਕਰਾਰ ਦਿੱਤਾ ਗਿਆ ਹੈ। 1976 ਦੇ ਇੱਕ ਕਾਨੂੰਨ ਰਾਹੀਂ ਬੰਧੂਆ ਮਜ਼ਦੂਰੀ ਵੀ ਗੈਰ-ਕਾਨੂੰਨੀ ਐਲਾਨੀ ਗਈ ਹੈ। ਪਰ 2013 ਦੇ ਗੁਲਾਮੀ ਇੰਡੈਕਸ ਮੁਤਾਬਕ ਭਾਰਤ ਬੰਧੂਆ ਮਜ਼ਦੂਰਾਂ ਦੀ ਗਿਣਤੀ ਪੱਖੋਂ ਸੰਸਾਰ ਭਰ ਵਿੱਚ ਮੋਹਰੀ ਹੈ। ਅਜਿਹੇ ਲੋਕਾਂ ਤੇ ਉਹਨਾਂ ਦੇ ਬੱਚਿਆਂ ਦੀ ਗਿਣਤੀ ਕਰੋੜਾਂ ਵਿੱਚ ਹੈ, ਜਿਹੜੇ 'ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ' ਅੰਦਰ ਗੁਲਾਮੀ ਵਿੱਚ ਹੀ ਜੰਮਦੇ, ਪਲਦੇ ਤੇ ਗੁਲਾਮੀ ਵਿੱਚ ਹੀ ਮਰ ਜਾਂਦੇ ਹਨ। ਗੁਲਾਮੀ ਦੀ ਇਹ ਵਿਰਾਸਤ ਪੀੜ੍ਹੀ-ਦਰ-ਪੀੜ੍ਹੀ ਚੱਲਦੀ ਹੈ। ਸੀ.ਐਨ.ਐਨ. ਦੀ ਇੱਕ ਰਿਪੋਰਟਰ ਸਾਰਾ ਸਿਡਨਰ ਨੇ ਮਾਰਚ 2011 ਵਿੱਚ ਅਜੋਕੀ ਗੁਲਾਮੀ 'ਤੇ ਦੋ ਰਿਪੋਰਟਾਂ ਪੇਸ਼ ਕੀਤੀਆਂ। ਇੱਕ ਰਿਪੋਰਟ ਅਨੁਸਾਰ ਜਦੋਂ ਯੂ.ਪੀ. ਦੇ ਇੱਕ ਪਿੰਡ ਦੀ ਗਲੀਚਾ ਫੈਕਟਰੀ 'ਚੋਂ ਛੁਡਾਏ 5 ਬਾਲ ਬੰਧੂਆ ਮਜ਼ਦੂਰਾਂ ਨੂੰ ਐਸ.ਡੀ.ਐਮ. ਅੱਗੇ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਸਵੇਰ ਦੇ ਛੇ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਸਖਤ ਕੰਮ ਕਰਨ ਦੇ ਇਵਜ਼ਾਨੇ ਵਜੋਂ ਉਹਨਾਂ ਨੂੰ ਹਫਤੇ ਭਰ ਦੀ ਰੋਟੀ ਲਈ 80 ਰੁਪਏ ਮਿਲਦੇ ਸਨ। ਇੱਕ ਹੋਰ ਬੱਚੇ ਦੀਆਂ ਤਿੰਨ ਪੀੜ੍ਹੀਆਂ ਭੱਠੇ 'ਤੇ ਕੰਮ ਕਰਦੀਆਂ ਆ ਰਹੀਆਂ ਸਨ। ਉਸਦੇ ਪਿਓ ਨੇ ਦੱਸਿਆ ਕਿ ਛੋਟੀ ਜਿੰਨੀ ਕੁਤਾਹੀ ਦੇ ਬਦਲੇ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਸੀ। ਬੰਧੂਆ ਪਰਿਵਾਰਾਂ ਦੀਆਂ ਕੁੜੀਆਂ ਤੇ ਔਰਤਾਂ ਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਹੈ।
ਭਾਰਤ ਅੰਦਰ ਬੰਧੂਆ ਮਜ਼ਦੂਰਾਂ ਸਬੰਧੀ ਸਰਬ-ਪ੍ਰਵਾਨਿਤ ਅੰਕੜਿਆਂ ਦੀ ਅਣਹੋਂਦ ਹੈ। ਬਾਲ ਬੰਧੂਆ ਮਜ਼ਦੂਰਾਂ ਬਾਰੇ ਤਾਂ ਸਥਿਤੀ ਹੋਰ ਵੀ ਅਸਪਸ਼ਟ ਹੈ। ਗਲੋਬਲ ਗੁਲਾਮੀ ਇੰਡੈਕਸ ਮੁਤਾਬਕ ਭਾਰਤ ਅੰਦਰ ਬੰਧੂਆ ਮਜ਼ਦੂਰਾਂ ਦੀ ਗਿਣਤੀ 1.33 ਕਰੋੜ ਤੋਂ 1.47 ਕਰੋੜ ਤੱਕ ਹੈ। ਇਹ ਗਿਣਤੀ ਸੰਸਾਰ ਦੇ ਕਿਸੇ ਵੀ ਦੇਸ਼ ਨਾਲੋਂ ਵੱਧ ਹੈ। ਪ੍ਰਤੀ ਜੀਅ ਦੇ ਹਿਸਾਬ ਦੇਖਿਆਂ ਭਾਰਤ 162 ਮੁਲਕਾਂ 'ਚੋਂ ਚੌਥੇ ਨੰਬਰ 'ਤੇ ਹੈ। 2013 ਦੀ ਅਮਰੀਕੀ ਰਾਜ ਮੰਤਰਾਲੇ ਦੀ ਮਨੁੱਖੀ ਤਸਕਰੀ ਸਬੰਧੀ ਰਿਪੋਰਟ ਅਨੁਸਾਰ ਭਾਰਤ ਅੰਦਰ ਕਰਜ਼ਾ ਗੁਲਾਮਾਂ (ਡੈੱਟ ਬੌਂਡਡ) ਦੀ ਗਿਣਤੀ 2 ਕਰੋੜ ਤੋਂ 6.5 ਕਰੋੜ ਤੱਕ ਹੈ। 2000 ਦੇ ਇੱਕ ਅੰਦਾਜ਼ੇ ਮੁਤਾਬਕ ਭਾਰਤ ਅੰਦਰ 1 ਕਰੋੜ 50 ਲੱਖ ਬਾਲ ਗੁਲਾਮ ਹਨ। 2003 ਦੇ ਇੱਕ ਅੰਦਾਜ਼ੇ ਮੁਤਾਬਕ ਇਹਨਾਂ ਬਾਲ-ਗੁਲਾਮਾਂ ਦੀ ਗਿਣਤੀ 3 ਕਰੋੜ 50 ਲੱਖ ਹੈ। ਜਦੋਂ ਕਿ ਬੰਧੂਆ ਮੁਕਤੀ ਮੋਰਚਾ ਨਾਂ ਦੀ ਸੰਸਥਾ ਦਾ ਦਾਅਵਾ ਹੈ ਕਿ ਭਾਰਤ ਅੰਦਰ 6 ਕਰੋੜ 50 ਲੱਖ ਬਾਲ ਬੰਧੂਆ ਮਜ਼ਦੂਰ ਹਨ। ਹਿਊਮਨ ਵਾਚ 2003 ਵਿੱਚ ਵਿੱਚ ਜਾਰੀ ਰਿਪੋਰਟ ਅੰਦਰ 11 ਕਰੋੜ 50 ਲੱਖ ਬੱਚਿਆਂ ਦੇ ਕੰਮ ਵਿੱਚ ਲੱਗੇ ਹੋਣ ਬਾਰੇ ਦੱਸਿਆ ਗਿਆ ਹੈ। ਦੂਜੇ ਪਾਸੇ ਹਿਊਮਨ ਰਾਈਟਸ ਵਾਚ ਦੀ 2003 ਦੀ ਰਿਪੋਰਟ ਅੰਦਰ ਹੀ ਉਦੋਂ ਦੇ ਲੇਬਰ ਸਕੱਤਰ ਵਿਨੋਦ ਵੈਸ਼ ਦਾ ਬਿਆਨ ਦਰਜ ਕੀਤਾ ਗਿਆ ਹੈ, ਜਿਹਨੇ ਬਾਲ ਬੰਧੂਆ ਮਜ਼ਦੂਰੀ ਦੀ ਹੋਂਦ ਤੋਂ ਇਨਕਾਰ ਕੀਤਾ ਹੈ।  ਉਸ ਤੋਂ ਵੀ ਇੱਕ ਕਦਮ ਅੱਗੇ ਜਾਂਦਿਆਂ ਕਿਰਤ ਮੰਤਰਾਲੇ ਦੇ ਉਸ ਵੇਲੇ ਦੇ ਜੁਆਇੰਟ ਸਕੱਤਰ ਅਨੁਸਾਰ ਉਹਨੇ ਵੱਡੀ ਉਮਰ ਦੇ ਲੋਕਾਂ ਦੇ ਬੰਧੂਆ ਮਜ਼ਦੂਰ ਬਣਨ ਬਾਰੇ ਤਾਂ ''ਸੁਣਿਆ'' ਹੈ ਪਰ ਬਾਲ ਬੰਧੂਆ ਮਜ਼ਦੂਰਾਂ ਬਾਰੇ ਨਹੀਂ। 
ਤਾਮਿਲਨਾਡੂ ਅਤੇ ਕਰਨਾਟਕ ਸੂਬਿਆਂ ਅੰਦਰ ਜਿੱਥੇ ਸਿਲਕ ਇੰਡਸਟਰੀ ਵਿੱਚ ਖੁੱਲ੍ਹੇਆਮ ਬਾਲ ਬੰਧੂਆ ਮਜ਼ਦੂਰੀ ਚੱਲਦੀ ਹੈ, ਉੱਥੇ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਅੱਖਾਂ ਬੰਦ ਰੱਖੀਆਂ ਜਾਂਦੀਆਂ ਹਨ। 2003 ਦੇ ਇੱਕ ਅੰਦਾਜ਼ੇ ਮੁਤਾਬਕ ਵਾਰਾਨਸੀ ਤੇ ਕਰਨਾਟਕ ਦੇ ਸਿਰਫ ਦੋ ਜ਼ਿਲ੍ਹਿਆਂ ਅੰਦਰ ਹੀ 3 ਲੱਖ 50 ਹਜ਼ਾਰ ਬੰਧੂਆ ਬੱਚੇ ਮਜ਼ਦੂਰੀ ਕਰ ਰਹੇ ਹਨ। ਕਰਨਾਟਕ ਦੇ ਇੱਕ ਡਿਪਟੀ ਕਮਿਸ਼ਨਰ ਨੇ ਤਾਂ ਇਹਨਾਂ ਬਾਲ ਗੁਲਾਮਾਂ ਨੂੰ ਮੁਕਤ ਕਰਵਾਉਣ ਦੀ ਥਾਵੇਂ ਉਹਨਾਂ ਲਈ ਰਾਤ ਦੇ ਸਕੂਲ ਦਾ ਵੀ ਪ੍ਰਬੰਧ ਕੀਤਾ ਹੈ। ਮੇਘਾਲਿਆ ਦੀਆਂ ਜੈਂਤੀਆਂ ਪਹਾੜੀਆਂ ਅੰਦਰ  ਜਿੱਥੇ ਅਨੇਕਾਂ ਨਿੱਜੀ ਕੋਲਾ ਖਾਣਾਂ ਹਨ, ਨਾਬਾਲਗ ਗੁਲਾਮਾਂ ਸਮੇਤ ਹਜ਼ਾਰਾਂ ਬੰਧੂਆ ਮਜ਼ਦੂਰ ਹੱਥਾਂ ਨਾਲ ਕੋਲੇ ਦੀ ਖੁਦਾਈ ਕਰਦੇ ਹਨ। ਇਹਨਾਂ ਵਿੱਚੋਂ ਵੱਡਾ ਹਿੱਸਾ ਗੁਆਂਢੀ ਰਾਜਾਂ ਤੋਂ ਤਸਕਰੀ ਰਾਹੀਂ ਲਿਆਂਦੇ ਬੰਧੂਆ ਮਜ਼ਦੂਰਾਂ ਦਾ ਹੁੰਦਾ ਹੈ। ਪਰ ਸਰਕਾਰ ਜਾਂ ਸਥਾਨਕ ਪ੍ਰਸਾਸ਼ਨ ਵੱਲੋਂ ਕਦੇ ਕੋਈ ਕਾਰਵਾਈ ਨਹੀਂ ਕੀਤੀ ਗਈ। 
ਅਮਰੀਕਾ ਦੇ ਕੌਮਾਂਤਰੀ ਕਿਰਤ ਮਾਮਲਿਆਂ ਬਾਰੇ ਬਿਊਰੋ ਨੇ 2012  ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਅੰਦਰ ਭਾਰਤ ਦੇ 5 ਤੋਂ 14 ਸਾਲ ਦੇ 43,71,604 ਬੱਚਿਆਂ ਦੇ ਕੰਮ ਵਿੱਚ ਲੱਗੇ ਹੋਣ ਬਾਰੇ ਦੱਸਿਆ ਗਿਆ ਹੈ। ਕਿਪੋਰਟ ਅਨੁਸਾਰ 69.5 ਫੀਸਦੀ ਬੱਚੇ ਖੇਤੀ ਖੇਤਰ ਅੰਦਰ ਕੰਮ ਵਿੱਚ ਲੱਗੇ ਹੋਏ ਹਨ। ਇਹ ਬੱਚੇ ਝੋਨੇ ਦੀ ਲੁਆਈ, ਕਪਾਹ ਚੁਗਣ, ਭਾਰ ਢੋਣ, ਕੀਟਨਾਸ਼ਕ ਛਿੜਕਣ ਤੇ ਖੇਤੀ ਨਾਲ ਸਬੰਧਤ ਹੋਰ ਕੰਮ ਕਰਦੇ ਹਨ। 13 ਫੀਸਦੀ ਬੱਚੇ ਨਿਰਮਾਣ ਖੇਤਰ ਵਿੱਚ ਕੰਮ ਕਰਦੇ ਹਨ। ਉਹ ਖੁਦਾਈ ਕਰਨ, ਪੱਥਰ ਤੋੜਨ, ਤਰਾਸ਼ਣ, ਪਾਲਸ਼ ਕਰਨ, ਮਾਚਸ਼ਾਂ, ਧੂਫ-ਬੱਤੀਆਂ, ਜੁੱਤੇ, ਕੱਪੜੇ, ਇੱਟਾਂ, ਗਲੀਚੇ, ਤਾਲੇ, ਕੱਚ ਦੀਆਂ ਚੂੜੀਆਂ, ਪਿੱਤਲ ਦੀਆਂ ਵਸਤਾਂ, ਪਟਾਕੇ, ਸਿਗਰਟਾਂ, ਸਿਲਕ, ਚਮੜਾ, ਧਾਗਾ/ਉੱਨ ਬਣਾਉਣ, ਕਢਾਈ ਕਰਨ, ਫੁੱਟਬਾਲ ਸਿਊਣ ਵਰਗੇ ਕੰਮ ਕਰਦੇ ਹਨ। ਹੋਰ 13 ਫੀਸਦੀ ਬੱਚੇ ਸੇਵਾਵਾਂ ਦੇ ਖੇਤਰ ਵਿੱਚ ਹਨ। ਉਹ ਘਰਾਂ, ਹੋਟਲਾਂ, ਚਾਹ-ਦੁਕਾਨਾਂ, ਰੇੜ੍ਹੀਆਂ, ਟੂਰਿਸਟ ਥਾਵਾਂ ਆਦਿ 'ਤੇ ਕੰਮ ਕਰਦੇ ਹਨ। ਬਾਕੀ ਦੇ 4.5 ਫੀਸਦੀ ਬੱਚੇ ਟੂਰਿਸਟ ਥਾਵਾਂ ਜਾਂ ਤੀਰਥ ਸਥਾਨਾਂ 'ਤੇ ਸੈਕਸ ਟੂਰਿਜ਼ਮ ਲਈ ਜਾਂ ਭਿਖਾਰੀਆਂ ਵਜੋਂ ਵਰਤੇ ਜਾਂਦੇ ਹਨ। ਇਸ ਰਿਪੋਰਟ ਅਨੁਸਾਰ 14 ਲੱਖ ਬੱਚੇ ਤੀਰਥ ਸਥਾਨਾਂ ਜਾਂ ਟੂਰਿਸਟ ਥਾਵਾਂ 'ਤੇ ਸਰੀਰਕ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਹਨਾਂ ਅੰਕੜਿਆਂ ਵਿੱਚ ਉਹਨਾਂ ਬਾਲੜੀਆਂ ਦੀ ਗਿਣਤੀ ਸ਼ਾਮਲ ਨਹੀਂ, ਜਿਹਨਾਂ ਨੂੰ ਉੜੀਸਾ, ਬਿਹਾਰ ਜਾਂ ਉੱਤਰੀ ਪੂਰਬੀ ਰਾਜਾਂ ਤੋਂ ਜਬਰੀ ਵਿਆਹ ਕੇ ਜਾਂ ਖਰੀਦ  ਕੇ ਪੰਜਾਬ, ਹਰਿਆਣਾ, ਦਿੱਲੀ ਵਰਗੇ ਸੂਬਿਆਂ ਵਿੱਚ ਲਿਆਂਦਾ ਜਾਂਦਾ ਹੈ ਤੇ ਕੁੱਝ ਦੇਰ ਬਾਅਦ ਵੇਸਵਾਗਮਨੀ ਦੇ ਅੰਨ੍ਹੇ ਖੂਹ ਵਿੱਚ ਧੱਕਾ ਦੇ ਦਿੱਤਾ ਜਾਂਦਾ ਹੈ। 
ਭਾਰਤ ਅੰਦਰ ਬੰਧੂਆ ਮਜ਼ਦੂਰੀ ਦਾ ਸਭ ਤੋਂ ਵੱਡਾ ਸੋਮਾ ਕਰਜ਼ਾ ਹੈ। ਭਾਰਤ ਦੇ ਪਛੜੇ ਖੇਤੀ ਪ੍ਰਬੰਧ ਅੰਦਰ ਸਰਕਾਰੀ ਸਹਾਇਤਾ ਦੀ ਅਣਹੋਂਦ ਖੁਣੋਂ ਗਰੀਬ ਕਿਸਾਨਾਂ ਮਜ਼ਦੂਰਾਂ ਨੂੰ ਅਕਸਰ ਪਿੰਡ ਦੇ ਜਾਗੀਰਦਾਰਾਂ, ਧਨਾਢਾਂ ਅੱਗੇ ਕਰਜ਼ੇ ਲਈ ਹੱਥ ਅੱਡਣਾ ਪੈਂਦਾ ਹੈ। ਇਹਨਾਂ ਕਰਜ਼ਿਆਂ ਦਾ ਸਾਲਾਨਾ ਵਿਆਜ ਹੀ ਅਕਸਰ ਮੁਲ ਤੋਂ ਟੱਪ ਜਾਂਦਾ ਹੈ। ਉਮਰ ਭਰ ਦੀ ਮੁਸ਼ੱਕਤ ਵੀ ਜਦ ਇਹਨਾਂ ਕਰਜ਼ਿਆਂ ਨੂੰ ਲਾਹੁਣ ਤੋਂ ਅਸਮਰਥ ਨਿੱਬੜਦੀ ਹੈ ਤਾਂ ਇਹ ਕਰਜ਼ੇ ਅਗਲੀ ਪੀੜ੍ਹੀ ਦੀ ਵਿਰਾਸਤ ਬਣ ਜਾਂਦੇ ਹਨ। ਪੀੜ੍ਹੀਆਂ ਲਈ ਪੂਰੇ ਦੇ ਪੂਰੇ ਪਰਿਵਾਰ ਕਰਜ਼ੇ ਦੇ ਚੱਕਰਵਿਊ 'ਚ ਫਸ ਕੇ ਰਹਿ ਜਾਂਦੇ ਹਨ।  ਇਹ ਕਰਜ਼ਾ ਬੰਧੂਆ ਗੁਲਾਮੀ ਰਾਹੀਂ ਮਨੁੱਖਾ ਹੱਡਾਂ 'ਚੋਂ ਕੱਢਿਆ ਜਾਂਦਾ ਹੈ। ਪੂਰੇ ਦੇ ਪੂਰੇ ਪਰਿਵਾਰਾਂ ਦੀ ਕਿਰਤ ਸ਼ਕਤੀ ਜਾਗੀਰਦਾਰਾਂ ਅਤੇ ਸੂਦਖੋਰ ਸ਼ਾਹੂਕਾਰਾਂ ਦੀ ਸੰਪਤੀ ਬਣ ਕੇ ਰਹਿ ਜਾਂਦੀ ਹੈ। ਇਹ ਉਹ ਬਦਨਸੀਬ ਪਰਿਵਾਰ ਹਨ, ਜਿਹਨਾਂ ਦੇ ਬੱਚੇ ਜੰਮਦੇ ਹੀ ਸੀਰੀ ਹੁੰਦੇ ਹਨ। ਇਹ ਮਿਹਨਤਕਸ਼ ਲੋਕਾਂ ਦਾ ਉਹ ਹਿੱਸਾ ਹੈ, ਜੀਹਨੂੰ ਕਰਜ਼ੇ ਬਦਲੇ ਆਪਣੇ ਦਿਲ ਦੇ ਟੋਟੇ ਵੇਚਣੇ ਪੈਂਦੇ ਹਨ ਤੇ ਇਹ ਨਿੱਕੜੀਆਂ ਜਿੰਦਾਂ ਬਿਨਾ ਮਿਹਨਤਾਨਿਉਂ ਜਾਂ ਨਾਮਾਤਰ ਪੈਸਿਆਂ 'ਤੇ ਉਮਰ ਭਰ ਦਾ ਗੋਲਪੁਣਾ ਕਰਨ ਲਈ ਸਰਾਪੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਬਹੁਤਿਆਂ ਦੀ ਤਾਂ ਸਰਕਾਰੀ ਤੌਰ 'ਤੇ ਹੋਂਦ ਵੀ ਨਹੀਂ ਹੁੰਦੀ। ਜਨਮ ਵੇਲੇ ਰਜਿਸਟਰੇਸ਼ਨ ਜਾਂ ਪਛਾਣ ਪੱਤਰ ਨਾ ਹੋਣ ਕਰਕੇ ਬਹੁਤ ਵੱਡਾ ਹਿੱਸਾ ਸਰਕਾਰੀ ਮਸ਼ੀਨਰੀ ਲਈ ਅਣਹੋਇਆ ਹੀ ਜਿਉਂਦਾ ਹੈ। ਰਿਹਾਇਸ਼ੀ ਸਬੂਤਾਂ 'ਤੇ ਨਿਰਭਰ ਰਾਸ਼ਣ ਕਾਰਡ ਇਹਨਾਂ ਲਈ ਨਹੀਂ ਬਣਦੇ। ਸਭਨਾਂ ਨਾਮ-ਨਿਹਾਦ ਸਹੂਲਤਾਂ ਜਾਂ ਨਰੇਗਾ ਵਰਗੀਆਂ ਸਕੀਮਾਂ, ਸਿਹਤ ਯੋਜਨਾਵਾਂ ਤੇ ਸੁਰੱਖਿਆ ਤੋਂ ਪਾਸੇ ਜਿਉਂਦੇ ਇਹ ਕਿਰਤੀ ਪੂਰੀ ਤਰ੍ਹਾਂ ਮਾਲਕਾਂ ਦੇ ਰਹਿਮੋਕਰਮ 'ਤੇ ਨਿਰਭਰ ਹਨ। ਅਨੇਕਾਂ ਥਾਵਾਂ 'ਤੇ ਇਹਨਾਂ ਬੰਧੂਆ ਕਿਰਤੀਆਂ ਨੂੰ ਸੰਗਲਾਂ ਨਾਲ ਨੂੜ ਕੇ ਰੱਖਣ ਦੀਆਂ ਖਬਰਾਂ ਵੀ ਨਸ਼ਰ ਹੋਈਆਂ ਹਨ। ਅਮਰੀਕੀ ਰਾਜ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਵਿੱਚ ਵੀ ਕਿਹਾ ਗਿਆ ਹੈ ਕਿ ਭਾਰਤ ਅੰਦਰ ਬੰਧੂਆ ਮਜ਼ਦੂਰਾਂ ਦਾ 90 ਫੀਸਦੀ ਹਿੱਸਾ ਪੇਂਡੂ ਇਲਾਕਿਆਂ 'ਚੋਂ ਆਇਆ ਹੈ। ਰਿਪੋਰਟ ਅਨੁਸਾਰ ਦਲਿਤਾਂ ਤੇ ਗਰੀਬਾਂ ਦੀਆਂ ਜ਼ਮੀਨਾਂ ਤੇ ਹੋਰਨਾਂ ਸਾਧਨਾਂ ਉੱਪਰ ਉੱਚ-ਜਾਤੀ ਦੇ ਜਾਗੀਰਦਾਰਾਂ ਤੇ ਠੇਕੇਦਾਰਾਂ ਵੱਲੋਂ ਧੱਕੇ ਨਾਲ ਕੀਤੇ ਕਬਜ਼ੇ ਪੀੜਤਾਂ ਨੂੰ ਬੰਧੂਆ ਮਜ਼ਦੂਰ ਬਣਾ ਦਿੰਦੇ ਹਨ। ਅਨੇਕਾਂ ਬਦਨਸੀਬ ਅਜਿਹੇ ਹੁੰਦੇ ਹਨ, ਜਿਹੜੇ ਆਪਣੇ ਹੀ ਜੱਦੀ ਪਿੰਡਾਂ ਅੰਦਰ ਕੈਦੀ ਬਣਕੇ ਰਹਿ ਜਾਂਦੇ ਹਨ। ਵੱਡੇ ਹਿੱਸੇ ਦੀ ਬੰਧੂਆ ਮਜ਼ਦੂਰਾਂ ਵਜੋਂ ਭਾਰਤ ਵਿੱਚ ਇੱਕ ਤੋਂ ਦੂਜੀ ਥਾਂ ਤਸਕਰੀ ਹੁੰਦੀ  ਹੈ।
ਖੇਤਾਂ, ਇੱਟਾਂ ਦੇ ਭੱਠਿਆਂ, ਖਾਣਾਂ, ਘਰਾਂ, ਹੋਟਲਾਂ ਤੇ ਹੋਰ ਸਭਨਾਂ ਥਾਵਾਂ 'ਤੇ ਕੰਮ ਕਰਨ ਵਾਲੇ ਇਹਨਾਂ ਬਾਲ ਮਜ਼ਦੂਰਾਂ ਤੋਂ 12 ਤੋਂ 15 ਘੰਟੇ ਤੱਕ ਸਖਤ ਕੰਮ ਲਿਆ ਜਾਂਦਾ ਹੈ। ਨਿੱਤ ਦਿਨ ਕੁੱਟਮਾਰ ਤੇ ਗਾਲੀ-ਗਲੋਚ ਝੱਲਣਾ ਇਹਨਾਂ ਦੇ ਕੰਮ ਦਾ ਹਿੱਸਾ ਹੈ। ਖੁਰਾਕ, ਸਫਾਈ, ਸਿਹਤ ਤੇ ਸੁਰੱਖਿਆ ਪੱਖੋਂ ਹਾਲਤਾਂ ਬਿਆਨੋਂ ਬਾਹਰੀ ਹੱਦ ਤੱਕ ਮਾੜੀਆਂ ਹਨ। ਸਿਲਕ ਇੰਡਸਟਰੀ 'ਚੋਂ ਬੰਧੂਆ ਵਜੋਂ ਛੁਡਾਈ ਗਈ ਇੱਕ 12 ਸਾਲਾ ਬੱਚੀ ਨੇ ਪੱਤਰਕਾਰਾਂ ਨੂੰ ਆਪਣੇ ਗਲੇ ਹੋਏ ਹੱਥ ਦਿਖਾਏ, ਜੀਹਨਾਂ ਨਾਲ ਉਹ ਗਰਮ ਪਾਣੀ 'ਚੋਂ ਕੋਕੂਨ (ਰੇਸ਼ਮ ਦਾ ਕੀੜਾ) ਕੱਢਦੀ ਸੀ। ਨਿਰੰਤਰ ਪਾਣੀ ਵਿੱਚ ਰਹਿਣ ਕਰਕੇ ਇੱਕ ਹੋਰ ਅੱਠ ਸਾਲਾ ਲੜਕੇ ਦੇ ਪੈਰਾਂ ਦਾ ਮਾਸ ਅੱਡ ਹੋ ਗਿਆ ਸੀ। ਹੀਰੇ ਤੇ ਕੀਮਤੀ ਪੱਥਰਾਂ ਦੀ ਪਾਲਸ਼ ਦਾ ਕੰਮ ਕਰਨ ਵਾਲੇ ਬੱਚੇ ਰੋਜ਼ ਜ਼ਹਿਰੀਲੇ ਰਸਾਇਣ ਵਰਤਦੇ ਹਨ ਤੇ ਵਿਸ਼ੈਲੀ ਹਵਾ 'ਚ ਸਾਹ ਲੈਂਦੇ ਹਨ। ਵੱਡੀ ਗਿਣਤੀ ਸਨਅੱਤਾਂ ਵਿੱਚ ਬੱਚਿਆਂ ਨੂੰ ਭਾਰੀਆਂ ਤੇ ਖਤਰਨਾਕ ਮਸ਼ੀਨਾਂ ਵਰਤਣੀਆਂ ਪੈਂਦੀਆਂ ਹਨ। ਬੰਧੂਆ ਬਾਲ ਮਜ਼ਦੂਰੀ ਦੇ ਸਿਰ 'ਤੇ ਚੱਲਦੀਆਂ ਸਨਅੱਤਾਂ ਅੰਦਰ ਵੱਡੀ ਗਿਣਤੀ ਬੱਚਿਆਂ ਨੂੰ ਘਰ-ਨੁਮਾ ਫੈਕਟਰੀਆਂ ਅੰਦਰ ਭੀੜੇ, ਅੱਤ ਦੇ ਗੰਦੇ ਤੇ ਨਾਮਾਤਰ ਰੌਸ਼ਨੀ ਵਾਲੇ ਕਮਰਿਆਂ ਵਿੱਚ ਤਾੜ ਕੇ ਰੱਖਿਆ ਜਾਂਦਾ ਹੈ। ਸਾਹ ਦੀਆਂ ਬਿਮਾਰੀਆਂ, ਟੀ.ਬੀ., ਫੇਫੜਿਆਂ ਦੇ ਰੋਗ ਇਹਨਾਂ ਬੱਚਿਆਂ ਵਿੱਚ ਆਮ ਹੀ ਪਾਏ ਜਾਂਦੇ ਹਨ। ਇਹਨਾਂ ਅਲਾਮਤਾਂ ਦਾ ਖਾਜਾ ਬਣੇ ਅਨੇਕਾਂ ਬੱਚੇ ਜਵਾਨੀ ਦੀ ਦਹਿਲੀਜ਼ ਚੜ੍ਹਨ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ। ਕਿਰਤ ਕਾਨੂੰਨ ਤੇ ਸੁਰੱਖਿਆ ਕਾਨੂੰਨ ਬੰਧੂਆ ਲੋਕਾਂ 'ਤੇ ਲਾਗੂ ਨਹੀਂ ਹੁੰਦੇ। ਭਾਰੀ ਮਸ਼ੀਨਰੀ ਵਰਤਦੇ ਹੋਏ ਜਾਂ ਕਿਸੇ ਹੋਰ ਐਕਸੀਡੈਂਟ ਰਾਹੀਂ ਹੋਣ ਵਾਲੀਆਂ ਮੌਤਾਂ ਤੋਂ ਬਾਅਦ ਕੋਈ ਮੁਆਵਜਾ ਨਹੀਂ ਮਿਲਦਾ। ਇਹਨਾਂ ਮਾਸੂਮ ਬੱਚਿਆਂ ਨੂੰ ਅਕਸਰ ਹੀ ਠੇਕੇਦਾਰਾਂ ਤੇ ਮਾਲਕਾਂ ਵੱਲੋਂ ਸਰੀਰਕ ਸੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਮਨੁੱਖੀ ਤਸਕਰੀ ਸਬੰਧੀ ਅਮਰੀਕੀ ਰਿਪੋਰਟ ਵਿੱਚ ਵੀ ਨੋਟ ਕੀਤਾ ਗਿਆ ਹੈ ਕਿ ਬੰਧੂਆ ਮਜ਼ਦੂਰੀ ਅੰਦਰ ਸਰੀਰਕ ਹਿੰਸਾ ਤੇ ਸੈਕਸ ਸੋਸ਼ਣ ਆਮ ਲੱਛਣ ਹੈ। ਇਸ ਰਿਪੋਰਟ ਅਨੁਸਾਰ ਦਿੱਲੀ ਦੇ ਘਰਾਂ 'ਚੋਂ ਛੁਡਾਏ ਬੰਧੂਆ ਬੱਚਿਆਂ 'ਚੋਂ 20 ਫੀਸਦੀ ਨੇ ਆਪਣਾ ਸਰੀਰਕ ਸੋਸ਼ਣ ਹੋਣ ਦੀ ਗੱਲ ਕਬੂਲੀ ਹੈ। ਖੇਤੀ ਖੇਤਰ ਅੰਦਰ ਜਿੱਥੇ ਬਾਲ ਬੰਧੂਆ ਮਜ਼ਦੂਰਾਂ ਦੀ ਮੁੱਖ ਗਿਣਤੀ ਕੰਮ ਵਿੱਚ ਲੱਗੀ ਹੋਈ ਹੈ, ਉੱਥੇ ਕੰਮ ਹਾਲਤਾਂ ਹੋਰ ਵੀ ਬਦਤਰ ਹਨ। ਕਈ ਵਾਰ ਤਾਂ ਦਿਨ ਰਾਤ ਹੱਢ ਭੰਨਵੀਂ ਮੁਸ਼ੱਕਤ ਦੀ ਮਜ਼ਦੂਰੀ ਦੋ ਡੰਗ ਦੀ ਰੋਟੀ ਤੇ ਸਾਲ ਭਰ ਵਿੱਚ ਇੱਕ ਜੋੜੀ ਕੱਪੜਿਆਂ ਤੋਂ ਵੱਧ ਨਹੀਂ ਹੁੰਦੀ। 
ਸੋ ਸਰਕਾਰੀ ਪ੍ਰਬੰਧ ਬਾਲ ਗੁਲਾਮਾਂ ਦੀ ਹੋਂਦ ਤੋਂ ਹੀ ਇਨਕਾਰੀ ਹੈ, ਸਰਕਾਰੀ ਅਫਸਰ ਬਾਲ ਗੁਲਾਮਾਂ ਦੀ ਤਸਕਰੀ ਵਿੱਚ ਮੱਦਦ ਕਰਦੇ ਹਨ। ਵੇਸ਼ਵਾਗਮਨੀ ਦੇ ਅੱਡੇ ਚਲਾਉਣ ਵਾਲਿਆਂ, ਠੇਕੇਦਾਰਾਂ ਤੇ ਤਸਕਰਾਂ ਦੇ ਇਤਲਾਹੀਏ ਹਨ, ਉਹਨਾਂ ਤੋਂ ਰਿਸ਼ਵਤਾਂ ਲੈਂਦੇ ਹਨ ਤੇ ਕਾਨੂੰਨੀ ਕਾਰਵਾਈ ਤੋਂ ਬਚਾ ਕੇ ਰੱਖਦੇ ਹਨ। ਅਨੇਕਾਂ ਥਾਈਂ ਪੁਲਸ ਤੇ ਉੱਚ ਅਧਿਕਾਰੀ ਆਪ ਵੀ ਇਹਨਾਂ ਮਾਸੂਮ ਪੀੜਤਾਂ ਦਾ ਸੋਸ਼ਣ ਕਰਦੇ ਹਨ। ਹਰਿਆਣੇ ਵਿੱਚ 'ਆਪਣਾ ਘਰ' ਇਹਦੀ ਉਦਾਹਰਣ ਹੈ, ਜਿੱਥੇ ਪੀੜਤ ਔਰਤਾਂ ਤੇ ਬੱਚਿਆਂ ਨੂੰ ਰੱਖਿਆ ਗਿਆ ਸੀ। ਪੁਲਸ ਨੇ ਇਹਨਾਂ ਪੀੜਤਾਂ ਦਾ ਬਲਾਤਕਾਰ ਕੀਤਾ ਤੇ ਸਬੂਤ ਮਿਟਾਏ। ਇਸ ਸਬੰਧੀ ਚੱਲੀ ਸਰਕਾਰੀ ਛਾਣਬੀਣ ਤੇ ਕਾਰਵਾਈ ਦੀ ਕੋਈ ਸੂਚਨਾ ਨਹੀਂ ਮਿਲੀ। ਅਕਤੂਬਰ 2012 'ਚ ਦਿੱਲੀ ਪੁਲਸ ਦੇ ਔਰਤਾਂ ਤੇ ਬੱਚਿਆਂ ਦੀ ਸੁਰੱਖਿਆ ਲਈ ਸਪੈਸ਼ਲ ਯੂਨਿਟ ਨੇ 14 ਸਾਲ ਤੋਂ ਛੋਟੀ ਉਮਰ ਦੇ ਬੰਧੂਆ ਨੌਕਰ ਲੱਭਣ ਲਈ ਪੁਲਸ ਅਧਿਕਾਰੀਆਂ ਦੇ ਘਰਾਂ ਵਿੱਚ ਛਾਪੇ ਮਾਰਨ ਦਾ ਐਲਾਨ ਕੀਤਾ ਸੀ। ਪਰ ਅਜਿਹੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। 
ਉਪਰੋਕਤ ਵਰਨਣ ਭਾਰਤ ਦੇ ਕਮਾਊ ਲੋਕਾਂ ਦੇ ਬੱਚਿਆਂ ਦੀ ਦੁਰਦਸ਼ਾ ਤੇ ਦੁਰਗਤੀ ਦੀ ਤਸਵੀਰ ਦੀ ਮਹਿਜ਼ ਇੱਕ ਝਲਕ ਹੈ। ਬੱਚਿਆਂ ਦੀ ਦੁਰਗਤੀ ਦੀ ਕੁੱਲ ਤਸਵੀਰ ਬੇਹੱਦ ਭਿਆਨਕ ਤੇ ਦਿਲ-ਕੰਬਾਊ ਹੈ। ਜਿਹੜੀ ਸਾਮਰਾਜੀਆਂ ਮੂਹਰੇ ਪੂਛ ਹਿਲਾਉਂਦੇ ਭਾਰਤੀ ਹਾਕਮਾਂ ਦੀ ਰਾਖਸ਼ੀ ਬਿਰਤੀ ਅਤੇ ਨਿਰਦਈਪੁਣੇ ਦੀ ਮੁੰਹ ਬੋਲਦੀ ਗਵਾਹ ਬਣਦੀ ਹੈ। 
ਸੋ, 14 ਨਵੰਬਰ ਦਾ ਦਿਨ ਭਾਰਤ ਦੇ ਲੁੱਟੇ-ਪੁੱਟੇ ਅਤੇ ਦੱਬੇ-ਕੁਚਲੇ ਲੋਕਾਂ ਦੇ ਬੱਚਿਆਂ ਲਈ ਕੋਈ ਸੁਭਾਗਾ ਦਿਨ ਨਹੀਂ ਹੈ। ਇਹ ਭਾਰਤੀ ਹਾਕਮ ਜਮਾਤਾਂ ਲਈ ਸੁਭਾਗਾ ਦਿਨ ਹੈ। ਕਿਉਂਕਿ, ਇਸ ਦਿਨ ਸਾਮਰਾਜੀ ਦਲਾਲ ਸਿਆਸੀ ਜੁੰਡਲੀ ਦੇ ਇੱਕ ਸਿਰਕੱਢ ਮੋਹਰੀ ਜਵਾਹਰ ਲਾਲ ਨਹਿਰੂ ਦਾ ਜਨਮ ਹੋਇਆ ਸੀ, ਜਿਸਨੇ ਮੁਲਕ ਅੰਦਰ ਗਰੀਬੀ, ਭੁੱਖਮਰੀ, ਜਲਾਲਤ, ਲੁੱਟ-ਖੋਹ, ਦਾਬੇ, ਵਿਤਕਰੇ ਅਤੇ ਜਬਰੋ-ਜ਼ੁਲਮ ਨੂੰ ਕਾਇਮ ਰੱਖਣ ਵਾਲੇ ਪਿਛਾਖੜੀ ਰਾਜਭਾਗ ਦੀ ਸਿਆਸੀ ਵਾਗਡੋਰ ਸੰਭਾਲੀ ਸੀ ਅਤੇ ਜਿਸਨੇ ਭਾਰਤ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀਆਂ ਨੀਤੀਆਂ ਘੜਨ ਤੇ ਲਾਗੂ ਕਰਨ 'ਚ ਮੋਹਰੀ ਭੂਮਿਕਾ ਨਿਭਾਈ ਸੀ। 
੦-੦

No comments:

Post a Comment