ਕਿਸਾਨ ਤੇ ਖੇਤ ਮਜ਼ਦੂਰ ਧਰਨਿਆਂ ਦੀ ਸਫਲਤਾ ਅਤੇ ਹਕੂਮਤ ਦੀ ਬੁਖਲਾਹਟ
-ਪੱਤਰਕਾਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜ਼ਮੀਨ ਪ੍ਰਾਪਤੀ, ਕਰਜ਼ਿਆਂ ਤੋਂ ਮੁਕਤੀ, ਖੁਦਕੁਸ਼ੀ ਪੀੜਤਾਂ ਲਈ ਮੁਆਵਜਾ ਤੇ ਨੌਕਰੀ ਦੇਣ ਤੇ ਰੁਜ਼ਗਾਰ ਅਤੇ ਖਾਧ-ਖੁਰਾਕ ਦੀ ਸਭਨਾਂ ਬੇਜ਼ਮੀਨਿਆਂ ਤੇ ਥੁੜ੍ਹ-ਜ਼ਮੀਨਿਆਂ ਲਈ ਗਾਰੰਟੀ ਆਦਿ ਮੁੱਦਿਆਂ ਨੂੰ ਲੈ ਕੇ ਚਲਾਈ ਜਾ ਰਹੀ ਜੱਦੋਜਹਿਦ ਲਗਾਤਾਰ ਅੱਗੇ ਵਧ ਰਹੀ ਹੈ। ਖਾਸ ਕਰਕੇ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ ਅਤੇ ਖੁਦਕੁਸ਼ੀ ਪੀੜਤਾਂ ਨਾਲ ਜੁੜੇ ਮੁੱਦੇ ਜ਼ੋਰ ਨਾਲ ਉੱਭਰ ਕੇ ਅੱਗੇ ਆ ਰਹੇ ਹਨ ਅਤੇ ਇਹਨਾਂ ਹਿੱਸਿਆਂ ਲਈ ਇਹ ਜੱਦੋਜਹਿਦ ਆਸ ਦੀ ਕਿਰਨ ਬਣ ਰਹੀ ਹੈ। ਉਹਨਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਨਵੇਂ ਨਵੇਂ ਹਿੱਸੇ ਸ਼ਾਮਲ ਹੋ ਰਹੇ ਤੇ ਵਧ ਰਹੇ ਹਨ। ਪਹਿਲਾਂ 8 ਅਗਸਤ ਨੂੰ ਇਹਨਾਂ ਮੁੱਦਿਆਂ 'ਤੇ ਮਿਲੇ ਜਨਤਕ ਵਫਦਾਂ ਮੌਕੇ ਇਹਨਾਂ ਹਿੱਸਿਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਦੀ ਬਦੌਲਤ ਇਹ ਵਫਦ ਸੈਂਕੜੇ-ਹਜ਼ਾਰਾਂ ਦੀ ਗਿਣਤੀ ਵਾਲੇ ਵੱਡੇ ਰੋਸ ਧਰਨਿਆਂ ਦਾ ਹੀ ਰੂਪ ਧਾਰਨ ਕਰ ਗਏ ਸਨ। (ਇਹ ਰਿਪੋਰਟ ਪਿਛਲੇ ਅੰਕ ਵਿੱਚ ਛਪ ਚੁੱਕੀ ਹੈ।) ਹੁਣ 16 ਸਤੰਬਰ ਨੂੰ ਡੀ.ਸੀ. ਦਫਤਰਾਂ ਅੱਗੇ ਦਿੱਤੇ ਗਏ ਪੈਰਵਾਈ ਧਰਨਿਆਂ ਸਮੇਂ ਇਹ ਹੁੰਗਾਰਾ ਹੋਰ ਵੀ ਵਿਆਪਕ ਰੂਪ ਵਿੱਚ ਸਾਹਮਣੇ ਆਇਆ ਹੈ। ਇਹਨਾਂ ਯੂਨੀਅਨਾਂ ਵੱਲੋਂ ਕੀਤੀ ਗਈ ਤਿਆਰੀ ਤੋਂ ਇਲਾਵਾ ਪਿੰਡਾਂ ਦੇ ਆਮ ਕਿਸਾਨਾਂ-ਮਜ਼ਦੂਰਾਂ ਵੱਲੋਂ ਆਪ-ਮੁਹਾਰੇ ਹੀ ਦੂਰ-ਦੁਰਾਡੇ ਬੈਠੇ ਪੀੜਤ ਰਿਸ਼ਤੇਦਾਰਾਂ ਨੂੰ ਸੁਨੇਹੇ ਲਾ ਕੇ ਧਰਨਿਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਗਿਆ। ਅਨੇਕਾਂ ਨਵੇਂ ਪਿੰਡਾਂ ਵਿੱਚ ਮੀਟਿੰਗਾਂ, ਰੈਲੀਆਂ ਦਾ ਪ੍ਰਬੰਧ ਕਰਵਾਇਆ ਗਿਆ। ਅਣਗਿਣਤ ਨਵੀਆਂ ਥਾਵਾਂ ਤੋਂ ਖੁਦਕੁਸ਼ੀ ਪੀੜਤਾਂ ਨੇ ਆਗੂਆਂ ਨੂੰ ਫੋਨ ਕੀਤੇ। ਧਰਨੇ ਵਿੱਚ ਸ਼ਾਮਲ ਹੋਣ ਬਾਬਤ ਕਿਵੇਂ, ਕਿੱਥੇ ਤੇ ਕਦੋਂ ਪਹੁੰਚਣ ਬਾਰੇ ਪੁੱਛਿਆ ਗਿਆ ਹੈ। ਇੱਥੋਂ ਤੱਕ ਕਿ ਕੁਝ ਥਾਈਂ ਪਿੰਡਾਂ ਵਿੱਚ ਬੈਠੇ ਹੁਕਮਰਾਨ ਅਕਾਲੀ ਦਲ ਦੇ ਨੁਮਾਇੰਦੇ ਵੀ ਆਪਣੇ ਨੇੜਲਿਆਂ ਦੇ ਕੇਸ ਦਰਜ਼ ਕਰਵਾਉਣ ਤੇ ਧਰਨੇ ਵਿੱਚ ਪੁਚਾਉਣ ਲਈ ਕਿਸਾਨ ਆਗੂਆਂ ਕੋਲ ਪਹੁੰਚ ਕਰਦੇ ਦੇਖੇ ਗਏ। ਕੁੱਲ ਮਿਲਾ ਕੇ ਇਹਨਾਂ ਮੁੱਦਿਆਂ 'ਤੇ ਧਰਨਿਆਂ ਦਾ ਵਿਆਪਕ ਪੱਧਰ 'ਤੇ ਪ੍ਰਚਾਰ-ਪ੍ਰਸਾਰ ਹੋਇਆ ਹੈ।
ਸਿੱਟੇ ਵਜੋਂ 16 ਸਤੰਬਰ ਨੂੰ 9 ਜ਼ਿਲ੍ਹਿਆਂ ਦੇ ਡੀ.ਸੀ. ਦਫਤਰਾਂ ਅੱਗੇ ਦਿੱਤੇ ਧਰਨਿਆਂ ਵਿੱਚ ਇਹਨਾਂ ਯੂਨੀਅਨਾਂ ਦੇ ਆਪਣੇ ਪਹਿਲੇ ਆਧਾਰ ਦੀ ਬਜਾਏ ਨਵੇਂ ਹਿੱਸਿਆਂ ਤੇ ਨਵੇਂ ਪਿੰਡਾਂ 'ਚੋਂ ਭਾਰੀ ਸ਼ਮੂਲੀਅਤ ਹੋਈ ਹੈ। ਇਸ ਤੋਂ ਅੱਗੇ ਇਹਨਾਂ ਧਰਨਿਆਂ ਵਿੱਚ ਹਜ਼ਾਰਾਂ ਔਰਤਾਂ ਦੀ ਸ਼ਮੂਲੀਅਤ ਤੇ ਉਹਨਾਂ ਦੇ ਹੱਥਾਂ ਵਿੱਚ ਕਰਜ਼ੇ ਤੇ ਗਰੀਬੀ ਦੇ ਦੁੱਖੋਂ ਖੁਦ ਹੀ ਮੌਤ ਨੂੰ ਗਲੇ ਲਾ ਕੇ ਤੁਰ ਜਾਣ ਵਾਲਿਆਂ ਦੀਆਂ ਚੁੱਕੀਆਂ ਤਸਵੀਰਾਂ ਮਾਹੌਲ ਨੂੰ ਵਿਲੱਖਣ ਤੇ ਜਜ਼ਬਾਤੀ ਰੰਗਤ ਦੇ ਰਹੀਆਂ ਸਨ। ਉਹਨਾਂ ਦੇ ਚਿਹਰਿਆਂ 'ਤੇ ਛਾਏ ਗ਼ਮ ਦੇ ਪ੍ਰਛਾਵੇਂ ਤੇ ਅੱਖਾਂ ਦੀ ਉਦਾਸੀ ਉਹਨਾਂ ਦੇ ਅਮੁੱਕ ਦੁੱਖਾਂ ਦੀ ਵੇਦਨਾ ਕਹਿ ਰਹੀ ਸੀ। ਪਰ ਨਾਲ ਹੀ ਤਣੇ ਹੋਏ ਮੁੱਕਿਆਂ ਤੇ ਬੋਲਾਂ 'ਚੋਂ ਫੁੱਟਦੇ ਜੋਸ਼ੀਲੇ ਨਾਹਰੇ ਹਕੂਮਤ ਨੂੰ ਫਿੱਟਲਾਹਣਤਾਂ ਪਾ ਰਹੇ ਸਨ ਤੇ ਆਪਣੇ ਹੱਕਾਂ ਲਈ ਵੰਗਾਰ ਬਣ ਰਹੇ ਸਨ। ਇਹਨਾਂ ਧਰਨਿਆਂ ਵਿੱਚ ਜੁੜੇ ਇਹ ਭਾਰੀ ਇਕੱਠ ਨਾ ਸਿਰਫ ਕਰਜ਼ੇ ਤੇ ਖੁਦਕੁਸ਼ੀਆਂ ਦੀ ਸਮੱਸਿਆ ਦੀ ਵਿਸ਼ਾਲਤਾ ਤੇ ਗੰਭੀਰਤਾ ਨੂੰ ਹੀ ਉਭਾਰ ਕੇ ਪੇਸ਼ ਕਰ ਰਹੇ ਸਨ ਸਗੋਂ ਹਕੂਮਤ ਦੇ ਦਬਾਅ ਹੇਠ ਹੋਣ ਦਾ ਵੀ ਸੰਕੇਤ ਦੇ ਰਹੇ ਸਨ। ਇਹ ਹਕੂਮਤ 'ਤੇ ਵਧ ਰਹੇ ਦਬਾਅ ਦਾ ਹੀ ਇਜ਼ਹਾਰ ਸੀ ਕਿ ਜਿਸ ਬਠਿੰਡੇ ਦੇ ਡੀ.ਸੀ. ਕੰਪਲੈਕਸ ਅੱਗੇ ਤਾਂ ਕੀ ਸ਼ਹਿਰ ਵਿੱਚ ਹੀ ਧਰਨਿਆਂ-ਮੁਜਾਹਰਿਆਂ 'ਤੇ ਪਾਬੰਦੀਆਂ ਮੜ੍ਹ ਕੇ ਪੁਲਸ ਬੇਰੁਜ਼ਗਾਰ ਨੌਜਵਾਨ ਮੁੰਡਿਆਂ ਨੂੰ ਡਾਂਗਾਂ ਨਾਲ ਝੰਬਦੀ ਤੇ ਕੁੜੀਆਂ ਨੂੰ ਗੁੱਤਾਂ ਤੋਂ ਫੜ ਕੇ ਘੜੀਸਦੀ ਦੇਖੀ ਜਾਂਦੀ ਹੈ, ਅੱਜ ਉਹ ਪੁਲਸ ਤੇ ਪ੍ਰਸਾਸ਼ਨ ਇਸ ਧਰਨੇ ਲਈ ਡੀ.ਸੀ. ਦਫਤਰ ਤੇ ਉਹਦੇ ਘਰ ਦੇ ਮੂਹਰੇ ਪੈਂਦੀ ਸੜਕ 'ਤੇ ਖੁਦ ਥਾਂ ਦਾ ਪ੍ਰਬੰਧ ਕਰਦਾ ਫਿਰਦਾ ਸੀ। ਕੁੱਲ ਮਿਲਾ ਕੇ ਇਹ ਪ੍ਰਦਰਸ਼ਨ ਮਸਲੇ ਦੀ ਚੋਭ ਤੇ ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀ ਦੀ ਦਰੁਸਤ ਪਹੁੰਚ ਦਾ ਇਜ਼ਹਾਰ ਹੋ ਨਿੱਬੜਿਆ।
ਇਹਨਾਂ ਧਰਨਿਆਂ ਨੇ ਜਿੱਥੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਭਾਰੀ ਉਤਸ਼ਾਹ ਵਧਾਇਆ ਹੈ ਅਤੇ ਹਕੂਮਤ 'ਤੇ ਦਬਾਅ ਨੂੰ ਬਣਾਇਆ ਹੈ, ਉੱਥੇ ਹਕੂਮਤ ਨੂੰ ਵਿਹੁ ਵੀ ਚਾੜ੍ਹੀ ਹੈ। ਉਹ ਆਨੇ-ਬਹਾਨੇ ਇਹਨਾਂ ਜਥੇਬੰਦੀਆਂ 'ਤੇ ਸੱਟ ਮਾਰਨ ਦੀ ਤਾਕ ਵਿੱਚ ਸੀ ਤਾਂ ਜੋ ਆ ਰਹੇ ਨਵੇਂ ਹਿੱਸਿਆਂ ਨੂੰ ਢੈਲੇ ਪਾ ਦਿੱਤਾ ਜਾਵੇ। ਆਪਣੀ ਇਸੇ ਨੀਤੀ ਤਹਿਤ ਉਸਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਿਜਲੀ ਮੀਟਰ ਬਾਹਰ ਕੱਢਣ ਦੀ ਗੈਰ-ਕਾਨੂੰਨੀ ਤੇ ਧੱਕੜ ਕਾਰਵਾਈ ਦਾ ਵਿਰੋਧ ਕਰਦੇ ਕਿਸਾਨਾਂ 'ਤੇ ਨਿਸ਼ਾਨਾ ਸੇਧ ਦਿੱਤਾ। ਲਾਠੀਚਾਰਜ ਕਰਕੇ 49 ਕਿਸਾਨ ਆਗੂਆਂ ਤੇ ਵਰਕਰਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਸੀ। ਇਸਦੇ ਵਿਰੋਧ ਵਿੱਚ ਬੀ.ਕੇ.ਯੂ. ਏਕਤਾ ਵੱਲੋਂ 20 ਸਤੰਬਰ ਨੂੰ ਤਿੰਨ ਘੰਟਿਆਂ ਲਈ ਸੜਕ ਜਾਮ ਨੂੰ ਭਾਰੀ ਪੁਲਸ ਤਾਕਤ ਦੇ ਜ਼ੋਰ ਰੋਕਣ ਦੀ ਠਾਣ ਲਈ। ਕਿਸਾਨ ਆਗੂਆਂ ਨਾਲ 19 ਤੱਕ ਗ੍ਰਿਫਤਾਰ ਆਗੂਆਂ ਨੂੰ ਛੱਡਣ ਦਾ ਵਾਅਦਾ ਕਰਕੇ ਮੁੱਕਰ ਗਈ। ਨਾ ਸਿਰਫ ਮੁੱਕਰ ਗਈ, ਸਗੋਂ 18 ਦੀ ਰਾਤ ਤੋਂ ਹੀ ਵੱਖ ਵੱਖ ਜ਼ਿਲ੍ਹਿਆਂ ਵਿੱਚ ਛਾਪੇ ਮਾਰ ਕੇ ਹੋਰ ਗ੍ਰਿਫਤਾਰੀਆਂ ਦੀ ਮੁਹਿੰਮ ਵਿੱਢ ਦਿੱਤੀ। ਭਾਵੇਂ ਹਕੂਮਤ ਵੱਡੀ ਪੱਧਰ 'ਤੇ ਅਗਾਊਂ ਗ੍ਰਿਫਤਾਰੀਆਂ ਕਰਕੇ ਤੇ ਸੜਕਾਂ 'ਤੇ ਭਾਰੀ ਪੁਲਸ ਨਾਕਿਆਂ ਰਾਹੀਂ 20 ਨੂੰ ਸੜਕ ਜਾਮ ਅਸਫਲ ਬਣਾਉਣ ਵਿੱਚ ਤਾਂ ਕਾਮਯਾਬ ਹੋ ਗਈ ਪਰ ਕਿਸਾਨਾਂ ਦੇ ਇਰਾਦਿਆਂ ਨੂੰ ਢੈਲਾ ਨਾ ਕਰ ਸਕੀ। ਇਸ ਸਭ ਕੁੱਝ ਦੇ ਬਾਵਜੂਦ 20 ਸਤੰਬਰ ਨੂੰ ਕਈ ਹਜ਼ਾਰਾਂ ਮਰਦ-ਔਰਤਾਂ ਦੇ ਕਾਫਲੇ ਪਿੰਡਾਂ 'ਚੋਂ ਨਿਕਲ ਤੁਰੇ, ਜਿਹਨਾਂ 'ਚੋਂ ਸੈਂਕੜਿਆਂ ਨੂੰ ਗ੍ਰਿਫਤਾਰ ਕਰਨ ਦੇ ਬਾਵਜੂਦ ਪਹਿਲੇ ਦਿਨ ਹੀ ਵੱਖ ਵੱਖ ਜ਼ਿਲ੍ਹਿਆਂ ਵਿੱਚ 4 ਥਾਵਾਂ 'ਤੇ 1500 ਦੇ ਕਰੀਬ ਮਰਦ-ਔਰਤਾਂ ਨੇ ਸੜਕਾਂ ਦੇ ਲਾਗੇ ਪਿੰਡਾਂ ਵਿੱਚ ਹੀ ਲਗਾਤਾਰ ਧਰਨੇ ਮਾਰ ਦਿੱਤੇ। ਇਹਨਾਂ ਧਰਨਿਆਂ ਵਿੱਚ ਨਾ ਸਿਰਫ ਲਗਾਤਾਰ ਗਿਣਤੀ ਹੀ ਵਧਦੀ ਰਹੀ ਬਲਕਿ 23 ਸਤੰਬਰ ਤੱਕ ਇਹ ਚਾਰ ਥਾਵਾਂ ਦੀ ਬਜਾਏ 7 ਥਾਵਾਂ 'ਤੇ ਸ਼ੁਰੂ ਹੋ ਗਏ, ਜਿਹਨਾਂ ਵਿੱਚ 600 ਤੋਂ ਵੱਧ ਔਰਤਾਂ ਸਮੇਤ 3000 ਕਿਸਾਨ ਤੇ ਖੇਤ ਮਜ਼ਦੂਰ ਪਹੁੰਚ ਗਏ। ਭਾਵੇਂ ਇਹਨਾਂ ਧਰਨਿਆਂ ਵਿੱਚ ਗਿਣਤੀ ਤੇ ਰੋਸ ਲਗਾਤਾਰ ਵਧਦਾ ਜਾ ਰਿਹਾ ਸੀ ਪਰ 27 ਸਤੰਬਰ ਨੂੰ ਬਰਨਾਲਾ ਵਿਖੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਦੂਸਰੀ ਬਰਸੀ ਮੌਕੇ ਮਨਾਏ ਜਾ ਰਹੇ ਇਨਕਲਾਬੀ ਰੰਗ ਮੰਚ ਦਿਵਸ ਨੂੰ ਮੁੱਖ ਰੱਖਦਿਆਂ ਕਿਸਾਨ ਜਥੇਬੰਦੀ ਵੱਲੋਂ 27 ਤੱਕ ਇਹ ਧਰਨੇ ਮੁਲਤਵੀ ਕਰ ਦਿੱਤੇ ਤੇ ਨਾਲ ਹੀ 27 ਤੱਕ ਰਿਹਾਈਆਂ ਨਾ ਹੋਣ ਦੀ ਸੂਰਤ ਵਿੱਚ ਮੁੜ ਮੋਰਚੇ ਮੱਲਣ ਦਾ ਐਲਾਨ ਕਰ ਦਿੱਤਾ।
ਧੱਕੜ ਕਿਰਦਾਰ ਹੋਰ ਨੰਗਾ
ਆਪਣੇ ਆਪ ਨੂੰ ਕਿਸਾਨ ਪੱਖੀ ਤੇ ਸਭ ਤੋਂ ਵੱਡੀ ਜਮਹੂਰੀਅਤਪਸੰਦ ਕਹਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਦਾ ਕਿਸਾਨ ਵਿਰੋਧੀ ਤੇ ਜਾਬਰ ਚਿਹਰਾ 26 ਸਤੰਬਰ ਨੂੰ ਹੋਰ ਨੰਗਾ ਹੋ ਗਿਆ ਜਦੋਂ ਨਾਭਾ ਜੇਲ੍ਹ ਵਿੱਚ ਮਾਨਸਾ ਜ਼ਿਲ੍ਹੇ ਦੇ ਇੱਕ ਕਿਸਾਨ ਆਗੂ ਦੀ ਵਿਗੜੀ ਸਿਹਤ ਦਾ ਢੁਕਵਾਂ ਇਲਾਜ ਕਰਵਾਉਣ ਦੀ ਥਾਂ ਉੱਥੇ ਹੀ ਬੇਗੌਰਿਆਂ ਮਰਨ ਲਈ ਛੱਡ ਦਿੱਤਾ। ਇਸ ਤੋਂ ਵੀ ਅਗਾਂਹ ਆਪਣੀ ਇਸ ਨਾਕਾਮੀ ਨੂੰ ਛੁਪਾਉਣ ਲਈ ਜਬਰਦਸਤੀ ਉਸਦੀ ਲਾਸ਼ ਨੂੰ ਜੇਲ੍ਹੋਂ ਬਾਹਰ ਕਿਸੇ ਹਸਪਤਾਲ ਵਿੱਚ ਲਿਜਾ ਸੁੱਟਣ ਦੀ ਕੋਝੀ ਚਾਲ ਵੀ ਚੱਲੀ ਗਈ। ਇਸ ਖਾਤਰ ਵਿਰੋਧ ਕਰਦੇ ਜੇਲ੍ਹ ਵਿੱਚ ਹੋਰ ਕਿਸਾਨਾਂ 'ਤੇ ਨਾ ਸਿਰਫ ਜੇਲ੍ਹ ਦੇ ਸਿਪਾਹੀਆਂ ਰਾਹੀਂ ਹੀ ਡਾਂਗ ਵਰ੍ਹਾਈ ਗਈ ਸਗੋਂ ਜੇਲ੍ਹ ਵਿੱਚ ਪਾਲੇ ਹੋਏ ਗੁੰਡਾ ਕੈਦੀਆਂ ਤੋਂ ਵੀ ਕਿਸਾਨਾਂ 'ਤੇ ਹਮਲਾ ਕਰਵਾ ਕੇ ਕਈਆਂ ਦੀਆਂ ਬਾਹਾਂ ਭੰਨੀਆਂ ਗਈਆਂ ਤੇ ਜਖਮੀ ਕੀਤਾ ਗਿਆ। ਹਕੂਮਤ ਦਾ ਇਹ ਕਾਰਾ ਉਸਦੇ ਧੱਕੜ ਵਿਹਾਰ ਦੀ ਇੱਕ ਹੋਰ ਉਦਾਹਰਣ ਹੀ ਨਹੀਂ ਸਗੋਂ ਨਵੀਂ ਤੇ ਵੱਖਰੀ ਕਿਸਮ ਦਾ ਇਜ਼ਹਾਰ ਹੈ ਜਿਸ ਅੰਦਰ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਸ ਦੀ ਵਰਤੋਂ ਹੀ ਨਹੀਂ ਕੀਤੀ ਸਗੋਂ ਬੇਵਸ ਬੰਦੀਆਂ 'ਤੇ ਜੇਲ੍ਹ ਸਟਾਫ ਅਤੇ ਆਪਣੀ ਗੁੰਡਾ ਫੋਰਸ ਦੀ ਵਰਤੋਂ ਕੀਤੀ ਗਈ ਹੈ। ਪਰ ਜੇਲ੍ਹ ਗਾਰਦ ਤੇ ਗੁੰਡਾ ਟੋਲੇ ਦੇ ਇਸ ਜਬਰ ਨੇ ਕਿਸਾਨਾਂ ਦੇ ਰੋਹ ਨੂੰ ਹੋਰ ਵੀ ਲਾਂਬੂ ਲਾ ਦਿੱਤੇ। ਆਖਰ ਕਿਸਾਨਾਂ ਦੇ ਦ੍ਰਿੜ੍ਹ ਇਰਾਦਿਆਂ ਅੱਗੇ ਹਕੂਮਤ ਤੇ ਜੇਲ੍ਹ ਪ੍ਰਸਾਸ਼ਨ ਨੂੰ ਝੁਕਣਾ ਪਿਆ। ਪਰ ਰੱਸੀ ਦੇ ਸੜ ਜਾਣ ਵਾਂਗ ਵੱਟ ਨਾ ਗਿਆ ਅਤੇ ਅੱਧੀ ਰਾਤ ਨੂੰ ਬਿਨਾ ਕੋਈ ਪ੍ਰਬੰਧ ਕੀਤਿਆਂ ਜਖਮੀ ਕਿਸਾਨਾਂ ਤੇ ਨਾਭਾ ਜੇਲ੍ਹ ਵਿੱਚ ਬੰਦ ਸਾਰੇ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ। ਜਿਹਨਾਂ ਬਾਹਰ ਆ ਕੇ ਕਿਸਾਨ ਆਗੂਆਂ ਨੂੰ ਸਾਰੀ ਹਾਲਤ ਤੋਂ ਜਾਣੂ ਕਰਵਾਇਆ। ਅਗਲੇ ਦਿਨ ਹੀ ਸੈਂਕੜੇ ਕਿਸਾਨਾਂ ਵੱਲੋਂ ਪਹਿਲਾਂ ਨਾਭਾ ਜੇਲ੍ਹ ਅੱਗੇ ਧਰਨਾ ਦਿੱਤਾ ਗਿਆ ਅਤੇ ਫਿਰ ਮਾਨਸਾ ਜ਼ਿਲ੍ਹੇ ਦੇ ਸ਼ਹੀਦ ਹੋਏ ਕਿਸਾਨ ਦੇ ਪਿੰਡ ਕੋਟ ਧਰਮੂ ਵਿਖੇ ਰੋਸ ਧਰਨਾ ਵਿੱਢ ਦਿੱਤਾ। ਆਖਰ ਹਕੂਮਤ ਨੂੰ ਅੜੀ ਛੱਡ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਰਾਹੀਂ ਨਾ ਸਿਰਫ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜਾ ਤੇ ਨੌਕਰੀ ਦੇਣ ਅਤੇ ਕਰਜ਼ਾ ਖਤਮ ਕਰਨ ਤੇ ਗੰਭੀਰ ਜਖਮੀਆਂ ਲਈ 50 ਹਜ਼ਾਰ ਤੇ ਆਮ ਲਈ 25 ਹਜ਼ਾਰ ਦੇਣ ਦੀ ਮੰਗ ਮੰਨਣੀ ਪਈ ਸਗੋਂ ਜੇਲ੍ਹ ਅੰਦਰਲੀ ਸਮੁੱਚੀ ਘਟਨਾ ਦੀ ਅਦਾਲਤੀ ਜਾਂਚ ਦੀ ਮੰਗ ਵੀ ਪ੍ਰਵਾਨ ਕਰਨੀ ਪਈ। ਇਸ ਤੋਂ ਵੀ ਅੱਗੇ ਨਾ ਸਿਰਫ 20 ਦੇ ਐਕਸ਼ਨ ਨਾਲ ਸਬੰਧਤ ਫੜੇ ਸਾਰੇ ਕਿਸਾਨ ਰਿਹਾਅ ਕਰਨੇ ਪਏ ਸਗੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਿਜਲੀ ਮੀਟਰ ਬਾਹਰ ਕੱਢਣ ਦੇ ਮੁੱਦੇ 'ਤੇ ਜੇਲ੍ਹੀਂ ਡੱਕੇ ਸਾਰੇ ਕਿਸਾਨ ਬਿਨਾ ਸ਼ਰਤ ਤੁਰੰਤ ਰਿਹਾਅ ਕਰਨ ਦਾ ਕਦਮ ਵੀ ਲੈਣ ਲਈ ਮਜਬੂਰ ਹੋਣਾ ਪਿਆ। ਹਕੂਮਤ ਵੱਲੋਂ ਕਿਸਾਨ ਜਥੇਬੰਦੀ ਤੇ ਜਨਤਾ ਨੂੰ ਦਹਿਸ਼ਤ ਦੇ ਜ਼ੋਰ ਢੈਲਾ ਪਾਉਣ ਦੀ ਨਰਦ ਕੁੱਟ ਦਿੱਤੀ ਗਈ ਅਤੇ ਕਿਸਾਨਾਂ ਵੱਲੋਂ 6 ਅਕਤੂਬਰ ਨੂੰ ਸ਼ਹੀਦ ਹੋਏ ਕਿਸਾਨ ਦੇ ਭੋਗ ਸਮਾਗਮ ਸਮੇਂ 8 ਹਜ਼ਾਰ ਤੋਂ ਵੀ ਵਧੇਰੇ ਗਿਣਤੀ ਵਿੱਚ ਪਹੁੰਚ ਕੇ ਸ਼ਰਧਾਂਜਲੀ ਭੇਟ ਕਰਦਿਆਂ ਹੋਰ ਵੀ ਉੱਚੇ ਮਨੋਬਲ ਦਾ ਮੁਜਾਹਰਾ ਕੀਤਾ ਗਿਆ।
ਭੋਗ ਸਮਾਗਮ ਸਮੇਂ ਬੁਲਾਰਿਆਂ ਨੇ ਕਿਸਾਨ ਮਜ਼ਦੂਰ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹਕੂਮਤ ਦਾ ਇਹ ਕਹਿਰ ਸਾਡੇ ਵੱਲੋਂ ਚੁੱਕੇ ਕਰਜ਼ੇ, ਖੁਦਕੁਸ਼ੀਆਂ ਤੇ ਜ਼ਮੀਨਾਂ ਦੇ ਮੁੱਦੇ ਅਤੇ ਇਸ 'ਤੇ ਤੁਹਾਡੇ ਵੱਲੋਂ ਮਿਲੇ ਭਰਵੇਂ ਹੁੰਗਾਰੇ ਦਾ ਸਿਲਾ ਹੈ। ਜਿਸਦਾ ਜਵਾਬ ਹੋਰ ਵਿਸ਼ਾਲ ਇਕੱਠਾਂ ਤੇ ਕਰੜੇ ਸੰਘਰਸ਼ਾਂ ਲਈ ਆਪਣੇ ਆਪ ਨੂੰ ਹੋਰ ਤਿਆਰ ਕਰਕੇ ਦੇਣ ਦੀ ਲੋੜ ਹੈ। 0-0
No comments:
Post a Comment