ਜਨਮ ਦਿਨ 'ਤੇ ਵਿਸ਼ੇਸ਼:
ਕਾਮਰੇਡ ਸਟਾਲਿਨ ਦੀ ਇਨਕਲਾਬੀ ਵਿਰਾਸਤ ਨੂੰ ਬੁਲੰਦ ਕਰੋ
''“ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਮਗਰੋਂ ਮੇਰੀ ਕਬਰ 'ਤੇ ਕੂੜੇ ਦਾ ਢੇਰ ਲਗਾ ਦਿੱਤਾ ਜਾਏਗਾ। ਪਰ ਇਤਿਹਾਸ ਦੀ ਹਵਾ ਨੇ ਦੇਰ ਸਵੇਰ ਇਸ ਨੂੰ ਬਿਨਾ ਲਿਹਾਜ਼ ਹੂੰਝ ਦੇਣਾ ਹੈ।'' ਸਟਾਲਿਨ ਦੇ ਮਾਲਤੋਵ ਨੂੰ 1943 ਵਿੱਚ ਕਹੇ ਲਫਜ਼।
.......ਤੇ ਇਤਿਹਾਸ ਦੀ ਉਹ ਬੇ-ਲਿਹਾਜ਼ ਹਵਾ ਆਪਣਾ ਵਹਿਣ ਫੜ ਰਹੀ ਹੈ। ਸਾਬਕਾ ਸਮਾਜਵਾਦੀ ਦੇਸਾਂ ਅੰਦਰ ਸਮਾਜਵਾਦੀ ਪ੍ਰਬੰਧ ਪ੍ਰਤੀ ਪ੍ਰਤਖ ਹੋ ਰਹੇ ਅਤੇ ਨਾ ਨਕਾਰੇ ਜਾ ਸਕਣ ਵਾਲੇ ਜਨਤਕ ਉਦਰੇਵੇਂ ਨੂੰ ਪੱਛਮੀ ਮੀਡੀਆ ਖਬਤ/ਝੱਲ ਵਰਗੇ ਕੁਨਾਂ ਦੇ ਰਿਹਾ ਹੈ। ਪੂੰਜੀਵਾਦ ਦੀ ਮੁੜ ਬਹਾਲੀ ਤੋਂ ਬਾਅਦ, ਕਮਿਊਨਿਸਟਾਂ ਦੇ ਫੱਟੇ ਥੱਲੇ ਸੋਧਵਾਦੀਆਂ ਤੇ ਸਮਾਜਕ ਸਾਮਰਾਜੀਆਂ ਦੀ ਲੁਕੀ ਅਤੇ ਉਸਤੋਂ ਮਗਰੋਂ ਸਰਮਾਇਦਾਰੀ ਦੀ ਜਾਹਰਾ ਹਕੂਮਤ ਦਾ ਤਲਖ ਤਜ਼ਰਬਾ ਹੰਢਾਉਣ ਤੋਂ ਬਾਅਦ - ਸਾਬਕਾ ਸਮਾਜਵਾਦੀ ਦੇਸਾਂ ਦੇ ਲੋਕਾਂ ਅੰਦਰ ਸਮਾਜਵਾਦੀ ਪ੍ਰਬੰਧ ਦੀਆਂ ਦੇਣਾ, ਸਮਾਜਕ ਬਰਾਬਰੀ, ਸੁਰੱਖਿਆ ਤੇ ਖੁਸ਼ਹਾਲੀ ਵਾਸਤੇ ਹੇਰਵਾ ਜਾਗ ਰਿਹਾ ਹੈ; ਸਾਬਕਾ ਸਮਾਜਵਾਦੀ ਪ੍ਰਬੰਧ ਦੇ ਰਾਜਕੀ ਚਿੰਨ੍ਹਾਂ ਦਾ ਸਜਾਏ ਜਾਣਾ ਬਜ਼ਾਰਾਂ 'ਚ ਵਿਕਣ ਵਾਲੀਆਂ ਸ਼ੈਆਂ ਦੀ ਜਿਵੇਂ ਸ਼ਰਤ ਬਣ ਗਿਆ ਹੈ; ਇਨਕਲਾਬੀ ਆਗੂਆਂ ਦੀਆਂ ਯਾਦਗਾਰਾਂ ਤੇ ਬੁੱਤ, ਜੋ ਸਰਕਾਰੀ ਮੁਹਿੰਮਾਂ ਤਹਿਤ ਹਟਾ ਦਿੱਤੇ ਗਏ ਸਨ, ਲੋਕਾਂ ਵਲੋਂ ਆਪਣੀ ਪਹਿਲਕਦਮੀ 'ਤੇ ਮੁੜ ਸੁਰਜੀਤ ਕੀਤੇ ਜਾ ਰਹੇ ਹਨ ਤੇ ਇਸ ਸਮੇਂ ਸਭ ਤੋਂ ਵੱਧ ਸਨੇਹ ਤੇ ਸਤਿਕਾਰ ਹਾਸਲ ਕਰਨ ਵਾਲੇ ਆਗੂਆਂ ਵਿੱਚ ਜੋਸਫ਼ ਸਟਾਲਿਨ ਦਾ ਨਾਂ ਹੱਕੀ ਤੌਰ 'ਤੇ ਸਭ ਤੋਂ ਮੂਹਰੇ ਹੈ। ਕਿਸੇ ਵੀ ਸਰਵੇਖਣ ਅੰਦਰ, ਦੁਨੀਆਂ ਦਾ ਸਭ ਤੋਂ ਵੱਧ ਬਦਨਾਮ ਕੀਤਾ ਗਿਆ ਆਗੂ, ਸਮਾਜਵਾਦੀ ਤੇ ਸਾਮਰਾਜ ਵਿਰੋਧੀ ਕੌਮੀ ਮੁਕਤੀ ਸੰਘਰਸ਼ਾਂ ਦਾ ਸੱਚਾ ਸਨੇਹੀ ਸਟਾਲਿਨ ਰੂਸ ਦੇ ਇਤਿਹਾਸ ਦੀਆਂ ਸਭ ਤੋਂ ਮਕਬੂਲ ਹਸਤੀਆਂ 'ਚ ਸ਼ੁਮਾਰ ਰਹਿ ਰਿਹਾ ਹੈ। ਪਿਛਲੇ ਸੱਠ ਸਾਲਾਂ 'ਚ ਸਟਾਲਿਨ 'ਤੇ ਕਤਲੇਆਮਾਂ ਤੇ ਜੁਲਮਾਂ ਦੇ ਬੇਥਾਹ ਝੂਠੇ ਦੋਸ਼ ਮੜ੍ਹੇ ਗਏ ਹਨ; ਰੂਸੀ ਹਕੂਮਤ ਨੇ 30 ਅਕਤੂਬਰ ਦਾ ਦਿਨ ਸਟਾਲਿਨ ਦੇ ਕਥਿਤ ਜੁਲਮਾਂ ਖਿਲਾਫ ਦਿਹਾੜੇ ਵਜੋਂ ਸਰਕਾਰੀ ਤੌਰ 'ਤੇ ਤੈਅ ਕੀਤਾ ਹੋਇਆ ਹੈ ਪਰ ਉਸੇ ਹਕੂਮਤ ਨੂੰ ਲੋਕ ਰੌਂਅ ਨੂੰ ਭਾਂਪਦਿਆਂ ਸਟਾਲਿਨ ਦੀ ਯਾਦ ਸਰਕਾਰੀ ਤੌਰ 'ਤੇ ਮਨਾਉਣੀ ਪੈ ਰਹੀ ਹੈ ਤੇ ਵਿਖਾਵੇ ਦੇ ਸਤਿਕਾਰ ਵਜੋਂ ਹਫਤੇ ਵਾਸਤੇ ਰੂਸੀ ਸ਼ਹਿਰ ਵੋਲਗੋਗਰਾਦ ਦਾ ਨਾਂ ਬਦਲ ਕੇ ਸਟਾਲਿਨਗਰਾਦ ਰਖਣਾ ਪਿਆ ਹੈ
ਸੋਧਵਾਦੀਆਂ, ਸਾਮਰਾਜੀਆਂ, ਉਹਨਾਂ ਦੇ ਜਰਖਰੀਦ ਬੁੱਧੀਜੀਵੀਆਂ ਤੇ ਸਾਮਰਾਜੀ ਮੀਡੀਆ ਵਲੋਂ ਮਨਘੜਤ ਤੱਥਾਂ ਤੇ ਤੋਤਕੜਿਆਂ ਰਾਹੀਂ ਸਮਾਜਵਾਦੀ ਕੈਂਪ ਦੇ ਸਤਿਕਾਰਤ ਆਗੂਆਂ ਨੂੰ ਸਖਸ਼ੀ ਹਮਲਿਆਂ ਤੇ ਕਿਰਦਾਰਕੁਸ਼ੀ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਕੂੜ ਪ੍ਰਾਪੇਗੰਡੇ ਦਾ ਮਕਸਦ ਦਰਅਸਲ ਉਹਨਾਂ ਦੀ ਅਗਵਾਈ 'ਚ ਲੱਖਾਂ ਕਰੋੜਾਂ ਕਿਰਤੀ ਤੇ ਮਿਹਨਤਕਸ਼ ਲੋਕਾਂ ਦੇ ਜਾਨ-ਹੂਲਵੇਂ ਸੰਘਰਸ਼ਾਂ ਤੇ ਸਮਾਜਵਾਦੀ ਪ੍ਰਬੰਧ ਦੀਆਂ ਦੇਣਾ ਅਤੇ ਪ੍ਰਾਪਤੀਆਂ 'ਤੇ ਲੁਕਵਾਂ ਹਮਲਾ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਲੋਕਾਂ ਅੰਦਰ ਇਹਨਾਂ ਆਗੂਆਂ, ਖਾਸਕਰ ਸਟਾਲਿਨ ਪ੍ਰਤੀ ਪ੍ਰਗਟ ਕੀਤੇ ਸਤਿਕਾਰ ਰਾਹੀਂ ਦਰਅਸਲ ਇਹਨਾਂ ਵਲੋਂ ਦਰਸਾਏ ਮਾਰਗ ਪ੍ਰਤੀ ਲੋਕਾਂ ਦਾ ਲਗਾਅ ਪ੍ਰਗਟ ਹੋ ਰਿਹਾ ਹੈ। ਇਸ ਤੋਂ ਭੈਅਭੀਤ ਹੋਕੇ ਸਾਮਰਾਜੀ ਮੀਡੀਆ ਨੇ ਪਿਛਲੇ 60 ਸਾਲਾਂ ਤੋਂ ਸਟਾਲਿਨ, ਜੋ ਕਿ ਸੋਵੀਅਤ ਸਮਾਜਵਾਦੀ ਪ੍ਰਬੰਧ ਦਾ ਪ੍ਰਤੀਕ ਹੈ, ਖਿਲਾਫ ਲਾਮਿਸਾਲ ਭੰਡੀ ਮੁਹਿੰਮ ਜਾਰੀ ਰਖੀ ਹੋਈ ਹੈ ਜੋ ਅੱਜਕਲ੍ਹ ਫਿਰ ਭਖਾਅ 'ਚ ਹੈ। ਪਰ ਸਟਾਲਿਨ 'ਤੇ ਕੀਤੇ ਜਾਂਦੇ ਜਾਤੀ ਹਮਲੇ ਦਰਅਸਲ ਸਾਬਕਾ ਸੋਵੀਅਤ ਸੰਘ ਦੇ ਕਰੋੜਾਂ ਲੋਕਾਂ ਦਾ ਅਪਮਾਨ ਵੀ ਹੈ ਜਿਹਨਾਂ ਨੇ ਸਟਾਲਿਨ ਦੀ ਅਗਵਾਈ ਵਿੱਚ ਫਾਸ਼ੀਵਾਦੀਆਂ ਖਿਲਾਫ ਜੰਗ ਦੌਰਾਨ ਕਰੋੜਾਂ ਦੀ ਤਦਾਦ ਵਿੱਚ ਕੁਰਬਾਨੀਆਂ ਦਿੱਤੀਆਂ ਤੇ ਸੋਵੀਅਤ ਸੰਘ ਨੂੰ ਕੁਝ ਦਹਾਕਿਆਂ ਵਿੱਚ ਹੀ ਇੱਕ ਪਛੜੇ ਮੁਲਕ ਤੋਂ ਆਰਥਕ-ਸਮਾਜਕ ਮਹਾਂਸ਼ਕਤੀ ਵਿੱਚ ਬਦਲ ਦਿੱਤਾ। ਸਟਾਲਿਨ ਤੇ ਸੋਵੀਅਤ ਰੂਸ ਨੇ ਸੰਸਾਰ ਭਰ ਦੇ ਕੌਮੀ ਮੁਕਤੀ ਅੰਦੋਲਨਾਂ ਦੀ ਬੇਗਰਜ ਤੇ ਡਟਵੀਂ ਹਮਾਇਤ ਕੀਤੀ ਸੀ ਤੇ ਇਹਨਾਂ ਮੁਲਕਾਂ ਦੀਆਂ ਇਨਕਲਾਬੀ ਲਹਿਰਾਂ ਦੇ ਵਿਕਾਸ 'ਤੇ ਇਸਦਾ ਡਾਢਾ ਅਸਰ ਰਿਹਾ ਹੈ। ਇਸ ਲਈ ਸਿਰਫ ਸਾਮਰਾਜੀ ਪ੍ਰੈਸ ਹੀ ਨਹੀਂ ਸਗੋਂ ਤੀਸਰੀ ਦੁਨੀਆਂ ਦੇ ਸਾਰੇ ਪਿਛਾਖੜੀਆਂ, ਫਿਰਕਾਪ੍ਰਸਤਾਂ ਤੇ ਜਨੂੰਨੀਆਂ ਵਲੋਂ ਇਹਨਾਂ ਮੁਲਕਾਂ ਦੀਆਂ ਸਾਮਰਾਜ ਵਿਰੋਧੀ ਇਨਕਲਾਬੀ ਜੱਦੋਜਹਿਦਾਂ ਨੂੰ ਬੱਦੂ ਕਰਨ ਵਾਸਤੇ ਵੀ ਸਟਾਲਿਨ ਤੇ ਸੋਵੀਅਤ ਸੰਘ ਵਿਰੋਧੀ ਪ੍ਰਪੇਗੰਡੇ ਦਾ ਸਹਾਰਾ ਲਿਆ ਜਾਂਦਾ ਹੈ। ਅਜਿਹੇ ਵਿੱਚ ਸੰਸਾਰ ਭਰ ਦੇ ਕਿਰਤੀਆਂ, ਮਿਹਨਤਕਸ਼ ਜਨਤਾ ਤੇ ਕੌਮੀ ਮੁਕਤੀ ਸੰਘਰਸ਼ਾਂ ਲਈ ਸਟਾਲਿਨ ਤੇ ਉਸਦੀ ਵਿਰਾਸਤ ਦੀ ਰਾਖੀ ਕਰਨ ਤੇ ਸਾਮਰਾਜੀਆਂ ਤੇ ਹੋਰਨਾਂ ਪਿਛਾਖੜੀਆਂ ਦੇ ਝੂਠੇ ਪ੍ਰਾਪੇਗੰਡੇ ਦਾ ਮੂੰਹ ਤੋੜ ਜਵਾਬ ਦੇਣ ਦੀ ਅਣਸਰਦੀ ਜਰੂਰਤ ਬਣਦੀ ਹੈ।
ਕਾ. ਸਟਾਲਿਨ ਦਾ ਜਨਮ ਜਾਰਸ਼ਾਹੀ ਰੂਸ ਦੇ ਇੱਕ ਗੁਲਾਮ ਮੁਲਕ ਜਾਰਜੀਆ ਦੇ ਕਸਬੇ ਗੋਰੀ ਵਿੱਚ ਇੱਕ ਗਰੀਬ ਮੋਚੀ ਦੇ ਘਰ 18 ਦਸੰਬਰ 1879 'ਚ ਹੋਇਆ। ਆਪਣੀ ਚੜ੍ਹਦੀ ਜਵਾਨੀ 'ਚ ਹੀ ਉਹ ਖੁਫੀਆ ਮਾਰਕਸਵਾਦੀ ਗਰੁੱਪਾਂ ਦਾ ਸਰਗਰਮ ਕਾਰਕੁੰਨ ਬਣ ਗਿਆ ਤੇ ਉਸਨੇ ਮਜ਼ਦੂਰਾਂ ਦੇ ਸੰਘਰਸ਼ਾਂ ਨੂੰ ਅਮਲੀ ਅਗਵਾਈ ਪ੍ਰਦਾਨ ਕੀਤੀ ਅਤੇ ਨਾਲ ਹੀ ਮਜ਼ਦੂਰ ਜਮਾਤ ਦੀ ਮੁਕਤੀ ਲਈ ਰਾਜਸੀ ਤੇ ਵਿਚਾਰਧਾਰਕ ਸੇਧ ਵੀ ਮੁਹਈਆ ਕੀਤੀ। ਆਪਣੀ ਦ੍ਰਿੜਤਾ, ਕਾਬਲੀਅਤ ਤੇ ਅਣਥਕ ਮਿਹਨਤ ਦੇ ਗੁਣਾ ਸਦਕਾ ਉਹ ਮਾਰਕਸਵਾਦੀ ਹਲਕਿਆਂ ਵਿੱਚ ਉੱਘੀ ਹਸਤੀ ਬਣ ਗਿਆ ਅਤੇ “ਸਟਾਲਿਨ“ ਜਿਸਦਾ ਸ਼ਬਦੀ ਅਰਥ ਸਟੀਲ ਹੁੰਦਾ ਹੈ, ਦੇ ਪਾਰਟੀ ਨਾਂ ਨਾਲ ਜਾਣਿਆ ਜਾਣ ਲੱਗਾ। ਸਾਲ 1902 ਵਿੱਚ ਉਸਦਾ ਲੈਨਿਨ ਨਾਲ ਮੇਲਜੋਲ ਹੋਇਆ। ਉਸਨੂੰ ਕਈ ਵਾਰ ਜੇਲ੍ਹਾਂ ਤੇ ਜਲਾਵਤਨੀਆਂ ਝੱਲਣੀਆਂ ਪਈਆਂ। 1917 ਦੇ ਰੂਸੀ ਇਨਕਲਾਬ ਦੇ ਅਰਸੇ ਤੱਕ ਨਾ ਸਿਰਫ਼ ਉਸਨੇ ਲੈਨਿਨ ਦੀ ਅਗਵਾਈ ਵਿੱਚ ਜਾਨ ਹੂਲਵੇਂ ਮਜ਼ਦੂਰ ਸੰਘਰਸ਼ਾਂ, ਹਥਿਆਰਬੰਦ ਬਗਾਵਤਾਂ, ਉਲਟ ਇਨਕਲਾਬੀ ਬਲਾਂ ਖਿਲਾਫ ਜੰਗੀ ਮੋਰਚਿਆਂ ਨੂੰ ਸਿੱਧੀ ਅਗਵਾਈ ਪ੍ਰਦਾਨ ਕੀਤੀ ਸਗੋਂ ਲੈਨਿਨ ਦੀ ਇਨਕਲਾਬੀ ਪਾਰਟੀ ਦੀ ਉਸਾਰੀ, ਉਲਟ ਇਨਕਲਾਬੀ ਤੇ ਗੋਡੇਟੇਕੂ ਅੰਦਰੂਨੀ ਰੁਝਾਨਾਂ ਖਿਲਾਫ ਸਖਤ ਸਿਧਾਂਤਕ ਤੇ ਵਿਚਾਰਧਾਰਕ ਜੱਦੋਜਹਿਦ ਵਿੱਚ ਮਿਸਾਲੀ ਰੋਲ ਅਦਾ ਕੀਤਾ।
ਰੂਸੀ ਇਨਕਲਾਬ ਸਮੇਂ ਪਹਿਲੀ ਸੰਸਾਰ ਜੰਗ ਕਾਰਨ ਰੂਸ ਦੀ ਆਰਥਿਕ ਤੇ ਢਾਂਚਾਗਤ ਹਾਲਤ ਬੇਹੱਦ ਨਾਜਕ ਹੋ ਚੁੱਕੀ ਸੀ, ਇਨਕਲਾਬ ਨੂੰ ਸਖਤ ਘਰੋਗੀ ਜੰਗਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉੱਤੋਂ ਸੰਸਾਰ ਦੇ ਸਾਰੇ ਸਾਮਰਾਜੀ ਦੇਸ਼ਾਂ ਨੇ ਮਜ਼ਦੂਰ ਜਮਾਤ ਦੇ ਇਨਕਲਾਬ ਨੂੰ ਹਰਾਉਣ ਲਈ ਜ਼ਾਹਰਾ ਤੇ ਲੁਕਵਾਂ ਫੌਜੀ ਹਮਲਾ ਬੋਲ ਦਿੱਤਾ ਸੀ। ਇਨਕਲਾਬ ਦੇ ਇਸ ਦੁਸ਼ਵਾਰੀਆਂ ਅਤੇ ਸੰਕਟ ਭਰੇ ਸਮੇਂ ਅੰਦਰ, ਕਮਿਊਨਿਸਟ ਪਾਰਟੀ ਅੰਦਰ ਭਾਂਜਵਾਦੀ ਅਤੇ ਭੰਨਤੋੜਵਾਦੀ ਟਰਾਟਸਕੀਵਾਦੀ ਰੁਝਾਨਾਂ ਖਿਲਾਫ ਜ਼ੋਰਦਾਰ ਜੱਦੋਜਹਿਦ ਕਰਦਿਆਂ, ਸਟਾਲਿਨ ਨੂੰ ਲੱਗਭੱਗ ਹਰ ਫਸੀ ਸਥਿਤੀ ਅਤੇ ਜੰਗੀ ਮੋਰਚੇ ਦੀ ਹਾਲਤ ਸਾਂਭਣ ਅਤੇ ਅਗਵਾਈ ਦੇਣ ਲਈ ਭੇਜਿਆ ਜਾਂਦਾ ਰਿਹਾ। ਸਟਾਲਿਨ ਦੀ ਅਗਵਾਈ ਵਿੱਚ ਹਰ ਮੋਰਚੇ 'ਤੇ ਬਾਲਸ਼ਵਿਕਾਂ ਨੇ ਆਪਣੀ ਫਤਿਹ ਦਰਜ ਕੀਤੀ। ਇਨਕਲਾਬ ਦੇ ਮੁਢਲੇ ਸਾਲਾਂ ਵਿੱਚ ਹੀ ਲੈਨਿਨ ਦੀ 1924 ਵਿੱਚ ਹੋਈ ਮੌਤ ਮਗਰੋਂ ਕਮਿਊਨਿਸਟ ਪਾਰਟੀ ਨੇ ਲੈਨਿਨਵਾਦ ਦੇ ਖਰੇ ਉਤਰਧਿਕਾਰੀ ਵਜੋਂ ਸਟਾਲਿਨ ਦੀ ਆਗੂ ਦੇ ਤੌਰ 'ਤੇ ਚੋਣ ਕੀਤੀ। ਉਸ ਵੱਲੋਂ ਕਾਮਰੇਡ ਲੈਨਿਨ ਦੀਆਂ ਸਿਧਾਂਤਕ ਦੇਣਾਂ ਨੂੰ ਲੈਨਿਨਵਾਦ ਵਜੋਂ ਉਚਿਆਇਆ ਗਿਆ ਅਤੇ ਲੈਨਿਨਵਾਦ ਨੂੰ ''ਸਾਮਰਾਜ ਅਤੇ ਪ੍ਰੋਲੇਤਾਰੀ ਇਨਕਲਾਬਾਂ ਦੇ ਯੁੱਗ'' ਦੇ ਮਾਰਕਸਵਾਦ ਵਜੋਂ ਪ੍ਰੀਭਾਸ਼ਤ ਕੀਤਾ ਗਿਆ। ਖੱਬੇ-ਸੱਜੇ ਸੋਧਵਾਦੀ ਰੁਝਾਨ ਖਿਲਾਫ ਬੇਕਿਰਕ ਤੇ ਸਮਝੌਤਾ-ਰਹਿਤ ਵਿਚਾਰਧਾਰਕ ਜੱਦੋਜਹਿਦ ਦਾ ਬੀੜਾ ਚੁੱਕਦਿਆਂ, ਲੈਨਿਨਵਾਦ ਦੀ ਰਾਖੀ ਕੀਤੀ ਗਈ। ਸੋਵੀਅਤ ਸਮਾਜਵਾਦ ਦੀ ਉਸਾਰੀ ਕਰਦਿਆਂ ਅਤੇ ਕੌਮਾਂਤਰੀ ਪ੍ਰੋਲੇਤਾਰੀਏ ਦੀ ਰਹਿਨੁਮਾਈ ਕਰਦਿਆਂ ਮਾਰਕਸਵਾਦ-ਲੈਨਿਨਵਾਦ ਨੂੰ ਅਮਲ ਵਿੱਚ ਕਮਾਲ ਦੀ ਸਫਲਤਾ ਨਾਲ ਲਾਗੂ ਕੀਤਾ ਗਿਆ। ਦੁਨੀਆਂ ਦੇ ਇਤਿਹਾਸ ਅੰਦਰ ਪਹਿਲੇ ਸਮਾਜਵਾਦੀ ਸਮਾਜ ਦਾ ਮੁਹਾਂਦਰਾ ਘੜਿਆ ਤੇ ਵਿਕਸਤ ਕੀਤਾ ਗਿਆ।
ਕਾਮਰੇਡ ਲੈਨਿਨ ਦੀ ਮੌਤ ਤੋਂ ਬਾਅਦ, ਸਟਾਲਿਨ ਸਾਹਮਣੇ ਚਾਰ ਸਾਲਾਂ ਦੀ ਸੰਸਾਰ ਜੰਗ ਤੇ ਸਾਲਾਂਬੱਧੀ ਮਾਰੂ ਘਰੋਗੀ ਜੰਗ ਦਾ ਝੰਬਿਆ ਰੂਸ ਪਿਆ ਸੀ। ਅੰਦਰੂਨੀ ਤੇ ਬਾਹਰੀ ਲੋਕ ਦੁਸ਼ਮਣ ਤਾਕਤਾਂ ਨਵੀਂ ਸਮਾਜਵਾਦੀ ਤਾਕਤ ਦਾ ਗਲ ਘੁੱਟਣ ਲਈ ਹਰ ਹਰਬਾ ਵਰਤ ਰਹੀਆਂ ਸਨ। ਪਹਿਲੀ ਸੰਸਾਰ ਜੰਗ ਤੋਂ ਸੰਭਾਲਾ ਖਾਣ ਤੋਂ ਬਾਅਦ ਸਾਮਰਾਜੀ ਤਾਕਤਾਂ ਵਲੋਂ ਸਮਾਜਵਾਦੀ ਰੂਸ 'ਤੇ ਹੋਰ ਹਮਲਿਆਂ ਦਾ ਖਤਰਾ ਇੱਕ ਹਕੀਕੀ ਅੰਦੇਸ਼ਾ ਸੀ। ਸਟਾਲਿਨ ਕਾਲ ਦੀ ਰਫਤਾਰ ਤੋਂ ਜਾਣੂ ਸੀ ਤੇ ਉਸਨੇ ਰੂਸੀ ਕਿਰਤੀਆਂ ਨੂੰ ਸੱਦਾ ਦਿੱਤਾ,“ਅਸੀਂ ਵਿਕਸਤ ਮੁਲਕਾਂ ਤੋਂ 50-100 ਸਾਲ ਪਿੱਛੇ ਹਾਂ ਤੇ ਸਾਨੂੰ ਇਹ ਫਾਸਲਾ 10 ਸਾਲਾਂ ਵਿੱਚ ਪੂਰਾ ਕਰਨਾ ਪੈਣਾ ਹੈ। ਜਾਂ ਤਾਂ ਅਸੀਂ ਇਹ ਕਰ ਲਵਾਂਗੇ ਜਾਂ ਫਿਰ ਉਹ ਸਾਨੂੰ ਮਸਲ ਦੇਣਗੇ।“ ਇਸ ਅਰਸੇ ਦੌਰਾਨ ਸੋਵੀਅਤ ਰੂਸ ਨੇ ਸਾਬਕਾ ਜਾਰਸ਼ਾਹੀ ਰੂਸ ਦੀਆਂ ਗੁਲਾਮ ਬਸਤੀਆਂ ਨੂੰ ਆਜ਼ਾਦੀ ਦੇ ਦਿੱਤੀ ਅਤੇ ਸਟਾਲਿਨ ਦੀ ਅਗਵਾਈ ਵਿੱਚ ਰੂਸੀ ਕੌਮੀ ਸ਼ਾਵਨਵਾਦ ਤੇ ਕਰਾਰੀਆਂ ਚੋਟਾਂ ਕਰਕੇ ਨਵੀਆਂ ਆਜ਼ਾਦ ਹੋਈਆਂ ਕੌਮੀਅਤਾਂ ਨੂੰ ਬਰਾਬਰਤਾ ਤੇ ਭਾਈਚਾਰੇ ਦੇ ਅਸੂਲ 'ਤੇ ਇੱਕ ਨਿਵੇਕਲੇ ਸੰਘੀ ਢਾਂਚੇ 'ਚ ਸਮੋਇਆ ਗਿਆ।
ਜ਼ਾਰਸ਼ਾਹੀ ਰੂਸ ਉਦਯੋਗਿਕ ਮੁਲਕਾਂ ਵਿੱਚ ਸਭ ਤੋਂ ਪਛੜਿਆ ਮੁਲਕ ਸੀ। 1913 ਵਿੱਚ, ਪਹਿਲੀ ਸੰਸਾਰ ਜੰਗ ਦੀ ਸ਼ੁਰੂਆਤ ਸਮੇਂ, ਇਸਦਾ ਸਨਅਤੀ ਉਤਪਾਦਨ ਅਮਰੀਕਾ ਦਾ 8ਵਾਂ ਹਿੱਸਾ, ਜਰਮਨ ਤੇ ਬਰਤਾਨੀਆ ਦਾ ਇੱਕ ਤਿਹਾਈ ਸੀ। ਘਰੋਗੀ ਜੰਗ ਮੁੱਕਣ ਤੱਕ ਬੁਨਿਆਦੀ ਸਨਅਤੀ ਖੇਤਰ ਵਿੱਚ ਇਸਦਾ ਉਤਪਾਦਨ 1913 ਦਾ ਸੱਤਵਾਂ ਹਿੱਸਾ ਰਹਿ ਗਿਆ। ਘਰੋਗੀ ਜੰਗ ਮੁਕਣ ਤੋਂ ਚਹੁੰ-ਪੰਜਾਂ ਸਾਲਾਂ ਵਿੱਚ ਹੀ ਸੋਵੀਅਤ ਸੰਘ ਨੇ ਜੰਗ ਤੋਂ ਪਹਿਲਾਂ ਵਾਲਾ ਉਤਪਾਦਨ ਪੱਧਰ ਹਾਸਲ ਕਰ ਲਿਆ। 1929 ਦੇ ਮਹਾਨ ਸੰਸਾਰ ਆਰਥਕ ਮੰਦਵਾੜੇ ਤੱਕ ਸੋਵੀਅਤ ਸੰਘ ਆਪਣਾ ਉਤਪਾਦਨ 1914 ਨਾਲੋਂ ਦੁੱਗਣਾ ਤੇ ਪਹਿਲੀ ਪੰਜ ਸਾਲਾ ਯੋਜਨਾ ਮੁਕਣ ਸਮੇਂ 1933 ਤੱਕ ਚੌਗਣਾ ਕਰ ਚੁੱਕਾ ਸੀ ਜਦ ਕਿ ਇਸ ਅਰਸੇ ਦੌਰਾਨ ਕਿਸੇ ਵੀ ਘਰੋਗੀ ਸੰਕਟ ਦਾ ਸਾਹਮਣਾ ਨਾ ਕਰਨ ਵਾਲੇ ਵਿਕਸਤ ਮੁਲਕ ਬਰਤਾਨੀਆ ਤੇ ਜਰਮਨੀ ਪਹਿਲੀ ਸੰਸਾਰ ਜੰਗ ਦਾ ਉਤਪਾਦਨ ਪੱਧਰ ਹਾਸਲ ਹੀ ਨਹੀਂ ਕਰ ਸਕੇ ਤੇ ਅਮਰੀਕਾ ਫਰਾਂਸ ਮਸਾਂ ਪਹਿਲਾਂ ਵਾਲੇ ਪੱਧਰ 'ਤੇ ਅਪੜ ਸਕੇ।
ਸਟਾਲਿਨ ਦੀ ਅਗਵਾਈ ਵਿੱਚ ਸੋਵੀਅਤ ਸੰਘ ਨੇ ਸਨਅਤੀ ਵਿਕਾਸ ਸਿਫਰ ਤੋਂ ਸ਼ੁਰੂ ਕੀਤਾ ਸੀ। ਬੁਨਿਆਦੀ ਸਨਅਤੀ ਅਧਾਰ ਉਸਾਰਨ ਤੋਂ ਬਾਅਦ 1929 ਵਿੱਚ ਪਹਿਲੀ ਪੰਜ ਸਾਲਾ ਯੋਜਨਾਬੰਦੀ ਉਲੀਕਣ ਸਮੇਂ ਸੋਵੀਅਤ ਸਰਕਾਰ ਨੇ ਪ੍ਰਚਲਿਤ ਪੁਰਾਤਨ ਤੇ ਗੈਰਵਿਗਿਆਨਕ ਖੇਤੀ ਦੇ ਵਿਕਾਸ ਵੱਲ ਚੋਖਾ ਧਿਆਨ ਦਿੱਤਾ। ਰਾਠਾਂ ਤੇ ਜਗੀਰੂ ਸਰਦਾਰਾਂ ਤੋਂ ਜਮੀਨਾਂ, ਸੰਦ-ਸਦੇੜੇ ਤੇ ਪਸ਼ੂ ਧਨ ਜਬਤ ਕਰਕੇ ਪਹਿਲਾਂ ਹੀ ਕਿਰਤੀਆਂ-ਕੰਮੀਆਂ 'ਚ ਵੰਡਿਆ ਜਾ ਚੁੱਕਾ ਸੀ। ਛੋਟੀਆਂ ਜੋਤਾਂ ਕੌਮੀ ਖੇਤੀਬਾੜੀ ਵਿਕਾਸ ਲਈ ਲਾਹੇਬੰਦੀਆਂ ਨਹੀਂ ਸਨ। ਹਾਲੇ ਵੀ ਦੂਰ-ਦੁਰਾਡੇ ਪਿੰਡਾਂ ਅੰਦਰ ਰਾਠਸ਼ਾਹੀ ਲੁਕਵੇਂ ਤੇ ਜਾਹਰਾ ਪੈਰ ਪਸਾਰੀ ਬੈਠੀ ਸੀ। ਹੁਣ ਰੂਸੀ ਪ੍ਰੋਲੇਤਾਰੀ ਨੇ ਪਿੰਡਾਂ ਵੱਲ ਧਿਆਨ ਕੀਤਾ ਤੇ ਰਾਠਸ਼ਾਹੀ ਤੇ ਕੁਲਕਾਂ ਦਾ ਜਮਾਤ ਵਜੋਂ ਮੁਕੰਮਲ ਸਫਾਇਆ ਕਰਕੇ ਖੇਤੀਬਾੜੀ ਦਾ ਸਹਿਕਾਰੀਕਰਨ ਕੀਤਾ ਗਿਆ। “ਸਰਕਾਰੀ ਖਜਾਨਾ“ ਜੋ ਕਿ ਹੁਣ ਜਨਤਾ ਦੀ ਮਲਕੀਅਤ ਸੀ, ਦਾ ਮੂੰਹ ਕੌਮੀ ਖੇਤੀਬਾੜੀ ਦੇ ਵਿਕਾਸ ਲਈ ਖੋਲ੍ਹ ਦਿੱਤਾ ਗਿਆ। ਜਮੀਨਾਂ, ਸੰਦਾਂ ਤੇ ਪਸ਼ੂਧਨ ਦੇ ਸਹਿਕਾਰੀ ਫਾਰਮ ਬਣਾ ਕੇ ਲੱਖਾਂ ਟਰੈਕਟਰ, ਹਾਰਵੈਸਟਰ, ਹੋਰ ਆਧੁਨਿਕ ਸੰਦ ਤੇ ਹਜਾਰਾਂ ਤਕਨੀਕੀ ਮਾਹਰ ਪਿੰਡਾਂ ਅੰਦਰ ਢੋਅ ਦਿੱਤੇ ਗਏ। ਕਿਸਾਨਾਂ ਦੇ ਬੌਧਿਕ ਵਿਕਾਸ ਵਾਸਤੇ ਤਕਨੀਕੀ ਤੇ ਵਿਚਾਰਧਾਰਕ ਸਿੱਖਿਆ ਲਈ ਹਜ਼ਾਰਾਂ ਵਿਦਿਅਕ ਸੰਸਥਾਵਾਂ ਉਸਾਰੀਆਂ ਗਈਆਂ ਤੇ ਵੱਡੀ ਪੱਧਰ 'ਤੇ ਖੇਤੀ ਸੈਕਟਰ ਲਈ ਕਰਜ ਰਿਆਇਤਾਂ ਤੇ ਸਬਸਿਡੀਆਂ ਦਾ ਬੰਦੋਬਸਤ ਕੀਤਾ ਗਿਆ। ਖੇਤੀਬਾੜੀ ਸਹਾਇਕ ਢਾਂਚਾ ਤੇ ਸਿੰਚਾਈ ਵਗੈਰਾ ਦੀ ਵੱਡੀ ਪੱਧਰ 'ਤੇ ਉਸਾਰੀ ਕੀਤੀ ਗਈ ਤੇ ਅਣਵਾਹੀ ਜਮੀਨ ਨੂੰ ਵਾਹੀਯੋਗ ਬਣਾਇਆ ਗਿਆ।
ਸਾਲ 1929 ਵਿੱਚ ਜਦੋਂ ਸੰਸਾਰ ਸਾਮਰਾਜੀ ਪ੍ਰਬੰਧ ਮਹਾਨ ਆਰਥਕ ਮੰਦਵਾੜੇ ਵਿੱਚ ਫਸ ਗਿਆ ਤੇ ਅਮਰੀਕਾ ਬਰਤਾਨੀਆ ਜਰਮਨੀ ਵਰਗੇ ਮੁਲਕਾਂ ਦਾ ਉਦਯੋਗਿਕ ਉਤਪਾਦਨ ਸਾਲ 1933 ਵਿੱਚ 1928 ਦੇ ਪਧਰ ਦੇ ਅਧੇ ਤੋਂ ਤਿੰਨ ਚੌਥਾਈ ਰਹਿ ਗਿਆ; ਸਨਅਤੀ ਇਕਾਈਆਂ ਧੜਾਧੜ ਬੰਦ ਹੋ ਗਈਆਂ; ਬੇਰੁਜ਼ਗਾਰੀ 'ਚ ਭਾਰੀ ਇਜਾਫਾ ਹੋਇਆ ਤੇ ਕਿਰਤੀ ਲੋਕਾਂ ਨੂੰ ਸੰਸਾਰ ਭਰ 'ਚ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਸੋਵੀਅਤ ਸੰਘ ਵਿੱਚ ਇਸੇ ਸਮੇਂ ਉਤਪਾਦਨ 'ਚ ਲੱਗਭੱਗ ਤਿੱਗਣਾ ਵਾਧਾ ਹੋਇਆ। ਸੋਵੀਅਤ ਪ੍ਰਬੰਧ ਦੀਆਂ ਪ੍ਰਾਪਤੀਆਂ ਤੋਂ ਚਕ੍ਰਿਤ ਹੋਕੇ ਫਰਾਂਸੀਸੀ ਬੁਰਜੂਆ ਅਖਬਾਰ “ਲੇ ਟੇਮਪਾਸ“ ਨੇ 1932 'ਚ ਲਿਖਿਆ “ਸੋਵੀਅਤ ਪਹਿਲਾ ਰਾਊਂਡ ਜਿੱਤ ਗਏ ਹਨ, ਬਦੇਸ਼ੀ ਪੂੰਜੀ ਦੀ ਮਦੱਦ ਤੋਂ ਬਿਨਾਂ ਸਵੈ-ਨਿਰਭਰ ਸਨਅਤੀਕਰਨ“।
ਰਾਜ ਕਰ ਰਹੀਆਂ ਜਮਾਤਾਂ ਤੇ ਲੋਟੂ ਸ਼੍ਰੇਣੀਆਂ ਭਾਵੇਂ ਉਲਟਾ ਦਿੱਤੀਆਂ ਗਈਆਂ ਸਨ ਪਰ ਉਹਨਾਂ ਪਾਸ ਹਜ਼ਾਰਾਂ ਸਾਲਾਂ ਤੋਂ ਰਾਜ ਕਰਨ ਦਾ ਤਜ਼ਰਬਾ ਤੇ ਹੁਨਰ ਮੌਜੂਦ ਸੀ ਤੇ ਉਹ ਭੰਨ-ਤੋੜ, ਸਾਜਿਸ਼ਾਂ ਤੇ ਭ੍ਰਿਸ਼ਟ ਤਰੀਕਿਆਂ ਰਾਹੀਂ ਸੋਵੀਅਤ ਹਕੂਮਤ ਨੂੰ ਉਲਟਾ ਦੇਣ ਦਾ ਹਰ ਹਰਬਾ ਵਰਤ ਰਹੀਆਂ ਸਨ ਤੇ ਇਹਨਾਂ ਜਮਾਤਾਂ ਨੂੰ ਸੰਸਾਰ ਸਾਮਰਾਜੀ ਪ੍ਰਬੰਧ ਦੀ ਭਰਵੀਂ ਨੈਤਿਕ, ਪਦਾਰਥਕ ਤੇ ਜੰਗੀ ਇਮਦਾਦ ਹਾਸਲ ਸੀ। ਪੂੰਜੀਵਾਦ ਦੀ ਮੁੜ ਬਹਾਲੀ ਲਈ ਤਤਪਰ ਇਹਨਾਂ ਜਮਾਤਾਂ ਦੀਆਂ ਰਾਜਸੀ ਇਛਾਵਾਂ ਦਾ ਪ੍ਰਗਟਾਵਾ ਸੋਵੀਅਤ ਸੱਤਾ ਤੇ ਕਮਿਊਨਿਸਟ ਪਾਰਟੀ ਅੰਦਰ ਮੁੱਠੀ ਭਰ ਗਰਕ ਚੁੱਕੇ ਭ੍ਰਿਸ਼ਟ, ਅਫਸਰਸ਼ਾਹ, ਕੈਰੀਅਰਵਾਦੀ ਪੂੰਜੀਵਾਦ-ਮਾਰਗੀਆਂ ਰਾਹੀਂ ਹੋ ਰਿਹਾ ਸੀ, ਜੋ ਸਮਾਜਵਾਦ ਦੀ ਖੁਸ਼ਹਾਲੀ, ਰਾਖੀ ਤੇ ਤਰੱਕੀ ਦੀਆਂ ਨੀਤੀਆਂ ਤੇ ਕਦਮਾਂ ਦਾ ਵਿਰੋਧ ਕਰਦੇ ਤੇ ਇਸ ਨੂੰ ਲੀਹੋਂ ਲਾਹੁਣ ਦਾ ਯਤਨ ਕਰਦੇ। ਅਜਿਹੇ ਅਨਸਰਾਂ ਨੂੰ ਰਾਜਸੀ ਤੌਰ 'ਤੇ ਹਾਰ ਦੇਣ ਵਾਸਤੇ ਕਾ.ਸਟਾਲਿਨ ਨੇ ਵਿਆਪਕ ਚੋਣ ਸੁਧਾਰਾਂ ਦੀ ਨੀਤੀ ਦਾ ਐਲਾਨ ਕੀਤਾ ਜਿਸ ਕਾਰਣ ਭ੍ਰਿਸ਼ਟ ਤੇ ਤਾਨਾਸ਼ਾਹ ਬਿਰਤੀਆਂ ਦੇ ਕਾਰਣ ਬਦਨਾਮ ਆਗੂਆਂ ਨੂੰ ਸੋਵੀਅਤ ਰਾਜ ਮਸ਼ੀਨਰੀ ਵਿੱਚੋਂ ਥੱਲੇ ਤੋਂ ਲੈਕੇ ਉਤਾਂਹ ਤੱਕ ਖਾਰਜ ਹੋ ਜਾਣ ਦਾ ਖਤਰਾ ਖੜ੍ਹਾ ਹੋ ਗਿਆ। ਉਹਨਾਂ ਨੇ ਚੋਣ ਸੁਧਾਰਾਂ ਨੂੰ ਲੀਹੋਂ ਲਾਹੁਣ ਲਈ ਜੋਰਦਾਰ ਯਤਨ ਅਰੰਭ ਕਰ ਦਿੱਤੇ। ਅਜਿਹੇ ਅਨਸਰਾਂ ਨੇ ਹਿਟਲਰ ਨਾਲ ਗਾਂਢ-ਸਾਂਢ ਕਰਕੇ ਸੋਵੀਅਤ ਹਕੂਮਤ ਦੇ ਰਾਜ ਪਲਟੇ ਦੀ ਸਾਜਿਸ਼ ਰਚੀ ਤੇ ਚੋਟੀ ਦੇ ਸੋਵੀਅਤ ਇਨਕਲਾਬੀ ਲੀਡਰਾਂ ਨੂੰ, ਖਾਸਕਰ ਜੋ ਸਟਾਲਿਨ ਦੀਆਂ ਨੀਤੀਆਂ ਦੇ ਪ੍ਰਬਲ ਹਮਾਇਤੀ ਸਨ - ਅਤਿਵਾਦੀ ਕਾਰਵਾਈਆਂ ਦਾ ਨਿਸ਼ਾਨਾ ਬਣਾਇਆ ਗਿਆ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅੰਤ ਰਾਜ ਪਲਟੇ ਤੇ ਭੰਨਤੋੜ ਦੀ ਇਹ ਸਾਜਿਸ਼ ਬੇਨਕਾਬ ਹੋ ਗਈ ਤੇ ਇਸਦਾ ਕੇਂਦਰ ਫੜਿਆ ਗਿਆ। ਦੋਸ਼ੀਆਂ ਦੇ ਰਾਜਸੀ ਮਨਸੂਬਿਆਂ ਨੂੰ ਬੇਨਕਾਬ ਕਰਨ ਤੇ ਸੋਵੀਅਤ ਜਨਤਾ ਨੂੰ ਚੌਕਸ ਕਰਨ ਲਈ ਇਹਨਾਂ ਖਿਲਾਫ ਵਿਸ਼ਾਲ ਜਨਤਕ ਲਾਮਬੰਦੀ ਕੀਤੀ ਗਈ ਅਤੇ ਦੋਸ਼ੀਆਂ 'ਤੇ ਲੋਕਾਂ ਦੀ ਕਚਹਿਰੀ ਵਿੱਚ ਖੁੱਲੇਆਮ ਮੁਕਦਮੇ ਚਲਾਏ ਗਏ। ਇਸਦੀ ਪਾਰਦਰਸ਼ਤਾ ਦੀ ਗਵਾਹੀ ਵਾਸਤੇ ਦੁਨੀਆ ਭਰ ਦੇ ਸਫੀਰਾਂ ਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਨੂੰ ਇਹਨਾਂ ਮੁਕਦਮਿਆਂ ਦੀ ਕਾਰਵਾਈ ਵੇਖਣ ਦਾ ਮੌਕਾ ਦਿੱਤਾ ਗਿਆ। ਦੋਸ਼ੀਆਂ ਨੇ ਲੋਕਾਂ ਦੀ ਕਚਹਿਰੀ ਵਿੱਚ ਆਪਣੇ ਜੁਰਮ ਕਬੂਲ ਕੀਤੇ ਤੇ ਇਹਨਾਂ ਨੂੰ ਮੌਤ ਤੇ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਇਹੀ ਉਹ ਕਥਿਤ “ਕਾਤਲੀ ਮੁਕਦਮੇ'' ਹਨ ਜਿਹਨਾਂ ਨੂੰ ਸਟਾਲਿਨ ਵਿਰੋਧੀ ਪ੍ਰਾਪੇਗੰਡੇ ਵਜੋਂ ਵਰਤਿਆ ਜਾਂਦਾ ਹੈ ਤੇ ਜਿਹਨਾਂ ਦੀ ਪਾਰਦਰਸ਼ਤਾ, ਵਿਸ਼ਵਾਸ਼-ਯੋਗਤਾ ਤੇ ਨਿਰਪਖਤਾ ਬਾਰੇ ਅਮਰੀਕੀ ਸਫੀਰ ਜੋਸਫ ਡੇਵਿਸ ਨੇ ਆਪਣੀ ਜੀਵਨੀ ਵਿੱਚ ਸਾਫ ਲਫਜ਼ਾਂ ਵਿੱਚ ਗਵਾਹੀ ਦਿੱਤੀ ਹੈ ਤੇ ਹੋਰਨਾਂ ਮੁਲਕਾਂ ਦੇ ਸਫੀਰਾਂ ਦੀ ਵੀ ਇਸੇ ਰਾਇ ਨੂੰ ਦਰਜ ਕੀਤਾ ਹੈ।
ਜਰਮਨ ਤੇ ਇਟਲੀ ਵਿੱਚ ਫਾਸ਼ੀਵਾਦ ਦੇ ਉਭਾਰ ਤੋਂ ਕਾ. ਸਟਾਲਿਨ ਨੇ ਸਮਝ ਲਿਆ ਕਿ ਸੰਸਾਰ ਸਾਮਰਾਜਵਾਦ ਹਿਟਲਰ ਨੂੰ ਮੂਹਰੇ ਲਗਾਕੇ ਸੋਵੀਅਤ ਇਨਕਲਾਬੀ ਸੱਤਾ ਨੂੰ ਕੁਚਲ ਦੇਣ ਦੀਆਂ ਗੋਂਦਾਂ ਗੁੰਦ ਰਿਹਾ ਹੈ ਤੇ ਭਿਆਨਕ ਜੰਗ ਦੇ ਬੱਦਲ ਸੋਵੀਅਤ ਸੰਘ ਦੀ ਪੱਛਮੀ ਸਰਹੱਦ 'ਤੇ ਮੰਡਰਾ ਰਹੇ ਹਨ। ਸੋਵੀਅਤ ਸੰਘ ਅਧੁਨਿਕ ਜਰਮਨ ਜੰਗੀ ਮਸ਼ੀਨਰੀ ਨਾਲ ਭਿੜਨ ਵਾਸਤੇ ਅਜੇ ਤਿਆਰ ਨਹੀਂ ਸੀ। ਅਧੁਨਿਕ ਤੇ ਵਿਸ਼ਾਲ ਜੰਗੀ ਸਨਅਤ ਦੀ ਉਸਾਰੀ, ਸਨਅਤਾਂ ਤੇ ਵਰਤੋਂ ਯੋਗ ਹਰ ਵਸਤ ਦਾ ਸਰਹਦੀ ਖੇਤਰਾਂ ਨੂੰ ਦੂਰ ਦੁਰਾਡੇ ਖੇਤਰਾਂ 'ਚ ਪਲਾਇਨ, ਲੰਮੀ ਜੰਗ ਦੀ ਮਾਰ ਝੱਲਣ ਵਾਸਤੇ ਤੇਜ਼ ਰਫਤਾਰ ਉਤਪਾਦਨ ਵਾਸਤੇ ਸੋਵੀਅਤ ਰਾਜਕੀ ਮਸ਼ੀਨਰੀ ਨੂੰ ਤਿਆਰ ਬਰ ਤਿਆਰ ਕਰਨ ਤੇ ਸੋਵੀਅਤ ਸੰਘ ਦੇ ਕਰੋੜਾਂ ਲੋਕਾਂ ਦੀ ਵਿਸ਼ਾਲ ਲਾਮਬੰਦੀ ਦੀ ਜਰੂਰਤ ਸੀ। ਪਰ ਬਾਹਰਲੇ ਵੈਰੀ ਨਾਲ ਜੰਗ ਦੀ ਤਿਆਰੀ ਤੋਂ ਪਹਿਲਾਂ ਅੰਦਰੂਨੀ ਦੁਸ਼ਮਣ ਨਾਲ ਫੈਸਲਾਕੁੰਨ ਤੌਰ 'ਤੇ ਸਿੱਝਣਾ ਜਰੂਰੀ ਹੋ ਗਿਆ ਸੀ। ਸੋਵੀਅਤ ਹਕੂਮਤ 'ਤੇ ਮਾਰੂ ਜੰਗ ਦਾ ਖਤਰਾ ਮੰਡਰਾਉਂਦਾ ਵੇਖ ਕੇ ਰੂਸ ਦੀਆਂ ਸਾਬਕਾ ਲੋਟੂ ਸ਼੍ਰੇਣੀਆਂ ਅਤੇ ਪ੍ਰਸ਼ਾਸਕੀ ਤੇ ਪਾਰਟੀ ਮਸ਼ੀਨਰੀ ਅੰਦਰ ਬੈਠੇ ਪੂੰਜੀਵਾਦੀ-ਮਾਰਗੀਆਂ ਨੇ ਭੰਨਤੋੜ, ਮਾਰਕਾਟ ਤੇ ਸਨਅਤੀ ਉਤਪਾਦਨ ਅੰਦਰ ਸਾਬੋਤਾਜ ਦੀਆਂ ਕਾਰਵਾਈਆਂ ਅਰੰਭ ਕਰ ਦਿੱਤੀਆਂ। ਇਸ ਅੰਦਰੂਨੀ ਦੁਸ਼ਮਣ ਦਾ ਚੇਹਰਾ ਮੋਹਰਾ ਸੋਵੀਅਤ ਜਨਤਾ ਵਿੱਚ ਨੰਗਾ ਕਰਕੇ ਉਸਨੂੰ ਪਛਾੜ ਦੇਣੀ ਜਰੂਰੀ ਸੀ। ਇਹਨਾਂ ਸਾਜਿਸ਼ੀ ਕਾਰਵਾਈਆਂ ਦਾ ਕੇਂਦਰ ਪਾਰਦਰਸ਼ੀ ਤਰੀਕੇ ਨਾਲ ਸੋਵੀਅਤ ਜਨਤਾ ਸਾਹਮਣੇ ਬੇਪਰਦ ਕਰਕੇ ਫੇਹ ਦਿੱਤਾ ਗਿਆ ਸੀ। ਸੋਵੀਅਤ ਜਨਤਾ ਦੀ ਸਰਗਰਮ ਹਮਾਇਤ ਨਾਲ ਇਹਨਾਂ ਮੁੱਠੀ ਭਰ ਸਾਜਿਸ਼ੀਆਂ ਅਤੇ ਸੋਵੀਅਤ ਜਨਤਾ ਦਾ ਬਹੁਤ ਤੁੱਛ ਹਿੱਸਾ ਬਣਦੀਆਂ ਸਾਬਕਾ ਲੋਟੂ ਸ਼੍ਰੇਣੀਆਂ ਦੇ ਮਾੜੇ ਅਨਸਰਾਂ ਦੀਆਂ ਸਾਜਿਸ਼ਾਂ ਨੂੰ ਵਿਆਪਕ ਪੱਧਰ 'ਤੇ ਹਰਾ ਦਿੱਤਾ ਗਿਆ। ਹੁਣ ਪਾਰਟੀ ਅਤੇ ਸੋਵੀਅਤ ਪ੍ਰਸ਼ਾਸਕੀ ਮਸ਼ੀਨਰੀ ਅੰਦਰ ਬੈਠੇ ਮੌਕਾਪ੍ਰਸਤਾਂ ਨੇ ਕਾਂਟਾ ਬਦਲਿਆ ਤੇ ਸਟਾਲਿਨ ਦੇ ਨਾਂ ਥੱਲੇ ਸਟਾਲਿਨ ਨੂੰ ਬਦਨਾਮ ਕਰਨ ਲਈ ਲੋਕਾਂ ਨਾਲ ਵਧੀਕੀਆਂ ਕਰਨਾ ਤੇ ਆਪਣੀਆਂ ਜਾਤੀ ਕਿੜਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰ ਕਾ. ਸਟਾਲਿਨ ਦੀ ਅਗਵਾਈ ਵਿੱਚ ਅਜਿਹੇ ਮੁਹਿੰਮਬਾਜਾਂ ਨੂੰ ਵੀ ਨਿਖੇੜ ਕੇ ਪਛਾੜਿਆ ਗਿਆ। ਇਸ ਬੇਹਦ ਗੁੰਝਲਦਾਰ ਤੇ ਕੁੜਤਣ ਭਰੇ ਜਮਾਤੀ ਸੰਘਰਸ਼ 'ਚ ਕਾ. ਸਟਾਲਿਨ, ਉਸਦੇ ਪੈਰੋਕਾਰਾਂ ਤੇ ਸੋਵੀਅਤ ਜਨਤਾ ਨੇ ਅਡੋਲ ਭਰੋਸੇ ਰਾਹੀਂ ਸੋਵੀਅਤ ਹਕੂਮਤ ਦੀ ਰਾਖੀ ਲਈ ਪੇਸ਼ਕਦਮੀਆਂ ਕੀਤੀਆਂ। ਬਹੁਤ ਸਾਰੇ ਕਾਮਰੇਡਾਂ ਤੇ ਸਟਾਲਿਨ ਦੇ ਸੱਚੇ ਪੈਰੋਕਾਰਾਂ ਨੂੰ ਵੀ ਸਾਜਿਸ਼ਾਂ ਦਾ ਸ਼ਿਕਾਰ ਹੋਣਾ ਪਿਆ ਤੇ ਝੂਠੇ ਮੁਕਦਮਿਆਂ ਵਿੱਚ ਜੇਲ੍ਹਾਂ ਭੁਗਤਣੀਆਂ ਪਈਆਂ, ਕੁਰਬਾਨੀਆਂ ਦੇਣੀਆਂ ਪਈਆਂ, ਪਰ ਉਹ ਇਸ ਜਮਾਤੀ ਸੰਘਰਸ਼ ਵਿੱਚ ਅਡੋਲ ਰਹੇ। ਇੱਥੋਂ ਤੱਕ ਕਿ ਲਾਲ ਫੌਜ ਦੇ ਬਹੁਤ ਸਾਰੇ ਇਨਕਲਾਬੀ ਜਨਰਲਾਂ, ਸਮੇਤ ਕੇ.ਕੇ ਰੋਕੋਸੋਵਸਕੀ, ਨੂੰ ਵੀ ਪੂੰਜੀਵਾਦੀ-ਮਾਰਗੀਆਂ ਨੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਸੀ। ਸਾਜਿਸ਼ਾਂ ਬੇਨਕਾਬ ਹੋਣ ਮਗਰੋਂ ਉਹ ਰਿਹਾਅ ਹੋਏ ਤੇ ਉਹਨਾਂ ਬਿਨਾਂ ਕਿਸੇ ਸ਼ਿਕਵੇ ਦੇ ਸਟਾਲਿਨ ਦੀ ਅਗਵਾਈ ਵਿੱਚ ਸੰਸਾਰ ਜੰਗ ਵਿੱਚ ਹਿੱਸਾ ਲਿਆ ਤੇ ਇਸਦੇ ਚਰਚਿਤ ਨਾਇਕਾਂ ਵਜੋਂ ਨਾਮਣਾ ਖੱਟਿਆ। ਇਸ ਦੌਰ ਨੂੰ ਹੀ ਸਟਾਲਿਨ ਦੇ “ਦਹਿਸ਼ਤ ਕਾਲ“ ਵਜੋਂ ਭੰਡਿਆ-ਪ੍ਰਚਾਰਿਆ ਜਾਂਦਾ ਹੈ ਜਦ ਕਿ ਇਸੇ ਵਿਸ਼ਾਲ ਸਿਆਸੀ ਲਾਮਬੰਦੀ ਤੇ ਅੰਦਰੂਨੀ ਘੋਲ ਕਾਰਣ ਹੀ ਸੋਵੀਅਤ ਜਨਤਾ ਨੇ ਸੋਵੀਅਤ ਸਮਾਜਵਾਦੀ ਰਾਜ ਦੀ ਰਾਖੀ ਲਈ ਆਪਣੀ ਕੁੱਲ ਆਬਾਦੀ ਦੇ ਦਸਵੇਂ ਹਿੱਸੇ, ਦੋ ਕਰੋੜ ਸ਼ਹਾਦਤਾਂ ਨਾਲ ਕਾ. ਸਟਾਲਿਨ ਤੇ ਉਸਦੀਆਂ ਨੀਤੀਆਂ 'ਤੇ ਆਪਣੇ ਭਰੋਸੇ ਦੀ ਮੋਹਰ ਲਾਈ ਜਦੋਂ ਕਿ ਪੱਛਮੀ ਯੂਰਪ ਦੇ ਸਾਮਰਾਜੀ ਮੁਲਕ ਇੱਕ ਤੋਂ ਬਾਅਦ ਇੱਕ ਜਰਮਨ ਜੰਗੀ ਮਸ਼ੀਨ ਮੂਹਰੇ ਲੁੜਕਦੇ ਚਲੇ ਗਏ।
ਸਟਾਲਿਨ ਨੇ ਫਾਸ਼ੀਵਾਦ ਵਿਰੁੱਧ ਸੰਸਾਰ ਭਰ ਦੇ ਲੋਕਾਂ ਤੇ ਹਕੂਮਤਾਂ ਨੂੰ ਸਾਂਝਾ ਮੋਰਚਾ ਬਣਾ ਕੇ ਲੜਨ ਦੀ ਅਪੀਲ ਕੀਤੀ ਪਰ ਪੱਛਮੀ ਸਾਮਰਾਜੀਆਂ ਨੇ ਜਰਮਨ ਹਮਲੇ ਨੂੰ ਸੋਵੀਅਤ ਸੰਘ ਵੱਲ ਧੱਕਣ ਦੀ ਕੂਟਨੀਤੀ ਅਪਣਾਈ ਪਰ ਸਟਾਲਿਨ ਨੇ ਕੂਟਨੀਤਕ ਕੁਸ਼ਲਤਾ ਦਿਖਾਉਂਦਿਆਂ ਜਰਮਨ ਨਾਲ ਭਾਰੀ ਕੀਮਤ 'ਤੇ ਇੱਕ ਦੂਸਰੇ ਖਿਲਾਫ ਹਮਲਾ ਨਾ ਕਰਨ ਦੀ ਸੰਧੀ ਕਰ ਲਈ ਤੇ ਜੰਗੀ ਤਿਆਰੀਆਂ ਲਈ ਬਹੁਮੁੱਲੀ ਮੋਹਲਤ ਹਾਸਲ ਕਰ ਲਈ। ਆਖਰ 22 ਜੂਨ 1941 ਵਿੱਚ ਜਰਮਨ ਹਮਲੇ ਨਾਲ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ ਜੰਗ ਦਾ ਆਗਾਜ਼ ਹੋਇਆ। ਇਹ 2000 ਮੀਲ ਲੰਮਾ ਸਰਗਰਮ ਜੰਗੀ ਮੁਹਾਜ ਸੀ। ਉਸ ਸਮੇਂ ਵਿਸ਼ਵ ਦੀ ਸਭ ਤੋਂ ਵੱਧ ਮਾਰੂ ਤੇ ਆਧੁਨਿਕ ਜੰਗੀ ਮਸ਼ੀਨ 'ਤੇ ਸੋਵੀਅਤ ਜਨਤਾ ਕਾ. ਸਟਾਲਿਨ ਦੀ ਅਗਵਾਈ ਵਿੱਚ ਇੱਕਜੁੱਟ ਹੋਕੇ ਫੌਲਾਦ ਦੀ ਤਰ੍ਹਾਂ ਟੁੱਟ ਪਈ ਤੇ ਸਾਰੇ ਯੂਰਪ ਵਿੱਚ ਹੁਣ ਤੱਕ ਅਜਿੱਤ ਰਹੀਆਂ ਜਰਮਨ ਫੌਜਾਂ ਨੇ ਆਖਰ ਸੋਵੀਅਤ ਲੋਕਾਂ ਅੱਗੇ ਗੋਡੇ ਟੇਕ ਦਿੱਤੇ ਤੇ ਲਾਲ ਫੌਜ ਨੇ ਫਾਸ਼ੀਵਾਦ ਦੇ ਘੁਰਨੇ ਬਰਲਿਨ ਵਿੱਚ ਵੜਕੇ ਇਤਿਹਾਸ ਦੀ ਸਭ ਤੋਂ ਵਿਸ਼ਾਲ ਜਿੱਤ ਦਾ ਝੰਡਾ ਲਹਿਰਾਇਆ ਤੇ ਫਾਸ਼ੀਵਾਦ ਦੇ ਗੜ• ਨੂੰ ਨੇਸਤੋ-ਨਬੂਦ ਕੀਤਾ। ਕਰੋੜਾਂ ਲੋਕਾਂ ਨੂੰ ਫਾਸ਼ੀਵਾਦ ਦੇ ਜੂਲੇ ਤੋਂ ਮੁਕਤ ਕਰਵਾਇਆ। ਇਹ ਸਭ ਕਾ. ਸਟਾਲਿਨ, ਉਸਦੀਆਂ ਨੀਤੀਆਂ ਤੇ ਇਹਨਾਂ ਉਪਰ ਦ੍ਰਿੜਤਾ ਨਾਲ ਲਾਮਬੰਦ ਸੋਵੀਅਤ ਜਨਤਾ ਨੇ ਅੰਦਰੂਨੀ ਦੁਸ਼ਮਣਾਂ ਨੂੰ ਮਾਤ ਦੇ ਕੇ ਹੀ ਸੰਭਵ ਕੀਤਾ ਸੀ।
ਸੋਵੀਅਤ ਪ੍ਰਬੰਧ ਦੀ ਲਾਮਿਸਾਲ ਸਫਲਤਾ ਸੰਸਾਰ ਨੂੰ ਚਕ੍ਰਿਤ ਕਰਨ ਵਾਲੀ ਸੀ। ਕਾ. ਸਟਾਲਿਨ ਦੀ ਅਗਵਾਈ ਵਿੱਚ ਦੋ-ਢਾਈ ਦਹਾਕਿਆਂ ਅੰਦਰ ਹੀ ਇੱਕ ਪਛੜਿਆ ਗਿਣਿਆ ਜਾਂਦਾ ਮੁਲਕ ਚੋਟੀ ਦੇ ਉਦਯੋਗਿਕ ਤੇ ਵਿਕਸਤ ਮੁਲਕਾਂ ਵਿੱਚ ਸ਼ੁਮਾਰ ਹੋ ਗਿਆ ਸੀ ਤੇ ਜੰਗੀ ਸਮਰਥਾ 'ਚ ਸੰਸਾਰ ਦੀ ਮਹਾਂ-ਸ਼ਕਤੀ ਬਣ ਕੇ ਉਭਰ ਚੁੱਕਾ ਸੀ। ਜਦੋਂ ਸਰਮਾਇਦਾਰੀ ਮੁਲਕਾਂ ਅੰਦਰ ਮਿਹਨਤਕਸ਼ ਜਨਤਾ ਸਾਮਰਾਜੀ ਆਰਥਕ ਮੰਦਵਾੜੇ ਤੇ ਨਿਹੱਕੀਆਂ ਜੰਗਾਂ ਕਾਰਣ ਗੁਰਬਤਾਂ ਦਾ ਜੀਵਨ ਬਸਰ ਕਰ ਰਹੀ ਸੀ ਤਾਂ ਸੋਵੀਅਤ ਪ੍ਰਬੰਧ ਅਜਿਹੇ ਕਿਸੇ ਵੀ ਮੰਦਵਾੜੇ ਤੋਂ ਬੇਲਾਗ ਰਿਹਾ ਸੀ ਤੇ ਇਸਨੇ ਚੁਣੌਤੀ ਭਰੀਆਂ ਸਥਿਤੀਆਂ ਵਿੱਚ ਆਰਥਕ ਤਰੱਕੀ, ਬਰਾਬਰਤਾ ਤੇ ਸਮਾਜਕ ਇਨਸਾਫ ਦੇ ਹੁਣ ਤੱਕ ਕਦੇ ਨਾ ਜਾਣੇ ਗਏ ਕੀਰਤੀਮਾਨ ਸਥਾਪਤ ਕੀਤੇ ਸਨ। ਸੋਵੀਅਤ ਪ੍ਰਬੰਧ ਦੀ ਸਫਲਤਾ ਦਾ ਸੰਸਾਰ ਭਰ ਅੰਦਰ ਸਾਮਰਾਜੀਆਂ ਦੀਆਂ ਗੁਲਾਮ ਬਸਤੀਆਂ ਦੇ ਕੌਮੀ ਮੁਕਤੀ ਸੰਘਰਸ਼ਾਂ 'ਤੇ ਬਹੁਤ ਗਹਿਰਾ ਅਸਰ ਹੋਇਆ ਸੀ ਤੇ ਕਾਮਰੇਡ ਸਟਾਲਿਨ ਨੇ ਇਹਨਾਂ ਜੱਦੋਜਹਿਦਾਂ ਦੀ ਡੱਟਕੇ, ਖੁਲੇਆਮ ਤੇ ਬੇਸ਼ਰਤ ਨੈਤਿਕ, ਵਿਚਾਰਧਾਰਕ, ਪਦਾਰਥਕ ਇਮਦਾਦ ਕੀਤੀ।
ਦੂਸਰੀ ਸੰਸਾਰ ਜੰਗ ਤੋਂ ਬਾਅਦ ਮਿਲੀ ਮੋਹਲਤ ਦੇ ਅਰਸੇ ਵਿੱਚ ਸਟਾਲਿਨ ਸੋਵੀਅਤ ਪ੍ਰਬੰਧ ਨੂੰ ਨਵੇਂ ਮੁਕਾਮਾਂ ਤੱਕ ਲੈਕੇ ਜਾਣ ਦੀ ਨੀਤੀ ਵਿਉਂਤ ਰਿਹਾ ਸੀ ਅਤੇ ਉਸਦੀ ਵਿਉਂਤ ਜੰਗਾਂ ਤੋਂ ਮਿਲੀ ਮੋਹਲਤ ਦੇ ਅਰਸੇ ਨੂੰ ਸੋਵੀਅਤ ਸੰਘ ਦੀ ਜਨਤਾ ਨੂੰ ਆਰਥਕ ਖੁਸ਼ਹਾਲੀ ਦੇ ਅਜਿਹੇ ਬੰਦੋਬਸਤ ਤੱਕ ਪਹੁੰਚਾਉਣ ਦੀ ਸੀ ਜਿਸ ਵਿੱਚ ਜਨਤਾ ਖਾਣ-ਪੀਣ ਤੇ ਰਹਿਣ ਬਸਰ ਦੀਆਂ ਚਿੰਤਾਵਾਂ ਤੋਂ ਮੁਕਤ ਹੋਕੇ ਵਿਚਾਰਧਾਰਕ, ਸਭਿਆਚਾਰਕ ਤੇ ਸਿਆਸੀ ਉੱਨਤੀ ਵਾਸਤੇ ਚੋਖਾ ਸਮਾਂ ਕੱਢ ਸਕੇ। ਉਹ ਆਪਣੇ ਆਖਰਲੇ ਭਾਸ਼ਣਾਂ ਵਿਚ ਸੋਵੀਅਤ ਜਨਤਾ ਨੂੰ ਮਨੁੱਖੀ ਵਿਕਾਸ ਦੇ ਨਵੇਂ ਦਿਸਹੱਦਿਆਂ ਵਾਸਤੇ ਵੱਧ ਤੋਂ ਵੱਧ ਸਮਾਂ ਉਪਲੱਬਧ ਕਰਵਾਉਣ ਵਾਸਤੇ ਸੋਵੀਅਤ ਕੰਮ ਦਿਹਾੜੀ 5 ਘੰਟੇ ਕਰਨ ਦੀ ਤਜਵੀਜ ਕਰ ਰਿਹਾ ਸੀ। ਅੰਤ ਸੋਵੀਅਤ ਪ੍ਰਬੰਧ ਦੇ ਅੰਦਰੂਨੀ ਦੁਸ਼ਮਣ ਆਪਣੀਆਂ ਸਾਜਿਸ਼ਾਂ ਵਿੱਚ ਕਾਮਯਾਬ ਹੋਏ ਤੇ ਸੰਦੇਹਜਨਕ ਹਾਲਤਾਂ ਵਿੱਚ ਸਟਾਲਿਨ ਦੀ 5 ਮਾਰਚ 1953 ਨੂੰ ਮੌਤ ਹੋ ਗਈ। ਸੋਵੀਅਤ ਜਨਤਾ ਨੇ ਆਪਣੇ ਇਸ ਮਹਾਨ ਰਹਿਬਰ ਨੂੰ 16 ਕਤਾਰਾਂ ਵਾਲੇ 10 ਮੀਲ ਲੰਮੇ ਲੱਖਾਂ ਲੋਕਾਂ ਦੇ ਮਾਰਚ ਰਾਹੀਂ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ। ਦੁਨੀਆ ਭਰ ਅੰਦਰ ਮੁਕਤੀ ਲਈ ਜੂਝਦੇ ਕਰੋੜਾਂ ਲੋਕਾਂ ਲਈ ਇਹ ਸ਼ੋਕ ਅਤੇ ਪ੍ਰੇਰਨਾ ਦਾ ਦਿਹਾੜਾ ਸੀ। ਉਸਦੇ ਅਸੰਖ ਮਿੱਤਰਾਂ, ਸਨੇਹੀਆਂ, ਪੈਰੋਕਾਰਾਂ ਤੋਂ ਇਲਾਵਾ ਉਸਦੇ ਕੱਟੜ ਤੇ ਐਲਾਨੀਆ ਵੈਰੀਆਂ ਨੇ ਵੀ 20ਵੀਂ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਵਿੱਚੋਂ ਇੱਕ ਦੀ ਮੌਤ ਤੇ ਉਸਦੀ ਕਾਬਲੀਅਤ ਦਾ ਲੋਹਾ ਮੰਨਦਿਆਂ ਗੈਰ-ਰਸਮੀ ਤੇ ਉਭਰਵੀਆਂ ਟਿੱਪਣੀਆਂ ਕੀਤੀਆਂ।
ਸੋਵੀਅਤ ਇਨਕਲਾਬੀ ਹਕੂਮਤ ਦਾ ਤਖਤਾ ਪਲਟ ਕਰਨ ਤੋਂ ਬਾਅਦ ਵੀ ਨਵੇਂ ਸੋਧਵਾਦੀ ਹਾਕਮ ਅਗਲੇ 50 ਵਰ੍ਹਿਆਂ ਤੱਕ ਕਾ. ਸਟਾਲਿਨ ਦੀ ਅਗਵਾਈ ਹੇਠ ਉਸਾਰੇ ਗਏ ਸੋਵੀਅਤ ਪ੍ਰਬੰਧ ਦੇ ਜਥੇਬੰਦਕ ਤਾਣੇ-ਬਾਣੇ ਨੂੰ ਉੱਕਾ ਹੀ ਢਹਿਢੇਰੀ ਕਰਨ ਦੀ ਜੁਰਅਤ ਨਾ ਕਰ ਸਕੇ। ਕਮਿਊਨਿਸਟਾਂ ਦੇ ਫੱਟੇ ਥੱਲੇ ਸੋਧਵਾਦੀ ਸਮਾਜਕ ਸਾਮਰਾਜੀਆਂ ਨੇ ਸੋਵੀਅਤ ਸੰਘ ਦੀ ਮਿਹਨਤਕਸ਼ ਜਨਤਾ 'ਤੇ ਆਪਣੀ ਲੋਟੂ ਤੇ ਤਾਨਾਸ਼ਾਹ ਹਕੂਮਤ ਮੜ੍ਹ ਦਿੱਤੀ। ਸੋਵੀਅਤ ਸੰਘ ਸੰਸਾਰ ਦੀਆਂ ਕੌਮੀ ਮੁਕਤੀ ਲਈ ਜੂਝਦੇ ਲੋਕਾਂ ਦੇ ਮਿਤਰ ਦੀ ਥਾਂ, ਉਹਨਾਂ 'ਤੇ ਦਾਬਾ ਪਾਉਣ ਵਾਲੇ ਸਾਮਰਾਜੀ ਪ੍ਰਬੰਧ ਵਿੱਚ ਤਬਦੀਲ ਹੋ ਗਿਆ। ਇਸ ਲੋਕ ਵਿਰੋਧੀ ਤਾਣੇ-ਬਾਣੇ ਨੂੰ ਸੋਵੀਅਤ ਲੋਕਾਂ 'ਤੇ ਨੰਗੇ ਚਿੱਟੇ ਰੂਪ ਮੜ੍ਹਨ ਲਈ ਤੇ ਸੰਸਾਰ ਦੇ ਆਜ਼ਾਦੀ ਸੰਘਰਸ਼ਾਂ ਨੂੰ ਕੁਚਲਣ ਵਾਸਤੇ ਸੋਵੀਅਤ ਸੋਧਵਾਦੀਆਂ ਨੇ ਸੰਸਾਰ ਸਾਮਰਾਜੀਆਂ ਦੀ ਭਾਈਵਾਲੀ ਨਾਲ ਕਾ. ਸਟਾਲਿਨ, ਉਸਦੀ ਸ਼ਾਨਾਮੱਤੀ ਵਿਰਾਸਤ ਤੇ ਸਮਾਜਵਾਦੀ ਪ੍ਰਬੰਧ ਨੂੰ ਬੱਦੂ ਕਰਨ ਵਾਸਤੇ ਕੂੜ ਪ੍ਰਚਾਰ ਤੇ ਝੂਠ ਦੀ ਵਿਸ਼ਾਲ ਪ੍ਰਾਪੇਗੰਡਾ ਮੁਹਿੰਮ ਵਿੱਢੀ ਜੋ ਅੱਜ ਤੱਕ ਜਾਰੀ ਹੈ।
ਕਾ. ਸਟਾਲਿਨ ਨੂੰ ਸੰਸਾਰ ਦੇ ਹੋਰ ਬਹੁਤ ਸਾਰੇ ਇਨਕਲਾਬੀਆਂ ਵਾਂਗ ਆਪਣੇ ਜਿਉਂਦੇ ਜੀਅ ਉਸਦੇ ਬੁਜ਼ਦਿਲ ਰਾਜਸੀ ਵਿਰੋਧੀਆਂ ਵਲੋਂ ਜਾਤੀ ਕਿਰਦਾਰਕੁਸ਼ੀ ਤੇ ਕੂੜ ਪ੍ਰਾਪੇਗੰਡੇ ਦੀ ਮੁਹਿੰਮ ਦਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਪਰ ਪ੍ਰੋਲੇਤਾਰੀ ਦੇ ਇਸ ਮਹਾਨ ਉਸਤਾਦ ਨੇ ਕਦੇ ਵੀ ਜਾਤੀ ਦੂਸ਼ਣਾ ਦੇ ਪਰਦੇ ਥੱਲੇ ਆਪਣੇ ਵਿਰੋਧੀਆਂ ਨੂੰ ਅਸਲ ਸਿਆਸੀ ਮਤਭੇਦਾਂ ਤੋਂ ਧਿਆਨ ਤਿਲਕਾਉਣ ਦੀ ਇਜਾਜਤ ਨਹੀਂ ਦਿੱਤੀ।
ਅੱਜ ਸੰਸਾਰ ਸਾਮਰਾਜੀਏ ਤੇ ਉਹਨਾਂ ਦੇ ਜਰਖਰੀਦ ਬੁੱਧੀਜੀਵੀ ਨਿੱਤ ਨਵੇਂ ਤੋਤਕੜੇ ਘੜ ਕੇ ਕਾਮਰੇਡ ਸਟਾਲਿਨ ਅਤੇ ਤੀਸਰੀ ਦੁਨੀਆ ਦੇ ਮੁਲਕਾਂ ਅੰਦਰ ਉਹਨਾਂ ਦੇ ਪਿੱਠੂ ਬੀਤੇ ਦੀਆਂ ਮੁਕਤੀ ਲਹਿਰਾਂ ਦੀ ਇਨਕਲਾਬੀ ਵਿਰਾਸਤ ਨੂੰ ਮੇਸਣ ਲਈ ਇਹੀ ਕੋਝੇ ਹੱਥਕੰਡੇ ਅਪਣਾ ਰਹੇ ਹਨ, ਉਸੇ ਸਮੇਂ ਜਦੋਂ ਖੁਦ ਸਾਮਰਾਜ ਹਰ ਚੜ੍ਹਦੇ ਸੂਰਜ ਸੰਸਾਰ ਭਰ ਦੇ ਲੋਕਾਂ 'ਤੇ ਸੰਸਾਰੀਕਰਨ ਦੀਆਂ ਨੀਤੀਆਂ ਨਾਲ ਨਿੱਤ ਨਵੇਂ ਹਮਲੇ ਕਰ ਰਿਹਾ ਹੈ, ਨਿਹੱਕੀਆਂ ਜੰਗਾਂ ਮੜ੍ਹਕੇ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਹੈ ਤਾਂ ਸੁਭਾਵਿਕ ਹੈ ਕਿ ਕਿਰਤੀ ਜਨਤਾ ਆਪਣੀ ਮੁਕਤੀ ਲਈ ਬੀਤੇ ਦੀਆਂ ਸ਼ਾਨਦਾਰ ਇਨਕਲਾਬੀ ਲਹਿਰਾਂ ਤੇ ਕਾ. ਸਟਾਲਿਨ ਦੀ ਸ਼ਾਨਾਮੱਤੀ ਵਿਰਾਸਤ ਤੇ ਸੋਵੀਅਤ ਪ੍ਰਬੰਧ ਦੀ ਦੇਣ ਨੂੰ ਯਾਦ ਕਰ ਰਹੀ ਹੈ। ਕਾ. ਸਟਾਲਿਨ ਦੀਆਂ ਕੀਮਤੀ-ਸਿਧਾਂਤਕ-ਸਿਆਸੀ ਦੇਣਾਂ, ਫੌਲਾਦੀ ਹੌਂਸਲੇ, ਲੋਕ ਸੰਘਰਸ਼ਾਂ 'ਚ ਅਡੋਲ ਭਰੋਸੇ ਤੇ ਉਸਦੀ ਬੇਮਿਸਾਲ ਘਾਲਣਾ ਤੋਂ ਪ੍ਰੇਰਨਾ ਲੈਕੇ ਉਸਦੀ ਫਖਰਯੋਗ ਪ੍ਰੋਲੇਤਾਰੀ ਇਨਕਲਾਬੀ ਵਿਰਾਸਤ ਨੂੰ ਬੁਲੰਦ ਕਰਨਾ ਅੱਜ ਸੰਸਾਰ ਭਰ ਦੇ ਕਿਰਤੀ ਤੇ ਸੰਘਰਸ਼ਸ਼ੀਲ ਲੋਕਾਂ ਦਾ ਬੇਹੱਦ ਅਹਿਮ ਕਾਰਜ ਹੈ।
੦-੦
No comments:
Post a Comment