Friday, November 15, 2013

ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਸਾਂਝੀ ਗ਼ਦਰ ਸ਼ਤਾਬਦੀ ਮੁਹਿੰਮ


ਕਿਸਾਨ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ
ਸਾਂਝੀ ਗ਼ਦਰ ਸ਼ਤਾਬਦੀ ਮੁਹਿੰਮ
-ਲਛਮਣ ਸਿੰਘ ਸੇਵੇਵਾਲਾ
2013 ਦਾ ਵਰ੍ਹਾ ਗ਼ਦਰ ਪਾਰਟੀ ਦੀ ਸਥਾਪਨਾ ਦਾ ਸ਼ਤਾਬਦੀ ਵਰ੍ਹਾ ਹੈ। ਇਸ ਵਰ੍ਹੇ ਦੌਰਾਨ ਪੰਜਾਬ ਦੀਆਂ ਵੱਖ ਵੱਖ ਸਮਾਜੀ, ਸਿਆਸੀ ਤੇ ਨੀਮ-ਸਿਆਸੀ ਜਥੇਬੰਦੀਆਂ ਤੇ ਵੱਡੀ ਗਿਣਤੀ ਵਿੱਚ ਲੋਕ-ਪੱਖੀ ਜਨਤਕ ਜਥੇਬੰਦੀਆਂ ਨੇ ਆਪਣੀ ਆਪਣੀ ਸਮਝ, ਸਮਰੱਥਾ ਤੇ ਤਰੀਕਾਕਾਰ ਮੁਤਾਬਕ ਇਸ ਗ਼ਦਰ ਸ਼ਤਾਬਦੀ ਮੁਹਿੰਮ ਵਿੱਚ ਆਪਣਾ ਹਿੱਸਾ ਪਾਇਆ ਹੈ ਅਤੇ ਦੇਸ਼ ਭਗਤ ਗ਼ਦਰੀ ਸੂਰਬੀਰ ਇਨਕਲਾਬੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਏਸ ਪ੍ਰਸੰਗ ਵਿੱਚ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਾਂਝੀ ਗ਼ਦਰ ਸ਼ਤਾਬਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਇਸ ਮੁਹਿੰਮ ਦੇ ਉਦੇਸ਼ਾਂ ਤੇ ਤੱਤ ਬਾਰੇ ਸਾਂਝੀ ਸਮਝ ਇਹ ਬਣੀ ਕਿ ਗ਼ਦਰ ਲਹਿਰ ਸਾਡੇ ਮੁਲਕ ਦੀ ਕੌਮੀ ਮੁਕਤੀ ਲਹਿਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਅਤੇ ਬਹੁਤ ਹੀ ਗੌਰਵਸ਼ਾਲੀ ਵਿਰਸਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਲੋਕਾਂ ਅੰਦਰ, ਖਾਸ ਕਰਕੇ ਕਿਸਾਨ ਤੇ ਖੇਤ ਮਜ਼ਦੂਰ ਹਿੱਸਿਆਂ ਅੰਦਰ ਇਸ ਲਹਿਰ ਬਾਰੇ ਜਾਣਕਾਰੀ ਬਹੁਤ ਹੀ ਪੇਤਲੀ ਤੇ ਨਾਕਾਫੀ ਹੈ ਤੇ ਉਹ ਇਸ ਗੌਰਵਸ਼ਾਲੀ ਵਿਰਸੇ ਨਾਲ ਜੁੜੇ ਹੋਏ ਨਹੀਂ ਹਨ। ਇਸ ਲਈ ਇਸ ਸਾਂਝੀ ਮੁਹਿੰਮ ਦਾ ਪਹਿਲਾ ਉਦੇਸ਼ ਕਿਸਾਨ ਅਤੇ ਖੇਤ ਮਜ਼ਦੂਰ ਜਨਤਾ ਨੂੰ, ਖਾਸ ਕਰਕੇ ਇਸਦੇ ਸਰਗਰਮ ਹਿੱਸਿਆਂ ਤੇ ਕਰਿੰਦਿਆਂ ਨੂੰ ਸੰਭਵ ਹੱਦ ਤੱਕ ਇਹ ਜਾਣਕਾਰੀ ਮੁਹੱਈਆ ਕਰਵਾਉਣਾ ਹੋਣਾ ਚਾਹੀਦਾ ਹੈ। ਦੂਜੇ ਨੰਬਰ 'ਤੇ ਇਹ ਕਿ ਜਿਹਨਾਂ ਸਮਾਜੀ, ਸਿਆਸੀ ਤੇ ਆਰਥਿਕ ਹਾਲਤਾਂ 'ਚੋਂ ਗ਼ਦਰ ਲਹਿਰ ਉੱਭਰੀ ਸੀ, ਉਹ ਹਾਲਤਾਂ ਤੇ ਉਹਨਾਂ 'ਚੋਂ ਨਿੱਕਲਦੀਆਂ ਸਮੱਸਿਆਵਾਂ ਤੇ ਕਾਰਜ ਲੱਗਭੱਗ ਉਵੇਂ ਜਿਵੇਂ ਹੀ ਖੜ੍ਹੇ ਹਨ, ਸਗੋਂ ਕਈ ਪੱਖਾਂ ਤੋਂ ਹਾਲਤ ਹੋਰ ਮਾੜੀ ਹੋਈ ਹੈ। ਇਸ ਲਈ ਏਸ ਸਾਂਝੀ ਮੁਹਿੰਮ ਦਾ ਦੂਜਾ ਉਦੇਸ਼ ਅੱਜ ਦੀਆਂ ਹਾਲਤਾਂ ਅੰਦਰ ਕਿਸਾਨ ਲਹਿਰ ਦੇ ਪ੍ਰੇਰਨਾ ਸਰੋਤ ਵਜੋਂ ਗ਼ਦਰ ਲਹਿਰ ਦੀ ਪ੍ਰਸੰਗਕਿਤਾ ਨੂੰ ਉਭਾਰਨਾ ਹੋਣਾ ਚਾਹੀਦਾ ਹੈ। ਤੀਜੇ ਨੰਬਰ 'ਤੇ, ਇਸ ਸ਼ਤਾਬਦੀ ਮੁਹਿੰਮ ਦੇ ਸਿਖਰ 'ਤੇ 1 ਨਵੰਬਰ ਨੂੰ ਦੇਸ਼ਭਗਤ ਯਾਦਗਾਰ ਕਮੇਟੀ ਦੀ ਅਗਵਾਈ ਹੇਠ ਦੇਸ਼ਭਗਤ ਯਾਦਗਾਰ ਹਾਲ ਵਿਖੇ ਵੱਖ ਵੱਖ ਜਨਤਕ ਜਥੇਬੰਦੀਆਂ 'ਤੇ ਆਧਾਰਤ ਵਿਸ਼ਾਲ ਇਕੱਤਰਤਾ ਹੋ ਰਹੀ ਹੈ, ਇਸ ਲਈ ਇਸ ਸਾਂਝੀ ਮੁਹਿੰਮ ਦਾ ਤੀਜਾ ਮਕਸਦ ਇਹਨਾਂ ਦੋ ਜਥੇਬੰਦੀਆਂ ਦੀ ਅਗਵਾਈ ਹੇਠਲੀ ਵੱਧ ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਜਨਤਾ ਨੂੰ ਲਾਮਬੰਦ ਕਰਕੇ ਇਸ ਇਕੱਤਰਤਾ ਵਿੱਚ ਸ਼ਾਮਲ ਕਰਵਾਉਣਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਸੰਭਵ ਹੱਦ ਤੱਕ ਆਪਣੇ ਅਮੀਰ ਤੇ ਗੌਰਵਸ਼ਾਲੀ ਵਿਰਸੇ ਨਾਲ ਜੁੜ ਸਕੇ ਤੇ ਇਸ ਤੋਂ ਪ੍ਰੇਰਨਾ ਤੇ ਉਤਸ਼ਾਹ ਲੈ ਸਕੇ। 
ਇਸ ਮੁਹਿੰਮ ਨੂੰ ਜਥੇਬੰਦਕ ਸਰੂਪ ਵੱਖ ਵੱਖ ਜ਼ਿਲ੍ਹਿਆਂ ਅੰਦਰ ਬਲਾਕ ਪੱਧਰੀਆਂ ਕਾਨਫਰੰਸਾਂ ਦਾ ਦਿੱਤਾ ਗਿਆ। ਕੁੱਲ ਮਿਲਾ ਕੇ ਅਜਿਹੀਆਂ 24 ਕਾਨਫਰੰਸਾਂ ਕੀਤੀਆਂ ਗਈਆਂ, ਜਿਹਨਾਂ ਅੰਦਰ ਖੇਤੀ-ਧੰਦੇ ਦੇ ਵੱਡੇ ਕਸਾਅ ਦੀਆਂ ਹਾਲਤਾਂ ਅੰਦਰ ਵੀ 6000 ਤੋਂ ਉੱਪਰ ਇਹਨਾਂ ਜਥੇਬੰਦੀਆਂ ਦੇ ਵਰਕਰਾਂ ਤੇ ਸਰਗਰਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਜਿਹਨਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਦੀ ਸ਼ਾਮਲ ਹੋਈਆਂ। 
ਇਸ ਮੁਹਿੰਮ ਦਾ ਆਗਾਜ਼ ਮਹਾਨ ਗ਼ਦਰੀ ਵੀਰਾਂਗਣਾ ਬੀਬੀ ਗੁਲਾਬ ਕੌਰ ਦੇ ਜੱਦੀ ਪਿੰਡ ਬਖਸ਼ੀਵਾਲਾ (ਜ਼ਿਲ੍ਹਾ ਸੰਗਰੂਰ) ਤੋਂ ਕੀਤਾ ਗਿਆ। ਇਸ ਕਾਨਫਰੰਸ ਅੰਦਰ ਬੀਬੀ ਗੁਲਾਬ ਕੌਰ ਤੇ ਗ਼ਦਰ ਲਹਿਰ ਨਾਲ ਸਬੰਧਤ ਡਰਾਮੇ ਅਤੇ ਇਨਕਲਾਬੀ ਸੰਗੀਤ ਵੀ ਪੇਸ਼ ਕੀਤਾ ਗਿਆ। (ਜਦੋਂ ਕਿ ਹੋਰਨਾਂ ਕਾਨਫਰੰਸਾਂ ਅੰਦਰ ਅਜਿਹੇ ਸਭਿਆਚਾਰਕ ਪ੍ਰੋਗਰਾਮ ਕਰਨ ਤੋਂ ਸੋਚ ਸਮਝ ਕੇ ਪ੍ਰਹੇਜ ਕੀਤਾ ਗਿਆ ਤਾਂ ਕਿ ਕਾਨਫਰੰਸਾਂ ਦਾ ਵੱਧ ਤੋਂ ਵੱਧ ਸਮਾਂ ਗ਼ਦਰੀ ਲਹਿਰ ਤੇ ਮੌਜੂਦਾ ਸਮੇਂ ਵਿੱਚ ਇਸਦੀ ਪ੍ਰਸੰਗਕਿਤਾ ਨੂੰ ਉਭਾਰਨ ਲਈ ਵਰਤਿਆ ਜਾ ਸਕੇ।) ਇਸ ਕਾਨਫਰੰਸ ਅੰਦਰ ਭਾਵੇਂ ਗ਼ਦਰ ਲਹਿਰ ਬਾਰੇ ਜਾਣਕਾਰੀ ਦੇਣ ਤੇ ਇਹਦੀ ਪ੍ਰਸੰਗਕਿਤਾ ਦੇ ਵਿਸ਼ਿਆਂ ਨੂੰ ਵੀ ਸੰਭਵ ਹੱਦ ਤੱਕ ਛੋਹਿਆ ਗਿਆ, ਪਰ ਇਹਦੇ ਅੰਦਰ ਗ਼ਦਰੀ ਬੀਬੀ ਗੁਲਾਬ ਕੌਰ ਦੀ ਜੀਵਨ-ਘਾਲਣਾ, ਕੁਰਬਾਨੀ ਅਤੇ ਮਹਾਨਤਾ ਉਭਾਰਨ ਨੂੰ ਪ੍ਰਮੁੱਖਤਾ ਦਿੱਤੀ ਗਈ। ਇਸ ਗੱਲ ਨੂੰ ਜ਼ੋਰ ਨਾਲ ਉਭਾਰਿਆ ਗਿਆ ਕਿ ਅੱਜ ਤੋਂ 100 ਸਾਲ ਪਹਿਲਾਂ ਦੀਆਂ ਜਾਗੀਰੂ ਸਮਾਜਿਕ ਹਾਲਤਾਂ ਅੰਦਰ ਕਿਸੇ ਔਰਤ ਵੱਲੋਂ, ਉਹ ਵੀ ਕਿਸੇ ਗਰੀਬ ਕਿਸਾਨ ਪਰਿਵਾਰ ਦੀ ਔਰਤ ਵੱਲੋਂ ਆਪਣੀ ਜ਼ਿੰਦਗੀ ਨੂੰ ਇਉਂ ਕੌਮੀ ਇਨਕਲਾਬੀ ਸਿਆਸਤ ਦੇ ਲੇਖੇ ਲਾ ਦੇਣਾ, ਕਰੜੇ ਜਗੀਰੂ ਪਰਿਵਾਰਕ ਬੰਧਨਾਂ ਨੂੰ ਭੰਨ ਕੇ, ਸਮੂਹਿਕ ਤੇ ਕੌਮੀ ਹਿੱਤਾਂ ਨੂੰ ਪਰਿਵਾਰਕ ਰਿਸ਼ਤਿਆਂ ਤੋਂ ਉੱਪਰ ਰੱਖ ਕੇ ਤੁਰ ਪੈਣਾ ਤੇ ਫਿਰ ਉਮਰ ਭਰ ਅਦੁੱਤੀ ਸਿਦਕ ਅਤੇ ਸਿਰੜ ਨਾਲ ਇਸ ਜ਼ਿੰਦਗੀ ਵਿੱਚ ਨਿਭ ਜਾਣਾ, ਨਾ ਸਿਰਫ ਨਿਭ ਜਾਣਾ ਸਗੋਂ ਅੰਗਰੇਜ਼ੀ ਹਕੂਮਤ ਦੇ ਜ਼ੁਲਮ ਤੇ ਸਖਤਾਈ ਦੀਆਂ ਸਿਰੇ ਦੀਆਂ ਹਾਲਤਾਂ ਅੰਦਰ ਪੁਲਸੀ ਨਿਗਾਹਾਂ ਤੋਂ ਬਚ ਕੇ ਔਰਤਾਂ ਵਿੱਚ ਇਨਕਲਾਬੀ ਪ੍ਰਚਾਰ ਕਰਨ, ਇਕਨਲਾਬੀ ਸੁਨੇਹੇ ਤੇ ਸਾਹਿਤ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਤੇ ਹਥਿਆਰਾਂ ਦੀ ਢੋਅ-ਢੁਆਈ ਵਰਗੇ ਜੋਖਮ ਭਰੇ ਕੰਮ ਵਿੱਚ ਸਫਲ ਇਨਕਲਾਬੀਆਂ ਵਾਂਗੂੰ ਨਿਭ ਜਾਣਾ ਕਿਵੇਂ ਸੱਚਮੁੱਚ ਮਹਾਨ ਹੈ- ਇਹ ਸਭ ਕੁੱਝ ਉਸ ਨੂੰ ਮਾਈ ਭਾਗੋ, ਦੁਰਗਾ ਭਾਬੀ ਅਤੇ ਲਕਸ਼ਮੀ ਸਹਿਗਲ ਵਰਗੀਆਂ ਵੀਰਾਂਗਣਾਂ ਦੀ ਲਾਈਨ 'ਚ ਜਾ ਖੜ੍ਹਾ ਕਰਦਾ ਹੈ। ਇਹਨਾਂ ਸਭਨਾਂ ਦੀ ਸੰਖੇਪ ਚਰਚਾ ਕਰਦਿਆਂ ਔਰਤਾਂ ਨੂੰ ਇਹਨਾਂ ਵੀਰਾਂਗਣਾਂ ਤੋਂ ਪਰੇਰਨਾ ਲੈਣ ਤੇ ਇਸ ਵਿਰਸੇ ਨੂੰ ਅਪਣਾਉਣ ਦਾ ਹੋਕਾ ਦਿੱਤਾ ਗਿਆ। ਵੈਸੇ ਵੀ, ਅੱਜ ਦੀਆਂ ਹਾਲਤਾਂ ਅੰਦਰ ਮਿਹਨਤਕਸ਼ ਲੋਕਾਂ ਦੀ ਲਹਿਰ ਅੰਦਰ ਤੇ ਵਿਸ਼ੇਸ਼ ਰੂਪ 'ਚ ਕਿਸਾਨ ਲਹਿਰ ਅੰਦਰ ਔਰਤਾਂ ਦੀ ਸ਼ਮੂਲੀਅਤ ਤੇ ਰੋਲ ਦੇ ਆਮ ਮਹੱਤਵ ਨੂੰ ਜ਼ੋਰ ਨਾਲ ਉਭਾਰਿਆ ਗਿਆ। 
ਗ਼ਦਰ ਲਹਿਰ ਤੇ ਇਸਦੇ ਆਦਰਸ਼ਾਂ ਬਾਰੇ ਜਾਣਕਾਰੀ ਦੇਣ ਦੇ ਮਾਮਲੇ ਵਿੱਚ, ਇਹਨਾਂ ਕਾਨਫਰੰਸਾਂ ਦੌਰਾਨ ਸਰੋਤਿਆਂ ਨੂੰ ਗ਼ਦਰੀ ਇਨਕਲਾਬੀਆਂ ਦੇ ਜਮਾਤੀ ਪਿਛੋਕੜ ਬਾਰੇ, ਉਹਨਾਂ ਦੇ ਆਦਰਸ਼ਾਂ ਤੇ ਕੁਰਬਾਨੀਆਂ ਬਾਰੇ ਤੇ ਸਭ ਤੋਂ ਵਧ ਕੇ ਵੱਡੇ ਸਿਦਕ ਅਤੇ ਸਿਰੜ ਨਾਲ ਨਿਭ ਜਾਣ ਦੇ ਉਹਨਾਂ ਦੇ ਇਨਕਲਾਬੀ ਕਰੂਰੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ, ਜੀਹਦਾ ਸੰਖੇਪ ਇਹ ਹੈ:
—ਜਮਾਤੀ ਪਿਛੋਕੜ ਪੱਖੋਂ ਗ਼ਦਰੀ ਇਨਕਲਾਬੀ ਕੰਗਾਲ ਤੇ ਖੁੰਘਲ ਹੋਏ ਛੋਟੇ ਕਿਸਾਨ ਸਨ, ਜਿਹਨਾਂ ਦੀਆਂ ਜ਼ਮੀਨਾਂ ਖੁੱਸ ਰਹੀਆਂ ਸਨ, ਕਰਜ਼ੇ ਅਸਹਿ ਹੋ ਰਹੇ ਸਨ, ਟੈਕਸ ਮੌਸੂਲ ਭਰਨੇ ਮੁਹਾਲ ਹੋ ਰਹੇ ਸਨ ਤੇ ਜਿਹਨਾਂ ਨੂੰ ਲਗਾਤਾਰ ਕਾਲ, ਹੈਜੇ ਤੇ ਪਲੇਗ ਵਰਗੀਆਂ ਮਹਾਂਮਾਰੀਆਂ ਦੀ ਮਾਰ ਪੈਂਦੀ ਰਹਿੰਦੀ ਸੀ। ਜਦੋਂ ਉਹ ਮਜਬੂਰ ਹੋ ਕੇ ਅੰਗਰੇਜ਼ੀ ਫੌਜ ਵਿੱਚ ਭਰਤੀ ਹੋਏ ਜਾਂ ਰੁਜ਼ਗਾਰ ਦੀ ਭਾਲ ਵਿੱਚ ਬਦੇਸ਼ਾਂ ਨੂੰ ਗਏ ਤਾਂ ਵੀ ਉਹਨਾਂ ਨੂੰ ਸੁਖਚੈਨ ਦੀ ਖੁਸ਼ਹਾਲ ਜ਼ਿੰਦਗੀ ਨਸੀਬ ਨਾ ਹੋਈ। ਫੌਜਾਂ ਵਿੱਚ ਕੰਮ ਕਰਦਿਆਂ ਉਹਨਾਂ ਦੇਖਿਆ ਕਿ ਭਾਰਤੀ ਸਿਪਾਹੀਆਂ ਨੂੰ 9 ਰੁਪਏ ਪਰ ਗੋਰਿਆਂ ਨੂੰ 45, ਭਾਰਤੀ ਸਿਪਾਹੀ ਨੂੰ ਵਰਦੀ 'ਤੇ ਖੁਰਾਕ ਮਾੜੀ ਗੋਰਿਆਂ ਨੂੰ ਚੰਗੀ ਤੇ ਜੰਗ ਸਮੇਂ ਭਾਰਤੀ ਫੌਜ ਮੂਹਰੇ ਪਰ ਗੋਰੇ ਪਿੱਛੇ। ਜਦੋਂ ਉਹ ਫੌਜ ਛੱਡ ਕੇ ਜਾਂ ਸਿੱਧੇ ਕੈਨੇਡਾ ਅਮਰੀਕਾ ਗਏ ਤਾਂ ਉੱਥੇ ਵੀ ਨਸਲੀ ਵਿਤਕਰੇ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਗੋਰਿਆਂ ਦੇ ਮੁਕਾਬਲੇ ਘੱਟ ਤਨਖਾਹਾਂ, ਟੁੱਟਵਾਂ ਰੁਜ਼ਗਾਰ ਅਤੇ ਉੱਤੋਂ ਨਸਲੀ ਹਮਲੇ। ਏਥੇ ਵੀ ਉਹਨਾਂ ਨੂੰ ਸੁੱਖ ਦਾ ਸਾਹ ਨਾ ਆਇਆ। ਇਸ ਤੋਂ ਵੀ ਤੇ ਵਧ ਕੇ ਫੌਜੀ ਨੌਕਰੀ ਸਮੇਂ ਵੀ ਬਦੇਸ਼ੀ ਮਜ਼ਦੂਰੀ ਸਮੇਂ ਵੀ ਕੁਲੀ, ਕਾਲੇ, ਗੁਲਾਮ ਅਤੇ ਤੇਤੀ ਕਰੋੜ ਭੇਡਾਂ ਵਰਗੇ ਨਸਲੀ ਤਾਅਨੇ ਉਹਨਾਂ ਨੂੰ ਲਗਾਤਾਰ ਜਲੀਲ ਕਰਦੇ ਰਹੇ। ਦੂਜੇ ਪਾਸੇ ਉਹਨਾਂ ਨੇ ਆਜ਼ਾਦ ਮੁਲਕਾਂ ਨੂੰ ਤਰੱਕੀ ਕਰਦੇ ਦੇਖਿਆ ਅਤੇ ਉੱਥੋਂ ਦੇ ਲੋਕਾਂ ਦੀਆਂ ਰੈਲੀਆਂ ਜਿਉਣ ਹਾਲਤਾਂ ਦੇਖੀਆਂ। ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹਨਾਂ ਨੂੰ ਗੁਲਾਮੀ ਆਜ਼ਾਦੀ ਦਾ ਫਰਕ ਦਿਸ ਗਿਆ। ਉਹਨਾਂ ਅੰਦਰ ਕੌਮੀ ਚੇਤਨਾ ਉਮੜ ਆਈ ਤੇ ਵਤਨ ਨੂੰ ਆਜ਼ਾਦ ਕਰਵਾਉਣ ਦੀ ਤਾਂਘ ਜ਼ੋਰ ਫੜ ਗਈ। ਸਿੱਟੇ ਵਜੋਂ ਉਹ ਇੱਕ ਖਰੀ ਕੌਮ-ਪ੍ਰਸਤ ਇਨਕਲਾਬੀ ਸਿਆਸੀ ਸ਼ਕਤੀ ਵਿੱਚ ਵਟ ਗਏ। 
—ਇਸ ਨਵੀਂ ਚੇਤਨਾ ਨਾਲ ਤੇ ਨਵੇਂ ਰੋਲ ਵਿੱਚ ਉਹਨਾਂ ਲਈ ਜੰਗੇ-ਆਜ਼ਾਦੀ ਸਭ ਤੋਂ ਪ੍ਰਮੁੱਖ ਸਰੋਕਾਰ ਬਣ ਗਈ। ਕਿਉਂਕਿ ਉਹਨਾਂ ਨੂੰ ਆਪਣੇ ਤੇ ਮੁਲਕ ਦੇ ਸਾਰੇ ਸੰਕਟਾਂ ਤੇ ਕਸ਼ਟਾਂ ਦਾ ਕਾਰਨ ਗੁਲਾਮੀ ਲੱਗਦੀ ਸੀ ਤੇ ਇਹਨਾਂ ਸਾਰੇ ਦੁੱਖਾਂ ਦਾ ਨਿਵਾਰਨ ਆਜ਼ਾਦੀ ਨਾਲ ਹੁੰਦਾ ਦਿਖਦਾ ਸੀ। ਏਸੇ ਲਈ ਉਹਨਾਂ ਨੇ ਆਜ਼ਾਦੀ ਦੀ ਬੇਦੀ ਤੋਂ ਸਭ ਕੁੱਝ ਨਿਸ਼ਾਵਰ ਕਰਨ ਦੀ ਠਾਣ ਲਈ। ਇਸ ਮਕਸਦ ਦੀ ਪੂਰਤੀ ਲਈ ਉਹਨਾਂ ਨੇ ਆਪਣੇ ਮੂਹਰੇ ਧਰਮਾਂ/ਜਾਤਾਂ/ਇਲਾਕਿਆਂ ਵਿੱਚ ਵੰਡੀ ਕੌਮ ਨੂੰ, ਇਹਨਾਂ ਵੰਡੀਆਂ ਤੋਂ ਉੱਪਰ ਉੱਠਾ ਕੇ ਇੱਕ ਕੌਮ ਵਜੋਂ ਜਥੇਬੰਦ ਕਰਨ ਤੇ ਇਹਦੇ ਜ਼ੋਰ 'ਤੇ ਹਥਿਆਰਬੰਦ ਸੰਘਰਸ਼ ਰਾਹੀਂ ਅੰਗਰੇਜ਼ੀ ਹਕੂਮਤ ਦਾ ਫਸਤਾ ਵੱਢਣ ਤੇ ਇਹਦੀ ਥਾਂ 'ਤੇ ਰਾਜਾਸ਼ਾਹੀ ਤੋਂ ਮੁਕਤ ਤੇ ਧਰਮਾਂ ਤੋਂ ਨਿਰਲੇਪ ਅਮਰੀਕਨ ਰਿਪਬਲਿਕ ਵਰਗਾ ਲੋਕ ਰਾਜ ਸਥਾਪਤ ਕਰਨ ਦਾ ਆਦਰਸ਼ ਰਖਿਆ, ਜੀਹਦੇ ਅੰਦਰ ਭਾਈਚਾਰਕ ਬਰਾਬਰੀ ਤੇ ਸਾਂਝ ਹੋਵੇ, ਕਿਸਾਨ ਮਜ਼ਦੂਰ ਦੀ ਪੁੱਗਤ ਹੋਵੇ, ਕਾਲ ਪਲੇਗ ਤੋਂ ਮੁਕਤੀ ਮਿਲੇ, ਵਿਦਿਆ ਤੇ ਸਿਹਤ ਸਹੂਲਤਾਂ ਦੀ ਜਾਮਨੀ ਹੋਵੇ ਤੇ ਮੁਲਕ ਵਿਗਿਆਨਕ ਤਰੱਕੀ ਦੇ ਰਾਹ ਪਵੇ। 
—ਇਹਨਾਂ ਆਦਰਸ਼ਾਂ ਦੀ ਪ੍ਰਾਪਤੀ ਲਈ ਉਹਨਾਂ ਨੇ 1913 ਵਿੱਚ ਗ਼ਦਰ ਪਾਰਟੀ ਦਾ ਗਠਨ ਕੀਤਾ, ਗ਼ਦਰ ਅਖਬਾਰ ਕੱਢਿਆ ਤੇ ਵੱਡੇ ਇਨਕਲਾਬੀ ਉੱਦਮਾਂ ਤੇ ਹੰਭਲਿਆਂ ਦੇ ਜ਼ੋਰ ਇੱਕ ਦੋ ਵਰ੍ਹਿਆਂ ਅੰਦਰ ਹੀ ਹਿੰਦੁਸਤਾਨ, ਅਮਰੀਕਾ, ਕੈਨੇਡਾ ਸਮੇਤ 50 ਦੇ ਲੱਗਭੱਗ ਮੁਲਕਾਂ ਤੇ ਟਾਪੂਆਂ ਅੰਦਰ ਜੰਗੇ-ਆਜ਼ਾਦੀ ਦਾ ਜ਼ੋਰਦਾਰ ਪ੍ਰਚਾਰ ਕੀਤਾ, ਇਹਨਾਂ ਸਾਰੇ ਥਾਵਾਂ 'ਤੇ ਪਾਰਟੀ ਕਮੇਟੀਆਂ ਕਾਇਮ ਕੀਤੀਆਂ ਤੇ ਇਹੀ ਕੁੱਝ ਇਹਨਾਂ ਦੇ ਇਹਨਾਂ ਮੁਲਕਾਂ ਤੇ ਟਾਪੂਆਂ ਅੰਦਰ ਅੰਗਰੇਜ਼ੀ ਕਮਾਨ ਹੇਠਲੀਆਂ ਭਾਰਤੀ ਫੌਜਾਂ ਦੀਆਂ ਛਾਉਣੀਆਂ ਵਿੱਚ ਵੀ ਕੀਤਾ ਤੇ ਮੌਕਾ ਆਉਣ 'ਤੇ ਗ਼ਦਰ ਮਚਾਉਣ ਲਈ ਜੰਗੀ ਤਿਆਰੀਆਂ ਕੀਤੀਆਂ। 
—ਜਦੋਂ ਸੰਸਾਰ ਜੰਗ ਲੱਗਣ ਮੌਕੇ ਇਹਨਾਂ ਨੂੰ ਅਜਿਹਾ ਮੌਕਾ ਆਇਆ ਲੱਗਿਆ ਅਤੇ ਗ਼ਦਰ ਲਈ ਮੁਲਕ ਵੱਲ ਕੂਚ ਦਾ ਹੋਕਾ ਦੇ ਦਿੱਤਾ ਗਿਆ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ (ਲੱਗਭੱਗ 8000) ਸਿਰਲੱਥ ਯੋਧੇ ਇਹਨਾਂ ਮੁਲਕਾਂ ਤੇ ਟਾਪੂਆਂ ਅੰਦਰ ਆਪਣੀਆਂ ਜਾਇਦਾਦਾਂ ਤੇ ਕਮਾਈਆਂ ਨੂੰ ਲੱਤ ਮਾਰ ਕੇ, ਸ਼ਹੀਦੀ ਗਾਨੇ ਬੰਨ੍ਹ ਕੇ ਵਤਨ ਨੂੰ ਧਾ ਪਏ। ਅਨੇਕਾਂ ਰਸਤੇ ਵਿੱਚ ਫੜੇ ਗਏ, ਬਾਕੀ ਛਾਉਣੀਆਂ ਤੇ ਪਿੰਡਾਂ ਵਿੱਚ ਗ਼ਦਰ ਦੀਆਂ ਤਿਆਰੀਆਂ ਦੌਰਾਨ ਅੰਦਰਲੇ ਸੂਹੀਆਂ ਤੇ ਜਾਗੀਰਦਾਰਾਂ ਤੇ ਟੋਡੀਆਂ ਦੀਆਂ ਕਰਤੂਤਾਂ ਕਰਕੇ ਫੜੇ ਗਏ। ਵੱਡੇ ਮੁਕੱਦਮੇ ਚੱਲੇ, ਵੱਡੀਆਂ ਸਜ਼ਾਵਾਂ ਹੋਈਆਂ, ਵੱਡੇ ਤਸੀਹੇ ਮਿਲੇ (145 ਯੋਧਿਆਂ ਨੂੰ ਫਾਂਸੀ ਮਿਲੀ ਜਾਂ ਸਿੱਧੀ ਗੋਲੀ ਮਾਰ ਦਿੱਤੀ ਗਈ, 306 ਨੂੰ ਉਮਰ ਕੈਦ ਤੇ ਕਾਲੇ ਪਾਣੀਆਂ ਦੀ ਸਜ਼ਾ ਤੇ 77 ਨੂੰ ਛੋਟੀਆਂ ਸਜ਼ਾਵਾਂ ਹੋਈਆਂ। ਇਸ ਤੋਂ ਇਲਾਵਾ ਸੈਂਕੜਿਆਂ ਦੀ ਜੂਹਬੰਦੀ ਕਰ ਦਿੱਤੀ ਗਈ ਤੇ ਅਨੇਕਾਂ ਦੇ ਘਰ-ਘਾਟ ਕੁਰਕ ਹੋ ਗਏ। ਸਗੋਂ ਕੈਂਦਾਂ ਤੇ ਸਜ਼ਾਵਾਂ ਕੱਟ ਕੇ ਆਉਣ ਮਗਰੋਂ ਵੀ ਆਖਰੀ ਸੁਆਸਾਂ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਜਥੇਬੰਦ ਹੋ ਕੇ ਹੱਕੀ ਲੋਕ-ਸੰਘਰਸ਼ਾਂ- ਖਾਸ ਕਰਕੇ ਮੁਜਾਰਾ ਲਹਿਰ ਤੇ ਕਰਜ਼ਾ ਮੁਕਤੀ ਲਹਿਰ ਵਰਗੇ ਕਿਸਾਨ ਸੰਘਰਸ਼ਾਂ ਵਿੱਚ ਸਰਗਰਮੀ ਨਾਲ ਜੂਝਦੇ ਰਹੇ ਤੇ ਇਹਨਾਂ ਸੰਘਰਸ਼ਾਂ ਨੂੰ ਖਾੜਕੂ ਰੰਗਤ ਬਖਸ਼ਦੇ ਰਹੇ। 
ਜਿੱਥੋਂ ਤੱਕ ਅੱਜ ਦੀਆਂ ਹਾਲਤਾਂ ਅੰਦਰ ਗ਼ਦਰ ਲਹਿਰ ਦੀ ਪ੍ਰਸੰਗਕਿਤਾ ਦਾ ਸੁਆਲ ਹੈ, ਇਹਨਾਂ ਕਾਨਫਰੰਸਾਂ ਦੌਰਾਨ ਇਹ ਗੱਲ ਜ਼ੋਰ ਨਾਲ ਉਭਾਰੀ ਗਈ ਕਿ ਜਿਹੜੀਆਂ ਸਮਾਜਿਕ, ਸਿਆਸੀ ਅਤੇ ਆਰਥਿਕ ਹਾਲਤਾਂ 'ਚੋਂ ਗ਼ਦਰ ਲਹਿਰ ਉੱਭਰੀ ਸੀ, ਅੱਜ 100 ਵਰ੍ਹੇ ਬੀਤ ਜਾਣ ਬਾਅਦ ਵੀ ਇਹਨਾਂ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਹੋਈ, ਇਸ ਕਰਕੇ, ਲਹਿਰ ਦੇ ਆਦਰਸ਼ਾਂ ਤੇ ਨੀਤੀ ਪੈਂਤੜਿਆਂ ਦੇ ਬਹੁਤ ਪੱਖਾਂ 'ਤੇ ਗ਼ਦਰ ਲਹਿਰ ਅੱਜ ਵੀ ਸਾਡਾ ਰਾਹ-ਦਰਸਾਵਾ ਤੇ ਪ੍ਰੇਰਨਾ ਸਰੋਤ ਬਣਦੀ ਹੈ। ਕਾਨਫਰੰਸਾਂ ਦੌਰਾਨ ਉਭਾਰੇ ਗਏ ਅਹਿਮ ਪੱਖ ਇਸ ਪ੍ਰਕਾਰ ਹਨ :
ਪਹਿਲੀ ਗੱਲ: ਗ਼ਦਰੀ ਇਨਕਲਾਬੀਆਂ ਦਾ ਸਭ ਤੋਂ ਵੱਡਾ ਆਦਰਸ਼ ਇਹ ਸੀ ਕਿ ਮੁਲਕ ਸਾਮਰਾਜੀ ਗਲਬੇ ਤੋਂ ਆਜ਼ਾਦ ਹੋਵੇ, ਪਰ ਉਹਨਾਂ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ। ਬੇਸ਼ੱਕ, ਸਾਡੇ ਮੁਲਕ 'ਤੇ ਹੁਣ ਕਿਸੇ ਇੱਕ ਸਾਮਰਾਜੀ ਤਾਕਤ ਦਾ ਸਿੱਧਾ ਗਲਬਾ ਨਹੀਂ ਹੈ, ਪਰ ਅਸਿੱਧੇ ਰੂਪ ਵਿੱਚ ਅੱਜ ਅਨੇਕਾਂ ਸਾਮਰਾਜੀ ਸ਼ਕਤੀਆਂ ਵੱਲੋਂ ਸਾਡੇ ਮੁਲਕ ਦੇ ਮਾਲ-ਖਜ਼ਾਨਿਆਂ ਤੇ ਮਿਹਨਤ ਸ਼ਕਤੀ ਦੀ ਕੀਤੀ ਜਾ ਰਹੀ ਲੁੱਟ ਉਸ ਵੇਲੇ ਨਾਲੋਂ ਵੀ ਕਿਤੇ ਵਡੇਰੀ ਹੈ। ਅੱਜ ਅਮਰੀਕਣ ਦਿਓ-ਸ਼ਕਤੀ ਤੋਂ ਇਲਾਵਾ ਅਨੇਕਾਂ ਸਾਮਰਾਜੀ ਸ਼ਕਤੀਆਂ ਸਾਡੀ ਸਮਾਜੀ-ਸਿਆਸੀ, ਆਰਥਿਕ ਤੇ ਸਭਿਆਚਾਰਕ ਜ਼ਿੰਦਗੀ ਦੇ ਸਾਰੇ ਖੇਤਰਾਂ 'ਤੇ ਗਾਲਬ ਹੋਈਆਂ ਬੈਠੀਆਂ ਹਨ। ਸੋ ਸਾਡੇ ਮੁਲਕ ਨੂੰ ਇਸ ਸਾਮਰਾਜੀ ਗਲਬੇ ਤੋਂ ਮੁਕਤ ਕਰਵਾਉਣ ਦਾ ਕਾਰਜ ਅੱਜ ਵੀ ਗ਼ਦਰ ਲਹਿਰ ਦੇ ਵਾਰਸਾਂ ਲਈ ਅਹਿਮ ਕਾਰਜ ਵਜੋਂ ਮੌਜੂਦ ਰਹਿ ਰਿਹਾ ਹੈ। 
ਦੂਜੀ ਗੱਲ: ਗ਼ਦਰੀ ਇਨਕਲਾਬੀਆਂ ਦਾ ਦੂਜਾ ਵੱਡਾ ਮੁਲਕ ਨੂੰ ਸਾਮਰਾਜੀ ਗਲਬੇ ਤੋਂ ਆਜ਼ਾਦ ਕਰਵਾ ਕੇ ਅਜਿਹਾ ਜਮਹੂਰੀ ਰਾਜ ਸਥਾਪਤ ਕਰਨ ਦਾ ਸੀ- ਜਿਸ ਅੰਦਰ ਕਿਸਾਨਾਂ ਸਿਰੋਂ ''ਟੈਕਸ ਲਗਾਨ'' ਦੀ ''ਪੰਡ ਹੌਲੀ'' ਹੋਵੇ, ਮੁਲਕ ਅੰਦਰ ''ਖੁਸ਼ਹਾਲੀ'' ਹੋਵੇ, ''ਕਾਲ ਪਲੇਗ'' ਤੋਂ ਮੁਕਤੀ ਹੋਵੇ ਅਤੇ ਜੀਹਦੇ ਅੰਦਰ ਮਜ਼ਦੂਰ ਕਿਸਾਨ ਦੀ ਪੁੱਗਤ ਹੋਵੇ। ਪਰ ਅੱਜ ਇਸ ਪੱਖੋਂ ਮੁਲਕ ਅੰਦਰ ਹਾਲਤ ਉਦੋਂ ਨਾਲੋਂ ਵੀ ਮਾੜੀ ਹੈ। ਮੁਲਕ ਘੋਰ ਜ਼ਰੱਈ ਸੰਕਟ ਦਾ ਸ਼ਿਕਾਰ ਹੈ, ਮੁੱਖ ਰੂਪ ਵਿੱਚ ਮੀਂਹਾਂ 'ਤੇ ਨਿਰਭਰ ਪਛੜੀ ਖੇਤੀ ਹੋਣ ਕਰਕੇ ਇਹ ਕਦੇ ਡੋਬੇ ਕਦੇ ਸੋਕੇ ਦਾ ਸ਼ਿਕਾਰ ਹੁੰਦੀ ਰਹਿੰਦੀ ਹੈ। ਬੇਪਨਾਹ ਬੇਰਜ਼ੁਗਾਰੀ ਦੀ ਹਾਲਤ ਹੈ, ਰੁਜ਼ਗਾਰ ਦੇ ਬਦਲਵੇਂ ਪ੍ਰਬੰਧ ਨਹੀਂ ਹਨ। ਮਜਬੂਰ ਤੇ ਮਾਯੂਸ ਹੋ ਕੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਤੱਕ ਜ਼ਮੀਨ ਦੀ ਘੋਰ ਕਾਣੀ ਵੰਡ ਖਤਮ ਕਰਕੇ ਜਾਗੀਰਦਾਰੀ ਤੇ ਸੂਦਖੋਰੀ ਦਾ ਮੁਕੰਮਲ ਖਾਤਮਾ ਨਹੀਂ ਹੁੰਦਾ ਅਤੇ ਗਰੀਬ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜ਼ਮੀਨ ਦੀ ਤੋਟ ਪੂਰੀ ਨਹੀਂ ਕੀਤੀ ਜਾਂਦੀ, ਨਾ ਕਿਸਾਨ ਤੇ ਖੇਤ ਮਜ਼ਦੂਰ ਸੁਖ-ਚੈਨ ਦੀ ਜ਼ਿੰਦਗੀ ਜੀ ਸਕਦੇ ਹਨ, ਨਾ ਬੇਪਨਾਹ ਬੇਰੁਜ਼ਗਾਰੀ ਦਾ ਖਾਤਮਾ ਹੋ ਸਕਦਾ ਹੈ ਤੇ ਨਾ ਹੀ ਮੁਲਕ ਹਕੀਕੀ ਤਰੱਕੀ ਦੇ ਰਾਹ ਅੱਗੇ ਵਧ ਸਕਦਾ ਹੈ। ਪਰ ਮੁਲਕ ਅੰਦਰ ਜੋ ਹੋ ਰਿਹਾ ਹੈ, ਉਸਦੀ ਦਿਸ਼ਾ ਇਸ ਤੋਂ ਬਿਲਕੁਲ ਉਲਟੀ ਹੈ। ਮੁਲਕ ਅੰਦਰ ਬਦਲ ਬਦਲ ਕੇ ਆਉਂਦੀਆਂ ਰੰਗ-ਬਰੰਗੀਆਂ ਹਕੂਮਤਾਂ ਵੱਲੋਂ ਸਾਮਰਾਜੀ ਹਦਾਇਤਾਂ ਹੇਠ ਜਿਹੜੀਆਂ ਅਖੌਤੀ ਨਵੀਆਂ ਆਰਥਿਕ ਨੀਤੀਆਂ ਮੁਲਕ ਸਿਰ ਮੜ੍ਹੀਆਂ ਜਾ ਰਹੀਆਂ ਹਨ ਉਹ, ਮੁਲਕ ਉੱਪਰ ਸਾਮਰਾਜੀ ਲੁੱਟ ਅਤੇ ਗਲਬੇ ਵਿੱਚ ਹੀ ਵਾਧਾ ਨਹੀਂ ਕਰਦੀਆਂ ਸਗੋਂ, ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਗੱਫੇ ਦੇ ਕੇ ਹੋਰ ਤਕੜੇ ਕਰਦੀਆਂ ਹਨ ਤੇ ਇਹਦੇ ਮੁਕਾਬਲੇ ਛੋਟੀ ਸਨਅੱਤ ਨੂੰ ਤਬਾਹ ਕਰਕੇ ਬੇਰੁਜ਼ਗਾਰੀ ਵਿੱਚ ਅਸੀਮ ਵਾਧਾ ਕਰਦੀਆਂ ਹਨ। ਖੇਤੀ ਸੈਕਟਰ ਵਿੱਚ ਇਹ ਨੀਤੀਆਂ ਜਾਗੀਰਦਾਰਾਂ ਤੇ ਸੂਦਖੋਰਾਂ ਨੂੰ ਵੱਡੀਆਂ ਸਬਸਿਡੀਆਂ ਤੇ ਸਹੂਲਤਾਂ ਦੇ ਮੋਟੇ ਗੱਫੇ ਦੇ ਕੇ ਉਹਨਾਂ ਦੀ ਪੁਜੀਸ਼ਨ ਮਜਬੂਤ ਕਰਦੀਆਂ ਹਨ ਅਤੇ ਉਹਨਾਂ ਵੱਲੋਂ ਕਿਸਾਨਾਂ ਦੀ ਲੁੱਟ ਨੂੰ ਹੋਰ ਤੇਜ ਕਰਦੀਆਂ ਹਨ। ਇਸ ਤੋਂ ਵੀ ਅੱਗੇ ਵਧ ਕੇ, ਜ਼ਮੀਨੀ ਸੁਧਾਰਾਂ ਨੂੰ ਪੁੱਠਾ ਗੇੜਾ ਦੇ ਕੇ, ਹੱਦਬੰਦੀ ਕਾਨੂੰਨ ਨੂੰ ਖਤਮ ਕਰਕੇ ਇਹ ਨੀਤੀਆਂ 40 ਫੀਸਦੀ ਕਿਸਾਨੀ ਨੂੰ ਰੁਜ਼ਗਾਰ ਦਾ ਕੋਈ ਬਦਲਵਾਂ ਪ੍ਰਬੰਧ ਕਰੇ ਬਗੈਰ ਖੇਤੀ ਕਿੱਤੇ 'ਚੋਂ ਬਾਹਰ ਧੱਕਣ ਅਤੇ ਕਾਰਪੋਰੇਟ ਖੇਤੀ ਦਾ ਸਿਸਟਮ ਲਾਗੂ ਕਰਨ ਵੱਲ ਵਧ ਰਹੀਆਂ ਹਨ। ਅਖੌਤੀ ਹਰੇ ਇਨਕਲਾਬ ਦੇ ਨਾਂ ਹੇਠ ਖੇਤ ਮਜ਼ਦੂਰਾਂ ਦੇ ਰੁਜ਼ਗਾਰ ਦਾ ਵੱਡੀ ਪੱਧਰ 'ਤੇ ਉਜਾੜਾ ਕਰ ਦਿੱਤਾ ਗਿਆ ਸੀ ਤੇ ਰਹਿੰਦੀ ਕਸਰ ਹੁਣ ਹਰੇ ਇਨਕਲਾਬ ਦੇ ਅਗਲੇ ਦੌਰ ਰਾਹੀਂ ਕੱਢੀ ਜਾ ਰਹੀ ਹੈ। ਸੋ ਮੁਲਕ ਦੇ ਅਤਿ ਗੰਭੀਰ ਖੇਤੀ ਸੰਕਟ ਨੂੰ ਕਿਸਾਨ-ਪੱਖੀ ਲੋਕ-ਪੱਖੀ ਅਤੇ ਮੁਲਕ ਦੇ ਹਕੀਕੀ ਵਿਕਾਸ ਦੇ ਨਜ਼ਰੀਏ ਤੋਂ ਹੱਲ ਕਰਨ ਦਾ ਵੱਡਾ ਕਾਰਜ ਗ਼ਦਰ ਲਹਿਰ ਦੇ ਵਾਰਸਾਂ ਸਾਹਮਣੇ ਖੜ੍ਹਾ ਹੈ। 
ਤੀਜੀ ਗੱਲ: ਗ਼ਦਰੀ ਇਨਕਲਾਬੀਆਂ ਨੇ ਮੁਲਕ ਉੱਪਰੋਂ ਸਾਮਰਾਜੀ ਗਲਬੇ ਦੇ ਖਾਤਮੇ ਲਈ ਅਤੇ ਮੁਲਕ ਅੰਦਰ ਭਾਈਚਾਰਕ ਬਰਾਬਰੀ ਤੇ ਸਾਂਝ ਵਾਲਾ ਆਜ਼ਾਦ ਜਮਹੂਰੀ, ਧਰਮ-ਨਿਰਪੱਖ ਤੇ ਮਜ਼ਦੂਰ ਕਿਸਾਨ ਦੀ ਪੁੱਗਤ ਵਾਲਾ ਰਾਜ ਸਥਾਪਤ ਕਰਨ ਲਈ ਧਰਮਾਂ, ਜਾਤਾਂ, ਇਲਾਕਿਆਂ ਦੇ ਆਧਾਰ 'ਤੇ ਵੰਡੀ ਕੌਮ ਨੂੰ ਇਹਨਾਂ ਸੌੜੀਆਂ ਵੰਡਾਂ ਤੋਂ ਉੱਪਰ ਉਠਾ ਕੇ ਇੱਕ ਕੌਮ ਵਜੋਂ ਤੇ ਇੱਕ ਸ਼ਕਤੀਸ਼ਾਲੀ ਲੋਕ-ਤਾਕਤ ਵਜੋਂ ਜਥੇਬੰਦ ਕਰਨ ਦੀ ਦਰੁਸਤ ਨੀਤੀ ਅਪਣਾਈ ਸੀ, ਜੀਹਦੇ ਮੁਤਾਬਕ ਧਰਮ ਨੂੰ ਕਿਸੇ ਵਿਅਕਤੀ ਦਾ ਜਾਤੀ ਮਾਮਲਾ ਮੰਨਿਆ ਗਿਆ। ਉਹਨਾਂ ਦੇ ਧਾਰਮਿਕ ਜਜ਼ਬਾਤਾਂ ਦਾ ਸਨਮਾਨ ਕਰਨ ਦੀ ਪਹੁੰਚ ਅਪਣਾਈ ਗਈ ਤੇ ਇੱਕ ਹੱਦ ਤੱਕ ਵੱਖ ਵੱਖ ਧਰਮਾਂ ਦੇ ਜੁਝਾਰ ਵਿਰਸੇ ਦੀ ਸਾਮਰਾਜ ਵਿਰੋਧੀ ਜੰਗ ਵਿੱਚ ਵਰਤੋਂ ਕੀਤੀ ਗਈ। ਪਰ ਲੋਕਾਂ ਅੰਦਰ ਧਰਮਾਂ, ਜਾਤਾਂ, ਇਲਾਕਿਆਂ ਦੇ ਆਧਾਰ 'ਤੇ ਪੈਦਾ ਹੋਣ ਵਾਲੀ ਫਿਰਕਾਪ੍ਰਸਤੀ, ਜਾਤਪ੍ਰਸਤੀ ਤੇ ਇਲਾਕਾਪ੍ਰਸਤੀ ਨੂੰ ਧਰ ਕੇ ਮਾਂਜਿਆ ਗਿਆ। ਬਿਨਾ ਸ਼ੱਕ ਗ਼ਦਰੀ ਇਨਕਲਾਬੀ ਇਸ ਦਰੁਸਤ ਪਹੁੰਚ ਨੂੰ ਆਪਣੀ ਜਥੇਬੰਦੀ ਅੰਦਰ ਤਾਂ 100 ਫੀਸਦੀ ਕਾਮਯਾਬੀ ਨਾਲ ਲਾਗੂ ਵੀ ਕੀਤੀ। ਪਰ ਅੱਜ ਸਾਡੇ ਮੁਲਕ ਅੰਦਰ ਇਸ ਪੱਖੋਂ ਹਾਲਤ ਬੇਹੱਦ ਮਾੜੀ ਹੈ। ਨਾ ਸਿਰਫ ਵੱਖ ਵੱਖ ਧਰਮਾਂ ਦੇ ਠੇਕੇਦਾਰ ਸਾਮਰਾਜੀਆਂ ਤੇ ਭਾਰਤ ਦੀਆਂ ਪਿਛਾਖੜੀ ਜਮਾਤਾਂ ਦੇ ਸੇਵਾਦਾਰਾਂ ਦਾ ਰੋਲ ਨਿਭਾ ਰਹੇ ਹਨ ਤੇ ਲੋਕ-ਲਹਿਰਾਂ ਨੂੰ ਪਾੜਨ-ਖਿੰਡਾਉਣ ਤੇ ਕਮਜ਼ੋਰ ਕਰਨ ਲਈ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਦੀ ਦੁਰਵਰਤੋਂ ਕਰਦੇ ਹਨ ਸਗੋਂ ਲੱਗਭੱਗ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਇਸ ਗੰਦੀ ਖੇਡ ਵਿੱਚ ਸ਼ਾਮਲ ਹਨ। ਉਹ ਨਾ ਸਿਰਫ ਲੋਕਾਂ ਅੰਦਰ ਸਮੇਂ ਸਮੇਂ ਸਿਰ ਧਰਮਾਂ, ਜਾਤਾਂ ਜਾਂ ਇਲਾਕਿਆਂ ਦੇ ਆਧਾਰ 'ਤੇ ਉੱਭਰਦੇ ਰਹਿੰਦੇ ਮਸਲਿਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਰਹਿੰਦੇ ਹਨ, ਸਗੋਂ ਇਹਨਾਂ ਸੰਕੀਰਨ ਵੰਡਾਂ ਨੂੰ ਉਹ ਚੋਣਾਂ ਅੰਦਰ ਆਪਣੇ ਚੋਣ ਮਨੋਰਥਾਂ ਦਾ ਮੁੱਦਾ ਬਣਾ ਕੇ ਇਹਨਾਂ ਵੰਡਾਂ ਨੂੰ ਚੌੜੀਆਂ ਤੇ ਪੱਕੀਆਂ ਕਰਦੇ ਹਨ। ਅਜਿਹੀ ਹਾਲਤ ਅੰਦਰ ਮੁਲਕ ਦੇ ਲੋਕਾਂ ਅੰਦਰ ਖਾਸ ਕਰਕੇ ਉਹਨਾਂ ਦੀਆਂ ਜੱਥੇਬੰਦੀਆਂ ਤੇ ਸੰਘਰਸ਼ਾਂ ਅੰਦਰ ਫਿਰਕੂ, ਜਾਤਪਾਤੀ, ਇਲਾਕਾਈ ਅਤੇ ਕੌਮੀ ਏਕਤਾ ਦੀ ਉਸਾਰੀ ਕਰਨਾ ਗ਼ਦਰ ਲਹਿਰ ਦੇ ਵਾਰਸਾਂ ਮੂਹਰੇ ਵੱਡਾ ਕਾਰਜ ਬਣ ਕੇ ਉੱਭਰਿਆ ਹੋਇਆ ਹੈ। 
ਚੌਥੀ ਗੱਲ: ਗ਼ਦਰੀ ਇਨਕਲਾਬੀਆਂ ਵੱਲੋਂ ਉਭਾਰੇ ਗਏ ਮਹਾਨ ਆਦਰਸ਼ ਤੇ ਇਹਨਾਂ 'ਚੋਂ ਨਿਕਲਦੇ ਮਹਾਨ ਕਾਰਜ ਸਮਾਜ ਤੇ ਰਾਜਭਾਗ ਅੰਦਰ ਵੱਡੀਆਂ ਬੁਨਿਆਦੀ ਤਬਦੀਲੀਆਂ ਦੀ ਮੰਗ ਕਰਦੇ ਹਨ, ਜਿਹਨਾਂ ਦਾ ਨਾ ਸਿਰਫ ਜਾਗੀਰਦਾਰਾਂ, ਸੂਦਖੋਰਾਂ, ਵੱਡੇ ਸਰਮਾਏਦਾਰਾਂ ਅਤੇ ਇਹਨਾਂ ਦੀ ਭਾਰੀ ਭਰਕਮ ਰਾਜ ਮਸ਼ੀਨਰੀ ਨਾਲ ਪੇਚਾ ਪੈਣਾ ਹੈ, ਸਗੋਂ ਇਹਨਾਂ ਦੀ ਸਰਪ੍ਰਸਤੀ ਕਰ ਰਹੀਆਂ ਸਾਮਰਾਜੀ ਸ਼ਕਤੀਆਂ ਨਾਲ ਵੀ ਮੱਥਾ ਲੱਗਣਾ ਹੈ। ਜੀਹਦੇ ਸਿੱਟੇ ਵਜੋਂ ਗ਼ਦਰ ਲਹਿਰ ਦੇ ਸੱਚੇ ਵਾਰਸਾਂ ਨੂੰ ਨਾ ਸਿਰਫ ਕੌਮ ਤੇ ਮਿਹਨਤਕਸ਼ ਲੋਕਾਂ ਦੀ ਵਿਸ਼ਾਲ ਤੋਂ ਵਿਸ਼ਾਲ ਏਕਤਾ ਤੇ ਲਾਮਬੰਦੀ ਦੀ ਲੋੜ ਪੈਣੀ ਹੈ, ਸਗੋਂ ਸਿਰ 'ਤੇ ਕੱਫਨ ਬੰਨ੍ਹ ਕੇ ਲੜਨ ਵਾਲੀ ਮਾਨਸਿਕ ਤਿਆਰੀ ਦੀ ਲੋੜ ਪੈਣੀ ਹੈ। ਇਸ ਪੱਖੋਂ ਜਿਸ ਅਦੁੱਤੀ ਦਲੇਰੀ, ਸੂਰਮਗਤੀ ਤੇ ਜੁਝਾਰਤਾ ਨਾਲ ਗ਼ਦਰੀ ਇਨਕਲਾਬੀ ਅੰਗਰੇਜ਼ ਸਾਮਰਾਜ ਵਿਰੁੱਧ ਜੂਝੇ ਹਨ, ਜਿਸ ਮਹਾਨ ਸਿਦਕ, ਸਿਰੜ ਤੇ ਭਮੱਕੜ ਭਾਵਨਾ ਨਾਲ ਉਹ ਸੰਘਰਸ਼ ਦੇ ਮੈਦਾਨ ਵਿੱਚ ਨਿਭੇ ਹਨ, ਇਹ ਉਹਨਾਂ ਦੇ ਸੱਚੇ ਵਾਰਸਾਂ ਲਈ ਬੇਥਾਹ ਪ੍ਰੇਰਨਾ ਦਾ ਸਰੋਤ ਬਣਦੇ ਹਨ। ਇਹ ਮਹਾਨ ਇਨਕਲਾਬੀ ਜੁੱਸਾ ਤੇ ਕਰੂਰਾ ਆਉਣ ਵਾਲੀਆਂ ਘਮਸਾਨੀ ਜੰਗਾਂ ਵਿੱਚ ਨਿਭਣ ਲਈ ਜ਼ਰੂਰੀ ਹੈ। ਗ਼ਦਰੀ ਇਨਕਲਾਬੀ ਲਹਿਰ ਤੇ ਗ਼ਦਰ ਇਨਕਲਾਬੀ ਸੂਰਬੀਰਾਂ ਬਾਰੇ ਤੇ ਗ਼ਦਰ ਲਹਿਰ ਦੀ ਅਜੋਕੀ ਪ੍ਰਸੰਗਕਤਾ ਬਾਰੇ ਉਪਰੋਕਤ ਜਾਣਕਾਰੀ ਨਾਲ ਲੈਸ ਹੋ ਕੇ, ਇਹਨਾਂ ਦੋ ਜੱਥੇਬੰਦੀਆਂ ਦੇ ਸਰਗਰਮ ਕਾਰਕੁੰਨ ਤੇ ਆਗੂ ਆਪੋ ਆਪਣੇ ਇਲਾਕਿਆਂ ਤੇ ਪਿੰਡਾਂ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਆਪਣੀਆਂ ਜੱਥੇਬੰਦੀਆਂ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਏਕੇ ਅਤੇ ਔਰਤਾਂ ਤੇ ਨੌਜਵਾਨਾਂ ਦੀ ਲਾਮਬੰਦੀ 'ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਪਿੰਡਾਂ ਦੀ ਵਿਸ਼ਾਲ ਕਿਸਾਨ ਤੇ ਖੇਤ ਮਜ਼ਦੂਰ ਜਨਤਾ ਅੰਦਰ ਗ਼ਦਰੀ ਇਨਕਲਾਬੀ ਯੋਧਿਆਂ ਦੇ ਆਦਰਸ਼ਾਂ, ਕਾਰਨਾਮਿਆਂ ਤੇ ਕੁਰਬਾਨੀਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਤੇ ਉਹਨਾਂ ਨੂੰ ਇੱਕ ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੋਣ ਵਾਲੇ ਸਮਾਗਮ ਵਿੱਚ ਪਹੁੰਚਣ ਲਈ ਪ੍ਰੇਰਿਆ। ਸਿੱਟੇ ਵਜੋਂ ਦੋਹਾਂ ਜੱਥੇਬੰਦੀਆਂ ਦੇ ਪ੍ਰਭਾਵ ਹੇਠਲੇ ਹਜ਼ਾਰਾਂ ਕਿਸਾਨ ਤੇ ਖੇਤ ਮਜ਼ਦੂਰ ਮਰਦ ਔਰਤਾਂ ਸਮਾਗਮ ਵਿੱਚ ਪਹੁੰਚੇ। ਜਿੱਥੇ ਉਹਨਾਂ ਨੂੰ ਗ਼ਦਰੀ ਇਨਕਲਾਬੀ ਲਹਿਰ ਦੇ ਵਿਰਸੇ ਨਾਲ ਜੁੜਨ, ਇਸਦੇ ਮਹੱਤਵ ਨੂੰ ਜਾਨਣ ਤੇ ਇਸ ਤੋਂ ਪ੍ਰੇਰਨਾ ਲੈਣ ਦਾ ਮੌਕਾ ਮਿਲਿਆ।  ੦-੦

No comments:

Post a Comment