ਗ਼ਦਰ ਲਹਿਰ ਦਾ ਕੌਮਾਂਤਰੀ ਰਾਜਦੂਤ
ਭਾਈ ਰਤਨ ਸਿੰਘ ਰਾਏਪੁਰ ਡੱਬਾ
—ਅਮੋਲਕ ਸਿੰਘ
ਗ਼ਦਰ ਲਹਿਰ ਦੇ ਕੌਮਾਂਤਰੀ ਰਾਜਦੂਤ ਵਜੋਂ ਗ਼ਦਰੀ ਦੇਸ਼ ਭਗਤਾਂ 'ਚ ਜਾਣੇ ਜਾਂਦੇ ਭਾਈ ਰਤਨ ਸਿੰਘ ਰਾਏਪੁਰ ਡੱਬਾ ਦੇ ਸੰਗਰਾਮੀ ਸਫ਼ਰ ਦੀਆਂ ਪੈੜਾਂ ਕੈਨੇਡਾ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਇਟਲੀ, ਰੂਸ, ਚੀਨ, ਅਫਗਾਨਿਸਤਾਨ, ਪਨਾਮਾ, ਹਾਂਡਰੂਸ, ਨਿਕਾਰਾਗੂਆ, ਅਰਜਨਟੀਨਾ, ਬਰਾਜੀਲ ਅਤੇ ਸਾਡੇ ਮੁਲਕ ਅੰਦਰ ਸਿਰਜੇ ਇਤਿਹਾਸ ਦੀ ਗਵਾਹੀ ਭਰਦੀਆਂ ਹਨ।
ਭਾਈ ਰਤਨ ਸਿੰਘ ਗ਼ਦਰ ਲਹਿਰ ਦੀ ਕੱਦਾਵਰ ਬੌਧਿਕ ਅਜੇਹੀ ਸ਼ਖ਼ਸੀਅਤ ਸੀ ਜਿਸਨੇ ਮੋੜਾਂ-ਘੋੜਾਂ, ਉਤਰਾਅ-ਚੜਾਅ ਵਿਚੋਂ ਗੁਜ਼ਰਦੀ ਗ਼ਦਰ ਲਹਿਰ ਅੰਦਰ ਨਵੀਂ ਵਿਚਾਰਧਾਰਾ, ਸੇਧ ਅਤੇ ਰੌਸ਼ਨੀ ਦੀ ਅਮਿਟ ਭੂਮਿਕਾ ਅਦਾ ਕੀਤੀ।
ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਲਾਗੇ, 'ਸ਼ਹੀਦ ਭਗਤ ਸਿੰਘ ਨਗਰ' ਜ਼ਿਲ੍ਹੇ ਅੰਦਰ ਪੈਂਦੇ ਪਿੰਡ ਰਾਏਪੁਰ ਡੱਬਾ 'ਚ ਨਿਹਾਲ ਸਿੰਘ ਬਿਲਨ ਦੇ ਘਰ 1879 ਵਿਚ ਉਹਨਾਂ ਦਾ ਜਨਮ ਹੋਇਆ। ਭਾਈ ਰਤਨ ਸਿੰਘ ਗੁਪਤਵਾਸ ਸਮੇਂ ਵੱਖ-ਵੱਖ ਮੁਲਕਾਂ ਅੰਦਰ ਸੰਤਾ ਸਿੰਘ, ਹਰੀ ਸਿੰਘ, ਈਸ਼ਰ ਸਿੰਘ ਅਤੇ ਗੁਲਾਮ ਮੁਹੰਮਦ ਫਰਜੀ ਨਾਵਾਂ ਹੇਠ, ਗ਼ਦਰ ਲਹਿਰ 'ਚ ਸਰਗਰਮ ਭੂਮਿਕਾ ਅਦਾ ਕਰਦੇ ਰਹੇ।
ਉਨ੍ਹਾਂ ਦੀ ਮੁਢਲੀ ਵਿੱਦਿਆ ਭਾਵੇਂ ਮਿਡਲ ਤੱਕ ਹੀ ਸੀ ਪਰ ਉਹਨਾਂ ਦੀ ਦੇਸ਼-ਭਗਤੀ ਪ੍ਰਤੀ ਨਿਹਚਾ ਸਦਕਾ ਉਹ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ, ਅੰਗਰੇਜ਼ੀ, ਰੂਸੀ, ਫਰਾਂਸੀਸੀ ਅਤੇ ਜਰਮਨ ਵੀ ਜਾਨਣ ਲੱਗ ਗਏ।
ਉਹ ਥੋੜ੍ਹਾ ਸਮਾਂ ਫੌਜ ਵਿਚ ਨੌਕਰੀ ਕਰਨ ਉਪਰੰਤ 1904 ਵਿਚ ਫੌਜ ਦੀ ਨੌਕਰੀ ਛੱਡਕੇ ਫ਼ਿਜੀ ਚਲੇ ਗਏ। ਫ਼ਿਜੀ ਤੋਂ ਨਿਊਜ਼ੀਲੈਂਡ ਹੁੰਦੇ ਹੋਏ 1907 ਵਿਚ ਕੈਨੇਡਾ ਆ ਕੇ ਲੱਕੜ ਦੀਆਂ ਮਿੱਲਾਂ ਵਿਚ ਕੰਮ ਕਰਨ ਲੱਗ ਪਏ। ਵੈਨਕੂਵਰ ਦੀ ਧਰਤੀ 'ਤੇ ਰੋਟੀ ਰੋਜੀ ਕਮਾਉਂਦੇ ਰਤਨ ਸਿੰਘ ਨੂੰ ਇੰਤਹਾ ਜਲੀਲਤਾ ਝੱਲਣੀ ਪਈ। ਕੈਨੇਡਾ, ਅਮਰੀਕਾ ਵਿਚ ਨਸਲੀ ਦੰਗਿਆਂ ਅਤੇ ਬੇਪਤੀ ਦੇ ਜਹਿਰੀਲੇ ਤੀਰਾਂ ਨੇ ਭਾਈ ਰਤਨ ਸਿੰਘ ਦੀ ਚੇਤਨਾ ਨੂੰ ਝੰਜੋੜਕੇ ਰੱਖ ਦਿੱਤਾ। ਜਿਉਂ ਹੀ 19 ਜਨਵਰੀ 1908 ਨੂੰ ਵੈਨਕੂਵਰ ਵਿਚੋਂ ਉਤਰੀ ਅਮਰੀਕਾ ਦੇ ਸਭ ਤੋਂ ਪਹਿਲੇ ਗੁਰਦੁਆਰੇ ਦਾ ਨਿਰਮਾਣ ਮੁਕੰਮਲ ਹੋਇਆ ਤਾਂ ਇੱਥੇ ਹਿੰਦੋਸਤਾਨੀ ਸਿਰ ਜੋੜ ਕੇ ਬੈਠਣ ਲੱਗੇ। ਵੈਨਕੂਵਰ ਦਾ ਇਹ ਗੁਰਦੁਆਰਾ ਸਿਰਫ ਧਾਰਮਿਕ ਸਿੱਖ ਕੇਂਦਰ ਹੀ ਨਹੀਂ ਸੀ। ਇਥੇ ਨਸਲੀ ਵਿਤਕਰੇ, ਰੁਜਗਾਰ, ਇੰਮੀਗਰੇਸ਼ਨ ਆਦਿ ਬਾਰੇ ਖੁੱਲ੍ਹਕੇ ਵਿਚਾਰਾਂ ਹੋਣ ਲੱਗੀਆਂ। ਗੁਰਦੁਆਰੇ ਅੰਦਰ ਇਹਨਾਂ ਵਿਚਾਰਾਂ 'ਚ ਸਿੱਖ, ਹਿੰਦੂ ਅਤੇ ਮੁਸਲਮਾਨ ਬਿਨਾਂ ਕਿਸੇ ਭੇਦ ਭਾਵ ਦੇ ਸ਼ਾਮਲ ਹੋਣ ਲੱਗੇ। ਵੈਨਕੂਵਰ ਹੀ ਸੀ ਜਿਥੇ ਸਭ ਤੋਂ ਪਹਿਲਾਂ ਭਾਈ ਰਤਨ ਸਿੰਘ ਦੀ ਇਨਕਲਾਬੀ ਤਾਰਕ ਨਾਥ ਦਾਸ ਨਾਲ ਮੁਲਾਕਾਤ ਹੋਈ। ਮੁਲਾਕਾਤਾਂ ਦੇ ਸਿਲਸਲੇ ਸਦਕਾ ਉਹ ਇਨਕਲਾਬੀ ਵਿਚਾਰਾਂ ਦੀ ਗੁੜ੍ਹਤੀ ਵਿਚ ਰੰਗੇ ਗਏ। ਉਹ ਸਰਗਰਮੀ ਨਾਲ ਘੋਲਾਂ 'ਚ ਹਿੱਸਾ ਲੈਣ ਲੱਗੇ।
ਕਾਮਾਗਾਟਾ ਮਾਰੂ ਜਹਾਜ ਨਾਲੋਂ ਵੀ ਪਹਿਲਾਂ ਦਾ ਇਤਿਹਾਸ ਬੋਲਦਾ ਹੈ ਕਿ ਜਦੋਂ ਕੈਨੇਡੀਅਨ ਹਕੂਮਤ ਨੇ 'ਸਿੱਧੇ ਸਫ਼ਰ' ਅਤੇ ਜੇਬ ਵਿਚ ਦੋ ਸੌ ਡਾਲਰ ਦੀ ਸ਼ਰਤ ਮੜ੍ਹ ਦਿੱਤੀ ਤਾਂ ਉਹ 'ਪਨਾਮਾ ਮਾਰੂ ਜਹਾਜ਼' ਰਾਹੀਂ 39 ਮੁਸਾਫਰਾਂ ਨੂੰ ਲੈ ਕੇ ਗਏ। ਤਾਂ ਕੈਨੇਡੀਅਨ ਸਰਕਾਰ ਨੇ ਮੁਸਾਫ਼ਰਾਂ ਨੂੰ ਨਾ ਉਤਰਨ ਦਿੱਤਾ।
ਭਾਈ ਰਤਨ ਸਿੰਘ ਨੇ ਅਦਾਲਤ ਵਿਚ ਚੁਣੌਤੀ ਦਿੱਤੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਹੰਟਰ ਨੇ 24 ਨਵੰਬਰ 1913 ਨੂੰ ਕੈਨੇਡੀਅਨ ਸਰਕਾਰ ਵੱਲੋਂ ਮੜ੍ਹੀਆਂ ਸ਼ਰਤਾਂ ਉਪਰ ਕਾਟਾ ਮਾਰ ਦਿੱਤਾ। ਪਨਾਮਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨੂੰ ਕੈਨੇਡਾ ਰਹਿਣ ਦਾ ਅਧਿਕਾਰ ਮਿਲਿਆ।
ਅਮਰੀਕਾ ਅੰਦਰ 21 ਅਪ੍ਰੈਲ 1913 ਨੂੰ 'ਹਿੰਦੀ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ' ਨਾਂਅ ਦੀ ਜੱਥੇਬੰਦੀ ਬਣੀ। ਜਿਹੜੀ 1 ਨਵੰਬਰ 1913 ਨੂੰ 'ਗ਼ਦਰ' ਅਖ਼ਬਾਰ ਜਾਰੀ ਹੋਣ ਅਤੇ ਤੂਫ਼ਾਨੀ ਵੇਗ ਨਾਲ ਲੋਕਾਂ ਨੂੰ ਆਪਣੇ ਪ੍ਰਭਾਵ ਦੀ ਲਪੇਟ 'ਚ ਲੈਣ ਮਗਰੋਂ ਇਹ ਪਾਰਟੀ ਗ਼ਦਰ ਪਾਰਟੀ ਦੇ ਤੌਰ 'ਤੇ ਹੀ ਜਾਣੀ ਜਾਣ ਲੱਗੀ। ਭਾਈ ਰਤਨ ਸਿੰਘ ਨੇ ਗ਼ਦਰ ਪਾਰਟੀ 'ਚ ਸਰਗਰਮੀਆਂ ਤੇਜ਼ ਕਰ ਦਿੱਤੀਆਂ।
1915 ਵਿੱਚ ਗ਼ਦਰ ਲਹਿਰ ਨੂੰ ਲੱਗੀ ਪਛਾੜ ਦੇ ਬਾਵਜੂਦ, ਗ਼ਦਰੀ ਦੇਸ਼ ਭਗਤਾਂ ਨੇ ਹਿੰਮਤ ਨਾ ਹਾਰੀ। ਆਪਣੇ ਸਿਰ ਲੱਗੀ ਜ਼ਿੰਮੇਵਾਰੀ ਮੁਤਾਬਕ ਭਾਈ ਰਤਨ ਸਿੰਘ ਨੇ ਭਾਰਤੀਆਂ ਨੂੰ ਮੁੜ-ਜੱਥੇਬੰਦ ਕੀਤਾ। ਇਨ੍ਹਾਂ ਦੇ ਸਾਥੀ ਭਾਈ ਭਗਵਾਨ ਸਿੰਘ ਅਤੇ ਭਾਈ ਸੰਤੋਖ ਸਿੰਘ ਹੋਰੀਂ ਵੀ ਅਮਰੀਕਾ ਵਾਪਸ ਆ ਗਏ। ਅਮਰੀਕਨ ਹਕੂਮਤ ਨੇ ਜਦੋਂ ਇਨ੍ਹਾਂ ਉਪਰ 'ਹਿੰਦ ਜਰਮਨ ਸਾਜਸ ਕੇਸ' ਮੜ੍ਹ ਦਿੱਤਾ ਤਾਂ ਇਸਦਾ ਸਾਰਾ ਭਾਰ ਭਾਈ ਰਤਨ ਸਿੰਘ ਦੇ ਮੋਢਿਆਂ 'ਤੇ ਆਣ ਪਿਆ।
ਗ਼ਦਰ ਲਹਿਰ ਨੂੰ ਮੁੜ-ਜਥੇਬੰਦ ਕਰਦਿਆਂਪੱਛਮੀ ਤਟ ਤੇ ਬਣੀ ਕੇਂਦਰੀ ਕਮੇਟੀ 'ਚ ਭਾਈ ਰਤਨ ਸਿੰਘ ਨੂੰ ਪ੍ਰਧਾਨ ਅਤੇ ਭਾਈ ਸੰਤੋਖ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ।ਭਾਈ ਰਤਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਗਰੇਜ਼ੀ ਵਿਚ 'ਇੰਡੀਪੈਂਡੈਂਟ ਹਿੰਦੁਸਤਾਨ' ਨਾਂਅ ਦਾ ਅਖ਼ਬਾਰ ਜਾਰੀ ਕੀਤਾ। ਉਹਨਾਂ ਉਪਰ 1917 ਦੀ ਰੂਸੀ ਮਜਦੂਰ ਕਰਾਂਤੀ ਦਾ ਅਮਿਟ ਅਸਰ ਪਿਆ ਸੀ। ਇਸ ਲਈ, ਉਹ ਅਤੇ ਭਾਈ ਸੰਤੋਖ ਸਿੰਘ 24 ਸਤੰਬਰ 1922 ਨੂੰ ਅਨੇਕਾਂ ਖ਼ਤਰੇ ਪਾਰ ਕਰਦੇ ਮਾਸਕੋ ਪੁੱਜੇ।
ਉਨ੍ਹਾਂ ਨੇ ਮਾਸਕੇ ਵਿਚ 5 ਨਵੰਬਰ, 1922 ਤੋਂ 5 ਦਸੰਬਰ ਨੂੰ1922 ਤੱਕ ਹੋਈ ਤੀਜੀ ਕੌਮਾਂਤਰੀ ਦੀ ਚੌਥੀ ਕਾਂਗਰਸ ਵਿਚ ਭਾਗ ਲਿਆ। ਉਨ੍ਹਾਂ ਨੇ 'ਰੈਡ ਇੰਟਰਨੈਸ਼ਨਲ ਆਫ ਲੇਬਰ ਯੂਨੀਅਨ' ਦੀ ਦੂਸਰੀ ਕਾਨਫਰੰਸ ਵਿਚ ਵੀ ਹਿੱਸਾ ਲਿਆ। ਉਨ੍ਹਾਂ ਨੇ 'ਮਾਸਕੋ ਯੂਨੀਵਰਸਿਟੀ ਆਫ ਟੁਆਇਲਰਜ਼ ਆਫ ਦੀ ਈਸਟ' ਵਿਚ ਵੀ ਫਿਲਾਸਫੀ ਅਤੇ ਰਾਜਨੀਤੀ ਨੂੰ ਹੋਰ ਸਮਝਣ, ਪੜਤਾਲ ਲਈ ਅਧਿਐਨ ਕੀਤਾ।
ਸੋਵੀਅਤ ਯੂਨੀਅਨ ਵਿਚ ਕੁਝ ਚਿਰ ਠਹਿਰਨ ਉਪਰੰਤ ਉਹ ਜਰਮਨ ਦੀ ਰਾਜਧਾਨੀ ਬਰਲਨ ਚਲੇ ਗਏ। ਇਥੋਂ ਉਹ ਤੇ ਭਾਈ ਸੰਤੋਖ ਸਿੰਘ ਇਰਾਨ ਵਿਚੀਂ ਹੁੰਦੇ ਹੋਏ ਅਫ਼ਗਾਨਿਸਤਾਨ 'ਚ ਗ਼ਦਰੀ ਦੇਸ਼ ਭਗਤ ਗੁਰਮੁਖ ਸਿੰਘ ਲਲਤੋਂ ਅਤੇ ਊਧਮ ਸਿੰਘ ਕਸੇਲ ਹੋਰਾਂ ਨੇ ਗ਼ਦਰੀ ਕੇਂਦਰ ਸਥਾਪਤ ਕੀਤਾ ਹੋਇਆ ਸੀ।
ਇਥੇ ਹੋਈਆਂ ਗੰਭੀਰ ਵਿਚਾਰਾਂ ਉਪਰੰਤ ਭਾਈ ਰਤਨ ਸਿੰਘ ਦੀ ਡਿਊਟੀ ਵੱਖ-ਵੱਖ ਦੇਸਾਂ ਵਿਚ ਤਾਲਮੇਲ ਕਰਨ ਤੇ ਕੇਂਦਰਤ ਕੀਤੀ ਗਈ। ਭਾਈ ਸੰਤੋਖ ਸਿੰਘ ਭਾਰਤ ਵਿਚ ਦਾਖਲ ਹੁੰਦੇ ਫੜੇ ਗਏ। ਜੂਹਬੰਦੀ ਹੋਈ। ਜੂਹਬੰਦੀ ਟੁੱਟਣ ਉਪਰੰਤ ਉਨ੍ਹਾਂ ਨੇ ਅੰਮ੍ਰਿਤਸਰ ਤੋਂ 1926 ਵਿਚ 'ਕਿਰਤੀ' ਮਾਸਿਕ ਅਖ਼ਬਾਰ ਸ਼ੁਰੂ ਕੀਤਾ। ਉਧਰ ਭਾਈ ਰਤਨ ਸਿੰਘ ਅਫਗਾਨਿਸਤਾਨ ਤੋਂ ਤੁਰਕੀ ਦੇ ਸ਼ਹਿਰ ਇਸਤੰਬੋਲ ਵਿਚ ਤੇਜਾ ਸਿੰਘ ਸੁਤੰਤਰ ਪਾਸ ਚਲੇ ਗਏ। ਕੁਝ ਦੇਰ ਬਾਅਦ ਉਹਨਾਂ ਨੇ ਜਰਮਨ ਜਾ ਕੇ ਬਰਲਿਨ ਨੂੰ ਆਪਣੀਆਂ ਸਰਗਰਮੀਆਂ ਦਾ ਮੁੱਖ ਧੁਰਾ ਬਣਾਇਆ। ਇਥੋਂ ਉਹ ਵਿਸ਼ੇਸ਼ ਮਿਸ਼ਨ ਲਈ ਅਮਰੀਕਾ ਪੁੱਜੇ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਗ਼ਦਰ ਪਾਰਟੀ ਨੇ ਹਜ਼ਾਰ ਡਾਲਰ ਜਮਾਨਤ ਭਰਕੇ ਉਹਨਾਂ ਨੂੰ ਛੁਡਵਾ ਲਿਆ। ਅਮਰੀਕਾ 'ਚੋਂ ਉਹਨਾਂ ਨੇ ਨਾਮਵਰ ਗ਼ਦਰੀ ਹਰਜਾਪ ਸਿੰਘ ਮਾਹਿਲਪੁਰ, ਸੰਤਾ ਸਿੰਘ ਗੰਡੀਵਿੰਡ, ਪ੍ਰੀਤਮ ਸਿੰਘ ਕਸੇਲ, ਕਰਮ ਸਿੰਘ ਧੂਤ ਅਤੇ ਪ੍ਰੇਮ ਸਿੰਘ ਚੂਹੜਚੱਕ ਨੂੰ ਗ਼ਦਰ ਲਹਿਰ ਨੂੰ ਨਵੀਆਂ ਲੀਹਾਂ ਤੇ ਪਾਉਣ ਲਈ ਇਤਿਹਾਸਕ ਖੋਜਕਾਰੀ ਅਤੇ ਭਾਰਤੀ ਦਰਸ਼ਨ, ਸਮਾਜਕ ਬਣਤਰ ਦਾ ਅਧਿਐਨ ਕਰਨ ਲਈ ਮਾਸਕੋ ਦੀ ਈਸਟਰਨ ਯੂਨੀਵਰਸਿਟੀ ਭੇਜਿਆ।
ਉਹ ਗੁਪਤ ਢੰਗਾਂ ਰਾਹੀਂ ਭਾਰਤ ਪੁੱਜੇ। 1927 ਵਿਚ ਉਹ ਫੇਰ ਹਿੰਦੋਸਤਾਨ ਤੋਂ ਯੂਰਪ ਚਲੇ ਗਏ। ਬੈਲਜੀਅਮ ਦੇ ਸ਼ਹਿਰ ਬਰੱਸਲਜ਼ ਵਿਚ 10 ਫਰਵਰੀ 1927 ਤੋਂ 15 ਫਰਵਰੀ 1927 ਤੱਕ ਲੀਗ ਅਗੇਨਸਟ ਇੰਪੀਰੀਅਲਿਜ਼ਮ ਦੀ ਕਾਨਫਰੰਸ ਵਿਚ ਉਹਨਾਂ ਨੇ ਅਤੇ ਪ੍ਰੋ. ਬਰਕਤ ਉੱਲਾ ਨੇ ਭਾਗ ਲਿਆ।
ਬਰੱਸਲਜ ਕਾਨਫਰੰਸ ਉਪਰੰਤ ਉਹ ਚੀਨ ਪੁੱਜੇ। ਭਾਈ ਰਤਨ ਸਿੰਘ ਦੀ ਅਗਵਾਈ ਸਦਕਾ ਦਸੌਦਾ ਸਿੰਘ, ਚਰਨ ਸਿੰਘ ਧੁਲੇਤਾ ਅਤੇ ਇੰਦਰ ਸਿੰਘ ਟੂਟੋ ਮਜਾਰਾ ਨੇ ਮਾਰਚ 1927 ਵਿਚ ਚੀਨ ਦੇ ਸ਼ਹਿਰ ਹੰਕਓ ਤੋਂ 'ਹਿੰਦੋਸਤਾਨ ਗ਼ਦਰ ਢੰਡੋਰਾ' ਨਾਂਅ ਦਾ ਪੰਦਰਾਂ ਰੋਜ਼ਾ ਪੰਜਾਬੀ ਅਖਬਾਰ ਕੱਢਿਆ। ਇਥੋਂ ਉਹ ਜਾਪਾਨ ਗਏ। ਜਾਪਾਨ ਦੀ ਹਕੂਮਤ ਨੇ ਉਹਨਾਂ ਉਪਰ 'ਕਮਿਊਨਿਸਟ ਹੋਣ ਦਾ ਦੋਸ਼' ਮੜਕੇ ਦੇਸ਼ ਨਿਕਾਲਾ ਦੇ ਦਿੱਤਾ। ਜਾਪਾਨ ਉਹ ਫਿਰ ਰੂਸ ਪੁੱਜੇ ਅਤੇ ਵਿਸ਼ੇਸ਼ ਕਾਨਫਰੰਸ ਵਿਚ ਭਾਗ ਲਿਆ।
ਭਾਈ ਰਤਨ ਸਿੰਘ ਦੇ ਸਫ਼ਰ ਦੀਆਂ ਪੈੜਾਂ, ਮੈਕਸੀਕੋ, ਕਿਊਬਾ, ਬਰਾਜੀਲ ਆਦਿ ਦੇਸ਼ਾਂ ਵਿਚ ਮਿਲਦੀਆਂ ਹਨ। ਬਰਾਜ਼ੀਲ ਵਿਚ ਹੀ 'ਪਗੜੀ ਸੰਭਾਲ ਜੱਟਾ ਲਹਿਰ' ਦੇ ਜਲਾਵਤਨ ਹੋਏ ਅਜੀਤ ਸਿੰਘ (ਭਗਤ ਸਿੰਘ ਦੇ ਚਾਚਾ) ਨਾਲ ਪਹਿਲੀ ਮੁਲਾਕਾਤ ਹੋਈ। ਅਰਜਨਟਾਈਨਾ ਵਿਚ ਉਹ ਭਗਤ ਸਿੰਘ ਬਿਲਗਾ ਨੂੰ ਮਿਲੇ ਜੋ ਕਿ ਇਥੋਂ ਦੀ ਗ਼ਦਰ ਪਾਰਟੀ ਦੇ ਸਕੱਤਰ ਸਨ। ਅਰਜਨਟਾਈਨਾ ਵਿਚ 'ਕਿਰਤੀ' ਅਖ਼ਬਾਰ ਨੇ ਗ਼ਦਰ ਲਹਿਰ ਦੀ ਤੰਦ ਜੋੜ ਕੇ ਰੱਖਣ 'ਚ ਅਹਿਮ ਭੂਮਿਕਾ ਨਿਭਾਈ ਕਿਉਂਕਿ ਇਥੇ 'ਕਿਰਤੀ' ਦੀਆਂ ਕਾਪੀਆਂ ਪਹੁੰਚਿਆ ਕਰਦੀਆਂ ਸਨ। ਭਾਈ ਰਤਨ ਸਿੰਘ ਨੇ ਭਗਤ ਸਿੰਘ ਬਿਲਗਾ ਅਤੇ ਬਾਬਾ ਬੂਝਾ ਸਿੰਘ ਨਾਲ ਅਰਜਨਟਾਈਨਾ ਵਿਚ ਗ਼ਦਰ ਲਹਿਰ ਦੀ ਮੁੜ ਜੜ੍ਹ ਲਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ।
ਜਦੋਂ ਸਾਮਰਾਜ ਪ੍ਰਤੀ ਕਾਂਗਰਸ ਦਾ ਦ੍ਰਿਸ਼ਟੀਕੋਣ ਸੰਸਾਰ ਵਿਆਪੀ ਕੌਮੀ ਮੁਕਤੀ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ 'ਚ ਸਾਮਰਾਜੀ ਹੇਜ ਵਾਲਾ ਹੋਰ ਉਘੜਦਾ ਗਿਆ ਤਾਂ ਨਹਿਰੂ ਨੂੰ ਲੀਗ 'ਚੋਂ ਦੁਨੀਆ ਦੇ ਮੰਨੇ ਪਰਮੰਨੇ ਇਨਕਲਾਬੀਆਂ ਨੇ ਬਾਹਰ ਕਰਕੇ ਭਾਈ ਰਤਨ ਸਿੰਘ ਨੂੰ ਉਸ ਵਿਚ ਨੁਮਾਇੰਦਗੀ ਦਿੱਤੀ।
ਅਗਸਤ 1943 ਵਿਚ ਉਹ ਸਖ਼ਤ ਬਿਮਾਰ ਹੋ ਗਏ। ਇਟਲੀ 'ਚ ਰੋਮ ਦੇ ਮਿਸ਼ਨਰੀ ਹਸਪਤਾਲ 'ਚ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ। ਇਸ ਨਾਮਾਲੂਮ ਹਸਪਤਾਲ 'ਚ ਹੀ ਉਹ ਦਮ ਤੋੜ ਗਏ। ਗ਼ਦਰ ਲਹਿਰ ਦਾ ਕੌਮਾਂਤਰੀ ਹੀਰਾ, ਗ਼ਦਰ, ਆਜ਼ਾਦੀ ਸੰਗਰਾਮ ਨੂੰ ਇਨਕਲਾਬੀ ਅਤੇ ਸਮਾਜਵਾਦੀ ਲੀਹ ਵੱਲ ਲਿਜਾਣ ਦੀ ਅਮਿਟ ਇਤਿਹਾਸਕ ਭੂਮਿਕਾ ਅਦਾ ਕਰਨ ਵਾਲੇ ਯੋਧੇ ਭਾਈ ਰਤਨ ਸਿੰਘ ਅਤੇ ਇਲਾਕੇ ਭਰ ਦੇ ਦਰਜਨਾਂ ਪਿੰਡਾਂ ਦੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ 19 ਅਕਤੂਬਰ ਨੂੰ ਉਹਨਾਂ ਦੇ ਪਿੰਡ ਰਾਏਪੁਰ ਡੱਬਾ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਗ਼ਦਰ ਸ਼ਤਾਬਦੀ ਨੂੰ ਸਮਰਪਤ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰ ਰਿਹਾ ਹੈ।
No comments:
Post a Comment