ਸਾਬਕਾ ਫੌਜ ਮੁਖੀ ਦਾ ਬਿਆਨ:
ਕਸ਼ਮੀਰ 'ਚ ਅਖੌਤੀ ਜਮਹੂਰੀ ਅਮਲ ਬਹਾਲੀ ਦੀ ਅਸਲੀਅਤ ਦਾ ਇਕਬਾਲ
-ਨਵਜੋਤ
ਪਿਛਲੇ ਅਰਸੇ ਵਿੱਚ (ਸਤੰਬਰ ਮਹੀਨੇ 'ਚ) ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਵੀ.ਕੇ. ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਸੀ, ਕਿ ਭਾਰਤੀ ਫੌਜ ਵੱਲੋਂ ਜੰਮੂ-ਕਸ਼ਮੀਰ ਦੀ ਪਾਰਲੀਮਾਨੀ ਸਿਆਸੀ ਪਾਰਟੀਆਂ (ਵੋਟ-ਪਾਰਟੀਆਂ) ਦੇ ਆਗੂਆਂ ਤੇ ਕਾਰਕੁੰਨਾਂ ਨੂੰ ਪੈਸੇ ਵੰਡੇ ਜਾਂਦੇ ਰਹੇ ਹਨ। ਫੌਜ ਮੁਖੀ ਦਾ ਇਹ ਬਿਆਨ ਭਾਰਤੀ ਹਾਕਮ ਜਮਾਤੀ ਸਿਆਸੀ ਪਾਰਟੀਆਂ ਲਈ ਬਹੁਤ ਹੀ ਕਸੂਤਾ ਅਤੇ ਨਾ-ਹਜ਼ਮ ਕਰਨਯੋਗ ਸੀ। ਇਸ 'ਤੇ ਸਭੇ ਪ੍ਰਮੁੱਖ ਪਾਰਟੀਆਂ ਵੱਲੋਂ ਤ੍ਰਭਕਵਾਂ ਪ੍ਰਤੀਕਰਮ ਦਿਖਾਇਆ ਗਿਆ। ਕੇਂਦਰੀ ਗ੍ਰਹਿ ਮੰਤਰੀ ਵੱਲੋਂ ਕਿਹਾ ਗਿਆ ਕਿ ਫੌਜ ਮੁਖੀ ਪੈਸਾ ਹਾਸਲ ਕਰਨ ਵਾਲੇ ਸਿਆਸੀ ਬੰਦਿਆਂ ਦੇ ਨਾਂ ਦੱਸੇ। ਉਹ ਪੜਤਾਲ ਕਰਨ ਲਈ ਤਿਆਰ ਹਨ। ਭਾਰਤੀ ਜਨਤਾ ਪਾਰਟੀ ਦੇ ਮਿਸਟਰ ਅਰੁਣ ਜੇਤਲੀ ਵੱਲੋਂ ਮਾਮਲੇ ਨੂੰ ਥਾਏਂ ਠੱਪ ਕਰਨ ਦਾ ਬਿਆਨ ਦਾਗਿਆ ਗਿਆ। ਜੰਮੂ-ਕਸ਼ਮੀਰ ਦੀਆਂ ਪਾਰਟੀਆਂ ਵੱਲੋਂ ਇਸ ਬਿਆਨ ਨੂੰ ਚੁਣੌਤੀ ਦਿੰਦਿਆਂ ਤੇ ਸੂਬਾਈ ਵਿਧਾਨ ਸਭਾ ਵਿੱਚ ਇਸ ਵਿਰੁੱਧ ਮਤਾ ਪਾਸ ਕਰਦਿਆਂ, ਫੌਜ ਮੁਖੀ ਨੂੰ ਤਲਬ ਕਰਨ ਦਾ ਫੁਰਮਾਨ ਚਾੜ੍ਹਿਆ ਗਿਆ।
ਭਾਰਤੀ ਹਾਕਮਾਂ ਦੇ ਪੱਖ ਤੋਂ ਦੇਖਿਆਂ ਫੌਜ ਮੁਖੀ ਦਾ ਇਹ ਬਿਆਨ ਬੇਲੋੜੇ ਅਤੇ ਬੇਸਮਝਾ ਹੈ। ਇਸ ਬਿਆਨ ਵੱਲੋਂ ਭਾਰਤੀ ਹਾਕਮਾਂ ਵੱਲੋਂ ਜੰਮੂ ਕਸ਼ਮੀਰ ਵਿੱਚ ਚਲਾਏ ਜਾ ਰਹੇ ਅਖੌਤੀ ਜਮਹੂਰੀ ਪ੍ਰਬੰਧ ਦੀ ਬਹਾਲੀ ਦੇ ਅਮਲ ਦੀ ਅਸਲੀਅਤ ਦਾ ਹੀ ਇਕਬਾਲ ਕੀਤਾ ਗਿਆ ਹੈ।
ਅੱਜ ਇਹ ਗੱਲ ਸੰਸਾਰ ਭਰ ਅੰਦਰ ਸਥਾਪਤ ਹੈ ਕਿ ਕਸ਼ਮੀਰ ਦੇ ਲੋਕ ਆਜ਼ਾਦੀ ਚਾਹੁੰਦੇ ਹਨ। ਉਹ ਆਪਾ-ਨਿਰਣੇ ਦਾ ਹੱਕ ਚਾਹੁੰਦੇ ਹਨ। ਉਹ ਆਪਣੇ ਮੁਲਕ ਦੇ ਭਾਰਤੀ ਹਾਕਮਾਂ ਵੱਲੋਂ ਭਾਰਤ ਨਾਲ ਕੀਤੇ ਜਬਰੀ ਸਿਰ-ਨਰੜ ਤੋਂ ਛੁਟਕਾਰਾ ਚਾਹੁੰਦੇ ਹਨ। ਪਰ ਪਸਾਰਵਾਦੀ ਮਨਸੂਬੇ ਪਾਲਦੇ ਭਾਰਤੀ ਹਾਕਮ ਇਸ ਜਬਰੀ ਸਿਰ-ਨਰੜ ਨੂੰ ਕਾਇਮ ਰੱਖਣਾ ਚਾਹੁੰਦੇ ਹਨ। ਕਸ਼ਮੀਰੀ ਲੋਕਾਂ ਦੇ ਗਲ ਗੁਲਾਮੀ ਦਾ ਜੂਲਾ ਪਾ ਕੇ ਰੱਖਣਾ ਚਾਹੁੰਦੇ ਹਨ। ਉਹ ਯੂ.ਐਨ.ਓ. ਦੇ ਜੰਮੂ-ਕਸ਼ਮੀਰ ਵਿੱਚ ਲੋਕ ਰਾਇ-ਸ਼ੁਮਾਰੀ ਕਰਵਾਏ ਜਾਣ ਦੇ ਮਤਿਆਂ ਤੋਂ ਮੁੱਕਰ ਰਹੇ ਹਨ ਅਤੇ ਇਹਨਾਂ ਮਤਿਆਂ ਨਾਲ ਆਪਣੀ ਸਹਿਮਤੀ ਤੋਂ ਮੁੱਕਰਦਿਆਂ ਥੁੱਕ ਕੇ ਚੱਟ ਰਹੇ ਹਨ ਅਤੇ ਜੰਮੂ-ਕਸ਼ਮੀਰ ਨੂੰ ''ਭਾਰਤ ਦੇ ਅਨਿੱਖੜਵੇਂ ਅੰਗ ਹੋਣ'' ਦੇ ਘੁਮੰਡੀ ਲਲਕਾਰੇ ਛੱਡ ਰਹੇ ਹਨ। ਕਸ਼ਮੀਰੀ ਲੋਕਾਂ ਦੀ ਆਪਾ-ਨਿਰਣੇ ਦੇ ਅਧਿਕਾਰ ਅਤੇ ਆਜ਼ਾਦੀ ਦੀ ਮੰਗ ਅਤੇ ਲੜਾਈ ਨੂੰ ਮੁਲਕ ਦੀ ਅਖੌਤੀ ਏਕਤਾ ਤੇ ਅਖੰਡਤਾ ਨੂੰ ਖਤਰਾ ਗਰਦਾਨਦਿਆਂ, ਭਾਰਤ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਅੰਦਰ ਅੰਨ੍ਹੀਂ ਦੇਸ਼ਭਗਤੀ ਦਾ ਜਨੂੰਨ ਭੜਕਾ ਰਹੇ ਹਨ ਅਤੇ ਕਸ਼ਮੀਰੀ ਲੋਕਾਂ ਖਿਲਾਫ ਨਫਰਤ ਦਾ ਛਿੱਟਾ ਦੇ ਰਹੇ ਹਨ।
ਇਸੇ ਅੰਨ੍ਹੀਂ ਦੇਸ਼ਭਗਤੀ ਦੇ ਜਨੂੰਨ ਅਤੇ ਕਸ਼ਮੀਰੀ ਲੋਕਾਂ ਖਿਲਾਫ ਨਫਰਤ ਨਾਲ ਡੰਗੀ ਭਾਰਤੀ ਫੌਜ ਨੂੰ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦੀ ਲਹਿਰ ਨੂੰ ਖ਼ੂਨ ਵਿੱਚ ਡਬੋਣ ਲਈ ਬੇਲਗਾਮ ਕੀਤਾ ਹੋਇਆ ਹੈ। ਉਹਨਾਂ ਨੂੰ ਫੌਜੀ ਸ਼ਕਤੀਆਂ ਲਈ ਵਿਸ਼ੇਸ਼ ਕਾਲੇ ਕਾਨੂੰਨ ਨਾਲ ਲੈਸ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਉਹਨਾਂ ਨੂੰ ਕਸ਼ਮੀਰੀ ਲੋਕਾਂ ਨੂੰ ਮਨਮਰਜੀ ਨਾਲ ਕੁੱਟਣ, ਜਲੀਲ ਕਰਨ, ਕਤਲ ਕਰਨ, ਔਰਤਾਂ ਨਾਲ ਬਲਾਤਕਾਰ ਕਰਨ, ਘਰਾਂ ਨੂੰ ਸਾੜਨ-ਉਜਾੜਨ ਅਤੇ ਜ਼ੁਲਮ ਦਾ ਤਾਂਡਵ-ਨਾਚ ਨੱਚਣ ਦਾ ਖੁੱਲ੍ਹਾ ਲਾਇਸੰਸ ਦਿੱਤਾ ਹੋਇਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਆਗਿਆ ਤੋਂ ਬਿਨਾ ਕਿਸੇ ਨੀਮ-ਫੌਜੀ/ਫੌਜੀ 'ਤੇ ਕਿਸੇ ਥਾਣੇ ਵਿੱਚ ਰਿਪੋਰਟ ਵੀ ਦਰਜ ਨਹੀਂ ਕੀਤੀ ਜਾ ਸਕਦੀ।
ਇੱਕ ਪਾਸੇ- ਕਸ਼ਮੀਰੀ ਲੋਕਾਂ 'ਤੇ ਚੰਗੇਜ਼ਖਾਨੀ ਜਬਰੋ-ਜ਼ੁਲਮ ਦਾ ਝੱਖੜ ਝੁਲਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ- ਕਸ਼ਮੀਰੀ ਲੋਕਾਂ ਵਿੱਚ ਸੰਨ੍ਹ ਲਾਉਣ ਤੇ ਪਾਟਕ ਪਾਉਣ ਲਈ ਹਰ ਤਰ੍ਹਾਂ ਦੇ ਨਿੱਘਰੇ ਹਰਬੇ ਵਰਤੇ ਜਾ ਰਹੇ ਹਨ। ਜੰਮੂ-ਕਸ਼ਮੀਰ ਦੇ ਰਵਾਇਤੀ/ਪਾਰਲੀਮਾਨੀ ਸਿਆਸੀ ਪਾਰਟੀਆਂ ਦੀਆਂ ਹੇਠਲੀਆਂ ਡਾਵਾਂਡੋਲ ਪਰਤਾਂ ਵਿਚਲੇ ਆਗੂਆਂ ਤੇ ਕਾਰਕੁੰਨਾਂ ਅਤੇ ਲੋਕਾਂ ਅੰਦਰਲੇ ਕੱਚ-ਪੈਰੇ ਅਤੇ ਵੱਧ/ਘੱਟ ਥਿੜ੍ਹਕਦੇਂ ਹਿੱਸਿਆਂ ਵਿੱਚ ਚੋਣਵੇਂ ਵਿਅਕਤੀਆਂ ਨੂੰ ਧਨ ਮੁਹੱਈਆ ਕਰਕੇ ਕਾਣਾ ਕੀਤਾ ਜਾ ਰਿਹਾ ਹੈ। ਇਉਂ, ਇਹਨਾਂ ਨੂੰ ਪੰਚਾਇਤਾਂ, ਪੰਚਾਇਤ ਸੰਮਤੀਆਂ, ਮਿਊਂਸਪਲ ਕਮੇਟੀਆਂ ਅਤੇ ਅਸੈਂਬਲੀ ਚੋਣਾਂ ਵਿੱਚ ਸਰਗਰਮ ਹੋਣ ਲਈ ਧੱਕਿਆ ਜਾਂਦਾ ਹੈ। ਇਸ ਸਰਗਰਮੀ ਦੌਰਾਨ ਇਹਨਾਂ ਨੂੰ ਸੁਰੱਖਿਆ ਛਤਰੀ ਮੁਹੱਈਆ ਕੀਤੀ ਜਾਂਦੀ ਹੈ। ਫੌਜ ਤੇ ਨੀਮ-ਫੌਜੀ ਦਸਤਿਆਂ ਵੱਲੋਂ ਲੋਕਾਂ ਨੂੰ ਚੋਣ ਬੂਥਾਂ 'ਤੇ ਸਿੱਧੀ/ਅਸਿੱਧੀ ਧਮਕੀ ਤੇ ਦਹਿਸ਼ਤ ਤਹਿਤ ਆਉਣ ਲਈ ਮਜਬੂਰ ਕੀਤਾ ਜਾਂਦਾ ਹੈ। ਇਉਂ, ਰਿਸ਼ਵਤਖੋਰੀ ਅਤੇ ਸੰਗੀਨਾਂ ਦੀ ਛਾਂ ਹੇਠ ਜਿੱਥੇ ਰਵਾਇਤੀ ਪਾਰਟੀਆਂ ਦੀਆਂ ਸਫਾਂ ਨੂੰ ਹਰਕਤ ਵਿੱਚ ਲਿਆਂਦਾ ਜਾਂਦਾ ਹੈ, ਉੱਥੇ ਲੋਕਾਂ ਦੇ ਥਿੜ੍ਹਕਦੇਂ ਹਿੱਸੇ ਵਿੱਚ ਸੰਨ੍ਹ ਲਾ ਕੇ ਇਹਨਾਂ ਪਾਰਟੀਆਂ ਨੂੰ ਮਾੜੀ-ਮੋਟੀ ਜਨਤਕ ਹਮਾਇਤ ਦੀ ਢੋਈ ਬਖਸ਼ੀ ਜਾਂਦੀ ਹੈ।
ਇਸ ਤਰ੍ਹਾਂ, ਭਾਰਤੀ ਹਾਕਮਾਂ ਵੱਲੋਂ ਫੌਜ ਰਾਹੀਂ ਰਿਸ਼ਵਤਖੋਰ ਅਤੇ ਦਹਿਸ਼ਤਗਰਦ ਹਰਬਿਆਂ ਰਾਹੀਂ ਚਲਾਏ ਜਾਂਦੇ ਜਮਹੂਰੀ ਪ੍ਰਬੰਧ ਬਹਾਲੀ ਦੇ ਅਮਲ ਦੇ ਤੀਰ ਨਾਲ ਕਈ ਪੰਛੀ ਫੁੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ- ਕਸ਼ਮੀਰੀ ਲੋਕਾਂ ਦੀ ਹਥਿਆਰਬੰਦ ਜੱਦੋਜਹਿਦ ਤੋਂ ਤ੍ਰਹਿੰਦਿਆਂ, ਜਾਮ ਹੋਏ ਮੌਕਾਪ੍ਰਸਤ ਸਿਆਸੀ ਟੋਲਿਆਂ ਨੂੰ ਹਰਕਤ ਵਿੱਚ ਲਿਆਉਣਾ ਅਤੇ ਉਹਨਾਂ ਦੀਆਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਅਤੇ ਕਸ਼ਮੀਰੀ ਜਨਤਾ ਦੀ ਹੱਕੀ ਕੌਮੀ ਲਹਿਰ ਵਿਰੋਧੀ ਪਿਛਾਖੜੀ ਸਰਗਰਮੀਆਂ ਨੂੰ ਰੇੜ੍ਹੇ ਪਾਉਣਾ ਤੇ ਉਗਾਸਾ ਦੇਣਾ; ਦੂਜਾ- ਘੱਟ/ਵੱਧ ਥਿੜ੍ਹਕਦੇ ਜਨਤਕ ਹਿੱਸੇ ਨੂੰ ਮੌਕਾਪ੍ਰਸਤ ਸਿਆਸੀ ਪਾਰਟੀਆਂ ਮਗਰ ਧੂਹਣਾ, ਉਹਨਾਂ ਦੇ ਜਨਤਕ ਆਧਾਰ ਨੂੰ ਠੁੰਮ੍ਹਣਾ ਦੇਣਾ ਅਤੇ ਚੌੜੇਰਾ ਕਰਨਾ, ਇਉਂ, ਕਸ਼ਮੀਰ ਅੰਦਰ ਭਾਰਤੀ ਹਾਕਮਾਂ ਦੀ ਪਿੱਛਲੱਗ ਪਿਛਾਖੜੀ ਧਿਰ ਨੂੰ ਤਕੜਾਈ ਬਖਸ਼ਣਾ ਅਤੇ ਇਸ ਨੂੰ ਕਸ਼ਮੀਰੀ ਜਨਤਾ ਦੀ ਹੱਕੀ ਲਹਿਰ ਨੂੰ ਕੁਚਲਣ ਦਾ ਹੱਥਾ ਬਣਾਉਣਾ; ਤੀਜਾ- ਇਹਨਾਂ ਹਿੱਸਿਆਂ ਵਿੱਚੋਂ ਕੁਝ ਵਿਅਕਤੀਆਂ ਨੂੰ ਫੌਜੀ ਤੇ ਨੀਮ-ਫੌਜੀ ਦਸਤਿਆਂ ਦੇ ਖੁਫੀਆ ਕਾਰਕੁੰਨ ਬਣਾਉਣਾ; ਚੌਥਾ- ਕਸ਼ਮੀਰ ਅੰਦਰ ਚੋਣਾਂ ਦਾ ਨਾਟਕ ਰਚਦਿਆਂ, ਕਸ਼ਮੀਰੀ ਲੋਕਾਂ ਦੇ ਕੀਤੇ ਜਾ ਰਹੇ ਵਢਾਂਗੇ 'ਤੇ ਅਖੌਤੀ ਜਮਹੂਰੀਅਤ ਬਹਾਲੀ ਦਾ ਪਰਦਾ ਤਾਣਨਾ ਅਤੇ ਹਥਿਆਰਬੰਦ ਜੱਦੋਜਹਿਦ ਜਾਰੀ ਰੱਖ ਰਹੇ ਲੜਾਕੂਆਂ ਨੂੰ ਅੱਤਵਾਦੀ, ਵੱਖਵਾਦੀ ਅਤੇ ਜਮਹੂਰੀਅਤ ਵਿਰੋਧੀ ਗਰਦਾਨਦਿਆਂ, ਖੂੰਖਾਰ ਜਬਰ ਦਾ ਚੋਣਵਾਂ ਨਿਸ਼ਾਨਾ ਬਣਾਉਣਾ।
ਕਸ਼ਮੀਰੀ ਲੋਕਾਂ ਦੇ ਖ਼ੂਨ ਦੀ ਤਿਹਾਈ ਭਾਰਤੀ ਫੌਜ ਵੱਲੋਂ ਰਿਸ਼ਵਤਖੋਰੀ ਅਤੇ ਦਹਿਸ਼ਤਗਰਦੀ ਦੇ ਜ਼ੋਰ ਬਹਾਲ ਕੀਤੇ ਜਾ ਰਹੇ ਅਖੌਤੀ ਜਮਹੂਰੀ ਅਮਲ ਦਾ ਉਪਰੋਕਤ ਮਕਸਦਾਂ ਤੋਂ ਸਿਵਾਏ ਹੋਰ ਕੀ ਮਕਸਦ ਹੋ ਸਕਦਾ ਹੈ। ਭਾਰਤੀ ਹਾਕਮਾਂ ਵੱਲੋਂ ਅਜਿਹਾ ਹੀ ਲੋਕ-ਦੁਸ਼ਮਣ ਅਮਲ ਉੱਤਰੀ-ਪੂਰਬੀ ਖਿੱਤੇ, ਛੱਤੀਸਗੜ੍ਹ੍ਵ ਤੇ ਝਾਰਖੰਡ ਆਦਿ ਸੂਬਿਆਂ ਵਿੱਚ ਚਲਾਇਆ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਝਾਰਖੰਡ ਵਿੱਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਸ ਦੇ ਇੱਕ ਉੱਚ-ਅਧਿਕਾਰੀ ਵੱਲੋਂ ਦਿੱਤੇ ਅਖਬਾਰੀ ਬਿਆਨ ਰਾਹੀਂ ਵੀ ਹੋਈ ਹੈ। ਜਿਸ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਇਕੱਲੇ ਇਕੱਲੇ ਪਰਿਵਾਰਾਂ ਅਤੇ ਵਿਅਕਤੀਆਂ ਦੀ ਭਲਾਈ ਤੇ ਵਿਕਾਸ ਲਈ ਮਾਲੀ ਸਹਾਇਤਾ (ਰਿਸ਼ਵਤ) ਮੁਹੱਈਆ ਕਰਨ ਦਾ ਅਮਲ ਵਿੱਢਿਆ ਜਾ ਰਿਹਾ ਹੈ।
ਭਾਰਤੀ ਹਾਕਮਾਂ ਦੀ ਉਪਰੋਕਤ ਪਿਛਾਖੜੀ ਕਪਟੀ ਖੇਡ ਦਾ ਭਾਂਡਾ ਭੰਨੇ ਜਾਣ ਤੋਂ ਬਚਾਅ ਕਰਨ ਲਈ ਹੀ ਸਭਨਾਂ ਹਾਕਮ ਜਮਾਤੀ ਸਿਆਸੀ ਟੋਲਿਆਂ ਅਤੇ ਪ੍ਰੈਸ ਅਤੇ ਮੀਡੀਆ ਵੱਲੋਂ ਫੌਜ ਮੁਖੀ ਦੇ ਬਿਆਨ ਨੂੰ ਵਿਸਰ ਜਾਣ ਦਾ ਸੋਚਿਆ-ਸਮਝਿਆ ਰੁਖ ਅਖਤਿਆਰ ਕੀਤਾ ਗਿਆ ਹੈ।
0-0
ਬਾਰਾਮੂਲਾ ਗੋਲੀ-ਕਾਂਡ ਲਈ ਫੌਜ ਦੋਸ਼ੀ ਕਰਾਰ ਫੌਜ ਨੇ ਨਿਹੱਥੇ ਲੋਕਾਂ ਉੱਤੇ ਚਲਾਈ ਸੀ ਗੋਲੀ
ਸ੍ਰੀਨਗਰ, 23 ਅਕਤੂਬਰ: ਜੰਮੂ ਕਸ਼ਮੀਰ ਦੇ ਕਸਬਾ ਬਾਰਾਮੂਲਾ ਵਿੱਚ ਗੋਲੀ ਚਲਾਉਣ ਵਾਲੀ ਘਟਨਾ ਲਈ ਫੌਜ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਮੈਜਿਸਟਰੇਟੀ ਜਾਂਚ ਦੀ ਰਿਪੋਰਟ ਮੁਤਾਬਕ ਫੌਜ ਨੇ ਨਿਹੱਥੇ ਅਤੇ ਅਮਨਪੂਰਵਕ ਵਿਖਾਵਾ ਕਰ ਰਹੇ ਲੋਕਾਂ ਉੱਤੇ ਬਿਨਾ ਵਜਾਹ ਗੋਲੀ ਚਲਾਈ। ਗੌਰਤਲਬ ਹੈ ਕਿ ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ।
ਬਾਰਾਮੂਲਾ ਦੇ ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਮਨਜੂਰ ਅਹਿਮ ਕਾਦਰੀ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਮੁਤਾਬਕ 5 ਮਾਰਚ 2013 ਨੂੰ 46 ਰਾਸ਼ਟਰੀਆ ਰਾਈਫਲਜ਼ ਦੇ ਜਵਾਨਾਂ ਨੇ ਬਿਨਾ ਕਿਸੇ ਕਾਰਨ ਕਾਕਰ ਹਮਾਮ ਅਤੇ ਗਨਈ ਹਮਾਮ ਮੁਹੱਲਿਆਂ ਵਿੱਚ ਘਰਾਂ ਅੰਦਰ ਵੜ ਕੇ ਭੰਨ-ਤੋੜ ਕੀਤੀ ਅਤੇ ਲੋਕਾਂ ਦੀਆਂ ਗੱਡੀਆਂ ਵੀ ਭੰਨ ਸੁੱਟੀਆਂ। ਬਾਅਦ ਵਿੱਚ ਬਿਨਾ ਕਿਸੇ ਭੜਕਾਹਟ, ਨਿਹੱਥੇ ਅਤੇ ਅਮਨਪੂਰਵਕ ਲੋਕਾਂ ਉੱਤੇ ਗੋਲੀ ਚਲਾ ਦਿੱਤੀ, ਜਿਸ ਨਾਲ ਤਾਹਿਰ ਰਸੂਲ ਸੋਫੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਨੌਜਵਾਨ ਮੁਹੰਮ ਅੱਬਾਸ ਲੀਲੂ ਸਖਤ ਫੱਟੜ ਹੋ ਗਿਆ।
ਸੂਬਾ ਸਰਕਾਰ ਨੂੰ ਅਗਸਤ ਵਿੱਚ ਸੌਂਪੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫੌਜ ਨੇ ਗੋਲੀ ਚਲਾਉਣ ਤੋਂ ਪਹਿਲਾਂ ਚਿਤਾਵਨੀ ਵਜੋਂ ਹਵਾ ਵਿੱਚ ਵੀ ਗੋਲੀ ਨਹੀਂ ਚਲਾਈ। ਫੌਜੀਆਂ ਨੇ ਮਿਥ ਕੇ ਨੌਜਵਾਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ। ਇਸ ਰਿਪੋਰਟ ਵਿੱਚ ਫੌਜ ਦੇ ਕਮਾਂਡਿੰਗ ਅਫਸਰ ਦਾ ਇਹ ਦਾਅਵਾ ਰੱਦ ਕੀਤਾ ਗਿਆ ਕਿ ਨੌਜਵਾਨਾਂ ਨੇ ਪਹਿਲਾਂ ਫੌਜ ਦੀ ਗਸ਼ਤੀ-ਟੁਕੜੀ ਉੱਤੇ ਹਮਲਾ ਕੀਤਾ, ਜਿਸ ਕਾਰਨ ਫੌਜੀਆਂ ਨੂੰ ਗੋਲੀ ਚਲਾਉਣੀ ਪਈ। ਰਿਪੋਰਟ ਵਿੱਚ ਉਹਨਾਂ ਫੋਟੋਆਂ ਦੇ ਜਾਅਲ ਹੋਣ ਬਾਰੇ ਵੀ ਖਦਸ਼ਾ ਪ੍ਰਗਟ ਕੀਤਾ ਗਿਆ, ਜਿਹੜੀਆਂ ਫੌਜ ਨੇ ਜਾਂਚ ਦੌਰਾਨ ਸੌਂਪੀਆਂ ਸਨ।
ਚੇਤੇ ਰਹੇ ਕਿ ਤਾਹਿਰ ਰਸੂਲ ਸੋਫੀ ਦੀ ਮੌਤ ਤੋਂ ਬਾਅਦ ਵਾਦੀ ਵਿੱਚ ਰੋਸ ਵਿਖਾਵਿਆਂ ਦਾ ਹੜ੍ਹ ਆ ਗਿਆ ਸੀ ਅਤੇ ਜ਼ਿਲ੍ਹੇ ਦੇ ਕਈ ਕਸਬਿਆਂ ਵਿੱਚ ਕਰਫਿਊ ਲਾ ਦਿੱਤਾ ਗਿਆ ਸੀ।
(ਪੰਜਾਬੀ ਟ੍ਰਿਬਿਊਨ, 24 ਅਕਤੂਬਰ 2013)
No comments:
Post a Comment