ਗ਼ਦਰ ਲਹਿਰ ਦੀ ਵੀਰਾਂਗਣਾ ਬੀਬੀ ਗੁਲਾਬ ਕੌਰ
—ਅਮੋਲਕ ਸਿੰਘ
ਗ਼ਦਰ ਸ਼ਤਾਬਦੀ ਮੌਕੇ ਗ਼ਦਰ ਲਹਿਰ ਅਤੇ ਇਸਦੀਆਂ ਅਗਲੀਆਂ ਕੜੀਆਂ ਅੰਦਰ ਔਰਤ ਸੰਗਰਾਮਣਾਂ ਦੀਆਂ ਇਤਿਹਾਸਕ ਪੈੜਾਂ ਸਾਡੇ ਰਾਹ ਰੁਸ਼ਨਾਉਂਦੀਆਂ ਹਨ। ਗ਼ਦਰੀ ਇਨਕਲਾਬੀਆਂ ਦੇ ਲਹੂ-ਵੀਟਵੇਂ ਸੰਗਰਾਮ ਅੰਦਰ ਹਜ਼ਾਰਾਂ ਔਰਤਾਂ ਦੀ ਭੂਮਿਕਾ ਵਡੇਰੇ ਖੋਜ ਕਾਰਜਾਂ ਦਾ ਅਧੂਰਾ ਅਧਿਆਇ ਹੈ। ਗ਼ਦਰੀਆਂ ਦੀਆਂ ਮਾਵਾਂ, ਭੈਣਾਂ, ਧੀਆਂ ਅਤੇ ਜੀਵਨ-ਸਾਥਣਾਂ ਜਿਹੜੀਆਂ ਸਿੱਧੇ ਰੂਪ 'ਚ ਭਾਵੇਂ ਗ਼ਦਰੀ ਮੋਰਚੇ ਤੇ ਤਾਇਨਾਤ ਨਹੀਂ ਵੀ ਸਨ, ਉਹਨਾਂ ਦੇ ਦਮ, ਦੁੱਖੜੇ, ਸਿਦਕ ਅਤੇ ਕੁਰਬਾਨੀਆਂ ਦੀ ਗਾਥਾ ਨੂੰ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਸੰਜੋਣ ਦਾ ਕਾਰਜ ਵੀ ਖੋਜਬੀਨ ਕਮਲਕਾਰਾਂ ਦੀ ਇੰਤਜ਼ਾਰ ਕਰ ਰਿਹਾ ਹੈ।
ਗ਼ਦਰ ਸ਼ਤਾਬਦੀ ਦੇ ਸਬੱਬ ਨਾਲ ਗ਼ਦਰੀ ਇਤਿਹਾਸ, ਸਾਹਿਤ, ਕਲਾ ਅਤੇ ਸਭਿਆਚਾਰਕ ਪੱਖਾਂ ਬਾਰੇ ਸਿਰਜਣਾਤਮਕ ਅਤੇ ਸਰਗਰਮੀ ਦੇ ਖੇਤਰ ਅੰਦਰ ਸਿਫ਼ਤੀ ਕੰਮ ਸਾਹਮਣੇ ਆ ਰਿਹਾ ਹੈ। ਭਾਵੇਂ ਸੌ ਵਰ੍ਹਾ ਬੀਤ ਜਾਣ ਕਾਰਨ ਵਕਤ ਦੇ ਅਨੇਕਾਂ ਝੱਖੜਾਂ ਨੇ ਗੌਰਵਮਈ ਪੈੜਾਂ ਦਬਾਉਣ ਦਾ ਯਤਨ ਕੀਤਾ ਹੈ ਪਰ ਫੇਰ ਵੀ ਆਜ਼ਾਦੀ ਸੰਗਰਾਮ ਦੇ ਹਾਸਲ ਅਮੁੱਲੇ ਸਫ਼ੇ, ਅਸੀਮ ਅਣ-ਖੋਦੇ ਇਤਿਹਾਸਕ ਸਾਗਰ ਦਾ ਭੇਦ ਜਾਨਣ ਲਈ ਤਿੱਖੇ ਪ੍ਰੇਰਨਾ-ਸਰੋਤ ਹਨ। ਇਤਿਹਾਸਕ ਵਿਰਸਾ ਠੁੱਕਦਾਰ ਅੰਦਾਜ਼ 'ਚ ਬੋਲਦਾ ਹੈ ਕਿ ਗ਼ਦਰ ਲਹਿਰ ਵਿਚ ਇਨਕਲਾਬੀ ਵੀਰਾਂਗਣਾਂ ਦੀ ਭੂਮਿਕਾ ਸ਼ਾਨਾਮੱਤਾ ਸਿਰਮੌਰ ਸਥਾਨ ਰੱਖਦੀ ਹੈ।
ਗੁਲਾਬ ਕੌਰ, ਮੈਡਮ ਕਾਮਾ, ਪ੍ਰੀਤੀ ਲਤਾ ਵਾਡੇਕਰ, ਕੈਪਟਨ ਲਕਸ਼ਮੀ ਸਹਿਗਲ ਅਤੇ ਦੁਰਗਾ ਭਾਬੀ ਵਰਗੀਆਂ ਸੰਗਰਾਮਣਾਂ ਗ਼ਦਰ ਸ਼ਤਾਬਦੀ ਦੇ ਰੌਸ਼ਨ ਸਿਤਾਰੇ ਹਨ।
ਇਨ੍ਹਾਂ ਸੰਗਰਾਮਣਾਂ ਨੂੰ ਨਤਮਸਤਕ ਹੋਣ ਅਤੇ ਅਜੋਕੀਆਂ ਲੋਕ ਲਹਿਰਾਂ ਅੰਦਰ ਇਹਨਾਂ ਦੀ ਭੂਮਿਕਾ ਤੋਂ ਚਾਨਣ ਲੈਣ ਲਈ ਵਿਸ਼ੇਸ਼ ਕਰਕੇ ਗ਼ਦਰ ਸ਼ਤਾਬਦੀ ਦੇ ਆਯੋਜਕਾਂ ਵੱਲੋਂ 14 ਅਕਤੂਬਰ ਨੂੰ ਚਿੰਨਾਤਮਕ ਤੌਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਦੇ ਪਿੰਡ ਬਖਸ਼ੀਵਾਲਾ ਦੀ ਚੋਣ ਕਰਨਾ ਇਤਿਹਾਸਕ ਅਤੇ ਅਜੋਕੀ ਜਨਤਕ ਇਨਕਲਾਬੀ ਲਹਿਰ ਅੰਦਰ ਔਰਤਾਂ ਦੀ ਭੂਮਿਕਾ ਨੂੰ ਬੜਾਵਾ ਦੇਣ ਅਤੇ ਉਚਿਆਉਣ ਦੀ ਦੂਰ-ਅੰਦੇਸ਼ੀ ਦਾ ਪਰਚਮ ਲਹਿਰਾਇਆ ਹੈ। ਬਖਸ਼ੀਵਾਲਾ 'ਚ ਜੁੜ ਰਿਹਾ ਔਰਤਾਂ ਦਾ ਵਿਸ਼ੇਸ਼ ਜੋੜ-ਮੇਲਾ ਗ਼ਦਰ ਸ਼ਤਾਬਦੀ ਮੌਕੇ ਗੌਰਵਮਈ ਪੰਨਾ ਬਣੇਗਾ।
ਗ਼ਦਰੀ ਗੁਲਾਬ ਕੌਰ ਦਾ ਜਨਮ 1890 ਵਿਚ ਬਖਸ਼ੀਵਾਲਾ ਪਿੰਡ ਵਿਚ ਹੋਇਆ। ਉਸ ਸਮੇਂ ਪਟਿਆਲਾ ਰਿਆਸਤ ਵਿਚ ਪੈਂਦਾ ਇਹ ਪਿੰਡ ਹੁਣ ਸੰਗਰੂਰ ਜ਼ਿਲ੍ਹੇ 'ਚ ਸੁਨਾਮ ਲਾਗੇ ਸਥਿਤ ਹੈ। ਉਨ੍ਹਾਂ ਵੇਲਿਆਂ 'ਚ ਆਰਥਕ ਤੰਗੀਆਂ, ਪਛੜੇਪਣ ਦੇ ਭੰਨੇ ਮਾਪੇ ਆਪਣੇ ਬੱਚਿਆਂ ਨੂੰ ਸੰਤਾਂ, ਮਹੰਤਾਂ, ਪੰਡਤਾਂ, ਕਾਜ਼ੀਆਂ ਕੋਲ ਹੀ ਚਾਰ ਅੱਖਰ ਜਾਨਣ ਜੋਗੀ ਵਿੱਦਿਆ ਹਾਸਲ ਕਰਵਾ ਸਕਦੇ ਸਨ। ਉਹ ਵੀ ਆਮ ਨਹੀਂ ਕੋਈ ਟਾਵਾਂ-ਟੱਲਾ ਹੀ। ਇਉਂ ਹੀ ਗੁਲਾਬ ਕੌਰ ਨੇ ਪਿੰਡ ਦੇ ਡੇਰੇ ਦੇ ਮਹੰਤ ਕੋਲੋਂ ਥੋੜ੍ਹਾ ਅੱਖਰ-ਗਿਆਨ ਹਾਸਲ ਕੀਤਾ। ਹੋਰਨਾਂ ਕੁੜੀਆਂ ਵਾਂਗ ਉਸਦਾ ਵੀ ਬਾਲ-ਉਮਰੇ ਹੀ ਨੇੜਲੇ ਪਿੰਡ ਜਖੇਪਲ ਦੇ ਮਾਨ ਸਿੰਘ ਨਾਲ ਵਿਆਹ ਕਰ ਦਿੱਤਾ।
ਕਰਜ਼ੇ, ਗ਼ਰੀਬੀ, ਆਫ਼ਤਾਂ, ਅਕਾਲ, ਬਿਮਾਰੀਆਂ ਅਤੇ ਬੇਰੁਜ਼ਗਾਰੀਆਂ ਦੇ ਭੰਨੇ ਲੋਕਾਂ ਨੂੰ ਅੰਗਰੇਜ਼ ਹਕੂਮਤ ਭਰਤੀ ਕਰਕੇ, ਹੋਰਨਾਂ ਮੁਲਕਾਂ ਵਿਚ ਬਲ਼ਦੀ ਦੇ ਬੁੱਥੇ ਦੇਣ ਲੱਗੀ। ਰੋਟੀ ਰੋਜ਼ੀ ਦੀ ਭਾਲ 'ਚ ਪੰਜਾਬੀ ਖ਼ੁਦ ਵੀ ਪਰਦੇਸਾਂ 'ਚ ਜਾ ਕੇ ਗ਼ੁਲਾਮੀ ਕਰਨ ਲਈ ਮਜ਼ਬੂਰ ਹੋਏ। ਕੁਝ ਨੂੰ ਅੰਗਰੇਜ਼ ਆਪ ਲਿਜਾ ਕੇ ਆਪਣੀਆਂ ਬਸਤੀਆਂ ਵਿਚ ਚੌਂਕੀਦਾਰ, ਪੁਲਸੀਏ ਅਤੇ ਦਰਬਾਨ ਬਣਾ ਕੇ ਰੱਖਣ ਲੱਗੇ। ਗੁਲਾਬ ਕੌਰ ਨੇ ਵੀ ਆਰਥਕ ਥੁੜਾਂ ਤੋਂ ਛੁਟਕਾਰਾ ਪਾਉਣ ਲਈ ਆਪਣੇ ਪਤੀ ਨੂੰ ਵਿਦੇਸ਼ ਜਾ ਕੇ ਚਾਰ ਛਿੱਲ਼ੜ ਕਮਾਉਣ ਦੀ ਸਲਾਹ ਦਿੱਤੀ।
ਇਸ ਚੱਕਰ ਕਾਰਨ ਬੀਬੀ ਗੁਲਾਬ ਕੌਰ ਅਤੇ ਮਾਨ ਸਿੰਘ ਵੀ ਫਿਲਪਾਇਨ ਦੀ ਰਾਜਧਾਨੀ ਮਨੀਲਾ ਚਲੇ ਗਏ। ਨਿੱਕਾ ਮੋਟਾ ਕੰਮ ਧੰਦਾ ਲੱਭਕੇ, ਪੇਟ ਦੀ ਅੱਗ ਬੁਝਾਉਣ ਲੱਗੇ। ਇੱਥੇ ਉਹਨਾਂ ਦਾ ਸੰਪਰਕ ਜੀਵਨ ਸਿੰਘ ਦੌਲਾ ਸਿੰਘ ਵਾਲਾ ਅਤੇ ਹਾਫ਼ਿਜ ਅਬਦੁੱਲਾ ਨਾਲ ਹੋ ਗਿਆ। ਹਾਫ਼ਿਜ ਅਬਦੁੱਲਾ ਮਨੀਲਾ ਦੀ ਗ਼ਦਰ ਕਮੇਟੀ ਦਾ ਪ੍ਰਧਾਨ ਸੀ। ਉਹਨਾਂ ਰਾਹੀਂ ਗੁਲਾਬ ਕੌਰ ਨੂੰ ਗ਼ਦਰ, ਆਜ਼ਾਦੀ ਅਤੇ ਮੁਕਤੀ ਦਾ ਜਾਗ ਲੱਗਣ ਲੱਗਾ। ਗ਼ਦਰ ਪਾਰਟੀ, ਗ਼ਦਰ ਅਖ਼ਬਾਰ ਅਤੇ ਗ਼ਦਰੀ ਗੂੰਜਾਂ ਨੇ ਉਹਨਾਂ ਨੂੰ ਆਜ਼ਾਦੀ ਦੀਆਂ ਨਵੀਆਂ ਤਰੰਗਾਂ ਨਾਲ ਜੋੜ ਦਿੱਤਾ। ਘਰ ਦੀ ਗ਼ਰੀਬੀ, ਕਰਜ਼ੇ, ਮੰਦਹਾਲੀ ਦੀ ਪੰਡ ਸਿਰੋਂ ਲਾਹੁਣ ਲਈ ਪਰਦੇਸਾਂ ਨੂੰ ਗਏ ਭਾਰਤੀਆਂ ਦੀ ਅਣਖ ਜਾਗੀ। ਉਨ੍ਹਾਂ ਨੂੰ ਸੋਝੀ ਆਈ ਕਿ ਇਕੱਲੇ ਇਕੱਲੇ, ਦੇਸ਼-ਪਰਦੇਸ਼ ਧੱਕੇ ਖਾ ਕੇ, ਲੱਕ ਤੋੜਵੀਂ ਕਮਾਈ ਕਰਕੇ ਅਸੀਂ ਕਦੇ ਵੀ ਆਪਣੇ ਘਰਾਂ ਨੂੰ ਆਜ਼ਾਦ ਅਤੇ ਖੁਸ਼ਹਾਲ ਨਹੀਂ ਬਣਾ ਸਕਦੇ। ਇਹ ਫੇਰ ਹੀ ਸੰਭਵ ਹੈ ਜੇ ਸਾਡਾ ਵਤਨ, ਗ਼ੁਲਾਮੀ ਦੇ ਸੰਗਲਾਂ ਤੋਂ ਮੁਕਤ ਹੋਵੇਗਾ। ਇਸ ਮੁਕਤੀ ਲਈ ਸਾਨੂੰ ਨਿੱਜ, ਸੁਆਰਥ ਦੇ ਬੰਧਨਾਂ ਤੋਂ ਮੁਕਤ ਹੋਣਾ ਪਵੇਗਾ।
ਉਹਨਾਂ ਆਪਣੇ ਵਤਨ ਨੂੰ ਚਾਲੇ ਪਾ ਦਿੱਤਾ। ਆਰਥਕ ਕਮਾਈ ਦੀ ਝਾਕ ਛੱਡ ਦਿੱਤੀ। ਨੌਕਰੀਆਂ ਨੂੰ ਲੱਤ ਮਾਰ ਦਿੱਤੀ। ਦੇਸ਼-ਭਗਤੀ ਦੀ ਨਿਸ਼ਕਾਮ ਸੇਵਾ 'ਚ ਪੈਰ ਪਾ ਕੇ, ਵਤਨ ਦੀ ਆਜ਼ਾਦੀ ਦਾ ਬੀੜਾ ਚੁੱਕ ਲਿਆ। ਆਜ਼ਾਦੀ ਦੇ ਆਸ਼ਕ, ਸਭ ਕੁਝ ਛੱਡ ਛੁਡਾ ਕੇ ਬਾਹਰਲੇ ਮੁਲਕਾਂ ਤੋਂ ਆਉਣ ਲੱਗੇ। ਜਦੋਂ ਐਸ.ਐਸ. ਕੋਰੀਆ ਜਹਾਜ਼ ਮਨੀਲਾ ਦੀ ਬੰਦਰਗਾਹ ਤੇ ਲੱਗਿਆ ਤਾਂ ਇਥੋਂ 70 ਗ਼ਦਰੀਆਂ ਦਾ ਜੱਥਾ ਮਨੀਲਾ ਗੁਰਦੁਆਰੇ 'ਚ ਆ ਠਹਿਰਿਆ। ਹਾਫ਼ਿਜ ਅਬਦੁੱਲਾ ਨੇ ਗੁਰਦੁਆਰੇ 'ਚ ਪਹਿਲਾਂ ਹੀ ਸਾਰਾ ਪ੍ਰਬੰਧ ਕੀਤਾ ਹੋਇਆ ਸੀ। ਗ਼ਦਰੀਆਂ ਨੇ ਤਕਰੀਰਾਂ ਕੀਤੀਆਂ। ਹੋਰਨਾਂ ਲੋਕਾਂ ਵਾਂਗ ਗ਼ਦਰ ਲਹਿਰ 'ਚ ਭਰਤੀ ਹੋਣ ਲਈ ਗੁਲਾਬ ਕੌਰ ਦੇ ਨਾਲ ਉਨ੍ਹਾਂ ਦੇ ਪਤੀ ਮਾਨ ਸਿੰਘ ਨੇ ਵੀ ਆਪਣਾ ਨਾਂਅ ਲਿਖਵਾ ਦਿੱਤਾ। ਜਿਸ ਦਿਨ ਇਥੋਂ ਜਹਾਜ਼ ਦੇ ਤੁਰਨ ਦਾ ਵੇਲਾ ਆਇਆ ਤਾਂ ਪਹਿਲਾਂ ਤਾਂ ਟਰੰਕ ਠੀਕ ਕਰਾਉਣ ਦੇ ਪੱਜ ਨਾਲ ਗਿਆ ਮਾਨ ਸਿੰਘ ਆਇਆ ਹੀ ਦੇਰੀ ਨਾਲ। ਜਦੋਂ ਘਰੋਂ ਸਮੇਂ ਸਿਰ ਜਹਾਜ਼ ਵੱਲ ਤੁਰਨ ਲਈ ਗੁਲਾਬ ਕੌਰ ਨੇ ਕਾਹਲੀ ਕੀਤੀ ਤਾਂ ਉਹ ਜਾਣ ਤੋਂ ਇਨਕਾਰੀ ਹੀ ਨਹੀਂ ਹੋਇਆ ਸਗੋਂ ਮਰਦਾਵਾਂਪਣ ਝਾੜਦਾ ਹੋਇਆ ਗੁਲਾਬ ਕੌਰ ਨੂੰ ਵੀ ਘਰੋਂ ਪੈਰ ਬਾਹਰ ਪਾਉਣ ਤੋਂ ਵਰਜਣ ਲੱਗਾ। ਗੁਲਾਬ ਕੌਰ ਦੀ ਜ਼ਿੰਦਗੀ ਦਾ ਇਹ ਇਤਿਹਾਸਕ ਫੈਸਲਾ ਸੀ ਜਦੋਂ ਉਸਨੇ ਠੋਕ ਵਜਾ ਕੇ ਕਹਿ ਦਿੱਤਾ ਕਿ ''ਤੂੰ ਜਾਹ ਭਾਵੇਂ ਨਾ ਜਾਹ ਪਰ ਗੁਲਾਬ ਕੌਰ ਤਾਂ ਆਪਣੇ ਦੇਸ਼ ਭਗਤ ਵੀਰਾਂ ਨਾਲ ਕੀਤੇ ਕੌਲ ਇਕਰਾਰ 'ਤੇ ਖ਼ਰੀ ਉਤਰੇਗੀ।'' ਇਸ ਲਈ ਭਾਵੇਂ ਉਸਦੀ ਜਾਨ ਵੀ ਚਲੀ ਜਾਵੇ ਉਹ ਕਦੇ ਵੀ ਗ਼ਦਰੀ ਇਨਕਲਾਬੀਆਂ ਤੋਂ ਪਿੱਛੇ ਨਹੀਂ ਹਟੇਗੀ।
ਮਾਨ ਸਿੰਘ ਪਤੀ ਪਤਨੀ ਦੇ ਰਵਾਇਤੀ ਰਿਸ਼ਤਿਆਂ ਦੀ ਬੇੜੀ ਪਾਉਣ ਦਾ ਹੰਕਾਰ ਵੀ ਦਿਖਾਉਂਦਾ ਰਿਹਾ ਪਰ ਗੁਲਾਬ ਕੌਰ ਨੇ ਨਵੇਂ ਰਿਸ਼ਤਿਆਂ ਦਾ ਸਿਰਨਾਵਾਂ ਪੜ੍ਹ ਲਿਆ ਸੀ। ਉਸਨੇ ਛਲਕਦੀਆਂ ਪਰ ਆਪਣੀ ਭੂਮਿਕਾ ਬਾਰੇ ਮਾਣਮੱਤੀਆਂ ਨਜ਼ਰਾਂ ਨਾਲ ਹਾਫ਼ਿਜ ਅਬਦੁੱਲਾ ਨੂੰ ਆਪਣੇ ਪਤੀ ਮਾਨ ਸਿੰਘ ਦੀ ਬੁਜਦਿਲੀ ਬਾਰੇ ਦੱਸਿਆ। ਹਾਫ਼ਿਜ ਅਬਦੁੱਲਾ ਨੇ ਗੁਲਾਬ ਕੌਰ ਅੱਗੇ ਰੱਖੜੀ ਲਈ ਗੁੱਟ ਕਰ ਦਿੱਤਾ। ਆਖਰੀ ਦਮ ਤੱਕ ਇਹ ਰਿਸ਼ਤਾ ਨਿਭਾਉਣ ਦਾ ਇਕਰਾਰ ਕੀਤਾ।
ਗ਼ਦਰੀ ਗੁਲਾਬ ਕੌਰ ਰਾਹ ਵਿਚ ਜਿੱਥੇ ਵੀ ਜੱਥਾ ਰੁਕਦਾ ਉਥੇ ਅਤੇ ਜਹਾਜ਼ ਦੇ ਅੰਦਰ ਸੰਬੋਧਨ ਕਰਨ ਲੱਗੀ। ਉਸਦੀ ਤਕਰੀਰ ਹਲੂਣਕੇ ਰੱਖ ਦਿੰਦੀ। ਬਖ਼ਸ਼ੀਵਾਲਾ ਦੇ ਮਿਲਖਾ ਸਿੰਘ ਸਨੇਹੀ ਦਾ ਕਹਿਣਾ ਹੈ ਕਿ ਗੁਲਾਬ ਕੌਰ ਮੀਟਿੰਗਾਂ 'ਚ ਕਵਿਤਾ ਦੇ ਬੋਲ ਗੁੰਜਾਇਆ ਕਰਦੀ ਸੀ ਕਿ :
''ਗ਼ਦਰ ਸ਼ੁਰੂ ਹੈ ਵੀਰਨੋ ਚਲੋ ਚੱਲੀਏ
ਬੈਠੇ ਤਕਾਂ ਤਕਾਉਣ ਦੀ ਲੋੜ ਕੀ ਏ
ਜੇਕਰ ਜੀਵੀਏ ਜੀਵੀਏ ਨਾਲ ਗ਼ੈਰਤ
ਐਵੇਂ ਡੰਗ ਟਪਾਉਣ ਦੀ ਲੋੜ ਕੀ ਏ।''
ਗ਼ਦਰ ਦਾ ਹੌਕਾ ਦਿੰਦਾ ਗ਼ਦਰੀਆਂ ਦਾ ਜੱਥਾ ਜਿਸ 'ਤੋਸ਼ਾਮਾਰੂ' ਜਹਾਜ਼ ਵਿਚ ਸੀ ਉਹ 28 ਅਕਤੂਬਰ 1914 ਨੂੰ ਕਲਕੱਤੇ ਦੀ ਬੰਦਰਗਾਹ ਨੇੜੇ ਪੁੱਜਾ। ਪੁਲਸ ਨੇ ਘੇਰਾ ਘੱਤ ਲਿਆ। ਤਲਾਸ਼ੀਆਂ ਅਤੇ ਸ਼ਨਾਖ਼ਤ ਦਾ ਸਿਲਸਲਾ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਿਆ। ਰਾਹ ਵਿਚ ਆਪਣੇ ਨੇੜਲੇ ਪਿੰਡਾਂ ਦੇ ਭਰਾ ਜੀਵਨ ਸਿੰਘ ਦੌਲਾ ਸਿੰਘ ਵਾਲਾ ਨੂੰ 'ਫਰਜੀ ਪਤੀ' ਕਹਿ ਕੇ ਪੁਲਸ ਨੂੰ ਝਕਾਨੀ ਦੇ ਕੇ ਨਿਕਲ ਜਾਣ ਦੀਆਂ ਯੁਗਤਾਂ ਘੜਦੀ ਆ ਰਹੀ ਗੁਲਾਬ ਕੌਰ ਨੂੰ ਜੀਵਨ ਸਿੰਘ ਨੇ ਹੁੰਗਾਰਾ ਨਹੀਂ ਸੀ ਭਰਿਆ। ਅਖੇ ਇਕ ਭਰਾ ਇਹ ਕਿਵੇਂ ਕਹਿ ਸਕਦੈ। ਜਦੋਂ ਪੁੱਛ ਪੜਤਾਲ ਹੋਣ ਲੱਗੀ ਤਾਂ ਜੀਵਨ ਸਿੰਘ ਨੇ ਇਹੋ ਕਹਿ ਦਿੱਤਾ ਕਿ, ''ਅਸੀਂ ਪਤੀ ਪਤਨੀ ਅਮਰੀਕਾ ਵੱਲ ਨੌਕਰੀ ਦੀ ਭਾਲ ਲਈ ਨਿਕਲੇ ਸੀ ਪਰ ਵਾਪਸ ਆ ਗਏ ਕਿਉਂਕਿ ਅੱਗੇ ਰਾਹਦਾਰੀ ਨਹੀਂ ਮਿਲੀ। ਬਰਤਾਨਵੀ ਹਾਕਮਾਂ ਨੂੰ ਚੱਕਰਾਂ 'ਚ ਪਾ ਕੇ ਉਹ ਨਿਕਲ ਆਏ। ਗ਼ਦਰ ਲਹਿਰ ਪ੍ਰਤੀ ਪ੍ਰਤੀਬੱਧਤਾ ਅਤੇ ਸਮਰਪਣ ਦੀ ਰੌਸ਼ਨ ਮਿਸਾਲ ਇਹ ਸਿਰਜੀ ਕਿ ਉਹ ਸੁਰੱਖਿਅਤ ਨਿਕਲ ਕੇ ਨਾ ਬਖਸ਼ੀਵਾਲਾ ਪੇਕੇ ਪਿੰਡ ਗਈ ਨਾ ਜਖੇਪਲ ਸਹੁਰੇ ਪਿੰਡ। ਉਹ ਅਤੇ ਜੀਵਨ ਸਿੰਘ ਸਿੱਧੇ ਜਲੰਧਰ, ਗ਼ਦਰੀ ਬੰਤਾ ਸਿੰਘ ਸੰਘਵਾਲ ਦੇ ਪਿੰਡ ਸੰਘਵਾਲ ਪੁੱਜੇ।
ਗੁਲਾਬ ਕੌਰ ਭੇਸ ਬਦਲ ਕੇ, ਢੰਗ ਬਦਲ ਕੇ ਗ਼ਦਰ ਲਹਿਰ 'ਚ ਨਵੀਆਂ ਪੈੜਾਂ ਪਾਉਣ ਲੱਗੀ। ਉਹ ਪਿੰਡ ਪਿੰਡ ਜਾਂਦੀ। ਤ੍ਰਿੰਝਣਾਂ 'ਚ ਜਾਂਦੀ। ਵੰਨ-ਸੁਵੰਨੇ ਸਮਾਗਮਾਂ ਵਿਚ ਜੁੜੇ ਲੋਕਾਂ ਨੂੰ ਗ਼ਦਰ ਦਾ ਸੁਨੇਹਾ ਦਿੰਦੀ। ਗ਼ਦਰੀਆਂ 'ਚ ਉਸਨੂੰ 'ਸ਼ੇਰਨੀ ਭੈਣ' ਕਹਿ ਕੇ ਸਤਿਕਾਰ ਨਾਲ ਮੁਖ਼ਾਤਬ ਹੋਇਆ ਜਾਂਦਾ। ਉਸਨੇ ਗ਼ਦਰ ਲਹਿਰ ਦੇ ਬਾਲ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਗ਼ਦਰ ਲਹਿਰ ਦੇ ਅਨਮੋਲ ਹੀਰੇ ਵਾਂਗ ਸੰਭਾਲਣ ਲਈ ਅਥਾਹ ਘਾਲਣਾ ਘਾਲੀ। ਆਪਣੀ ਜ਼ਿੰਦ ਖ਼ਤਰਿਆਂ 'ਚ ਪਾਈ। ਬੱਬਰ ਅਕਾਲੀ ਕਰਮ ਸਿੰਘ ਦੌਲਤ ਪੁਰੀਆ, ਅਮਰ ਸਿੰਘ, ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਸਰਾਭਾ ਵਰਗਿਆਂ ਦੇ ਅੰਗ ਸੰਗ ਰਹੀ ਗ਼ਦਰੀ ਸੰਗਰਾਮਣ ਬਹੁਤ ਅਰਸਾ ਅਮਰ ਸਿੰਘ ਦੇ ਘਰ ਕੋਟਲਾ ਨੌਧ ਸਿੰਘ ਹੁਸ਼ਿਆਰਪੁਰ ਬਦਲੇ ਨਾਂਵਾਂ ਹੇਠ ਰਹਿੰਦੀ ਰਹੀ।
ਗੁਲਾਬ ਕੌਰ ਦੇ ਸਦੀਵੀ ਵਿਛੋੜੇ ਬਾਰੇ ਵੱਖ-ਵੱਖ ਰਾਵਾਂ ਹਨ। ਇਥੋਂ ਤੱਕ ਕਿ ਉਸਦੇ ਵਿਛੋੜੇ ਦੇ ਸਾਲ ਬਾਰੇ ਵੀ ਕਾਫੀ ਅੰਤਰ ਸਾਹਮਣੇ ਆ ਰਹੇ ਹਨ। ਇਤਿਹਾਸਕਾਰਾਂ ਦੀ ਆਮ ਰਾਏ 1941 ਵਿਚ ਵਿਛੋੜੇ ਬਾਰੇ ਬਣਦੀ ਹੈ। ਉਹ ਅਮਰ ਸਿੰਘ ਘਰੋਂ ਹੀ ਅੰਮ੍ਰਿਤਸਰ, ਲਾਹੌਰ ਅਤੇ ਜਿਹਲਮ ਤੱਕ ਗ਼ਦਰ ਲਹਿਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀ ਰਹੀ। ਜੇਲ੍ਹ ਦੀਆਂ ਸੀਖਾਂ ਪਿੱਛੇ ਗ਼ਦਰੀ ਗੂੰਜਾਂ ਗੁੰਜਾਉਂਦੀ ਰਹੀ।
ਜਿਸ ਦਿਨ ਉਹ ਸਦੀਵੀ ਵਿਦਾ ਹੋਈ ਉਸ ਦਿਨ ਬਰਤਾਨਵੀ ਹਾਕਮਾਂ ਨੇ ਪੁਲਸ ਅਤੇ ਸੂਹੀਆ ਤੰਤਰ ਦਾ ਜਾਲ ਵਿਛਾ ਦਿੱਤਾ। ਇਸਦੀ ਪਰਵਾਹ ਨਾ ਕਰਦਿਆਂ ਉਸਦੀ ਅਰਥੀ ਨੂੰ ਬਾਬਾ ਸ਼ਿਵ ਸਿੰਘ, ਭਾਈ ਅਮਰ ਸਿੰਘ, ਦਲੀਪ ਸਿੰਘ ਅਤੇ ਜਵਾਲਾ ਸਿੰਘ ਨੇ ਸਤਿਕਾਰ ਸਹਿਤ ਮੋਢਾ ਦਿੱਤਾ। ਗ਼ਦਰੀ ਗੁਲਾਬ, ਗੁਲਾਬ ਕੌਰ ਭਾਵੇਂ ਅੱਜ ਜਿਸਮਾਨੀ ਤੌਰ 'ਤੇ ਸਾਡੇ ਦਰਮਿਆਨ ਨਹੀਂ ਉਸਦੇ ਗ਼ਦਰ ਦੀ ਨਿਰੰਤਰਤਾ, ਉਸਦੇ ਵਿਚਾਰਾਂ, ਆਦਰਸ਼ਾਂ, ਨਿਹਚਾ ਦੀ ਮਹਿਕ ਦਾ ਗ਼ਦਰੀ ਗੁਲਾਬ ਕਦੇ ਨਹੀਂ ਮੁਰਝਾਏਗਾ। ਇਹ ਭਵਿੱਖ 'ਚ ਹੋਰ ਮਹਿਕੇਗਾ। ਹੋਰ ਖਿੜੇਗਾ।
No comments:
Post a Comment