ਬਾਰਸ਼ਾਂ ਕਾਰਨ ਹੋਏ ਨੁਕਸਾਨ ਦਾ ਮਾਮਲਾ:
ਸਰਕਾਰੀ ਬੇਰੁਖੀ ਵਿਰੁੱਧ ਖੇਤ ਮਜ਼ਦੂਰਾਂ ਵੱਲੋਂ ਲਗਾਤਾਰ ਧਰਨਾ
-ਲਛਮਣ ਸਿੰਘ ਸੇਵੇਵਾਲਾ
ਭਾਰੀ ਬਾਰਸ਼ਾਂ ਕਾਰਨ ਜ਼ਿਲ੍ਹਾ ਮੁਕਤਸਰ ਦੇ ਹਜ਼ਾਰਾਂ ਏਕੜ ਰਕਬੇ ਵਿੱਚ ਖੜ੍ਹੇ ਪਾਣੀ ਦਾ ਨਿਕਾਸ ਕਰਨ, ਪਾਣੀ ਕਾਰਨ ਪੈਦਾ ਹੋਈਆਂ ਬਿਮਾਰੀਆਂ ਦੇ ਇਲਾਜ ਲਈ ਮੁਫਤ ਮੈਡੀਕਲ ਕੈਂਪ ਤੇ ਲੋੜ ਅਨੁਸਾਰ ਦਵਾਈਆਂ ਦੇਣ, ਬੇਘਰੇ ਤੇ ਰੁਜ਼ਗਾਰ ਵਿਹੂਣੇ ਹੋਏ ਖੇਤ ਮਜ਼ਦੂਰਾਂ ਤੇ ਹੋਰਨਾਂ ਹਿੱਸਿਆਂ ਲਈ ਪੂਰਾ ਰਾਸ਼ਣ ਪਾਣੀ ਦੇਣ, ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਰਨ, ਫਸਲਾਂ ਤੇ ਘਰਾਂ ਦੇ ਨੁਕਸਾਨ ਦਾ ਯੋਗ ਮੁਆਵਜਾ ਦੇਣ, ਹੜ੍ਹਾਂ ਤੇ ਸੇਮ ਦੀ ਸਮੱਸਿਆ ਦੇ ਪੱਕੇ ਹੱਲ ਲਈ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਨ, ਦਰਿਆਵਾਂ, ਨਹਿਰਾਂ, ਡਰੇਨਾਂ ਤੇ ਸੇਮ ਨਾਲਿਆਂ ਦੀ ਮਜਬੂਤੀ ਤੇ ਸਫਾਈ ਲਈ ਬਜਟੀ ਰਕਮ ਜੁਟਾਉਣ, ਇਹਨਾਂ ਨੂੰ ਖਰਚਣਾ ਯਕੀਨੀ ਬਣਾਉਣ ਤੇ ਇਹਨਾਂ ਵਿੱਚ ਹੁੰਦੇ ਭ੍ਰਿਸ਼ਟਾਚਾਰ ਨੂੰ ਰੋਕਣ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਕਮੇਟੀ ਮੁਕਤਸਰ ਵੱਲੋਂ ਪਹਿਲਾਂ ਇੱਕ ਰੋਜ਼ਾ ਬਲਾਕ ਪੱਧਰ 'ਤੇ ਫਿਰ 3 ਸਤੰਬਰ ਤੋਂ 7 ਸਤੰਬਰ ਤੱਕ ਚਾਰ ਰੋਜ਼ਾ ਦਿਨ-ਰਾਤ ਦਾ ਧਰਨਾ ਡੀ.ਸੀ. ਦਫਤਰ ਅੱਗੇ ਦਿੱਤਾ ਗਿਆ। ਭਾਵੇਂ ਇਸ ਲਗਾਤਾਰ ਧਰਨੇ ਦੇ ਦਬਾਅ ਕਾਰਨ ਪ੍ਰਸਾਸ਼ਨ ਵੱਲੋਂ ਸਭਨਾਂ ਪੀੜਤ ਹਿੱਸਿਆਂ ਨੂੰ ਰਾਸ਼ਣ ਅਤੇ ਪਸ਼ੂਆਂ ਦੀ ਫੀਡ ਦੇਣ, ਨੁਕਸਾਨੇ ਗਏ ਘਰਾਂ ਦਾ ਮੁਆਵਜਾ ਦੇਣ, ਪੈਦਾ ਹੋ ਰਹੀਆਂ ਬਿਮਾਰੀਆਂ ਦੇ ਬਚਾਅ ਲਈ ਕੈਂਪ ਲਾਉਣ ਅਤੇ ਪਾਣੀ ਦੀ ਨਿਕਾਸੀ ਵਿੱਚ ਹੋਰ ਤੇਜੀ ਲਿਆਉਣ ਵਰਗੀਆਂ ਮੰਗਾਂ ਪ੍ਰਵਾਨ ਕਰਨ ਨਾਲ ਪੀੜਤਾਂ ਨੂੰ ਕੁਝ ਰਾਹਤ ਵੀ ਨਸੀਬ ਹੋਈ ਹੈ। ਪਰ ਇਸ ਸੰਘਰਸ਼ ਦੀ ਅਹਿਮੀਅਤ ਕਿਤੇ ਵਡੇਰੀ ਹੈ।
ਭਾਰੀ ਬਾਰਸ਼ਾਂ, ਹੜ੍ਹਾਂ, ਸੇਮ ਅਤੇ ਸੋਕੇ ਕਾਰਨ ਹੁੰਦੀ ਤਬਾਹੀ ਦੀ ਜਿੰਮੇਵਾਰੀ ਕੁਦਰਤ ਸਿਰ ਸੁੱਟ ਕੇ ਸਰਕਾਰਾਂ ਨਾ ਸਿਰਫ ਆਪ ਦੋਸ਼-ਮੁਕਤ ਹੋ ਜਾਂਦੀਆਂ ਹਨ, ਸਗੋਂ ਅਜਿਹੇ ਬਿਪਤਾ ਮਾਰੇ ਲੋਕਾਂ ਲਈ ਨਾ ਮਾਤਰ ਰਾਸ਼ਣ ਅਤੇ ਮੁਆਵਜੇ ਦੇਣ ਦੇ ਐਲਾਨ ਕਰਨ ਰਾਹੀਂ ਆਪਣੀ ਸਿਆਸੀ ਭੱਲ ਬਣਾਉਣ ਵਿੱਚ ਵੀ ਕਾਮਯਾਬ ਹੋ ਜਾਂਦੀਆਂ ਹਨ। ਘਾਗ ਸਿਆਸਤਦਾਨ ਵਜੋਂ ਮਸ਼ਹੂਰ ਮੁੱਖ ਮੰਤਰੀ ਬਾਦਲ ਵੱਲੋਂ ਪਾਣੀ ਦੀ ਮਾਰ ਹੇਠ ਆਏ ਲੋਕਾਂ ਨੂੰ ਫੋਕੇ ਦੌਰਿਆਂ ਨਾਲ ਵਰਚਾਉਣ ਅਤੇ ਇਸ ਸਮੱਸਿਆ ਦੀ ਜਿੰਮੇਵਾਰੀ ਕੁਦਰਤ ਦੇ ਨਾਲ ਨਾਲ ਆਪਣੇ ਸਿਆਸੀ ਸ਼ਰੀਕਾਂ ਕਾਂਗਰਸੀਆਂ ਦੀ ਕੇਂਦਰੀ ਸਰਕਾਰ ਸਿਰ ਸੁੱਟ ਕੇ ਆਪ ਬਰੀ ਹੋਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਵੀ ਅਗਾਂਹ ਪਾਣੀ ਦੇ ਨਿਕਾਸ ਲਈ ਪਿੰਡਾਂ ਦੇ ਲੋਕਾਂ ਨੂੰ ਆਪੋ ਵਿੱਚ ਲੜਾਉਣ ਦੀ ਕੋਝੀ ਸਿਆਸਤ ਵੀ ਖੇਡੀ ਗਈ।
ਖੇਤ ਮਜ਼ਦੂਰ ਜਥੇਬੰਦੀ ਵੱਲੋਂ ਆਪਣੇ ਸੰਘਰਸ਼ ਰਾਹੀਂ ਜਿਵੇਂ ਇਸ ਸਮੱਸਿਆ ਲਈ ਕੁਦਰਤ ਦੀ ਬਜਾਏ ਅਕਾਲੀ-ਭਾਜਪਾ ਤੇ ਕਾਂਗਰਸੀ ਸਰਕਾਰਾਂ ਨੂੰ ਦੋਸ਼ੀਆਂ ਵਜੋਂ ਉਭਾਰ ਕੇ ਪੇਸ਼ ਕੀਤਾ ਗਿਆ। ਇਸ ਸਮੱਸਿਆ ਦੇ ਫੌਰੀ ਤੇ ਬੁਨਿਆਦੀ ਹੱਲ ਪੇਸ਼ ਕੀਤੇ ਗਏ। ਮੁੱਖ ਮੰਤਰੀ ਤੇ ਅਫਸਰਸ਼ਾਹੀ ਵੱਲੋਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਫੋਕੀ ਭੱਲ ਬਣਾਉਣ ਤੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਾਲੇ ਕੋਝੇ ਹੱਥਕੰਡਿਆਂ ਨੂੰ ਨੰਗਾ ਕੀਤਾ ਗਿਆ। ਆਪਣੇ ਸੰਘਰਸ਼ ਦਾ ਚੋਟ ਨਿਸ਼ਾਨਾ ਸਰਕਾਰ ਅਤੇ ਅਫਸਰਸ਼ਾਹੀ ਨੂੰ ਬਣਾਇਆ ਗਿਆ। ਸਰਕਾਰੀ ਖਜ਼ਾਨੇ ਦੀ ਵਰਤੋਂ ਬਿਪਤਾ ਮੂੰਹ ਆਏ ਲੋਕਾਂ ਲਈ ਕਰਨ ਦੀ ਥਾਂ ਆਪਣੇ ਮੰਤਰੀਆਂ, ਵਿਧਾਇਕਾਂ, ਵੱਡੇ ਸਨਅੱਤਕਾਰਾਂ, ਸ਼ਰਾਬ ਫੈਕਟਰੀਆਂ ਦੇ ਮਾਲਕਾਂ ਅਤੇ ਹੋਰਨਾਂ ਲੁਟੇਰੀਆਂ ਜਮਾਤਾਂ ਦੀਆਂ ਜਾਇਦਾਦਾਂ ਤੇ ਮੁਨਾਫੇ ਵਧਾਉਣ ਤੇ ਐਸ਼ੋਇਸ਼ਰਤ ਲਈ ਕਰਨ ਦੇ ਪੱਖਾਂ ਨੂੰ ਠੋਸ ਤੱਥਾਂ ਸਹਿਤ ਉਭਾਰ ਕੇ ਲਿਆਂਦਾ ਗਿਆ। ਇਹਨਾਂ ਪੱਖਾਂ ਤੋਂ ਇਸ ਜਥੇਬੰਦੀ ਦੇ ਦਰੁਸਤ ਜਮਾਤੀ ਨਜ਼ਰੀਏ ਅਤੇ ਹਰ ਸਮੱਸਿਆ ਦੇ ਹੱਲ ਲਈ ਲੋਕਾਂ ਅਤੇ ਸੰਘਰਸ਼ ਉੱਤੇ ਟੇਕ ਰੱਖਣ ਵਾਲੀ ਸਹੀ ਪਹੁੰਚ 'ਤੇ ਚੱਲਣ ਦੀ ਪੁਸ਼ਟੀ ਹੁੰਦੀ ਹੈ। ਇੱਕ ਤਾਜ਼ੀ ਖ਼ਬਰ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗਿੱਦੜਬਾਹਾ ਹਲਕੇ ਵਿੱਚ ਪਿਛਲੇ ਦਿਨੀਂ ਸੰਗਤ ਦਰਸ਼ਨਾਂ ਦੌਰਾਨ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ, ਮਜ਼ਦੂਰਾਂ ਨੂੰ ਯੋਗ ਮੁਆਵਜਾ ਤੇ ਰੁਜ਼ਗਾਰ ਦੇਣ ਤੋਂ ਪੱਲਾ ਝਾੜਦਿਆਂ ਪੈਨਸ਼ਨ ਤੇ ਸ਼ਗਨ ਸਕੀਮ ਦੇ ਲੰਮੇ ਸਮੇਂ ਤੋਂ ਖੜ੍ਹੇ ਬਕਾਏ ਜਾਰੀ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਇਸ ਨੂੰ ਗਰੀਬ ਲੋਕਾਂ ਨਾਲ ਕੋਝਾ ਮਜ਼ਾਕ, ਸਿਆਸੀ ਬੇਈਮਾਨੀ ਅਤੇ ਲੋਕ-ਦੋਖੀ ਜ਼ਾਲਮਾਨਾ ਜਿਹਨੀਅਤ ਵਾਲਾ ਕਰਾਰ ਦਿੰਦੇ ਹੋਏ ਇਸਦੀ ਤਿੱਖੀ ਅਲੋਚਨਾ ਕੀਤੀ ਹੈ।
ਇਸ ਖੇਤਰ ਵਿੱਚ ਹੜ੍ਹ ਪੀੜਤ ਲੋਕਾਂ ਦੀ ਸਹਾਇਤਾ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਭਾਗਸਰ ਇਕਾਈ ਵੱਲੋਂ 70 ਮਣ ਦੇ ਕਰੀਬ ਕਣਕ ਅਤੇ ਆਟਾ, 13000 ਰੁਪਏ ਅਤੇ 400 ਦੇ ਕਰੀਬ ਸੂਟਾਂ ਸਮੇਤ ਹੋਰ ਵੀ ਸਮੱਗਰੀ ਇਕੱਠੀ ਕਰਕੇ ਵੰਡੀ ਗਈ।
No comments:
Post a Comment