ਗ਼ਦਰ ਲਹਿਰ 'ਚ ਔਰਤਾਂ ਦੀ ਸ਼ਾਨਦਾਰ ਭੂਮਿਕਾ
-ਮਨਦੀਪ
ਵੀਹਵੀਂ ਸਦੀ ਦਾ ਪਹਿਲਾ ਦਹਾਕਾ ਉਹ ਵੇਲਾ ਸੀ ਜਦੋਂ ਭਾਰਤ ਦੀ ਅੰਗਰੇਜ਼ ਬਸਤੀਵਾਦੀਆਂ ਹੱਥੋਂ ਲੁੱਟ ਆਪਣੇ ਸਿਖਰਾਂ 'ਤੇ ਸੀ। ਭਾਰਤ ਦਾ ਸਰਮਾਇਆ ਅਨਾਜ, ਕਪਾਹ, ਤਨਖਾਹਾਂ ਤੇ ਹੋਰ ਜਿਣਸਾਂ ਦੇ ਰੂਪ ਵਿੱਚ ਧੜਾਧੜ ਇੰਗਲੈਂਡ ਨੂੰ ਢੋਇਆ ਜਾ ਰਿਹਾ ਸੀ। ਔਸਤਨ 17 ਕਰੋੜ 50 ਲੱਖ ਪੌਂਡ ਦੀ ਰਕਮ ਹਰ ਸਾਲ ਭਾਰਤ 'ਚੋਂ ਬਾਹਰ ਜਾਂਦੀ ਸੀ ਤੇ ਇਸ ਰਕਮ ਵਿੱਚ ਆਏ ਸਾਲ ਵਾਧਾ ਹੋ ਰਿਹਾ ਸੀ। ਭਾਰਤ ਦੀ ਮਿਹਨਤਕਸ਼ ਜਨਤਾ ਗਰੀਬੀ, ਭੁੱਖਮਰੀ, ਕਾਲ, ਬਿਮਾਰੀਆਂ ਨਾਲ ਝੰਬੀ ਪਈ ਸੀ।
ਅੰਗਰੇਜ਼ੀ ਸਾਮਰਾਜ ਦੀ ਇਸ ਬੇਕਿਰਕ ਲੁੱਟ ਤੇ ਜਬਰ ਦੀ ਚੱਕੀ ਵਿੱਚ ਪਿਸ ਰਹੀ ਭਾਰਤੀ ਮਿਹਨਤਕਸ਼ ਜਨਤਾ ਦਾ ਅੱਧ ਬਣਦੀਆਂ ਔਰਤਾਂ ਦੀ ਹਾਲਤ ਹੋਰ ਵੀ ਬਦਤਰ ਸੀ। ਉਹ ਨਾ ਸਿਰਫ ਭਾਰਤੀ ਲੋਕਾਂ ਨਾਲ ਕਹਿਰ ਕਮਾ ਰਹੇ ਅੰਗਰੇਜ਼ ਸਾਮਰਾਜੀਆਂ ਦੀ ਆਰਥਿਕ, ਸਮਾਜਿਕ, ਸਭਿਆਚਾਰਕ ਲੁੱਟ ਦਾ ਸ਼ਿਕਾਰ ਸਨ, ਸਗੋਂ ਭਾਰਤੀ ਸਮਾਜ ਅੰਦਰ ਸਦੀਆਂ ਤੋਂ ਜੜ੍ਹਾਂ ਜਮਾਈ ਬੈਠੇ ਜਗੀਰੂ ਵਿਤਕਰੇ ਦੀ ਮਾਰ ਵੀ ਹੰਢਾ ਰਹੀਆਂ ਸਨ। ਘਰੋਂ ਬਾਹਰ ਨਿਕਲਣ, ਖਾਣ-ਪੀਣ, ਪਹਿਨਣ 'ਤੇ ਪਾਬੰਦੀਆਂ ਸਨ। ਜੰਮਦੀ ਕੁੜੀ ਮਾਰ ਸੁੱਟਣ ਦੀ ਰੀਤ, ਬਾਲ ਵਿਆਹ, ਸਤੀ ਪ੍ਰਥਾ, ਦਹੇਜ ਪ੍ਰਥਾ, ਪਰਦਾ ਭਾਰਤੀ ਸਮਾਜ ਵਿੱਚ ਪ੍ਰਚੱਲਤ ਵਿਆਪਕ ਵਰਤਾਰੇ ਸਨ। ਫਿਰਕਿਆਂ ਤੇ ਜਾਤਾਂ ਵਿੱਚ ਫਾੜੀ ਫਾੜੀ ਹੋਏ ਭਾਰਤੀ ਸਮਾਜ ਦੇ ਸਭਨਾਂ ਹਿੱਸਿਆਂ ਵਿੱਚ ਔਰਤ ਦੀ ਹੈਸੀਅਤ ਪੈਰ ਦੀ ਜੁੱਤੀ ਵਾਲੀ ਸੀ। ਉਪਰੋਂ ਆਬਾਦੀ ਦਾ ਇਹ ਅੱਧ ਪਤੀਆਂ, ਭਰਾਵਾਂ, ਪੁੱਤਰਾਂ ਦੀ ਜੁਦਾਈ ਦਾ ਸੰਤਾਪ ਵੀ ਸੀਨੇ ਵਿੱਚ ਲਈ ਬੈਠਾ ਸੀ। ਸੀਨੇ ਦਾ ਸੇਕ ਬੋਲਾਂ ਰਾਹੀਂ ਫੁੱਟਦਾ ਸੀ, 'ਬਸਰੇ ਦੀ ਲਾਮ ਟੁੱਟਜੇ, ਨੀਂ ਮੈਂ ਰੰਡੀਓਂ ਸੁਹਾਗਣ ਹੋਵਾਂ'। ਸਾਮਰਾਜੀ ਤੇ ਜਾਗੀਰੂ ਲੁੱਟ ਦੇ ਪ੍ਰਬੰਧ ਤੋਂ ਮੁਕਤੀ ਦੀ ਕਿਤੇ ਵੱਧ ਲੋੜ ਇਸੇ ਹਿੱਸੇ ਨੂੰ ਸੀ।
ਅਜਿਹੇ ਸਮੇਂ ਅਮਰੀਕਾ ਕੈਨੇਡਾ ਜਾ ਅੱਪੜੇ ਭਾਰਤੀਆਂ ਦੇ ਇੱਕ ਚੇਤਨ ਹਿੱਸੇ ਨੇ ਸਾਮਰਾਜੀ ਫਰੰਗੀਆਂ ਨੂੰ ਮੁਲਕੋਂ ਬਾਹਰ ਨਠਾ ਕੇ ਆਜ਼ਾਦੀ, ਬਰਾਬਰੀ ਤੇ ਭਾਈਚਾਰੇ 'ਤੇ ਆਧਾਰਤ, ਵਤਨ ਸਿਰਜਣ ਲਈ ਗ਼ਦਰ ਦਾ ਹੋਕਾ ਦਿੱਤਾ। ਇਹਨਾਂ ਮੁਲਕਾਂ ਅੰਦਰ ਮੁਕਾਬਲਤਨ ਸੁੱਖ ਸਹੂਲਤਾਂ ਭਰੀ ਜ਼ਿੰਦਗੀ ਨੂੰ ਠੋਕਰ ਮਾਰ ਕੇ ਸੈਂਕੜੇ ਲੋਕਾਂ ਦੇ ਜਾਏ ਗ਼ਦਰ ਪਾਰਟੀ ਦੇ ਝੰਡੇ ਹੇਠ ਬਗਾਵਤ ਜਥੇਬੰਦ ਕਰਨ ਲਈ ਸਿਪਾਹੀ ਬਣ ਤੁਰੇ। ਮੀਟਿੰਗਾਂ, ਤਕਰੀਰਾਂ, ਜਲਸਿਆਂ ਦੇ ਨਾਲ ਨਾਲ 'ਗ਼ਦਰ' ਅਖਬਾਰ ਰਾਹੀਂ ਪਾਰਟੀ ਨੇ ਹਥਿਆਰਬੰਦ ਇਨਕਲਾਬ ਦਾ ਹੋਕਾ ਦਿੱਤਾ। ਗ਼ਦਰੀਆਂ ਦੇ ਪ੍ਰਚਾਰ ਨੇ ਦੂਰ ਦੁਰੇਡੇ ਦੇਸ਼ਾਂ ਤੇ ਟਾਪੂਆਂ ਵਿੱਚ ਵਸ ਰਹੇ ਭਾਰਤੀਆਂ ਅੰਦਰ ਵਤਨ ਦੀ ਬੰਦਖਲਾਸੀ ਦੀ ਚਿਣਗ ਲਾ ਦਿੱਤੀ। ਗ਼ਦਰ ਪਾਰਟੀ ਨੇ ਅੰਗਰੇਜ਼ੀ ਹਕੂਮਤ ਦੇ ਨਾਲ ਨਾਲ ਇਸਦੇ ਦੇਸੀ ਝੋਲੀਚੱਕਾਂ, ਨਵਾਬਾਂ-ਰਾਜਿਆਂ-ਰਾਏ ਬਹਾਦਰਾਂ ਨੂੰ ਲੋਕ ਦੁਸ਼ਮਣ ਐਲਾਨਦਿਆਂ ਵਤਨ ਦੇ ਲੋਕਾਂ ਤੇ ਭਾਰਤੀ ਫੌਜੀਆਂ ਨੂੰ ਹਥਿਆਰਬੰਦ ਬਗਾਵਤ ਲਈ ਉੱਠ ਖੜ੍ਹਨ ਦਾ ਸੱਦਾ ਦਿੱਤਾ। ਜਾਤਾਂ-ਪਾਤਾਂ, ਫਿਰਕਿਆਂ, ਧਰਮਾਂ ਦੀਆਂ ਸੌੜੀਆਂ ਗਿਣਤੀਆਂ ਤਜ ਕੇ ਬਰਾਬਰੀ ਤੇ ਭਾਈਚਾਰੇ ਵਾਲੀ ਖਰੀ ਜਮਹੂਰੀਅਤ ਲਈ ਪੰਜ ਪਿਆਰਿਆਂ ਦੇ ਵਾਰਸਾਂ ਕੋਲੋਂ ਸਿਰਾਂ ਦੀ ਮੰਗ ਕੀਤੀ। ਗ਼ਦਰ ਪਾਰਟੀ ਦੇ ਪ੍ਰਚਾਰ ਅਤੇ ਕੰਮ ਨੇ ਸੈਂਕੜੇ ਪਰਵਾਨਿਆਂ ਨੂੰ ਸਾਮਰਾਜੀ ਜੂਲੇ ਤੋਂ ਮੁਕਤੀ ਲਈ ਜੰਗ ਦੇ ਰਾਹ ਤੋਰ ਦਿੱਤਾ।
ਪਰ ਇਸਦੇ ਨਾਲ ਹੀ ਇਸਦਾ ਇੱਕ ਅਹਿਮ ਪੱਖ ਔਰਤਾਂ ਦੇ ਸਵਾਲ ਪ੍ਰਤੀ ਇਸਦਾ ਨਜ਼ਰੀਆ ਹੈ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਗ਼ਦਰ ਲਹਿਰ ਨੇ ਔਰਤਾਂ ਦੀ ਆਜ਼ਾਦੀ ਤੇ ਬਰਾਬਰੀ ਦਾ ਹੋਕਾ ਦਿੱਤਾ।
ਉਸ ਸਮੇਂ ਦੇ ਭਾਰਤ ਅੰਦਰ ਜਦੋਂ ਜੰਮਦੀ ਕੁੜੀ ਦਾ ਗਲ਼ਾ ਘੁੱਟ ਸੁੱਟਣਾ ਇੱਕ ਸਮਾਜਿਕ ਵਰਤਾਰਾ ਸੀ। ਕੁੜੀਆਂ ਦੇ ਘਰੋਂ ਬਾਹਰ ਨਿਕਲ ਕੇ ਵਿੱਦਿਆ ਅਤੇ ਸਨਮਾਨਜਨਕ ਰੁਜ਼ਗਾਰ ਹਾਸਲ ਕਰਨਾ ਹੈਰਾਨੀਜਨਕ ਗੱਲਾਂ ਸਨ। ਸਭ ਸਮਾਜਿਕ ਲਹਿਰਾਂ ਮਰਦਾਂ ਦੀਆਂ ਲਹਿਰਾਂ ਸਨ। ਉਸ ਸਮੇਂ ਗ਼ਦਰ ਪਾਰਟੀ ਵੱਲੋਂ ਆਪਣੀਆਂ ਲਿਖਤਾਂ ਤੇ ਪ੍ਰਚਾਰ ਅੰਦਰ ਔਰਤਾਂ ਦੀ ਆਜ਼ਾਦੀ ਅਤੇ ਬਰਾਬਰੀ ਦੀ ਗੱਲ ਉਭਾਰਨਾ ਹੋਰ ਵੀ ਮਹੱਤਤਾ ਅਖਤਿਆਰ ਕਰ ਜਾਂਦਾ ਹੈ। ਬਰਾਬਰੀ ਤੇ ਜਮਹੂਰੀਅਤ ਦੇ ਵਿਸ਼ਾਲ ਸੰਕਲਪ ਦੀ ਔਰਤ ਵਰਗ ਲਈ ਅਰਥ-ਸੰਭਾਵਨਾ ਬੁੱਝਣਾ ਤੇ ਇਹਨੂੰ ਆਪਣੇ ਪ੍ਰਚਾਰ ਦਾ ਹਿੱਸਾ ਬਣਾਉਣਾ ਗ਼ਦਰ ਪਾਰਟੀ ਦੀ ਸਮਝ ਤੇ ਅਖਤਿਆਰ ਕੀਤੀ ਦਿਸ਼ਾ ਦਾ ਪ੍ਰਮਾਣ ਹੈ। ਗ਼ਦਰ ਪਾਰਟੀ ਵੱਲੋਂ ਪ੍ਰਕਾਸ਼ਿਤ ਕਿਤਾਬਚੇ 'ਗੁਲਾਮੀ ਦਾ ਜ਼ਹਿਰ' ਅੰਦਰ ਧਾਰਮਿਕ ਗ੍ਰੰਥਾਂ, ਪਾਰੰਪਰਿਕ ਸਿੱਖਿਆ ਪ੍ਰਬੰਧ ਤੇ ਤਮਾਮ ਗੁਰੂਆਂ-ਉਪਦੇਸ਼ਕਾਂ ਵੱਲੋਂ ਔਰਤ ਨੂੰ ਪਤੀ ਦੀ ਤਾਬਿਆ ਵਿੱਚ ਰਹਿਣ ਵਾਲੀ ਤੇ ਭੋਗਣ ਯੋਗ ਵਸਤੂ ਵਜੋਂ ਪੇਸ਼ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ। ਔਰਤ ਗੁਲਾਮੀ ਦੇ ਇਸ ਪ੍ਰਬੰਧ ਦੇ ਸਿੱਟੇ ਵਜੋਂ ਔਰਤਾਂ ਦੇ ਮਾਨਸਿਕ ਵਿਕਾਸ ਦੇ ਅਧਰੰਗੇ ਜਾਣ ਦੀ ਗੱਲ ਕੀਤੀ ਗਈ ਹੈ। ਮਰਦ ਗੁਲਾਮੀ ਭੋਗ ਰਹੀ ਔਰਤ ਦੇ ਮਨੁੱਖ ਜਾਤੀ ਦੀ ਸੇਵਾ ਤੇ ਵਿਕਾਸ ਵਰਗੇ ਆਦਰਸ਼ਾਂ ਤੋਂ ਵਿਹੂਣੇ ਹੋਣ ਤੇ ਉਸਦੀ 'ਆਤਮਾ ਤੇ ਬੁੱਧੀ' ਦੇ ਨਾਸ਼ ਦੀ ਗੱਲ ਕੀਤੀ ਗਈ ਹੈ। ਆਬਾਦੀ ਦੇ ਇਸ ਅੱਧ ਦੇ ਪੈਰਾਂ ਵਿੱਚ ਪਈਆਂ ਬੇੜੀਆਂ ਕਰਕੇ ਮਨੁੱਖ ਜਾਤੀ ਦੀ ਉੱਨਤੀ ਵਿੱਚ ਰੋਕ ਪੈਣ ਦੀ ਗੱਲ ਕੀਤੀ ਗਈ ਹੈ।
ਗ਼ਦਰ ਪਾਰਟੀ ਨੇ ਔਰਤਾਂ ਪ੍ਰਤੀ ਆਪਣੀ ਸਮਝ ਨੂੰ ਅਮਲ ਅੰਦਰ ਢਾਲਿਆ। ਪਹਿਲੀ ਸੰਸਾਰ ਜੰਗ ਛਿੜਨ ਪਿੱਛੋਂ ਜਦੋਂ ਮਹਾਤਮਾ ਗਾਂਧੀ ਭਾਰਤ ਦੀਆਂ ਔਰਤਾਂ ਨੂੰ ਉਪਦੇਸ਼ ਦੇ ਰਿਹਾ ਸੀ ਕਿ ''ਜੇ ਤੁਸੀਂ ਚਾਹੁੰਦੀਆਂ ਹੋ ਕਿ ਉਹ ਸੱਚੇ ਮਨੁੱਖ ਬਣਨ ਤਾਂ ਉਹਨਾਂ ਨੂੰ (ਆਪਣੇ ਪੁੱਤਰਾਂ ਨੂੰ) ਆਪਣਾ ਅਸ਼ੀਰਵਾਦ ਦੇ ਕੇ ਸੈਨਾ ਵਿੱਚ ਭੇਜੋ'', ਉਸ ਹੀ ਸਮੇਂ ਗ਼ਦਰ ਪਾਰਟੀ ਭਾਰਤੀ ਔਰਤਾਂ ਨੂੰ ਆਜ਼ਾਦੀ ਦੀ ਜੰਗ ਵਿੱਚ ਕੁੱਦ ਪੈਣ ਦਾ ਸੱਦਾ ਦੇ ਰਹੀ ਸੀ। ਭਾਰਤੀ ਔਰਤਾਂ ਨੂੰ ਸਾਮਰਾਜ ਵਿਰੋਧੀ ਜੰਗ ਵਿੱਚ ਸ਼ਾਮਲ ਕਰਨ ਲਈ 'ਗ਼ਦਰ' ਅਖਬਾਰ ਵਿੱਚ ਅਕਸਰ ਹੋਰਨਾਂ ਦੇਸ਼ਾਂ ਦੀਆਂ ਸੂਰਵੀਰ ਔਰਤਾਂ ਦੀਆਂ ਕਹਾਣੀਆਂ ਛਾਪੀਆਂ ਜਾਂਦੀਆਂ ਸਨ। ਗ਼ਦਰ ਪਾਰਟੀ ਨੇ ਇੱਕ ਕਿਤਾਬਚਾ ਛਾਪਿਆ, ''ਰੂਸੀ ਲੜਕੀਆਂ ਕਿਸ ਤਰ੍ਹਾਂ ਦੇਸ਼ ਦੀ ਸੇਵਾ ਕਰਦੀਆਂ ਹਨ'' ਜਿਸ ਅੰਦਰ ਦੇਸ਼ ਭਗਤ ਰੂਸੀ ਕੁੜੀਆਂ ਦੇ ਕਾਰਨਾਮੇ ਤੇ ਜੀਵਨੀਆਂ ਦਿੱਤੀਆਂ ਗਈਆਂ ਸਨ। 30 ਅਗਸਤ 1916 ਨੂੰ ਨਿਊਯਾਰਕ ਟਰਾਮ ਅਤੇ ਰੇਲਵੇ ਮਜ਼ਦੂਰਾਂ ਦੀ ਹੜਤਾਲ ਦੌਰਾਨ ਮਜ਼ਦੂਰ ਔਰਤਾਂ ਵੱਲੋਂ ਨਿਊਯਾਰਕ ਦੇ ਹੋਟਲਾਂ ਸਾਹਮਣੇ ਕੀਤੇ ਵਿਰੋਧ ਪ੍ਰਦਰਸ਼ਨ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ। ਯੂਰਪੀ ਦੇਸ਼ਾਂ ਅੰਦਰ ਵੱਖ ਵੱਖ ਸਮਿਆਂ 'ਤੇ ਔਰਤਾਂ ਵੱਲੋਂ ਹਥਿਆਰਬੰਦ ਹੋ ਕੇ ਜੰਗਾਂ ਅੰਦਰ ਜਾਣ ਦੀਆਂ ਅਨੇਕਾਂ ਉਦਾਹਰਨਾਂ ਪ੍ਰੇਰਕ ਪ੍ਰਸੰਗਾਂ ਵਜੋਂ ਛਾਪੀਆਂ ਜਾਂਦੀਆਂ ਸਨ।
ਗ਼ਦਰ ਲਹਿਰ ਦੇ ਸੂਹੇ ਸਫਰ ਵਿੱਚ ਅਨੇਕਾਂ ਔਰਤ ਵਿਰਾਂਗਣਾਂ ਦੀਆਂ ਪੈੜਾਂ ਸ਼ਾਮਲ ਹਨ। ਗ਼ਦਰ ਅਖਬਾਰ ਦੀ ਵੰਡ-ਵੰਡਾਈ, ਪਾਰਟੀ ਲਿਟਰੇਚਰ ਨੂੰ ਵਿਦੇਸ਼ੀ ਧਰਤੀ ਤੋਂ ਮੁਲਕ ਅੰਦਰ ਭੇਜਣ ਦੇ ਪ੍ਰਬੰਧਾਂ, ਗ਼ਦਰੀਆਂ ਲਈ ਟਿਕਾਣੇ ਮੁਹੱਈਆ ਕਰਵਾਉਣ ਅਤੇ ਉਹਨਾਂ ਨੂੰ ਪੁਲਸ ਤੋਂ ਲੁਕਾਉਣ, ਰਿਸ਼ਤੇਦਾਰ ਬਣ ਕੇ ਘਰ ਦਿਵਾਉਣ ਤੇ ਸੁਨੇਹਿਆਂ ਦਾ ਆਦਾਨ ਪ੍ਰਦਾਨ ਕਰਨ ਵਿੱਚ ਵੱਖ ਵੱਖ ਔਰਤ ਘੁਲਾਟੀਆਂ ਦਾ ਰੋਲ ਰਿਹਾ ਹੈ। ਇਹਨਾਂ ਵਿੱਚੋਂ ਗੁਲਾਬ ਕੌਰ ਦਾ ਨਾਂ ਪ੍ਰਮੁੱਖਤਾ ਨਾਲ ਆਉਂਦਾ ਹੈ। ਜਦੋਂ 1914 ਵਿੱਚ ਵੱਡੀ ਪੱਧਰ 'ਤੇ ਗ਼ਦਰੀ ਵਤਨ ਨੂੰ ਧਾ ਕੇ ਆਏ ਤਾਂ ਮਨੀਲਾ ਤੋਂ ਗੁਲਾਬ ਕੌਰ ਵੀ ਗ਼ਦਰੀਆਂ ਦੇ ਕਾਫਲੇ ਵਿੱਚ ਆ ਸ਼ਾਮਲ ਹੋਈ। ਗੁਲਾਬ ਕੌਰ ਨੂੰ ਗ਼ਦਰ ਪਾਰਟੀ ਦੇ ਸੰਪਰਕ 'ਚੋਂ ਦੇਸ਼ ਭਗਤੀ ਦੀ ਅਜਿਹੀ ਚਿਣਗ ਲੱਗੀ ਕਿ ਨਾਂ ਉਹਨੂੰ ਉਹਦਾ ਪਤੀ ਮਾਨ ਸਿੰਘ ਰੋਕ ਸਕਿਆ, ਨਾ ਅਖੌਤੀ ਲੋਕ ਲੱਜ ਉਹਦਾ ਰਾਹ ਡੱਕ ਸਕੀ ਤੇ ਨਾ ਗ਼ਦਰੀ ਜਿੰਦਗੀ ਦੀਆਂ ਦੁਸ਼ਵਾਰੀਆਂ ਉਹਨੂੰ ਥਿੜਕਾ ਸਕੀਆਂ। ਸਾਰੇ ਗ਼ਦਰੀਆਂ ਦੀ ਇਸ ਭੈਣ ਨੇ ਹਾਂਗਕਾਂਗ ਗੁਰਦੁਆਰੇ ਦੇ ਭਰੇ ਇਕੱਠ ਵਿੱਚ ਆਪਣੀਆਂ ਵੰਗਾਂ ਲਾਹ ਕੇ ਮਰਦਾਂ ਵਿੱਚ ਸੁੱਟ ਦਿੱਤੀਆਂ ਤੇ ਵੰਗਾਰਿਆ ਕਿ ਜੇ ਕੋਈ ਮਰਦ ਜੰਗੇ ਆਜ਼ਾਦੀ ਵਿੱਚ ਹਿੱਸਾ ਨਹੀਂ ਪਾ ਸਕਦਾ ਤਾਂ ਉਹ ਚੂੜੀਆਂ ਪਹਿਨ ਲਵੇ। ਅਜਿਹੇ ਮਰਦਾਂ ਦੀ ਥਾਂ ਅਸੀਂ ਔਰਤਾਂ ਲੜਾਂਗੀਆਂ। ਗ਼ਦਰ ਪਾਰਟੀ ਅੰਤਲੇ ਸਾਹਾਂ ਤੱਕ ਉਸਦਾ ਸਭ ਕੁੱਝ ਬਣੀ ਰਹੀ। ਗੁਪਤ ਟਿਕਾਣਿਆਂ ਦੀ ਹਿਫਾਜਤ ਕਰਨ, ਸੁਨੇਹੇ ਪਹੁੰਚਾਉਣ, ਪਾਰਟੀ ਕੰਮ ਖਾਤਰ ਨਵੇਂ ਘਰ ਕਿਰਾਏ 'ਤੇ ਲੈਣ ਲਈ ਪਤੀ ਪਤਨੀ ਦਾ ਸਵਾਂਗ ਕਰਨ ਤੇ ਗ਼ਦਰੀਆਂ ਦੀ ਅਣਥੱਕ ਸੇਵਾ ਕਰਨ ਵਿੱਚ ਉਹਨੇ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਉਹ ਕਈ ਪਿੰਡਾਂ ਵਿੱਚ ਔਰਤਾਂ ਦੀਆਂ ਮੀਟਿੰਗਾਂ ਵੀ ਕਰਵਾਉਂਦੀ। ਗ਼ਦਰ ਦੀਆਂ ਗੂੰਜਾਂ ਗਾਉਂਦੀ। ਗ਼ਦਰ ਲਹਿਰ ਵਿੱਚ ਸ਼ਮੂਲੀਅਤ ਕਰਕੇ ਉਸ ਨੂੰ ਦੋ ਸਾਲ ਜੇਲ੍ਹ ਹੋਈ ਤੇ ਅਨੇਕਾਂ ਤਸੀਹੇ ਦਿੱਤੇ ਗਏ ਪਰ ਗ਼ਦਰ ਦਾ ਇਹ ਸੂਹਾ ਗੁਲਾਬ ਸਦਾ ਅਡੋਲ ਰਿਹਾ।
ਗੁਲਾਬ ਕੌਰ ਤੋਂ ਬਿਨਾ ਭੈਣ ਸਤਿਆਵਤੀ ਨੇ ਗ਼ਦਰੀ ਦੇਸ਼ ਭਗਤਾਂ ਨੂੰ ਕਿਰਾਏ 'ਤੇ ਘਰ ਦਿਵਾਉਣ ਲਈ ਕਈ ਵਾਰ ਪਤਨੀ ਦਾ ਰੋਲ ਅਦਾ ਕੀਤਾ। ਮਈ 1914 ਵਿੱਚ ਜਦੋਂ ਮੌਲਵੀ ਬਰਕਤਉੱਲਾ ਜਪਾਨ ਛੱਡ ਕੇ ਸਾਨਫਰਾਂਸਿਸਕੋ ਗ਼ਦਰ ਆਸ਼ਰਮ ਆ ਗਿਆ ਤਾਂ ਜਾਪਾਨ ਅੰਦਰ ਗ਼ਦਰ ਅਖਬਾਰ ਤੇ ਪਾਰਟੀ ਦੇ ਹੋਰ ਲਿਟਰੇਚਰ ਦੀ ਵੰਡ ਵੰਡਾਈ ਦਾ ਕੰਮ ਸ੍ਰੀਮਤੀ ਫਲੋਰੈਂਸ ਮਜੂਮਦਾਰ ਨੇ ਸੰਭਾਲ ਲਿਆ। ਫਰਾਂਸ ਅੰਦਰ ਮੈਡਮ ਭੀਖਮ ਜੀ ਕਾਮਾ ਨੇ ਗ਼ਦਰ ਅਖਬਾਰ ਦੀ ਵੰਡਾਈ ਵਿੱਚ ਹਿੱਸਾ ਪਾਇਆ। ਗ਼ਦਰ ਲਹਿਰ ਅੰਦਰ ਵਿਦੇਸ਼ੀ ਔਰਤਾਂ ਦਾ ਯੋਗਦਾਨ ਵੀ ਅਮੁੱਲਾ ਰਿਹਾ ਹੈ। ਇੱਕ ਰੂਸੀ ਲੜਕੀ ਮਿਸ ਰੌਜ਼ੋਕੂਹਰ ਤਾਂ ਪਾਰਟੀ ਦਾ ਲਿਟਰੇਚਰ ਵੰਡਦੀ, ਬਾਹਰਲੇ ਖੁਫੀਆ ਅੱਡਿਆਂ 'ਤੇ ਪਹੁੰਚਾਉਂਦੀ, ਜਹਾਜ਼ਾਂ ਵਿੱਚ ਦੇ ਕੇ ਆਉਂਦੀ ਤੇ ਸਭਨੀਂ ਥਾਈਂ ਇਹਦੀ ਸੁਰੱਖਿਅਤ ਪਹੁੰਚ ਦਾ ਬੰਦੋਬਸਤ ਕਰਦੀ। ਪਾਰਟੀ ਦੇ ਸਹਾਇਕਾਂ ਵਿੱਚ ਅਮਰੀਕਨ ਔਰਤਾਂ ਮੈਰੀ ਲਿਰਓਨ ਹਾਊਜ਼ਰ, ਕੈਰਿੰਗਟਨ ਲਿਊਸ ਤੇ ਫਰੈਡਾ ਬਰਚ ਤੋਂ ਇਲਾਵਾ ਸੋਸ਼ਲਿਸਟ ਲੀਡਰ ਐਮਾ ਗੋਲਡਮੈਨ ਵੀ ਸ਼ਾਮਲ ਸੀ। ਇੱਕ ਹੋਰ ਅਮਰੀਕੀ ਔਰਤ ਐਗਨੀਜ਼ ਸਮੈਡਲੀ ਨੂੰ ਗ਼ਦਰੀਆਂ ਨੂੰ ਪਨਾਹ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਉਹਨੇ 'ਭਾਰਤ ਦੀ ਆਜ਼ਾਦੀ ਦੇ ਦੋਸਤ' ਨਾਂ ਦੀ ਸੰਸਥਾ ਬਣਾਈ ਤੇ ਗ੍ਰਿਫਤਾਰ ਗ਼ਦਰੀਆਂ ਤੇ ਹੋਰਨਾਂ ਕੈਦੀਆਂ ਨੂੰ ਅਮਰੀਕਾ ਤੋਂ ਭਾਰਤ ਭੇਜਣ ਵਿਰੁੱਧ ਮੁਹਿੰਮ ਜਥੇਬੰਦ ਕੀਤੀ। ਉਹ ਨਿਰੰਤਰ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਰਹੀ।
100 ਸਾਲ ਬੀਤਣ ਉਪਰੰਤ ਵੀ ਗ਼ਦਰ ਪਾਰਟੀ ਦਾ ਆਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ ਉੱਪਰ ਕੌਮੀ ਜਮਹੂਰੀਅਤ ਕਾਇਮ ਕਰਨ ਦਾ ਸੁਪਨਾ ਅਧਵਾਟੇ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਲੋਕ ਘੋਲਾਂ ਅੰਦਰ ਔਰਤਾਂ ਦੀ ਸਰਗਰਮ ਸ਼ਮੂਲੀਅਤ ਸਮੇਂ ਦੀ ਮੰਗ ਹੈ। ਖਰੀ ਲੋਕ ਜਮਹੂਰੀਅਤ ਸਿਰਜਣ ਦੇ ਰਾਹ ਨੇ ਹੀ ਔਰਤਾਂ ਦੀ ਆਜ਼ਾਦੀ ਤੇ ਬਰਾਬਰੀ ਦੇ ਸਿਰਨਾਵੇਂ ਤੱਕ ਅੱਪੜਨਾ ਹੈ।
No comments:
Post a Comment