ਮਾਰੂਤੀ ਸੂਜ਼ੂਕੀ ਕਾਮਿਆਂ 'ਤੇ ਹਕੂਮਤੀ ਜਬਰ ਖਿਲਾਫ 18 ਜੁਲਾਈ ਨੂੰ ਕਾਲਾ ਦਿਨ ਮਨਾਇਆ
-ਪੱਤਰਕਾਰ
ਮਾਰੂਤੀ-ਸੂਜ਼ੂਕੀ ਵਰਕਰਜ਼ ਯੂਨੀਅਨ ਦੀ ਪ੍ਰੋਵੀਜ਼ਨਲ ਕਮੇਟੀ ਵੱਲੋਂ ਪਿਛਲੇ ਸਾਲ 18 ਜੁਲਾਈ ਦੇ ਹੌਲਨਾਕ ਕਾਂਡ ਦੀ ਵਰ੍ਹੇਗੰਢ 'ਤੇ ਕਾਲਾ ਦਿਨ ਮਨਾਉਣ ਦਾ ਸੱਦਾ ਦਿੱਤਾ ਗਿਆ, ਕਿਉਂਕਿ ਇਸ ਦਿਨ ਪਿਛਲੇ ਵਰ੍ਹੇ 18 ਜੁਲਾਈ ਨੂੰ ਜਿਸ ਵਿੱਚ ਕੰਪਨੀ ਦਾ ਮੈਨੇਜਰ ਅਵਨੀਸ਼ ਕੁਮਾਰ ਦੇਵ ਦੀ ਮੌਤ ਹੋ ਗਈ ਸੀ ਤੇ ਸੈਂਕੜੇ ਮਜ਼ਦੂਰ ਫੱਟੜ ਹੋਏ ਸਨ ਤੇ ਤੋੜ-ਫੋੜ ਤੇ ਸਾੜਫੂਕ ਵੀ ਹੋਈ ਸੀ। ਇਸ ਭਿਅੰਕਰ ਕਾਂਡ ਦਾ ਦੋਸ਼ ਸੰਘਰਸ਼ਸ਼ੀਲ ਕਿਰਤੀਆਂ ਅਤੇ ਉਹਨਾਂ ਦੀ ਜਥੇਬੰਦੀ ਸਿਰ ਮੜ੍ਹਕੇ ਕੰਪਨੀ ਤੇ ਪੁਲਸ-ਪ੍ਰਸਾਸ਼ਨ ਨੇ ਜਿੱਥੇ ਕਿਰਤੀਆਂ 'ਤੇ ਲਗਾਤਾਰ ਕਹਿਰ ਢਾਇਆ, ਉੱਥੇ 147 ਕਿਰਤੀ ਆਗੂਆਂ ਅਤੇ ਵਰਕਰਾਂ ਨੂੰ ਗੁੜਗਾਉਂ ਜੇਲ੍ਹ ਵਿੱਚ ਸਾਲ ਭਰ ਤੋਂ ਤੁੰਨਿਆ ਹੋਇਆ ਹੈ। 66 ਵਰਕਰਾਂ ਦੇ ਗੈਰ-ਜਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ। 2500 ਦੇ ਕਰੀਬ ਕੱਚੇ-ਪੱਕੇ ਵਰਕਰਾਂ ਨੂੰ ਨੌਕਰੀਆਂ ਤੋਂ ਬਰਖਾਸਤ ਕੀਤਾ ਹੋਇਆ ਹੈ। ਮਾਰੂਤੀ ਵਰਕਰਾਂ ਦੀ ਜੱਥੇਬੰਦੀ ਵੱਲੋਂ ਤੇ ਮੁਲਕ ਦੀਆਂ ਸਭਨਾਂ ਇਨਸਾਫਪਸੰਦ ਜਮਹੂਰੀ ਟਰੇਡ ਜਥੇਬੰਦੀਆਂ ਵੱਲੋਂ ਲਗਾਤਾਰ 18 ਜੁਲਾਈ ਮਾਨੇਸਰ ਪਲਾਂਟ ਦੇ ਕਾਂਡ ਦੀ ਨਿਰਪੱਖ ਜਾਂਚ ਕਰਵਾਉਣ ਤੇ ਸਭਨਾਂ ਕਿਰਤੀਆਂ ਨੂੰ ਬਹਾਲ ਕਰਵਾਉਣ ਦੀ ਮੰਗ ਹਰਿਆਣਾ ਤੇ ਕੇਂਦਰ ਸਰਕਾਰ ਕੋਲੋਂ ਕੀਤੀ ਜਾ ਰਹੀ ਹੈ ਪ੍ਰੰਤੂ ਇਸਦੇ ਬਾਵਜੂਦ ਵੀ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਇ ਉਹਨਾਂ ਦੇ ਜੱਥੇਬੰਦ ਹੋਣ, ਇਕੱਠੇ ਹੋਣ, ਰੈਲੀਆਂ-ਮੁਜਾਹਰਿਆਂ, ਧਰਨਿਆਂ ਨੂੰ ਹਕੂਮਤੀ ਮਸ਼ੀਨਰੀ ਵੱਲੋਂ ਦਬਾਇਆ ਤੇ ਕੁਚਲਿਆ ਜਾ ਰਿਹਾ ਹੈ। ਇਸੇ ਕਰਕੇ ਉਹਨਾਂ ਕਾਲਾ ਦਿਵਸ ਮਨਾਉਣ ਦਾ ਸੱਦਾ ਦਿੰਦੇ ਹੋਏ ''ਚੱਲੇ ਮਾਨੇਸਰ'' ਦਾ ਸੱਦਾ ਦਿੱਤਾ।
ਕਾਲੇ ਦਿਵਸ ਦੇ ਤੌਰ 'ਤੇ 18 ਜੁਲਾਈ ਨੂੰ ਮਨਾਉਣ ਤੇ ਮਾਰੂਤੀ ਫੈਕਟਰੀ ਦੇ ਸੰਘਰਸ਼ਸ਼ੀਲ ਕਾਮਿਆਂ ਦੇ ਲਗਾਤਾਰ ਦ੍ਰਿੜ੍ਹਤਾ ਤੇ ਦਲੇਰੀ ਨਾਲ ਪਰਿਵਾਰਾਂ ਸੰਗ ਲੜੇ ਜਾ ਰਹੇ ਸੰਘਰਸ਼ ਦੇ ਸਮਰਥਨ ਵਿੱਚ ਗੁੜਗਾਉਂ ਤੋਂ ਇਲਾਵਾ ਦੇਸ਼ ਭਰ ਵਿੱਚ ਰੈਲੀਆਂ, ਮੁਜਾਹਰੇ ਜਥੇਬੰਦ ਹੋਏ, ਜਿਹਨਾਂ ਵਿੱਚ ਦਿੱਲੀ, ਬੰਬਈ, ਬੰਗਲੌਰ, ਚੇਨਈ, ਲੁਧਿਆਣਾ, ਚੰਡੀਗੜ੍ਹ, ਕਲਕੱਤਾ, ਭਿਲਾਈ, ਹੈਦਰਾਬਾਦ ਆਦਿ ਸ਼ਾਮਲ ਹਨ।
ਗੁੜਗਾਉਂ ਵਿੱਚ 18 ਜੁਲਾਈ ਨੂੰ ਕਾਲਾ ਦਿਵਸ ਮਨਾਉਣ ਲਈ ''ਚੱਲੋ ਮਾਨੇਸਰ'' ਦੇ ਸੱਦੇ ਨੂੰ ਪੂਰਾ ਹੁੰਗਾਰਾ ਮਿਲਿਆ। ਉਸ ਦਿਨ ਮਜ਼ਦੂਰ ਗੁੜਗਾਉਂ ਦੀ ਲੇਜ਼ਰ ਵੈਲੀ ਪਾਰਕ ਵਿੱਚ ਇਕੱਠੇ ਹੋ ਕੇ ਜਦੋਂ ਮਾਨੇਸਰ ਵੱਲ ਪੈਦਲ ਮਾਰਚ ਕਰਦੇ ਹੋਏ ਅੱਗੇ ਵਧਣ ਲੱਗੇ ਤਾਂ ਮੌਕੇ 'ਤੇ ਤਾਇਨਾਤ 2000 ਹਥਿਆਰਬੰਦ ਪੁਲਸ ਫੋਰਸ ਨੇ ਰੋਕ ਲਿਆ। ਵੱਖ ਵੱਖ ਥਾਵਾਂ ਤੋਂ ਆਟੋ ਪਾਰਟਸ ਨਾਲ ਸਬੰਧਤ ਭਰਾਤਰੀ ਮਜ਼ਦੂਰ ਯੂਨੀਅਨਾਂ ਦੀ ਅਗਵਾਈ ਵਿੱਚ ਧਰਨੇ ਵਿੱਚ ਆ ਰਹੇ ਕਾਫਲਿਆਂ ਨੂੰ ਵੀ ਰਸਤਿਆਂ ਵਿੱਚ ਹੀ ਰੋਕ ਲਿਆ। ਡਰਾਇਆ, ਧਮਕਾਇਆ ਗਿਆ। ਮਾਨੇਸਰ ਮਾਰੂਤੀ ਪਲਾਂਟ ਅਤੇ ਪੂਰੇ ਉਦਯੋਗਿਕ ਖੇਤਰ ਵਿੱਚ ਹੀ 10 ਹਜ਼ਾਰ ਦੇ ਕਰੀਬ ਫੋਰਸ ਤਾਇਨਾਤ ਕੀਤੀ ਗਈ ਤਾਂ ਜੋ ਕੰਪਨੀਆਂ ਨੂੰ ਚੱਲਦਿਆਂ ਰੱਖਿਆ ਜਾ ਸਕੇ ਤੇ ਮਜ਼ਦੂਰਾਂ 'ਤੇ ਦਹਿਸ਼ਤ ਪਾਈ ਜਾਵੇ। ਪ੍ਰੰਤੂ ਇਸਦੇ ਬਾਵਜੂਦ ਮਾਰੂਤੀ ਮਜ਼ਦੂਰ ਰੋਹ-ਭਰਪੂਰ ਧਰਨਾ-ਰੈਲੀ ਕਰਨ ਵਿੱਚ ਸਫਲ ਹੋਏ।
ਲੁਧਿਆਣੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇੱਕ ਹਿੰਦੀ ਪੋਸਟਰ ਕੱਢ ਕੇ ਵੱਖ ਵੱਖ ਕੰਮ-ਖੇਤਰਾਂ ਵਿੱਚ ਲਾਇਆ ਗਿਆ। ਛੋਟੀਆਂ-ਵੱਡੀਆਂ ਮੀਟਿੰਗਾਂ ਜਥੇਬੰਦ ਕਰਨ ਉਪਰੰਤ 18 ਜੁਲਾਈ ਨੂੰ ਲੇਬਰ ਦਫਤਰ ਗਿੱਲ ਰੋਡ ਤੋਂ ਜ਼ਿਲ੍ਹਾ ਕਚਹਿਰੀਆਂ ਡੀ.ਸੀ. ਦਫਤਰ ਤੱਕ ਆਕਾਸ਼-ਗੁੰਜਾਊ ਨਾਅਰੇ ਲਾਉਂਦੇ ਹੋਏ ਮਾਰਚ ਕੀਤਾ। ਜਪਾਨੀ ਕੰਪਨੀ, ਹਰਿਆਣਾ ਸਰਕਾਰ ਤੇ ਕੇਂਦਰੀ ਸਰਕਾਰ ਖਿਲਾਫ ਆਵਾਜ਼ ਬੁਲੰਦ ਕਰਕੇ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਮੰਗ-ਪੱਤਰ ਭੇਜੇ ਗਏ। ਦੋਵੇਂ ਮੋਡਲਰ ਐਂਡ ਸਟੀਲ ਵਰਕਰਜ਼ ਯੂਨੀਅਨਾਂ, ਲੋਕ ਏਕਤਾ ਸੰਗਠਨ, ਟੈਕਸਟਾਈਲ/ਹੌਜ਼ਰੀ ਕਾਮਗਾਰ ਯੂਨੀਅਨ (ਰਾਜਵਿੰਦਰ) ਕਾਰਖਾਨਾ ਮਜ਼ਦੂਰ ਯੂਨੀਅਨ (ਲੱਖਵਿੰਦਰ), ਮੂਲ-ਪ੍ਰਵਾਹ ਅਖਿਲ ਭਾਰਤੀ ਨੇਪਾਲੀ ਏਕਤਾ ਸਮਾਜ (ਪੂਰਨ ਭੰਡਾਰੀ), ਰੋਡਵੇਜ਼, ਬਿਜਲੀ, ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਭਰ ਦੇ ਮਜ਼ਦੂਰਾਂ-ਕਿਰਤੀਆਂ, ਇਨਸਾਫਪਸੰਦ ਲੋਕਾਂ ਨੂੰ ਮਾਰੂਤੀ-ਸੂਜ਼ੂਕੀ ਮਜ਼ਦੂਰਾਂ ਦੀ ਹਮਾਇਤ ਵਿੱਚ ਅੱਗੇ ਆਉਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਮਾਰੂਤੀ ਸੂਜ਼ੂਕੀ ਕਾਮਿਆਂ ਦੀਆਂ ਮੰਗਾਂ ਤੋਂ ਇਲਾਵਾ ਆਮ ਮਜ਼ਦੂਰ ਮੰਗਾਂ ਨੂੰ ਵੀ ਜ਼ੋਰ ਨਾਲ ਉਭਾਰਿਆ।
No comments:
Post a Comment