ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਨੇ ਦਿੱਤਾ ਸੁਨੇਹਾ:
ਇਨਕਲਾਬੀ ਕਵਿਤਾ ਕਦੇ ਨਹੀਂ ਮਰਦੀ
ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਵੱਲੋਂ ਇਸ ਵਾਰ 7 ਸਤੰਬਰ ਨੂੰ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ਕਲਾ ਭਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ।
ਇਹ ਸਮਾਗਮ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ। ਸਮਾਗਮ ਦੇ ਆਗਾਜ਼ ਮੌਕੇ ਗ਼ਦਰੀ ਸੰਗਰਾਮੀਆਂ, ਇਨਕਲਾਬੀ ਕਵੀ ਪਾਸ਼, ਡਾ. ਡਬੋਲਕਰ ਅਤੇ ਪਾਸ਼ ਦੇ ਪਿਤਾ ਸੋਹਣ ਸਿੰਘ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਦੇਣ ਨਾਲ ਹੋਇਆ।
ਸਮਾਗਮ ਦੇ ਸ਼ੁਰੂਆਤੀ ਸ਼ਬਦ ਸੰਗੀਤ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਡਾ. ਨਿਵੇਦਿਤਾ ਸਿੰਘ ਨੇ ਕਹੇ। ਸੰਗੀਤ ਵਿਭਾਗ ਦੇ ਵਿਦਿਆਰਥੀਆਂ- ਏਕਮ ਸਿੰਘ, ਨਵਦੀਪ ਨਵੀਂ ਅਤੇ ਜਤਿੰਦਰ ਜੀਤੂ ਨੇ ਗ਼ਦਰੀ ਕਾਵਿ ਅਤੇ ਪਾਸ਼ ਕਾਵਿ ਨੂੰ ਸੰਗੀਤ ਵਿੱਚ ਪਰੋ ਕੇ ਇਉਂ ਪੇਸ਼ ਕੀਤਾ ਕਿ ਸਰੋਤੇ ਅਸ਼-ਅਸ਼ ਕਰ ਉੱਠੇ। ਉਹਨਾਂ ਵੱਲੋਂ ਗ਼ਦਰੀ ਗੂੰਜਾਂ ਵਿੱਚ ਗਾਏ ਗੀਤਾਂ ਵਾਲੀ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਤਿਆਰ ਕੈਸਿਟ ਲੋਕ ਮਠਿਆਈ ਦੇ ਡੱਬਿਆਂ ਵਾਂਗ ਲੈ ਕੇ ਗਏ।
ਪੰਜਾਬ ਦੇ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਪੱਤਰਕਾਰਾਂ, ਖੋਜ-ਵਿਦਿਆਰਥੀਆਂ ਅਤੇ ਨੌਜੁਆਨਾਂ ਨਾਲ ਖਚਾਖਚ ਭਰੇ ਕਲਾ ਭਵਨ ਵਿੱਚ ਵੱਡੀ ਗਿਣਤੀ ਦਰਸ਼ਕਾਂ ਨੇ ਘੰਟਿਆਂ ਬੱਧੀ ਖੜ੍ਹੇ ਹੋ ਕੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦੇ ਪਹਿਲੇ ਸੈਸ਼ਨ ਵਿੱਚ, ਹੋਈ ਵਿਚਾਰ-ਚਰਚਾ ਮੌਕੇ 'ਅਜੋਕਾ ਸਮਾਂ ਅਤੇ ਮਾਰਕਸਵਾਦ' ਵਿਸ਼ੇ 'ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਪ੍ਰੋਫੈਸਰ ਮੈਨੇਜਰ ਪਾਂਡੇ ਨੇ ਆਪਣਾ ਕੁੰਜੀਵਤ ਭਾਸ਼ਣ ਦਿੱਤਾ। ਮੈਨੇਜਰ ਪਾਂਡੇ ਨੇ ਸਾਮਰਾਜੀ ਨੀਤੀਆਂ ਦੀ ਜੈ ਜੈਕਾਰ ਕਰ ਰਹੇ ਭਾਰਤੀ ਹਾਕਮਾਂ ਦੇ ਵਿਕਾਸ ਮਾਡਲ ਦੀ ਖਿੱਲੀ ਉਡਾਉਂਦਿਆਂ ਉਹਨਾਂ ਦੇ ਥੋਥੇ ਦਾਅਵਿਆਂ ਨੂੰ ਲੰਮੇ ਹੱਥੀਂ ਲਿਆ। ਉਹਨਾਂ ਦਾਅਵਾ ਕੀਤਾ ਕਿ ਅਜੋਕੇ ਸਮੇਂ ਅੰਦਰ ਪੂਰੇ ਸੰਸਾਰ ਅੰਦਰ ਫੈਲੇ ਆਰਥਿਕ, ਰਾਜਨੀਤਕ ਅਤੇ ਸਮਾਜਿਕ ਸੰਕਟ ਦਾ ਸਹੀ ਲੋਕ ਪੱਖੀ ਹੱਲ ਸਿਰਫ ਤੇ ਸਿਰਫ ਮਾਰਕਸਵਾਦੀ ਦਰਸ਼ਨ ਨਾਲ ਹੀ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮਾਰਕਸਵਾਦ ਹਰ ਦੇਸ਼ ਅੰਦਰ ਉਥੋਂ ਦੀਆਂ ਠੋਸ ਹਾਲਤਾਂ ਦਾ ਵਿਸ਼ਲੇਸ਼ਣ ਕਰਦਿਆਂ ਆਪਣੇ ਮਿੱਤਰਾਂ ਅਤੇ ਦੁਸ਼ਮਣਾਂ ਦੀ ਸਪੱਸ਼ਟ ਨਿਸ਼ਾਨਦੇਹੀ ਕਰਦਿਆਂ ਹੀ ਇਨਕਲਾਬੀ ਸਮਾਜਿਕ ਤਬਦੀਲੀ ਦੀ ਨੀਤੀ ਨੂੰ ਅਮਲ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਅਤੇ ਸਮਾਜਿਕ ਕਲਿਆਣ ਦਾ ਰਾਹ ਵਿਕਸਤ ਕੀਤਾ ਜਾ ਸਕਦਾ ਹੈ। ਆਦਿਵਾਸੀਆਂ ਦੀ ਚੱਲ ਰਹੀ ਜੱਦੋਜਹਿਦ ਨੂੰ ਅਜੋਕੇ ਸਮੇਂ ਅੰਦਰ ਮਾਰਕਸੀ ਦ੍ਰਿਸ਼ਟੀ ਤੋਂ ਲਾਗੂ ਕੀਤੇ ਜਾ ਰਹੇ ਜਮਾਤੀ ਘੋਲ ਦੇ ਅੰਗ ਵਜੋਂ ਦੇਖਦਿਆਂ ਉਹਨਾਂ ਤੱਥਾਂ ਸਹਿਤ ਬਿਆਨ ਕੀਤਾ ਕਿ ਆਦਿਵਾਸੀਆਂ ਦੇ ਉਜਾੜੇ ਦੇ ਬਦਲ ਵਿੱਚ ਉਹਨਾਂ ਵੱਲੋਂ ਲੜੀ ਜਾ ਰਹੀ ਜੰਗ ਬਿਲਕੁੱਲ ਹੱਕੀ ਹੈ। ਜਿਹੜੀ ਕਿ ਕਾਰਪੋਰੇਟ ਘਰਾਣਿਆਂ ਨੂੰ ਕਾਂਬਾ ਛੇੜ ਰਹੀ ਹੈ।
ਮੈਨੇਜਰ ਪਾਂਡੇ ਦੇ ਭਾਸ਼ਣ ਉਪਰੰਤ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਰਿੰਦਰ ਵਾਲੀਆ, ਉੱਘੇ ਨਾਟਕਕਾਰ ਡਾ. ਆਤਮਜੀਤ, ਪ੍ਰੋਫੈਸਰ ਅਜਮੇਰ ਔਲਖ, ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬੀ ਯੂਨੀਵਰਸਿਟੀ ਦੇ ਉੱਪਕੁਲਪਤੀ ਜਸਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸੈਸ਼ਨ ਦੀ ਮੰਚ ਸੰਚਾਲਨ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੇ ਮੈਂਬਰ ਪ੍ਰੋ. ਪਰਮਿੰਦਰ ਸਿੰਘ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿÎ੍ਰਤਸਰ) ਨੇ ਕੀਤੀ।
ਇਸ ਮੌਕੇ ਸੋਹਣ ਸਿੰਘ ਸੰਧੂ ਵੱਲੋਂ ਸੰਕਲਨ ਅਤੇ ਸੰਪਾਦਨ ਕੀਤੀ ਪਾਸ਼ ਦੀ ਵਾਰਤਿਕ 'ਤਲਵੰਡੀ ਸਲੇਮ ਨੂੰ ਜਾਂਦੀ ਸੜਕ' ਲੋਕ ਅਰਪਣ ਕੀਤੀ ਗਈ। ਇਸ ਮੌਕੇ 'ਤੇ ਕਿਤਾਬ ਨੂੰ ਅਥਾਹ ਮਿਹਨਤ ਕਰਕੇ ਪਾਠਕਾਂ ਤੱਕ ਪਹੁੰਚਾਉਣ ਵਾਲੇ ਡਾ. ਜਗਦੀਸ਼ ਕੌਰ, (ਪੀ.ਏ.ਯੂ. ਲੁਧਿਆਣਾ), ਡਾ. ਪ੍ਰਮਿੰਦਰ ਸਿੰਘ, ਅਤਰਜੀਤ, ਅਮੋਲਕ ਸਿੰਘ, ਗੁਰਮੀਤ, ਜਗੀਰ ਜੋਸਨ, ਇਕਬਾਲ ਉਦਾਸੀ, ਡਾ. ਭੀਮ ਇੰਦਰ, ਸੁੱਚਾ ਸਿੰਘ ਤਲਵੰਡੀ ਸਲੇਮ ਅਤੇ ਨਿਵੇਦਿਤਾ ਸਿੰਘ ਨੇ ਪੁਸਤਕ ਰਲੀਜ ਦੀ ਰਸਮ ਅਦਾ ਕੀਤੀ।
ਸਮਾਗਮ ਦੇ ਦੂਜੇ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਵਿੱਚ ਡਾ. ਸੁਰਜੀਤ ਪਾਤਰ, ਦਰਸ਼ਨ ਖਟਕੜ, ਤ੍ਰੈਲੋਚਨ ਲੋਚੀ, ਜਸਵਿੰਦਰ, ਹਰਵਿੰਦਰ ਕੌਰ ਕਾਕੜਾ, ਡਾ. ਅਨੂਪ ਸਿੰਘ ਵਿਰਕ, ਸੁਰਜੀਤ ਜੱਜ, ਸੁਸ਼ੀਲ ਦੁਸਾਂਝ ਅਤੇ ਗੁਰਮੀਤ ਕੱਲਰਮਾਜਰੀ ਆਦਿ ਕਵੀਆਂ ਨੇ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ।
ਪਾਸ਼ ਦੀ ਸ਼ਹਾਦਤ ਉਪਰੰਤ, ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਨਿਰੰਤਰ 22 ਵਰ੍ਹੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਵੱਲੋਂ ਆਯੋਜਿਤ ਕੀਤਾ ਜਾਂਦਾ ਰਿਹਾ। 23ਵੇਂ ਵਰ੍ਹੇ 'ਤੇ ਆ ਕੇ ਇਸ ਸਮਾਗਮ ਨੂੰ ਹੋਰ ਵੀ ਵਿਆਪਕ, ਨਵੀਂ-ਨਰੋਈ, ਜਾਨਦਾਰ ਅਤੇ ਗਤੀਸ਼ੀਲ ਦਿਸ਼ਾ ਦੇਣ ਲਈ ਪੰਜਾਬ ਦੇ ਵੱਖ ਵੱਖ ਕੋਨਿਆਂ 'ਤੇ ਸਮਾਗਮ ਕਰਨ ਦਾ ਨਿਰਣਾ ਲਿਆ ਗਿਆ। 23ਵੇਂ ਵਰ੍ਹੇ ਇਹ ਸਮਾਗਮ ਮੋਗਾ ਵਿਖੇ, 24ਵਾਂ ਸਮਾਗਮ ਬਰਨਾਲਾ ਵਿਖੇ ਅਤੇ ਇਸ ਵਾਰ 25ਵਾਂ ਸਮਾਗਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਬੀਤੇ ਤਿੰਨ ਵਰ੍ਹਿਆਂ 'ਚ ਇਸ ਸਮਾਗਮ ਨੇ ਹੋਰ ਵੀ ਵੇਗ ਅਤੇ ਨਵੀਂ ਦਿੱਖ ਸਾਹਮਣੇ ਲਿਆਂਦੀ ਹੈ। ਪਾਸ਼ ਦੀ ਸੋਚ ਦੇ ਝੰਡਾਬਰਦਾਰਾਂ ਵੱਲੋਂ ਉਸਦੀ ਕਵਿਤਾ ਨੂੰ ਅਜੋਕੀਆਂ ਚੁਣੌਤੀਆਂ ਦੇ ਸਨਮੁੱਖ ਕਰਦਿਆਂ ਇਹ ਦਰਸਾ ਦਿੱਤਾ ਹੈ ਕਿ ਇਨਕਲਾਬੀ ਕਵਿਤਾ ਕਦੇ ਨਹੀਂ ਮਰਦੀ, ਸਗੋਂ ਉਹ ਤਾਂ ਪਾਸ਼ ਦੀ ਇੱਕ ਨਜ਼ਮ ਅਨੁਸਾਰ, 'ਮੈਂ ਤਾਂ ਘਾਹ ਹਾਂ, ਤੁਹਾਡੇ ਹਰ ਕੀਤੇ 'ਤੇ ਉੱਗ ਆਵਾਂਗਾ' ਦੀ ਹੀ ਪੁਸ਼ਟੀ ਕਰਦੀ ਹੈ।
ਅਗਲੇ ਵਰ੍ਹੇ ਸਤੰਬਰ ਵਿੱਚ ਹੋਣ ਵਾਲੇ ਇਸ ਸਮਾਗਮ ਨੂੰ ਬਠਿੰਡਾ ਵਿਖੇ ਆਯੋਜਿਤ ਕਰਨ ਦੀ ਜੁੰਮੇਵਾਰੀ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ ਦੀ ਸੂਬਾ ਕਮੇਟੀ ਦੇ ਕਨਵੀਨਰ ਅਤਰਜੀਤ ਨੇ ਲਈ। ਇਸ ਸਮਾਗਮ ਦੇ ਕੋਆਰਡੀਨੇਟਰ ਡਾ. ਭੀਮਇੰਦਰ ਪਟਿਆਲਾ ਨੇ ਧੰਨਵਾਦ ਦੇ ਸ਼ਬਦ ਕਹੇ।
-ਅਮੋਲਕ ਸਿੰਘ (ਮੈਂਬਰ ਪਾਸ਼ ਯਾਦਗਾਰੀ ਕੌਮਾਂਤਰੀ ਟਰਸਟ)
No comments:
Post a Comment