Monday, September 16, 2013

ਮਾਣਮੱਤੀ ਕਸ਼ਮੀਰੀ ਕੌਮ ਵੱਲੋਂ ਲਲਕਾਰਵਾਂ ਜਵਾਬ


ਸੰਗੀਨਾਂ ਦੀ ਛਾਂ ਹੇਠ ਜ਼ੁਬਿਨ ਮਹਿਤਾ, ਸੰਗੀਤ ਦੀਆਂ ਧੁਨਾਂ 'ਤੇ ਨੱਚਦੇ ਦੇਸ਼ਧਰੋਹੀ ਭਾਰਤੀ ਹਾਕਮਾਂ ਨੂੰ
ਮਾਣਮੱਤੀ ਕਸ਼ਮੀਰੀ ਕੌਮ ਵੱਲੋਂ ਲਲਕਾਰਵਾਂ ਜਵਾਬ
-ਨਾਜ਼ਰ ਸਿੰਘ ਬੋਪਾਰਾਏ
ਜਰਮਨ ਦੂਤਘਰ ਵੱਲੋਂ 7 ਸਤੰਬਰ ਨੂੰ ਜੰਮੂ-ਕਸ਼ਮੀਰ ਦੀ ਸਰਕਾਰ ਰਾਹੀਂ ਕਸ਼ਮੀਰ ਵਾਦੀ ਦੇ ਸ੍ਰੀਨਗਰ ਸ਼ਹਿਰ ਵਿਖੇ ਸ਼ਾਲੀਮਾਰ ਬਾਗ ਵਿੱਚ ਜ਼ੁਬਿਨ ਮਹਿਤਾ ਦੀ ਸੰਗੀਤਕ ਟੋਲੀ ਵੱਲੋਂ ਕਰਵਾਏ ਗਏ 'ਅਹਿਸਾਸ-ਏ-ਕਸ਼ਮੀਰ' ਨਾਂ ਦੇ ਸਿਆਸੀ ਪ੍ਰੋਗਰਾਮ ਵਿੱਚ ਜੰਮੂ-ਕਸ਼ਮੀਰ ਸਰਕਾਰ ਸਮੇਤ ਭਾਰਤੀ ਅਤੇ ਸਾਮਰਾਜੀ ਘਾਗਾਂ ਨੂੰ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਜ਼ੁਬਿਨ ਮਹਿਤਾ ਜਰਮਨੀ ਵਿੱਚ ਰਹਿਣ ਵਾਲਾ ਉਹੀ ਸੰਗੀਤਕਾਰ ਹੈ, ਜਿਸ ਨੂੰ ਪਹਿਲਾਂ ਇਜ਼ਰਾਈਲ ਦੀ ਸਰਕਾਰ ਨੇ ਉਸਦੀਆਂ ਮੁਸਲਿਮ ਵਿਰੋਧੀ ਸਰਗਰਮੀਆਂ ਕਾਰਨ ਸਨਮਾਨਿਤ ਕੀਤਾ ਸੀ। ਕਸ਼ਮੀਰ ਵਾਦੀ ਵਿੱਚ ਸੰਗੀਤ ਦੀਆਂ ਸੁਰਾਂ ਬਿਖੇਰ ਕੇ, 104 ਦੇਸ਼ਾਂ ਵਿੱਚ ਇਸ ਨੂੰ ਨਾਲੋ-ਨਾਲ ਵਿਖਾ ਕੇ ਜਿੱਥੇ ਇਹ ਸਾਬਤ ਕੀਤੇ ਜਾਣ ਦੀ ਕੋਸ਼ਿਸ਼ ਹੋਣੀ ਸੀ ਕਿ ਇਸ ਸਮੇਂ ਕਸ਼ਮੀਰ ਵਾਦੀ ਵਿੱਚ ਸਭ ਅੱਛਾ ਹੈ, ਅਮਨ-ਸ਼ਾਂਤੀ ਹੈ, ਟਿਕਾਅ ਹੈ- ਕਿਸੇ ਵੀ ਕਿਸਮ ਦੀ ਕੋਈ ਪ੍ਰਤੀਰੋਧੀ ਲਹਿਰ ਨਹੀਂ ਹੈ ਤੇ ਇਸ ਉਪਰੰਤ ਦੁਨੀਆਂ ਭਰ ਦੇ ਸਾਮਰਾਜੀਆਂ ਨੂੰ ਇੱਥੇ ਆ ਕੇ ਅੰਨ੍ਹੇ ਮੁਨਾਫੇ ਤੇ ਬਹਾਰਾਂ ਲੁੱਟਣ ਲਈ ਪ੍ਰੇਰਤ ਕੀਤਾ ਜਾਣਾ ਸੀ। ਉੱਥੇ ਇਸਨੇ ਆਪਣੀ ਆਜ਼ਾਦੀ ਤੇ ਖੁਦਮੁਖਤਿਆਰੀ ਲਈ ਦਹਾਕਿਆਂ ਤੋਂ ਜੂਝਦੀ ਅਤੇ ਕਾਬਜ਼ ਭਾਰਤੀ ਹਾਕਮਾਂ ਦੇ ਜਬਰੋ-ਜ਼ੁਲਮ ਦਾ ਸ਼ਿਕਾਰ ਕਸ਼ਮੀਰੀ ਕੌਮ ਦੇ ਅੱਲੇ ਜਖ਼ਮਾਂ 'ਤੇ ਲੂਣ ਛਿੜਕਣਾ ਸੀ। 
ਪਰ ਇਸ ਪ੍ਰੋਗਰਾਮ ਦੇ ਆਯੋਜਕਾਂ, ਸੂਬਾਈ ਅਤੇ ਕੇਂਦਰੀ ਸਰਕਾਰਾਂ ਅਤੇ ਜਰਮਨ ਦੂਤਘਰ ਲਈ ਇਸ ਪ੍ਰੋਗਰਾਮ ਨੂੰ ਕਰਵਾਉਣ ਸਮੇਂ ਲੈਣੇ ਦੇ ਦੇਣੇ ਪੈ ਗਏ। ਇਸ ਪ੍ਰੋਗਾਰਮ ਦੇ ਵਿਰੋਧ ਵਿੱਚ ਚੱਲੀ ਲਹਿਰ ਨੇ ਕੋਝੇ ਮਨਰੋਥਾਂ ਨੂੰ ਸਿਰੇ ਚਾੜ੍ਹਨ ਲਈ ਵਰਤੇ ਗਏ ਸਭਨਾਂ ਹੀ ਹਰਬਿਆਂ ਦਾ ਪਰਦਾਫਾਸ਼ ਕਰਦੇ ਹੋਏ, ਉਹ ਅਸਲ ਹਕੀਕਤ, ਉਸ ਨਾਲੋਂ ਵੀ ਕਿਤੇ ਵੱਧ ਨਿੱਖਰਵੇਂ ਰੂਪ ਵਿੱਚ ਹੋਰ ਸਪਸ਼ਟ ਕਰ ਦਿੱਤੀ, ਜਿੰਨੀ ਇਹ ਪਹਿਲਾਂ ਹੈ ਹੀ ਸੀ। ਕਸ਼ਮੀਰ ਵਾਦੀ ਦੀਆਂ ਹਾਕਮਾਂ ਜਮਾਤੀ ਪਾਰਟੀਆਂ ਨੂੰ ਛੱਡ ਕੇ ਬਾਕੀ ਦੀਆਂ ਤਕਰੀਬਨ ਸਾਰੀਆਂ ਹੀ ਸਾਹਿਤਕ, ਸਭਿਆਚਾਰਕ, ਸਮਾਜੀ, ਸਿਆਸੀ ਅਤੇ ਹਥਿਆਰਬੰਦ ਸ਼ਕਤੀਆਂ ਨੇ ਆਪੋ-ਆਪਣੇ ਤੌਰ 'ਤੇ ਸਰਕਾਰ ਦੇ ਕੋਝੇ ਮਨਰੋਥਾਂ ਨੂੰ ਲੋਕਾਂ ਵਿੱਚ ਬੇਪਰਦ ਕਰਦੇ ਹੋਏ- ਇਸ ਤਰ੍ਹਾਂ ਦੇ ਸਿਆਸੀ ਡਰਾਮੇ ਬੰਦ ਕਰਨ ਦੇ ਸੱਦੇ ਦੇ ਦਿੱਤੇ। ਕਸ਼ਮੀਰ ਵਾਦੀ ਦੇ ਸਾਹਿਤਕ, ਸੰਗੀਤਕ ਤੇ ਰੰਗਮੰਚ ਦੇ ਕਲਾਕਾਰਾਂ ਵੱਲੋਂ ਜਰਮਨ ਦੂਤਾਵਾਸ ਨੂੰ ਇੱਕ ਲੰਬੀ ਚਿੱਠੀ ਲਿਖ ਕੇ ਇਥੇ ਕੀਤੇ ਜਾ ਰਹੇ ਛਲ-ਕਪਟ ਨੂੰ ਰੋਕੇ ਜਾਣ ਦੀ ਮੰਗ ਕੀਤੀ ਸੀ। ਪਰ ਉਸਨੇ ਲੋਕਾਂ ਦੇ ਜਜ਼ਬਿਆਂ ਦੀ ਤਰਜਮਾਨੀ ਕਰਨ ਵਾਲੇ ਇਹਨਾਂ ਚਿੰਤਕਾਂ ਦੀ ਗੱਲ 'ਤੇ ਕੋਈ ਗੌਰ ਕਰਨ ਦੀ ਥਾਂ ਇਸ ਨੂੰ ਠੁਕਰਾ ਦਿੱਤਾ। ਭਾਰਤੀ ਤੇ ਜੰਮੂ-ਕਸ਼ਮੀਰ ਸਰਕਾਰਾਂ ਵੱਲੋਂ ਕਿਸੇ ਵੇਲੇ ਸਭ ਹੀ ਵੱਡੇ ਤੋਂ ਵੱਡੇ ਗਿਆਨ-ਪੀਠ ਵਰਗੇ ਇਨਾਮ-ਸਨਮਾਨ ਹਾਸਲ ਕਰਨ ਵਾਲੇ ਰਹਿਮਾਨ ਰਾਹੀ ਤੇ ਉੱਘੇ ਕਵੀ ਤੇ ਵਿਅੰਗਕਾਰ ਜ਼ਰੀਫ ਅਹਿਮਦ ਜ਼ਰੀਫ ਵਰਗੇ ਉੱਚਕੋਟੀ ਦੇ ਲੇਖਕਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਤੋਂ ਨਾਂਹ ਕਰ ਦਿੱਤੀ। ਉਂਝ ਭਾਰਤ ਅਤੇ ਦੁਨੀਆਂ ਭਰ ਵਿਚੋਂ ਸੱਦਾ ਪੱਤਰ ਭੇਜ ਕੇ 1500 ਦੇ ਕਰੀਬ ਮਹਿਮਾਨ ਬੁਲਾਏ ਗਏ ਸਨ ਇਸ ਸਮਾਗਮ ਵਿੱਚ। ਪਰ ਕਸ਼ਮੀਰ ਵਾਦੀ ਵਿੱਚੋਂ ਕਿਸੇ ਵੀ ਸਾਹਿਤਕ ਹਸਤੀ ਨੂੰ ਸ਼ਾਮਲ ਕਰਨ ਦਾ ਹੌਸਲਾ ਹੀ ਨਹੀਂ ਕਰ ਸਕੇ ਇਸ ਸਮਾਗਮ ਦੇ ਆਯੋਜਿਕ। ਜੇ ਕਿਸੇ ਮਾੜੀ-ਮੋਟੀ ਜਾਣੀ ਜਾਂਦੀ ਕਸ਼ਮੀਰੀ ਕਵਿਤਰੀ ਦੀ ਹਾਜ਼ਰੀ ਦੀ ਗੱਲ ਕਰਨੀ ਹੋਵੇ ਤਾਂ ਉਹ ਵੀ ਦਿੱਲੀ ਤੋਂ ਆਈ ਹੋਈ ਸੀ, ਕੇਂਦਰੀ ਮੰਤਰੀ ਗੁਲਾਮ ਨਬੀ ਆਜ਼ਾਦ ਦੀ ਪਤਨੀ ਸ਼ਮੀਮਾ ਦੇਵ। 
ਭਾਰਤੀ ਅਤੇ ਜੰਮੂ-ਕਸ਼ਮੀਰ ਦੀਆਂ ਸਰਕਾਰਾਂ ਨੇ ਇਸ ਪ੍ਰੋਗਰਾਮ ਨੂੰ ਵਕਾਰ ਦਾ ਸਵਾਲ ਬਣਾ ਕੇ ਹਰ ਹਾਲਤ ਕੀਤੇ ਜਾਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਸ਼ਾਲੀਮਾਰ ਬਾਗ, ਡੱਲ ਝੀਲ ਅਤੇ ਮਹਿਮਾਨਾਂ ਨੂੰ ਠਹਿਰਾਏ ਜਾਣ ਵਾਲੇ ਹੋਟਲਾਂ ਦੇ 5-7 ਕਿਲੋਮੀਟਰ ਤੱਕ ਦੇ ਘੇਰੇ ਨੂੰ ਹੀ ਨਹੀਂ ਸਗੋਂ ਸਾਰੇ ਹੀ ਸ੍ਰੀਨਗਰ ਸਮੇਤ ਕੁੱਲ ਵਾਦੀ ਨੂੰ ਹੀ ਯੁੱਧ ਦੇ ਮੈਦਾਨ ਵਾਂਗ ਫੌਜੀ ਮੋਰਚਿਆਂ ਵਿੱਚ ਬਦਲ ਦਿੱਤਾ ਗਿਆ। ਡੱਲ ਝੀਲ ਵਿੱਚ ਤਿੰਨ-ਤਿੰਨ ਕਿਲੋਮੀਟਰ ਤੱਕ ਸਥਾਨਕ ਸ਼ਿਕਾਰੇ ਵਾਲਿਆਂ ਨੂੰ ਬਾਹਰ ਭਜਾ ਕੇ, ਫੌਜੀ ਗੋਤੇਖੋਰਾਂ ਨਾਲ ਤੇਜ਼ ਚੱਲਣ ਵਾਲੀਆਂ ਮੋਟਰ-ਬੋਟਾਂ ਤਾਇਨਾਤ ਕਰ ਦਿੱਤੀਆਂ ਗਈਆਂ। ਪ੍ਰੋਗਰਾਮ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਪਿਓ, ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਸਾਰੇ ਇੰਤਜ਼ਾਮਾਂ ਦਾ ਜਾਇਜਾ ਲੈ ਕੇ ਆਇਆ। ਸੁਰੱਖਿਆ ਘੇਰੇ ਵਿੱਚ ਆਉਣ ਵਾਲੇ ਸਾਰੇ ਹੀ ਸਾਧਨਾਂ ਦੀ ਮੁਕੰਮਲ ਤਲਾਸ਼ੀ ਲਈ ਜਾਂਦੀ ਸੀ। 
ਦੂਜੇ ਪਾਸੇ, ਭਾਵੇਂ ਕਿ ਜਦੋਂ ਰਹਿਮਾਨ ਰਾਹੀ ਵਰਗੇ ਸਿਰੇ ਦੇ ਸਥਾਪਤ ਲੇਖਕਾਂ ਨੇ ਹੀ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਦਾ ਐਲਾਨ ਕਰ ਦਿੱਤਾ ਸੀ ਪਰ ਫੇਰ ਵੀ ਲੇਖਕਾਂ, ਸਾਹਿਤਕਾਰਾਂ ਤੇ ਰੰਗਕਰਮੀਆਂ ਦੇ ਇੱਕ ਹਿੱਸੇ ਨੇ ਸਥਾਨਕ ਕਸ਼ਮੀਰੀਆਂ ਨੂੰ ਇਹਨਾਂ ਵਿੱਚ ਸ਼ਾਮਲ ਨਾ ਕੀਤੇ ਜਾਣ ਦੀ ਨਿਖੇਧੀ ਕੀਤੀ। ਮੋੜਵੇਂ ਰੂਪ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਸ਼ਾਮੀ ਪੰਜ ਵਜੇ ਸ਼ੁਰੂ ਹੋਣ ਵਾਲੇ ਇਸ ਸਮਾਗਮ ਦੇ ਵਿਰੋਧ ਵਜੋਂ ਸ੍ਰੀਨਗਰ ਵਿੱਚ ਸਵੇਰ ਤੋਂ ਹੀ ਬੰਦ ਦਾ ਸੱਦਾ ਦੇ ਕੇ ਮਿਊਂਸਪਲ ਪਾਰਕ (ਲਾਲ ਚੌਕ) ਵਿਖੇ ਮੁਕਾਬਲੇ ਦਾ ਸਭਿਆਚਾਰਕ ਪ੍ਰੋਗਰਾਮ ਕਰਨ ਦਾ ਸੱਦਾ ਦਿੱਤਾ। ਕਸੂਤੀ ਹਾਲਤ ਵਿੱਚ ਫਸੀ ਉਮਰ ਅਬਦੁੱਲਾ ਦੀ ਸਰਕਾਰ ਨੂੰ ਇਹ ਪ੍ਰੋਗਰਾਮ ਕਰਨ ਦੀ ਛੋਟ ਦੇਣੀ ਪਈ, ਜਿਸ ਵਿੱਚ ਵਾਹਨਾਂ ਦੀ ਮਨਾਹੀ ਹੋਣ ਦੇ ਬਾਵਜੂਦ ਲੋਕ ਪੰਜ-ਪੰਜ ਕਿਲੋਮੀਟਰ ਤੋਂ ਤੁਰ ਕੇ ਹੀ, ਫੌਜੀਆਂ ਵੱਲੋਂ ਕੀਤੀਆਂ ਜਾਂਦੀਆਂ ਤਲਾਸ਼ੀਆਂ ਦੇ ਬਾਵਜੁਦ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ। ਮਿਊਂਸਪਲ ਪਾਰਕ ਵਿੱਚ ਲੋਕਾਂ ਵੱਲੋਂ ਕੀਤੇ ਮੁਕਾਬਲੇ ਦੇ ਪ੍ਰੋਗਰਾਮ ਵਿੱਚ ਸ਼ੋਪੀਆ ਵਿੱਚ ਚਾਰ ਸਾਲ ਪਹਿਲਾਂ ਫੌਜ ਵੱਲੋਂ ਮਾਰੀਆਂ ਗਈਆਂ (ਨਣਦ-ਭਰਜਾਈ) ਨੀਲੋਫਰ ਦੇ ਪਿਤਾ ਅਤੇ ਆਸੀਆ ਦੇ ਭਰਾ ਨੇ ਸੰਬੋਧਨ ਕੀਤਾ। ਹਿੱਜ਼ਬ-ਉੱਲਾ-ਮੁਜਾਹਦੀਨ ਦੇ ਗੁਰੀਲਿਆਂ ਨੇ ਪੁਲਵਾਮਾ ਵਿਖੇ ਗਸ਼ਤੀ ਟੁਕੜੀ 'ਤੇ ਹਮਲਾ ਗਰਨੇਡ ਸੁੱਟ ਕੇ 6 ਪੁਲਸ ਵਾਲਿਆਂ ਨੂੰ ਜਖਮੀ ਕਰ ਦਿੱਤਾ। ਸਾਰੀ ਹੀ ਵਾਦੀ ਵਿੱਚ ਤਾਇਨਾਤ ਫੌਜੀ ਬਲਾਂ ਨੂੰ ਸਾਰੇ ਹੀ ਨੌਜਵਾਨ ''ਅੱਤਵਾਦੀ'' ਦਿਖਾਈ ਦੇਣ ਲੱਗੇ ਤੇ ਇਸ ਤਰ੍ਹਾਂ ਬੁਖਲਾਈ ਹੋਈ ਫੌਜੀ ਤਾਕਤ ਨੇ ਸ਼ੋਪੀਆ ਜ਼ਿਲ੍ਹੇ ਦੀਆਂ ਖਾਲੀ ਸੜਕਾਂ 'ਤੇ 2 ਤੇਜ਼ ਰਫਤਾਰ ਮੋਟਰ ਸਾਈਕਲਾਂ 'ਤੇ ਸਵਾਰ 5 ਨੌਜਵਾਨਾਂ (ਜਿਨ੍ਹਾਂ ਵਿੱਚ ਦੋ ਤਾਂ ਵਿਦਿਆਰਥੀ ਹੀ ਸਨ) ਨੂੰ ਸਿੱਧਿਆਂ ਹੀ ਗੋਲੀਆਂ ਮਾਰ ਦਿੱਤੀਆਂ।  ਇੱਕ ਮੋਟਰ ਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਤਾਂ ਮੌਕੇ 'ਤੇ ਹੀ ਮਾਰੇ ਗਏ। ਦੂਜੇ ਮੋਟਰ ਸਾਈਕਲ 'ਤੇ ਸਵਾਰ ਵਿਦਿਆਰਥੀਆਂ ਨੂੰ ਚੈਕਿੰਗ ਦੇ ਬਹਾਨੇ ਗੋਲੀਆਂ ਮਾਰ ਦਿੱਤੀਆਂ, ਜਿਹਨਾਂ 'ਚੋਂ ਇੱਕ ਹਸਪਤਾਲ ਦੇਰ ਨਾਲ ਪਹੁੰਚਾਏ ਜਾਣ ਕਰਕੇ ਰਸਤੇ ਵਿੱਚ ਹੀ ਦਮ ਤੋੜ ਗਿਆ। ਆਜ਼ਾਦੀਪ੍ਰਸਤ ਵੱਖ ਵੱਖ ਜਥੇਬੰਦੀਆਂ ਵੱਲੋਂ 8 ਸਤੰਬਰ ਨੂੰ ਮੁਕੰਮਲ ਵਾਦੀ ਬੰਦ ਰੱਖਣ ਦੇ ਸੱਦੇ ਦਿੱਤੇ ਗਏ, ਜਿਹਨਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਜਦੋਂ ਲੋਕ ਵਿਰੋਧ-ਆਵਾਜ਼ ਪ੍ਰਗਟ ਕਰਨ ਲਈ ਸੜਕਾਂ 'ਤੇ ਨਿਕਲੇ ਤਾਂ ਸਰਕਾਰ ਨੇ ਕਰਫਿਊ ਲਾ ਕੇ, ਅੱਥਰੂ ਗੈਸ ਦੇ ਗੋਲਿਆਂ ਅਤੇ ਲਾਠੀਚਾਰਜਾਂ ਰਾਹੀਂ ਇਸ ਨੂੰ ਦਬਾਉਣ ਦਾ ਯਤਨ ਕੀਤਾ। ਸ਼ੋਪੀਆ ਅਤੇ ਕੁਲਗਾਮ ਵਿਖੇ ਲਗਾਤਾਰ ਲਾਏ ਗਏ ਕਰਫਿਊ ਤੋਂ ਬਾਅਦ ਜਦੋਂ ਪੰਜਵੇਂ ਦਿਨ ਕਰਫਿਊ ਵਿੱਚ ਢਿੱਲ ਮਿਲੀ ਤਾਂ ਸੈਂਕੜੇ ਹੀ ਲੋਕਾਂ ਨੇ ਸੀ.ਆਰ.ਪੀ. ਦੀ ਛਾਉਣੀ ਚੁਕਵਾਉਣ ਲਈ ਆ ਧਰਨਾ ਮਾਰਿਆ ਤਾਂ ਫੇਰ ਬੁਖਲਾਈ ਫੌਜੀ ਤਾਕਤ ਨੇ ਲੋਕਾਂ 'ਤੇ ਅੰਨ੍ਹੇਵਾਹ ਗੋਲੀ ਚਲਾ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਚਾਰ ਔਰਤਾਂ ਜਖ਼ਮੀ ਹੋ ਗਈਆਂ। ਇਸ ਘਟਨਾ ਤੋਂ ਦੂਸਰੇ ਦਿਨ ਜੰਮੂ-ਕਸ਼ਮੀਰ ਸਰਕਾਰ ਨੂੰ ਉਥੇ ਸਥਾਪਤ ਸੀ.ਆਰ.ਪੀ.ਐਫ. ਦੀ ਤਾਇਨਾਤੀ ਹਟਾਉਣੀ ਪਈ।
ਸ਼ਾਲੀਮਾਰ ਵਿਖੇ ਕਰਵਾਇਆ ਗਿਆ 'ਅਹਿਸਾਸ-ਏ-ਕਸ਼ਮੀਰ' ਦਾ ਇਹ ਪ੍ਰੋਗਰਾਮ ਜਿੱਥੇ ਆਮ ਲੋਕਾਂ ਦੀ ਥੂਹ ਥੂਹ ਦਾ ਨਿਸ਼ਾਨ ਬਣਿਆ, ਉੱਥੇ ਇਸਦੇ ਮੁੱਖ ਬੁਲਾਰੇ ਜ਼ੁਬਿਨ ਮਹਿਤਾ ਇੱਕ ਕੌੜਾ 'ਅਹਿਸਾਸ' ਹੋਇਆ ਤੇ ਉਸਨੂੰ ਸਮਾਗਮ ਦੇ ਅਖੀਰ 'ਚ ਮੰਨਣਾ ਪਿਆ ਕਿ ਅਗਲੀ ਵਾਰ ਦਾ ਪ੍ਰੋਗਰਾਮ ਇਸ ਤਰ੍ਹਾਂ ਦਾ ਨਹੀਂ ਬਲਿਕ ਕਿਸੇ ਸਟੇਡੀਅਮ ਵਿੱਚ ਹੋਣਾ ਚਾਹੀਦਾ ਹੈ, ਸਭ ਕਸ਼ਮੀਰੀਆਂ ਲਈ ਮੁਫਤ। ਕੁੱਲ ਮਿਲਾ ਕੇ ''ਅਹਿਸਾਸ-ਏ-ਕਸ਼ਮੀਰ'' ਦਾ ਇਹ ਪ੍ਰੋਗਰਾਮ ਹਾਕਮਾਂ ਲਈ ਨਮੋਸ਼ੀ ਅਤੇ ਲੋਕਾਂ ਲਈ ਬਦਲਵੇਂ ਪ੍ਰਚਾਰ ਦਾ ਸਾਧਨ ਹੋ ਨਿੱਬੜਿਆ। 
ਇਹ ਜਰਮਨ ਸਾਮਰਾਜੀਆਂ ਅਤੇ ਦਲਾਲ ਭਾਰਤੀ ਹਾਕਮਾਂ ਵੱਲੋਂ ਕੀਤੇ ਗਏ ਇਸ ਸੰਗੀਤ-ਪ੍ਰੋਗਰਾਮ 'ਤੇ ਥੁੱਕਦਿਆਂ, ਮੁਕਾਬਲੇ 'ਤੇ ਕਸ਼ਮੀਰੀ ਸੰਗੀਤ ਪ੍ਰੋਗਰਾਮ ਕਰਦਿਆਂ ਅਤੇ ਸਮੁੱਚੀ ਵਾਦੀ ਨੂੰ ਬੰਦ ਕਰਦਿਆਂ, ਭਾਰਤੀ ਹਾਕਮਾਂ ਤੋਂ ਨਾਬਰੀ ਦਾ ਜ਼ੋਰਦਾਰ ਵਿਖਾਵਾ ਕੀਤਾ ਗਿਆ ਹੈ, ਸਗੋਂ ਕਾਬਜ਼ ਭਾਰਤੀ ਹਾਕਮਾਂ ਵੱਲੋਂ ਕਸ਼ਮੀਰ 'ਤੇ ਜਬਰੀ ਸੰਗੀਤਕ ਪ੍ਰੋਗਰਾਮ ਠੋਸ ਕੇ ਆਪਣੇ ਨਾਦਰਸ਼ਾਹੀ ਕਹਿਰ 'ਤੇ ਪਰਦਾਪੋਸ਼ੀ ਕਰਨ ਦੇ ਮਨਸੂਬਿਆਂ ਨੂੰ ਮਾਣਮੱਤੀ ਕਸ਼ਮੀਰੀ ਕੌਮ ਵੱਲੋਂ ਠੋਕਵਾਂ ਜਵਾਬ ਦਿੱਤਾ ਗਿਆ ਹੈ।

No comments:

Post a Comment