Monday, September 16, 2013

ਸੰਜੇ ਕਾਕ ਦੀ ਦਸਤਾਵੇਜ਼ੀ ਫਿਲਮ 'ਮਾਟੀ ਕੇ ਲਾਲ'


ਸੰਜੇ ਕਾਕ ਦੀ ਦਸਤਾਵੇਜ਼ੀ ਫਿਲਮ 'ਮਾਟੀ ਕੇ ਲਾਲ'
(''ਪਿਛਲੇ ਦਿਨੀਂ ਚੰਡੀਗੜ੍ਹ, ਅੰਮ੍ਰਿਤਸਰ, ਬਠਿੰਡਾ, ਜਲੰਧਰ, ਬਰਨਾਲਾ, ਲੁਧਿਆਣਾ ਵਿਖੇ ਗ਼ਦਰ ਸ਼ਤਾਬਦੀ ਨੂੰ ਸਮਰਪਤ ਫਿਲਮ ਸ਼ੋਅ ਕੀਤੇ ਗਏ ਹਨ, ਜਿਹਨਾਂ ਵਿੱਚ ਸੰਜੇ ਕਾਕ ਦੀ ਫਿਲਮ ''ਮਾਟੀ ਕੇ ਲਾਲ'' ਦਿਖਾਈ ਗਈ ਹੈ। ਇਸ ਫਿਲਮ ਬਾਰੇ ਅਮੋਲਕ ਸਿੰਘ ਦੀ ਸਮੀਖਿਆ ਲਿਖਤ ਦਿੱਤੀ ਜਾ ਰਹੀ ਹੈ। -ਸੰਪਾਦਕ)
ਸਮਾਜਕ ਸਰੋਕਾਰਾਂ ਅਤੇ ਜਨਤਕ ਪ੍ਰਤੀਰੋਧ ਦੇ ਬਦਲਵੇਂ ਸਭਿਆਚਾਰ ਨੂੰ ਪਰਨਾਈਆਂ ਫ਼ਿਲਮਾਂ ਦੇ ਸੰਸਾਰ ਅੰਦਰ ਬਹੁ-ਚਰਚਿਤ ਫ਼ਿਲਮਸਾਜ਼ ਸੰਜੇ ਕਾਕ ਦੀ ਤਾਜ਼ਾ ਫ਼ਿਲਮ 'ਮਾਟੀ ਕੇ ਲਾਲ' ਗ਼ਦਰ ਲਹਿਰ, ਆਦਿਵਾਸੀ ਖੇਤਰ ਦੇ ਮਹਿਬੂਬ ਨਾਇਕ ਵਿਰਸਾ ਮੁੰਡਾ, ਇਨਕਲਾਬ ਦੇ ਚਿੰਨ : ਸ਼ਹੀਦ ਭਗਤ ਸਿੰਘ, ਕਵੀ ਪਾਸ਼ ਅਤੇ ਅਜੋਕੇ ਸਮੇਂ ਅੰਦਰ ਆਦਿਵਾਸੀ ਖੇਤਰਾਂ ਅਤੇ ਦੇਸ਼ ਦੀਆਂ ਹੋਰਨਾਂ ਥਾਵਾਂ ਤੋਂ ਲੈ ਕੇ ਪੰਜਾਬ ਤੱਕ ਚੱਲ ਰਹੀ ਪ੍ਰਤੀਰੋਧ ਦੀ ਲਹਿਰ ਨੂੰ ਸੂਤਰਬੱਧ ਕਰਦਿਆਂ ਅਤਿਅੰਤ ਸੰਵੇਦਨਸ਼ੀਲ ਅਤੇ ਚਿੰਨਾਤਮਕ ਅੰਦਾਜ਼ 'ਚ ਸੁਨੇਹਾ ਦੇਣ 'ਚ ਸਫ਼ਲ ਰਹੀ ਹੈ ਕਿ, ''ਜਦੋਂ ਤੱਕ ਲੋਕਾਂ ਦੇ ਮਾਣ-ਸਨਮਾਨ ਭਰੇ ਨਿਜ਼ਾਮ ਦੀ ਸਿਰਜਣਾ ਨਹੀਂ ਹੁੰਦੀ ਉਦੋਂ ਤੱਕ ਲੋਕ-ਸੰਗਰਾਮ ਜਾਰੀ ਰਹੇਗਾ।'' 
ਦਸਤਾਵੇਜ਼ੀ ਫ਼ਿਲਮ ਦੀ ਦੁਨੀਆਂ ਅੰਦਰ ਨਰਬਦਾ ਬਚਾਓ ਅੰਦੋਲਨ ਬਾਰੇ 'ਪਾਨੀ ਪੇ ਲਿਖਾ' ਅਤੇ ਕਸ਼ਮੀਰ ਦੇ ਨਵੇਂ ਸਫ਼ੇ ਪੇਸ਼ ਕਰਦੀ ਫ਼ਿਲਮ 'ਜਸ਼ਨ-ਏ-ਆਜ਼ਾਦੀ' ਵੱਲੋਂ ਚਰਚਾਵਾਂ ਦੀ ਵਿਆਪਕ ਅਤੇ ਤਿੱਖੀ ਹਲਚਲ ਪੈਦਾ ਕਰਨ ਉਪਰੰਤ ਸੰਜੇ ਕਾਕ ਦੀ ਤਾਜ਼ਾ ਫ਼ਿਲਮ 'ਮਾਟੀ ਕੇ ਲਾਲ' ਨੇ ਪਰਦੇ 'ਤੇ ਪੇਸ਼ ਹੁੰਦੇ ਸਾਰ ਹੀ ਦਿੱਲੀ, ਚੰਡੀਗੜ੍ਹ, ਅੰਮ੍ਰਿਤਸਰ, ਬਠਿੰਡਾ, ਬਰਨਾਲਾ, ਜਲੰਧਰ ਅਤੇ ਲੁਧਿਆਣਾ ਵਿਖੇ ਵੱਡੀ ਗਿਣਤੀ 'ਚ ਬੁੱਧੀਜੀਵੀਆਂ, ਪੱਤਰਕਾਰਾਂ, ਖੋਜਕਾਰਾਂ, ਇਤਿਹਾਸਕਾਰਾਂ ਅਤੇ ਵੱਖ-ਵੱਖ ਮਿਹਨਤਕਸ਼ ਤਬਕਿਆਂ ਦੇ ਸੰਘਰਸ਼ਸ਼ੀਲ ਲੋਕਾਂ ਨੂੰ ਆਦਿਵਾਸੀ ਖੇਤਰ ਅਤੇ ਪੰਜਾਬ ਅੰਦਰ ਕੌਮੀ ਮੁਕਤੀ ਲਹਿਰ ਦੇ ਉਦੇਸ਼ਾਂ ਦੀ ਪੂਰਤੀ ਲਈ ਚੱਲ ਰਹੇ ਸੰਗਰਾਮ ਬਾਰੇ ਹਕੀਕਤਮੁਖੀ ਗਹਿਰ ਗੰਭੀਰਤਾ ਨਾਲ ਸੋਚਣ-ਵਿਚਾਰਨ ਅਤੇ ਆਪਣੇ ਹਿੱਸੇ ਦੀ ਭੂਮਿਕਾ ਅਦਾ ਕਰਨ ਲਈ ਅੱਗੇ ਆਉਣ ਦੀਆਂ ਤਰੰਗਾਂ ਛੇੜ ਦਿੱਤੀਆਂ ਹਨ। ਸੰਜੇ ਕਾਕ ਨੇ ਇਹ ਚੇਤਨ ਨਿਰਣਾ ਲਿਆ ਹੈ ਕਿ ਲੋਕਾਂ ਦੀ ਫ਼ਿਲਮ ਲੋਕਾਂ ਰਾਹੀਂ ਹੀ ਦਿਖਾਈ ਜਾਵੇਗੀ। ਉਹ ਕਿਸੇ ਸਿਨੇਮਾ ਮਾਲਕ, ਡਿਸਟਰੀਬਿਊਟਰ ਰਾਹੀਂ ਨਹੀਂ ਸਗੋਂ ਮਿੱਟੀ ਦੇ ਲਾਲਾਂ ਰਾਹੀਂ ਹੀ ਇਸ ਨੂੰ ਲੋਕਾਂ 'ਚ ਲਿਜਾਣ 'ਤੇ ਟੇਕ ਰੱਖੀ ਗਈ ਹੈ। 
ਅੱਜ ਜਦੋਂ ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ (1913-2013) ਮੁਹਿੰਮ, 1 ਨਵੰਬਰ 2013 ਨੂੰ 'ਮੇਲਾ ਗ਼ਦਰ ਸ਼ਤਾਬਦੀ ਦਾ' ਮਨਾਉਣ ਵੱਲ ਵਧ ਰਹੀ ਹੈ ਇਸ ਦੌਰ ਅੰਦਰ 'ਮਾਟੀ ਕੇ ਲਾਲ' ਵਰਗੀ ਫ਼ਿਲਮ ਦੀ ਦਸਤਕ, ਇਤਿਹਾਸ ਦੇ ਅਤੀਤ, ਵਰਤਮਾਨ ਅਤੇ ਭਵਿੱਖਮਈ ਅੰਤਰ-ਸਬੰਧਾਂ ਨੂੰ ਉਜਾਗਰ ਕਰਨ ਦੇ ਨਵੇਂ ਮੁੱਲ ਸਿਰਜਣ ਦੀ ਹੋਰ ਵੀ ਇਤਿਹਾਸਕ ਮਹੱਤਤਾ ਰੱਖਦੀ ਹੈ। ਸਾਡੀ ਅਮੀਰ ਇਤਿਹਾਸਕ ਵਿਰਾਸਤ, ਇਸਦੇ ਜਮਹੂਰੀ ਇਨਕਲਾਬੀ ਲਹਿਰਾਂ, ਸਾਹਿਤ/ਸਭਿਆਚਾਰ ਉਪਰ ਅਮਿਟ ਪ੍ਰਭਾਵਾਂ ਨੂੰ ਰੂਪਮਾਨ ਕਰਨ ਦੀ  ਕਮਾਲ ਦੀ ਭੂਮਿਕਾ ਅਦਾ ਕਰਦੀ ਹੈ ਫ਼ਿਲਮ 'ਮਾਟੀ ਕੇ ਲਾਲ'। 
ਫ਼ਿਲਮ ਦੇ ਉਠਾਣ ਮੌਕੇ ਪਲੇਠੀ ਝਲਕ ਹੀ ਸਮਾਜ ਅੰਦਰਲੇ ਦਵੰਦ ਦੀ ਅਤੀ ਸੂਖ਼ਮ ਅੰਦਾਜ਼ 'ਚ ਪੇਸ਼ਕਾਰੀ ਕਰਦੀ ਹੈ ਕਿ ਰੌਸ਼ਨੀਆਂ ਦੇ ਚਕਾਚੌਂਧ ਵਿੱਚ ਵੀ ਇਸ ਮਿੱਟੀ ਦੇ ਲਾਲ ਕਿਉਂ ਹਨੇਰਾ ਢੋਅ ਰਹੇ ਹਨ? ਜਦੋਂ ਟਰੱਕਾਂ ਦੇ ਟਰੱਕ, ਰੇਲਾਂ ਦੀਆਂ ਰੇਲਾਂ ਭਰਕੇ ਆਦਿਵਾਸੀ ਖੇਤਰ ਚੋਂ ਖਣਿਜ ਪਦਾਰਥ ਲਿਜਾਣ ਦਾ ਸਿਲਸਿਲਾ ਚੱਲ ਰਿਹੈ ਉਸ ਮੌਕੇ ਕਰੋੜਾਂ ਆਦਿਵਾਸੀ ਅਤੇ ਸਮੁੱਚੇ ਭਾਰਤ ਦੇ ਵਾਸੀ ਹੱਡ ਭੰਨਵੀਂ ਮੁਸ਼ੱਕਤ ਦੇ ਬਾਵਜੂਦ ਘੋਰ ਗੁਰਬਤ ਦੀ ਭੱਠੀ 'ਚ ਕਿਉਂ ਭੁੱਜ ਰਹੇ ਹਨ? ਉਨ੍ਹਾਂ ਦੇ ਹਿੱਸੇ ਦੀ ਰੌਸ਼ਨੀ ਕਿੱਥੇ ਗਈ? ਰੌਸ਼ਨੀਆਂ 'ਚ ਵੀ ਫ਼ਿਲਮ ਅੰਦਰ ਦਿਸਦੇ ਪਰਛਾਵੇਂ ਅਜੇਹੀ ਕਹਾਣੀ ਕਹਿ ਰਹੇ ਹਨ। ਫ਼ਿਲਮ ਦਰਸ਼ਕਾਂ ਦੇ ਜਿਹਨ 'ਚ ਤਿੱਖੀ ਉੱਥਲ ਪੁੱਥਲ ਪੈਦਾ ਕਰਦੀ ਹੈ ਕਿ ਜੰਗਲ, ਜਲ, ਜ਼ਮੀਨ, ਕੁਦਰਤੀ ਅਨਮੋਲ ਖਜ਼ਾਨੇ ਇਹ ਸਭ ਕੁਝ ਤਾਂ ਕੌਮ ਦਾ ਸਰਮਾਇਆ ਹੁੰਦਾ ਹੈ ਨਾ ਕਿ ਮੁੱਠੀ ਭਰ ਕਾਰਪੋਰੇਟ ਘਰਾਣਿਆਂ ਦਾ। ਇਹ ਸਾਰੀ ਧੰਨ ਦੌਲਤ ਉੱਪਰ ਕੁੰਡਲ ਨਾਗ ਬਣ ਕੇ ਬੈਠੇ ਮੁੱਠੀ ਭਰ ਘਰਾਣਿਆਂ ਦਾ ਵਿਕਾਸ ਅੰਬਰ ਛੋਹ ਰਿਹਾ ਹੈ ਅਤੇ ਕਮਾਊ-ਲੋਕਾਂ ਦਾ ਵਿਨਾਸ਼ ਸਭੇ ਹੱਦਾਂ ਟੱਪ ਰਿਹਾ ਹੈ। ਇਹ ਸਾਰਾ ਵਰਤਾਰਾ ਫ਼ਿਲਮ ਅਜੇਹੇ ਖ਼ੂਬਸੂਰਤ ਕਲਾਤਮਕ ਅੰਦਾਜ਼ 'ਚ ਪੇਸ਼ ਕਰਦੀ ਹੈ ਕਿ ਫ਼ਿਲਮਸਾਜ ਨੇ ਆਪ ਕੁਝ ਵੀ ਦਰਸ਼ਕਾਂ ਦੇ ਮਨ ਮਸਤਕ ਤੇ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ। 
'ਮਾਟੀ ਕੇ ਲਾਲ' ਕੌਮੀ ਮੁੱਖ ਧਾਰਾ, ਦੇਸ਼ ਦੀ ਏਕਤਾ ਅਖੰਡਤਾ ਦੇ ਸਹੀ ਅਰਥਾਂ ਦੀ ਬਿੰਬਾਵਲੀ ਪੇਸ਼ ਕਰਦੀ ਹੈ ਕਿ ਸਾਡੇ ਮੁਲਕ ਦੇ ਰਾਜ ਭਾਗ ਉੱਪਰ ਕਾਬਜ਼ ਉਂਗਲਾਂ 'ਤੇ ਗਿਣੇ ਜਾਣ ਵਾਲੇ ਘਰਾਣੇ ਤਾਂ ਮੂਲੋਂ ਹੀ ਘੱਟ ਗਿਣਤੀ 'ਚ ਹਨ ਅਸਲ 'ਚ ਵਿਸ਼ਾਲ ਬਹੁ-ਗਿਣਤੀ ਵਸੋਂ ਦੀ ਕੌਮੀ ਮੁੱਖ ਧਾਰਾ ਤਾਂ ਬਿਲਕੁਲ ਹੋਰ ਹੈ। ਲੁੱਟੀ-ਪੁੱਟੀ ਅਤੇ ਕੁੱਟੀ ਜਾ ਰਹੀ ਬਹੁ-ਗਿਣਤੀ ਕਮਾਊ ਵਸੋਂ ਨੂੰ ਹੀ ਕੌਮੀ ਮੁੱਖ ਧਾਰਾ ਦੇ ਆਪੇ ਬਣੇ ਅਲੰਬਰਦਾਰ ਉਲਟਾ 'ਮੁਜ਼ਰਮ' ਬਣਾ ਕੇ ਪੇਸ਼ ਕਰ ਰਹੇ ਹਨ। 
ਮੁਲਕ ਦਾ ਸਾਰਾ ਧਨ ਦੌਲਤ, ਜੰਗਲ, ਜ਼ਮੀਨ, ਅਨਮੋਲ ਖਜਾਨੇ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਵਾਲੇ, ਦੇਸ਼ ਦੇ ਹਿੱਤਾਂ ਨਾਲ ਵਿਸਾਹਘਾਤ ਕਰਨ ਵਾਲੇ ਆਪੇ 'ਦੇਸ਼ ਭਗਤ' ਬਣ ਬੈਠੇ ਹਨ ਜਦੋਂ ਕਿ ਦੇਸ਼ ਦੇ, ਇਸਦੀ ਵਿਸ਼ਾਲ ਸਿਰਜਣਾਤਮਕ ਲੋਕਾਈ ਦੇ ਹਿੱਤਾਂ ਲਈ ਜੂਝਣ ਵਾਲਿਆਂ ਨੂੰ ਦੇਸ਼-ਧਰੋਹੀ ਦੱਸ ਰਹੇ ਹਨ। ਫ਼ਿਲਮ ਸਾਡੇ ਰਾਜਤੰਤਰ ਦੇ 'ਉਲਟਾ ਚੋਰ ਕੋਤਵਾਲ ਕੋ ਡਾਂਟੇ' ਵਾਲੇ  ਇਸ ਲੋਕ-ਵਿਰੋਧੀ ਸੁਭਾਅ ਨੂੰ ਮੂੰਹ ਬੋਲਦੇ ਤੱਥਾਂ ਰਾਹੀਂ ਪੇਸ਼ ਕਰਦੀ ਹੈ।
ਸ਼ਾਂਤੀ ਸੈਨਾ ਦੇ ਨਾਂਅ ਹੇਠ 'ਸਲਵਾ ਜੁਡਮ' ਵਰਗੀਆਂ ਸੰਸਥਾਵਾਂ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਹਥਿਆਰਬੰਦ ਕਰਨ, ਆਦਿਵਾਸੀਆਂ ਦੇ ਪਿੰਡਾਂ ਦੇ ਪਿੰਡ ਸਾੜਨ, ਜਨਤਕ ਕੁਟਾਪਾ ਚਾੜਨ, ਆਦਿਵਾਸੀਆਂ ਨੂੰ ਉਜਾੜਨ, ਜਬਰੀ ਬੰਦੀ ਬਣਾਉਣ ਦੀਆਂ ਮਨ ਆਈਆਂ ਕਰਨ ਲਈ ਕਿਵੇਂ ਕਾਰਪੋਰੇਟ ਘਰਾਣਿਆਂ ਅਤੇ ਸਰਕਾਰੀ ਤੰਤਰ ਦਾ ਥਾਪੜਾ ਕੰਮ ਕਰਦਾ ਹੈ; ਕਿਵੇਂ ਨਿਜੀ ਗ੍ਰੋਹਾਂ ਨੂੰ ਹਥਿਆਰਾਂ ਨਾਲ ਲੈਸ ਕਰਕੇ ਲੋਕ-ਮੁਕਤੀ ਲਈ ਸੰਘਰਸ਼ ਕਰਨ ਵਾਲਿਆਂ ਉੱਪਰ ਕਾਤਲਾਨਾ ਹੱਲੇ ਬੋਲੇ ਜਾ ਰਹੇ ਹਨ। ਇਸਦਾ ਸਬੂਤ ਨਿਜੀ ਸੈਨਾਵਾਂ ਦੇ ਹਲਫ਼ੀਆ ਬਿਆਨਾਂ ਅਤੇ ਦ੍ਰਿਸ਼ਾਂ ਰਾਹੀਂ ਫ਼ਿਲਮ ਵਿੱਚ ਜਿਵੇਂ ਪੇਸ਼ ਹੁੰਦਾ ਹੈ ਉਹ ਦੁੱਧੋਂ ਪਾਣੀ ਨਿਤਾਰ ਕੇ ਰੱਖ ਦਿੰਦਾ ਹੈ। 
ਫ਼ਿਲਮ 'ਚ ਸੁਣਾਈ ਦਿੰਦਾ ਸਰਕਾਰੀ ਵਾਇਰਲੈੱਸ ਸੁਨੇਹਾ ''ਸਰਕਾਰੀ ਸ਼ਾਂਤੀ ਮੁਹਿੰਮ'' ਦੀ ਸਾਰੀ ਫੂਕ ਕੱਢ ਦਿੰਦਾ ਹੈ ਜਦੋਂ ਸੁਨੇਹੇ 'ਚ ਸਾਫ਼ ਸ਼ਬਦਾਂ 'ਚ ਹਥਿਆਰਬੰਦ ਟੁਕੜੀਆਂ ਨੂੰ ਫੁਰਮਾਨ ਕੀਤਾ ਜਾਂਦਾ ਹੈ ਕਿ,
''ਜੇਕਰ ਇਧਰੋ ਆਦਿਵਾਸੀ ਖੇਤਰ 'ਚ ਕੋਈ ਪੱਤਰਕਾਰ ਨਕਸਲੀਆਂ ਦੇ ਪੱਖ ਦੀ ਕਵਰੇਜ ਕਰਦਾ ਦਿਖਾਈ ਦੇਵੇ ਤਾਂ ਉਸਨੂੰ ਵੀ ਗੋਲੀ ਮਾਰ ਦੇਣਾ।''
ਭਾਰਤੀ ਜਮਹੂਰੀਅਤ ਦੇ ਦੀਦਾਰ ਕਰਾਉਂਦਾ ਇਹ ਹੁਕਮਨਾਮਾ ਕੋਈ ਸ਼ੱਕ ਨਹੀਂ ਰਹਿਣ ਦਿੰਦਾ ਕਿ ਭਾਰਤੀ ਰਾਜ ਭਾਗ ਦੀਆਂ ਡੋਰਾਂ ਜਿਨ੍ਹਾਂ ਜ਼ੋਰਾਵਰਾਂ ਦੇ ਹੱਥ ਹਨ ਉਹ ਕਿਹੋ ਜਿਹਾ ਨਿਆ ਕਰ ਰਹੇ ਹਨ ਅਤੇ ਕਿਹੋ ਜਿਹੀ 'ਸ਼ਾਂਤੀ' ਸਥਾਪਤ ਕਰਨ ਦੀਆਂ ਜੰਗਲਾਂ ਅੰਦਰ 'ਜਮਹੂਰੀ' ਮਸ਼ਕਾਂ ਕਰ ਰਹੇ ਹਨ। ਨਿੱਤ ਰੋਜ ਪ੍ਰਚਾਰ-ਤੰਤਰ ਰਾਹੀਂ ਰਾਜ ਦਰਬਾਰ ਦਾਅਵੇ ਕਰ ਰਿਹਾ ਹੈ ਕਿ ਆਦਿਵਾਸੀ ਖੇਤਰ ਅੰਦਰ ਫੌਜ ਨਹੀਂ ਲਗਾਈ ਗਈ। ਫੌਜੀ ਟ੍ਰੇਨਿੰਗ ਸੈਂਟਰ ਅਤੇ ਉੱਚ ਫੌਜੀ ਅਫ਼ਸਰਾਂ ਦੀ ਜੁਬਾਨੀ ਫ਼ਿਲਮ 'ਚ ਸੱਚੋ ਸੱਚ ਸਭ ਦੇ ਸਾਹਮਣੇ ਨਸ਼ਰ ਹੋ ਰਿਹਾ ਹੈ ਕਿ ਕਿਤੇ ਵਿਆਪਕ ਪੈਮਾਨੇ 'ਤੇ ਆਦਿਵਾਸੀਆਂ ਦੇ ਜੰਗਲ, ਜਲ, ਜ਼ਮੀਨ ਦੇ ਜਨਮ ਸਿੱਧ ਅਧਿਕਾਰ ਨੂੰ ਬੰਦੂਕਾਂ ਦੇ ਜ਼ੋਰ ਖੋਹਿਆ ਜਾ ਰਿਹਾ ਹੈ। ਦੇਸੀ-ਵਿਦੇਸ਼ੀ ਮਹਾਂ-ਕੰਪਨੀਆਂ ਹਵਾਲੇ ਕਰਨ ਲਈ ਫੌਜ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ। ਬਾਲਾਂ, ਬਾਲੜੀਆਂ, ਔਰਤਾਂ ਨਾਲ ਬਲਾਤਕਾਰ ਹੋ ਰਹੇ ਹਨ, ਕਤਲ ਹੋ ਰਹੇ ਹਨ। ਘਰ ਅੱਗ ਦੀ ਭੇਟ ਚੜ੍ਹਾਏ ਜਾ ਰਹੇ ਹਨ। ਲੋਕਾਂ ਲਈ ਸੰਗਰਾਮ ਕਰਦੇ ਮਿੱਟੀ ਦੇ ਲਾਲ, ਝੂਠੇ ਮੁਕਾਬਲਿਆਂ ਵਿਚ ਮਾਰੇ ਜਾ ਰਹੇ ਹਨ। 
ਉਦੋ ਪੁਲਸ ਅਧਿਕਾਰੀ ਬੜੇ ਮਾਣ ਨਾਲ ਫ਼ਿਲਮ 'ਚ ਦਾਅਵੇ ਕਰਦਾ ਸੁਣਿਆ ਜਾ ਸਕਦਾ ਹੈ ਕਿ, ''ਅਸੀਂ ਆਪਣੇ ਖੋਜੀ ਕੁੱਤਿਆਂ ਦੀ ਬੇਹਤਰੀਨ ਨਸਲ ਨੂੰ ਉਹ ਖਾਣਾ ਹਰ ਰੋਜ਼ ਖੁਆਉਂਦੇ ਹਾਂ ਜਿਹੜਾ ਭਾਰਤ ਦੇ ਕਰੋੜਾਂ ਲੋਕਾਂ ਨੇ ਕਦੇ ਚੱਖ ਕੇ ਵੀ ਨਹੀਂ ਦੇਖਿਆ ਹੋਏਗਾ।'' 
ਦੋ ਘੰਟੇ ਦੇ ਸਮੇਂ 'ਚ ਸਮੋਈ ਇਹ ਫ਼ਿਲਮ ਉਚੇਚੇ ਤੌਰ 'ਤੇ ਇਹ ਦਰਸਾਉਣ 'ਚ ਸਫ਼ਲ ਰਹੀ ਹੈ ਕਿ ਆਦਿਵਾਸੀ ਖੇਤਰ ਅੰਦਰ ਫੈਲੀ ਲੋਕ-ਬੇਚੈਨੀ ਅਤੇ ਤਿੱਖਾ ਘੋਲ ਸਿਰਫ ਆਦਿਵਾਸੀਆਂ ਦੇ ਹੱਕਾਂ ਅਤੇ ਸ਼ਕਤੀ ਤੱਕ ਹੀ ਸੀਮਤ ਨਹੀਂ। ਇਸਦਾ ਪੈਗਾਮ ਵੀ ਮੁਲਕ ਦੇ ਵੱਖ-ਵੱਖ ਖੇਤਰਾਂ ਅਤੇ ਵੱਖ-ਵੱਖ ਮਿਹਨਤਕਸ਼ ਤਬਕਿਆਂ ਤੱਕ ਫੈਲਿਆ ਅਤੇ ਜੁੜਿਆ ਹੋਇਆ ਹੈ। ਵਿਸ਼ੇਸ਼ ਕਰਕੇ ਨਵੀਆਂ ਆਰਥਕ ਨੀਤੀਆਂ, ਉਦਾਰੀਕਰਨ, ਵਿਸ਼ਵੀਕਰਨ ਅਤੇ ਨਿਜੀਕਰਨ ਦੇ ਹੱਲੇ ਦੀ ਮਾਰ ਹੇਠ ਆਏ ਲੋਕਾਂ ਦੀਆਂ ਸੋਚਾਂ, ਪ੍ਰਤੀਕਿਰਿਆਵਾਂ ਅਤੇ ਪ੍ਰਤੀਰੋਧ ਅੰਦਰ ਪਹਿਲਾਂ ਨਾਲੋਂ ਕਿਤੇ ਜ਼ੋਰ ਨਾਲ ਗ਼ਦਰੀ ਦੇਸ਼ ਭਗਤਾਂ, ਸ਼ਹੀਦ ਭਗਤ ਸਿੰਘ ਅਤੇ ਪਾਸ਼ ਵਰਗਿਆਂ ਦੀਆਂ ਰਚਨਾਵਾਂ ਅਤੇ ਅਮਲਾਂ ਰਾਹੀਂ ਪਈਆਂ ਪੈੜਾਂ ਤੋਂ ਵੀ ਅਜੋਕੀਆਂ ਚੁਣੌਤੀਆਂ ਸਰ ਕਰਦੇ ਹੋਏ ਪਾਰ ਜਾਣ ਦੀ ਤਾਂਘ ਜਰਬਾਂ ਖਾ ਰਹੀ ਪ੍ਰਤੀਤ ਹੁੰਦੀ ਹੈ। 
ਫ਼ਿਲਮ ਨਿਰਦੇਸ਼ਕ ਦੀ ਬਰੀਕਬੀਨੀ, ਦੂਰਦ੍ਰਿਸ਼ਟੀ ਅਤੇ ਕਲਾਮਈ ਮੁਹਾਰਤ ਦਾ ਕਮਾਲ ਹੈ ਕਿ ਉਸਦਾ ਕੈਮਰਾ ਅਦਿਵਾਸੀ ਖੇਤਰ ਅੰਦਰ ਧੁਖਦੇ ਜੰਗਲਾਂ ਤੇ ਘੁੰਮਦਾ ਹੋਇਆ, ਉਨ੍ਹਾਂ ਦੇ ਘੋਲਾਂ, ਨਾਚ, ਗੀਤ-ਸੰਗੀਤ, ਨਾਟਕ, ਰੋਸ ਮਾਰਚ ਆਦਿ ਨੂੰ ਪਰਦੇ 'ਤੇ ਉਤਾਰਦਾ ਹੋਇਆ ਅਗਲੇ ਹੀ ਪਲ ਪੰਜਾਬ ਦੀ ਧਰਤੀ ਤੋਂ ਵੀ ਉੱਠ ਰਹੇ ਪ੍ਰਤੀਰੋਧ ਦੇ ਪ੍ਰਤੀਕਾਂ ਉੱਪਰ ਫੋਕਸ ਹੁੰਦਾ ਹੈ। ਇਉਂ ਸੈਂਕੜੇ ਮੀਲਾਂ ਦੀ ਵਿੱਥ ਦੇ ਬਾਵਜੂਦ ਲੋਕ ਸਰੋਕਾਰਾਂ ਦੀ ਸਾਂਝੀ ਧੜਕਣ ਉਹਨਾਂ ਦੇ ਗੀਤਾਂ, ਕਵਿਤਾਵਾਂ, ਨਾਅਰਿਆਂ ਅਤੇ ਸੰਗਰਾਮਾਂ ਵਿੱਚ ਧੜਕਦੀ ਸੁਣਾਈ ਅਤੇ ਦਿਖਾਈ ਦਿੰਦੀ ਹੈ। 
ਲੋਕ ਮਨਾਂ ਦੀ ਗਹਿਰਾਈ 'ਚ ਉਤਰਦੀ ਇਸ ਫ਼ਿਲਮ ਦੀ ਖੂਬੀ ਬਾਰ-ਬਾਰ ਅਜੇਹੇ ਬਿੰਬ, ਦਰਸ਼ਕਾਂ ਦੀਆਂ ਧੁਰ ਅੰਦਰਲੀਆਂ ਸੋਚ-ਪਰਤਾਂ ਦੀ ਤਾਰ ਛੇੜਦੇ ਹਨ ਕਿ ਹਥਿਆਰਬੰਦ ਰਾਜ ਸ਼ਕਤੀ ਜਿਹੜੀ ਮਹਾਂ ਸ਼ਕਤੀ ਬਣਨ ਦੇ ਝੰਡੇ ਲਹਿਰਾਉਂਦੀ ਹੈ; ਉਹਦੇ ਅਫ਼ਸਰਾਂ, ਸਮੁੱਚੇ ਰਾਜਤੰਤਰ ਅੰਦਰ ਜਨਤਕ ਸ਼ਕਤੀ ਦੇ ਜਾਗਣ, ਕਰਵਟ ਲੈਣ ਤੋਂ ਘਬਰਾਹਟ ਹੈ, ਮੱਥੇ ਤਿਉੜੀਆਂ ਦਾ ਝੁਰਮਟ ਹੈ। ਕੂੜ ਤੇ ਖੜ੍ਹੇ ਪ੍ਰਬੰਧ ਦੇ ਮਹੱਲ ਡਿੱਗਣ ਦਾ ਵੱਢ-ਵੱਢ ਖਾ ਰਿਹਾ ਭੈਅ ਹੈ। ਦੂਜੇ ਬੰਨ੍ਹੇ ਸਵੈਮਾਣ ਭਰੀ ਜ਼ਿੰਦਗੀ ਲਈ, ਨਵਾਂ ਰਾਜ ਅਤੇ ਸਮਾਜ ਬਣਾਉਣ ਲਈ ਜੂਝਣ ਵਾਲੇ ਪੂਰੀ ਫ਼ਿਲਮ 'ਚ ਮੌਤ ਨੂੰ ਮਖੌਲਾਂ ਕਰਦੇ, ਮੁਸਕਰਾਉਂਦੇ, ਨੱਚਦੇ, ਗਾਉਂਦੇ ਵਿਖਾਈ ਦਿੰਦੇ ਹਨ। ਮੌਤ ਦੀ ਸੇਜ 'ਤੇ ਜੰਗਲ ਦੇ ਫੁੱਲਾਂ, ਝਰਨਿਆਂ, ਆਬੋ ਹਵਾ ਦਾ ਬੋਖੌਫ਼ ਹੋ ਕੇ ਲੁਤਫ਼ ਲੈਂਦੇ ਹਨ। ਨੌਜਵਾਨ ਮੁੰਡੇ ਕੁੜੀਆਂ ਜਿਵੇਂ ਪਰਿਵਾਰ, ਇਕੋ ਜਿੰਦ ਜਾਨ, ਇਕੋ ਮਿਸ਼ਨ ਦੇ ਸੱਚੇ ਸੁੱਚੇ ਹਮਸਫ਼ਰ ਬਣ ਕੇ, ਸਮਾਜਕ ਇਨਕਲਾਬੀ ਤਬਦੀਲੀ ਦੇ ਆਦਰਸ਼ ਲਈ ਪਾਸ਼ ਦੇ ਇਹ ਬੋਲ ਪੌਣਾਂ 'ਚ ਘੋਲਦੇ ਹੋਏ ਮੰਜ਼ਲ ਵੱਲ ਮਾਰਚ ਕਰਦੇ ਜਾ ਰਹੇ ਹਨ।
''ਅਸੀਂ ਲੜਾਂਗੇ ਸਾਥੀ
ਕਿ ਹਾਲੇ ਤੱਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ ਸਾਥੀ
ਕਿ ਲੜੇ ਬਗੈਰ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ ਸਾਥੀ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ''
ਮਿੱਟੀ ਦੇ ਜਾਇਆਂ, ਮਿੱਟੀ ਦੇ ਵਾਰਸਾਂ,ਮਿੱਟੀ ਦੀ ਨਵੀਂ ਕਹਾਣੀ ਦੇ ਸਿਰਜਕਾਂ ਨੂੰ ਸਲਾਮ ਕਰਦੀ ਹੈ, ਉਹਨਾਂ ਦੀ ਜ਼ਿੰਦਗੀ ਦੀ ਦਾਸਤਾਂ, ਉਹਨਾਂ ਦੇ ਸੁਨਹਿਰੀ ਸੁਪਨਿਆਂ ਦੀ ਨਵੀਂ ਇਬਾਰਤ ਦੀ ਕਹਾਣੀ ਲਿਖੇ ਜਾਣ ਦੇ ਡੁੱਲ੍ਹ-ਡੁੱਲ੍ਹ ਪੈਂਦੇ ਵਿਸ਼ਵਾਸ ਦੀ ਗਵਾਹੀ ਭਰਦੀ ਹੈ ਸੰਜੇ ਕਾਕ ਦੀ ਫ਼ਿਲਮ 'ਮਾਟੀ ਕੇ ਲਾਲ'
0-0

No comments:

Post a Comment