Monday, September 16, 2013

ਉੱਤਰ-ਪ੍ਰਦੇਸ਼ 'ਚ ਮੁਸਲਿਮ ਭਾਈਚਾਰੇ ਦਾ ਇੱਕ ਹੋਰ ਕਤਲੇਆਮ


ਮੌਕਾਪ੍ਰਸਤ ਸਿਆਸੀ ਟੋਲਿਆਂ ਦੀ ਪਾਟਕ-ਪਾਊ ਖੇਡ ਦਾ ਨਤੀਜਾ
ਉੱਤਰ-ਪ੍ਰਦੇਸ਼ 'ਚ ਮੁਸਲਿਮ ਭਾਈਚਾਰੇ ਦਾ ਇੱਕ ਹੋਰ ਕਤਲੇਆਮ

-ਨਵਜੋਤ
ਪੱਛਮੀ ਉੱਤਰ ਪ੍ਰਦੇਸ਼ (ਯੂ.ਪੀ.) ਦੇ ਜ਼ਿਲ੍ਹਾ ਮੁਜੱਫਰਨਗਰ ਦਾ ਸ਼ਹਿਰ ਖੁਦ ਮੁਜੱਫਰਨਗਰ ਅਤੇ ਉਸਦੇ ਆਲੇ ਦੁਆਲੇ ਦੇ ਦਰਜਨਾਂ ਪਿੰਡਾਂ ਦੇ ਇਲਾਕੇ ਵਿੱਚ ਮੁਸਲਿਮ ਭਾਈਚਾਰੇ 'ਤੇ ਫਿਰੂਕ ਜਨੂੰਨ ਦੇ ਨਾਲ ਭੜਕੇ ਹਿੰਦੂ (ਜਾਟ) ਭੀੜਾਂ ਅਤੇ ਗਰੋਹਾਂ ਵੱਲੋਂ ਵੱਡੀ ਪੱਧਰ 'ਤੇ ਹਮਲੇ ਕੀਤੇ ਗਏ ਹਨ। ਅਖਬਾਰੀ ਖਬਰਾਂ ਮੁਤਾਬਕ 51 ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੈਂਕੜੇ ਵਿਅਕਤੀ ਜਖ਼ਮੀ ਹੋਏ ਹਨ, ਦੁਕਾਨਾਂ, ਕਾਰੋਬਾਰਾਂ, ਘਰਾਂ-ਘਾਟਾਂ ਦੀ ਸਾੜਫੂਕ ਅਤੇ ਭੰਨਤੋੜ ਕੀਤੀ ਗਈ ਹੈ। ਪਿੰਡਾਂ ਵਿੱਚ ਆਪਣੇ ਬਚਾ ਲਈ ਨਿਕਲੇ ਮੁਸਲਮਾਨ ਔਰਤਾਂ, ਮਰਦਾਂ ਅਤੇ ਬੱਚਿਆਂ ਨੂੰ ਸ਼ਹਿ ਲਾਈ ਬੈਠੇ ਫਿਰਕੂ ਹਜ਼ੂਮਾਂ ਵੱਲੋਂ ਕਾਤਲਾਨਾ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ ਹੈ। ਹਾਕਮਾਂ ਵੱਲੋਂ ਵੱਡੇ ਪੈਮਾਨੇ  'ਤੇ ਪੁਲਸੀ, ਨੀਮ-ਪੁਲਸੀ ਅਤੇ ਫੌਜੀ ਬਲਾਂ ਦੀ ਤਾਇਨਾਤੀ ਨਾਲ ਚਾਹੇ ਇਹ ਹਿੰਦੂ ਫਿਰਕੂ ਜਨੂੰਨ ਦੀ ਹਨੇਰੀ ਰੁਕ ਗਈ ਲੱਗਦੀ ਹੈ, ਪਰ ਹਾਲੀਂ ਵੀ ਪਾਸੇ ਦੇ ਜ਼ਿਲ੍ਹਿਆਂ ਵਿੱਚ ਇਸਦੇ ਫੈਲਣ ਦੇ ਸੰਕੇਤ ਖਬਰਾਂ 'ਚੋਂ ਦੇਖੇ ਜਾ ਸਕਦੇ ਹਨ। 

ਮੁਸਲਮਾਨ ਭਾਈਚਾਰੇ ਦਾ ਇਹ ਕਤਲੇਆਮ ਨਾ ਪਹਿਲਾ ਹੈ ਅਤੇ ਨਾ ਹੀ ਆਖਰੀ। 1947 ਤੋਂ ਲੈ ਕੇ ਅੱਜ ਤੱਕ ਸੈਂਕੜੇ ਵਾਰੀ ਹਿੰਦੂ-ਮੁਸਲਿਮ ਫਿਰਕੂ ਦੰਗੇ ਭੜਕਾਉਂਦਿਆਂ, ਭਰਾਮਾਰ ਕਤਲੇਆਮ ਰਚਾਏ ਗਏ ਹਨ। ਸੈਂਕੜੇ ਵਾਰੀ ਬਹੁਗਿਣਤੀ ਹਿੰਦੂ ਭਾਈਚਾਰੇ ਨੂੰ ਫਿਰਕੂ ਜਨੂੰਨ ਦੀ ਪੁੱਠ ਦੇ ਕੇ ਮੁਸਲਿਮ ਘੱਟ ਗਿਣਤੀ 'ਤੇ ਹਮਲੇ ਲਈ ਉਕਸਾਇਆ ਹੈ ਅਤੇ ਉਹਨਾਂ ਦਾ ਕਤਲੇਆਮ ਰਚਾਇਆ ਹੈ। 2002 ਵਿੱਚ ਨਰਿੰਦਰ ਮੋਦੀ ਦੀ ਸਰਪ੍ਰਸਤੀ ਹੇਠਲੇ ਭਾਜਪਾ, ਬਜਰੰਗ ਦਲ ਤੇ ਹਿੰਦੂ ਸ਼ਿਵ ਸੈਨਾ ਵੱਲੋਂ ਮੁਸਲਮਾਨਾਂ ਦੇ ਖ਼ੂਨ ਨਾਲ ਖੇਡੀ ਚੰਗੇਜ਼ਖਾਨੀ ਹੋਲੀ ਇਤਿਹਾਸ ਦਾ ਇੱਕ ਕਲੰਕਤ ਪੰਨਾ ਬਣ ਗਈ ਹੈ। ਅਸਲ ਵਿੱਚ ਇਸ ਅਖੌਤੀ ਆਜ਼ਾਦ ਅਤੇ ਜਮਹੂਰੀ ਮੁਲਕ ਅੰਦਰ ਸਭਨਾਂ ਲੁੱਟੇ-ਲਤਾੜੇ ਲੋਕਾਂ ਵਾਂਗੂ ਧਾਰਮਿਕ ਘੱਟ-ਗਿਣਤੀਆਂ ਵੀ ਸੁਰੱਖਿਅਤ ਨਹੀਂ ਹਨ। ਸਭਨਾਂ ਮੌਕਾਪ੍ਰਸਤ ਪਾਰਲੀਮਾਨੀ ਸਿਆਸੀ ਪਾਰਟੀਆਂ ਵੱਲੋਂ ਅੰਗਰੇਜ਼ ਬਸਤੀਵਾਦੀਆਂ ਵੱਲੋਂ ਵਿਰਾਸਤ ਵਿੱਚ ਸੌਂਪੀ ''ਪਾੜੋ ਤੇ ਰਾਜ ਕਰੋ'' ਦੀ ਪਾਟਕ-ਪਾਊ ਨੀਤੀ ਦੀ ਰੱਜ ਕੇ ਵਰਤੋਂ ਕੀਤੀ ਜਾਂਦੀ ਹੈ। ਧਰਮਾਂ, ਜਾਤਾਂ, ਬੋਲੀ ਅਤੇ ਇਲਾਕਾਈ ਵਖਰੇਵਿਆਂ ਨੂੰ ਲੋਕਾਂ ਨੂੰ ਪਾੜਨ-ਵੰਡਣ ਦੀ ਭਰਾਮਾਰ ਲੜਾਈ ਵਿੱਚ ਝੋਕਣ ਅਤੇ ਇਉਂ ਆਪਣੇ ਪੱਖੀ ਵੋਟ ਪਾਲਾਬੰਦੀ ਕਰਨ ਦੀ ਖੇਡ 'ਚ ਵਰਤਿਆ ਜਾਂਦਾ ਹੈ। ਇਹਨਾਂ ਹਾਕਮ ਜਮਾਤੀ ਸਿਆਸੀ ਟੋਲਿਆਂ ਵਿੱਚ ਭਾਰਤੀ ਜਨਤਾ ਪਾਰਟੀ, ਸ਼ਿਵ ਸੈਨਾ ਅਤੇ ਅਕਾਲੀ ਦਲ ਤਾਂ ਐਲਾਨੀਆ ਹੀ ਫਿਰਕੂ ਪੱਤਾ ਖੇਡਦੇ ਹਨ। 

ਇਸ ਹਾਕਮ ਜਮਾਤੀ ਪਾਟਕ-ਪਾਊ ਵੋਟ ਸਿਆਸਤ ਨੇ ਜਿੱਥੇ ਸਮੁੱਚੇ ਮੁਲਕ ਨੂੰ ਲਪੇਟ ਵਿੱਚ ਲਿਆ ਹੋਇਆ ਹੈ, ਉੱਥੇ ਯੂ.ਪੀ. ਵਿੱਚ ਵੀ ਮਿਹਨਤਕਸ਼ ਲੋਕਾਂ ਦੀ ਜਮਾਤੀ/ਤਬਕਾਤੀ ਅਤੇ ਭਾਈਚਾਰਕ ਏਕਤਾ ਨੂੰ ਖੱਖੜੀਆਂ ਕਰੇਲੇ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਜਪਾ, ਕਾਂਗਰਸ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਲੋਕ ਦਲ ਵਰਗੀਆਂ ਸਭ ਪਾਰਟੀਆਂ ਇਸ ਹਮਾਮ ਵਿੱਚ ਨੰਗੀਆਂ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਅਯੁੱਧਿਆ ਵਿਖੇ ਰਾਮ ਮੰਦਰ ਬਣਾਉਣ ਦੇ ਮੁੱਦੇ ਦੁਆਲੇ ਹਿੰਦੂ ਭਾਈਚਾਰੇ ਦੀ ਵੋਟ ਪਾਲਾਬੰਦੀ ਕਰਨ ਦੀ ਵਿਉਂਤ ਬਣਾ ਕੇ ਚੱਲਿਆ ਜਾ ਰਿਹਾ ਹੈ। ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਅਤੇ ਲੋਕ ਦਲ ਵੱਲੋਂ ਜਾਤ ਅਧਾਰਤ ਪਾਲਾਬੰਦੀ ਕਰਨ 'ਤੇ ਦਾਅ ਲਾਇਆ ਜਾ ਰਿਹਾ ਹੈ। ਇਹ ਪਾਟਕਪਾਊ ਖੇਡ ਦਾ ਹੀ ਸਿੱਟਾ ਹੈ ਕਿ ਸਮੁੱਚੇ ਯੂ.ਪੀ. ਵਾਂਗ ਇਸਦੇ ਪੱਛਮੀ ਖਿੱਤੇ ਦੇ ਹਿੰਦੂ ਧਰਮ ਨਾਲ ਸੰਬੰਧਤ ਜਾਟਾਂ ਅਤੇ ਮੁਸਲਮਾਨਾਂ ਨੂੰ ਇਸ ਭਰਾਮਾਰ ਪਾਟਕ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜੀਤ ਸਿੰਘ ਅਗਵਾਈ ਹੇਠਲਾ ਲੋਕ ਦਲ ਜਾਟਾਂ ਦੇ ਨੁਮਾਇੰਦਾ ਹੋਣ ਦਾ ਦਾਅਵਾ ਕਰਦਾ ਹੈ ਅਤੇ ਮੁਸਲਮਾਨ ਧਰਮ ਨਾਲ ਸਬੰਧਤ ਲੋਕਾਂ ਦਾ ਬਹੁਤ ਭਾਰੀ ਹਿੱਸਾ ਸਮਾਜਵਾਦੀ ਪਾਰਟੀ ਦੇ ਅਸਰ ਹੇਠ ਚਲਿਆ ਆਉਂਦਾ ਹੈ। ਪੱਛਮੀ ਯੂ.ਪੀ. ਦੇ ਇਹਨਾਂ 12 ਜ਼ਿਲ੍ਹਿਆਂ (ਸਹਾਰਨਪੁਰ, ਮੁਜੱਫਰਨਗਰ, ਬਾਘਪਤ, ਮੇਰਠ, ਗਾਜ਼ੀਆਬਾਦ, ਜੀ.ਬੀ.ਨਗਰ, ਬੁਲੰਦਸ਼ਹਿਰ, ਅਲੀਗੜ੍ਹ, ਬਿਜਨੌਰ, ਜੇ.ਪੀ.ਨਗਰ, ਮੁਰਾਦਾਬਾਦ, ਰਾਮਪੁਰ) ਵਿੱਚ ਮੁਸਲਮਾਨ ਕੁਲ ਵਸੋਂ ਦੀ 33.2 ਫੀਸਦੀ ਬਣਦੇ ਹਨ। 2012 ਦੀਆਂ ਵਿਧਾਨ ਸਭਾਈ ਚੋਣਾਂ ਵਿੱਚ ਇਹਨਾਂ ਜ਼ਿਲ੍ਹਿਆਂ ਦੀਆਂ ਕੁੱਲ 77 ਸੀਟਾਂ 'ਚੋਂ 26 'ਤੇ ਮੁਸਲਮਾਨ ਧਰਮ ਨਾਲ ਸਬੰਧਤ ਵਿਧਾਇਕ ਚੁਣੇ ਗਏ ਹਨ। ਸਮੁੱਚੇ ਯੂ.ਪੀ. ਵਿੱਚ ਮੁਸਲਮਾਨ ਵਸੋਂ ਦਾ 19 ਫੀਸਦੀ ਬਣਦੇ ਹਨ। 2014 ਨੂੰ ਆ ਰਹੀਆਂ ਲੋਕ-ਸਭਾਈ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਸਮਾਜਵਾਦੀ ਪਾਰਟੀ, ਬਸਪਾ ਅਤੇ ਕਾਂਗਰਸ ਦਰਮਿਆਨ ਮੁਸਲਮਾਨ ਵੋਟ ਨੂੰ ਹਥਿਆਉਣ ਲਈ ਕੁੱਕੜਖੋਹੀ ਤੇਜ਼ ਹੋ ਰਹੀ ਹੈ, ਉੱਥੇ ਲੋਕ ਦਲ ਵੱਲੋਂ ਜਾਟ ਵੋਟ ਨੂੰ ਹਥਿਆਉਣ ਅਤੇ  ਭਾਰਤੀ ਜਨਤਾ ਪਾਰਟੀ ਵੱਲੋਂ ਬਹੁਗਿਣਤੀ ਹਿੰਦੂ ਵਸੋਂ ਦੀ ਵੋਟ ਦੀ ਫਿਰਕੂ ਪਾਲਾਬੰਦੀ ਦੇ ਅਖਾੜੇ ਮਘਾਉਣ ਲਈ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾ ਰਹੀਆਂ ਹਨ। 

ਮੁਜੱਫਰਨਗਰ ਵਿੱਚ ਛੇੜ-ਛਾੜ ਦੀਆਂ ਘਟਨਾਵਾਂ 'ਤੇ ਨੌਜਵਾਨਾਂ ਦੇ ਦੋ ਗਰੁੱਪਾਂ ਵਿੱਚ ਹੋਈ ਲੜਾਈ ਵਿੱਚ ਦੋ ਜਾਟ ਤੇ ਇੱਕ ਮੁਸਲਮਾਨ ਮੁੰਡਿਆਂ ਦੇ ਮਾਰੇ ਜਾਣ ਦੀ ਘਟਨਾ ਇਹਨਾਂ ਲੋਕ-ਦੋਖੀ ਟੋਲਿਆਂ ਲਈ ਇੱਕ ਨਿਆਮਤੀ ਬਹਾਨਾ ਬਣਕੇ ਬਹੁੜੀ ਹੈ। ਭਾਰਤੀ ਕਿਸਾਨ ਯੂਨੀਅਨ (ਟਿਕੈਤ) ਵੱਲੋਂ ਇਸ ਘਟਨਾ ਵਿਰੁੱਧ ਇੱਕ ਜਾਟ ਇਕੱਠ (ਮਹਾਂ-ਪੰਚਾਇਤ) ਸੱਦਿਆ ਗਿਆ। ਉੱਥੇ ਭਾਰਤੀ ਜਨਤਾ ਪਾਰਟੀ ਦੇ ਯੂ.ਪੀ. ਵਿਧਾਨ ਸਭਾ ਅੰਦਰ ਨੇਤਾ ਹੁਕਮ ਸਿੰਘ ਸਮੇਤ 4 ਵਿਧਾਇਕ ਜਾ ਧਮਕੇ। ਇਸ ਤੋਂ ਇਲਾਵਾ ਕਾਂਗਰਸ ਦਾ ਇੱਕ ਹਾਰਿਆ ਹੋਇਆ ਵਿਧਾਇਕ ਵੀ ਜਾ ਪਹੁੰਚਿਆ। ਉੱਥੇ ਹਾਜ਼ਰ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮੁਸਲਮਾਨ ਭਾਈਚਾਰੇ ਖਿਲਾਫ ਜਾਟ ਸ਼ਾਵਨਵਾਦ ਦਾ ਪਲੀਤਾ ਲਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮੌਕਾ ਨਾ ਸਿਰਫ ਜਾਟ ਸ਼ਾਵਨਵਾਦ 'ਤੇ ਹਿੰਦੂ-ਸ਼ਾਵਨਵਾਦ ਦਾ ਫੂਸ ਪਾ ਕੇ ਹਿੰਦੂ ਜਾਟਾਂ ਵਿੱਚ ਪੈਰ ਪਾਉਣ ਦੇ ਗਨੀਮਤ ਮੌਕੇ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਗਈ, ਸਗੋਂ ਇਸ ਨੂੰ ਹਿੰਦੂ-ਮੁਸਲਮਾਨ ਲੜਾਈ ਵਜੋਂ ਭੜਕਾਉਣ ਦੀ ਕੋਸ਼ਿਸ਼ ਕਰਦਿਆਂ, ਸਮੁੱਚੇ ਯੂ.ਪੀ. ਵਿੱਚ ਹਿੰਦੂ ਵਸੋਂ ਦੀ ਵੋਟ ਪਾਲਾਬੰਦੀ ਨੂੰ ਉਗਾਸਾ ਦੇਣ ਦਾ ਪੱਤਾ ਵੀ ਚੱਲਿਆ ਗਿਆ। ਇਉਂ, ਇਹਨਾਂ ਲੋਕ-ਦੁਸ਼ਮਣ ਸਿਆਸੀ ਟੋਲਿਆਂ ਵੱਲੋਂ ਹਿੰਦੂ (ਜਾਟ) ਫਿਰਕੂ ਜਨੂੰਨ ਨੂੰ ਚੁਆਤੀ ਲਾਉਂਦਿਆਂ, 2002 ਦੇ ਗੁਜਰਾਤ ਕਤਲੇਆਮ ਵਾਂਗ ਮੁਸਲਮਾਨ ਭਾਈਚਾਰੇ ਦੇ ਇੱਕ ਹੋਰ ਕਤਲੇਆਮ ਰਚਾਉਣ ਦੀ ਸਾਜਿਸ਼ ਰਚੀ ਗਈ ਹੈ। ਸਮਾਜਵਾਦੀ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਇਸ ਮਾੜੇ ਘਟਨਾਚੱਕਰ ਵਿੱਚ ਮੌਕਾਪ੍ਰਸਤ ਸਿਆਸੀ ਲੀਡਰਾਂ ਵੱਲੋਂ ਇਹਨਾਂ ਹਮਲਿਆਂ ਦੀ ਤਿਆਰੀ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਸਮੇਂ ਬਾਮੌਕਾ ਦਖ਼ਲ ਦੇਣ ਦੀ ਬਜਾਇ, ਦੇਰ ਨਾਲ ਦਖਲ ਦੇਣ ਦਾ ਕਦਮ ਸੋਚਿਆ ਸਮਝਿਆ ਹੈ। ਸਮਾਜਵਾਦੀ ਪਾਰਟੀ ਦੀ ਗਿਣਤੀ ਵੀ ਇਹ ਸੀ ਕਿ ਇੱਕ ਹੱਦ ਤੱਕ ਘਟਨਾਚੱਕਰ ਨੂੰ ਭੜਕਣ ਦੀ ਖੁੱਲ੍ਹ ਦਿੰਦਿਆਂ, ਮੁਸਲਮਾਨ ਭਾਈਚਾਰੇ ਵਿੱਚ ਅਸੁਰੱਖਿਆ ਦੇ ਅਹਿਸਾਸ ਨੂੰ ਵਧਾਇਆ ਜਾਵੇ ਅਤੇ ਫਿਰ ਹਕੂਮਤੀ ਦਖਲ ਤੇ ਪਾਰਟੀ ਹੱਥਕੰਡਿਆਂ ਦੀ ਵਰਤੋਂ ਕਰਦਿਆਂ, ਮੁਸਲਮਾਨ ਭਾਈਚਾਰੇ ਦੇ ਇੱਕੋ ਇੱਕ ਸੁਰੱਖਿਆ ਅਵਤਾਰ ਵਜੋਂ ਪੇਸ਼ ਹੋਇਆ ਜਾਵੇ। 

ਮੁਲਕ ਅੰਦਰ ਇਸ ਘਟਨਾ ਸਮੇਤ ਬਹੁਗਿਣਤੀ ਵੱਲੋਂ ਘੱਟਗਿਣਤੀ 'ਤੇ, ਉੱਚ-ਜਾਤੀ ਲੋਕਾਂ ਵੱਲੋਂ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਨਾਲ ਸਬੰਧਤ ਲੋਕਾਂ 'ਤੇ, ਜਬਰ ਤੇ ਹਮਲੇ ਦੀਆਂ ਘਟਨਾਵਾਂ ਅਤੇ ਆਪਸੀ ਫਿਰਕੂ ਦੰਗਿਆਂ-ਫਸਾਦਾਂ ਅਤੇ ਝਗੜਿਆਂ ਵਿੱਚ ਮੌਕਾਪ੍ਰਸਤ ਪਾਰਲੀਮਾਨੀ ਟੋਲਿਆਂ ਦੀ ਸਿੱਧੀ/ਅਸਿੱਧੀ ਜ਼ਾਹਰਾ/ਲੁਕਵੀਂ ਅਤੇ ਐਲਾਨੀਆਂ/ਅਣ-ਐਲਾਨੀਆ ਸ਼ਮੂਲੀਅਤ ਤੇ ਦਖਲ ਹੁਣ ਜੱਗ ਜ਼ਾਹਰ ਹੋ ਚੁੱਕਾ ਹੈ। ਸਾਮਰਾਜੀ ''ਸੁਧਾਰਾਂ'' ਅਤੇ ''ਢਾਂਚਾ-ਢਲਾਈ'' 'ਤੇ ਸਭਨਾਂ ਹੀ ਟੋਲਿਆਂ ਦੀ ਸਰਬਸੰਮਤੀ ਹੋਣ ਕਰਕੇ, ਵੋਟ ਪਾਲਾਬੰਦੀ ਦੀ ਖੇਡ ਵਿੱਚ ਇਹਨਾਂ ਦੀ ਟੇਕ ਧੌਂਸ-ਧੱਕੇ, ਭ੍ਰਿਸ਼ਟ ਤੇ ਨਿੱਘਰੇ ਹੱਥਕੰਡਿਆਂ ਤੋਂ ਇਲਾਵਾ ਪਾਟਕਪਾਊ ਚਾਲਾਂ ਰਾਹੀਂ, ਭਰਾਮਾਰ ਭੇੜ ਭੜਕਾਉਣ ਦੀ ਖੇਡ 'ਤੇ ਵਧਦੀ ਜਾ ਰਹੀ ਹੈ। ਆਉਂਦੀਆਂ 2014 ਦੀਆਂ ਲੋਕ ਸਭਾ ਚੋਣਾਂ ਨੇ ਜਿਉਂ ਜਿਉਂ ਨੇੜੇ ਆਉਣਾ ਹੈ। ਇਹਨਾਂ ਦੀ ਇਸ ਲੋਕ-ਦੁਸ਼ਮਣ ਖੇਡ ਨੇ ਹੋਰ ਭਖਾਅ ਫੜਨਾ ਹੈ।

ਸਭਨਾਂ ਇਨਕਲਾਬੀ ਜਮਹੂਰੀ, ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ, ਤਾਕਤਾਂ ਨੂੰ ਇਹਨਾਂ ਹਾਕਮ ਜਮਾਤੀ ਸਿਆਸੀ ਟੋਲਿਆਂ ਦੀ ਇਸ ਖੇਡ ਨੂੰ ਬੁੱਝਦਿਆਂ, ਇਸ ਨੂੰ ਨੰਗਾ ਕਰਨਾ ਚਾਹੀਦਾ ਹੈ ਅਤੇ ਇਸ ਖਿਲਾਫ ਲੋਕ ਰਾਇ ਲਾਮਬੰਦ ਕਰਨੀ ਚਾਹੀਦੀ ਹੈ। 

No comments:

Post a Comment