ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਇਜਲਾਸ
ਸਹੀ ਦਿਸ਼ਾ 'ਚ ਨਰੋਆ ਕਦਮ ਵਧਾਰਾ
-ਲਛਮਣ ਸਿੰਘ ਸੇਵੇਵਾਲ
ਜਿਲ੍ਹਾ ਬਠਿੰਡਾ ਦੇ ਪਿੰਡ ਕੋਠਾ ਗੁਰੂ ਵਿਖੇ ਪੰਜਾਬ ਖੇਤ ਮਜਦੂਰ ਯੂਨੀਅਨ ਦਾ ਪੰਜਵਾਂ ਸੂਬਾਈ ਇਜਲਾਸ 17-18 ਅਗਸਤ 2013 ਨੂੰ ਭਾਰੀ ਤੇ ਲਗਾਤਾਰ ਬਾਰਸ਼ਾਂ ਦੇ ਬਾਵਜੂਦ ਸਫਲ ਹੋ ਨਿੱਬੜਿਆ। ਦੋ ਦਿਨ ਚੱਲੇ ਇਸ ਅਜਲਾਸ 'ਚ ਬਠਿੰਡਾ, ਮੁਕਤਸਰ, ਮੋਗਾ, ਫਰੀਦਕੋਟ, ਸੰਗਰੂਰ ਤੇ ਜਲੰਧਰ ਜਿਲ੍ਹਿਆਂ 'ਚੋ ਅੱਧੀ ਦਰਜਨ ਔਰਤਾਂ ਸਮੇਤ ਆਏ ਕੁੱਲ ਸਵਾ ਸੌ ਦੇ ਕਰੀਬ ਡੈਲੀਗੇਟਾਂ ਨੇ ਭਾਗ ਲਿਆ। ਖੇਤ ਮਜ਼ਦੂਰ ਜਥੇਬੰਦੀ ਦੀ ਸੂਬਾਈ ਲੀਡਰਸ਼ਿੱਪ ਵੱਲੋਂ ਪਿਛਲੇ ਸਾਲਾਂ ਦੌਰਾਨ ਲੜੇ ਗਏ ਘੋਲਾਂ ਅਤੇ ਆਪਣੇ ਅਭਿਆਸ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ ਗਈ। ਮੌਜੂਦਾ ਹਾਲਤਾਂ ਅਤੇ ਇਹਨਾਂ ਦੇ ਖੇਤ ਮਜ਼ਦੂਰਾਂ 'ਤੇ ਪੈ ਰਹੇ ਤੇ ਪੈਣ ਵਾਲੇ ਅਸਰਾਂ ਦਾ ਵਿਸਲੇਸ਼ਣ ਤੇ ਨਿਰਣਾ ਪੇਸ਼ ਕੀਤਾ ਗਿਆ। ਇਹਨਾਂ ਹਾਲਤਾਂ ਨੂੰ ਮੜਿੱਕਣ ਲਈ ਜੋ ਨਵੀਂ ਕਾਰਜ ਸੇਧ ਤਹਿ ਕੀਤੀ ਗਈ ਇਹਨਾਂ ਪੱਖਾਂ ਤੋਂ ਇਹ ਅਜਲਾਸ ਖੇਤ ਮਜਦੂਰ ਜਥੇਬੰਦੀ ਤੇ ਲਹਿਰ ਦੇ ਵਿਕਾਸ 'ਚ ਇੱਕ ਮਹੱਤਵਪੂਰਨ ਸਿਆਸੀ ਸਰਗਰਮੀ ਹੋ ਨਿੱਬੜਿਆ। ਦੂਜੇ ਪਾਸੇ ਡੈਲੀਗੇਟਾਂ ਵੱਲੋਂ ਭਰਵੇਂ ਉਤਸ਼ਾਹ ਨਾਲ ਵਿਚਾਰ-ਚਰਚਾ 'ਚ ਹਿੱਸਾ ਲਿਆ ਗਿਆ।
Ñਲਗਾਤਾਰ ਪੈ ਰਹੀ ਬਾਰਸ਼ ਦੇ ਕਾਰਨ ਜਦ ਇੱਕ ਦਿਨ ਪਹਿਲਾਂ ਅਜਲਾਸ ਵੇਲੇ ਹਾਲ ਦੀ ਛੱਤ ਚੋਂ ਪਾਣੀ ਸਿੰਮਣ ਕਾਰਨ ਜਦ ਇਸ ਜਗ੍ਹਾ ਅਜਲਾਸ ਸਿਰੇ ਚੜ੍ਹਨ ਬਾਰੇ ਬੇਯਕੀਨੀ ਬਣਨ ਲੱਗੀ ਤਾਂ ਜਿਵੇਂ ਪਿੰਡ ਦੇ ਖੇਤ ਮਜਦੂਰਾਂ ਵੱਲੋਂ ਪੈਂਦੇ ਮੀਂਹ 'ਚ ਹੀ ਛੱਤ ਤੋਂ ਮਿੱਟੀ ਉਤਾਰ ਕੇ, ਹੇਠਾਂ ਮੋਮੀ ਕਾਗਜ ਪਾ ਕੇ ਦੇਰ ਰਾਤ ਤੱਕ ਮੁੜ ਮਿੱਟੀ ਪਾ ਕੇ ਚੋਅ ਰਹੀ ਛੱਤ ਨੂੰ ਸੁਕਾਇਆ ਗਿਆ ਅਤੇ ਵਰ੍ਹਦੇ ਮੀਂਹ 'ਚ ਦਿਨ ਰਾਤ ਇੱਕ ਕਰਕੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਇਹ ਆਪਣੇ ਆਪ 'ਚ ਹੀ ਉਹਨਾਂ ਦੇ ਜੋਸ਼ ਭਰਪੂਰ ਇਰਾਦਿਆਂ ਦੀ ਪੁਸ਼ਟੀ ਹੋ ਨਿੱਬੜਿਆ। ਅਜਲਾਸ ਦੌਰਾਨ ਪੇਸ਼ ਕੀਤੀ ਕਾਰਗੁਜਾਰੀ ਰਿਪੋਰਟ 'ਚੋਂ ਇਸ ਦੇ ਹਰਕਤਸ਼ੀਲ, ਵਿਕਸਤ ਹੋ ਰਹੀ ਅਤੇ ਸੰਘਰਸ਼ਮੁਖੀ ਜਥੇਬੰਦੀ ਵਾਲੇ ਨੈਣ ਨਕਸ਼ ਉਘੜਦੇ ਹਨ. ਇਸ ਤੋਂ ਅੱਗੇ ਜਿਹਨਾਂ ਮੁੱਦਿਆਂ ਅਤੇ ਲੀਹਾਂ 'ਤੇ ਇਸ ਵੱਲੋਂ ਘੋਲ ਲੜੇ ਤੇ ਵਿਉਂਤੇ ਗਏ ਉਸ ਵਿਚੋਂ ਇਸ ਦੁਆਰਾ ਖੇਤ ਮਜ਼ਦੂਰਾਂ ਨੂੰ ਸਮਾਜਿਕ ਸ਼ਕਤੀ ਵਜੋਂ ਉਭਾਰਕੇ ਲਿਆਉਣ ਦੀ ਦਿਸ਼ਾ ਉਭਰਦੀ ਹੈ। ਇਸ ਵੱਲੋਂ ਦਰੁਸਤ ਘੋਲ ਲੀਹ 'ਤੇ ਡਟੇ ਰਹਿਣ ਦਾ ਹੀ ਸਿੱਟਾ ਹੈ ਕਿ ਖੇਤ ਮਜ਼ਦੂਰਾਂ ਵੱਲੋਂ ਇਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਿਸਾਨਾਂ, ਮੁਲਾਜ਼ਮਾਂ ਤੇ ਹੋਰਨਾ ਮਿਹਨਤਕਸ਼ ਤੇ ਸੰਘਰਸ਼ਸ਼ੀਲ ਹਿੱਸਿਆਂ ਵੱੱਲੋਂ ਡਟਵਾਂ ਸਮਰਥਨ ਮਿਲ ਰਿਹਾ ਹੈ। ਇਸ ਦਾ ਪਸਾਰਾ ਹੋ ਰਿਹਾ ਹੈ। ਨਵੀਆਂ ਇਕਾਈਆਂ ਬਣ ਰਹੀਆਂ ਹਨ। ਆਮ ਖੇਤ ਮਜਦੂਰਾਂ 'ਚ ਆਪਣੇ ਦੋਸਤਾਂ ਤੇ ਦੁਸ਼ਮਣਾਂ ਨੂੰ ਪਛਾਨਣ ਦੀ ਸੋਝੀ ਦਾ ਵਧਾਰਾ ਹੋ ਰਿਹਾ ਹੈ। ਕੁੱਲ ਮਿਲਾ ਕੇ ਘੋਰ ਗੁਰਬਤ, ਵਿਆਪਕ ਬੇਰੁਜਗਾਰੀ ਤੇ ਅਥਾਹ ਬੇਵੁਕਤੀ ਦੀਆਂ ਅਸਹਿਣਯੋਗ ਹਾਲਤਾਂ ਹੰਢਾ ਰਹੇ ਤੇ ਗੈਰ-ਜਥੇਬੰੰਦ ਖੇਤ ਮਜਦੂਰਾਂ ਲਈ ਇਹ ਆਸ ਦੀ ਕਿਰਨ ਬਣ ਰਹੀ ਹੈ।
ਜਿਸ ਤਰ੍ਹਾਂ ਪੰਚਾਇਤੀ ਤੇ ਸ਼ਾਮਲਾਟ ਜਮੀਨਾਂ 'ਤੇ ਕਾਬਜ ਮਜ਼ਦੂਰਾਂ ਨੂੰ ਉਜਾੜਨ 'ਤੇ ਉਤਾਰੂ ਪੰਚਾਇਤਾਂ ਤੇ ਅਫਸਰਸ਼ਾਹੀ ਖਿਲਾਫ ਘੋਲ ਲੜਕੇ ਮਜ਼ਦੂਰਾਂ ਦਾ ਉਜਾੜਾ ਰੋਕਿਆ ਗਿਆ, ਬੇਘਰੇ ਤੇ ਲੋੜਵੰਦ ਮਜ਼ਦੂਰਾਂ ਨੂੰ ਪਲਾਟ ਦੇਣ ਲਈ ਪੰਚਾਇਤਾਂ, ਪ੍ਰਸ਼ਾਸਨ ਤੇ ਸਰਕਾਰ ਖਿਲਾਫ ਘੋਲ ਲੜ ਕੇ ਪਲਾਟ ਹਾਸਲ ਕੀਤੇ ਗਏ, ਮਤੇ ਪਾਉਣ ਤੋਂ ਇਨਕਾਰੀ ਪੰਚਾਇਤਾਂ ਤੋਂ ਘੋਲ ਦੇ ਜੋਰ ਮਤੇ ਪਵਾਏ ਗਏ, ਪੁਲਸ ਤੇ ਜਾਗੀਰਦਾਰਾਂ ਦੇ ਜਬਰ ਤੇ ਧੱਕਿਆਂ ਖਿਲਾਫ ਮੋਰਚੇ ਲਾ ਕੇ ਦੋਸ਼ੀਆਂ ਤੋਂ ਮੁਆਫੀਆਂ ਮੰਗਵਾਈਆਂ, ਜੁਰਮਾਨੇ ਵਸੂਲੇ ਤੇ ਕੇਸ ਵਾਪਸ ਕਰਾਏ ਗਏ, ਸਰਕਾਰੀ ਰਿਆਇਤਾਂ ਸਹੂਲਤਾਂ ਬਿਨਾ ਵਿਤਕਰਾ ਲਾਗੂ ਕਰਾਉਣ ਲਈ ਲੰਮੇ ਘੋਲ ਲੜਕੇ ਪ੍ਰਾਪਤੀਆਂ ਕੀਤੀਆਂ ਗਈਆਂ। ਖੁਦਕੁਸ਼ੀਆਂ ਦੇ ਸ਼ਿਕਾਰ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਤੇ ਨੌਕਰੀ ਦੇਣ, ਖੁਦਕੁਸ਼ੀਆਂ ਦੇ ਸਰਵੇ 'ਚ ਛੱਡੇ ਗਏ ਮਜ਼ਦੂਰਾਂ ਨੂੰ ਸਰਵੇ 'ਚ ਸ਼ਾਮਲ ਕਰਨ ਲਈ ਬੀ.ਕੇ.ਯੂ ਏਕਤਾ ਨਾਲ ਸਾਂਝਾ ਘੋਲ ਲੜ ਕੇ ਨਾ ਸਿਰਫ ਇਹੀ ਮੰਗਾਂ ਮੰਨਵਾਉਣਾ ਸਗੋਂ ਕਰਜਾ ਕਾਨੂੰਨ ਬਨਾਉਣ ਦੀ ਮੰਗ ਵੀ ਪ੍ਰਵਾਨ ਕਰਾਉਣਾ, ਬਿਜਲੀ ਬੋਰਡ ਦੇ ਨਿੱਜੀਕਰਨ ਵਿਰੁੱਧ ਕਈ ਵਰ੍ਹੇ ਲੜੇ ਲੰਮੇ ਘੋਲ 'ਚ ਡਟਵਾਂ ਕੰਨ੍ਹਾ ਲਾਉਣਾ, ਜਮੀਨੀ ਸੁਧਾਰਾਂ ਦੀ ਮੰਗ ਨੂੰ ਉਭਾਰਕੇ ਲਿਆਉਣਾ ਆਦਿਕ ਪੱਖਾਂ ਤੋਂ ਉਕਤ ਨਿਰਣਿਆਂ ਦੀ ਪੁਸ਼ਟੀ ਹੁੰਦੀ ਹੈ।
Îਮੌਜੂਦਾ ਹਾਲਤਾਂ ਦੀ ਦਰੁਸਤ ਨਜ਼ਰੀਏ ਤੋਂ ਪੁਣਛਾਣ ਕਰਦਿਆਂ ਸਹੀ ਨਿਰਣਾ ਪੇਸ਼ ਕੀਤਾ ਗਿਆ ਕਿ ਫਸਲੀ ਵਿਭਿੰਨਤਾ ਦੇ ਨਾਂਅ ਹੇਠ ਲਿਆਂਦੀ ਗਈ ਨਵੀਂ ਖੇਤੀ ਨੀਤੀ ਪਹਿਲਾਂ ਹੀ ਰੁਜਗਾਰ ਦੀ ਤੋਟ ਹੰਢਾ ਰਹੇ ਖੇਤ ਮਜਦੂਰਾਂ ਦਾ ਹੋਰ ਵੀ ਰੁਜ਼ਗਾਰ ਉਜਾੜੇਗੀ। ਕਣਕ ਤੇ ਝੋਨੇ ਹੇਠੋਂ ਰਕਬਾ ਕੱਢਣ ਨਾਲ ਜਿੱਥੇ ਰੁਜਗਾਰ ਦਾ ਉਜਾੜਾ ਹੋਵੇਗਾ, ਉਥੇ ਖਾਧ ਖੁਰਾਕ ਦੀ ਤੋਟ ਹੋਰ ਵੀ ਵਧੇਗੀ ਅਤੇ ਮਹਿੰਗਾਈ ਨੂੰ ਅੱਡੀ ਲਾਉਣ ਦਾ ਸਬੱਬ ਬਣੇਗੀ। ਹਰ ਰੰਗ ਦੀਆਂ ਸਰਕਾਰਾਂ ਵੱਲਂੋ ਖੇਤ ਮਜ਼ਦੂਰਾਂ, ਕਿਸਾਨਾਂ ਸਮੇਤ ਸਮੁੱਚੇ ਮੁਲਕ ਦੀ ਤਰੱਕੀ ਲਈ ਲਾਜਮੀ ਬਣਦੇ ਜਮੀਨੀ ਸੁਧਾਰਾਂ ਨੂੰ ਲਾਗੂ ਕਰਨ ਦੀ ਥਾਂ ਇਹਨਾਂ ਨੂੰ ਪੁੱਠਾ ਗੇੜਾ ਦੇਣ ਦੀ ਧੁੱਸ ਲਾਗੂ ਕੀਤੀ ਜਾ ਰਹੀ ਹੈ। ਵੱਡੇ ਸਰਮਾਏਦਾਰ ਘਰਾਣਿਆਂ, ਕਾਰਪੋਰੇਟਾਂ ਅਤੇ ਦੇਸੀ ਬਦੇਸ਼ੀ ਕੰਪਨੀਆਂ ਨੂੰ ਕਾਰੋਬਾਰਾਂ ਦੇ ਨਾਂਅ ਹੇਠ ਪਹਿਲਾਂ ਹੀ ਦਹਿ-ਹਜਾਰਾਂ ਏਕੜ ਜਮੀਨਾਂ ਰੱਖਣ ਦੀ ਖੁਲ੍ਹ ਦੇ ਦਿੱਤੀ ਹੈ। ਉਸ 'ਚ ਹੋਰ ਤੇਜੀ ਲਿਆਉਣ ਲਈ ਜਮੀਨੀ ਬੈਂਕ ਸਥਾਪਤ ਕਰ ਦਿੱਤੇ ਹਨ। ਬਿਜਲੀ, ਪਾਣੀ, ਸਿੱਖਿਆ ਤੇ ਸਿਹਤ ਸਹੂਲਤਾਂ ਦਾ ਭੋਗ ਪਾਉਣ ਦੇ ਕਦਮਾਂ 'ਚ ਹੋਰ ਤੇਜੀ ਲਿਆਂਦੀ ਜਾ ਰਹੀ ਹੈ। ਖੇਤੀ ਕਰਜਿਆਂ 'ਚ ਬੇਜਮੀਨੇ ਤੇ ਥੁੜ ਜਮੀਨਿਆਂ ਦੀ ਹਿੱਸਾ ਪੱਤੀ ਘਟਾਈ ਜਾ ਰਹੀ ਹੈ। ਤੇ ਖੇਤੀ ਲਾਗਤ ਵਸਤਾਂ ਦੇ ਸਨਅਤਕਾਰਾਂ, ਵਪਾਰੀਆਂ ਤੇ ਫਾਈਨਾਂਸਰਾਂ ਆਦਿ ਨੂੰ ਇਸ ਨਾਂਅ ਹੇਠ ਸਸਤੀਆਂ ਦਰਾਂ 'ਤੇ ਅਰਬਾਂ ਰੁਪਏ ਦੀਆਂ ਰਕਮਾਂ ਦਿੱਤੀਆਂ ਜਾ ਰਹੀਆਂ ਹਨ। ਮਜ਼ਦੂਰ ਭਲਾਈ ਤੇ ਲੋਕ ਭਲਾਈ ਸਕੀਮਾਂ ਨੂੰ ਛਾਂਗਿਆ ਜਾ ਰਿਹਾ ਹੈ ਆਦਿਕ। ਇਸ ਆਰਥਿਕ ਹੱਲੇ ਨੂੰ ਅੱਗੇ ਵਧਾਉਣ ਅਤੇ ਇਸਦੇ ਵਿਰੋਧ 'ਚ ਉਠਦੇ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਵਿਖਾਵੇ ਮਾਤਰ ਜਮਹੂਰੀ ਅਧਿਕਾਰਾਂ ਦਾ ਵੀ ਗਲਾ ਘੁੱਟਿਆ ਜਾ ਰਿਹਾ ਹੈ। ਬਠਿੰਡਾ ਸਮੇਤ ਹੋਰਨਾ ਜਿਲ੍ਹਾ ਕੇਂਦਰਾਂ ਤੇ ਹੋਰ ਪ੍ਰਸ਼ਾਸ਼ਨਿਕ ਦਫਤਰਾਂ ਅੱਗੇ ਪਾਬੰਦੀਆਂ ਮੜ੍ਹਨਾ ਇਸ ਦੀ ਇੱਕ ਹੋਰ ਉਘੜਵੀ ਉਦਾਹਣ ਹੈ। ਲੱਚਰ, ਕਾਮ ਉਕਸਾਊ ਤੇ ਹਿੰਸਕ ਬਿਰਤੀ ਨੂੰ ਭੜਕਾਉਣ ਵਾਲਾ ਸੱਭਿਆਚਾਰ ਵਿਆਪਕ ਪੱਧਰ 'ਤੇ ਜਥੇਬੰਦ ਕਰਨ, ਗੁੰਡਾ ਗਰੋਹਾਂ ਨੂੰ ਸਿਆਸੀ ਸਹਿ ਦੇਣ ਤੇ ਬਕਾਇਦਾ ਜਥੇਬੰਦ ਕਰਨ ਰਾਹੀਂ ਜਵਾਨੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ। ਧਾਰਮਿਕ ਤੇ ਫਿਰਕੂ ਜਨੂੰਨ ਨੂੰ ਹਵਾ ਦਿੱਤੀ ਜਾ ਰਹੀ ਹੈ। ਹਾਕਮ ਜਮਾਤੀ ਪਾਰਟੀਆਂ ਖਾਸ ਕਰਕੇ ਗੱਦੀ 'ਤੇ ਕਾਬਜ ਅਕਾਲੀ-ਭਾਜਪਾ ਸਰਕਾਰ ਵੱਲੋਂ ਧੁਰ ਹੇਠਾਂ ਤੱਕ ਚੁਸਤ-ਦਰੁਸਤ ਢਾਂਚੇ ਨੂੰ ਜਥੇਬੰਦ ਕਰਕੇ ਕੱਲੀ –ਕੱਲੀ ਵੋਟ 'ਤੇ ਨਿਗਾਹ ਰੱਖੀ ਜਾ ਰਹੀ ਹੈ।
ਇਸ ਕੁੱਲ ਨਾਂਹ ਪੱਖੀ ਵਰਤਾਰੇ ਦੇ ਸਿੱਟੇ ਵਜੋਂ ਇੱਕ ਪਾਸੇ ਖੇਤ ਮਜਦੂਰਾਂ ਦੀਆਂ ਜਿਉਣ ਹਾਲਤਾਂ ਹੋਰ ਦੁਭਰ ਬਣ ਰਹੀਆਂ ਹਨ। ਸਭਿਆਚਾਰਕ ਕਦਰਾਂ ਕੀਮਤਾਂ 'ਚ ਨਿਘਾਰ ਆ ਰਿਹਾ ਹੈ। ਧਾਰਮਿਕ ਸ਼ਰਧਾ ਤੇ ਅੰਧਵਿਸ਼ਵਾਸ਼ ਵਧ ਰਿਹਾ ਹੈ। ਨਸ਼ਿਆਂ ਦਾ ਵਰਤਾਰਾ ਤੇਜ ਹੋ ਰਿਹਾ ਹੈ। ਨੌਜਵਾਨ ਪੀੜ੍ਹੀ 'ਚ ਮਿਹਨਤੀ ਮੁਸ਼ੱਕਤੀ ਤੇ ਕਮਾਊ ਬਣਨ ਦੀ ਥਾਂ ਵਿਹਲੜ ਤੇ ਅਯਾਸ਼ੀਆਂ ਭਰੀ ਜਿੰਦਗੀ ਜਿਉਣ ਦੀ ਬਿਰਤੀ ਪੈਦਾ ਹੋ ਰਹੀ ਹੈ। ਪਰ ਦੂਜੇ ਪਾਸੇ ਇਸੇ ਵਰਤਾਰੇ ਦੀ ਬਦੌਲਤ ਖੇਤ ਮਜਦੂਰਾਂ 'ਚ ਔਖ ਤੇ ਬੇਚੈਨੀ ਵਧਦੀ ਜਾ ਰਹੀ ਹੈ। ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੀ ਲੋੜ ਦਾ ਅਹਿਸਾਸ ਵਧ ਰਿਹਾ ਹੈ। ਦਲਿਤ ਜਾਗਰਤੀ ਵਧ ਰਹੀ ਹੈ। ਆਪਣੀ ਹੋਂਦ ਜਤਾਉਣ ਤੇ ਪੁਗਾਉਣ ਦੀ ਨੌਜਵਾਨ ਖੇਤ ਮਜਦੂਰ ਹਿੱੱਸਿਆਂ 'ਚ ਭਾਵਨਾ ਪੈਦਾ ਹੋ ਰਹੀ ਹੈ।
ਇਹਨਾਂ ਹਾਲਤਾਂ ਨਾਲ ਮੜਿਕਣ ਲਈ ਜਥੇਬੰਦੀ ਨੂੰ ਹੋਰ ਵਿਸ਼ਾਲ ਕਰਨ, ਹੋਰ ਵੱਧ ਹਰਕਤਸ਼ੀਲ ਬਨਾਉਣ, ਹੋਰ ਵੱਧ ਜੁਝਾਰੂ ਤੇ ਦ੍ਰਿੜ ਬਣਾਉਣ ਦੀ ਕਾਰਜ ਸੇਧ ਉਲੀਕੀ ਗਈ। ਇਸ ਖਾਤਰ ਆਗੂਆਂ, ਵਰਕਰਾਂ, ਦੀ ਜਮਾਤੀ ਚੇਤਨਾ ਹੋਰ ਵਧਾਉਣ ਲਈ ਤਾਣ ਲਾਉਣ। ਜਮੀਨੀ ਸੁਧਾਰਾਂ, ਕਰਜੇ, ਰੁਜ਼ਗਾਰ, ਜਨਤਕ ਵੰਡ ਪ੍ਰਣਾਲੀ ਤੇ ਪਲਾਟਾਂ ਆਦਿ ਮੁੱਦਿਆਂ 'ਤੇ ਜੋਰ ਵਧਾਉਣ । ਪਿੰਡਾਂ ਦੇ ਅੰਦਰਵਾਰ ਪਸਾਰੇ ਲਈ ਸਥਾਨਕ ਪੱਧਰਾਂ 'ਤੇ ਖੇਤ ਮਜ਼ਦੂਰਾਂ ਲਈ ਰੜਕਵੇਂ ਬਣਦੇ ਸਥਾਨਕ ਮੁੱਦਿਆਂ ਨੂੰ ਸੰਘਰਸ਼ ਮੁੱਦੇ ਬਣਾਉਣ। ਔਰਤਾਂ ਦੀ ਸ਼ਮੂਲੀਅਤ ਹੋਰ ਵਧਾਉਣ। ਨੌਜਵਾਨ ਹਿੱਸਿਆਂ ਨੂੰ ਜਥੇਬੰਦੀ 'ਚ ਹੋਰ ਵੱਧ ਖਿੱਚਣ ਲਈ ਹਾਕਮ ਜਮਾਤੀ ਸੁੱਿਭਆਚਾਰ ਅਤੇ ਨਸ਼ਿਆਂ ਦੇ ਹਮਲੇ ਨੂੰ ਵਿਸ਼ੇਸ਼ ਤੌਰ 'ਤੇ ਨਜਿਠਣ। ਉਹਨਾਂ 'ਚ ਜਮਾਤੀ ਘੋਲਾਂ ਦੇ ਝੰਡਾਬਰਦਾਰ ਹੋਣ ਵਾਲੇ ਆਪਣੇ ਖਾੜਕੂ ਵਿਰਸੇ ਨੂੰ ਉਭਾਰਨ ਉਤੇ ਵਿਸ਼ੇਸ਼ ਧਿਆਨ ਦੇਣ। ਜਥੇਬੰਦੀ ਦੇ ਕੁਲਵਕਤੀ ਆਗੂਆਂ ਤੇ ਕਾਰਕੁਨਾਂ ਦੀਆਂ ਕਬੀਲਦਾਰੀਆਂ ਦਾ ਆਰਥਕ ਬੋਝ ਵੰਡਾਉਣ । ਕਿਸਾਨਾਂ ਖਾਸ ਕਰਕੇ ਬੇਜਮੀਨੇ ਤੇ ਥੁੜ ਜਮੀਨੇ ਕਿਸਾਨਾਂ ਨਾਲ ਸਾਂਝ ਨੂੰ ਹੋਰ ਵਡੇਰੀ ਤੇ ਪਕੇਰੀ ਬਨਾਉਣ ਵਰਗੇ ਮਹੱਤਵਪੂਰਨ ਕਾਰਜ ਟਿੱਕੇ ਗਏ। ਅੰਤ 'ਚ 25 ਅਗਸਤ ਤੋਂ 7 ਸਤਬੰਰ ਤੱਕ ਸਥਾਨਕ ਪੱਧਰਾਂ 'ਤੇ ਘੋਲ ਛੇੜਨ ਅਤੇ 16 ਸਤੰਬਰ ਨੂੰ ਜਮੀਨੀ ਸੁਧਾਰਾਂ, ਖੁਦਕੁਸ਼ੀਆਂ , ਕਰਜੇ, ਜਮਹੂਰੀ ਹੱਕਾਂ ਦੀ ਬਹਾਲੀ ਦੀਆਂ ਮੰਗਾਂ 'ਤੇ ਪੰਜਾਬ ਭਰ 'ਚ ਬੀ.ਕੇ.ਯੂ. ਏਕਤਾ, ਉਗਰਾਹਾਂ ਨਾਲ ਸਾਂਝੇ ਤੌਰ 'ਤੇ ਡੀ. ਸੀ. ਦਫਤਰਾਂ ਅੱਗੇ ਧਰਨੇ ਦੇਣ ਦੇ ਘੋਲ ਸੱਦਿਆਂ ਨਾਲ ਅਜਲਾਸ ਦੀ ਸਮਾਪਤੀ ਕੀਤੀ ਗਈ।
No comments:
Post a Comment