ਜਨਤਕ ਜਮਹੂਰੀ ਜਥੇਬੰਦੀਆਂ ਨੇ 295ਏ ਅਤੇ ਝੂਠੇ ਕੇਸਾਂ ਨੂੰ ਰੱਦ ਕਰਾਉਣ ਲਈ
ਕਨਵੈਨਸ਼ਨ ਕਰਕੇ ਮੁਜ਼ਾਹਰਾ ਕੀਤਾ
ਧਰਮ ਨੂੰ ਸਿਆਸਤ ਤੋਂ ਵੱਖ ਕਰਨ ਦੀ ਕੀਤੀ ਮੰਗ
ਦੇਸ਼ਭਗਤ ਯਾਦਗਾਰ ਹਾਲ
ਜਲੰਧਰ ਵਿਖੇ 295ਏ ਅਤੇ ਹੋਰ ਕਾਲੇ ਕਾਨੂੰਨਾਂ
ਵਿਰੁੱਧ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਦੀਆਂ
ਜਮਹੂਰੀ, ਤਰਕਸ਼ੀਲ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ, ਵਿਦਿਆਰਥੀਆਂ, ਕਲਾਕਾਰਾਂ, ਲੇਖਕਾਂ ਦੀਆਂ ਤਿੰਨ ਦਰਜਨ ਜਥੇਬੰਦੀਆਂ ਵੱਲੋਂ 27 ਫਰਵਰੀ ਨੂੰ ਸਾਂਝੀ ਕਨਵੈਨਸ਼ਨ
ਕੀਤੀ ਗਈ। ਕਨਵੈਨਸ਼ਨ ਤੋਂ ਪਹਿਲਾਂ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ, ਹੋਰ ਕਿਸਾਨਾਂ, ਅੱਜ ਦੇ ਦਿਨ
ਸ਼ਹੀਦ ਹੋਏ ਛੇ ਬੱਬਰ ਅਕਾਲੀਆਂ ਅਤੇ ਚੰਦਰਸ਼ੇਖ਼ਰ ਆਜ਼ਾਦ ਨੂੰ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾਂਜਲੀ
ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਬੁਲਾਰਿਆਂ ਪ੍ਰੋਫੈਸਰ ਜਗਮੋਹਣ ਸਿੰਘ, ਰਾਜਿੰਦਰ ਭਦੌੜ, ਅਮੋਲਕ ਸਿੰਘ, ਡਾ.ਪਰਮਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ ਕੋਕਰੀ ਕਲਾਂ, ਮਾਨਵ, ਅਮਰੀਕ ਸਿੰਘ, ਸੁਰਿੰਦਰ ਸਿੰਘ, ਐਡਵੋਕੇਟ ਦਲਜੀਤ ਸਿੰਘ, ਹਰਮੇਸ਼ ਮਾਲੜੀ, ਅੰਗਰੇਜ਼ ਸਿੰਘ, ਸੁਖਪਾਲ ਸਿੰਘ
ਖਿਆਲੀਵਾਲਾ, ਸੁਖਦਰਸ਼ਨ ਨੱਤ, ਅਸ਼ੋਕ ਭਾਰਤੀ, ਬਲਵੀਰ ਲੌਂਗੋਵਾਲ, ਰਾਮ ਸਵਰਨ ਆਜ਼ਾਦ, ਸੁਖਦੇਵ ਭੂੰਦੜੀ, ਸੁਰਿੰਦਰਪ੍ਰੀਤ
ਘਣੀਆਂ, ਧੰਨਾਮੱਲ ਗੋਇਲ, ਧਰਮਪਾਲ, ਗੁਰਮੀਤ ਜੱਜ ਅਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਰਾਮਮੰਦਰ ਦੇ ਉਦਘਾਟਨ ਦੇ ਸਮੇਂ
ਮਹਿਜ਼ ਆਲੋਚਨਾ ਕਰਦੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ ’ਤੇ
295ਏ/295 ਵਰਗੀਆਂ ਸੰਗੀਨ ਧਾਰਾਵਾਂ ਲਗਾ ਕੇ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਪਰਚੇ ਦਰਜ ਕਰਨੇ ਅਤੇ ਬਿਨਾਂ ਜਾਂਚ ਗ੍ਰਿਫ਼ਤਾਰੀਆਂ
ਕਰਨਾ ਨਾ ਸਿਰਫ਼ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਹਮਲਾ ਹੈ, ਸਗੋਂ ਇਹ
ਫਿਰਕਾਪ੍ਰਸਤ ਤਾਕਤਾਂ ਦੇ ਦਬਾਅ ਹੇਠ ਆ ਕੇ ਅਤੇ ਗਿ੍ਰਫ਼ਤਾਰੀ ਸੰਬੰਧੀ ਸੁਪਰੀਮ ਕੋਰਟ ਦੇ ਆਦੇਸ਼ਾਂ
ਦੀ ਉਲੰਘਣਾ ਕਰਕੇ ਪੁਲਿਸ ਵੱਲੋਂ ਕੀਤੀ ਕਾਰਵਾਈ ਵੀ ਹੈ। ਬੁਲਾਰਿਆਂ ਨੇ ਕਿਹਾ ਕਿ ਕੱਟੜ ਅਤੇ ਸੌੜੀ
ਸੋਚ ਵਾਲੀਆਂ ਤਾਕਤਾਂ ਉਸਾਰੂ ਆਲੋਚਨਾ ਉੱਪਰ ਸੰਵਾਦ ਰਚਾਉਣ ਦੀ ਬਜਾਏ ਮਾਮੂਲੀ ਸਵਾਲਾਂ ਨੂੰ ਆਧਾਰ
ਬਣਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਮੁੱਦੇ ਖੜ੍ਹੇ ਕਰ ਰਹੀਆਂ ਹਨ ਅਤੇ ਕੇਸ ਦਰਜ
ਕਰਵਾ ਰਹੀਆਂ ਹਨ। ਜਦਕਿ ਤਰਕਸ਼ੀਲ ਅਤੇ ਹੋਰ ਸੂਝਵਾਨ ਵਿਅਕਤੀ ਸੰਵਿਧਾਨ ਦੇ ਆਰਟੀਕਲ 51ਏ (ਐੱਚ)
ਵਿਚ ਦਰਜ ਵਿਗਿਆਨਕ ਟੈਂਪਰ, ਮਾਨਵਤਾਵਾਦ ਅਤੇ
ਸਵਾਲ ਕਰਨ ਦਾ ਮਾਹੌਲ ਸਿਰਜਣ ਤੇ ਵਿਕਸਤ ਕਰਨ ਦੇ ਨਾਗਰਿਕਾਂ ਦੇ ਮੂਲ ਫਰਜ਼ ਅਨੁਸਾਰ ਕੰਮ ਕਰ ਰਹੇ
ਹਨ ਅਤੇ ਆਮ ਲੋਕਾਂ ਨੂੰ ਧਰਮ-ਨਿਰਲੇਪ ਤੇ ਵਿਗਿਆਨਕ ਸੋਚ ਅਪਨਾਉਣ ਅਤੇ ਧਾਰਮਿਕ ਆਸਥਾ ਦੇ ਨਾਂ ’ਤੇ ਫਿਰਕੇਦਾਰਾਨਾ ਨਫ਼ਰਤ ਫੈਲਾਉਣ ਵਾਲੀਆਂ ਤਾਕਤਾਂ ਤੋਂ ਬਚਣ ਲਈ ਜਾਗਰੂਕ ਕਰ ਰਹੇ
ਹਨ। ਪੁਲੀਸ ਸ਼ਿਕਾਇਤ ਕਰਤਾਵਾਂ ਦੇ ਦਾਅਵਿਆਂ ਦੇ ਤੱਥਾਂ ਦੀ ਜਾਂਚ ਕੀਤੇ ਬਿਨਾਂ ਹੀ 295ਏ ਵਰਗੀਆਂ
ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਰਹੀ ਹੈ ਜੋ ਨਾਗਰਿਕਾਂ ਦੇ ਸੰਵਿਧਾਨਕ ਅਤੇ ਜਮਹੂਰੀ ਹੱਕ ਦੇ
ਖ਼ਿਲਾਫ਼ ਬੇਹੱਦ ਖ਼ਤਰਨਾਕ ਰੁਝਾਨ ਹੈ। ਉਨ੍ਹਾਂ ਕਿਹਾ ਕਿ ਵਿਗਿਆਨ, ਤਰੱਕੀ ਅਤੇ ਜਮਹੂਰੀ ਮੁੱਲਾਂ ਦੇ ਯੁੱਗ ਵਿਚ ਅਜਿਹੀਆਂ ਸੌੜੇ ਹਿੱਤਾਂ ਤੋਂ ਪ੍ਰੇਰਿਤ
ਸ਼ਿਕਾਇਤਾਂ ਨੂੰ ਇਕਤਰਫ਼ਾ ਸੱਚ ਮੰਨਕੇ ਬੇ-ਬੁਨਿਆਦ ਕੇਸ ਦਰਜ ਕਰਨ ਦਾ ਇਹ ਗ਼ੈਰ- ਜਮਹੂਰੀ ਰੁਝਾਨ
ਤੁਰੰਤ ਬੰਦ ਹੋਣਾ ਚਾਹੀਦਾ ਹੈ ਅਤੇ ਧਾਰਾ 295ਏ ਉੱਪਰ ਤੁਰੰਤ ਰੋਕ ਲਗਾਈ ਜਾਣੀ ਚਾਹੀਦੀ ਹੈ। ਲੋਕ
ਜਥੇਬੰਦੀਆਂ ਇਸ ਜਬਰ ਦਾ ਡਟਕੇ ਵਿਰੋਧ ਕਰਨਗੀਆਂ। ਬੁਲਾਰਿਆਂ ਨੇ ਮੁੱਖ ਮੰਤਰੀ ਵੱਲੋਂ ਸੰਘਰਸ਼
ਕਮੇਟੀ ਨੂੰ ਝੂਠੇ ਕੇਸਾਂ ਬਾਰੇ ਮਿਲਣ ਲਈ ਸਮਾਂ ਨਾ ਦੇਣ ਅਤੇ ਮੌਕੇ ਉੱਪਰ ਡਿਪਟੀ ਕਮਿਸ਼ਨਰ ਅਤੇ
ਐੱਸ ਡੀ ਐੱਮ ਪੱਧਰ ਦਾ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਨਾ ਹੋਣ ਦੀ ਸਖ਼ਤ ਨਿਖੇਧੀ ਕੀਤੀ। ਕਨਵੈਨਸ਼ਨ
ਉਪਰੰਤ ਸ਼ਹਿਰ ਵਿਚ ਮੁਜ਼ਾਹਰਾ ਕਰਕੇ ਡਿਪਟੀ ਕਮਿਸ਼ਨਰ ਅਤੇ ਐੱਸ ਡੀ ਐੱਮ ਦੀ ਗ਼ੈਰਹਾਜ਼ਰੀ ’ਚ ਰੋਸ ਵਜੋਂ ਤਹਿਸੀਲ ਜਲੰਧਰ ਰਾਹੀਂ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਦੇ ਦਾਅਵੇ ਕਰਨ
ਵਾਲੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਦਿੱਤਾ ਗਿਆ। ਮੰਗ-ਪੱਤਰ ਅਤੇ ਕਨਵੈਨਸ਼ਨ ਵਿਚ ਪਾਸ
ਕੀਤੇ ਮਤਿਆਂ ਵਿਚ ਧਰਮ ਦੀ ਸਿਆਸਤ ਲਈ ਵਰਤੋਂ ਬੰਦ ਕਰਨ, ਪੰਜਾਬ ਵਿਚ
ਸੁਰਜੀਤ ਦੌਧਰ, ਭੁਪਿੰਦਰ ਫ਼ੌਜੀ, ਸ਼ਾਇਨਾ, ਇਕਬਾਲ ਧਨੌਲਾ ਅਤੇ ਦਵਿੰਦਰ ਰਾਣਾ ਵਿਰੁੱਧ ਦਰਜ 295ਏ ਦੇ ਪਰਚੇ ਰੱਦ ਕਰਨ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਤੇ
ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਫਿਰਕਾਪ੍ਰਸਤ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ
ਕਰਨ, ਜੇਲ੍ਹਾਂ ਵਿਚ ਡੱਕੇ ਬੁੱਧੀਜੀਵੀਆਂ,ਪੱਤਰਕਾਰਾਂ ਅਤੇ
ਹੱਕਾਂ ਦੇ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ, ਸਜ਼ਾ ਪੂਰੀ ਕਰ
ਚੁੱਕੇ ਸਾਰੇ ਕੈਦੀਆਂ ਨੂੰ ਰਿਹਾ ਕਰਨ, ਧਰਮ ਦੇ ਨਾਂ ’ਤੇ ਝੂਠੇ ਪਰਚੇ ਦਰਜ ਕਰਾਉਣ ਅਤੇ ਫਿਰਕੂ ਮਾਹੌਲ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ
ਵਾਲੇ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ, ਜਾਣਕਾਰੀ ਅਤੇ
ਆਪਾ ਪ੍ਰਗਟਾਵੇ ਦੇ ਹੱਕ ਦਾ ਘਾਣ ਕਰਨ ਵਾਲੇ ਟੈਲੀਗ੍ਰਾਫ਼ ਐਕਟ-2023 ਨੂੰ ਵਾਪਸ ਲੈਣ ਦੀ ਮੰਗ ਕੀਤੀ
ਗਈ। ਇਹ ਵੀ ਮੰਗ ਕੀਤੀ ਗਈ ਕਿ ਸ਼ੰਭੂ ਅਤੇ ਖ਼ਨੌਰੀ ਬਾਰਡਰਾਂ ਉੱਪਰ ਅੰਦੋਲਨਕਾਰੀ ਕਿਸਾਨਾਂ ਵਿਰੁੱਧ
ਘਾਤਕ ਹਥਿਆਰ ਵਰਤਣ, ਬੇਤਹਾਸ਼ਾ ਜਬਰ
ਢਾਹੁਣ ਅਤੇ ਇਕ ਨੌਜਵਾਨ ਕਿਸਾਨ ਦੀ ਹੱਤਿਆ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਵਿਰੁੱਧ ਕਤਲ ਅਤੇ ਹੋਰ
ਢੁੱਕਵੀਂਆਂ ਧਾਰਾਵਾਂ ਲਗਾ ਕੇ ਕੇਸ ਦਰਜ ਕੀਤੇ ਜਾਣ ਅਤੇ ਅੰਦੋਲਨਕਾਰੀ ਕਿਸਾਨਾਂ ਦੇ ਦਿੱਲੀ ਜਾਣ
ਉੱਪਰ ਲਾਈਆਂ ਤਾਨਾਸ਼ਾਹ ਰੋਕਾਂ ਤੁਰੰਤ ਹਟਾਈਆਂ ਜਾਣ। ਇਸ ਮੌਕੇ ਸੁਰਿੰਦਰ ਕੁਮਾਰੀ ਕੋਛੜ, ਕੇਸਰ, ਜਸਵਿੰਦਰ ਫਗਵਾੜਾ, ਸੁਖਦੇਵ ਫਗਵਾੜਾ, ਬਲਦੇਵ ਰਹਿਪਾ ਅਤੇ
ਹੋਰ ਬਹੁਤ ਸਾਰੀਆਂ ਜਮਹੂਰੀ ਤੇ ਅਗਾਂਹਵਧੂ ਸ਼ਖ਼ਸੀਅਤਾਂ ਹਾਜ਼ਰ ਸਨ। ਕਨਵੈਨਸ਼ਨ ਵਿਚ ਜਮਹੂਰੀ ਅਧਿਕਾਰ
ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਪਲਸ ਮੰਚ, ਡੈਮੋਕਰੇਟਿਕ ਲਾਇਰਜ਼ ਐਸੋਸੀਏਸ਼ਨ, ਬੀ.ਕੇ.ਯੂ.
(ਡਕੌਂਦਾ-ਧਨੇਰ), ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ, ਕਾਰਖ਼ਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ ਹੌਜ਼ਰੀ
ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੀਐਸਯੂ (ਲਲਕਾਰ), ਪੰਜਾਬ ਕਿਸਾਨ ਯੂਨੀਅਨ, ਡੈਮੋਕਰੇਟਿਕ
ਟੀਚਰਜ਼ ਫਰੰਟ, ਆਰਸੀਐੱਫ ਇੰਪਲਾਈਜ਼ ਯੂਨੀਅਨ (ਰੇਲਕੋਚ ਫੈਕਟਰੀ ਕਪੂਰਥਲਾ), ਪੰਜਾਬ ਖੇਤ ਮਜ਼ਦੂਰ ਯੂਨੀਅਨ, , ਬੀਕੇਯੂ
(ਕ੍ਰਾਂਤੀਕਾਰੀ), ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ, ਦਲਿਤ ਅਤੇ ਮਜ਼ਦੂਰ
ਮੁਕਤੀ ਮੋਰਚਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ,ਇਨਕਲਾਬੀ ਮਜ਼ਦੂਰ ਕੇਂਦਰ,ਤਰਕਸ਼ੀਲ ਸੁਸਾਇਟੀ
ਕੈਨੇਡਾ, ਰੈਡੀਕਲ ਪੀਪਲਜ਼ ਫੋਰਮ, ਏਕਟੂ, ਜਮਹੂਰੀ ਅਧਿਕਾਰ ਸਭਾ (ਹਰਿਆਣਾ), ਸ਼ਹੀਦ ਭਗਤ ਸਿੰਘ
ਵਿਚਾਰ ਮੰਚ (ਲੁਧਿਆਣਾ), ਲੋਕ ਮੋਰਚਾ ਆਦਿ
ਜਥੇਬੰਦੀਆਂ ਨੇ ਹਿੱਸਾ ਲਿਆ।
ਜਾਰੀ ਕਰਤਾ:
ਪ੍ਰੋਫੈਸਰ ਜਗਮੋਹਣ ਸਿੰਘ, ਰਾਜਿੰਦਰ ਭਦੌੜ
No comments:
Post a Comment