Monday, March 18, 2024

ਫਲਸਤੀਨੀ ਲੋਕ ਟਾਕਰੇ ਮੂਹਰੇ ਇਜ਼ਰਾਇਲੀ-ਅਮਰੀਕੀ ਜੰਗੀ ਮੁਹਿੰਮ ਦੀਆਂ ਉਲਝਣਾਂ

 

ਫਲਸਤੀਨੀ ਲੋਕ ਟਾਕਰੇ ਮੂਹਰੇ ਇਜ਼ਰਾਇਲੀ-ਅਮਰੀਕੀ ਜੰਗੀ ਮੁਹਿੰਮ ਦੀਆਂ ਉਲਝਣਾਂ  

ਇਜ਼ਰਾਇਲ ਵੱਲੋਂ ਫਲਸਤੀਨ ਤੇ ਬੋਲੇ ਹੋਏ ਭਿਆਨਕ ਬਰੂਦੀ ਹਮਲੇ ਨੂੰ 100 ਦਿਨ ਤੋਂ ਉੱਪਰ ਗੁਜ਼ਰ ਗਏ ਹਨ। ਇਸ ਸਮੇਂ ਦੌਰਾਨ ਜਾਬਰ ਇਜ਼ਰਾਇਲੀ ਰਾਜ ਨੇ ਫਲਸਤੀਨੀ ਲੋਕਾਂ ਤੇ ਮਣਾਂ-ਮੂੰਹੀਂ ਬਾਰੂਦ ਸੁੱਟਿਆ ਹੈ, ਅਨੇਕਾਂ ਹੀ ਇਮਾਰਤਾਂ ਨੂੰ ਮਲਬੇ ਦੇ ਢੇਰ ਚ ਬਦਲ ਕੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕੀਤਾ ਹੈ। ਗਾਜ਼ਾ ਪੱਟੀ ਦੇ ਕੋਨੇ-ਕੋਨੇ ਚੋਂ ਰੋਜ਼ ਅੱਗ ਦੀਆਂ ਉੱਠਦੀਆਂ ਲਾਟਾਂ ਦੇ ਸੇਕ ਨੇ ਸੰਸਾਰ ਦੇ ਹਰ ਸੰਵੇਦਨਸ਼ੀਲ ਤੇ ਇਨਸਾਫ਼ਪਸੰਦ ਨਾਗਰਿਕ ਨੇ ਲੂਸਿਆ ਗਿਆ ਮਹਿਸੂਸ ਕੀਤਾ ਹੈ। ਇਸ ਅੰਤਾਂ ਦੇ ਕਹਿਰ ਮੂਹਰੇ ਫਲਸਤੀਨੀ ਟਾਕਰਾ ਮਿਸਾਲ ਬਣ ਕੇ ਚਮਕ ਰਿਹਾ ਹੈ। ਇਹਨਾਂ ਸਾਢੇ ਤਿੰਨ ਮਹੀਨਿਆਂ ਚ ਹੀ ਇਜ਼ਰਾਇਲੀ ਕਹਿਰ ਦੀਆਂ ਅਨੇਕਾਂ ਕਹਾਣੀਆਂ ਹਨ ਤੇ ਹਸਪਤਾਲਾਂ ਚ ਤੜਪਦੇ ਜਖ਼ਮੀਆਂ ਤੇ ਬੰਬਾਂ ਨਾਲ ਤਬਾਹ ਹੁੰਦੇ ਹਸਪਤਾਲਾਂ ਦੀਆਂ ਤਸਵੀਰਾਂ/ਵੀਡਿਓਜ਼ ਨੇ ਦੁਨੀਆਂ ਭਰ ਦੇ ਲੋਕਾਂ ਦੇ ਹਿਰਦੇ ਵਲੂੰਧਰੇ ਹਨ। ਲਗਭਗ 25000 ਲੋਕਾਂ ਦੀ ਮੌਤ, ਅਣਗਿਣਤ ਜਖ਼ਮੀਆਂ ਤੇ ਲੱਖਾਂ ਲੋਕਾਂ ਦੇ ਘਰ ਘਾਟ ਤਬਾਹ ਹੋਣ ਮਗਰੋਂ ਵੀ ਫਲਸਤੀਨੀ ਲੋਕ ਆਪਣੀਆਂ ਟਾਕਰਾ ਸ਼ਕਤੀਆਂ ਦੀ ਪਿੱਠ ਤੇ ਡਟੇ ਖੜ੍ਹੇ ਹਨ। ਫਲਸਤੀਨੀ ਕੌਮ ਨੂੰ ਬਾਰੂਦ ਦੀ ਅੱਗ ਚ ਭੁੰਨ ਦੇਣਾ ਚਾਹੁੰਦੇ ਇਜ਼ਰਾਇਲ ਦੇ ਜ਼ਿਊਨਵਾਦੀ ਸ਼ਾਵਨਵਾਦੀ ਹਾਕਮ ਤੇ ਸੰਸਾਰ ਸਾਮਰਾਜ ਦੇ ਸਰਗਣੇ ਅਮਰੀਕੀ ਸਾਮਰਾਜ ਦੀ ਇਹ ਜੰਗੀ ਮੁਹਿੰਮ ਫਲਸਤੀਨੀ ਕੌਮ ਦੀ ਇਸ ਨਾਬਰੀ ਮੂਹਰੇ ਮਨਚਾਹੇ ਨਤੀਜੇ ਕੱਢਣ ਚ ਨਾਕਾਮ ਨਿੱਬੜੀ ਹੈ। ਹਮਾਸ ਨੂੰ ਕੁਚਲ ਦੇਣ ਦੇ ਐਲਾਨਾਂ ਨਾਲ ਸ਼ੁਰੂ ਕੀਤਾ ਗਿਆ ਹਮਲਾ ਹਮਾਸ ਦੀ ਟਾਕਰਾ ਸ਼ਕਤੀ ਨੂੰ ਕਮਜ਼ੋਰ ਨਹੀਂ ਕਰ ਸਕਿਆ ਹੈ, ਸਗੋਂ ਹਮਾਸ ਦੀ ਮਕਬੂਲੀਅਤ ਹੋਰ ਵਧੀ ਹੈ ਤੇ ਇਸਦੀ ਟਾਕਰਾ ਸਮਰੱਥਾ ਕਾਇਮ ਹੈ। ਲੰਘੀ 22 ਜਨਵਰੀ ਨੂੰ ਹਮਾਸ ਨੇ ਜ਼ਾਲਮ ਇਜ਼ਰਾਇਲ ਦੇ 22 ਫੌਜੀਆਂ ਨੂੰ ਇੱਕੋ ਦਿਨ ਚ ਪਾਰ ਬੁਲਾ ਕੇ ਆਪਣੀ ਸਮਰੱਥਾ ਦਾ ਇਜ਼ਹਾਰ ਕੀਤਾ ਹੈ।

 ਹੁਣ ਤੱਕ ਦੀ ਜੰਗ ਦੀ ਸਥਿਤੀ ਇਹੋ ਹੈ ਕਿ ਹਜ਼ਾਰਾਂ ਲੋਕਾਂ ਨੂੰ ਕਤਲ ਕਰ ਦੇਣ ਮਗਰੋਂ ਵੀ ਸੰਸਾਰ ਸਾਮਰਾਜੀ ਮਹਾਂਸ਼ਕਤੀ ਅਮਰੀਕਾ ਤੇ ਇਸਦੇ ਪਾਲਤੂ ਇਜ਼ਰਾਇਲੀ ਰਾਜ ਦੀ ਜੰਗੀ ਮੁਹਿੰਮ ਨੂੰ ਇਸਦੀ ਖੂੰਖਾਰ ਤਾਕਤ ਦੇ ਅਥਾਹ ਉੱਨਤ ਫੌਜੀ ਸਮਰੱਥਾ ਦੇ ਬਾਵਜੂਦ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਏਸੇ ਲਈ ਕਈ ਮਹੀਨਿਆਂ ਤੱਕ ਜੰਗ ਜਾਰੀ ਰੱਖਣ ਦੇ ਐਲਾਨ ਕਰਨ ਵਾਲਾ ਇਜ਼ਰਾਇਲ ਦਾ ਮੁਖੀ ਨੇਤਨਯਾਹੂ ਹੁਣ ਦੋ ਮਹੀਨਿਆਂ ਲਈ ਜੰਗਬੰਦੀ ਦੀਆਂ ਸਲਾਹਾਂ ਕਰ ਰਿਹਾ ਹੈ। ਇਜ਼ਰਾਇਲੀ ਹਾਕਮ ਕਹਿ ਰਹੇ ਹਨ ਕਿ ਜੇਕਰ ਹਮਾਸ ਦੇ ਆਗੂ ਗਾਜ਼ਾ ਪੱਟੀ ਚੋਂ ਚਲੇ ਜਾਣ ਤਾਂ ਜੰਗਬੰਦੀ ਦਾ ਅਰਸਾ ਲੰਮਾ ਕਰਨ ਬਾਰੇ ਵੀ ਵਿਚਾਰ ਹੋ ਸਕਦੀ ਹੈ, ਪਰ ਅਜਿਹੀਆਂ ਤਜ਼ਵੀਜ਼ਾਂ ਹਮਾਸ ਨੇ ਰੱਦ ਕਰ ਦਿੱਤੀਆਂ ਹਨ ਤੇ ਉਸਨੇ ਗਾਜ਼ਾ ਚੋਂ ਮੁਕੰਮਲ ਫ਼ੌਜੀ ਵਾਪਸੀ ਤੇ ਹੀ ਜੰਗਬੰਦੀ ਦੀ ਆਪਣੀ ਪੁਜੀਸ਼ਨ ਮੁੜ ਦੁਹਰਾਈ ਹੈ।

 ਇਜ਼ਰਾਇਲ ਨੂੰ ਆਪਣੇ ਸ਼ੁਰੂਆਤੀ ਦਮਗਜ਼ਿਆਂ ਤੋਂ ਪਿੱਛੇ ਹਟ ਕੇ ਅਜਿਹੀਆਂ ਪੇਸ਼ਕਸ਼ਾਂ ਕਰਨ ਲਈ ਮਜ਼ਬੂਰ ਕਰ ਦੇਣ ਚ ਜਿੱਥੇ ਫਲਸਤੀਨੀ ਲੋਕਾਂ ਦੇ ਸਿਦਕੀ ਟਾਕਰੇ ਦਾ ਬੁਨਿਆਦੀ ਰੋਲ ਹੈ ਉੱਥੇ ਸੰਸਾਰ ਭਰ ਚ ਫਲਸਤੀਨੀ ਲੋਕਾਂ ਦੇ ਹੱਕ ਚ ਉੱਠੀ ਲੋਕਾਂ ਦੀ ਆਵਾਜ਼ ਦਾ ਵੀ ਮਹੱਤਵ ਬਣਿਆ ਹੋਇਆ ਹੈ ਜਿਸ ਆਵਾਜ਼ ਨੇ ਆਪੋ ਆਪਣੇ ਮੁਲਕਾਂ ਦੇ ਹਾਕਮਾਂ ਤੇ ਦਬਾਅ ਪਾ ਕੇ ਯੂ.ਐਨ. ਅੰਦਰ ਵੀ ਅਮਰੀਕਾ ਤੇ ਇਜ਼ਰਾਇਲ ਨੂੰ ਨਿਖੇੜੇ ਚ ਸੁੱਟਿਆ ਹੈ। ਇਸ ਵੇਲੇ ਪੱਛਮੀ ਏਸ਼ੀਆ ਦਾ ਇਹ ਖਿੱਤਾ ਅਮਰੀਕੀ ਸਾਮਰਾਜੀਆਂ ਤੇ ਇਜ਼ਰਾਇਲ ਵਿਰੋਧੀ ਰੋਸ ਲਹਿਰ ਦੇ ਉਭਾਰ ਦੀ ਪਕੜ ਚ ਹੈ। ਇਸਦਾ ਇੱਕ ਪ੍ਰਗਟਾਵਾ ਜਿੱਥੇ ਅਰਬ ਮੁਲਕਾਂ ਚ ਇਜ਼ਰਾਇਲ ਤੇ ਅਮਰੀਕੀ ਸਾਮਰਾਜ ਵਿਰੋਧੀ ਜਨਤਕ ਪ੍ਰਦਰਸ਼ਨਾਂ ਦੀ ਲੜੀ ਰਾਹੀਂ ਹੋਇਆ ਉੱਥੇ ਇਜ਼ਰਾਇਲ ਖ਼ਿਲਾਫ਼ ਕਈ ਪਾਸਿਆਂ ਤੋਂ ਵਿਦਰੋਹੀ ਜਥੇਬੰਦੀਆਂ ਤੇ ਹਮਲਿਆਂ ਦੇ ਤੇਜ਼ ਹੋਣ ਰਾਹੀਂ ਵੀ ਹੋਇਆ ਹੈ। ਉਭਾਰ ਦੀ ਅਜਿਹੀ ਪਕੜ ਅਮਰੀਕੀ ਸਾਮਰਾਜੀ ਸ਼ਕਤੀ ਦੀ ਇਸ ਖਿੱਤੇ ਅੰਦਰਲੀ ਪਕੜ ਨੂੰ ਢਿੱਲੀ ਪਾ ਰਹੀ ਹੈ।

ਪਿਛਲੇ ਸਮਿਆਂ ਨਾਲੋਂ ਹੁਣ ਤਬਦੀਲ ਹੋ ਚੁੱਕੀ ਸੰਸਾਰ ਹਾਲਤ ਦਾ ਪ੍ਰਛਾਵਾਂ ਇਸ ਖੇਤਰ ਅੰਦਰ ਅਮਰੀਕੀ ਚੌਧਰ ਤੇ ਧੌਂਸਗਿਰੀ ਨੂੰ ਮਿਲ ਰਹੀ ਖੁੱਲ੍ਹੀ ਚੁਣੌਤੀ ਰਾਹੀਂ ਉੱਘੜ ਰਿਹਾ ਹੈ। ਦੱਖਣੀ ਏਸ਼ੀਆ ਦਾ ਇਹ ਖਿੱਤਾ ਅਮਰੀਕੀ ਸਾਮਰਾਜੀ ਚੌਧਰ ਤੋਂ ਨਾਬਰੀ ਦੇ ਅਖਾੜੇ ਚ ਬਦਲ ਰਿਹਾ ਹੈ ਜਿੱਥੇ ਇਜ਼ਰਾਇਲ ਅਤੇ ਅਮਰੀਕੀ ਫੌਜੀ ਟਿਕਾਣਿਆਂ ਤੇ ਕਈ ਪਾਸਿਆਂ ਤੋਂ ਹਮਲੇ ਹੋ ਰਹੇ ਹਨ। ਇਹਨਾਂ ਹਮਲਿਆਂ ਦੇ ਅਰਥ ਚਾਹੇ ਫੌਜੀ ਪੱਖੋਂ ਬਹੁਤੇ ਘਾਤਕ ਨਾ ਵੀ ਹੋਣ ਪਰ ਅਮਰੀਕੀ ਸਾਮਰਾਜੀ ਧੌਂਸ ਨੂੰ ਚੁਣੌਤੀ ਪੱਖੋਂ ਤੇ ਫਲਸਤੀਨੀ ਕਾਜ਼ ਦੀ ਵਧ ਰਹੀ ਹਮਾਇਤ ਦੇ ਸਿਆਸੀ ਪੱਖ ਤੋਂ ਅਹਿਮ ਹਨ।

ਇਸ ਵੇਲੇ ਸਥਿਤੀ ਇਹ ਹੈ ਕਿ ਦੱਖਣੀ ਲਿਬਨਾਨ ਚ ਹਿਜਬੁੱਲਾ ਲੜਾਕਿਆਂ ਨਾਲ ਇਜ਼ਰਾਇਲ ਦੀਆਂ ਟੱਕਰਾਂ ਹੋ ਰਹੀਆਂ ਹਨ ਤੇ ਇੱਕ ਦੂਜੇ ਵੱਲ ਮਿਜ਼ਾਇਲਾਂ ਦਾਗੀਆਂ ਜਾ ਰਹੀਆਂ ਹਨ। ਸੀਰੀਆ ਅਤੇ ਇਰਾਕ ਅੰਦਰ ਇਰਾਨੀ ਸਹਾਇਤਾ ਵਾਲੇ ਮਿਲੀਸ਼ੀਆ ਵੱਲੋਂ ਅਮਰੀਕੀ ਫੌਜੀ ਟਿਕਾਣਿਆਂ ਤੇ ਹਮਲੇ ਕੀਤੇ ਗਏ ਹਨ ਜਿੰਨ੍ਹਾਂ ਦੇ ਜਵਾਬ ਚ ਅਮਰੀਕੀ ਸਾਮਰਾਜੀਆਂ ਨੇ ਬੁਖਲਾਹਟ ਭਰਿਆ ਪ੍ਰਤੀਕਰਮ ਦਿੰਦਿਆਂ ਆਪਣੀ ਖੂੰਖਾਰ ਫੌਜੀ ਤਾਕਤ ਦੀ ਨੁਮਾਇਸ਼ ਲਾਉਣ ਦਾ ਯਤਨ ਕੀਤਾ ਹੈ। ਇਉਂ ਹੀ ਸਾਵੇਜ਼ ਨਹਿਰ ਦੇ ਰੂਟ ਤੇ ਹਾਊਥੀ ਬਾਗੀਆਂ ਨੇ ਫਲਸਤੀਨੀ ਲੋਕਾਂ ਤੇ ਹਮਲੇ ਖ਼ਿਲਾਫ਼ ਪੈਂਤੜਾ ਲੈ ਕੇ, ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ। ਯਮਨ ਅਧਾਰਿਤ ਹਾਊਥੀ ਕਬੀਲੇ ਦੇ ਇਹਨਾਂ ਬਾਗੀਆਂ ਵੱਲੋਂ ਅਮਰੀਕੀ ਅਪੀਲਾਂ ਠੁਕਰਾ ਦਿੱਤੀਆਂ ਗਈਆਂ ਹਨ। ਪਹਿਲਾਂ ਹਾਊਥੀ ਬਾਗੀ ਅਮਰੀਕਾ ਵੱਲੋਂ ਆਪਣੀਆਂ ਗਿਣਤੀਆਂ ਕਾਰਨ ਕੌਮਾਂਤਰੀ ਦਹਿਸ਼ਤਗਰਦ ਸੰਗਠਨਾਂ ਦੀ ਸੂਚੀ ਤੋਂ ਬਾਹਰ ਰੱਖੇ ਹੋਏ ਸਨ, ਪਰ ਹੁਣ ਅਮਰੀਕਾ ਨੇ ਹਾਊਥੀ ਬਾਗੀਆਂ ਨੂੰ ਦਹਿਸ਼ਤਗਰਦ ਸੂਚੀ ਚ ਰੱਖਿਆ ਹੈ ਤੇ ਪੇਸ਼ਕਸ਼ ਕੀਤੀ ਹੈ ਕਿ ਜੇਕਰ ਉਹ ਹਮਲਿਆਂ ਨੂੰ ਰੋਕ ਦੇਣ ਤਾਂ ਉਹਨਾਂ ਨੂੰ ਕੌਮਾਂਤਰੀ ਦਹਿਸ਼ਤਗਰਦਾਂ ਵਜੋਂ ਸੂਚੀ ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਪਰ ਹਾਊਥੀ ਬਾਗੀਆਂ ਨੇ ਇਹ ਪੇਸ਼ਕਸ਼ ਠੁਕਰਾ ਕੇ ਮਾਲਵਾਹਕ ਜਹਾਜ਼ਾਂ ਤੇ ਹਮਲੇ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਲਾਲ ਸਾਗਰ ਦਾ ਇਹ ਇਲਾਕਾ ਦੁਨੀਆਂ ਦੀਆਂ ਸਾਮਰਾਜੀ ਤਾਕਤਾਂ ਦੇ ਲੁਟੇਰੇ ਵਪਾਰਕ ਰੂਟਾਂ ਚੋਂ ਇੱਕ ਹੈ ਜਿਹਦੇ ਚ ਅਮਰੀਕੀ ਸਾਮਰਾਜੀਆਂ ਦੀ ਸਭ ਤੋਂ ਜਿਆਦਾ ਪੁੱਗਦੀ ਆਈ ਹੈ। ਇਸ ਰੂਟ ਤੇ ਕੀਤੇ ਜਾ ਰਹੇ ਹਮਲੇ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੀ ਸਰਦਾਰੀ ਨੂੰ ਸਿੱਧੀ ਚੁਣੌਤੀ ਹੈ।

ਲਾਲ ਸਾਗਰ ਅੰਦਰ ਹਾਊਥੀ ਬਾਗੀਆਂ ਖ਼ਿਲਾਫ਼ ਕਾਰਵਾਈ ਲਈ ਅਮਰੀਕੀ ਸਾਮਰਾਜੀਆਂ ਨੇ ਆਪਣੇ ਕੈਂਪ ਦੀਆਂ ਸਾਮਰਾਜੀ ਤਾਕਤਾਂ ਤੇ ਅਰਬ ਪਿੱਠੂ ਹਕੂਮਤਾਂ ਨੂੰ ਸਾਂਝਾ ਅਪ੍ਰੇਸ਼ਨ ਚਲਾਉਣ ਦਾ ਸੱਦਾ ਦਿੱਤਾ ਸੀ। ਇਸ ਅਪ੍ਰੇਸ਼ਨ ਚ ਸ਼ਾਮਲ ਹੋਣ ਲਈ ਨਾਟੋ ਸੰਧੀ ਵਾਲੇ 9 ਦੇਸ਼ਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ ਜਿੰਨ੍ਹਾਂ ਚੋਂ ਫਰਾਂਸ, ਇਟਲੀ ਅਤੇ ਸਪੇਨ ਨੇ ਇਸ ਸਾਂਝੇ ਅਪ੍ਰੇਸ਼ਨ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ ਤੇ ਵੱਖਰੇ ਤੌਰ ਤੇ ਕੰਮ ਕਰਨ ਦੀ ਪਹੁੰਚ ਅਖਤਿਆਰ ਕੀਤੀ ਹੈ। ਅਮਰੀਕੀ ਫੌਜੀ ਅੱਡਿਆਂ ਦਾ ਵੱਡਾ ਟਿਕਾਣਾ ਬਹਿਰੀਨ ਹੀ ਅਜਿਹਾ ਮੁਲਕ ਹੈ ਜਿਹੜਾ ਪੱਛਮੀ ਏਸ਼ੀਆ ਦੇ ਮੁਲਕਾਂ ਚੋਂ ਇਹਨਾਂ ਅਪ੍ਰੇਸ਼ਨਾਂ ਦਾ ਹਿੱਸਾ ਬਣਿਆ ਹੈ। ਇੱਥੋਂ ਤੱਕ ਕਿ ਅਮਰੀਕੀ ਪਿੱਠੂ ਸਾਊਦੀ ਅਰਬ ਹਕੂਮਤ ਨੇ ਵੀ ਇਹਨਾਂ ਅਪ੍ਰੇਸ਼ਨਾਂ ਦਾ ਹਿੱਸਾ ਬਣਨ ਤੋਂ ਇਨਕਾਰ ਕੀਤਾ ਹੈ, ਜੀਹਦੇ ਚ ਉਹਦੀਆਂ ਇਰਾਨ ਨਾਲ  ਸੰਬੰਧਾਂ ਦੀਆਂ ਗਿਣਤੀਆਂ ਅਤੇ ਲੋਕਾਂ ਅੰਦਰਲੀਆਂ ਇਜ਼ਰਾਇਲ ਤੇ ਅਮਰੀਕਾ ਵਿਰੋਧੀ ਜ਼ੋਰਦਾਰ ਰੋਸ ਤਰੰਗਾਂ ਦੇ ਅੰਸ਼ ਹਰਕਤਸ਼ੀਲ ਹਨ। ਵੱਡੀ ਗਿਣਤੀ ਮੁਲਕਾਂ ਨੇ ਇਜ਼ਰਾਇਲੀ ਹਮਾਇਤ ਦਾ ਪ੍ਰਭਾਵ ਨਾ ਦੇਣ ਲਈ ਇਹਨਾਂ ਅਪ੍ਰੇਸ਼ਨਾਂ ਤੋਂ ਕਿਨਾਰਾ ਕੀਤਾ ਹੈ। ਭਾਰਤ ਵੀ ਅਜੇ ਵੱਖਰੇ ਤੌਰ ਤੇ ਹਰਕਤਸ਼ੀਲ ਹੈ। ਇਹ ਸਥਿਤੀ ਇਸ ਖਿੱਤੇ ਚ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੀ ਕਮਜ਼ੋਰ ਹੋ ਰਹੀ ਪਕੜ ਨੂੰ ਹੀ ਦਰਸਾਉਂਦੀ ਹੈ ਕਿ ਹੁਣ ਉਹ ਇੱਥੇ ਮਰਜ਼ੀ ਨਾਲ ਘਟਨਾਵਾਂ ਨੂੰ ਮੋੜਾ ਦੇਣ ਦੀ ਹਾਲਤ ਚ ਨਹੀਂ ਹੈ। ਕੌਮਾਂਤਰੀ ਪੱਧਰ ਤੇ ਤਿੱਖੀ ਹੋ ਚੁੱਕੀ ਅੰਤਰ ਸਾਮਰਾਜੀ ਵਿਰੋਧਤਾਈ ਦਾ ਪਹਿਲੂ ਪੱਛਮੀ ਏਸ਼ੀਆ ਦੇ ਇਸ ਖਿੱਤੇ ਚ ਜ਼ਾਹਰਾ ਅਸਰ ਪਾਉਂਦਾ ਦਿਖਾਈ ਦਿੰਦਾ ਹੈ। ਅਮਰੀਕੀ ਸਾਮਰਾਜ ਵਿਰੋਧੀ ਟਾਕਰਾ ਸ਼ਕਤੀਆਂ ਲਈ ਇਹ ਪਹਿਲੂ ਲਾਹੇਵੰਦ ਅੰਸ਼ ਵਜੋਂ ਸਾਹਮਣੇ ਆ ਰਿਹਾ ਹੈ। ਅਮਰੀਕੀ ਧੌਂਸ ਤੋਂ ਨਾਬਰ ਚੱਲ ਰਹੇ ਇਰਾਨ ਵਰਗੇ ਮੁਲਕਾਂ ਅਤੇ ਅਰਬ ਜਗਤ ਦੀਆਂ ਕਈ ਟਾਕਰਾ ਜਥੇਬੰਦੀਆਂ ਲਈ ਰੂਸ ਦੀ ਹਮਾਇਤ ਹਾਸਲ ਕਰਨ ਦੀਆਂ ਗੁੰਜਾਇਸ਼ਾਂ ਵਧ ਗਈਆਂ ਹਨ। ਕੌਮਾਂਤਰੀ ਵਿਸ਼ਲੇਸ਼ਕਾਂ ਚ ਇਹ ਚਰਚਾ ਵੀ ਹੈ ਕਿ ਇਹਨਾਂ ਬਾਗੀ ਜਥੇਬੰਦੀਆਂ ਕੋਲ ਆਧੁਨਿਕ ਹਥਿਆਰਾਂ ਦੀ ਉਪਲਬਧਤਾ ਹਾਲਤ ਨੂੰ ਗੰਭੀਰ ਬਣਾ ਰਹੀ ਹੈ ਤੇ ਇਹਨਾਂ ਪਿੱਛੇ ਚੀਨ-ਰੂਸ ਗੱਠਜੋੜ ਦੀ ਢੋਈ ਹੋਣ ਦੇ ਕਿਆਫ਼ੇ ਲੱਗ ਰਹੇ ਹਨ। ਪਰ ਇਸ ਤੋਂ ਜ਼ਿਆਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਅਰਬ ਜਗਤ ਅੰਦਰ ਅਮਰੀਕੀ ਸਾਮਰਾਜੀਆਂ ਦੀ ਪਤਲੀ ਹਾਲਤ ਕਈ ਪਾਸਿਆਂ ਤੋਂ ਨਜ਼ਰ ਆ ਰਹੀ ਹੈ। ਫਲਸਤੀਨ ਖ਼ਿਲਾਫ਼ ਸਿੱਧਾ ਇਜ਼ਰਾਇਲੀ ਬਾਰੂਦੀ ਹਮਲਾ ਜਾਰੀ ਰਹਿਣ ਨਾਲ ਅਮਰੀਕੀ ਹਾਲਤ ਹੋਰ ਪਤਲੀ ਹੋਣ ਵੱਲ ਵਧ ਸਕਦੀ ਹੈ। ਅਮਰੀਕੀ ਸਾਮਰਾਜੀ ਯੁੱਧਨੀਤਕ ਜ਼ਰੂਰਤਾਂ ਏਸ ਵੇਲੇ ਚੀਨ ਦੀ ਘੇਰਾਬੰਦੀ ਕਰਨ ਤੇ ਯੂਕਰੇਨ ਮੁਹਾਜ਼ ਤੇ ਰੂਸ ਨੂੰ ਗੋਡਣੀਏ ਕਰਨ ਦੀਆਂ ਸਨ ਪਰ ਹੁਣ ਇਜ਼ਰਾਈਲ ਫਲਸਤੀਨ ਮਸਲੇ ਦੇ ਪ੍ਰਸੰਗ ਚ ਉਹਦੇ ਲਈ ਪੱਛਮੀ ਏਸ਼ੀਆ ਦਾ ਨਵਾਂ ਜੰਗੀ ਮੁਹਾਜ਼ ਖੁੱਲ੍ਹਣ ਦਾ ਖਤਰਾ ਪੈਦਾ ਹੋ ਗਿਆ ਹੈ ਜੋ ਉਸਨੂੰ ਮੌਜੂਦਾ ਹਾਲਾਤਾਂ ਚ ਵਾਰਾ ਨਹੀਂ ਖਾਂਦਾ ਹੈ। ਇਸ ਲਈ ਅਮਰੀਕੀ ਸਾਮਰਾਜੀਏ ਇਜ਼ਰਾਇਲੀ ਹਮਲੇ ਨੂੰ ਇਉਂ ਸਿੱਧੇ ਤੌਰ ਤੇ ਜਾਰੀ ਰੱਖਣ ਤੋਂ ਪਿੱਛੇ ਹਟ ਰਹੇ ਹਨ ਤੇ ਜੰਗਬੰਦੀ ਲਈ ਸਰਗਰਮ ਹੋ ਰਹੇ ਹਨ।

ਦਹਾਕਿਆਂ ਤੋਂ ਜਾਰੀ ਰਹਿ ਰਹੇ ਫਲਸਤੀਨੀ ਲੋਕ ਟਾਕਰੇ ਨੇ ਦਰਸਾਇਆ ਹੈ ਕਿ ਫ਼ੈਸਲਾ ਕੋਈ ਸ਼ਕਤੀਸ਼ਾਲੀ ਸਾਮਰਾਜੀ ਤਾਕਤਾਂ ਦੇ ਜੰਗੀ ਹਥਿਆਰ ਨਹੀਂ ਹਨ, ਸਗੋਂ ਫ਼ੈਸਲਾਕੰਨ ਤਾਕਤ ਲੋਕ ਹਨ। ਦੁਨੀਆਂ ਦੇ ਸਭ ਤੋਂ ਆਧੁਨਿਕ ਹਥਿਆਰਾਂ ਨਾਲ ਲੈੱਸ ਇਜ਼ਰਾਇਲ ਤੇ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੀਆਂ ਇਹ ਉਲਝਣਾਂ ਦਰਸਾ ਰਹੀਆਂ ਹਨ ਕਿ ਉੱਤਮ ਤੋਂ ਉੱਤਮ ਤਕਨੀਕਾਂ ਤੇ ਵਿਸ਼ਾਲ ਜੰਗੀ ਤਾਣੇ ਬਾਣੇ ਵੀ ਲੋਕਾਂ ਦੀ ਨਾਬਰੀ ਦੀ ਭਾਵਨਾ ਅੱਗੇ ਬੇਵਸ ਹੋ ਜਾਂਦੇ ਹਨ। ਫਲਸਤੀਨੀ ਲੋਕਾਂ ਦਾ ਸਿਦਕੀ ਟਾਕਰਾ, ਇਸ ਨੂੰ ਆਲੇ ਦੁਆਲੇ ਦੇ ਮੁਲਕਾਂ ਦੇ ਵਿਦਰੋਹੀ ਹਿੱਸਿਆਂ ਚੋਂ ਮਿਲ ਰਹੀ ਹਮਾਇਤ ਅਤੇ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੀ ਖੁਰ ਰਹੀ ਚੌਧਰ ਦਾ ਕੱੁਲ ਮਿਲਵਾਂ ਅਸਰ ਸਾਮਰਾਜਵਾਦ ਖਿਲਾਫ਼ ਜੂਝ ਰਹੇ ਦੁਨੀਆਂ ਭਰ ਦੇ ਕਿਰਤੀ ਲੋਕਾਂ ਦੇ ਘੋਲਾਂ ਚ ਉਤਸ਼ਾਹ ਦੀਆਂ ਤਰੰਗਾਂ ਦਾ ਸੰਚਾਰ ਕਰਨ ਵਾਲਾ ਹੈ।  

                   (ਜਨਵਰੀ 2024)

          ਇਹ ਲਿਖਤ ਜਨਵਰੀ ਦੇ ਆਖੀਰ ਚ ਲਿਖੀ ਗਈ ਸੀ। ਉਸਤੋਂ ਮਗਰੋਂ ਦੇ ਦੋ ਮਹੀਨਿਆਂ ਦੇ ਅਰਸੇ ਚ ਇਹ ਉਲਝਣਾਂ ਹੋਰ ਵਧੀਆਂ ਹਨ। ਲਾਲ ਸਾਗਰ ਚ ਹਾਊਥੀ ਬਾਗੀਆਂ ਦੇ ਹਮਲੇ ਤੇਜ਼ ਹੋਏ ਹਨ। ਸੰਸਾਰ ਪੱਧਰ ਤੇ ਇਜ਼ਰਾਇਲੀ-ਅਮਰੀਕੀ ਨਿਖੇੜਾ ਹੋਰ ਵਧਿਆ ਹੈ ਤੇ ਹੁਣ ਅਮਰੀਕਾ ਨੂੰ ਪੱਛਮੀ ਕਿਨਾਰੇ ਇਜ਼ਰਾਇਲੀ ਕਬਜ਼ਿਆਂ ਦੇ ਵਾਧੇ ਖਿਲਾਫ਼ ਬੋਲਣਾ ਪੈ ਰਿਹਾ ਹੈ ਤੇ ਇਹਨਾਂ ਨੂੰ ਗੈਰ-ਕਾਨੂੰਨੀ ਕਰਾਰ ਦੇਣਾ ਪੈ ਰਿਹਾ ਹੈ। ਕੌਮਾਂਤਰੀ ਅਦਾਲਤ ਚ ਵੀ ਇਜ਼ਰਾਇਲੀ ਜ਼ੁਲਮਾਂ ਦੀ ਨਿੰਦਾ ਹੋਈ ਹੈ। ਅਮਰੀਕਾ ਦੇ ਅੰਦਰੋਂ ਵੀ ਅਮਰੀਕੀ ਹਕੂਮਤ ਦੀ ਇਜ਼ਰਾਇਲ ਨੂੰ ਸ਼ਹਿ ਦੀ ਨੀਤੀ ਖਿਲਾਫ਼ ਲੋਕਾਂ ਦਾ ਜ਼ੋਰਦਾਰ ਰੋਸ ਜ਼ਾਹਰ ਹੋ ਰਿਹਾ ਹੈ। ਇਜ਼ਰਾਇਲ ਅੰਦਰ ਨੇਤਨਯਾਹੂ ਸਰਕਾਰ ਵੀ ਨਿਖੇੜੇ ਚ ਧੱਕੀ ਜਾ ਰਹੀ ਹੈ। ਅਤਿ ਅਧੁਨਿਕ ਹਥਿਆਰਾਂ ਨਾਲ ਲੈਸ ਅਮਰੀਕੀ ਤੇ ਇਜ਼ਰਾਇਲੀ ਹਾਕਮਾਂ ਦੀ ਘਬਰਾਹਟ ਅਤੇ ਅੰਤਾਂ ਦੇ ਦੁੱਖਾਂ ਦਰਮਿਆਨ ਵੀ ਫ਼ਲਸਤੀਨੀ ਲੋਕਾਂ ਦੀ ਸਿਦਕਵਾਨ ਨਾਬਰੀ ਇਸ ਸੰਸਾਰ ਦਾ ਅੱਜ ਦਾ ਦ੍ਰਿਸ਼ ਹੈ।

ਫਲਸਤੀਨੀ ਕਵੀ ਮਹਿਮੂਦ ਦਰਵੇਸ਼ ਦੀ ਇੱਕ ਕਵਿਤਾ

 

ਪਿਆਰੀ ਮਾਤ ਭੂਮੀ!

ਉਹਨਾਂ ਮੈਨੂੰ ਹਨੇਰ-ਕੋਠੜੀ ਵਿਚ ਡੱਕ ਦਿੱਤਾ

ਮੇਰਾ ਦਿਲ ਸੂਰਜੀ ਮਿਸ਼ਾਲਾਂ ਵਾਂਗ ਜਗਮਗਾਉਂਦਾ  ਸੀ

ਉਹਨਾਂ ਮੇਰਾ ਨੰਬਰ ਕੰਧਾਂ ਉੱਤੇ ਲਿਖ ਦਿੱਤਾ

ਕੰਧਾਂ ਹਰੀਆਂ ਚਰਾਂਦਾਂ ਜਾਪਣ ਲੱਗੀਆਂ

ਉਹਨਾਂ ਕਾਤਲ ਦਾ ਚਿਹਰਾ ਉੱਕਰਿਆ

 ਚਿਹਰਾ ਤੁਰੰਤ ਚਮਕਦੀਆਂ

 ਮੀਢੀਆਂ ਵਿਚ ਵਟ ਗਿਆ

ਮੈਂ ਦੰਦਾਂ ਨਾਲ ਤੇਰਾ ਨਕਸ਼ਾ  ਕੰਧਾਂ  ਉੱਤੇ ਵਾਹਿਆ

ਤੇ ਉਡਦੀ ਜਾਂਦੀ ਰਾਤ ਦਾ ਗੀਤ ਲਿਖਿਆ

ਮੈਂ ਹਾਰ ਨੂੰ ਗੁਮਨਾਮੀ ਵਿਚ ਸੁੱਟ ਦਿੱਤਾ

ਤੇ ਆਪਣੇ ਹੱਥਾਂ ਨੂੰ

ਚਾਨਣ ਦੀਆਂ ਕਿਰਨਾਂ ਨਾਲ ਭਰ ਲਿਆ

ਉਹਨਾਂ ਕੁਝ ਵੀ ਨਹੀਂ ਜਿੱਤਿਆ

ਕੱਖ ਵੀ ਨਹੀਂ,

ਉਹਨਾਂ ਸਿਰਫ਼ ਭੂਚਾਲਾਂ ਨੂੰ ਰੋਹ ਚਾੜ੍ਹਿਆ  ਹੈ।

No comments:

Post a Comment