Monday, March 18, 2024

ਜੰਮੂ-ਕਸ਼ਮੀਰ ’ਚ ਭਾਰਤੀ ਫੌਜ ਦੇ ਕਹਿਰ ਦਾ ਇੱਕ ਹੋਰ ਕਾਂਡ

ਜੰਮੂ-ਕਸ਼ਮੀਰ ਚ ਭਾਰਤੀ ਫੌਜ ਦੇ ਕਹਿਰ ਦਾ ਇੱਕ ਹੋਰ ਕਾਂਡ

(ਫੌਜੀ ਪੋਸਟ ਤੋਂ ਚੀਕਾਂਇਹ ਕਾਰਵਾਂ ਮੈਗਜ਼ੀਨ ਲਈ ਜਤਿੰਦਰ ਕੌਰ ਤੂਰ ਵੱਲੋਂ ਲਿਖੀ ਗਈ ਇੱਕ ਰਿਪੋਰਟ ਦਾ ਸਿਰਲੇਖ ਹੈ ਜਿਸਨੂੰ ਸਰਕਾਰੀ ਹੁਕਮਾਂ ਤੇ ਦੋ ਦਿਨਾਂ ਬਾਅਦ ਹੀ ਕਾਰਵਾਂ ਦੀ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਸੀ। ਇਹ ਰਿਪੋਰਟ 22 ਦਸੰਬਰ 2023 ਨੂੰ ਕਸ਼ਮੀਰ ਦੇ ਪੀਰ ਪੰਜਾਲ ਪਹਾੜੀ ਖਿੱਤੇ ਚ ਰਾਜੌਰੀ ਤੇ ਪੁੰਛ ਇਲਾਕੇ ਚ ਫੌਜ ਵੱਲੋਂ ਗੁੱਜਰ ਤੇ ਬੱਕਰਵਾਲ ਕਬੀਲੇ ਦੇ ਲੋਕਾਂ ਤੇ ਭਾਰਤੀ ਫੌਜ ਵੱਲੋਂ ਢਾਹੇ ਅਣਮਨੁੱਖੀ ਤਸ਼ੱਦਦ ਤੇ ਤਿੰਨ ਲੋਕਾਂ ਦੀ ਮੌਤ ਦੀ ਕਹਾਣੀ ਬਿਆਨ ਕਰਦੀ ਹੈ। ਇਹ ਰਿਪੋਰਟ ਤੱਥਾਂ ਤੇ ਸਬੂਤਾਂ ਸਮੇਤ ਭਾਰਤੀ ਫੌਜ ਵਲੋਂ ਕਸ਼ਮੀਰੀ ਲੋਕਾਂ ਤੇ ਢਾਹੇ ਜਾ ਰਹੇ ਕਹਿਰ ਨੂੰ ਬਿਆਨਦੀ ਹੈ। ਹਥਲੀ ਲਿਖਤ ਇਸੇ ਰਿਪੋਰਟ ਤੇ ਅਧਾਰਿਤ ਹੈ ਜਿਹੜੀ ਹਟਾਏ ਜਾਣ ਤੋਂ ਪਹਿਲਾਂ ਸਾਨੂੰ ਪ੍ਰਾਪਤ ਹੋ ਗਈ ਸੀ।           - ਸੰਪਾਦਕ)

 

ਭਾਰਤੀ ਫੌਜ ਵੱਲੋਂ 22 ਦਸੰਬਰ ਨੂੰ ਰਾਜੌਰੀ ਤੇ ਪੁੰਛ ਇਲਾਕੇ ਦੇ ਕਈ ਪਿੰਡਾਂ ਵਿੱਚੋਂ ਲਗਭੱਗ 25 ਵਿਅਕਤੀਆਂ ਨੂੰ ਆਪਹੁਦਰੇ ਢੰਗ ਨਾਲ ਉਹਨਾਂ ਦੇ ਘਰਾਂ ਜਾਂ ਕੰਮ ਵਾਲੀਆਂ ਥਾਵਾਂ ਤੋਂ ਚੁੱਕਿਆ ਗਿਆ, ਉਹਨਾਂ ਨੂੰ ਤਿੰਨ ਵੱਖ ਵੱਖ ਫੌਜੀ ਪੋਸਟਾਂ ਚ ਲਿਜਾਕੇ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਤੇ ਉਹਨਾਂ ਵਿਚੋਂ ਤਿੰਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਦਾ ਸ਼ਾਇਦ ਬਾਹਰੀ ਦੁਨੀਆਂ ਨੂੰ ਪਤਾ ਵੀ ਨਾ ਲੱਗਦਾ ਜਾਂ ਬਹੁਤ ਦੇਰ ਨਾਲ ਪਤਾ ਲੱਗਦਾ, ਪਰ ਫੜੇ ਲੋਕਾਂ ਤੇ ਤਸ਼ੱਦਦ ਢਾਹੁਣ ਦੀ ਕਿਸੇ ਫੌਜੀ ਵੱਲੋਂ ਹੀ ਬਣਾਈ ਵੀਡੀਓ ਦੇ ਸ਼ੋਸ਼ਲ ਮੀਡੀਆ ਤੇ ਲੀਕ ਹੋ ਜਾਣ ਨੇ, ਇਸ ਮਸਲੇ ਨੂੰ ਦੁਨੀਆਂ ਸਾਹਮਣੇ ਲੈ  ਆਂਦਾ।

   ਰਾਜੌਰੀ ਤੇ ਪੁੰਛ ਦਾ ਇਹ ਖਿੱਤਾ, ਭਾਰਤ ਤੇ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਦਾ ਤੇ ਕਸ਼ਮੀਰ ਦੇ ਸਭ ਤੋਂ ਵੱਧ ਗੜਬੜ ਵਾਲੇ ਖਿੱਤਿਆਂ ਚੋਂ ਇੱਕ ਹੈ। ਲੰਮੇ ਸਮੇਂ ਤੋਂ ਇਸ ਖਿੱਤੇ ਵਿੱਚ ਭਾਰਤੀ ਫੌਜ ਦੀ ਬਹੁਤ ਵੱਡੀ ਨਫਰੀ ਤਾਇਨਾਤ ਹੈ, ਜਿਸ ਬਾਰੇ ਉਥੋਂ ਦੇ ਲੋਕਾਂ ਦੀ ਇੱਕ ਕਹਾਵਤ ਤੋਂ ਪਤਾ ਲੱਗਦਾ ਹੈ। ਉਹਨਾਂ ਲੋਕਾਂ ਅਨੁਸਾਰ, ‘ ਉੱਥੇ ਫੌਜ ਲੋਕਾਂ ਨਾਲ ਨਹੀਂ ਰਹਿੰਦੀ, ਬਲਕਿ ਲੋਕ ਫੌਜ ਨਾਲ ਰਹਿੰਦੇ ਹਨ।ਭਾਵ ਇਥੇ ਫੌਜ ਦੀ ਗਿਣਤੀ ਆਮ ਲੋਕਾਂ ਨਾਲੋਂ ਵੱਧ ਹੈ। 22 ਦਸੰਬਰ ਨੂੰ ਇਸ ਖਿੱਤੇ ਦੇ ਚ ਫੌਜੀਆਂ ਦੇ ਕਾਫਲੇ ਤੇ ਇੱਕ ਅੱਤਵਾਦੀ ਹਮਲਾ ਹੋਇਆ ਜਿਸ ਵਿੱਚ ਚਾਰ ਫੌਜੀ ਮਾਰੇ ਗਏ ਤੇ ਕੱੁਝ ਜਖਮੀ ਹੋਏ। ਅਜੇ ਇਸ ਹਮਲੇ ਦੀ ਖਬਰ ਵੀ ਲੋਕਾਂ ਤੱਕ ਨਹੀਂ ਸੀ ਪਹੁੰਚੀ ਜਦੋਂ ਕਿ ਫੌਜ ਉਹਨਾਂ ਦੇ ਘਰਾਂ ਤੱਕ ਪਹੁੰਚ ਗਈ ਤੇ ਲਗਭਗ 25 ਵਿਅਕਤੀਆਂ ਨੂੰ ਤਿੰਨ ਵੱਖੋ ਵੱਖ ਫ਼ੌਜੀ ਪੋਸਟਾਂ ਚ ਚੁੱਕ ਲਿਆਂਦਾ ਗਿਆ। ਇਹਨਾਂ ਚੁੱਕੇ ਗਏ ਵਿਅਕਤੀਆਂ ਦਾ ਸਬੰਧ ਗੁੱਜਰ ਤੇ ਬੱਕਰਵਾਲ਼ ਕਬੀਲੇ ਨਾਲ ਸੀ ਤੇ ਇਹਨਾਂ ਚੋਂ ਕਈ ਅਜਿਹੇ ਵਿਅਕਤੀ ਸਨ ਜਿਹੜੇ ਲੰਮੇ ਸਮੇਂ ਤੋਂ ਮਜ਼ਬੂਰੀ ਵੱਸ ਫੌਜ ਵਾਸਤੇ ਹੀ ਸੂਹੀਏ ਦਾ ਰੋਲ ਨਿਭਾ ਰਹੇ ਸੀ ਜਾਂ ਫੌਜ ਵਾਸਤੇ ਹੀ ਸਮਾਨ ਢੋਣ ਜਾਂ ਇਹੋ ਜਿਹੇ ਹੋਰ ਕੰਮ ਕਰਦੇ ਸਨ।

     ਭਾਰਤੀ ਰਾਸ਼ਟਰੀ ਰਾਇਫਲਜ਼ 48 ਦੀ ਇੱਕ ਕੰਪਨੀ ਨੇ ਰਾਜੌਰੀ ਪੁੰਛ ਦੇ ਪਿੰਡਾਂ ਟੋਪਾ ਪੀਰ, ਹਾਸਪਲੂਤ, ਫੰਗਾਈ, ਸਵਾਨੀ ਮਾਹਰਾ ਤੇ ਸੰਗਾਲਿਨੀ ਚੋਂ 25 ਵਿਅਕਤੀਆਂ ਨੂੰ ਚੁੱਕਿਆ ਤੇ ਉਹਨਾਂ ਨੂੰ ਆਰਮੀ ਦੀਆਂ ਤਿੰਨ ਵੱਖ ਵੱਖ ਪੋਸਟਾਂ ਡੇਰਾ ਕੀ ਗਲੀ, ਮਸਤਾਂਦਰਾ ਤੇ ਬਾਫਲੀਆਜ਼ ਵਿਖੇ ਲਿਆਂਦਾ ਗਿਆ। ਚੁੱਕੇ ਗਏ ਵਿਅਕਤੀਆਂ ਨੂੰ ਫੌਜ ਵੱਲੋਂ ਡਾਂਗਾਂ, ਲੋਹੇ ਦੀਆਂ ਰਾਡਾਂ ਨਾਲ ਅੰਨ੍ਹੇਵਾਹ ਕੁੱਟਿਆ ਗਿਆ। ਉਹਨਾਂ ਨੂੰ ਪਾਣੀ ਵਿਚ ਡੁਬੋਇਆ ਗਿਆ ਤੇ ਬਿਜਲੀ ਦੇ ਝਟਕੇ ਦਿੱਤੇ ਗਏ। ਇਸ ਕੁੱਟਮਾਰ ਤੇ ਤਸ਼ੱਦਦ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹਨਾਂ ਵਿਚੋਂ ਇੱਕ ਸਫ਼ੀਰ ਅਹਿਮਦ ਫੌਜ ਲਈ ਜਾਸੂਸੀ ਕਰਦਾ ਸੀ ਤੇ ਇਹਦਾ ਵੱਡਾ ਭਰਾ ਖੁਦ ਫੌਜ ਵਿੱਚ ਹੈ। ਤਸ਼ੱਦਦ ਮਗਰੋਂ ਬਚ ਗਏ ਲੋਕਾਂ ਨੇ ਦੱਸਿਆ ਕਿ ਫ਼ੌਜ ਦੇ ਸਿਪਾਹੀ ਉਹਨਾਂ ਨੂੰ ਕੁੱਟਦਿਆਂ ਸਿਰਫ ਇਹੀ ਸਵਾਲ ਕਰ ਰਹੇ ਸਨ ਕਿ ਕੀ ਉਹਨਾਂ ਨੂੰ ਫੌਜ ਤੇ ਹੋਏ ਹਮਲੇ ਬਾਰੇ ਪਤਾ ਹੈ। ਜਦੋਂ ਕਿ ਸਾਰੇ ਫੜੇ ਗਏ ਵਿਅਕਤੀ ਹਮਲੇ ਵਾਲੀ ਜਗ੍ਹਾ ਤੋਂ ਦੂਰ ਦੁਰਾਡੇ ਦੇ ਪਿੰਡਾਂ ਵਾਲੇ ਸਨ ਤੇ ਉਹਨਾਂ ਨੂੰ ਇਸ ਬਾਰੇ ਕੱਝ ਨਹੀਂ ਪਤਾ ਸੀ। ਸਫ਼ੀਰ ਤੋਂ ਮਗਰੋਂ ਅਗਲਾ ਸ਼ਿਕਾਰ ਸ਼ੌਕਤ ਸੀ ਜਿਸ ਦੇ ਵਿਆਹ ਨੂੰ ਇੱਕ ਸਾਲ ਹੀ ਹੋਇਆ ਸੀ ਤੇ ਉਹਦੀ ਪਤਨੀ ਛੇ ਮਹੀਨੇ ਦੀ ਗਰਭਵਤੀ ਸੀ। ਫੌਜ ਵੱਲੋਂ ਚੁੱਕੇ ਜਾਣ ਤੇ ਉਹ ਆਰਮੀ ਕੈਂਪ ਪਹੁੰਚੀ ਤਾਂ ਉਸਦੇ ਸਾਹਮਣੇ ਹੀ ਉਸਤੇ ਤਸ਼ੱਦਦ ਢਾਹਿਆ ਜਾ ਰਿਹਾ ਸੀ ਤੇ ਉਸਨੂੰ ਉਨਾ ਚਿਰ ਪਾਣੀ ਚ ਡਬੋ ਕੇ ਰੱਖਿਆ ਗਿਆ ਜਦੋਂ ਤੱਕ ਉਸਦੀ ਮੌਤ ਨਹੀਂ ਹੋ ਗਈ। ਉਸਦੀ ਮੌਤ ਉਸਦੀ ਪਤਨੀ ਤੇ ਅਣਜੰਮੇ ਬੱਚੇ ਦੇ ਸਾਹਮਣੇ ਹੋਈ। ਇਸੇ ਤਰ੍ਹਾਂ ਡੇਰਾ ਕਿ ਗਲੀ ਚ ਜਦੋਂ ਫੜੇ ਗਏ ਵਿਅਕਤੀਆਂ ਤੇ ਤਸ਼ੱਦਦ ਹੋ ਰਿਹਾ ਸੀ ਤਾਂ ਉਹਨਾਂ ਦੀਆਂ ਚੀਕਾਂ ਸੁਣ ਕੇ ਕੱੁਝ ਔਰਤਾਂ ਆਰਮੀ ਪੋਸਟ ਤੇ ਪਹੁੰਚ ਕੇ ਉਹਨਾਂ ਨੂੰ ਛੱਡ ਦੇਣ ਦੀ ਮੰਗ ਕਰਨ ਲੱਗੀਆਂ ਤਾਂ ਫੌਜ ਨੇ ਪਹਿਲਾਂ ਉਹਨਾਂ ਸਾਰਿਆਂ ਨੂੰ ਨੰਗਾ ਕਰਨ ਦੀ ਧਮਕੀ ਦਿੱਤੀ ਤੇ ਫਿਰ ਉਹਨਾਂ ਵੱਲ ਰਫਲਾਂ ਤਾਣ ਕੇ ਉਹਨਾਂ ਨੂੰ ਉਥੋਂ ਜਾਣ ਲਈ ਮਜ਼ਬੂਰ ਕਰ ਦਿੱਤਾ। ਮਸਤੰਦਰਾ ਵਿਖੇ ਜਦੋਂ ਤਸ਼ੱਦਦ ਕੀਤਾ ਜਾ ਰਿਹਾ ਸੀ ਤਾਂ ਕੁੱਟੇ ਜਾ ਰਹੇ ਵਿਅਕਤੀਆਂ ਨੇ ਜਦੋਂ ਪਾਣੀ ਦੀ ਮੰਗ ਕੀਤੀ ਤਾਂ ਉਹਨਾਂ ਨੂੰ ਪਾਣੀ ਨਹੀਂ ਦਿੱਤਾ ਗਿਆ। ਤਸ਼ੱਦਦ ਮਗਰੋਂ ਹਸਪਤਾਲ ਲਿਜਾਣ ਸਮੇਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਪਾਣੀ ਪਿਆਉਣ ਦੀ ਕੋਸ਼ਿਸ਼ ਕੀਤੀ ਤਾਂ ਫੌਜ ਨੇ ਉਹਨਾਂ ਨੂੰ ਮਨ੍ਹਾ ਕਰ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਫੌਜੀ ਕਹਿ ਰਹੇ ਸਨ, ‘ਆਜ ਇਨਕਾ ਜਨਾਜ਼ਾ ਨਿਕਾਲੇਂਗੇ।ਪ੍ਰਤੱਖ ਦੇਖਣ ਵਾਲਿਆਂ ਮੁਤਾਬਕ ਜਦੋਂ ਮ੍ਰਿਤਕ ਦੇਹਾਂ ਫੌਜੀ ਕੈਂਪ ਲਿਜਾਈਆਂ ਜਾ ਰਹੀਆਂ ਸਨ ਤਾਂ ਫੌਜੀਆਂ ਨੇ ਸ਼ੌਕਤ ਨੂੰ ਭੁੰਜੇ ਸੁੱਟ ਦਿੱਤਾ। ਉਸਤੋਂ ਬਾਅਦ ਉਹ ਉਸਦੀ ਛਾਤੀ ਤੇ ਚੜ੍ਹਕੇ ਛਾਲਾਂ ਮਾਰਨ ਲੱਗ ਪਏ। ਲੋਕਾਂ ਮੁਤਾਬਕ ਉਹ ਇਹ ਪੱਕਾ ਕਰਨਾ ਚਾਹੁੰਦੇ ਸਨ ਕਿ ਉਹ ਜਿਉਂਦਾ ਤਾਂ ਨਹੀਂ। ਇਸੇ ਤਰ੍ਹਾਂ ਸਵਾਣੀ ਦੇ ਦੋ ਵਿਅਕਤੀਆਂ ਨੂੰ ਤਸ਼ੱਦਦ ਢਾਹੁਣ ਉਪਰੰਤ ਫੌਜੀ ਇੱਕ ਸੜਕ ਤੇ ਸੁੱਟ ਕੇ ਚਲੇ ਗਏ ਜਿਹੜੇ ਮਗਰੋਂ ਹੋਰਨਾਂ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚੇ।

  ਤਸ਼ੱਦਦ ਦੀ ਨਸ਼ਰ ਵੀਡੀਓ ਵਿੱਚ ਇੱਕ ਫੌਜੀ ਕਹਿ ਰਿਹਾ ਹੈ, ‘ਕਮਾਂਡਰ ਸਾਹਿਬ ਪੂਛ ਰਹਾ ਹੈ, ਕੋਈ ਪਹਿਚਾਣ ਕੀਆ।  ਰਿਪੋਰਟ ਮੁਤਾਬਕ ਇਹਨਾਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਹ ਕਾਰਵਾਈ ਸਥਾਨਕ ਪੱਧਰ ਤੇ ਫੌਜੀਆਂ ਵਲੋਂ ਗੁੱਸੇ ਚ ਨਹੀਂ ਕੀਤੀ ਗਈ, ਸਗੋਂ ਇਹਦੇ ਲਈ ਉਪਰੋਂ ਹੁਕਮ ਜਾਰੀ ਹੋਏ ਤੇ ਇਸਨੂੰ ਪੂਰੇ ਤਾਲਮੇਲ ਨਾਲ ਅੰਜਾਮ ਦਿੱਤਾ ਗਿਆ। ਇਸੇ ਕਰਕੇ ਇਹ ਮਾਰੇ ਗਏ ਵਿਅਕਤੀਆਂ ਦਾ ਫੌਜ ਵੱਲੋਂ ਹੀ ਪੋਸਟ ਮਾਰਟਮ ਕੀਤਾ ਗਿਆ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਉੱਥੇ ਮੌਜੂਦ ਨਹੀਂ ਰਹਿਣ ਦਿੱਤਾ ਗਿਆ, ਜਦੋਂ ਕਿ ਕਾਨੂੰਨੀ ਤੌਰ ਤੇ ਇਹ ਲਾਜ਼ਮੀ ਹੈ। ਪੁਲਸ ਵੱਲੋਂ ਚਾਹੇ ਕੇਸ ਦਰਜ ਕੀਤਾ ਗਿਆ, ਪਰ ਇਹਦੇ ਵਿੱਚ ਕਿਸੇ ਦਾ ਵੀ ਨਾਮ ਨਹੀਂ ਪਾਇਆ ਗਿਆ ਜਦੋਂ ਕਿ ਤਸ਼ੱਦਦ ਸਹਿਣ ਵਾਲੇ ਵਿਅਕਤੀ ਤੇ ਉਹਨਾਂ ਦੇ ਪਰਿਵਾਰ, ਉਹਨਾਂ ਫੌਜੀਆਂ ਨੂੰ ਚੰਗੀ ਤਰ੍ਹਾਂ ਪਹਿਚਾਣਦੇ ਸਨ। ਐੱਫ.ਆਈ.ਆਰ. ਵਿੱਚ ਇਹ ਤਾਂ ਦਰਜ਼ ਹੈ ਕਿ ਉਹਨਾਂ ਨੂੰ ਫੌਜ ਵੱਲੋਂ ਚੱਕਿਆ ਗਿਆ ਸੀ ਪਰ ਕਿਸੇ ਨੂੰ ਵੀ ਨਾਮਜਦ ਨਹੀਂ ਕੀਤਾ ਗਿਆ ।

  ਇਸ ਘਟਨਾ ਦੇ ਵਾਪਰਨ ਤੋਂ ਕੱੁਝ ਦਿਨਾਂ ਮਗਰੋਂ ਫੌਜ ਦੇ ਕੱੁਝ ਅਧਿਕਾਰੀ ਇਹਨਾਂ ਵਿਅਕਤੀਆਂ ਦੇ ਘਰਾਂ ਵਿੱਚ ਗਏ ਤੇ ਸਭ ਨੂੰ ਵੱਖ ਵੱਖ ਰਕਮ ਦੇ ਕੇ ਵਾਪਸ ਆ ਗਏ। ਮਰਨ ਵਾਲੇ ਵਿਅਕਤੀਆਂ ਨੂੰ ਦਸ ਲੱਖ ਰੁਪਏ, ਜਖ਼ਮੀਆਂ ਨੂੰ ਡੇਢ ਤੋਂ ਤਿੰਨ ਲੱਖ ਰੁਪਏ ਤੱਕ ਦਿੱਤੇ ਗਏ। ਇਸ ਤਰ੍ਹਾਂ ਇੱਕ ਤਰ੍ਵਾਂ ਨਾਲ ਇਸ ਮਸਲੇ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਿਪੋਰਟ ਮੁਤਾਬਕ, ਇਸ ਇਲਾਕੇ ਦੇ ਲੀਡਰ, ਸਰਪੰਚ ਜਾਂ ਅਧਿਕਾਰੀ ਕੋਈ ਵੀ ਇਸ ਮਸਲੇ ਬਾਰੇ ਗੱਲ ਕਰਨ ਲਈ ਤਿਆਰ ਨਹੀਂ, ਸਗੋਂ ਉਹਨਾਂ ਅਨੁਸਾਰ ਜਦੋਂ ਕਿ ਹੁਣ ਫੌਜ ਨੇ ਪੈਸੇ ਦੇ ਦਿੱਤੇ ਹਨ ਤਾਂ ਇਹ ਮਸਲਾ ਹੱਲ ਹੋ ਗਿਆ ਹੈ।

ਰਿਪੋਰਟ ਅਨੁਸਾਰ ਫੌਜ ਵੱਲੋਂ ਇਸ ਤਰ੍ਹਾਂ ਪੈਸੇ ਵੰਡਣ ਦੀ ਇਹ ਬਹੁਤ ਹੀ ਅਨੋਖੀ ਘਟਨਾ ਹੈ। ਲੋਕਾਂ ਨੂੰ ਦਿੱਤੇ ਗਏ ਨੋਟ ਬਿਲਕੁਲ ਨਵੇਂ ਹਨ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹਨਾਂ ਨੂੰ ਪੈਸੇ ਬਣਾਉਣ ਵਾਲੀਆਂ ਟਕਸਾਲਾਂ ਤੋਂ ਸਿੱਧਾ ਹੀ ਫੌਜ ਕੋਲ ਭੇਜਿਆ ਗਿਆ ਹੈ। ਇਸ ਤਰਾਂ ਇਹ ਮਸਲਾ ਸਿਰਫ ਫੌਜੀ ਪੱਧਰ ਦਾ ਨਾ ਹੋ ਕੇ ਇਸ ਵਿੱਚ ਕੇਂਦਰ ਦਾ ਦਖ਼ਲ ਵੀ ਨਜ਼ਰ ਆ ਰਿਹਾ ਹੈ। ਰਿਪੋਰਟ ਸਵਾਲ ਕਰਦੀ ਹੈ ਕਿ ਆਖਰ ਏਨੇ ਤਸ਼ੱਦਦ ਤੋਂ ਮਗਰੋਂ ਇਹ ਨੁਕਸਾਨ ਪੂਰਤੀ ਦੀ ਕਰਵਾਈ ਕਿਉਂ ਕੀਤੀ ਗਈ। ਰਿਪੋਰਟ ਅਨੁਸਾਰ ਅਸਲ ਵਿੱਚ ਭਾਜਪਾ ਕਸ਼ਮੀਰ ਅੰਦਰ ਚੋਣਾਂ ਜਿੱਤਣ ਲਈ ਗੁੱਜਰ ਤੇ ਬੱਕਰਵਾਲ ਲੋਕਾਂ ਤੇ ਟੇਕ ਰੱਖ ਰਹੀ ਹੈ। ਪਿਛਲੇ ਸਮੇਂ ਵਿੱਚ ਭਾਜਪਾ ਵੱਲੋਂ ਇਹਨਾਂ ਲੋਕਾਂ ਨੂੰ ਆਪਣੇ ਪੱਖ ਚ ਜਿੱਤਣ ਵਾਸਤੇ ਕਾਫੀ ਕੋਸ਼ਿਸ਼ਾਂ ਕੀਤੀਆਂ ਹਨ । ਪਰ ਤਸ਼ੱਦਦ ਦੀ ਵੀਡੀਓ ਲੀਕ ਹੋ ਜਾਣ ਨੇ ਮਸਲਾ ਵਿਗਾੜ ਦਿੱਤਾ ਤੇ ਉਹਨਾਂ ਨੂੰ ਇਸ ਮਸਲੇ ਚ ਦਖ਼ਲ ਦੇਣਾ ਪਿਆ। ਇਸ ਘਟਨਾ ਮਗਰੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਫੇਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਇਲਾਕੇ ਦਾ ਦੌਰਾ ਕੀਤਾ। ਫੌਜ ਨੇ ਵੀ ਇਸ ਇਲਾਕੇ ਚ ਸੋਲਰ ਲਾਈਟਾਂ ਲਗਾਉਣ ਤੇ  ਸੜਕਾਂ ਬਣਾਉਣ ਵਰਗੇ ਕੰਮ ਕੀਤੇ। ਪਰ ਇਹ ਅਸਲ ਵਿੱਚ ਮਸਲੇ ਦੇ ਨਸ਼ਰ ਹੋ ਜਾਣ ਕਾਰਨ ਹੋਏ ਸਿਆਸੀ ਨੁਕਸਾਨ ਦੀ ਪੂਰਤੀ ਲਈ ਕੀਤਾ ਗਿਆ। ਪਰ ਇਸ ਤਰ੍ਹਾਂ ਕਰਦਿਆਂ ਵੀ ਫੌਜ ਤੇ ਦੋਸ਼ੀ ਅਧਿਕਾਰੀਆਂ ਦਾ ਪੂਰੀ ਤਰ੍ਹਾਂ ਬਚਾਅ ਕੀਤਾ ਗਿਆ ਤੇ ਉਹਨਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ।

ਇਹ ਰਿਪੋਰਟ ਕਸ਼ਮੀਰ ਅੰਦਰ ਭਾਰਤੀ ਫੌਜ ਵੱਲੋਂ ਢਾਹੇ ਜਾ ਰਹੇ ਕਹਿਰ, ਭਾਰਤੀ ਰਾਜ ਵੱਲੋਂ ਇਸਨੂੰ ਦਿੱਤੀਆਂ ਖੁੱਲ੍ਹਾਂ, ਤੇ ਫੌਜ ਨੂੰ ਬਚਾਉਣ ਲਈ ਪੂਰੀ ਰਾਜਕੀ ਮਸ਼ੀਨਰੀ ਤੇ ਪੈਸੇ ਦੀ ਵਰਤੋਂ ਦੀ ਵੱਡੀ ਉਦਾਹਰਣ ਹੈ। ਇਥੇ ਤਾਂ ਫੇਰ ਵੀ ਸਿਆਸੀ ਗਿਣਤੀਆਂ ਮਿਣਤੀਆਂ ਤਹਿਤ ਲੋਕਾਂ ਦੇ ਰੋਹ ਨੂੰ ਠੰਢਾ ਕਰਨ ਲਈ ਸਹਾਇਤਾ ਦੇਣ ਦਾ ਖੇਖਣ ਕੀਤਾ ਗਿਆ ਹੈ, ਪਰ ਜਿੱਥੇ ਇਸ ਤਰ੍ਹਾਂ ਦੀ ਕੋਈ ਸਿਆਸੀ ਮਜ਼ਬੂਰੀ ਨਹੀਂ ਹੋਵੇਗੀ, ਉਥੇ ਕਸ਼ਮੀਰੀ ਲੋਕਾਂ ਤੇ ਕਿਸ ਤਰ੍ਹਾਂ ਦਾ ਜਬਰ ਕੀਤਾ ਜਾਂਦਾ ਹੋਵੇਗਾ, ਇਸਦਾ ਅੰਦਾਜ਼ਾ ਇਸ ਰਿਪੋਰਟ ਤੋਂ ਲਗਾਇਆ ਜਾ ਸਕਦਾ ਹੈ। 

No comments:

Post a Comment