Monday, March 18, 2024

 

295- 1 ਵਿਚਾਰ ਪ੍ਰਗਟਾਵੇ ਦੇ ਬੁਨਿਆਦੀ ਅਧਿਕਾਰ ਦਾ ਗਲਾ ਘੁੱਟਣ ਵਾਲੀ ਧਾਰਾ ਹੈ। ਇਹ ਭਾਰਤੀ ਰਾਜ ਵੱਲੋਂ ਸਭਨਾਂ ਫ਼ਿਰਕੂ ਤਾਕਤਾਂ ਦੇ ਹੱਥ ਵਿੱਚ ਦਿੱਤਾ ਹੋਇਆ ਲੋਕ-ਦੋਖੀ ਹਥਿਆਰ ਹੈ। ਇਸ ਨੂੰ ਫਿਰਕਾਪ੍ਰਸਤੀ ਖਿਲਾਫ਼ ਆਵਾਜ਼ ਉਠਾਉਣ ਵਾਲੇ ਅਤੇ ਸਮਾਜ ਅੰਦਰਲੇ ਅੰਧ ਵਿਸ਼ਵਾਸ਼ਾਂ ਨੂੰ ਰੱਦ ਕਰਕੇ ਵਿਗਿਆਨਕ ਵਿਚਾਰਾਂ ਦੀ ਜਾਗ ਲਾਉਣ ਵਾਲੇ ਹਿੱਸਿਆਂ ਖਿਲਾਫ਼ ਵਰਤਿਆ ਜਾਂਦਾ ਰਿਹਾ ਹੈ। ਕੈਪਟਨ ਤੇ ਬਾਦਲ ਦੋਹਾਂ ਦੀ ਹਕੂਮਤ ਨੇ ਆਪਣੇ ਵੇਲਿਆਂ ਚ ਇਸ ਨੂੰ ਹੋਰ ਵਧੇਰੇ ਤਿੱਖੀ ਕੀਤਾ ਸੀ। ਹਾਲਾਂਕਿ ਇਹ ਧਾਰਾ ਫਿਰਕਾਪ੍ਰਸਤੀ ਫੈਲਾਉਣ ਵਾਲਿਆਂ ਖਿਲਾਫ ਕਦੇ ਵੀ ਨਹੀਂ ਵਰਤੀ ਜਾਂਦੀ ਰਹੀ। ਇਸਨੂੰ ਰੱਦ ਕਰਨ ਦੀ ਮੰਗ ਸਭਨਾਂ ਜਮਹੂਰੀ, ਇਨਸਾਫਪਸੰਦ ਤੇ ਅਗਾਂਹਵਧੂ ਲੋਕਾਂ ਦੀ ਸਾਂਝੀ ਮੰਗ ਹੈ। ਪੰਜਾਬ ਦੀ ਜਮਹੂਰੀ ਹੱਕਾਂ ਦੀ ਲਹਿਰ ਵੱਲੋਂ  ਕਈ ਵਾਰ  ਇਹ ਮੰਗ ਕੀਤੀ ਜਾਂਦੀ ਰਹੀ ਹੈ। ਜਿਹੜੀ ਧਾਰਾ ਹੀ ਗੈਰ- ਜਮਹੂਰੀ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਗਲ ਘੁਟਦੀ ਹੈ ਉਸ ਅਧੀਨ ਦਰਜ ਕੇਸ ਨੂੰ ਕਿਸੇ ਤਰ੍ਹਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ ਹੈ। ਜਿਵੇਂ ਜਮਹੂਰੀ ਸ਼ਕਤੀਆਂ ਯੂਏਪੀਏ ਅਧੀਨ ਦਰਜ ਕੇਸਾਂ ਨੂੰ ਦੇਖਦੀਆਂ ਹਨ ਉਹੋ ਜਿਹੀ ਸਥਿਤੀ ਹੀ ਇਸ ਧਾਰਾ ਦੇ ਮਾਮਲੇ ਚ ਹੈ। ਇਸ ਤੋਂ ਵੀ ਅੱਗੇ ਸਰੋਕਾਰ ਦਾ ਮਸਲਾ ਇਹ ਬਣਨਾ ਚਾਹੀਦਾ ਹੈ ਕਿ ਕੌਮੀ ਪੱਧਰ ਤੇ ਹਿੰਦੂਤਵੀ ਫਿਰਕਾਪ੍ਰਸਤ ਤਾਕਤਾਂ ਵੱਲੋਂ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ, ਉਸਦੀ ਵਰਤੋਂ ਹੁਣ ਪੰਜਾਬ ਅੰਦਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪੰਜਾਬ ਅੰਦਰਲੀਆਂ ਭਾਜਪਾ ਨਾਲ ਜੁੜੀਆਂ ਹਿੰਦੂਤਵੀ ਫਿਰਕਾਪ੍ਰਸਤ ਤਾਕਤਾਂ ਆਪਣੇ ਨਾਪਾਕ ਫਿਰਕੂ ਤੇ ਸਿਆਸੀ ਮਨਸੂਬਿਆਂ ਲਈ ਸਰਗਰਮੀਆਂ ਤਲਾਸ਼ ਰਹੀਆਂ ਹਨ। 295-1 ਇੱਕ ਵਾਰ ਫਿਰ ਉਹਨਾਂ ਹੱਥ ਹਥਿਆਰ ਬਣ ਕੇ ਫੜੀ ਹੋਈ ਦਿਖ ਰਹੀ ਹੈ, ਕਦੇ ਇਹ ਪੰਜਾਬ ਅੰਦਰਲੇ ਸਿੱਖ ਬੁਨਿਆਦ ਪ੍ਰਸਤ ਹਿੱਸਿਆਂ ਕੋਲ ਹਥਿਆਰ ਵਜੋਂ ਦੇਖੀ ਜਾ ਸਕਦੀ ਹੈ।

ਇਸ ਮਾਮਲੇ ਚ ਤਰੀਕਾ ਉਹੀ ਹੈ ਜਿਹੜਾ ਦੂਜੇ ਸੂਬਿਆਂ ਅੰਦਰ ਲੇਖਕਾਂ ਤੇ ਬੁੱਧੀਜੀਵੀ ਹਿੱਸਿਆਂ ਨੂੰ ਦੇਸ਼ ਧਰੋਹੀ ਕਹਿ ਕੇ ਨਿਸ਼ਾਨਾ ਬਣਾਉਣ ਲਈ ਵਰਤਿਆ ਜਾ ਰਿਹਾ ਹੈ। ਉਹਨਾਂ ਖਿਲਾਫ਼ ਦਰਜ ਕੀਤੇ ਗਏ ਕੇਸ ਸਿਰਫ ਲੇਖਕਾਂ ਨੂੰ ਖੌਫ਼ਜ਼ਦਾ ਕਰਨ ਖਾਤਰ ਹੀ ਨਹੀਂ ਦਰਜ ਕੀਤੇ ਜਾਂਦੇਸ਼ ਸਗੋਂ ਅੰਧ ਰਾਸ਼ਟਰਵਾਦ ਨੂੰ ਉਭਾਰਨ ਦਾ ਸਾਧਨ ਵੀ ਬਣਾਏ ਜਾਂਦੇ ਹਨ ਤੇ  ਜਨੂੰਨੀ ਭੀੜਾਂ ਨੂੰ ਲਾਮਬੰਦ ਕਰਨ ਲਈ ਪ੍ਰਚਾਰੇ ਜਾਂਦੇ ਹਨ। ਉਹੀ ਤਰੀਕਾ ਵਰਤਦਿਆਂ ਪੰਜਾਬ ਅੰਦਰ ਫਿਰਕੂ ਲਾਮਬੰਦੀਆਂ ਲਈ 295 1 ਨੂੰ ਸਾਧਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਲਈ ਕਿਸੇ ਧਰਮ ਦੇ ਅਪਮਾਨ ਦਾ ਕੋਈ ਮਸਲਾ ਨਹੀਂ ਹੈ, ਉਹਨਾਂ ਲਈ ਮਸਲਾ ਫ਼ਿਰਕੂ ਲਾਮਬੰਦੀਆਂ ਖਾਤਰ ਮੁੱਦੇ ਤਲਾਸ਼ਣ ਦਾ ਹੈ। ਕਿਸੇ ਵਿਸ਼ੇਸ਼ ਕੇਸ ਦੀ ਪੁਣਛਾਣ ਨੂੰ ਪਾਸੇ ਰੱਖਦਿਆਂ ਹੋਇਆਂ ਵੀ ਇਸ ਧਾਰਾ ਅਧੀਨ ਦਰਜ ਕੇਸਾਂ ਨੂੰ ਅਤੇ ਇਸ ਧਾਰਾ ਨੂੰ ਰੱਦ ਕਰਵਾਉਣ ਦੀ ਮੰਗ ਪੰਜਾਬ ਦੇ ਸਭਨਾਂ ਅਗਾਂਹਵਧੂ, ਇਨਸਾਫਪਸੰਦ ਤੇ ਵਿਚਾਰ ਪ੍ਰਗਟਾਵੇ ਦੇ ਹੱਕ ਨੂੰ ਬੁਲੰਦ ਕਰਨ ਵਾਲੇ ਜਮਹੂਰੀ ਲੋਕਾਂ ਦਾ ਸਾਂਝਾ ਮੁੱਦਾ ਬਣਦਾ ਹੈ ਅਤੇ ਰੱਦ ਕੀਤੇ ਜਾਣ ਲਈ ਸੰਘਰਸ਼ ਆਵਾਜ਼ ਬੁਲੰਦ ਕਰਨ ਦਾ ਦਾਅਵਾ ਰਖਦਾ ਹੈ।

No comments:

Post a Comment