Monday, March 18, 2024

ਨੈਤਿਕ ਪੱਖੋਂ ਦਿਸ਼ਾਹੀਣ ਹੋਇਆ ਸਾਡਾ ਮੁਲਕ

 

ਨੈਤਿਕ ਪੱਖੋਂ ਦਿਸ਼ਾਹੀਣ ਹੋਇਆ ਸਾਡਾ ਮੁਲਕ

ਸਾਡੇ ਮੁਲਕ ਨੇ ਆਪਣੀ ਨੈਤਿਕ ਦਿਸ਼ਾ ਗੁਆ ਦਿੱਤੀ ਹੈ। ਸਭ ਤੋਂ ਘਿਨਾਉਣੇ ਜ਼ੁਰਮ, ਸਮੂਹਿਕ ਕਤਲੇਆਮ (ਜੀਨੋਸਾਈਡ) ਅਤੇ ਨਸਲੀ ਸਫਾਏ (ਐਥਨਿਕ ਕਲੀਨਜ਼ਿੰਗ) ਦੇ ਸਭ ਤੋਂ ਖ਼ੌਫ਼ਨਾਕ ਐਲਾਨਾਂ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਰਾਜਨੀਤਕ ਇਨਾਮ ਦਿੱਤੇ ਜਾ ਰਹੇ ਹਨ। ਸਾਰੀ ਦੀ ਸਾਰੀ ਦੌਲਤ ਜਿੱਥੇ ਕੁੱਝ ਕੁ ਹੱਥਾਂ ਚ ਸਿਮਟਦੀ ਜਾ ਰਹੀ ਹੈ, ਉੱਥੇ ਗਰੀਬਾਂ ਨੂੰ ਕੁੱਝ ਬੁਰਕੀਆਂ ਸੁੱਟ ਕੇ ਹੀ ਉਹੀ ਤਾਕਤਾਂ ਸੱਤਾ ਹਾਸਲ ਕਰਨ ਚ ਕਾਮਯਾਬ ਹੋ ਰਹੀਆਂ ਹਨ, ਜੋ ਗਰੀਬ ਆਵਾਮ ਦੀ ਬਦਹਾਲੀ ਨੂੰ ਹੋਰ ਵਧਾ ਰਹੀਆਂ ਹਨ।

          ਸਾਡੇ ਸਮਿਆਂ ਦੀ ਸਭ ਤੋਂ ਹੈਰਾਨ ਕਰਨ ਵਾਲੀ ਉਲਝਣ ਇਹ ਹੈ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਸਾਰੀ ਦੁਨੀਆਂ ਚ ਲੋਕ ਖੁਦ ਨੂੰ ਹੋਰ ਵੀ ਨਿਤਾਣੇ ਅਤੇ ਵਾਂਝੇ ਬਣਾਉਣ ਲਈ ਵੋਟਾਂ ਪਾ ਰਹੇ ਹਨ। ਉਹਨਾਂ ਕੋਲ ਜੋ ਜਾਣਕਾਰੀ ਹੈ, ਉਸੇ ਦੇ ਆਧਾਰ ਤੇ ਵੋਟ ਪਾਉਂਦੇ ਹਨ। ਇਹ ਜਾਣਕਾਰੀ ਕੀ ਹੈ ਅਤੇ ਉਸ ਉੱਪਰ ਕੀਹਦਾ ਕੰਟਰੋਲ ਹੈ-ਇਹ ਅਧੁਨਿਕ ਦੁਨੀਆਂ ਦਾ ਮਿੱਠਾ ਮੁਹਰਾ ਹੈ। ਜਿਸ ਦਾ ਤਕਨੀਕ ਉੱਪਰ ਕਬਜਾ ਹੈ, ਉਸੇ ਦਾ ਦੁਨੀਆਂ ਉੱਪਰ ਕਬਜਾ ਹੈ, ਪਰ ਆਖਿਰਕਾਰ ਮੈਂ ਮੰਨਦੀ ਹਾਂ ਕਿ ਆਵਾਮ ਉੱਪਰ ਕਬਜਾ ਨਹੀਂ ਕੀਤਾ ਜਾ ਸਕਦਾ ਅਤੇ ਉਹ ਕਬਜੇ ਚ ਨਹੀਂ ਕੀਤੇ ਜਾ ਸਕਣਗੇ। ਮੈਂ ਮੰਨਦੀ ਹਾਂ ਕਿ ਨਵੀਂ ਪੀੜ੍ਹੀ ਬਗਾਵਤ ਚ ਉੱਠ ਖੜ੍ਹੀ ਹੋਵੇਗੀ। ਇੱਕ ਇਨਕਲਾਬ ਆਵੇਗਾ। ਮੈਨੂੰ ਮੁਆਫ ਕਰਨਾ । ਮੈਂ ਆਪਣੀ ਇਸ ਗੱਲ ਨੂੰ ਸੁਧਾਰ ਕੇ ਪੇਸ਼ ਕਰਦੀ ਹਾਂ। ਇਨਕਲਾਬ ਆਉਣਗੇ । ਬਹੁਤ ਸਾਰੇ ਇਨਕਲਾਬ। ਮੈਂ ਕਿਹਾ ਹੈ ਕਿ ਇੱਕ ਮੁਲਕ ਦੇ ਰੂਪ ਚ ਅਸੀਂ ਆਪਣੀ ਨੈਤਿਕ ਦਿਸ਼ਾ ਗੁਆ ਚੁੱਕੇ ਹਾਂ। ਸਾਰੀ ਦੁਨੀਆਂ ਚ ਲੱਖਾਂ ਯਹੂਦੀ, ਮੁਸਲਮਾਨ, ਇਸਾਈ, ਹਿੰਦੂ, ਕਮਿਊਨਿਸਟ, ਸੰਦੇਹਵਾਦੀ ਲੋਕ ਸੜਕਾਂ ਉੱਪਰ ਉੱਤਰੇ ਹੋਏ ਹਨ, ਗਾਜ਼ਾ ਉੱਪਰ ਤੁਰੰਤ ਹਮਲਾ ਬੰਦ ਕਰਨ ਦੀ ਮੰਗ ਕਰ ਰਹੇ ਹਨ, ਪਰ ਸਾਡੇ ਮੁਲਕ ਦੀਆਂ ਸੜਕਾਂ ਅੱਜ ਖਾਮੋਸ਼ ਹਨ। ਸਾਡਾ ਉਹੀ ਮੁਲਕ ਜੋ ਕਦੇ ਗੁਲਾਮ, ਬਸਤੀਆਂ ਬਣਾਏ ਗੁਲਾਮਾਂ ਦਾ ਸੱਚਾ ਦੋਸਤ ਹੁੰਦਾ ਸੀ, ਜੋ ਫਲਸਤੀਨ ਦਾ ਸੱਚਾ ਦੋਸਤ ਹੁੰਦਾ ਸੀ। ਜਿਨ੍ਹਾਂ ਸੜਕਾਂ ਉੱਪਰ ਕਦੇ ਲੱਖਾਂ ਲੋਕਾਂ ਦੇ ਜਲੂਸ ਨਿੱਕਲਦੇ ਹੁੰਦੇ ਸਨ, ਉਹੀ ਸੜਕਾਂ ਅੱਜ ਖਾਮੋਸ਼ ਹਨ। ਕੁੱਝ ਕੁ ਨੂੰ ਛੱਡ ਕੇ ਸਾਡੇ ਜ਼ਿਆਦਾਤਰ ਲੇਖਕ ਅਤੇ ਬੁੱਧੀਜੀਵੀ ਵੀ ਖਾਮੋਸ਼ ਹਨ। ਕਿੰਨਾਂ ਸ਼ਰਮਨਾਕ ਹੈ ਅਤੇ ਦੂਰਅੰਦੇਸ਼ੀ ਨਾ ਹੋਣ ਦਾ ਕੈਸਾ ਅਫਸੋਸਨਾਕ ਮੁਜ਼ਾਹਰਾ ਹੈ।

          ਜੇ ਅਸੀਂ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੇ ਕੀਤੇ ਜਾ ਰਹੇ ਖੁੱਲ੍ਹੇਆਮ ਕਤਲੇਆਮ ਉੱਪਰ ਕੁੱਝ ਨਹੀਂ ਬੋਲਦੇ, ਜਦ ਕਿ ਇਹ ਲਾਇਵਸਟਰੀਮ ਹੋ ਕੇ ਸਾਡੀਆਂ ਨਿੱਜੀ ਜ਼ਿੰਦਗੀਆਂ ਦੇ ਸਭ ਤੋਂ ਅੰਦਰਲੇ ਕੋਨਿਆਂ ਤੱਕ ਪਹੁੰਚ ਰਿਹਾ ਹੈ, ਤਾਂ ਅਸੀਂ ਇਸ ਕਤਲੇਆਮ ਵਿੱਚ ਭਾਈਵਾਲ ਬਣ ਜਾਂਦੇ ਹਾਂ। ਕੀ ਸਾਡੇ ਅੰਦਰਲਾ ਕੁੱਝ ਨੈਤਿਕ ਹਮੇਸ਼ਾ ਲਈ ਬਦਲ ਜਾਵੇਗਾ। ਜਦੋਂ ਘਰਾਂ, ਹਸਪਤਾਲਾਂ, ਸ਼ਰਨਾਰਥੀ ਕੈਂਪਾਂ, ਸਕੂਲਾਂ , ਯੂਨੀਵਰਸਿਟੀਆਂ, ਪੁਰਾਲੇਖ ਇਮਾਰਤਾਂ ਉੱਪਰ ਬੰਬ ਸੁੱਟੇ ਜਾ ਰਹੇ ਹਨ, ਦਸ ਲੱਖ ਤੋਂ ਵਧੇਰੇ ਲੋਕ ਬੇਘਰ ਹੋ ਚੁੱਕੇ ਹਨ ਅਤੇ ਮਲਬੇ ਦੇ ਹੇਠੋਂ ਬੱਚਿਆਂ ਦੀਆਂ ਲਾਸ਼ਾਂ ਨਿੱਕਲ ਰਹੀਆਂ ਹਨ, ਤਾਂ ਕੀ ਅਸੀਂ ਬਸ ਚੁੱਪਚਾਪ ਬੈਠੇ ਦੇਖਦੇ ਰਹਾਂਗੇ? ਗਾਜ਼ਾ ਦੀਆਂ ਸਰਹੱਦਾਂ ਸੀਲ ਹਨ, ਲੋਕ ਕਿਤੇ ਜਾ ਨਹੀਂ ਸਕਦੇ। ਉਹਨਾਂ ਕੋਲ ਲੁਕਣ ਲਈ ਕੋਈ ਜਗਾਹ ਨਹੀਂ ਹੈ, ਖਾਣ ਲਈ ਖਾਣਾ ਨਹੀਂ ਹੈ, ਪੀਣ ਲਈ ਪਾਣੀ ਨਹੀਂ ਹੈ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਅੱਧੀ ਤੋਂ ਜ਼ਿਆਦਾ ਆਬਾਦੀ ਭੁੱਖਮਰੀ ਦਾ ਸਾਹਮਣਾ ਕਰ ਰਹੀ ਹੈ ਅਤੇ ਇਸ ਦੇ ਬਾਵਜੂਦ ਉਹਨਾਂ ਉੱਪਰ ਲਗਾਤਾਰ ਬੰਬ ਸੁੱਟੇ ਜਾ ਰਹੇ ਹਨ। ਕੀ ਅਸੀਂ ਇਸ ਨੂੰ ਚੁੱਪਚਾਪ ਦੇਖਦੇ ਰਹਾਂਗੇ ਕਿ ਇੱਕ ਪੂਰੇ ਦੇ ਪੂਰੇ ਅਵਾਮ ਨੂੰ ਇਸ ਕਦਰ ਮਨੁੱਖ ਤੋਂ ਵੀ ਨੀਵਾਂ ਬਣਾ ਦਿੱਤਾ ਜਾਵੇ ਕਿ ਉਹਨਾਂ ਦਾ ਸਫਾਇਆ ਇੱਕ ਬੇਮਾਇਨੇ, ਮਾਮੂਲੀ ਗੱਲ ਬਣ ਜਾਵੇ?

          ਫਲਸਤੀਨੀਆਂ ਨੂੰ ਮਨੁੱਖ ਨਾ ਸਮਝਣ ਦੀ ਸ਼ੁਰੂਆਤ ਬੈਂਜਾਮਿਨ ਨੇਤਨਯਾਹੂ ਅਤੇ ਉਸ ਦੀ ਮੰਡਲੀ ਨਾਲ ਨਹੀਂ ਸੀ ਹੋਈ। ਇਸ ਦੀ ਸ਼ੁਰੂਆਤ ਤਾਂ ਦਹਾਕੇ ਪਹਿਲਾਂ ਹੋ ਗਈ ਸੀ।

          11 ਸਤੰਬਰ 2001 ਦੀ ਪਹਿਲੀ ਬਰਸੀ ਤੇ 2002ਚ ਮੈਂ ਸੰਯੁਕਤ ਰਾਸ਼ਟਰ ਚ ਇੱਕ ਭਾਸ਼ਣ ਦਿੱਤਾ ਸੀ, ਜਿਸ ਦਾ ਨਾਂਅ ਸੀ ਕਮ ਸਿਪਟੈਂਬਰ’(3ome September)ਇਸ ਵਿਚ ਮੈਂ ਉਹਨਾਂ ਹੋਰ ਬਰਸੀਆਂ ਬਾਬਤ ਗੱਲ ਕੀਤੀ ਸੀ ਜੋ 11 ਸਤੰਬਰ ਦੇ ਦਿਨ ਹੀ ਆਉਂਦੀਆਂ ਹਨ। ਇਸੇ ਤਰੀਕ ਨੂੰ 1973ਚ ਚਿੱਲੀ ਦੇ ਰਾਸ਼ਟਰਪਤੀ ਸਲਵਾਡੋਰ ਅਲੈਂਡੇ ਦਾ ਸੀ. ਆਈ.ਏ ਦੀ ਹਮਾਇਤ ਨਾਲ ਤਖਤਾ ਪਲਟਾਇਆ ਗਿਆ ਸੀ। ਤੇ ਫਿਰ ਇਸੇ ਤਰੀਕ ਨੂੰ1990ਚ ਤਤਕਾਲੀ ਅਮਰੀਕਨ ਰਾਸ਼ਟਰਪਤੀ ਜਾਰਜ ਡਬਲਿਯੂ. ਬੁਸ਼ ਸੀਨੀਅਰ ਨੇ ਅਮਰੀਕਨ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਰਾਕ ਦੇ ਵਿਰੁੱਧ ਯੁੱਧ ਦੇ ਸਰਕਾਰੀ ਫੈਸਲੇ ਦਾ ਐਲਾਨ ਕੀਤਾ ਸੀ। ਅਤੇ ਫਿਰ ਮੈਂ ਫਲਸਤੀਨ ਦੇ ਬਾਰੇ ਗੱਲ ਕੀਤੀ ਸੀ। ਮੈਂ ਉਹ ਹਿੱਸਾ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ, ਅਤੇ ਤੁਸੀਂ ਦੇਖੋਗੇ ਕਿ ਜੇ ਮੈਂ ਤੁਹਾਨੂੰ ਇਹ ਨਾ ਦੱਸਿਆ ਹੁੰਦਾ ਕਿ ਇਹ 21 ਸਾਲ ਪਹਿਲਾਂ ਲਿਖਿਆ ਗਿਆ ਸੀ ਤਾਂ ਤੁਹਾਨੂੰ ਲੱਗਦਾ ਕਿ ਇਹ ਅੱਜ ਦੇ ਬਾਰੇ ਹੈ।

          11 ਸਤੰਬਰ ਦੀ ਇੱਕ ਤ੍ਰਾਸਦਿਕ ਗੂੰਜ ਮੱਧ ਪੂਰਬ ਵਿਚ ਵੀ ਮਿਲਦੀ ਹੈ। 11 ਸਤੰਬਰ 1922 ਨੂੰ ਅਰਬ ਲੋਕਾਂ ਦੀ ਨਰਾਜ਼ਗੀ ਨੂੰ ਅਣਡਿੱਠ ਕਰਦੇ ਹੋਏ ਬਰਤਾਨਵੀ ਸਰਕਾਰ ਨੇ ਫਲਸਤੀਨ ਵਿੱਚ ਇੱਕ ਫੁਰਮਾਨ ਦਾ ਐਲਾਨ ਕੀਤਾ। ਇਹ 1917 ਦੇ ਬਾਲਫੋਰ ਐਲਾਨ ਦਾ ਇੱਕ ਅਗਲਾ ਕਦਮ ਸੀ, ਜਿਸ ਨੂੰ ਬਰਤਾਨਵੀ ਸਾਮਰਾਜ ਨੇ ਉਦੋਂ ਜਾਰੀ ਕੀਤਾ ਸੀ ਜਦੋਂ ਗਾਜ਼ਾ ਦੀਆਂ ਸਰਹੱਦਾਂ ਉੱਪਰ ਉਸ ਦੀ ਫੌਜ ਤਾਇਨਾਤ ਸੀ। ਬਾਲਫੋਰ ਐਲਾਨ ਨੇ ਯੂਰਪੀ ਜ਼ਾਇਨਿਸਟਾਂ ਨਾਲ ਯਹੂਦੀ ਲੋਕਾਂ ਲਈ ਇੱਕ ਰਾਸ਼ਟਰ ਦਾ ਵਾਅਦਾ ਕੀਤਾ ਸੀ। (ਉਸ ਸਮੇਂ ਸਾਮਰਾਜ, ਜਿਸ ਦਾ ਸੂਰਜ ਕਦੇ ਨਹੀਂ ਸੀ ਡੁੱਬਦਾ, ਲੋਕਾਂ ਦੇ ਵਤਨ ਖੋਹਣ ਅਤੇ ਵੰਡਣ ਲਈ ਆਜ਼ਾਦ ਸੀ, ਜਿਵੇਂ ਕਿ ਸਕੂਲ ਵਿਚ ਕਈ ਡਾਹਡੇ ਬੱਚੇ ਗੋਲੀਆਂ ਵੰਡਦੇ ਹਨ)। ਸਾਮਰਾਜਾਂ ਨੇ ਕਿੰਨੀ ਬੇਪਰਵਾਹੀ ਨਾਲ ਪ੍ਰਾਚੀਨ ਸੱਭਿਅਤਾਵਾਂ ਦੀ ਵੱਢ-ਟੁੱਕ ਕੀਤੀ ਹੈ।

          ਫਲਸਤੀਨ ਅਤੇ ਕਸ਼ਮੀਰ ਬਰਤਾਨੀਆ ਦੇ ਦਿੱਤੇ ਡੂੰਘੇ, ਲਹੂ-ਲਿੱਬੜੇ ਜਖ਼ਮ ਹਨ, ਜੋ ਉਸ ਨੇ ਅਧੁਨਿਕ ਦੁਨੀਆਂ ਨੂੰ ਦਿੱਤੇ ਹਨ। ਅੱਜ ਦੋਵੇਂ ਹੀ ਤਿੱਖੇ ਅੰਤਰਰਾਸ਼ਟਰੀ ਟਕਰਾਵਾਂ ਦਾ ਕੇਂਦਰ ਹਨ।

          ਲਓ ਸੁਣੋ ,1937ਚ ਵਿੰਸਟਨ ਚਰਚਲ ਨੇ ਫਲਸਤੀਨੀ ਅਵਾਮ ਦੇ ਬਾਰੇ ਕੀ ਕਿਹਾ ਸੀ, ਮੈਂ ਇਸ ਨਾਲ ਸਹਿਮਤ ਨਹੀਂ ਹਾਂ ਕਿ ਇੱਕ ਖੁਰਲੀ ਚ ਰਹਿਣ ਵਾਲੇ ਕੁੱਤੇ ਦਾ ਉਸ ਖੁਰਲੀ ਉੱਪਰ ਅੰਤਮ ਅਧਿਕਾਰ ਹੁੰਦਾ ਹੈ, ਚਾਹੇ ਉਹ ਉਸ ਵਿਚ ਲੰਮੇ ਸਮੇਂ ਤੱਕ ਕਿਉਂ ਨਾ ਰਹਿ ਰਿਹਾ ਹੋਵੇ। ਮੈਂ ਉਸ ਅਧਿਕਾਰ ਨੂੰ ਨਹੀਂ ਮੰਨਦਾ। ਮਿਸਾਲ ਲਈ ਮੈਂ ਇਹ ਨਹੀਂ ਮੰਨਦਾ ਕਿ ਅਮਰੀਕਾ ਦੇ ਰੈੱਡ ਇੰਡੀਅਨ ਜਾਂ ਆਸਟਰੇਲੀਆ ਦੇ ਕਾਲੇ ਲੋਕਾਂ ਨਾਲ ਕੋਈ ਬਹੁਤ ਬੁਰਾ ਵਰਤਾਓ ਹੋਇਆ ਹੈ। ਮੈਂ ਇਹ ਨਹੀਂ ਮੰਨਦਾ ਕਿ ਇਸ ਨਾਲ ਇਨ੍ਹਾਂ ਲੋਕਾਂ ਉੱਪਰ ਕੋਈ ਜ਼ੁਲਮ ਹੋਇਆ ਹੈ ਕਿ ਇੱਕ ਸ਼ਕਤੀਸ਼ਾਲੀ ਨਸਲ ਨੇ, ਉੱਚੇ ਪੱਧਰ ਦੀ ਇੱਕ ਨਸਲ ਨੇ, ਕਹਿ ਸਕਦੇ ਹਾਂ ਕਿ ਸੰਸਾਰਕ ਰੂਪ ਚ ਇੱਕ ਵਧੇਰੇ ਬੁੱਧੀਮਾਨ ਨਸਲ ਨੇ, ਆਕੇ ਉਹਨਾਂ ਦੀ ਜਗ੍ਹਾ ਨੂੰ ਕਬਜੇ ਚ ਲੈ ਲਿਆ।ਫਲਸਤੀਨੀਆਂ ਦੇ ਬਾਰੇ ਇਜ਼ਰਾਇਲੀ ਰਾਜ ਦਾ ਰਵੱਈਆ ਇੱਥੋਂ ਹੀ ਜਨਮ ਲੈਂਦਾ ਹੈ। 1970ਚ ਇਜ਼ਰਾਇਲੀ ਪ੍ਰਧਾਨ ਮੰਤਰੀ ਗੋਲਡਾ ਮਾਇਰ ਨੇ ਕਿਹਾ, ‘ਫਲਸਤੀਨੀਆਂ ਦੀ ਕੋਈ ਹੋਂਦ ਨਹੀਂ ਹੈ।ਉਸ ਤੋਂ ਬਾਅਦ ਬਣੇ ਪ੍ਰਧਾਨ ਮੰਤਰੀ ਲੇਵੀ ਏਸ਼ਾਲ ਨੇ ਕਿਹਾ, ਫਲਸਤੀਨੀ ਕੀ ਹੁੰਦੇ ਹਨ। ਜਦੋਂ ਮੈਂ ਇੱਥੇ (ਫਲਸਤੀਨ) ਆਇਆ, ਇੱਥੇ ਢਾਈ ਲੱਖ ਗੈਰ-ਯਹੂਦੀ ਸਨ, ਜ਼ਿਆਦਤਰ ਅਰਬ ਅਤੇ ਬੇਦੂਇਨ ਲੋਕ। ਇਹ ਇੱਕ ਮਾਰੂਥਲ ਸੀ,  ਇੱਕ ਪਛੜੇ ਹੋਏ ਖੇਤਰ ਤੋਂ ਵੀ ਭੈੜਾ। ਕੱੁਝ ਵੀ ਨਹੀਂ ਸੀ।ਪ੍ਰਧਾਨ ਮੰਤਰੀ ਮੇਨਾਕੇਮ ਬੇਗੀਨ ਨੇ ਫਲਸਤੀਨੀਆਂ ਨੂੰ ਦੋ ਪੈਰਾਂ ਵਾਲੇ ਜਾਨਵਰਕਿਹਾ ਸੀ। ਪ੍ਰਧਾਨ ਮੰਤਰੀ ਯਿਤਜਾਕ ਸ਼ਾਮਿਰ ਨੇ ਉਨਾਂ ਨੂੰ ਟਿੱਡੇਕਿਹਾ ਸੀ, ਜਿਨ੍ਹਾਂ ਨੂੰ ਕੁਚਲਿਆ ਜਾ ਸਕਦਾ ਹੈ। ਇਹ ਮੁਲਕ ਦੇ ਹੁਕਮਰਾਨਾਂ ਦੀ ਜ਼ੁਬਾਨ ਹੈ, ਆਮ ਲੁਕਾਈ ਦੇ ਸ਼ਬਦ ਨਹੀਂ।

          ਇਸ ਤਰ੍ਹਾਂ ਬਿਨਾਂ ਵਤਨ ਵਾਲੇ ਇੱਕ ਅਵਾਮ ਲਈ, ਬਿਨਾਂ ਅਵਾਮ ਵਾਲੇ ਇੱਕ ਵਤਨ ਦੀ ਖੌਫਨਾਕ ਮਿੱਥ ਸ਼ੁਰੂ ਹੋਈ।

          1947ਚ ਸੰਯੁਕਤ ਰਾਸ਼ਟਰ ਨੇ ਰਸਮੀ ਰੂਪ ਚ ਫਲਸਤੀਨ ਦੀ ਵੰਡ ਕੀਤੀ ਅਤੇ ਫਲਸਤੀਨੀ ਜ਼ਮੀਨ ਦਾ 55 ਫੀਸਦੀ ਹਿੱਸਾ ਜ਼ਾਇਨਿਸਟਾਂ ਦੇ ਹਵਾਲੇ ਕਰ ਦਿੱਤਾ, ਪਰ ਇੱਕ ਸਾਲ ਦੇ ਅੰਦਰ ਉਹ 76 ਫੀਸਦੀ ਫਲਸਤੀਨ ਉੱਪਰ ਕਬਜਾ ਕਰ ਚੁੱਕੇ ਸਨ। 14 ਮਈ 1948 ਨੂੰ ਇਜ਼ਰਾਈਲ ਰਾਜ ਦੀ ਸਥਾਪਨਾ ਹੋਈ। ਐਲਾਨ ਦੇ ਕੁੱਝ ਮਿੰਟਾਂ ਦੇ ਅੰਦਰ ਸੰਯੁਕਤ ਰਾਸ਼ਟਰ ਨੇ ਇਸ ਨੂੰ ਮਾਨਤਾ ਦੇ ਦਿੱਤੀ। ਜਾਰਡਨ ਨੇ ਪੱਛਮੀ ਕੰਢੇ ਉੱਪਰ ਕਬਜਾ ਕਰ ਲਿਆ। ਗਾਜ਼ਾ ਪੱਟੀ ਮਿਸਰ ਦੀ ਫੌਜ ਦੇ ਕੰਟਰੋਲ ਚ ਆ ਗਈ, ਅਤੇ ਫਲਸਤੀਨ ਦੀ ਰਸਮੀ ਹੋਂਦ ਖਤਮ ਹੋ ਗਈ, ਸਿਵਾਏ ਉਹਨਾਂ ਲੱਖਾਂ ਫਲਸਤੀਨੀ ਅਵਾਮ ਦੇ ਦਿਲੋ-ਦਿਮਾਗ ਦੇ, ਜੋ ਹੁਣ ਉਜੜ ਕੇ ਸ਼ਰਨਾਰਥੀ ਬਣ ਚੁੱਕੇ ਸਨ। 1967ਚ ਇਜ਼ਰਾਈਲ ਨੇ ਪੱਛਮੀ ਕੰਢੇ ਅਤੇ ਗਾਜ਼ਾ ਪੱਟੀ ਉੱਪਰ ਵੀ ਕਬਜਾ ਕਰ ਲਿਆ। ਦਹਾਕਿਆਂ ਤੱਕ ਬਗਾਵਤਾਂ, ਯੁੱਧ ਅਤੇ ਇੰਤੀਫਾਦਾ ਹੁੰਦੇ ਰਹੇ ਹਨ। ਦਹਿ-ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਸਮਝੌਤਿਆਂ ਅਤੇ ਇਕਰਾਰਨਾਮਿਆਂ ਉੱਪਰ ਦਸਖਤ ਕੀਤੇ ਗਏ ਹਨ। ਯੁੱਧਬੰਦੀ ਦੇ ਐਲਾਨ ਹੋਏ ਅਤੇ ਉਹਨਾਂ ਦਾ ਉਲੰਘਣ ਹੋਇਆ, ਪਰ ਖੂਨ-ਖਰਾਬਾ ਖਤਮ ਨਹੀਂ ਹੁੰਦਾ।

          ਫਲਸਤੀਨ ਉੱਪਰ ਹੁਣ ਵੀ ਗੈਰ-ਕਾਨੂੰਨੀ ਕਬਜਾ ਜਾਰੀ ਹੈ। ਇਸਦੇ ਲੋਕ ਅਮਾਨਵੀ ਹਾਲਤ ਚ ਜਿਉਂਦੇ ਹਨ। ਉਹ ਨਸਲੀ ਭੇਦਭਾਵ ਤੇ ਅਧਾਰਤ ਘਿਰੇ ਹੋਏ ਇਲਾਕਿਆਂ ਵਾਲੇ ,  ਇੱਕ ਤਰ੍ਹਾਂ ਦੇ ਬਾਟੂਸਤਾਨਾਂ ਚ ਰਹਿੰਦੇ ਹਨ, ਜਿੱਥੇ ਉਹਨਾਂ ਉੱਪਰ ਸਮੂਹਕ ਸਜ਼ਾਵਾਂ ਥੋਪੀਆਂ ਜਾਂਦੀਆਂ ਹਨ, ਜਿੱਥੇ ਕਰਫਿਊ ਕਦੇ ਖਤਮ ਨਹੀਂ ਹੁੰਦਾ, ਜਿੱਥੇ ਨਿੱਤ ਉਹਨਾਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ, ਬੇਰਹਿਮ ਕਾਰਵਾਈਆਂ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਉਹ ਨਹੀਂ ਜਾਣਦੇ ਕਿ ਕਦੋਂ ਉਹਨਾਂ ਦੇ ਘਰ ਢਾਹ ਦਿੱਤੇ ਜਾਣਗੇ, ਕਦੋਂ ਉਹਨਾਂ ਦੇ ਬੱਚਿਆਂ ਨੂੰ ਗੋਲੀ ਮਾਰ ਦਿੱਤੀ ਜਾਵੇਗੀ, ਕਦੋਂ ਉਹਨਾਂ ਦੇ ਵਡਮੁੱਲੇ ਰੁੱਖ ਵੱਢ ਦਿੱਤੇ ਜਾਣਗੇ, ਕਦੋਂ ਉਹਨਾਂ ਦੀਆਂ ਸੜਕਾਂ ਬੰਦ ਕਰ ਦਿੱਤੀਆਂ ਜਾਣਗੀਆਂ, ਕਦੋਂ ਉਹਨਾਂ ਨੂੰ ਖਾਣਾ ਅਤੇ ਦਵਾਈਆਂ ਖਰੀਦਣ ਲਈ ਬਾਜ਼ਾਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਕਦੋਂ ਨਹੀਂ ਦਿੱਤੀ ਜਾਵੇਗੀ। ਉਹ ਬਿਨਾਂ ਕਿਸੇ ਸਨਮਾਨ ਦੇ ਜਿਉਂਦੇ ਹਨ ਅਤੇ ਬਿਨਾਂ ਕਿਸੇ ਉਮੀਦ ਦੇ। ਆਪਣੀ ਜ਼ਮੀਨ ਉੱਪਰ, ਆਪਣੀ ਸੁਰੱਖਿਆ ਉੱਪਰ, ਆਪਣੀ ਆਵਾਜਾਈ ਉੱਪਰ, ਆਪਣੇ ਸੰਚਾਰ, ਆਪਣੀ ਪਾਣੀ ਦੀ ਸਪਲਾਈ ਉੱਪਰ ਉਹਨਾਂ ਦਾ ਕੋਈ ਕੰਟਰੋਲ ਨਹੀਂ ਹੈ।

          ਤਾਂ ਜਦੋਂ ਸਮਝੌਤਿਆਂ ਉੱਪਰ ਦਸਖਤ ਕੀਤੇ ਜਾਂਦੇ ਹਨ, ਅਤੇ ਖੁਦਮੁਖਤਿਆਰੀਅਤੇ ਰਾਜ ਦਾ ਦਰਜਾਵਰਗੇ ਸ਼ਬਦਾਂ ਦੇ ਝੰਡੇ ਲਹਿਰਾਏ ਜਾਂਦੇ ਹਨ, ਉਦੋਂ ਸਵਾਲ ਪੁੱਛਣਾ ਜ਼ਰੂਰੀ ਹੋ ਜਾਂਦਾ ਹੈ-ਕਿਸ ਤਰ੍ਹਾਂ ਦੀ ਖੁਦ-ਮੁਖਤਿਆਰੀ? ਕਿਸ ਤਰ੍ਹਾਂ ਦਾ ਰਾਜ? ਕਿਸ ਤਰ੍ਹਾਂ ਦੇ ਅਧਿਕਾਰ ਇਸਦੇ ਨਾਗਰਿਕਾਂ ਕੋਲ ਹੋਣਗੇ? ਜੋ ਫਲਸਤੀਨੀ ਨੌਜਵਾਨ ਆਪਣੇ ਗੁੱਸੇ ਉੱਪਰ ਕਾਬੂ ਨਹੀਂ ਰੱਖ ਪਾਉਂਦੇ, ਉਹ ਖੁਦ ਨੂੰ ਮਨੁੱਖੀ ਬੰਬ ਚ ਬਦਲ ਦਿੰਦੇ ਹਨ ਅਤੇ ਇਜ਼ਰਾਇਲ ਦੀਆਂ ਸੜਕਾਂ ਤੇ ਗਲੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ। ਉਹ ਖੁਦ ਨੂੰ ਫੀਤਾ ਫੀਤਾ ਕਰ ਲੈਂਦੇ ਹਨ, ਆਮ ਲੋਕਾਂ ਦੀਆਂ ਜਾਨਾਂ ਲੈਂਦੇ ਹਨ, ਉਹਨਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਵਿੱਚ ਦਹਿਸ਼ਤ ਭਰ ਦਿੰਦੇ ਹਨ ਅਤੇ ਅਖਰਕਾਰ ਦੋਹਾਂ ਸਮਾਜਾਂ ਦੇ ਸੰਦੇਹਾਂ ਅਤੇ ਇੱਕ ਦੂਜੇ ਦੇ ਪ੍ਰਤੀ ਆਪਸੀ ਨਫ਼ਰਤ ਨੂੰ ਹੀ ਮਜ਼ਬੂਤ ਕਰਦੇ ਹਨ। ਹਰੇਕ ਬੰਬ ਧਮਾਕਾ ਇੱਕ ਬੇਰਹਿਮ ਮੋੜਵੇਂ ਹਮਲੇ ਨੂੰ ਸੱਦਾ ਦਿੰਦਾ ਹੈ, ਫਲਸਤੀਨੀ ਅਵਾਮ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਉਂਦਾ ਹੈ, ਪਰ ਫਿਰ ਸਚਾਈ ਇਹ ਹੈ ਕਿ ਆਤਮਘਾਤੀ ਬੰਬ ਹਮਲੇ ਵਿਅਕਤੀਗਤ ਮਾਯੂਸੀ ਦੀ ਕਾਰਵਾਈ ਹੁੰਦੇ ਹਨ, ਇਹ ਕੋਈ ਇਨਕਲਾਬੀ ਕਦਮ ਨਹੀਂ। ਫਲਸਤੀਨੀ ਹਮਲੇ ਇਜ਼ਰਾਈਲੀ ਨਾਗਰਿਕਾਂ ਚ ਦਹਿਸ਼ਤ ਜ਼ਰੂਰ ਪਾਉਂਦੇ ਹਨ, ਪਰ ਉਹ ਫਲਸਤੀਨੀ ਇਲਾਕੇ ਚ ਇਜ਼ਰਾਈਲੀ ਸਰਕਾਰ ਦੀ ਰੋਜ਼ਮਰ੍ਹਾ ਦੀ ਦਖਲਅੰਦਾਜ਼ੀ ਦੇ ਲਈ ਇੱਕ ਸਟੀਕ ਬਹਾਨਾ ਬਣ ਜਾਂਦੇ ਹਨ। ਉਹ ਪੁਰਾਣੇ ਜ਼ਮਾਨੇ ਦੇ , ਉਨੀਵੀਂ ਸਦੀ ਦੇ ਬਸਤੀਵਾਦ ਦਾ ਇੱਕ ਸਟੀਕ ਬਹਾਨਾ ਬਣ ਜਾਂਦੇ ਹਨ, ਜਿਸ ਨੂੰ 21ਵੀਂ ਸਦੀ ਦੇ ਨਵੇਂ ਜ਼ਮਾਨੇ ਦੇ ਯੁੱਧਦਾ ਜਾਮਾ ਪਹਿਨਾ ਦਿੱਤਾ ਗਿਆ ਹੈ। ਇਜ਼ਰਾਈਲ ਦਾ ਸਭ ਤੋਂ ਕੱਟੜ ਰਾਜਨੀਤਕ ਅਤੇ ਫੌਜੀ ਸਹਿਯੋਗੀ ਸੰਯੁਕਤ ਰਾਜ ਅਮਰੀਕਾ ਹੈ ਅਤੇ ਹਮੇਸ਼ਾ ਤੋਂ ਰਿਹਾ ਹੈ।

          ਅਮਰੀਕੀ ਸਰਕਾਰ ਨੇ ਇਜ਼ਰਾਈਲ ਨਾਲ ਮਿਲ ਕੇ ਸੰਯੁਕਤ ਰਾਸ਼ਟਰ ਦੇ ਹਰ ਉਸ ਮਤੇ ਨੂੰ ਰੋਕਿਆ ਹੈ, ਜਿਸ ਵਿਚ ਇਸ ਟਕਰਾਅ ਦੇ ਇੱਕ ਸ਼ਾਂਤਮਈ, ਨਿਆਂਕਾਰੀ ਹੱਲ ਦੀ ਮੰਗ ਕੀਤੀ ਜਾਂਦੀ ਹੈ। ਇਸ ਨੇ ਇਜ਼ਰਾਈਲ ਦੇ ਤਕਰੀਬਨ ਹਰ ਯੁੱਧ ਦੀ ਹਮਾਇਤ ਕੀਤੀ ਹੈ, ਜਦੋਂ ਇਜ਼ਰਾਈਲ ਫਲਸਤੀਨ ਉੱਪਰ ਹਮਲਾ ਕਰਦਾ ਹੈ ਤਾਂ ਫਲਸਤੀਨੀ ਘਰਾਂ ਨੂੰ ਜੋ ਮਿਜ਼ਾਈਲਾਂ ਤਬਾਹ ਕਰਦੀਆਂ ਹਨ ਉਹ ਅਮਰੀਕੀ ਹੁੰਦੀਆਂ ਹਨ। ਅਤੇ ਹਰ ਸਾਲ ਇਜ਼ਰਾਈਲ ਕਈ ਅਰਬ ਡਾਲਰ ਰਕਮ ਸੰਯੁਕਤ ਰਾਜ ਅਮਰੀਕਾ ਤੋਂ ਹਾਸਲ ਕਰਦਾ ਹੈ, ਜੋ ਇਥੋਂ ਦੇ ਟੈਕਸ ਭਰਨ ਵਾਲਿਆਂ ਦਾ ਪੈਸਾ ਹੈ।

          ਅੱਜ ਨਾਗਰਿਕ ਆਬਾਦੀ ਉੱਪਰ ਇਜ਼ਰਾਈਲ ਜੋ ਬੰਬ ਬਰਸਾ ਰਿਹਾ ਹੈ, ਉਸ ਉੱਪਰ ਸੰਯੁਕਤ ਰਾਜ ਅਮਰੀਕਾ ਦਾ ਨਾਂ ਲਿਖਿਆ ਹੋਇਆ ਹੈ। ਹਰ ਟੈਂਕ ਉੱਪਰ, ਹਰ ਗੋਲੀ ਉੱਪਰ ਅਮਰੀਕਾ ਦਾ ਨਾਂਅ ਹੈ। ਇਹ ਸਭ ਕੁੱਝ ਨਾ ਵਾਪਰਦਾ ਜੇ ਅਮਰੀਕਾ ਧੁਰ ਦਿਲੋਂ ਇਸ ਦੀ ਹਮਾਇਤ ਨਾ ਕਰ ਰਿਹਾ ਹੁੰਦਾ। 8 ਦਸੰਬਰ ਨੂੰ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੀ ਮੀਟਿੰਗ ਵਿਚ ਜੋ ਕੁੱਝ ਹੋਇਆ, ਉਹ ਅਸੀਂ ਸਾਰਿਆਂ ਨੇ ਦੇਖਿਆ, ਜਦੋਂ 13 ਮੈਂਬਰ ਮੁਲਕਾਂ ਨੇ ਯੁੱਧਬੰਦੀ ਦੇ ਹੱਕ ਚ ਵੋਟ ਪਾਈ ਅਤੇ ਸੰਯੁਕਤ ਰਾਜ ਅਮਰੀਕਾ ਨੇ ਇਸਦੇ ਖਿਲਾਫ ਵੋਟ ਪਾਈ। ਉਸ ਵੀਡੀਓ ਨੂੰ ਦੇਖਣਾ ਪ੍ਰੇਸ਼ਾਨ ਕਰਨ ਵਾਲਾ ਸੀ, ਜਿਸ ਵਿਚ ਅਮਰੀਕੀ ਉਪ-ਰਾਜਦੂਤ, ਜੋ ਕਿ ਇੱਕ ਸਿਆਹਫਾਮ ਅਮਰੀਕਨ ਹੈ, ਦਾ ਹੱਥ ਮਤੇ ਉੱਪਰ ਵੀਟੋ ਲਈ ੳੁੱਠਿਆ। ਸਾਡੇ ਜਿਹਨ ਉੱਪਰ ਇਸਦੇ ਨਿਸ਼ਾਨ ਹਮੇਸ਼ਾ ਰਹਿਣਗੇ। ਕੁੱਝ ਗੁੱਸੇ ਚ ਆਏ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਕੁੜੱਤਣ ਚ ਇਸ ਨੂੰ ਇੰਟਰਸੈਕਸ਼ਨਲ ਸਾਮਰਾਜਵਾਦ ਕਿਹਾ ਹੈ।

          ਨੌਕਰਸ਼ਾਹ ਕਾਰਵਾਈਆਂ ਨੂੰ ਦੇਖੀਏ ਤਾਂ ਇੰਜ ਲਗਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਦਾ ਕਹਿਣਾ ਹੈ-ਆਪਣਾ ਮਕਸਦ ਪੂਰਾ ਕਰੋ, ਪਰ ਰਹਿਮਦਿਲੀ ਨਾਲ।

          ਇਸ ਤ੍ਰਾਸਦਿਕ ਟਕਰਾਅ ਤੋਂ ਸਾਨੂੰ ਕੀ ਸਬਕ ਸਿੱਖਣੇ ਚਾਹੀਦੇ ਹਨ। ਜਿਨ੍ਹਾਂ ਯਹੂਦੀ ਲੋਕਾਂ ਨੇ ਖੁਦ ਏਨੀਆਂ ਕਰੂਰਤਾਵਾਂ ਝੱਲੀਆਂ ਹਨ (ਸ਼ਾਇਦ ਇਤਿਹਾਸ ਵਿਚ ਕਿਸੇ ਵੀ ਅਵਾਮ ਤੋਂ ਸਭ ਤੋਂ ਜ਼ਿਆਦਾ) ਉਹਨਾਂ ਦੇ ਲਈ ਕੀ ਉਹਨਾਂ ਲੋਕਾਂ ਦੇ ਜੋਖਮ ਅਤੇ ਖਵਾਇਸ਼ਾਂ ਨੂੰ ਸਮਝ ਸਕਣਾ ਸੱਚੀਂ-ਮੁੱਚੀਂ ਅਸੰਭਵ ਹੈ, ਜਿਨ੍ਹਾਂ ਨੇ ਉਹਨਾਂ ਨੂੰ ਉਜਾੜਿਆ ਹੋਇਆ ਹੈ? ਕੀ ਭਿਆਨਕ ਤਕਲੀਫਾਂ ਹਮੇਸ਼ਾ ਬੇਰਹਿਮੀ ਨੂੰ ਜਨਮ ਦਿੰਦੀਆਂ ਹਨ? ਇਨਸਾਨੀਅਤ ਦੇ ਲਈ ਇਸ ਤੋਂ ਕਿਹੋ ਜਿਹੀ ਉਮੀਦ ਪੈਦਾ ਹੁੰਦੀ ਹੈ?  ਇੱਕ ਜਿੱਤ ਦੇ ਮੌਕੇ ਤੇ ਫਲਸਤੀਨੀ ਲੋਕ ਕਿਵੇਂ ਵਰਤਾਅ ਕਰਨਗੇ? ਜਦੋਂ ਰਾਜ ਤੋਂ ਵਾਂਝਾ ਇੱਕ ਰਾਸ਼ਟਰ ਰਾਜ ਬਣੇਗਾ, ਉਦੋਂ ਉਹ ਕਿਸ ਕਿਸਮ ਦਾ ਰਾਜ ਹੋਵੇਗਾ? ਇਸ ਦੇ ਪਰਚਮ ਦੇ ਸਾਏ ਚ ਕਿਸ ਤਰ੍ਹਾਂ ਦੇ ਖੌਫ ਨੂੰ ਅੰਜਾਮ ਦਿੱਤਾ ਜਾਏਗਾ? ਕੀ ਸਾਨੂੰ ਇੱਕ ਅਲੱਗ ਰਾਜ ਦੇ ਲਈ ਲੜਨਾ ਚਾਹੀਦਾ ਹੈ ਜਾਂ ਫਿਰ ਸਾਨੂੰ ਹਰੇਕ ਦੇ ਲਈ ਆਜ਼ਾਦੀ ਅਤੇ ਸਨਮਾਨ ਨਾਲ ਭਰੀ ਜ਼ਿੰਦਗੀ ਦੇ ਅਧਿਕਾਰ ਦੇ ਲਈ ਲੜਨਾ ਚਾਹੀਦਾ ਹੈ, ਚਾਹੇ ਕਿਸੇ ਦੀ ਨਸਲੀ ਪਛਾਣ ਜਾਂ ਧਰਮ ਕੁੱਝ ਵੀ ਹੋਵੇ?

          ਫਲਸਤੀਨ ਕਿਸੇ ਸਮੇਂ ਮੱਧ ਪੂਰਬ ਚ ਧਰਮ ਨਿਰਪੇਖਤਾ ਦਾ ਇੱਕ ਮੋਰਚਾ ਸੀ, ਪਰ ਉਸੇ ਜਗ੍ਹਾ ਉੱਪਰ ਹਮਾਸ ਇੱਕ ਕਮਜ਼ੋਰ, ਅਲੋਕਤੰਤਰੀ, ਹਰ ਤਰ੍ਹਾਂ ਦੇ ਭਿ੍ਰਸ਼ਟ, ਪਰ ਕਥਿਤ ਰੂਪ ਚ ਅਸੰਕੀਰਨ ਪੀ. ਐਲ.ਓ ਦੀ ਜਗ੍ਹਾ ਲੈਂਦਾ ਜਾ ਰਿਹਾ ਹੈ, ਜੋ ਖੁੱਲ੍ਹੇਆਮ ਇੱਕ ਸੰਕੀਰਨ ਵਿਚਾਰਧਾਰਾ ਅਤੇ ਇਸਲਾਮ ਦੇ ਨਾਂਅ ਤੇ ਲੜਨ ਦਾ ਦਾਅਵਾ ਕਰਦਾ ਹੈ। ਉਹਨਾਂ ਦਾ ਐਲਾਨਨਾਮਾ ਕਹਿੰਦਾ ਹੈ :- ਅਸੀਂ ਇਸਦੇ ਸਿਪਾਹੀ ਹੋਵਾਂਗੇ, ਅਤੇ ਇਸਦੀ ਅੱਗ ਦੇ ਲਈ ਲੱਕੜੀ, ਜੋ ਦੁਸ਼ਮਣਾਂ ਨੂੰ ਸਾੜ ਕੇ ਰਾਖ ਕਰ ਦੇਵੇਗੀ।ਦੁਨੀਆਂ ਤੋਂ ਮੰਗ ਕੀਤੀ ਜਾਂਦੀ ਹੈ ਕਿ ਉਹ ਆਤਮਘਾਤੀ ਬੰਬਾਰਾਂ ਦੀ ਨਿੰਦਾ ਕਰਨ। ਪਰ ਕੀ ਅਸੀਂ ਉਸ ਲੰਮੇ ਸਫਰ ਨੂੰ ਅਣਡਿੱਠ ਕਰ ਸਕਦੇ ਹਾਂ ਜਿਸ ਵਿੱਚੋਂ ਦੀ ਹੋ ਕੇ ਉਹ ਇਸ ਮੁਕਾਮ ਤੇ ਪਹੁੰਚੇ ਹਨ? 11 ਸਤੰਬਰ 1922 ਤੋਂ 11 ਸਤੰਬਰ 2002 ਤੱਕ- ਇੱਕ ਯੁੱਧ ਨੂੰ ਜਾਰੀ ਰੱਖਣ ਲਈ 80 ਸਾਲ ਇੱਕ ਬਹੁਤ ਲੰਮਾ ਸਮਾਂ ਹੁੰਦਾ ਹੈ। ਕੀ ਦੁਨੀਆਂ ਫਲਸਤੀਨ ਦੇ ਅਵਾਮ ਨੂੰ ਕੋਈ ਸਲਾਹ ਦੇ ਸਕਦੀ ਹੈ। ਕੀ ਉਹਨਾਂ ਨੂੰ ਬਸ ਗੋਲਡਾ ਮਾਇਰ ਦੀ ਸਲਾਹ ਮੰਨ ਲੈਣੀ ਚਾਹੀਦੀ ਹੈ ਅਤੇ ਸੱਚਮੁੱਚ ਇਸ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਹੋਂਦ ਮਿਟਾ ਲੈਣ।

          ਫਲਸਤੀਨੀ ਲੋਕਾਂ ਨੂੰ ਮਿਟਾ ਦੇਣ, ਉਹਨਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣ ਦਾ ਵਿਚਾਰ ਇਜ਼ਰਾਇਲੀ ਰਾਜਨੀਤਕ ਹੁਕਮਰਾਨ ਅਤੇ ਫੌਜੀ ਅਧਿਕਾਰੀ ਸਾਫ ਸਾਫ ਕਹਿ ਰਹੇ ਹਨ। ਨਸਲਕੁਸ਼ੀ ਨੂੰ ਰੋਕਣ ਚ ਨਾਕਾਮੀ ਲਈ’-ਜੋ ਆਪਣੇ ਆਪ ਚ ਹੀ ਇੱਕ ਜੁਰਮ ਹੈ-ਬਾਇਡਨ ਪ੍ਰਸਾਸ਼ਨ ਦੇ ਖਿਲਾਫ ਮੁਕੱਦਮਾ ਦਾਇਰ ਕਰਨ ਵਾਲੇ ਇੱਕ ਅਮਰੀਕਨ ਵਕੀਲ ਦਾ ਕਹਿਣਾ ਹੈ ਕਿ ਨਸਲੀ ਕਤਲੇਆਮ ਦਾ ਇਰਾਦਾ ਇਸ ਤਰ੍ਹਾਂ ਸਾਫ ਸਾਫ ਤੇ ਜਨਤਕ ਤੌਰ ਤੇ ਕਹਿਣ ਦੇ ਮਾਮਲੇ ਬਹੁਤ ਦੁਰਲੱਭ ਹਨ। ਇੱਕ ਵਾਰ ਇਹ ਮਕਸਦ ਹਾਸਲ ਕਰ ਲੈਣ ਤੋਂ ਬਾਅਦ, ਸ਼ਾਇਦ ਇਹਨਾਂ ਹੁਕਮਰਾਨਾਂ ਦਾ ਇਰਾਦਾ ਇਹ ਹੋਵੇ ਕਿ ਅਜਿਹੇ ਮਿਊਜ਼ੀਅਮ ਬਣਾਏ ਜਾਣ, ਜਿਨ੍ਹਾਂ ਵਿਚ ਫਲਸਤੀਨੀ ਸੰਸਕਿ੍ਰਤੀ ਅਤੇ ਦਸਤਕਾਰੀਆਂ ਦੀ ਨੁਮਾਇਸ਼ ਹੋਵੇ। ਅਸਲੀ ਫਲਸਤੀਨੀ ਖਾਣਾ ਪਰੋਸਣ ਵਾਲੇ ਰੈਸਤਰਾਂ ਹੋਣ। ਸ਼ਾਇਦ ਨਵੀਂ ਗਾਜ਼ਾ ਬੰਦਰਗਾਹ ਉੱਪਰ ਇਸ ਗੱਲ ਨੂੰ ਲੈ ਕੇ ਇੱਕ ਲਾਈਟ ਐਂਡ ਸਾਊਂਡ ਸ਼ੋਅ ਵੀ ਹੋਵੇ ਕਿ ਪੁਰਾਣਾ ਗਾਜ਼ਾ ਕਿੰਨਾ ਰੰਗੀਨ ਹੁੰਦਾ ਸੀ। ਸੰਭਵ ਹੈ ਕਿ ਇਹ ਬੰਦਰਗਾਹ ਬੇਨ ਗੁਰੀਅਨ ਨਹਿਰ ਪ੍ਰੋਜੈਕਟ ਦੇ ਮੁਹਾਣੇ ਤੇ ਬਣਾਈ ਜਾਵੇ, ਜਿਸ ਨੂੰ ਸ਼ਵੇਜ਼ ਦੇ ਪੈਮਾਨੇ ਤੇ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸਮੁੰਦਰ ਚ ਖੁਦਾਈ ਦੇ ਠੇਕਿਆਂ ਉੱਪਰ ਦਸਖਤ ਕੀਤੇ ਜਾ ਰਹੇ ਹਨ।

          ਵੀਹ ਸਾਲ ਪਹਿਲਾਂ ਜਦੋਂ ਨਿਊ ਮੈਕਸੀਕੋ ਚ ਮੈਂ ਕਮ ਸੈਪਟੈਂਬਰ’ (3ome September) ਭਾਸ਼ਣ ਦਿੱਤਾ ਸੀ ਤਾਂ ਅਮਰੀਕਾ ਵਿਚ ਫਲਸਤੀਨ ਨੂੰ ਲੈ ਕੇ ਇੱਕ ਤਰ੍ਹਾਂ ਦੀ ਖਾਮੋਸ਼ੀ ਦਾ ਆਲਮ ਸੀ। ਜੋ ਲੋਕ ਇਸ ਬਾਰੇ ਬੋਲਦੇ ਸਨ, ਉਨ੍ਹਾਂ ਨੂੰ ਇਸ ਦਾ ਭਾਰੀ ਮੁੱਲ ਤਾਰਨਾ ਪੈਂਦਾ ਸੀ। ਅੱਜ ਨੌਜਵਾਨ ਸੜਕਾਂ ਉੱਪਰ ਹਨ। ਮੋਹਰੀ ਮੁਹਾਜ ਤੇ ਉਹਨਾਂ ਦੀ ਰਾਹਨੁਮਾਈ ਯਹੂਦੀ ਅਤੇ ਫਲਸਤੀਨੀ ਕਰ ਰਹੇ ਹਨ, ਜਾਂ ਆਪਣੀ ਸਰਕਾਰ, ਅਮਰੀਕਾ ਦੀ ਸਰਕਾਰ ਦੀਆਂ ਕਰਤੂਤਾਂ ਨੂੰ ਲੈ ਕੇ ਗੁੱਸੇ ਚ ਹਨ। ਯੂਨੀਵਰਸਿਟੀਆਂ ਚ ਉਥਲ-ਪੁਥਲ ਹੈ। ਸਭ ਤੋਂ ਕੁਲੀਨ ਕੈਂਪਸਾਂ ਚ ਵੀ। ਉਹਨਾਂ ਨੂੰ ਚੁੱਪ ਕਰਾਉਣ ਲਈ ਸਰਮਾਏਦਾਰੀ ਤੇਜ਼ੀ ਨਾਲ ਅੱਗੇ ਆ ਰਹੀ ਹੈ। ਫੰਡ ਦਾਤੇ ਫੰਡ ਰੋਕ ਦੇਣ ਦੀ ਧਮਕੀ ਦੇ ਰਹੇ ਹਨ ਅਤੇ ਇਸ ਤਰ੍ਹਾਂ ਇਸ ਗੱਲ ਦਾ ਫੈਸਲਾ ਕਰ ਰਹੇ ਹਨ ਕਿ ਅਮਰੀਕੀ ਵਿਦਿਆਰਥੀ ਕੀ ਕਰ ਸਕਦੇ ਹਨ ਅਤੇ ਕੀ ਨਹੀਂ, ਅਤੇ ਉਹਨਾਂ ਨੂੰ ਕਿਵੇਂ ਸੋਚਣਾ ਚਾਹੀਦਾ ਹੈ ਤੇ ਕਿਵੇਂ ਨਹੀਂ ਸੋਚਣਾ ਚਾਹੀਦਾ। ਇਹ ਇੱਕ ਅਖੌਤੀ ਉਦਾਰਵਾਦੀ ਸਿੱਖਿਆ ਦੇ ਬੁਨਿਆਦੀ ਅਸੂਲਾਂ ਦੀ ਭਾਵਨਾ ਉੱਪਰ ਹੀ ਹਮਲਾ ਹੈ। ਉੱਤਰ-ਬਸਤੀਵਾਦ, ਬਹੁ-ਸੰਸਕ੍ਰਿਤੀਵਾਦ, ਅੰਤਰਰਾਸ਼ਟਰੀ ਕਾਨੂੰਨ, ਜਨੇਵਾ ਕਨਵੈਨਸ਼ਨ, ਮਨੁੱਖੀ ਅਧਿਕਾਰਾਂ ਦੇ ਸਰਬਵਿਆਪਕ ਐਲਾਨਨਾਮੇ ਦੇ ਦਿਖਾਵੇ ਦਾ ਅੰਤ ਹੋ ਚੁੱਕਾ ਹੈ। ਬੋਲਣ ਦੀ ਆਜ਼ਾਦੀ ਜਾਂ ਜਨਤਕ ਨੈਤਿਕਤਾ ਦਾ ਦਿਖਾਵਾ ਵੀ ਖਤਮ ਹੋ ਚੱੁਕਾ ਹੈ। ਅੰਤਰਰਾਸ਼ਟਰੀ ਵਕੀਲ ਅਤੇ ਵਿਦਵਾਨ ਜਿਸ ਨੂੰ ਸਾਰੀਆਂ ਕਸੌਟੀਆਂ ਉੱਪਰ ਨਸਲੀ ਕਤਲੇਆਮ ਕਹਿ ਰਹੇ ਹਨ, ਉਹ ਯੁੱਧਜਾਰੀ ਹੈ, ਜਿਸ ਵਿਚ ਜੁਰਮ ਕਰਨ ਵਾਲੇ ਮੁਜ਼ਰਿਮ ਖੁਦ ਨੂੰ ਪੀੜਤ ਦੱਸ ਰਹੇ ਹਨ,  ਇੱਕ ਨਸਲਪ੍ਰਸਤ ਰਾਜ ਚਲਾਉਣ ਵਾਲੇ ਬਸਤੀਵਾਦੀ ਜਾਬਰਾਂ ਦੇ ਕਿਰਦਾਰ ਚ ਹਨ। ਅਮਰੀਕਾ ਚ ਇਸ ਉੱਪਰ ਸੁਆਲ ਉਠਾਉਣ ਦਾ ਮਤਲਬ ਹੋਵੇਗਾ ਐਂਟੀਸੈਮੀਟਿਕ ਹੋਣ ਦਾ ਇਲਜ਼ਾਮ ਲੱਗਣਾ। ਚਾਹੇ ਸਵਾਲ ਕਰਨ ਵਾਲੇ ਲੋਕ ਖੁਦ ਯਹੂਦੀ ਹੀ ਕਿਉਂ ਨਾ ਹੋਣ। ਤੁਹਾਡੇ ਹੋਸ਼ ਉੱਡ ਜਾਣਗੇ। ਇਥੋਂ ਤੱਕ ਕਿ ਇਜ਼ਰਾਈਲ ਵੀ ਉਸ ਤਰ੍ਹਾਂ ਆਵਾਜ਼ਾਂ ਨੂੰ ਨਹੀਂ ਕੁਚਲਦਾ ਜਿੰਨਾਂ ਅਮਰੀਕਾ ਕੁਚਲਦਾ ਹੈ, ਜਿੱਥੇ ਗਿਡੀਅਨ ਲੇਵੀ ਵਰਗੇ ਅਸਹਿਮਤ ਇਜ਼ਰਾਈਲੀ ਨਾਗਰਿਕ ਇਜ਼ਰਾਈਲੀ ਕਾਰਵਾਈਆਂ ਦੇ ਸਭ ਤੋਂ ਜਾਣਕਾਰ ਅਤੇ ਸਭ ਤੋਂ ਤਿੱਖੇ ਅਲੋਚਕ ਹਨ (ਹਾਲਾਂਕਿ ਹਾਲਾਤ ਉਥੇ ਵੀ ਤੇਜ਼ੀ ਨਾਲ ਬਦਲ ਰਹੇ ਹਨ) । ਅਮਰੀਕਾ ਚ ਤਾਂ ਇੰਤੀਫਾਦਾ ਦੀ ਗੱਲ ਕਰਨ ਨੂੰ ਯਹੂਦੀਆਂ ਦੇ ਨਸਲੀ ਕਤਲੇਆਮ ਦਾ ਹੋਕਾ ਮੰਨ ਲਿਆ ਜਾਂਦਾ ਹੈ, ਜਦ ਕਿ ਇੰਤੀਫਾਦਾ ਦਾ ਮਤਲਬ ਹੈ ਬਗਾਵਤ, ਟਾਕਰਾ, ਜੋ ਫਲਸਤੀਨ ਦੇ ਮਾਮਲੇ ਚ ਇੱਕ ਨਸਲੀ ਕਤਲੇਆਮ ਦਾ ਵਿਰੋਧ ਹੈ। ਇਸ ਦਾ ਮਤਲਬ ਹੈ, ਆਪਣੀ ਹੋਂਦ ਮਿਟਾ ਦੇਣ ਦਾ ਵਿਰੋਧ। ਇੰਝ ਲਗਦਾ ਹੈ ਕਿ ਫਲਸਤੀਨੀ ਲੋਕਾਂ ਕੋਲ ਨੈਤਿਕ ਰੂਪ ਚ ਕਰਨ ਲਈ ਸਿਰਫ ਇੱਕ ਹੀ ਕੰਮ ਹੈ ਕਿ ਉਹ ਮਰ ਜਾਣ। ਸਾਡੇ ਸਾਰਿਆਂ ਦੇ ਸਾਹਮਣੇ ਕਾਨੂੰਨੀ ਰੂਪ ਚ ਇੱਕ ਹੀ ਰਾਹ ਹੈ ਕਿ ਅਸੀਂ ਉਹਨਾਂ ਨੂੰ ਮਰਦੇ ਦੇਖੀਏ ਅਤੇ ਚੁੱਪ ਰਹੀਏ। ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਅਸੀਂ ਆਪਣੀ ਸਕਾਲਰਸ਼ਿਪ, ਗਰਾਂਟ, ਲੈਕਚਰ ਫੀਸ ਅਤੇ ਰੋਜ਼ੀ ਰੋਟੀ ਨੂੰ ਖਤਰੇ ਚ ਪਾ ਲਵਾਂਗੇ।

          11 ਸਤੰਬਰ ਤੋਂ ਬਾਅਦ ਅਮਰੀਕਾ ਦੇ ਦਹਿਸ਼ਤਵਾਦ ਵਿਰੁਧ ਯੁੱਧ ਨੇ ਦੁਨੀਆਂ ਭਰ ਦੀਆਂ ਹਕੂਮਤਾਂ ਨੂੰ ਆਪਣੇ ਨਾਗਰਿਕਾਂ ਦੇ ਅਧਿਕਾਰਾਂ ਨੂੰ ਖਤਮ ਕਰ ਦੇਣ ਦਾ, ਅਤੇ ਇੱਕ ਜਟਿਲ, ਹਮਲਾਵਰ ਨਿਗਰਾਨੀ ਵਿਵਸਥਾ ਕਾਇਮ ਕਰਨ ਦਾ ਬਹਾਨਾ ਦੇ ਦਿੱਤਾ। ਇਹ ਇੱਕ ਅਜਿਹੀ ਵਿਵਸਥਾ ਹੈ, ਜਿਸ ਵਿਚ ਸਾਡੀਆਂ ਸਰਕਾਰਾਂ ਸਾਡੇ ਬਾਰੇ ਹਰ ਚੀਜ਼ ਜਾਣਦੀਆਂ ਹਨ ਅਤੇ ਅਸੀਂ ਉਹਨਾਂ ਬਾਰੇ ਕੱੁਝ ਵੀ ਨਹੀਂ ਜਾਣਦੇ। ਇਸ ਤਰ੍ਹਾਂ ਅਮਰੀਕਾ ਦੇ ਨਵੇਂ ਮੈਕਾਰਥੀਵਾਦ ਦੀ ਛਤਰੀ ਥੱਲੇ ਪੂਰੀ ਦੁਨੀਆਂ ਦੇ ਮੁਲਕਾਂ ਚ ਖੌਫਨਾਕ ਚੀਜ਼ਾਂ ਜਨਮ ਲੈਣਗੀਆਂ ਅਤੇ ਪ੍ਰਫੁੱਲਤ ਹੋਣਗੀਆਂ। ਬੇਸ਼ਕ ਸਾਡੇ ਆਪਣੇ ਮੁਲਕ ਚ ਇਹ ਕਈ ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ, ਪਰ ਜੇ ਅਸੀਂ ਇਸ ਦੇ ਖਿਲਾਫ਼ ਆਵਾਜ਼ ਨਹੀਂ ਉਠਾਵਾਂਗੇ ਤਾਂ ਇਹ ਹੋਰ ਤੇਜ਼ ਹੋਵੇਗਾ ਅਤੇ ਸਾਨੂੰ ਸਾਰਿਆਂ ਨੂੰ ਹੜ੍ਹਾ ਕੇ ਲੈ ਜਾਵੇਗਾ।

          ਕੱਲ੍ਹ ਹੀ ਖਬਰ ਆਈ ਹੈ ਕਿ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜੋ ਕਿਸੇ ਸਮੇਂ ਭਾਰਤ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਚੋਂ ਇੱਕ ਸੀ, ਨੇ ਵਿਦਿਆਰਥੀਆਂ ਦੇ ਆਚਰਣ ਨੂੰ ਲੈ ਕੇ ਨਿਯਮ ਜਾਰੀ ਕੀਤੇ ਹਨ। ਉਹਨਾਂ ਨਿਯਮਾਂ ਦੇ ਤਹਿਤ ਧਰਨਾ ਲਾਉਣ ਜਾਂ ਭੁੱਖ ਹੜਤਾਲ ਕਰਨ ਵਾਲੇ ਵਿਦਿਆਰਥੀ ਨੂੰ ਵੀਹ ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਰਾਸ਼ਟਰ ਵਿਰੋਧੀ ਨਾਅਰੇਲਗਾਉਣ ਵਾਲੇ ਨੂੰ 10,000 ਰੁਪਏ ਜੁਰਮਾਨਾ। ਅਜੇ ਇਸ ਦੀ ਕੋਈ ਸੂਚੀ ਨਹੀਂ ਹੈ ਕਿ ਇਹ ਨਾਅਰੇ ਕੀ ਹਨ, ਪਰ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਮੁਸਲਮਾਨਾਂ ਦੇ ਨਸਲੀ ਕਤਲੇਆਮ ਅਤੇ ਸਫਾਏ ਦੀ ਮੰਗ ਕਰਨ ਵਾਲੇ ਨਾਅਰੇ ਇਸ ਸੂਚੀ ਦਾ ਹਿੱਸਾ ਨਹੀਂ ਹੋਣਗੇ। ਯਾਨੀ ਫਲਸਤੀਨ ਦੀ ਲੜਾਈ ਸਾਡੀ ਲੜਾਈ ਵੀ ਹੈ।

          ਕਹਿਣ ਲਈ ਜੋ ਬਚਿਆ ਹੈ, ਉਸ ਨੂੰ ਸਾਫ ਸਾਫ ਕਹਿਣਾ ਤੇ ਦੁਹਰਾਉਣਾ ਜ਼ਰੂਰੀ ਹੈ।

          ਪੱਛਮੀ ਕੰਢੇ ਉੱਪਰ ਇਜ਼ਰਾਈਲ ਦਾ ਕਬਜਾ ਅਤੇ ਗਾਜ਼ਾ ਦੀ ਘੇਰਾਬੰਦੀ ਮਨੁੱਖਤਾ ਵਿਰੁੱਧ ਜੁਰਮ ਹੈ। ਇਸ ਕਬਜੇ ਨੂੰ ਮਦਦ ਦੇਣ ਵਾਲੇ ਅਮਰੀਕਾ ਅਤੇ ਹੋਰ ਮੁਲਕ ਇਸ ਜੁਰਮ ਦੇ ਭਾਈਵਾਲ ਹਨ। ਅੱਜ ਅਸੀਂ ਜਿਹੜੀ ਦਹਿਸ਼ਤ ਦੇਖ ਰਹੇ ਹਾਂ, ਹਮਾਸ ਅਤੇ ਇਜ਼ਰਾਈਲ ਵੱਲੋਂ ਨਾਗਰਿਕਾਂ ਦਾ ਘਿਨਾਉਣਾ ਕਤਲੇਆਮ, ਉਹ ਇਸੇ ਘੇਰਾਬੰਦੀ ਅਤੇ ਕਬਜੇ ਦਾ ਨਤੀਜਾ ਹਨ।

          ਚਾਹੇ ਦੋਹਾਂ ਹੀ ਧਿਰਾਂ ਵੱਲੋਂ ਕੀਤੀ ਜਾਣ ਵਾਲੀ ਕਰੂਰਤਾ ਦਾ ਕਿਹੋ ਜਿਹਾ ਵੀ ਬਿਉਰਾ ਦਿੱਤਾ ਜਾਵੇ, ਉਹਨਾਂ ਦੀਆਂ ਜ਼ਿਆਦਤੀਆਂ ਦੀ ਕਿੰਨੀਂ ਵੀ ਨਿੰਦਾ ਕੀਤੀ ਜਾਵੇ, ਉਹਨਾਂ ਦੇ ਜੁਲਮ ਬਰਾਬਰ ਹੋਣ ਦਾ ਚਾਹੇ ਕਿੰਨਾ ਵੀ ਝੂਠ ਘੜਿਆ ਜਾਵੇ, ਉਹ ਸਾਨੂੰ ਕਿਸੇ ਹੱਲ ਤੇ ਨਹੀਂ ਪਹੁੰਚਾ ਸਕਦੇ।

          ਇਸ ਭਿਆਨਕਤਾ ਨੂੰ ਜਨਮ ਦੇਣ ਵਾਲੀ ਚੀਜ਼ ਹੈ, ਕਬਜਾ। ਕਬਜਾ ਹੀ ਉਹ ਚੀਜ਼ ਹੈ ਜੋ ਜੁਰਮ ਕਰਨ ਵਾਲਿਆਂ ਅਤੇ ਉਸ ਜੁਰਮ ਦਾ ਨਿਸ਼ਾਨਾ ਬਣਨ ਵਾਲਿਆਂ, ਦੋਹਾਂ ਉਪੱਰ ਹਿੰਸਾ ਕਰ ਰਹੀ ਹੈ। ਇਸ ਦੇ ਸ਼ਿਕਾਰ ਬਣਨ ਵਾਲੇ ਮਰ ਰਹੇ ਹਨ ਅਤੇ ਇਸ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਹੁਣ ਆਪਣੇ ਜੁਰਮ ਦੇ ਨਾਲ ਜਿਉਣਾ ਪਵੇਗਾ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਵੀ।

          ਇਸ ਦਾ ਹੱਲ ਕਿਸੇ ਫੌਜੀ ਕਾਰਵਾਈ ਨਾਲ ਨਹੀਂ ਨਿੱਕਲ ਸਕਦਾ। ਇਹ ਸਿਰਫ ਇੱਕ ਰਾਜਨੀਤਕ ਹੱਲ ਹੀ ਹੋ ਸਕਦਾ ਹੈ, ਜਿਸ ਵਿਚ ਇਜ਼ਰਾਇਲੀਆਂ ਅਤੇ ਫਲਸਤੀਨੀਆਂ ਦੋਹਾਂ ਨੂੰ ਹੀ, ਇਕੱਠੇ ਜਾਂ ਇੱਕ ਦੂਜੇ ਦੇ ਨਾਲ ਨਾਲ ਰਹਿਣਾ ਪਵੇਗਾ। ਸਨਮਾਨ ਨਾਲ ਅਤੇ ਬਰਾਬਰ ਅਧਿਕਾਰਾਂ ਨਾਲ। ਇਸ ਵਿਚ ਦੁਨੀਆਂ ਨੂੰ ਦਖਲ ਦੇਣਾ ਜਰੂਰੀ ਹੈ। ਇਸ ਕਬਜੇ ਦਾ ਅੰਤ ਜ਼ਰੂਰੀ ਹੈ। ਇਹ ਜ਼ਰੂਰੀ ਹੈ ਕਿ ਫਲਸਤੀਨੀਆਂ ਨੂੰ ਸੱਚਮੁੱਚ ਇੱਕ ਮੁਲਕ ਮਿਲੇ ਅਤੇ ਇਹ ਜ਼ਰੂਰੀ ਹੈ ਕਿ ਫਲਸਤੀਨੀ ਸ਼ਰਨਾਰਥੀਆਂ ਨੂੰ ਵਾਪਸ ਪਰਤਣ ਦਾ ਹੱਕ ਮਿਲੇ।

          ਜੇ ਇਹ ਨਹੀਂ ਤਾਂ ਪੱਛਮੀ ਸੱਭਿਅਤਾ ਦੀ ਨੈਤਿਕ ਇਮਾਰਤ ਢਹਿ-ਢੇਰੀ ਹੋ ਜਾਵੇਗੀ। ਅਸੀਂ ਜਾਣਦੇ ਹਾਂ ਕਿ ਇਹ ਹਮੇਸ਼ਾ ਹੀ ਦਮੂੰਹੀ ਰਹੀ ਹੈ, ਪਰ ਉਸ ਵਿਚ ਵੀ ਇੱਕ ਤਰ੍ਹਾਂ ਦੀ ਪਨਾਹ ਮਿਲਦੀ ਸੀ। ਉਹ ਪਨਾਹ ਸਾਡੀਆਂ ਅਖਾਂ ਦੇ ਸਾਹਮਣੇ ਖਤਮ ਹੋ ਰਹੀ ਹੈ।

          ਇਸ ਲਈ ਫਲਸਤੀਨ ਅਤੇ ਇਜ਼ਰਾਈਲ ਦੀ ਖਾਤਰ, ਜੋ ਜਿੰਦਾ ਹਨ ਉਹਨਾਂ ਦੀ ਖਾਤਰ, ਅਤੇ ਜੋ ਮਾਰੇ ਗਏ ਉਹਨਾਂ ਦੇ ਨਾਂਅ ਤੇ, ਹਮਾਸ ਵੱਲੋਂ ਬੰਧਕ ਬਣਾਏ ਗਏ ਲੋਕਾਂ ਦੀ ਖਾਤਰ ਅਤੇ ਇਜ਼ਰਾਈਲੀ ਜੇਲ੍ਹਾਂ ਚ ਬੰਦ ਫਲਸਤੀਨੀਆਂ ਦੀ ਖਾਤਰ, ਸਾਰੀ ਇਨਸਾਨੀਅਤ ਦੀ ਖਾਤਰ ਇਸ ਕਤਲੇਆਮ ਨੂੰ ਤੁਰੰਤ ਰੋਕੋ।

          ਇਹ ਸਨਮਾਨ ਦੇਣ ਵਾਸਤੇ ਮੇਰੀ ਚੋਣ ਕਰਨ ਲਈ ਤੁਹਾਡਾ ਇੱਕ ਵਾਰ ਫੇਰ ਧੰਨਵਾਦ। ਇਸ ਸਨਮਾਨ ਨਾਲ ਦਿੱਤੇ ਜਾਣ ਵਾਲੇ 3 ਲੱਖ ਰੁਪਏ ਲਈ ਵੀ ਤੁਹਾਡਾ ਧੰਨਵਾਦ। ਇਹ ਮੇਰੇ ਕੋਲ ਨਹੀਂ ਰਹਿਣਗੇ। ਇਹ ਉਹਨਾਂ ਕਾਰਕੁਨਾਂ ਅਤੇ ਪੱਤਰਕਾਰਾਂ ਦੇ ਕੰਮ ਆਉਣਗੇ ਜੋ ਭਾਰੀ ਮੁੱਲ ਤਾਰਦੇ ਹੋਏ ਵੀ ਵਿਰੋਧ ਚ ਡਟੇ ਹੋਏ ਹਨ।                               

(ਇਹ ਲਿਖਤ 13 ਦਸੰਬਰ 2023 ਨੂੰ ਤਿਰੂਵਨੰਤਪੁਰਮ ਚ ਆਯੋਜਤ ਪੀ. ਗੋਵਿੰਦਾ ਪਿਲੇ ਪੁਰਸਕਾਰ ਸਮਾਰੋਹ ਵਿਚ ਅਰੁੰਧਤੀ ਰਾਏ ਵੱਲੋਂ ਸਨਮਾਨ ਲੈਂਦੇ ਵਕਤ ਦਿੱਤਾ ਗਿਆ ਭਾਸ਼ਣ ਹੈ)                                                                        

             (ਨਵਾਂ ਜ਼ਮਾਨਾ ਚੋਂ ਧੰਨਵਾਦ ਸਾਹਿਤ)         

                          (ਅਨੁਵਾਦ : ਬੂਟਾ ਸਿੰਘ)   

                                        (ਸੰਖੇਪ)

No comments:

Post a Comment