ਮੋਦੀ ਸਰਕਾਰ
ਦੇ ਫਾਸ਼ੀ ਹੱਲੇ ਦਾ
ਸਾਂਝਾ ਲੋਕ ਟਾਕਰਾ ਉਸਾਰਨ ਬਾਰੇ
ਬਾਬਰੀ ਮਸਜਿਦ ਦੇ ਖੰਡਰਾਂ ’ਤੇ ਰਾਮ ਮੰਦਰ ਉਸਾਰ ਕੇ ਭਾਜਪਾਈ
ਹਾਕਮਾਂ ਨੇ ਧਰਮ ਨਿਰਪੱਖਤਾ ਦੇ ਰਸਮੀ ਦਾਅਵਿਆਂ ਨੂੰ ਵੀ ਤਿਆਗ ਦਿੱਤਾ ਹੈ ਤੇ ਹਿੰਦੂਤਵ ਨਾਲ
ਗੁੰਦੇ ਹੋਏ ਕਾਰਪੋਰੇਟ ਫਾਸ਼ੀ ਧਾਵੇ ਦੀ ਮੁਹਿੰਮ ਨੂੰ ਅੱਗੇ ਵਧਾਇਆ ਹੈ। ਮਸਲਾ ਰਾਮ ਮੰਦਰ ਦਾ ਹੀ
ਨਹੀਂ ਹੈ, ਰਾਮ ਵਿੱਚ ਆਸਥਾ ਦਾ ਵੀ ਨਹੀਂ ਹੈ । ਅਸਲ ਮਸਲਾ ਰਾਮ ਮੰਦਰ
ਦੀ ਓਟ ਲੈ ਕੇ ਫਿਰ ਸੱਤਾ ’ਤੇ ਸਜਣ ਦਾ ਹੈ, ਇਸ
ਸੱਤਾ ’ਤੇ ਕਬਜ਼ੇ ਨੂੰ ਹੋਰ ਪੱਕਾ ਕਰਨ ਦਾ ਹੈ ਤੇ ਇਸ ਪੱਕੇ ਕਬਜ਼ੇ ਦੇ
ਆਸਰੇ ਸਾਮਰਾਜੀ ਕਾਰਪੋਰੇਟ ਜਗਤ ਦੇ ਲੋਕਾਂ ਖਿਲਾਫ਼ ਹਮਲੇ ਨੂੰ ਤੇਜ਼ ਕਰਨ ਦਾ ਹੈ। ਅਜਿਹਾ ਕਰਨ ਲਈ
ਹਿੰਦੂਤਵੀ ਫਿਰਕੂ ਰਾਸ਼ਟਰਵਾਦ ਦੇ ਫਾਸ਼ੀ ਹਮਲੇ ਦੀ ਧਾਰ ਹੋਰ ਤਿੱਖੀ ਕੀਤੀ ਜਾ ਰਹੀ ਹੈ ਤੇ ਮੁਲਕ
ਦੀਆਂ ਲੁਟੇਰੀਆਂ ਜਮਾਤਾਂ ਦੇ ਇਸ ਜਾਬਰ ਰਾਜ ਦੇ ਦੰਦ ਹੋਰ ਜ਼ਿਆਦਾ ਤਿੱਖੇ ਕਰਨ ਦੀ ਕਵਾਇਦ ਤੇਜ਼
ਕੀਤੀ ਜਾ ਰਹੀ ਹੈ। ਹਿੰਦੂਤਵੀ ਫਿਰਕੂ ਰਾਸ਼ਟਰਵਾਦੀ ਫਾਸ਼ੀ ਹਮਲੇ ਦੀ ਤਲਵਾਰ ਬਹੁ-ਧਾਰੀ ਹੈ। ਇਹ
ਧਾਰਮਿਕ, ਕੌਮੀ,
ਜਾਤਪਾਤੀ ਤੇ ਮਰਦਾਵੇਂ ਹੰਕਾਰ ਨੂੰ ਇੱਕ ਤੰਦ ’ਚ ਪਰੋਂਦਾ ਹੈ ਜਿਸਦੀ ਫਾਸ਼ੀ ਹਥਿਆਰ ਵਜੋਂ ਅਸਰਕਾਰੀ ਸਭ ਤੋਂ ਜ਼ਿਆਦਾ ਬਣਦੀ ਹੈ। ਪਿਛਾਖੜੀ
ਰਾਸ਼ਟਰਵਾਦ ਭਾਰਤੀ ਹਾਕਮ ਜਮਾਤਾਂ ਦਾ ਲੋਕਾਂ ’ਤੇ ਰਾਜ ਕਰਨ ਦਾ
ਵਿਚਾਰਧਾਰਕ ਹਥਿਆਰ ਤੁਰਿਆ ਆ ਰਿਹਾ ਹੈ ਜਿਸਨੂੰ ਫਿਰਕੂ ਰੰਗਤ ’ਚ ਰੰਗ
ਕੇ ਹੋਰ ਵਧੇਰੇ ਪਿਛਾਖੜੀ ਤੇ ਘਾਤਕ ਹਥਿਆਰ ਵਜੋਂ ਤਿੱਖਾ ਕੀਤਾ ਗਿਆ ਹੈ। ਇਸ ਹਿੰਦੂਤਵੀ ਕਾਰਪੋਰੇਟ
ਫਾਸ਼ੀ ਹੱਲੇ ਦੇ ਬਹੁਤ ਪਸਾਰ ਹਨ ਜਿਸ ਨੂੰ ਦੇਸ਼ ਦੇ ਵੱਖ ਵੱਖ ਕਿਰਤੀ ਵਰਗਾਂ ਦੇ ਲੋਕ, ਦਬਾਈਆਂ ਕੌਮੀਅਤਾਂ, ਅਖੌਤੀ ਨੀਵੀਆਂ ਜਾਤਾਂ, ਔਰਤਾਂ ਸਮੇਤ ਬੁੱਧੀਜੀਵੀ, ਪੱਤਰਕਾਰ ਭਾਈਚਾਰਾ ਤੇ ਹੋਰ ਜਮਹੂਰੀ ਹਿੱਸੇ ਆਪਣੇ ਪਿੰਡਿਆਂ ’ਤੇ
ਹੰਢਾ ਰਹੇ ਹਨ। ਕਾਨੂੰਨਾਂ ’ਚ ਪਿਛਾਖੜੀ ਤਬਦੀਲੀਆਂ ਦਾ ਥੋਕ ਵਰਤਾਰਾ,
ਸੰਘਰਸ਼ਾਂ ਨੂੰ ਅਣਗੌਲੇ ਕਰਨ ਤੇ ਜਬਰੀ ਕੁਚਲਣ, ਫਿਰਕੂ
ਲਾਮਬੰਦੀਆਂ ਦੀ ਮੁਹਿੰਮ ਦਾ ਪਸਾਰਾ ਕਰਨ ਵਰਗੇ ਇੱਕ ਦੂਜੇ ਨਾਲ ਜੁੜਦੇ ਕਦਮਾਂ ਦੀ ਭਰਮਾਰ ਹੈ।
ਅਜਿਹੀਆਂ ਫਾਸ਼ੀ ਲਾਮਬੰਦੀਆਂ ਰਾਹੀਂ ਇਸ ਆਪਾਸ਼ਾਹ ਜਾਬਰ ਰਾਜ ਨੂੰ ਹੋਰ ਵਧੇਰੇ ਖੂੰਖਾਰ ਬਣਾ ਕੇ ਦੇਸ਼
ਦੀਆਂ ਲੁਟੇਰੀਆਂ ਜਮਾਤਾਂ ਦੇ ਸੰਕਟਾਂ ਦਾ ਭਾਰ ਲੋਕਾਂ ’ਤੇ ਸੁੱਟ ਕੇ
ਉਹਨਾਂ ਦੀ ਸੇਵਾ ਕੀਤੀ ਜਾ ਰਹੀ ਹੈ। ਹਾਕਮ ਜਮਾਤੀ ਸਿਆਸੀ ਪਾਰਟੀਆਂ ’ਚੋਂ
ਇਹ ਭਾਜਪਾਈ ਸਿਆਸੀ ਤਰੀਕਾ ਹੈ ਤੇ ਇਸ ਵੇਲੇ ਕਾਰਪੋਰੇਟ ਜਗਤ ਨੂੰ ਇਹ ਸਭ ਤੋਂ ਵਧੇਰੇ ਰਾਸ ਬੈਠ
ਰਿਹਾ ਹੈ। ਸਾਮਰਾਜੀਆਂ ਤੇ ਦੇਸ਼ ਦੀਆਂ ਲੁਟੇਰੀਆਂ ਜਮਾਤਾਂ ਦੀ ਅਜਿਹੀ ਸੇਵਾ ਕੋਈ ਧਰਮ ਨਿਰਪੱਖਤਾ
ਦਾ ਬੁਰਕਾ ਪਾ ਕੇ ਕਰਨਾ ਚਾਹੁੰਦਾ ਹੈ ਤੇ ਕੋਈ ਲੋਕਾਂ ਖਿਲਾਫ ਆਰਥਿਕ ਸੁਧਾਰਾਂ ਦੇ ਇਸ ਧਾਵੇ ਨੂੰ ‘ਮਨੁੱਖੀ ਚਿਹਰਾ’ ਦੇ ਕੇ ਲਾਗੂ ਕਰਨਾ ਚਾਹੁੰਦਾ ਹੈ। ਦੇਸ਼ ਦੀਆਂ
ਹਾਕਮ ਜਮਾਤਾਂ ਲਈ ਇਸ ਵੇਲੇ ਸਭ ਤੋਂ ਕਾਰਗਰ ਹਥਿਆਰ ਘੋਰ ਪਿਛਾਖੜੀ ਹਿੰਦੂਤਵੀ ਰਾਸ਼ਟਰਵਾਦੀ ਸਿਆਸਤ
ਦਾ ਹੈ ਤੇ ਇਸ ਕਰਕੇ ਇਸਦੀ ਵਾਹਕ ਬਣੀ ਹੋਈ ਮੋਦੀ ਸਰਕਾਰ ਲੋਕਾਂ ਦੇ ਸੰਘਰਸ਼ਾਂ ਦਾ ਸਭ ਤੋਂ ਮੋਹਰੀ
ਨਿਸ਼ਾਨਾ ਬਣਦੀ ਹੈ। ਵੱਡੇ ਜਥੇਬੰਦਕ ਤਾਣੇ-ਬਾਣੇ ਕਾਰਨ ਫਿਰਕੂ ਫਾਸ਼ੀ ਲਾਮਬੰਦੀਆਂ ਕਰ ਸਕਣ ਦੀ ਇਸਦੀ
ਸਮਰੱਥਾ ਤੇ ਅਗਾਂਹ ਰਾਜ ਦੀਆਂ ਵੱਖ ਵੱਖ ਸੰਸਥਾਵਾਂ ’ਤੇ ਕਬਜਾ ਜਮਾਉਣ
ਰਾਹੀਂ ਇਹ ਵਧੇਰੇ ਤਾਕਤਵਰ ਦੁਸ਼ਮਣ ਬਣਦੀ ਹੈ। ਪਰ ਮੋਦੀ ਸਰਕਾਰ ਖਿਲਾਫ਼ ਲੋਕਾਂ ਦੀ ਇਸ ਲੜਾਈ ਵਿੱਚ
ਕਾਂਗਰਸੀ ਤੇ ਬਾਕੀ ਮੌਕਾਪ੍ਰਸਤ ਵੋਟ ਪਾਰਟੀਆਂ ਲੋਕਾਂ ਦੀਆਂ ਸੰਗੀ ਨਹੀਂ ਬਣ ਸਕਦੀਆਂ, ਕਿਉਂਕਿ ਉਹਨਾਂ ਸਭਨਾਂ ਦਾ ਸਾਮਰਾਜੀ ਕਾਰਪੋਰੇਟ ਜਗਤ ਦੀ ਸੇਵਾ ਕਰਨ ਦਾ ਉਦੇਸ਼ ਭਾਜਪਾ
ਨਾਲ ਸਾਂਝਾ ਹੈ ਅਤੇ ਧਰਮ-ਨਿਰਪੱਖਤਾ ਵੀ ਨਕਲੀ ਹੈ (ਅਖੌਤੀ ਖੱਬਿਆਂ ਨੂੰ ਛੱਡ ਕੇ)। ਦੇਸ਼ ਅਤੇ ਵੱਖ
ਵੱਖ ਸੂਬਿਆਂ ਅੰਦਰ ਰਾਜ ਕਰਦੀਆਂ ਆ ਰਹੀਆਂ ਇਹਨਾਂ ਪਾਰਟੀਆਂ ਦੀ ਇਹ ਅਖੌਤੀ ਧਰਮ ਨਿਰਪੱਖਤਾ ਵਾਰ
ਵਾਰ ਪ੍ਰਗਟ ਹੋ ਚੁੱਕੀ ਹੈ ਅਤੇ ਕਾਰਪੋਰੇਟ ਜਗਤ ਨਾਲ ਵਫਾਦਾਰੀ ਵੀ ਵਾਰ ਵਾਰ ਜਾਹਰ ਹੋ ਚੁੱਕੀ ਹੈ।
ਸਾਮਰਾਜੀ ਤੇ ਦਲਾਲ ਕਾਰਪੋਰੇਟਾਂ ਦੀ ਸੇਵਾ ਵਿੱਚ ਅਖੌਤੀ ਖੱਬੇ ਵੀ ਕਿਸੇ ਤਰ੍ਹਾਂ ਪਿੱਛੇ ਨਹੀਂ
ਹਨ। ਸੰਸਾਰ ਕਾਰਪੋਰੇਟ ਜਗਤ ਤੇ ਭਾਰਤ ਦੀਆਂ ਹਾਕਮ ਜਮਾਤਾਂ ਦੀ ਸੇਵਾ ਲਈ ਵੱਖ ਵੱਖ ਢੰਗ ਲਾਗੂ ਕਰ
ਰਹੇ ਇਹਨਾਂ ਧੜਿਆਂ ਦੇ ਸੱਤਾ ਪ੍ਰਾਪਤੀ ਲਈ ਆਪਸੀ ਵਿਰੋਧ ਵੀ ਹਨ ਪਰ ਇਹ ਦੋਮ ਦਰਜੇ ਦੇ ਹਨ,
ਜਦ ਕਿ ਲੋਕਾਂ ਨਾਲ ਦੁਸ਼ਮਣੀ ਸਾਂਝੀ ਹੈ। ਲੋਕਾਂ ਦੇ ਸੰਘਰਸ਼ਾਂ ਲਈ ਇਹਨਾਂ ਆਪਸੀ
ਵਿਰੋਧਾਂ ਨੂੰ ਵਰਤੇ ਜਾਣ ਦੀ ਲੋੜ ਵੀ ਦਰਪੇਸ਼ ਹੈ, ਪਰ ਇਹਨਾਂ ਵਿਰੋਧਾਂ
ਨੂੰ ਵਰਤੇ ਜਾਣ ਦਾ ਇੱਕੋ ਇੱਕ ਤਰੀਕਾ ਇਹਨਾਂ ਬਾਕੀ ਧੜਿਆਂ ਨਾਲ ਸਾਂਝ ਭਿਆਲੀ ਵਾਲੇ ਗੱਠਜੋੜ ਦਾ
ਹੀ ਨਹੀਂ ਹੈ, ਸਗੋਂ ਅਜੇ ਲੋਕਾਂ ਦੀ ਲਹਿਰ ਦੀ ਹਾਲਤ ਅਨੁਸਾਰ ਇਹਨਾਂ
ਵਿੱਚੋਂ ਸੰਘਰਸ਼ ਦੀ ਧਾਰ ਵਿਸ਼ੇਸ਼ ਪਾਸੇ ਸੇਧਤ ਕਰਕੇ ਸੰਘਰਸ਼ ਦਾਬ ਵਧਾਉਣ ਘਟਾਉਣ ਦਾ ਹੈ। ਲੋਕਾਂ ਦੇ
ਸੰਘਰਸ਼ਾਂ ਰਾਹੀਂ ਇਹਨਾਂ ਦੇ ਆਪਸੀ ਪਾਟਕਾਂ ਨੂੰ ਵਧਾਉਣ ਦਾ ਹੈ। ਲੋਕਾਂ ਦੇ ਜਮਾਤੀ ਤੇ ਜਮਹੂਰੀ
ਮੁੱਦਿਆਂ ’ਤੇ ਵਿਸ਼ਾਲ ਜਨਤਕ ਲਾਮਬੰਦੀਆਂ ਰਾਹੀਂ ਵਿਰੋਧੀ ਸਿਆਸੀ
ਪਾਰਟੀਆਂ ਨੂੰ ਲੋਕਾਂ ਦੇ ਹੱਕ ਵਿੱਚ ਪੁਜ਼ੀਸ਼ਨਾਂ ਲੈਣ ਲਈ ਮਜ਼ਬੂਰ ਕਰਨ ਵਰਗੇ ਦਾਅਪੇਚ ਅਪਣਾਉਣ ਦਾ
ਹੈ ਤੇ ਭਾਜਪਾ ਨੂੰ ਵੱਧ ਤੋਂ ਵੱਧ ਨਿਖੇੜੇ ਦੀ ਹਾਲਤ ਵਿੱਚ ਧੱਕਣ ਦਾ ਹੈ। ਪਰ ਭਾਜਪਾ ਦੇ ਹਮਲੇ
ਨੂੰ ਮਾਤ ਦੇਣ ਲਈ ਇਹਨਾਂ ਪਾਰਟੀਆਂ ਨਾਲ ਸਾਂਝ ਭਿਆਲੀ ਹਕੀਕੀ ਲੋਕ ਟਾਕਰਾ ਨਹੀਂ ਉਸਾਰ ਸਕਦੀ।
ਭਾਰਤ ਅੰਦਰ ਹਾਕਮ ਜਮਾਤਾਂ ਦੇ ਫਾਸ਼ੀ ਰੁਝਾਨਾਂ ਨੂੰ ਯੂਰਪੀ ਮੁਲਕਾਂ ਅੰਦਰ ਉੱਤਰੇ ਇਤਿਹਾਸਕ
ਫਾਸ਼ੀਵਾਦੀ ਵਰਤਾਰਿਆਂ ਨਾਲ ਉਵੇਂ ਜਿਵੇਂ ਮੇਲ ਕੇ ਸੋਚਣ ਦਾ ਤਰੀਕਾ ਦਰੁਸਤ ਨਹੀਂ ਹੈ। ਉਹਨਾਂ
ਮੁਲਕਾਂ ’ਚ ਇਹ ਵਰਤਾਰੇ ਬੁਰਜੂਆ ਜਮਹੂਰੀਅਤ ਦਾ ਨਿਖੇਧ ਕਰਨ ਵਜੋਂ
ਉੱਭਰੇ ਸਨ-ਜਦਕਿ ਸਾਡੇ ਵਰਗੇ ਮੁਲਕ ’ਚ ਜਿੱਥੇ ਜਮਹੂਰੀਅਤ ਦਾ ਸਮਾਜਿਕ
ਆਧਾਰ ਨਹੀਂ ਹੈ, ਉਥੇ ਇਹ ਵਰਤਾਰੇ ਆਪਾਸ਼ਾਹ ਤੇ ਜਾਬਰ ਰਾਜ ਨੂੰ ਮਜ਼ਬੂਤ
ਕਰਨ ਵਜੋਂ ਵਾਪਰਦੇ ਹਨ। ਨਾ ਹੀ ਸਾਡਾ ਮੁਲਕ ਪ੍ਰਭੂਸੱਤਾ ਸੰਪੰਨ ਮੁਲਕ ਹੈ। ਇਹ ਸਾਮਰਾਜੀ ਦਾਬੇ ਤੇ
ਚੋਰ-ਗੁਲਾਮੀ ਨਾਲ ਨਪੀੜਿਆ ਮੁਲਕ ਹੈ ਤੇ ਇਥੋਂ ਦੀਆਂ ਹਾਕਮ ਜਮਾਤਾਂ ਸੰਸਾਰ ਸਾਮਰਾਜ ਦੀਆਂ ਦਲਾਲ
ਸੇਵਾਦਾਰ ਜਮਾਤਾਂ ਹਨ। ਇਹਨਾਂ ਦੇ ਕਦਮਾਂ ਪੈਂਤੜਿਆਂ ਤੇ ਰਾਜ ਚਲਾਉਣ ਦੇ ਤਰੀਕਿਆਂ ’ਚ ਸਾਮਰਾਜੀ ਸਰਪ੍ਰਸਤੀ ਇੱਕ ਅਹਿਮ ਕਾਰਕ ਵਜੋਂ ਮੌਜੂਦ ਰਹਿੰਦੀ ਹੈ। ਉਹਨਾਂ ਮੁਲਕਾਂ ’ਚ ਸਰਮਾਏਦਾਰੀ ਦੇ ਇੱਕ ਹਿੱਸੇ ਨਾਲ ਆਰਜ਼ੀ ਗੱਠਜੋੜ ਹੋਰ ਹਾਲਤਾਂ ਦੀ ਉਪਜ ਸੀ ਜਦਕਿ ਸਾਡੇ
ਵਰਗੇ ਮੁਲਕਾਂ ’ਚ ਤਾਂ ਜਮਹੂਰੀ ਤੇ ਧਰਮ-ਨਿਰਲੇਪ ਹਿੱਸੇ ਪਹਿਲਾਂ ਹੀ
ਨਵ-ਜਮਹੂਰੀ ਇਨਕਲਾਬ ਦੇ ਸਾਥੀ ਬਣਦੇ ਹਨ। ਸਾਡੇ ਮੁਲਕ ਦੀਆਂ ਹਾਕਮ ਜਮਾਤਾਂ ਸਾਮਰਾਜੀ ਸੇਵਾ ਲਈ
ਇੱਕਮਿੱਕ ਹਨ ਅਤੇ ਲੋਕਾਂ ਦੀਆਂ ਜਮਹੂਰੀ ਉਮੰਗਾਂ ਨੂੰ ਕੁਚਲ ਕੇ ਰਾਜ ਨੂੰ ਹੋਰ ਵਧੇਰੇ ਖੂੰਖਾਰ
ਬਣਾਉਣ ਲਈ ਵੀ ਸਾਂਝੇ ਇਰਾਦੇ ਰੱਖਦੀਆਂ ਹਨ। ਇਸ ਲਈ ਇਹਨਾਂ ’ਚੋਂ ਕੋਈ
ਜਮਹੂਰੀਅਤ ਪਸੰਦ ਨਹੀਂ ਹੈ ਜਿਹੜੀ ਆਰਜ਼ੀ ਤੌਰ ’ਤੇ ਗੱਠਜੋੜ ਕਰਨ ਦਾ
ਦਾਅਵਾ ਰੱਖਦੀ ਹੋਵੇ। ਇਸ ਲਈ ਸਾਡੇ ਮੁਲਕ ’ਚ ‘ਫਾਸ਼ੀਵਾਦ ਵਿਰੋਧੀ ਸਾਂਝੇ ਮੋਰਚੇ’ ਦੇ ਟਕਸਾਲੀ ਨਮੂਨੇ ਦੇ
ਅਰਥਾਂ ’ਚ ਸੋਚਣਾ ਵਾਜਬ ਨਹੀਂ ਹੈ।
ਇਸ ਲਈ ਮੋਦੀ ਸਰਕਾਰ ਦੇ ਇਸ ਫਾਸ਼ੀ ਹਮਲੇ ਖਿਲਾਫ਼ ਲੜਨ ਲਈ ਲੋਕਾਂ ਦੇ ਖਰੇ ਧਰਮ-ਨਿਰਪੱਖ ਤੇ ਜਮਹੂਰੀ ਹਿੱਸਿਆਂ ਨੂੰ ਜਮਾਤੀ ਤੇ ਜਮਹੂਰੀ ਮੁੱਦਿਆਂ ਦੁਆਲੇ ਸਾਂਝੇ ਘੋਲ ਉਸਾਰਨ ਦੀ ਲੋੜ ਹੈ। ਇਸ ਹਿੰਦੂਤਵੀ ਕਾਰਪੋਰੇਟ ਫਾਸ਼ੀ ਹੱਲੇ ਦੀ ਮਾਰ ਹੇਠ ਆ ਰਹੇ ਮਿਹਨਤਕਸ਼ ਜਮਾਤਾਂ ਦੇ ਸਭਨਾਂ ਲੋਕਾਂ ਸਮੇਤ ਆਦਿਵਾਸੀਆਂ, ਦਲਿਤਾਂ, ਔਰਤਾਂ, ਦਬਾਈਆਂ ਜਾ ਰਹੀਆਂ ਧਾਰਮਿਕ ਘੱਟ ਗਿਣਤੀਆਂ, ਵਿਸ਼ੇਸ਼ ਭਾਰਤੀ ਰਾਜ ਦੇ ਵਿਸ਼ੇਸ਼ ਜਬਰ ਦਾ ਸ਼ਿਕਾਰ ਦਬਾਈਆਂ ਹੋਈਆਂ ਕੌਮੀਅਤਾਂ, ਬੁੱਧੀਜੀਵੀਆਂ ਪੱਤਰਕਾਰਾਂ ਤੇ ਹੋਰਨਾਂ ਜਮਹੂਰੀ ਹਿੱਸਿਆਂ ਦਾ ਹਕੀਕੀ ਸੰਘਰਸ਼ਸ਼ੀਲ ਮੋਰਚਾ ਉਸਾਰਨ ਦੀ ਲੋੜ ਹੈ। ਇਸ ਫਾਸ਼ੀ ਹਮਲੇ ਨੂੰ ਵਿਚਾਰਧਾਰਕ ਸਿਆਸੀ ਪੱਧਰ ’ਤੇ ਵੀ ਅਤੇ ਅਮਲੀ ਜਮਾਤੀ ਸੰਘਰਸ਼ ਦੇ ਅਖਾੜੇ ’ਚ ਵੀ ਟੱਕਰ ਦਿੱਤੀ ਜਾਣ ਦੀ ਲੋੜ ਹੈ। ਵਿਸ਼ੇਸ਼ ਕਰਕੇ ਫਿਰਕੂ ਰਾਸ਼ਟਰਵਾਦ ਨੂੰ ਵਿਚਾਰਧਾਰਕ ਖੇਤਰ ਵਿੱਚ ਜ਼ੋਰਦਾਰ ਚਣੌਤੀ ਦਿੱਤੀ ਜਾਣੀ ਚਾਹੀਦੀ ਹੈ ਭਾਵ ਕਿ ਲੋਕ ਮਨਾਂ ਤੋਂ ਇਸ ਦੀ ਛਾਪ ਲਾਹਣ ਲਈ ਵਿਚਾਰਧਾਰਕ ਸੰਘਰਸ਼ ਵੀ ਇਸ ਟਾਕਰਾ ਉਸਾਰੀ ਦੀ ਬੁਨਿਆਦ ਹੈ। ਸਾਮਰਾਜ-ਵਿਰੋਧੀ ਹਕੀਕੀ ਰਸ਼ਟਰਵਾਦ ਹੈ ਜਿਹੜਾ ਭਾਰਤੀ ਹਾਕਮਾਂ ਦੇ ਦੰਭੀ ਤੇ ਫਿਰਕ- ਰਾਸ਼ਟਰਵਾਦ ਦੇ ਮੁਕਾਬਲੇ ਉਭਾਰਿਆ ਜਾਣਾ ਚਾਹੀਦਾ ਹੈ। ਇਸ ਹਕੀਕੀ ਰਾਸ਼ਟਰਵਾਦ ਰਾਹੀਂ ਭਾਰਤੀ ਹਾਕਮਾਂ ਨੂੰ ਸਾਮਰਾਜੀਆਂ ਕੋਲ ਦੇਸ਼ ਗਹਿਣੇ ਧਰਨ ਵਾਲੇ ਗਦਾਰਾਂ ਵਜੋਂ ਨਸ਼ਰ ਕੀਤਾ ਜਾ ਰਿਹਾ ਹੈ। ਰਾਜ ਨੂੰ ਹੋਰ ਵਧੇਰੇ ਜਾਬਰ ਤੇ ਘੋਰ ਪਿਛਾਖੜੀ ਬਣਾਉਣ ਦੇ ਆ ਰਹੇ ਠੋਸ ਕਦਮਾਂ ਅਤੇ ਹਕੀਕੀ ਜਮਾਤੀ ਮੁੱਦਿਆਂ ਦੁਆਲੇ ਵੱਧ ਤੋਂ ਵੱਧ ਲੋਕਾਂ ਨੂੰ ਲਾਮਬੰਦ ਕੀਤੇ ਜਾਣ ਦੀ ਲੋੜ ਹੈ। ਅਜਿਹੀ ਸਾਂਝ ਲਈ ਹਕੀਕੀ ਧਰਮ ਨਿਰਪੱਖਤਾ ਨੂੰ ਤੇ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਆਰਥਿਕ ਸੁਧਾਰਾਂ ਦੇ ਹਮਲੇ ਨੂੰ ਵਿਸ਼ੇਸ਼ ਹਵਾਲਾ ਨੁਕਤਾ ਬਣਾਇਆ ਜਾਣਾ ਚਾਹੀਦਾ ਹੈ। ਇਹ ਹਾਕਮਾਂ ਦੀਆਂ ਪਾਰਲੀਮੈਂਟ ਸੰਸਥਾਵਾਂ ਨਹੀਂ ਹਨ ਜਿੱਥੋਂ ਇਸ ਫਾਸ਼ੀ ਹੱਲੇ ਨੂੰ ਠੱਲਿ੍ਹਆ ਸਕਦਾ ਹੈ, ਸਗੋਂ ਲੋਕਾਂ ਦੇ ਸਾਂਝੇ ਜਮਾਤੀ ਤੇ ਜਮਹੂਰੀ ਘੋਲ ਹੀ ਹਨ ਜਿੰਨ੍ਹਾਂ ਰਾਹੀਂ ਮੋਦੀ ਸਰਕਾਰ ਦੇ ਇਸ ਫਾਸ਼ੀ ਹੱਲੇ ਦਾ ਟਾਕਰਾ ਕੀਤਾ ਜਾ ਸਕਦਾ ਹੈ। ਇਸ ਹਮਲੇ ਦਾ ਗੰਭੀਰਤਾ ਨਾਲ ਟਾਕਰਾ ਕਰਨਾ ਚਾਹੁੰਦੀਆਂ ਖਰੀਆਂ ਲੋਕ ਪੱਖੀ ਤਾਕਤਾਂ ਨੂੰ ਇਹ ਸੱਚਾਈ ਅੱਜ ਜਾਂ ਭਲਕ ਪਛਾਨਣੀ ਹੀ ਪੈਣੀ ਹੈ। ਹਾਕਮ ਜਮਾਤਾਂ ਦੀਆਂ ਮੌਕਾਪ੍ਰਸਤ ਪਾਰਟੀਆਂ ਤੇ ਇਹਨਾਂ ਦੀਆਂ ਪਾਰਲੀਮਾਨੀ ਸੰਸਥਾਵਾਂ ਤੋਂ ਹਰ ਤਰ੍ਹਾਂ ਦੀ ਝਾਕ ਮੁਕਾ ਕੇ ਹਕੀਕੀ ਲੋਕ ਟਾਕਰਾ ਉਸਾਰਨ ਲਈ ਯਤਨ ਤੇਜ਼ ਕਰਨੇ ਪੈਣੇ ਹਨ।
No comments:
Post a Comment