ਪੰਜਾਬ ਅੰਦਰ ਫ਼ਿਰਕੂ ਸਿਆਸਤੀ ਮਨਸੂਬਿਆਂ ਦਾ ਨਵਾਂ ਪ੍ਰੋਜੈਕਟ
ਪੰਜਾਬ ਦੀ ਆਬੋ ਹਵਾ ’ਚ ਫ਼ਿਰਕੂ ਜ਼ਹਿਰ ਦਾ ਪਸਾਰਾ ਕਰਨ ਦੇ ਨਾਪਾਕ ਸਿਆਸੀ ਮਨਸੂਬੇ ਮੁੜ ਜਾਹਰ ਹੋ ਰਹੇ ਹਨ। ਫ਼ਿਰਕੂ ਜਨੂੰਨੀ ਤਾਕਤਾਂ ਤੇ ਮੌਕਾਪ੍ਰਸਤ ਸਿਆਸਤਦਾਨਾਂ ਵੱਲੋਂ ਵਿਉਂਤੇ ਨਵੇਂ ਫ਼ਿਰਕੂ ਸਿਆਸਤੀ ਪ੍ਰੋਜੈਕਟ ਤਹਿਤ ਸੂਬੇ ਅੰਦਰ ਪਾਟਕ-ਪਾਊ ਤਾਕਤਾਂ ਮੁੜ ਸਰਗਰਮ ਹੋ ਗਈਆਂ ਹਨ। ਦੁਬਈ ਤੋਂ ਆਏ ਨੌਜਵਾਨ ਅੰਮਿ੍ਰਤਪਾਲ ਸਿੰਘ ਦਾ ਗਿਣ-ਮਿਥ ਕੇ, ਸੂਬੇ ਦੀ ਫ਼ਿਰਕੂ ਸਿਆਸਤ ’ਚ ਧਮਾਕੇਦਾਰ ਦਾਖ਼ਲਾ ਕਰਵਾਇਆ ਗਿਆ ਹੈ ਤੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਇਸਨੂੰ ਪੂਰੀ ਵਿਉਂਤ ਨਾਲ ਉਭਾਰਿਆ ਗਿਆ ਹੈ। ਉਸ ਵੱਲੋਂ ਸਾਰੀ ਦਿੱਖ-ਪੱਖ ਤੇ ਅੰਦਾਜ਼ ਰਾਹੀਂ ਅਤੇ ਫ਼ਿਰਕੂ ਪ੍ਰਚਾਰ ਦੇ ਮੁਹਾਵਰੇ ਰਾਹੀਂ ਵੀ ਭਿੰਡਰਾਂਵਾਲੇ ਦੀ ਵਿਰਾਸਤ ਦੀ ਦਾਅਵੇਦਾਰੀ ਰਾਹੀਂ ਉੱਭਰਨ ਦਾ ਯਤਨ ਕੀਤਾ ਜਾ ਰਿਹਾ ਹੈ। ਆਨੰਦਪੁਰ ਸਾਹਿਬ ’ਚ ਨੌਜਵਾਨਾਂ ਨੂੰ ਅੰਮਿ੍ਰਤ ਛਕਾਉਣ ਦੀ ਮੁਹਿੰਮ ਚਲਾਉਣ, ਫਿਰ ਭਿੰਡਰਾਂਵਾਲੇ ਦੇ ਜੱਦੀ ਪਿੰਡ ਰੋਡੇ ’ਚ ਦਸਤਾਰਬੰਦੀ ਦਾ ਸਮਾਗਮ ਕਰਕੇ ਉਸਦੇ ਜਾਨਸ਼ੀਨ ਵਜੋਂ ਦਾਅਵੇਦਾਰੀ ਤੇ ਫਿਰ ਅੰਮਿ੍ਰਤਸਰ ਵਿਖੇ ਅਕਾਲ ਤਖਤ ’ਤੇ ਇੱਕਠ ਕਰਕੇ ਅੰਮਿ੍ਰਤ ਛਕਾਉਣ ਦਾ ਸਮਾਗਮ ਰਚਾਉਣ ਦੀਆਂ ਧਾਰਮਿਕ ਸਰਗਰਮੀਆਂ ਦੇ ਨਾਂ ਹੇਠ ਫ਼ਿਰਕੂ ਮੰਤਵਾਂ ਵਾਲੀਆਂ ਲਾਮਬੰਦੀਆਂ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ। ਅੰਮਿ੍ਰਤ ਛਕਣ ਦੀ ਨਿਰੋਲ ਵਿਅਕਤੀਗਤ ਧਾਰਮਿਕ ਸਰਗਰਮੀ ਨੂੰ ਇੱਕ ਵਿਸ਼ੇਸ਼ ਸਮਾਗਮ ’ਚ ਤਬਦੀਲ ਕੀਤਾ ਜਾ ਰਿਹਾ ਹੈ ਤਾਂ ਕਿ ਆਮ ਸਿੱਖ ਧਾਰਮਿਕ ਭਾਵਨਾਵਾਂ ਵਾਲੇ ਨੌਜਵਾਨਾਂ ਤੱਕ ਪਹੁੰਚ ਬਣਾਈ ਜਾ ਸਕੇ। 80ਵਿਆਂ ਦੇ ਦੌਰ ਦੇ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਦਿਹਾੜੇ ਮਨਾਉਣ ਦੇ ਸਮਾਗਮ ਰਚਾ ਕੇ, ਲੋਕਾਂ ’ਤੇ ਝੁੱਲੇ ਫ਼ਿਰਕੂ ਫਾਸ਼ੀ ਕਹਿਰ ਦੇ ਉਸ ਕਾਲੇ ਦੌਰ ਨੂੰ ਸੁਨਹਿਰੇ ਦੌਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਥਾਂ-ਥਾਂ ਕੀਤੀਆਂ ਜਾ ਰਹੀਆਂ ਇੱਕਤਰਤਾਵਾਂ ’ਚ ਤੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਚਲਾਈ ਜਾ ਰਹੀ ਜ਼ਹਿਰੀਲੀ ਫ਼ਿਰਕੂੂ ਪ੍ਰਚਾਰ ਮੁਹਿੰਮ ਦਾ ਨਿਸ਼ਾਨਾ ਸੂਬੇ ਦੇ ਫ਼ਿਰਕੂੂ ਅਮਨ ’ਚ ਪਾਟਕ ਪਾਉਣਾ ਤੇ ਫ਼ਿਰਕੂ ਲੀਹਾਂ ’ਤੇ ਪਾਲਾਬੰਦੀਆਂ ਕਰਨਾ ਹੈ।
ਇਸ ਨਵੇਂ ਫ਼ਿਰਕੂ ਸਿਆਸਤੀ ਪ੍ਰੋਜੈਕਟ ਤਹਿਤ ਚਲਾਈ ਜਾ ਰਹੀ ਗੁੰਮਰਾਹਕੁੰਨ ਪ੍ਰਚਾਰ ਮੁਹਿੰਮ ਦਾ ਤੱਤ 80ਵਿਆਂ ਦੀ ਖਾਲਿਸਤਾਨੀ ਦਹਿਸ਼ਤਗਰਦੀ ਨੂੰ ਉਚਿਆਉਣਾ, ਉਭਾਰਨਾ ਤੇ ਉਸੇ ਫ਼ਿਰਕੂ-ਫਾਸ਼ੀ ਪੈਂਤੜੇ ਤੋਂ ਸੂਬੇ ਅੰਦਰ ਨੌਜਵਾਨਾਂ ਨੂੰ ਲਾਮਬੰਦ ਹੋਣ ਦਾ ਸੱਦਾ ਦੇਣਾ ਹੈ। ਇਸ ਲਈ ਦੇਸ਼ ਤੇ ਪੰਜਾਬ ਅੰਦਰ ਸਿੱਖਾਂ ਦੀ ਧਾਰਮਿਕ ਗੁਲਾਮੀ ਦਾ ਝੂਠਾ ਬਿਰਤਾਂਤ ਸਿਰਜਿਆ ਤੇ ਉਭਾਰਿਆ ਜਾ ਰਿਹਾ ਹੈ। ਸੂਬੇ ਅੰਦਰ ਪ੍ਰਵਾਸੀ ਮਜ਼ਦੂਰਾਂ ਨੂੰ ਹਿੰਦੂਆਂ ਦਾ ਹੋ ਰਿਹਾ ਕਬਜ਼ਾ ਦਿਖਾਉਣ ਲਈ ਤਿੰਘਿਆ ਜਾ ਰਿਹਾ ਹੈ ਤੇ ਸਿੱਖ ਨੌਜਵਾਨਾਂ ਨੂੰ ਇਹਨਾਂ ਮਜ਼ਦੂਰਾਂ ਖ਼ਿਲਾਫ਼ ਭੜਕਾਉਣ ਲਈ ਤਾਣ ਲਾਇਆ ਜਾ ਰਿਹਾ ਹੈ। ਈਸਾਈ ਧਾਰਮਿਕ ਫ਼ਿਰਕੇ ਨਾਲ ਟਕਰਾਅ ਬਣਾਉਣ ਦੀਆਂ ਕੋਸ਼ਿਸਾਂ ਕੀਤੀਆਂ ਗਈਆਂ ਹਨ। ਸਿੱਖ ਨੌਜਵਾਨਾਂ ਨੂੰ ਫ਼ਿਰਕੂ ਲਾਮਬੰਦੀਆਂ ਦੇ ਰਾਹ ਤੋਰਨ ਲਈ ਸ਼ੁਰੂਆਤੀ ਨੁਕਤੇ ਵਜੋਂ ਗੁਰੂ ਗਰੰਥ ਸਾਹਿਬ ਦੀ ਰਾਖੀ ਲਈ ਹਥਿਆਰਬੰਦ ਹੋਣ ਦੇ ਸੱਦੇ ਦਿੱਤੇ ਜਾ ਰਹੇ ਹਨ ਤੇ ਬੇ-ਅਦਬੀ ਦੀ ਕਿਸੇ ਵੀ ਘਟਨਾ ਦੇ ਇਨਸਾਫ ਲਈ ਹਕੂਮਤ ਤੋਂ ਉਮੀਦ ਪਾਸੇ ਰੱਖ ਕੇ ‘ਸੋਧੇ ਲਾਉਣ’ ਦੇ ਹੋਕਰੇ ਮਾਰੇ ਜਾ ਰਹੇ ਹਨ। ਪਿਛਲੇ ਅਰਸੇ ’ਚ ਵਾਪਰੀਆਂ ਬੇ-ਅਦਬੀ ਦੀਆਂ ਘਟਨਾਵਾਂ ਨੂੰ ਸੂਬੇ ਅੰਦਰ ਸਿੱਖ ਗੁਲਾਮੀ ਦੇ ਬਿਰਤਾਂਤ ਨੂੰ ਮਜ਼ਬੂਤ ਕਰਨ ਲਈ ਭੁਗਤਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ‘ਸਿੱਖਾਂ ਦੀ ਆਜ਼ਾਦੀ’ ਲਈ ਖਾਲਿਸਤਾਨ ਬਣਾਉਣ ਦੇ ਹੋਕਰੇ ਮਾਰੇ ਜਾ ਰਹੇ ਹਨ। ਸਿੱਖ ਧਰਮ ਅਧਾਰਿਤ ਪਿਛਾਖੜੀ ਰਾਜ ਦੇ ਵਿਚਾਰ ਨੂੰ ਸਿੱਖ ਧਾਰਮਿਕ ਜਨਤਾ ਦੀ ਆਜ਼ਾਦੀ ਤੇ ਖੁਸ਼ਹਾਲੀ ਦੇ ਸਾਧਨ ਵਜੋਂ ਉਭਾਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਨਵੇਂ ਫ਼ਿਰਕੂ ਸਿਆਸੀ ਪ੍ਰੋਜੈਕਟ ਦਾ ਸਮੁੱਚਾ ਬਿਰਤਾਂਤ 80ਵਿਆਂ ਦੀ ਫ਼ਿਰਕੂ-ਫਾਸ਼ੀ ਖਾਲਿਸਤਾਨੀ ਲਹਿਰ ਦੀ ਪੁਨਰ-ਸੁਰਜੀਤੀ ਦਾ ਹੈ ਜਿਸ ਨੂੰ ਮਹਾਨ ਸਿੱਖ ਸੰਘਰਸ਼ ਕਹਿ ਕੇ ਉਚਿਆਇਆ ਜਾ ਰਿਹਾ ਹੈ।
ਇਸ ਨਵੇਂ ਫ਼ਿਰਕੂ-ਸਿਆਸੀ ਪ੍ਰੋਜੈਕਟ ’ਚ ਉਸੇ ਵੰਨਗੀ ਦੀਆਂ ਫ਼ਿਰਕੂ ਤਾਕਤਾਂ ਸ਼ੁਮਾਰ ਹਨ ਜਿਹੜੀਆਂ ਇਤਿਹਾਸਕ ਕਿਸਾਨ ਸੰਘਰਸ਼ ’ਤੇ ਕਾਠੀ ਪਾਉਣ ਤੇ ਇਸ ਨੂੰ ਆਪਣੇ ਫ਼ਿਰਕੂ ਸਿਆਸੀ ਮੰਤਵਾਂ ਦੀ ਪੂਰਤੀ ਦੇ ਸਾਧਨ ਬਣਾਉਣ ਲਈ ਲਟਾਪੀਂਘ ਹੋਈਆਂ ਸਨ ਤੇ ਮਗਰੋਂ ਕੇਂਦਰੀ ਹਕੂਮਤ ਦੇ ਹੱਥਾਂ ’ਚ ਖੇਡੀਆਂ ਸਨ। ਅਜਿਹੀਆਂ ਫ਼ਿਰਕੂੂ ਸਿੱਖ ਪੈਂਤੜੇ ਵਾਲੀਆਂ ਸਿਆਸੀ ਤਾਕਤਾਂ ਪਿਛਲੇ ਸਮਿਆਂ ਤੋਂ ਖਾਸ ਕਰਕੇ ਗੁਰੂ ਗਰੰਥ ਸਾਹਿਬ ਦੀ ਬੇ-ਅਦਬੀ ਦੀਆਂ ਘਟਨਾਵਾਂ ਤੋਂ ਮਗਰੋਂ ਸੂਬੇ ਦੀ ਹਾਕਮ ਜਮਾਤੀ ਸਿਆਸਤ ’ਚ ਅਹਿਮ ਸਥਾਨ ਹਾਸਲ ਕਰਨ ਲਈ ਤਰਲੋਮੱਛੀ ਹੁੰਦੀਆਂ ਆ ਰਹੀਆਂ ਹਨ। ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਤੋਂ ਮਗਰੋਂ ਇਹ ਚੱਕਵੀਂ ਫ਼ਿਰਕੂ ਸੁਰ ਵਾਲੀਆਂ ਸ਼ਕਤੀਆਂ ਸੂਬੇ ਦੀ ਹਾਕਮ ਜਮਾਤੀ ਸਿਆਸਤ ’ਚ ਲਗਭਗ ਹਾਸ਼ੀਏ ’ਤੇ ਵਿਚਰਦੀਆਂ ਆ ਰਹੀਆਂ ਹਨ ਤੇ ਇਹਨਾਂ ਲੋਕ-ਦੋਖੀ ਫ਼ਿਰਕੂ ਤਾਕਤਾਂ ਨੇ ਅਕਤੂਬਰ 2015 ’ਚ ਗੁਰੂ ਗਰੰਥ ਦੀ ਬੇ-ਅਦਬੀ ਦੀਆਂ ਘਟਨਾਵਾਂ ਦਾ ਸਿਆਸੀ ਲਾਹਾ ਲੈਣ ਲਈ ਸੂਬੇ ’ਚ ਫ਼ਿਰਕੂ ਮਾਹੌਲ ਬਣਾਉਣ ਤੇ ਡੇਰਾ ਪ੍ਰੇਮੀ ਜਨਤਾ ਨਾਲ ਟਕਰਾਅ ਬਣਾਉਣ ਦੇ ਯਤਨ ਕੀਤੇ ਸਨ। ਉਦੋਂ ਵੀ ਲੋਕਾਂ ਵੱਲੋਂ ਇਹਨਾਂ ਮੌਕਾਪ੍ਰਸਤ ਸਿਆਸੀ ਟੋਲਿਆਂ ਦੇ ਸਿਆਸੀ ਮਨਸੂਬਿਆਂ ਨੂੰ ਛੇਤੀ ਪਛਾਣ ਲੈਣ, ਇਹਨਾਂ ਦੀ ਆਪਸੀ ਕੁੱਕੜ-ਖੋਹੀ ਤੇ ਹਕੂਮਤਾਂ ਨਾਲ ਜ਼ਾਹਰਾ ਸੌਦੇਬਾਜ਼ੀਆਂ ਵਰਗੇ ਕਾਰਨਾਂ ਕਰਕੇ ਆਪਣੀਆਂ ਵੱਡ-ਖਾਹਿਸ਼ੀ ਸਕੀਮਾਂ ’ਚ ਤਾਂ ਚਾਹੇ ਬਹੁਤਾ ਕਾਮਯਾਬ ਨਾ ਹੋ ਸਕੀਆਂ, ਪਰ ਬਾਦਲ ਦਲ ਨੂੰ ਸਿਆਸੀ ਹਰਜਾ ਪਹੁੰਚਾਉਣ ਤੇ ਕਾਂਗਰਸ ਪਾਰਟੀ ਦੀ ਹਕੂਮਤ ਲਿਆਉਣ ’ਚ ਜ਼ਰੂਰ ਸਹਾਈ ਹੋਈਆਂ। ਕਿਸਾਨ ਸੰਘਰਸ਼ ਦੇ ਉਭਾਰ ਮੌਕੇ ਵੀ ਇਹਨਾਂ ’ਚੋਂ ਕੁੱਝ ਹਲਕਿਆਂ ਨੇ, ਨਵੇਂ ਨੌਜਵਾਨ ਚਿਹਰੇ ਦੀਪ ਸਿੱਧੂ ਰਾਹੀਂ ਸੰਘਰਸ਼ ’ਚ ਘੁਸਪੈਠ ਕਰਨ ਤੇ ਇਸਨੂੰ ਫ਼ਿਰਕੂ ਤੇੇ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਸੀ। ਕਿਸਾਨ ਮੰਗਾਂ ਦੇ ਮੁਕਾਬਲੇ ਫ਼ਿਰਕੂ ਤੇ ਸਿਆਸੀ ਮੰਗਾਂ ਉਭਾਰਨ, ਕਿਸਾਨ ਲੀਡਰਸ਼ਿਪ ਨੂੰ ਨਕਾਰਨ ਤੇ ਉਸ ਖ਼ਿਲਾਫ਼ ਲੋਕਾਂ ਨੂੰ ਭੜਕਾਉਣ, ਮਨਚਾਹੀਆਂ ਘੋਲ ਸ਼ਕਲਾਂ ਠੋਸਣ ਰਾਹੀਂ ਸੰਘਰਸ਼ ਨੂੰ ਲੀਹੋਂ ਲਾਹ ਕੇ, ਆਪਣਾ ਸਿਆਸੀ ਏਜੰਡਾ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਸੰਘਰਸ਼ ’ਚ ਘੁਸਪੈਠ ਕਰਨ ਵਾਲੇ ਇਹ ਖੌਰੂ-ਪਾਊ ਅਨਸਰ 26 ਜਨਵਰੀ ਨੂੰ ਜ਼ਾਹਰਾ ਤੌਰ ’ਤੇ ਕੇਂਦਰੀ ਹਕੂਮਤ ਨਾਲ ਮਿਲ ਕੇ ਖੇਡੇ ਸਨ। ਉਦੋਂ ਦੀਪ ਸਿੱਧੂ ਨੂੰ ਉਭਾਰ ਕੇ ਲਿਆਂਦਾ ਗਿਆ ਸੀ ਤੇ ਉਸਦੀ ਮੌਤ ਮਗਰੋਂ ਹੁਣ ਅੰਮਿ੍ਰਤਪਾਲ ਨੂੰ ਲਾਂਚ ਕੀਤਾ ਗਿਆ ਹੈ। ਇਸ ਨਵੇਂ ਪ੍ਰੋਜੈਕਟ ’ਚ ਫ਼ਿਰਕੂ ਸੁਰ ਨੂੰ ਹੋਰ ਵੀ ਤਿੱਖੀ ਕਰ ਦਿੱਤਾ ਗਿਆ ਹੈ। ਉਦੋਂ ਇਹ ਫ਼ਿਰਕੂ ਸਿਆਸੀ ਪੈਂਤੜਾ ਫੈਡਰਲਿਜ਼ਮ ਤੇ ਪੰਜਾਬ ਦੇ ਹੱਕਾਂ ਦੀ ਰਾਖੀ ਦੇ ਨਾਂ ਹੇਠ ਕਿਸਾਨ ਸੰਘਰਸ਼ ’ਚ ਧੱਕਿਆ ਜਾ ਰਿਹਾ ਸੀ ਤੇ ਹੁਣ ਉਹੀ ਬਿੱਲੀ ਪੂਰੀ ਤਰ੍ਹਾਂ ਥੈਲਿਉਂ ਬਾਹਰ ਆ ਚੁੱਕੀ ਹੈ । ਹੁਣ ਐਲਾਨੀਆ ਤੌਰ ’ਤੇ ਪੂਰੀ ਤਰ੍ਹਾਂ ਲੋਕਾਂ ’ਚ ਫ਼ਿਰਕੂ ਪਾੜੇ ਪਾਉਣ, ਜਜ਼ਬਾਤ ਭੜਕਾਉਣ ਤੇ ਨੌਜਵਾਨਾਂ ਨੂੰ ਹਿੰਸਕ ਫ਼ਿਰਕੂ ਟਕਰਾਅ ਖੜ੍ਹੇ ਕਰਨ ਲਈ ਉਕਸਾਇਆ ਜਾ ਰਿਹਾ ਹੈ।
ਇਹਨਾਂ ਫ਼ਿਰਕੂ ਤਾਕਤਾਂ ਵੱਲੋਂ ਪੰਜਾਬ ਦੇ ਹਾਲਤਾਂ ਨੂੰ ਆਪਣੇ ਫ਼ਿਰਕੂ ਏਜੰਡੇ ਦੇ ਵਧਾਰੇ ਪਸਾਰੇ ਲਈ ਸਾਜ਼ਗਰ ਸਮਝ ਕੇ, ਬਹੁਤ ਤੇਜ਼ੀ ਨਾਲ ਅੱਗੇ ਵਧਣ ਦੀਆਂ ਉਮੀਦਾਂ ਪਾਲੀਆਂ ਜਾ ਰਹੀਆਂ ਹਨ। ਅਕਾਲੀ ਸਿਆਸਤ ਅੰਦਰ ਬਾਦਲ ਦਲ ਦੇ ਸਿਆਸੀ ਅਧਾਰ ਨੂੰ ਬੁਰੀ ਤਰ੍ਹਾਂ ਪੈ ਰਿਹਾ ਖੋਰਾ ਤੇ ਲੀਡਰਸ਼ਿਪ ਦੇ ਸੰਕਟ ਵਰਗੇ ਪੱਖ, ਅਕਾਲੀ ਫ਼ਿਰਕੂ ਸਿਆਸਤ ਦੇ ਪਿੜ ’ਚ ਥਾਂ ਮੱਲਣ ਦੀਆਂ ਸੰਭਾਵਨਾਵਾਂ ਦਿਖਾ ਰਹੇ ਹਨ। ਬਾਦਲਾਂ ਲਈ ਵੀ ਖੁਰ ਰਹੀ ‘ਪੰਥਕ ਵੋਟ’ ਨੂੰ ਕੀਲ ਕੇ ਰੱਖਣ ਦੀ ਜ਼ਰੂਰਤ ਖੜ੍ਹੀ ਹੋ ਰਹੀ ਹੈ ਤੇ ਉਹਨਾਂ ਵੱਲੋਂ ਵੀ ਫ਼ਿਰਕੂ ਸੁਰ ਨੂੰ ਤਿੱਖੀ ਕਰਨ ਦੀ ਸਿਆਸੀ ਲੋੜ ਖੜ੍ਹੀ ਹੋ ਰਹੀ ਹੈ, ਸ਼੍ਰੋਮਣੀ ਕਮੇਟੀ ਤੇ ਸਿੱਖ ਸੰਸਥਾਵਾਂ ’ਤੇ ਕਬਜ਼ਾ ਕਾਇਮ ਰੱਖਣ ਲਈ ‘ਪੰਥ ਦੀ ਰਾਖੀ’ ਦੇ ਬਿਰਤਾਂਤ ਦੀ ਗੂੰਜ ਉੱਚੀ ਕਰਨ ਦਾ ਪੈਂਤੜਾ ਲੈਣ ਦੀ ਜ਼ਰੂਰਤ ਪੈ ਰਹੀ ਹੈ। ਇਉਂ ਅਕਾਲੀ ਸਿਆਸਤ ਦਾ ਅੰਦਰੂਨੀ ਸ਼ਰੀਕਾ ਭੇੜ ਵੀ ਫ਼ਿਰਕੂ ਮੁੱਦਿਆਂ ਨੂੰ ਉਭਾਰਨ ’ਚ ਭੂਮਿਕਾ ਅਦਾ ਕਰ ਸਕਦਾ ਹੈ ਤੇ ਇਸ ਭੇੜ ’ਚ ਤਿੱਖੀ ਫ਼ਿਰਕੂ ਸੁਰ ਵਾਲੇ ਅਕਾਲੀ ਧੜੇ ਆਪਣੇ ਵਧਾਰੇ ਪਸਾਰੇ ਦੀਆਂ ਖੂਬ ਗੁੰਜਾਇਸ਼ਾਂ ਦੇਖ ਰਹੇ ਹਨ। ਇਹਨਾਂ ਫ਼ਿਰਕੂ ਸ਼ਕਤੀਆਂ ਵੱਲੋਂ ‘ਪੰਥਕ’ ਲੀਡਰਸ਼ਿਪ ਦੇ ਸੰਕਟ ਨੂੰ ਨਵੇਂ ਚਿਹਰਿਆਂ ਰਾਹੀਂ ਪੂਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਕਿਉਂਕਿ ਲਗਭਗ ਸਭ ਅਕਾਲੀ ਸਿਆਸਤਦਾਨ ਮੌਕਾਪ੍ਰਸਤਾਂ ਵਜੋਂ ਲੋਕਾਂ ’ਚ ਨਸ਼ਰ ਹੋ ਚੁੱਕੇ ਹਨ। ਸਿਮਰਨਜੀਤ ਮਾਨ ਨੂੰ ਵੱਖ-ਵੱਖ ਰਲੇ-ਮਿਲੇ ਕਾਰਨਾਂ ਕਰਕੇ ਸੰਗਰੂਰ ਦੀ ਜਿਮਨੀ ਚੋਣ ’ਚ ਮਿਲੀ ਜਿੱਤ ਨੂੰ ਵੀ ਇਹਨਾਂ ਹਲਕਿਆਂ ਵੱਲੋਂ ‘ਖਾਲਿਸਤਾਨੀ ਸਿਆਸਤ’ ਨੂੰ ਹੁੰਗਾਰਾ ਸਮਝ ਕੇ, ਵਧੇਰੇ ਧੜੱਲੇ ਨਾਲ ਨਿਤਰਿਆ ਜਾ ਰਿਹਾ ਹੈ ਜਦਕਿ ਹਕੀਕਤ ’ਚ ਸਿਮਰਨਜੀਤ ਦੀ ਜਿੱਤ ਖਾਲਿਸਤਾਨ ਦੇ ਨਾਅਰੇ ਨੂੰ ਹੁੰਗਾਰਾ ਨਹੀਂ ਸੀ, ਸਗੋਂ ਕਿਸੇ ਹੱਦ ਤੱਕ ਬਾਦਲ ਦਲੀਆਂ ਵੱਲੋਂ ਉਭਾਰਿਆ ਗਿਆ ‘ਸਿੱਖ ਕੈਦੀਆਂ’ ਦੀ ਰਿਹਾਈ ਦਾ ਭਾਵਨਾਤਮਕ ਮੁੱਦਾ ਵੀ ਸੀ ਜਿਸਦਾ ਲਾਹਾ ਸਿਮਰਨਜੀਤ ਮਾਨ ਨੂੰ ਮਿਲਿਆ ਤੇ ਸਭ ਤੋਂ ਵਧ ਕੇ ਆਪ ਪਾਰਟੀ ਦੇ ਨਵੇਂ-ਨਵੇਂ ਬਣੇ ਸਿਆਸੀ ਅਧਾਰ ਵੱਲੋਂ ਜਿਮਨੀ ਚੋਣ ’ਚ ਦਿਲਚਸਪੀ ਨਾ ਲੈਣ ਕਰਕੇ ਜੋ ਸਰਗਰਮ ਨਹੀਂ ਸੀ ਹੋਇਆ। ਸਿਮਰਨਜੀਤ ਮਾਨ ਨੂੰ ਲੋਕ ਕਿਸੇ ਗੰਭੀਰ ਖਾਲਿਸਤਾਨੀ ਵਜੋਂ ਨਹੀਂ ਲੈਂਦੇ, ਸਗੋਂ ਫ਼ਿਰਕੂ ਪਾਲਾਬੰਦੀ ਰਾਹੀਂ ਪਾਰਲੀਮੈਂਟ ’ਚ ਜਾ ਕੇ ਬੈਠਣ ਦੀ ਉਹਦੀ ਮਨਸ਼ਾ ਹੁਣ ਕਾਫੀ ਹੱਦ ਤੱਕ ਜਾਣੀ ਪਹਿਚਾਣੀ ਹੋ ਚੁੱਕੀ ਹੈ।
ਪੰਜਾਬ ਅੰਦਰ ਫ਼ਿਰਕੂੂ ਹਨੇਰੀ ਚਲਾਉਣ ਦੇ ਇਹ ਮਨਸੂਬੇ ਮੋਦੀ ਹਕੂਮਤ ਦੀ ਸੂਬੇ ਲਈ ਸਿਆਸੀ ਵਿਉਂਤ ’ਚ ਫਿੱਟ ਬੈਠਦੇ ਹਨ। ਪੰਜਾਬ ਅੰਦਰ ਭਾਜਪਾ ਦਾ ਸਿਆਸੀ ਤਾਕਤ ’ਚ ਆਉਣਾ ਮੋਦੀ ਲਾਣੇ ਲਈ ਕਾਫੀ ਅਹਿਮੀਅਤ ਰੱਖਦਾ ਮੁੱਦਾ ਹੈ। ਇਹਦਾ ਮਹੱਤਵ ਲੋਕ ਸਭਾ ਸੀਟਾਂ ਦੀ ਗਿਣਤੀ ਨਾਲੋਂ ਵੀ ਜ਼ਿਆਦਾ ਪੰਜਾਬ ਅੰਦਰ ਮੋਦੀ ਸਰਕਾਰ ਖ਼ਿਲਾਫ਼ ਉੱਠਦੀ ਲੋਕ ਆਵਾਜ਼ ਨੂੰ ਕੁਚਲਣਾ ਹੈ ਤਾਂ ਕਿ ਮੋਦੀ ਸਰਕਾਰ ਦੇ ਫ਼ਿਰਕੂ-ਫਾਸ਼ੀ ਹੱਲੇ ਖ਼ਿਲਾਫ਼ ਟਾਕਰੇ ਲਈ ਮੋਹਰੀ ਸੂਬੇ ਵਜੋਂ ਉਭਰੇ ਹੋਏ ਪੰਜਾਬ ਦੇ ਲੋਕਾਂ ਦੀ ਜਮਹੂਰੀ ਲਹਿਰ ’ਤੇ ਸੱਟ ਮਾਰੀ ਜਾ ਸਕੇ। ਇਸੇ ਲਈ ਪੰਜਾਬ ’ਚ ਵੋਟਾਂ ਦੀ ਪਾਲਾਬੰਦੀ ਰਾਹੀਂ ‘ਹਿੰਦੂਆਂ ਦੇ ਰਖਵਾਲੇ’ ਬਣ ਕੇ ਆਉਣਾ ਭਾਜਪਾ ਨੂੰ ਸਿਆਸੀ ਤੌਰ ’ਤੇ ਲਾਹੇਵੰਦ ਜਾਪਦਾ ਹੈ। ਸਿੱਖ ਫ਼ਿਰਕੂ ਸ਼ਕਤੀਆਂ ਦੀਆਂ ਇਹ ਚੱਕਵੀਆਂ ਫ਼ਿਰਕੂ ਪ੍ਰਚਾਰ ਮੁਹਿੰਮਾਂ ਹਿੰਦੂ ਧਾਰਮਿਕ ਜਨਤਾ ਅੰਦਰ ਦਹਿਸ਼ਤ ਤੇ ਭੈਅ ਪੈਦਾ ਕਰਨਗੀਆਂ ਤੇ ਉਹਨਾਂ ’ਚ ਹਿੰਦੂ ਜਨੂੰਨੀ ਤਾਕਤਾਂ ਦੇ ਅਧਾਰ ਦਾ ਵਧਾਰਾ ਕਰਨਗੀਆਂ। ਸਿੱਖ ਫਿਰਕਾਪ੍ਰਸਤੀ ਦਾ ਪਸਾਰਾ ਹਿੰਦੂ ਫ਼ਿਰਕੂ ਸਿਆਸਤ ਲਈ ਲਾਹੇਵੰਦਾ ਹੀ ਸਾਬਤ ਹੋਣਾ ਹੈ। 80ਵਿਆਂ ਦੇ ਦੌਰ ਦਾ ਅਮਲ ਵੀ ਇਹੀ ਦਰਸਾਉਂਦਾ ਹੈ। ਇਉਂ ਹੀ ਮੁਲਕ ਪੱਧਰ ’ਤੇ ਉੱਸਰੀ ਕਿਸਾਨ ਏਕਤਾ ’ਚ ਪਾਟਕ ਪਾਉਣ ਲਈ ਵੀ ਪੰਜਾਬ ਦੇ ਕਿਸਾਨਾਂ ਦਾ ਦੂਜੇ ਸੂਬਿਆਂ ਨਾਲੋਂ ਪਾੜਾ ਪਵਾਉਣਾ ਵੀ ਮੋਦੀ ਸਰਕਾਰ ਦੀ ਫੌਰੀ ਅਣਸਰਦੀ ਜ਼ਰੂਰਤ ਹੈ ਤਾਂ ਕਿ ਖੇਤੀ ਖੇਤਰ ’ਚ ਆਰਥਿਕ ਸੁਧਾਰਾਂ ਦਾ ਹੱਲਾ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ ਤੇ ਮੁਲਕ ਪੱਧਰ ’ਤੇ ਮੋਦੀ ਸਰਕਾਰ ਦੇ ਫਾਸ਼ੀ ਹੱਲੇ ਲਈ ਚਣੌਤੀ ਦੇਣ ਵਾਲੀ ਕਿਸਾਨ ਲਹਿਰ ’ਤੇ ਸੱਟ ਮਾਰੀ ਜਾ ਸਕੇ। ਧਾਰਮਿਕ ਪਾੜੇ ਇਸ ਏਕਤਾ ਨੂੰ ਤੋੜਨ ਦਾ ਅਹਿਮ ਹਥਿਆਰ ਬਣਦੇ ਹਨ। ਇਸ ਲਈ ਇਸ ਨਵੇਂ ਫ਼ਿਰਕੂ-ਫਾਸ਼ੀ ਪ੍ਰੋਜੈਕਟ ’ਚ ਚਾਹੇ ਭਾਜਪਾ ਤੇ ਮੋਦੀ ਸਰਕਾਰ ਸਿੱਧੇ ਤੌਰ ’ਤੇ ਸ਼ਾਮਲ ਹੋਵੇ ਤੇ ਚਾਹੇ ਇਸਨੂੰ ਹੱਲਾਸ਼ੇਰੀ ਤੇ ਖੁੱਲ਼੍ਹ ਦੇਣ ਰਾਹੀਂ ਇਸਦੀ ਢੋਈ ਬਣੇ, ਇਹ ਪ੍ਰੋਜੈਕਟ ਉਸ ਲਈ ਸਿਆਸੀ ਪੈਂਤੜਿਆਂ ਪੱਖੋਂ ਲਾਹੇਵੰਦ ਹੋਣ ਜਾ ਰਿਹਾ ਹੈ। ਇਉਂ ਇਹ ਲੋਕ-ਦੋਖੀ ਖੇਡ ਰਲ ਕੇ ਖੇਡੀ ਜਾ ਰਹੀ ਹੋਣ ਦੀਆਂ ਭਰਪੂਰ ਸੰਭਾਵਨਾਵਾਂ ਹਨ।
ਮੋਦੀ ਸਰਕਾਰ ਵੱਲੋਂ ਆਮ ਕਰਕੇ ਵੱਖ-ਵੱਖ ਖੇਤਰਾਂ ’ਚ ਸਾਮਰਾਜੀ ਕਾਰਪੋਰੇਟ ਹੱਲੇ ਨੂੰ ਅੱਗੇ ਵਧਾਉਣ ਲਈ ਸੂਬਾਈ ਹਕੂਮਤਾਂ ਦੇ ਨਾਮ-ਨਿਹਾਦ ਅਧਿਕਾਰਾਂ ਦੇ ਖੇਤਰਾਂ ’ਚ ਵੀ ਦਖ਼ਲ ਦੇ ਕੇ ਕੀਤੇ ਜਾ ਰਹੇ ਫੈਸਲੇ, ਪੰਜਾਬ ਨਾਲ ਤੇ ਉਸਤੋਂ ਅੱਗੇ ਸਿੱਖਾਂ ਨਾਲ ਵਿਤਕਰੇ ਦੇ ਗਲਤ ਬਿਰਤਾਂਤ ਨੂੰ ਹੁਲਾਰਾ ਦੇਣ ’ਚ ਰੋਲ ਅਦਾ ਕਰ ਰਹੇ ਹਨ ਤੇ ਇਸਦਾ ਲਾਹਾ ਫ਼ਿਰਕੂ ਸਿੱਖ ਸਿਆਸਤਦਾਨ ਤੇ ਜਨੂੰਨੀ ਅਨਸਰਾਂ ਵੱਲੋਂ ਲਏ ਜਾਣ ਲਈ ਮੌਕੇ ਤਲਾਸ਼ੇ ਜਾ ਰਹੇ ਹਨ ਜਦਕਿ ਇਹਨਾਂ ਸਾਮਰਾਜੀ ਹੱਲੇ ਦੇ ਕਦਮਾਂ ਦਾ ਸੰਬੰਧ ਕਿਸੇ ਵਿਸ਼ੇਸ਼ ਧਰਮ ਜਾਂ ਸੂਬੇ ਨਾਲ ਨਾ ਹੋ ਕੇ, ਸਾਮਰਾਜੀ ਪੂੰਜੀ ਵੱਲੋਂ ਮਚਾਈ ਜਾ ਰਹੀ ਸਰਬਵਿਆਪੀ ਲੁੱਟ ਦੇ ਤਰਕ ਨਾਲ ਬਣਦਾ ਹੈ ਤੇ ਕਿਸੇ ਇੱਕ ਜਾਂ ਦੂਜੇ ਧਰਮ ਦੇ ਵੱਧ -ਘੱਟ ਅਧਿਕਾਰਾਂ ਨਾਲ ਨਹੀਂ ਹੈ। ਇਹਨਾਂ ਮੁੱਦਿਆਂ ਨੂੰ ਜਮਹੂਰੀ ਤੇ ਜਮਾਤੀ ਪ੍ਰਸੰਗ ’ਚ ਰੱਖ ਕੇ ਨਜਿੱਠਣ ਦੀ ਠੀਕ ਪਹੁੰਚ ਤੋਂ ਤਿਲ੍ਹਕਣ ਦਾ ਰੁਝਾਨ ਲੋਕ-ਪੱਖੀ ਤੇ ਇਨਕਲਾਬੀ ਜਮਹੂਰੀ ਸ਼ਕਤੀਆਂ ਦੇ ਕੁੱਝ ਹਲਕਿਆਂ ’ਚ ਵੀ ਮੌਜੂਦ ਹੈ ਜਿਹੜਾ ਫ਼ਿਰਕੂ ਤਾਕਤਾਂ ਨਾਲੋਂ ਲੋੜੀਂਦਾ ਵਖਰੇਵਾਂ ਨਹੀਂ ਕਰ ਪਾਉਂਦਾ ਤੇ ਹਾਕਮ ਜਮਾਤੀ ਫ਼ਿਰਕੂ ਤੇ ਮੌਕਾਪ੍ਰਸਤ ਸਿਆਸਤ ਵੱਲੋਂ ਸਿਰਜੇ ਪਾਟਕਪਾਊ ਤੇ ਤਿਲ੍ਹਕਾਊ ਬਿਰਤਾਂਤ ਨੂੰ ਉਗਾਸਾ ਦੇਣ ਦਾ ਸਾਧਨ ਬਣ ਜਾਂਦਾ ਹੈ। ਹਕੀਕੀ ਤੇ ਬੁਨਿਆਦੀ ਮਹੱਤਵ ਦੇ ਜਮਾਤੀ ਮੁੱਦਿਆਂ ਨੂੰ ਸਿਆਸੀ ਦਿ੍ਰਸ਼ ਤੋਂ ਲਾਂਭੇ ਕਰਨਾ ਤੇ ਭਟਕਾਊ ਮੁੱਦਿਆਂ ਨੂੰ ਉਭਾਰਨਾ ਸਭਨਾਂ ਹਾਕਮ ਜਮਾਤੀ ਪਾਰਟੀਆਂ ਦਾ ਹਿੱਤ ਬਣਿਆ ਰਹਿੰਦਾ ਹੈ ਤੇ ਇਹਨਾਂ ਮੁੱਦਿਆਂ ਨੂੰ ਫ਼ਿਰਕੂ ਪੁੱਠ ਦੇ ਕੇ ਉਭਾਰ ਸਕਣ ਵਾਲੀਆਂ ਤਾਕਤਾਂ ਦੂਜੇ ਸ਼ਰੀਕਾਂ ਨੂੰ ਠਿੱਬੀ ਲਾਉਣ ’ਚ ਕਾਮਯਾਬ ਰਹਿਦੀਆਂ ਹਨ।
ਪੰਜਾਬ ਦੀ ਮੌਜੂਦਾ ਹਾਲਤ ’ਚ ਲੋਕਾਂ ਦੇ ਉੱਭਰੇ ਹੋਏ ਹਕੀਕੀ ਜਮਾਤੀ ਤਬਕਾਤੀ ਸਰੋਕਾਰਾਂ ਤੇ ਮਸਲਿਆਂ ਨੂੰ ਰੋਲ ਕੇ, ਫ਼ਿਰਕੂ ਤੇ ਪਾਟਕ-ਪਾਊ ਲਾਮਬੰਦੀਆਂ ਦੇ ਰਾਹ ਪਾ ਦੇਣ ਦੀਆਂ ਤੇਜ਼ ਹੋ ਚੁੱਕੀਆਂ ਕੋਸ਼ਿਸ਼ਾਂ ਖ਼ਿਲਾਫ਼ ਡਟਣ ਦੀ ਜ਼ਰੂਰਤ ਹੈ। ਅਜਿਹਾ ਕਰਨਾ ਚਾਹੁੰਦੇ ਸਿਆਸਤਦਾਨਾਂ ਦੇ ਚੰਦਰੇ ਮਨਸੂਬਿਆਂ ਦਾ ਲੋਕਾਂ ਅੰਦਰ ਧੜੱਲੇ ਦੇ ਪੈਂਤੜੇ ਤੋਂ ਪਰਦਾਚਾਕ ਕਰਨ ਦੀ ਜ਼ਰੂਰਤ ਹੈ। ਅੱਜ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਲਹਿਰ ਅਜਿਹੇ ਮੁਕਾਮ ’ਤੇ ਖੜ੍ਹੀ ਹੈ, ਜਿੱਥੋਂ ਇਸਦਾ ਸਾਂਝੇ ਤੇ ਬੁਨਿਆਦੀ ਲੋਕ ਮੁੱਦਿਆਂ ’ਤੇ ਸਾਂਝੇ ਲੋਕ ਸੰਘਰਸ਼ਾਂ ਦੇ ਅਗਲੇ ਦੌਰ ਦਾ ਦੁਆਰ ਖੁੱਲ੍ਹ ਸਕਦਾ ਹੈ ਤੇ ਇਸ ਵਿੱਚੋਂ ਲੋਕਾਂ ਦੀ ਬਦਲਵੀਂ ਇਨਕਲਾਬੀ ਸਿਆਸਤ ਦੇ ਪ੍ਰੋਗਰਾਮ ਤੇ ਰਾਹ ਦੀ ਤਸਵੀਰ ਲੋਕਾਂ ਸਾਹਮਣੇ ਉੱਘੜ ਸਕਦੀ ਹੈ। ਇਸ ਅਹਿਮ ਮੋੜ ’ਤੇ ਲੋਕਾਂ ਦੀ ਜਮਾਤੀ ਏਕਤਾ ਨੂੰ ਚੀਰਾ ਦੇਣ ਤੇ ਹਕੀਕੀ ਲੋਕ ਮੁੱਦੇ ਰੋਲ ਕੇ ਭਟਕਾਊ ਤੇ ਫ਼ਿਰਕੂ ਮੁੱਦੇ ਸਾਹਮਣੇ ਲਿਆਉਣ ਦਾ ਖ਼ਤਰਾ ਦਰਪੇਸ਼ ਹੈ। ਸੂਬੇ ਦੀਆਂ ਇਨਕਲਾਬੀ ਜਮਹੂਰੀ ਤੇ ਲੋਕ-ਪੱਖੀ ਤਾਕਤਾਂ ਦੇ ਸਿਰ ਇਹ ਜਿੰਮੇਵਾਰੀ ਆਇਦ ਹੁੰਦੀ ਹੈ ਕਿ ਉਹ ਇਸ ਨਵੇਂ ਫ਼ਿਰਕੂ-ਫਾਸ਼ੀ ਪ੍ਰੋਜੈਕਟ ਦਾ ਲੋਕਾਂ ਸਾਹਮਣੇ ਪਰਦਾਚਾਕ ਕਰਨ, ਇਹਨਾਂ ਫ਼ਿਰਕੂ-ਫਾਸ਼ੀ ਲਾਮਬੰਦੀਆਂ ਦੇ ਖ਼ਤਰੇ ਤੋਂ ਸੁਚੇਤ ਕਰਨ, ਜਮਾਤੀ ਤਬਕਾਤੀ ਘੋਲਾਂ ਨੂੰ ਤੇਜ਼ ਕਰਨ ਦਾ ਹੋਕਾ ਦੇਣ ਅਤੇ ਫ਼ਿਰਕੂ ਅਮਨ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਹੱਲਾਸ਼ੇਰੀ ਦੇਣ। ਲੋਕਾਂ ਦਾ 80ਵਿਆਂ ਦੇ ਕਾਲੇ ਦੌਰ ਦਾ ਨਾਂਹ ਪੱਖੀ ਤਜਰਬਾ, ਮੋਦੀ ਹਕੂਮਤ ਦੇ ਮੁਲਕ ਵਿਆਪੀ ਫ਼ਿਰਕੂ-ਫਾਸ਼ੀ ਹੱਲੇ ਦੇ ਤਜਰਬੇ ਦੇ ਸਬਕ, ਜਮਾਤੀ ਤਬਕਾਤੀ ਮੰਗਾਂ ਬਾਰੇ ਵਧੀ ਹੋਈ ਸੋਝੀ ਤੇ ਉੱਭਰੇ ਹੋਏ ਜਮਾਤੀ ਤਬਕਾਤੀ ਸਰੋਕਾਰ ਵਰਗੇ ਪੱਖ ਅਜਿਹਾ ਹਾਂ-ਪੱਖੀ ਪਹਿਲੂ ਬਣਦੇ ਹਨ ਜਿਹੜੇ ਇਨਕਲਾਬੀ, ਜਮਹੂਰੀ ਤੇ ਧਰਮ ਨਿਰਲੇਪ ਲੋਕ-ਪੱਖੀ ਤਾਕਤਾਂ ਦੇ ਅਜਿਹੇ ਯਤਨਾਂ ਦੀ ਅਸਰਕਾਰੀ ਲਈ ਠੋਸ ਮਜ਼ਬੂਤ ਅਧਾਰ ਮੁਹੱਈਆ ਕਰਦੇ ਹਨ। ਅਜਿਹੇ ਨਾਪਾਕ ਮਨਸੂਬਿਆਂ ਦਾ ਪਰਦਾਚਾਕ ਕਰਨ ਲਈ ਲੰਘੇ ਇਤਿਹਾਸਕ ਕਿਸਾਨ ਸੰਘਰਸ਼ ਦੇ ਤਜਰਬੇ ਨੂੰ ਤੇ ਇਹਨਾਂ ਫ਼ਿਰੂਕ ਤਾਕਤਾਂ ਨੂੰ ਧਰਮ ਨਿਰਲੇਪ ਤੇ ਜਮਹੂਰੀ ਪੈਂਤੜੇ ਤੋਂ ਦਿੱਤੀ ਗਈ ਮਾਤ ਨੂੰ ਉਭਾਰਨਾ ਚਾਹੀਦਾ ਹੈ। ਮੋਦੀ ਸਰਕਾਰ ਨਾਲ ਰਲ ਕੇ ਕਿਸਾਨ ਸੰਘਰਸ਼ ਨੂੰ ਖਦੇੜਨ ਤੇ ਖਿੰਡਾਉਣ ਦੀ ਸਾਜਿਸ਼ਾਂ ਦੇ ਮੁਜ਼ਰਮਾਂ ਵਜੋਂ ਇਹਨਾਂ ਦੀ ਪਛਾਣ ਕਰਵਾਈ ਜਾਣੀ ਚਾਹੀਦੀ ਹੈ। ਲੋਕਾਂ ਦੀ ਭਾਈਚਾਰਕ ਏਕਤਾ ਤੇ ਫ਼ਿਰਕੂ ਅਮਨ ਦੀ ਜ਼ਰੂਰਤ ਆਮ ਰੂਪ ਤੋਂ ਅੱਗੇ ਲੋਕਾਂ ਦੇ ਹੱਕੀ ਸੰਘਰਸ਼ਾਂ ਦੀਆਂ ਲੋੜਾਂ ਨਾਲ ਵੀ ਸੁਮੇਲੀ ਜਾਣੀ ਚਾਹੀਦੀ ਹੈ। 80ਵਿਆਂ ਦੇ ਦਹਾਕੇ ਦੇ ਦੋ ਮੂੰਹੀਂ ਦਹਿਸ਼ਤਗਰਦੀ (ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ) ਦੌਰਾਨ ਹੋਏ ਲੋਕਾਂ ਦੇ ਘਾਣ ਨੂੰ ਤੇ ਲੋਕਾਂ ਦੇ ਹੱਕਾਂ ਦੇ ਸੰਘਰਸ਼ਾਂ ਨੂੰ ਹੋਏ ਹਰਜੇ ਨੂੰ ਉਭਾਰਨਾ ਚਾਹੀਦਾ ਹੈ। ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦਾ ਅਜਿਹਾ ਨਰੋਆ ਜੁੱਸਾ ਤੇ ਤਕੜਾ ਅਧਾਰ ਹੈ ਜਿਹੜਾ ਇਹਨਾਂ ਪਾਟਕ-ਪਾਊ ਕੋਸ਼ਿਸ਼ਾਂ ਖ਼ਿਲਾਫ਼ ਅਸਰਦਾਰ ਤਰੀਕੇ ਨਾਲ ਅੜ-ਖੜ੍ਹ ਸਕਦਾ ਹੈ। ਇਸ ਲਈ ਜਨਤਕ ਜਮਹੂਰੀ ਲਹਿਰ ਦੀਆਂ ਸਭਨਾਂ ਆਗੂ ਟੁਕੜੀਆਂ ਵੱਲੋਂ ਇਹਨਾਂ ਨਾਪਾਕ ਫ਼ਿਰਕੂ ਮਨਸੂਬਿਆਂ ਨੂੰ ਵੇਲੇ ਸਿਰ ਪਛਾਨਣ ਦੀ ਜ਼ਰੂਰਤ ਦਰਪੇਸ਼ ਹੈ ਤੇ ਲੋਕਾਂ ਦੀਆਂ ਭਾਈਚਾਰਕ ਸਾਂਝਾਂ ਨੂੰ ਚੜ੍ਹ ਜਾਣ ਵਾਲੇ ਫ਼ਿਰਕੂ ਜ਼ਹਿਰਾਂ ਦੀ ਮਾਰ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਜਨਤਕ ਜਥੇਬੰਦੀਆਂ ਦੇ ਧਰਮ ਨਿਰਲੇਪ ਕਿਰਦਾਰ ਦੀ ਰਾਖੀ ਕਰਨ ਤੇ ਹੋਰ ਮਜ਼ਬੂਤੀ ਕਰਨ ਵੱਲ ਗਹੁ ਕਰਨ ਦੀ ਜ਼ਰੂਰਤ ਹੈ। ਖਾਸ ਕਰਕੇ ਕਿਸਾਨ ਲਹਿਰ ਦੇ ਧਰਮ ਨਿਰਲੇਪ ਜੁੱਸੇ ਦੀ ਰਾਖੀ ਦਾ ਵਿਸ਼ੇਸ਼ ਮਹੱਤਵ ਉੱਭਰ ਰਿਹਾ ਹੈ।
ਸੰਯੁਕਤ ਕਿਸਾਨ ਮੋਰਚੇ ’ਚ ਨਿਰ-ਅਧਾਰ ਫੁੱਟ ਪਾ ਕੇ ਬਾਹਰ ਆਏ ਹਿੱਸਿਆਂ ਵੱਲੋਂ ਸਿੱਖ ਧਾਰਮਿਕ ਪੈਂਤੜੇ ਤੋਂ ਬਿਆਨਬਾਜ਼ੀ ਅਤੇ ਇਨਕਲਾਬੀ ਦਿਸ਼ਾ ਸੇਧ ਵਾਲੀਆਂ ਕਿਸਾਨ ਲੀਡਰਸ਼ਿਪਾਂ ਖ਼ਿਲਾਫ਼ ‘ਕਾਮਰੇਡ’ ਦਾ ਲੇਬਲ ਲਾ ਕੇ ਭੰਡੀ ਪ੍ਰਚਾਰ ਦਾ ਅਮਲ, ਅਜਿਹੀ ਰਾਖੀ ਦੀ ਜ਼ਰੂਰਤ ਹੋਰ ਵਧਾ ਦਿੰਦਾ ਹੈ। ਉਸਤੋਂ ਅੱਗੇ ਅਜਿਹੀ ਕਿਸਾਨ ਜਥੇਬੰਦੀ ਦੇ ਇੱਕ ਸਥਾਨਕ ਆਗੂ ਵੱਲੋਂ ਜ਼ਮੀਨੀ ਸੁਧਾਰਾਂ ਦਾ ਮੁੱਦਾ ਉਠਾਉਣ ਵਾਲੀ ਕਿਸਾਨ ਲੀਡਰਸ਼ਿਪ ਖ਼ਿਲਾਫ਼ ਭੜਕਾੳੂ ਬਿਆਨਬਾਜ਼ੀ ਕੀਤੀ ਗਈ ਹੈ। ਅਜਿਹੇ ਜ਼ਹਰੀਲੇ ਪ੍ਰਚਾਰ ਰਾਹੀਂ ਜਗੀਰਦਾਰ ਹਿੱਸਿਆਂ ਵੱਲੋਂ ਸਿੱਖ ਧਾਰਮਿਕ ਪੈਂਤੜੇ ਤੋਂ ਲਾਮਬੰਦ ਹੋ ਕੇ, ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀਆਂ ਹਾਮੀ ਲੀਡਰਸ਼ਿਪਾਂ ਖ਼ਿਲਾਫ਼ ਮਾਹੌਲ ਉਸਾਰਨ ਦੇ ਯਤਨਾਂ ਦੇ ਸੰਕੇਤ ਹਨ ਤੇ ਇਹਦੇ ਲਈ ਕਿਸਾਨ ਲਹਿਰ ਅੰਦਰ ਫ਼ਿਰਕੂ ਪਾਲਾਬੰਦੀ ਤੇਜ਼ ਕਰਨ ਦੀਆਂ ਕੋਸ਼ਿਸ਼ਾਂ ਹੋ ਸਕਦੀਆਂ ਹਨ।।ਇਹਨਾਂ ਕੋਸ਼ਿਸ਼ਾਂ ਨੂੰ ਇਸ ਨਵੇਂ ਫ਼ਿਰਕੂ ਸਿਆਸਤੀ ਪ੍ਰੋਜੈਕਟ ਨਾਲ ਗੁੰਦੇ ਜਾਣ ਦੀਆਂ ਸੰਭਾਵਨਾਵਾਂ ਦਾ ਖਤਰਾ ਵੀ ਦਰਪੇਸ਼ ਹੈ।
ਇਸ ਨਵੇਂ ਫ਼ਿਰਕੂ-ਫਾਸ਼ੀ ਸਿਆਸਤੀ ਪ੍ਰੋਜੈਕਟ ਸਾਹਮਣੇ ਅਸਲ ਅੜਿੱਕਾ ਲੋਕਾਂ ਦੀ ਜਥੇਬੰਦ ਸੰਘਰਸ਼ਸ਼ੀਲ ਜਮਹੂਰੀ ਲਹਿਰ ਬਣਦੀ ਹੈ। ਇਸ ਕਰਕੇ ਜਨਤਕ ਜਮਹੂਰੀ ਲਹਿਰ ਤੇ ਇਸਦੀਆਂ ਲੀਡਰਸ਼ਿਪਾਂ ਇਹਨਾਂ ਦੇ ਪ੍ਰਚਾਰ ਹੱਲੇ ਦਾ ਚੋਣਵਾਂ ਨਿਸ਼ਾਨਾ ਹਨ। ਸਭਨਾਂ ਜਮਹੂਰੀ ਤੇ ਧਰਮ ਨਿਰਪੱਖ ਤਾਕਤਾਂ ਨੂੰ ‘ਕਾਮਰੇਡ’ ਕਹਿ ਕੇ, ਤੁਅੱਸਬੀ ਤੇ ਝੂਠੇ ਪ੍ਰਚਾਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੂੰ ‘ਕਾਮਰੇਡ’ ਕਹਿ ਕੇ, ਵਿਸ਼ੇਸ਼ ਵਿਚਾਰਧਾਰਾ ਤੇ ਸਿਆਸਤ ਨਾਲ ਨੱਥੀ ਕਰਕੇ, ਕਿਸਾਨਾਂ ’ਚੋਂ ਨਿਖੇੜਨ ਦੀ ਚਾਲ ਚੱਲੀ ਜਾ ਰਹੀ ਹੈ।
ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੂੰ ਇਸ ਨਵੇਂ ਫ਼ਿਰਕ ੂ ਸਿਆਸਤੀ ਪ੍ਰੋਜੈਕਟ ਖਿਲਾਫ ਇੱਕਜੁੱਟ ਤੌਰ ’ਤੇ ਖੜ੍ਹ੍ਹਨ ਦੀ ਲੋੜ ਹੈ। ਲੋਕਾਂ ਦੇ ਹੱਕੀ ਮੁੱਦਿਆਂ ਦੇ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ ਅਤੇ ਸਾਂਝੀਆਂ ਲੋਕ ਮੰਗਾਂ ’ਤੇ ਸਾਂਝੇ ਸੰਘਰਸ਼ ਉਸਾਰਨ ਲਈ ਯਤਨ ਹੋਰ ਤੇਜ਼ ਕਰਨ ਦੀ ਲੋੜ ਹੈ। ਇਹਨਾਂ ਲੋਕ-ਦੋਖੀ ਸਾਜਿਸ਼ਾਂ ਨੂੰ ਅਸਫਲ ਕਰਨ ਲਈ ਲੋਕਾਂ ਦੇ ਹੱਕਾਂ ਦੀ ਲਹਿਰ ਦੀ ਤਕੜਾਈ ਤੇ ਜਮਾਤੀ ਏਕਤਾ ’ਤੇ ਟੇਕ ਰੱਖਣ ਦੀ ਲੋੜ ਹੈ।
( 31 ਅਕਤੂਬਰ, 2022)